You’re viewing a text-only version of this website that uses less data. View the main version of the website including all images and videos.
ਉਨ੍ਹਾਂ ਲੋਕਾਂ ਦੀ ਕਹਾਣੀ, ਜੋ ਅਨੋਖੇ ਰਿਸ਼ਤਿਆਂ ਰਾਹੀਂ ਲੋਕਾਂ ਦੇ ਅਖੀਰਲੇ ਪਲ਼ਾਂ ਨੂੰ ਸੁਖਾਲਾ ਬਣਾਉਂਦੇ ਹਨ
- ਲੇਖਕ, ਸਮਿਥਾ ਮੁੰਦਸਾਦ
- ਰੋਲ, ਹੈਲਥ ਰਿਪੋਰਟਰ
- ਪੜ੍ਹਨ ਦਾ ਸਮਾਂ: 7 ਮਿੰਟ
ਰੀਟਾ ਬਲ ਲਈ, ਕਿਸੇ ਦੇ ਅਖ਼ੀਰਲੇ ਪਲਾਂ ਵਿੱਚ ਉਸਾ ਦਾ ਹੱਥ ਫੜਨਾ ਸਭ ਤੋਂ ਵਧੇਰੇ ਅਹਿਮ ਹੁੰਦਾ ਹੈ।
ਬਲ ਕਹਿੰਦੀ ਹੈ, "ਇਹ ਨਿਰੋਲ ਤਜਰਬਾ ਹੁੰਦਾ ਹੈ, ਜਦੋਂ ਤੁਸੀਂ ਕਿਸੇ ਦੀ ਜ਼ਿੰਦਗੀ ਨੂੰ ਇਸ ਦੁਨੀਆ ਤੋਂ ਜਾਂਦੇ ਹੋਏ ਦੇਖਦੇ ਹੋ।"
ਉਹ ਕਈ ਵਾਰ ਲੋਕਾਂ ਦੇ ਆਖ਼ਰੀ ਸਾਹ ਦੇ ਸਮੇਂ ਉੱਥੇ ਮੌਜੂਦ ਰਹੀ ਹੈ।
ਤਿੰਨ ਸਾਲਾਂ ਤੋਂ, ਬਲ ਲੰਡਨ ਵਿੱਚ ਇੱਕ ਸਿਖਲਾਈਯਾਫਤਾ "ਡੈਥ ਡੂਲਾ" ਵਜੋਂ ਕੰਮ ਕਰ ਰਹੇ ਹਨ। ਗ਼ੈਰ-ਮੈਡੀਕਲ ਸਹਾਇਕ ਵਜੋਂ ਉਹ ਵੱਖ-ਵੱਖ ਪਰਿਵਾਰਾਂ ਦੀ ਮਦਦ ਕਰਦੇ ਹਨ ਅਤੇ ਐੱਨਐੱਚਏ ਲਈ ਕੇਅਰ ਹੋਮਾਂ ਵਿੱਚ ਵਲੰਟੀਅਰ ਵਜੋਂ ਸੇਵਾ ਦਿੰਦੇ ਹਨ।
ਬਲ ਦਾ ਕਹਿਣਾ ਹੈ ਕਿ ਲੋਕ ਅਕਸਰ ਉਸ ਤੋਂ ਪੁੱਛਦੇ ਹਨ ਕਿ ਜਦੋਂ ਉਨ੍ਹਾਂ ਦੇ ਪਿਆਰੇ ਮਰਨ ਦੀ ਪ੍ਰਕਿਰਿਆ ਵਿੱਚ ਹੁੰਦੇ ਹਨ, ਤਾਂ ਉਨ੍ਹਾਂ ਨੂੰ "ਕੀ ਕਰਨ ਦੀ ਇਜਾਜ਼ਤ ਹੁੰਦੀ ਹੈ।"
ਉਹ ਕਹਿੰਦੇ ਹਨ, "ਜਦੋਂ ਮੈਂ ਕਹਿੰਦੀ ਹਾਂ ਕਿ ਉਨ੍ਹਾਂ ਨੂੰ ਫੜਨਾ, ਚੁੰਮਣਾ, ਸੰਗੀਤ ਚਲਾਉਣਾ ਜਾਂ ਉਨ੍ਹਾਂ ਨਾਲ ਗੱਲ ਕਰਨਾ ਠੀਕ ਹੈ, ਤਾਂ ਲੋਕਾਂ ਨੂੰ ਬਹੁਤ ਰਾਹਤ ਮਹਿਸੂਸ ਹੁੰਦੀ ਹੈ।"
ਤੁਸੀਂ ਸ਼ਾਇਦ ਉਨ੍ਹਾਂ ਡੂਲਾਸ ਬਾਰੇ ਸੁਣਿਆ ਹੋਵੇਗਾ ਜੋ ਗਰਭਾਵਸਥਾ, ਜਨਮ ਅਤੇ ਬੱਚੇ ਦੀ ਸ਼ੁਰੂਆਤੀ ਦੇਖਭਾਲ ਦੌਰਾਨ ਮਾਵਾਂ ਦੀ ਮਦਦ ਕਰਦੇ ਹਨ। ਪਰ ਡੈਥ ਡੂਲਾਸ, ਜਿਨ੍ਹਾਂ ਨੂੰ ਕਈ ਵਾਰ "ਸੋਲ ਮਿਡਵਾਈਵਜ਼" ਵੀ ਕਿਹਾ ਜਾਂਦਾ ਹੈ, ਪਿਛਲੇ 10 ਸਾਲਾਂ ਵਿੱਚ ਕਾਫੀ ਪ੍ਰਸਿੱਧ ਹੋ ਰਹੇ ਹਨ।
'ਐਂਡ ਆਫ ਲਾਈਫ ਡੂਲਾ ਯੂਕੇ' ਦੀ ਮੁੱਖ ਕਾਰਜਕਾਰੀ ਅਧਿਕਾਰੀ ਐਮਾ ਕਲਾਰ ਦਾ ਕਹਿਣਾ ਹੈ ਕਿ 2025 ਵਿੱਚ 114 ਡੂਲਾਸ ਉਨ੍ਹਾਂ ਦੀ ਸੰਸਥਾ ਨਾਲ ਜੁੜੇ, ਜੋ ਪਿਛਲੇ ਸਾਲਾਂ ਦੇ ਮੁਕਾਬਲੇ ਵੱਡਾ ਵਾਧਾ ਹੈ।
ਹਾਲ ਹੀ ਵਿੱਚ ਨਿਕੋਲ ਕਿਡਮੈਨ ਅਤੇ ਰੂਬੀ ਵੈਕਸ ਵਰਗੀਆਂ ਹਸਤੀਆਂ ਨੇ ਐਲਾਨ ਕੀਤਾ ਹੈ ਕਿ ਉਹ ਐਂਡ-ਆਫ-ਲਾਈਫ ਡੂਲਾ ਬਣਨ ਲਈ ਟ੍ਰੇਨਿੰਗ ਲੈ ਰਹੀਆਂ ਹਨ। ਡੈਵੀਨਾ ਮੈਕਕਾਲ ਨੇ ਵੀ ਕਿਹਾ ਹੈ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਇਹ ਕਰਨ ਦੀ ਯੋਜਨਾ ਬਣਾ ਰਹੇ ਹਨ।
ਬਲ ਦਾ ਕਹਿਣਾ ਹੈ ਕਿ ਕਈ ਵਾਰ "ਕਿਸੇ ਦੇ ਮਰਨ ਤੋਂ ਬਾਅਦ ਦੀ ਖਾਮੋਸ਼ੀ ਬਹੁਤ ਵੱਡੀ ਹੁੰਦੀ ਹੈ", ਪਰ ਡੂਲਾਸ ਸੋਗ ਵਿੱਚ ਡੁੱਬੇ ਲੋਕਾਂ ਨਾਲ ਬੈਠ ਕੇ ਉਨ੍ਹਾਂ ਦੇ ਆਖ਼ਰੀ ਦਿਨਾਂ ਦੀਆਂ ਗੱਲਾਂ ਸਾਂਝੀਆਂ ਕਰ ਸਕਦੇ ਹਨ।
ਕਲੇਅਰ ਦੇ ਅਨੁਸਾਰ, ਟ੍ਰੇਨਿੰਗ ਦੇ ਪੱਧਰ ਦੇ ਅਨੁਸਾਰ ਇੱਕ ਡੂਲਾ ਦੀ ਫੀਸ 25 ਤੋਂ 45 ਪੌਂਡ ਪ੍ਰਤੀ ਘੰਟਾ ਹੋ ਸਕਦੀ ਹੈ। ਹਾਲਾਂਕਿ ਕੁਝ ਲੋਕ ਆਪਣੀਆਂ ਸੇਵਾਵਾਂ ਮੁਫ਼ਤ ਵਿੱਚ ਵੀ ਦੇ ਸਕਦੇ ਹਨ।
ਦੁੱਖ ਦੇ ਸਮੇਂ ਵਿੱਚ ਇੱਕ ਮਜ਼ਬੂਤ ਸਾਥ
ਡੈਵਨ ਵਿੱਚ ਰਹਿਣ ਵਾਲੇ ਫੈਨੀ ਬਿਹਰੈਂਸ ਨੇ ਆਪਣੇ ਪਤੀ ਦੀ ਕੈਂਸਰ ਨਾਲ ਮੌਤ ਤੋਂ 10 ਮਹੀਨੇ ਪਹਿਲਾਂ ਡੈਥ ਡੂਲਾ ਸਾਰਾ ਪਾਰਕਰ ਨਾਲ ਸੰਪਰਕ ਕੀਤਾ ਸੀ।
ਬਿਹਰੈਂਸ ਦਾ ਕਹਿਣਾ ਹੈ, "ਸਾਰਾ ਮੇਰੇ ਦਾ ਵਤੀਰਾ ਬਹੁਤ ਵਧੀਆ ਹੁੰਦਾ ਸੀ, ਜਦਕਿ ਮੈਂ ਉਸਦੀ ਰਸੋਈ ਵਿੱਚ ਬੈਠ ਕੇ ਲਗਾਤਾਰ ਰੋਂਦੀ ਰਹਿੰਦੀ ਸੀ।"
"ਇਹ ਬਹੁਤ ਮਹੱਤਵਪੂਰਨ ਸੀ ਕਿ ਮੈਂ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰ ਸਕੀ ਜੋ ਪਰਿਵਾਰ ਦਾ ਹਿੱਸਾ ਨਹੀਂ ਸੀ, ਜੋ ਸਿੱਧੇ ਤੌਰ 'ਤੇ ਸ਼ਾਮਲ ਨਹੀਂ ਸੀ, ਪਰ ਜਦੋਂ ਮੈਂ ਆਪਣੇ ਦੁੱਖ ਵਿੱਚ ਟੁੱਟ ਰਹੀ ਸੀ ਤਾਂ ਉਹ ਮੇਰੇ ਨਾਲ ਸੀ।"
ਡੂਲਾ ਨੇ ਬਿਹਰੈਂਸ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਮਰਨ ਵਾਲੇ ਪਤੀ ਨਾਲ ਮੁਸ਼ਕਲ ਸਵਾਲਾਂ 'ਤੇ ਗੱਲ ਕਰੇ, ਜਿਵੇਂ ਕਿ ਉਹ ਕਿੱਥੇ ਦਫ਼ਨ ਹੋਣਾ ਚਾਹੁੰਦਾ ਸੀ ਅਤੇ ਉਸਦਾ ਅੰਤਮ ਸੰਸਕਾਰ ਕਿਵੇਂ ਹੋਵੇ।
ਉਸ ਨੇ ਉਸ ਦੀ ਮਦਦ ਕੀਤੀ ਕਿ ਮੌਤ ਨਾਲ ਜੁੜੀਆਂ ਕਾਰਵਾਈਆਂ, ਜਿਵੇਂ ਕਿ ਅੰਤਮ ਸੰਸਕਾਰ ਵਾਲਿਆਂ ਨਾਲ ਸੰਪਰਕ ਕਰਨਾ ਅਤੇ ਮੌਤ ਦੀ ਰਜਿਸਟ੍ਰੇਸ਼ਨ ਕਰਵਾਉਣਾ, ਕਿਵੇਂ ਕਰਨੀ ਹੈ।
ਉਹ ਕਹਿੰਦੀ ਹੈ, "ਉਹ ਮੈਨੂੰ ਇਹ ਵੀ ਯਾਦ ਦਿਵਾਉਂਦੀ ਰਹੀ ਕਿ ਮੈਂ ਆਪਣਾ ਧਿਆਨ ਵੀ ਰੱਖਾਂ ਅਤੇ ਸਿਰਫ਼ ਦੂਜੇ ਵਿਅਕਤੀ ਦੀਆਂ ਲੋੜਾਂ ਵਿੱਚ ਹੀ ਨਾ ਗਵਾਚ ਜਾਵਾਂ।"
ਜਦੋਂ ਕਿ ਪਾਰਕਰ ਮੁੱਖ ਤੌਰ 'ਤੇ ਬਿਹਰੈਂਸ ਲਈ ਸਹਾਰਾ ਬਣੀ, ਉਨ੍ਹਾਂ ਨੇ ਉਸ ਦੇ ਪਤੀ ਦੀ ਵੀ ਮਦਦ ਕੀਤੀ। ਬਿਹਰੈਂਸ ਨੂੰ ਯਾਦ ਹੈ ਕਿ ਪਾਰਕਰ ਨੇ ਬੜੀ ਸਾਦਗੀ ਨਾਲ ਸਮਝਾਇਆ ਕਿ ਜੀਵਨ ਦੇ ਆਖ਼ਰੀ ਦਿਨਾਂ ਵਿੱਚ ਸਰੀਰ ਕਿਵੇਂ ਹੌਲੀ-ਹੌਲੀ ਕੰਮ ਕਰਨਾ ਬੰਦ ਕਰਦਾ ਹੈ।
ਉਹ ਦਾ ਕਹਿਣਾ ਹੈ, "ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਹੁੰਦੇ ਹੋ ਜੋ ਇਸ ਪ੍ਰਕਿਰਿਆ ਨਾਲ ਜਾਣੂ ਹੁੰਦਾ ਹੈ, ਜੋ ਸਿੱਧੀ ਗੱਲ ਕਰਦਾ ਹੈ ਅਤੇ ਹਮਦਰਦੀ ਰੱਖਦਾ ਹੈ, ਤਾਂ ਇਹ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ।"
"ਭਾਵੇਂ ਉਹ ਦਰਦ ਨੂੰ ਦੂਰ ਨਹੀਂ ਕਰਦਾ, ਪਰ ਇਹ ਇਸਨੂੰ ਕੁਝ ਹੱਦ ਤੱਕ ਆਮ ਜਿਹਾ ਬਣਾ ਦਿੰਦਾ ਹੈ।"
ਜਿਵੇਂ ਕਿ ਹੋਰ ਡੂਲਾਸ ਨੇ ਵੀ ਕਿਹਾ, ਕਲੇਅਰ ਮੰਨਦੀ ਹੈ ਕਿ ਅੱਜਕੱਲ੍ਹ ਲੋਕਾਂ ਨੇ "ਸਧਾਰਣ ਮੌਤ ਬਾਰੇ ਕਾਫੀ ਜਾਣਕਾਰੀ ਗੁਆ ਦਿੱਤੀ ਹੈ"। ਉਹ ਕਹਿੰਦੀ ਹੈ ਕਿ ਜ਼ਿਆਦਾਤਰ ਲੋਕਾਂ ਦੀ ਮੌਤ ਬਾਰੇ ਸੋਚ ਫਿਲਮਾਂ ਦੇ ਨਾਟਕੀ ਦ੍ਰਿਸ਼ਾਂ ਜਾਂ ਅਚਾਨਕ ਮੌਤ ਤੋਂ ਬਣਦੀ ਹੈ।
ਉਹ ਕਹਿੰਦੀ ਹੈ ਕਿ ਮਰਨ ਦੀ ਸਰੀਰਕ ਪ੍ਰਕਿਰਿਆ ਨੂੰ ਲੋਕਾਂ ਦੀ ਲੋੜ ਅਨੁਸਾਰ ਵਿਸਥਾਰ ਨਾਲ ਸਮਝਾ ਕੇ ਡੂਲਾਸ ਡਰ ਘਟਾਉਂਦੇ ਹਨ ਅਤੇ ਲੋਕਾਂ ਨੂੰ ਉਹ ਸਮਾਂ ਅਰਥਪੂਰਨ ਤਰੀਕੇ ਨਾਲ ਬਿਤਾਉਣ ਵਿੱਚ ਮਦਦ ਕਰਦੇ ਹਨ।
ਉਦਾਹਰਨ ਵਜੋਂ, ਪਾਰਕਰ ਸਮਝਾਉਂਦੇ ਹਨ ਕਿ ਜਦੋਂ ਲੋਕ ਮਰਨ ਦੇ ਨੇੜੇ ਹੁੰਦੇ ਹਨ ਤਾਂ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਅਤੇ ਸਾਹ ਲੈਣ ਦਾ ਢੰਗ ਬਦਲ ਜਾਂਦਾ ਹੈ।
ਉਹ ਦੱਸਦੇ ਹਨ, "ਅੰਤ ਵਿੱਚ ਇੱਕ ਆਵਾਜ਼ ਆ ਸਕਦੀ ਹੈ ਜਿਸਨੂੰ ਡੈਥ ਰੈਟਲ ਕਿਹਾ ਜਾਂਦਾ ਹੈ, ਇਹ ਭਾਰੀ ਸਾਹ ਲੈਣ ਦੀ ਆਵਾਜ਼ ਹੁੰਦੀ ਹੈ ਜੋ ਕਮਰੇ ਵਿੱਚ ਮੌਜੂਦ ਲੋਕਾਂ ਲਈ ਡਰਾਉਣੀ ਹੋ ਸਕਦੀ ਹੈ।"
"ਜੇ ਤੁਸੀਂ ਪਹਿਲਾਂ ਹੀ ਉਨ੍ਹਾਂ ਨੂੰ ਇਸ ਬਾਰੇ ਦੱਸ ਦਿਉ, ਤਾਂ ਉਸ ਸਥਿਤੀ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ।"
ਕੈਂਸਰ ਚੈਰਿਟੀ ਮਲਬਰੀ ਸੈਂਟਰ ਵਿੱਚ ਵੀ ਕੰਮ ਕਰਨ ਵਾਲੀ ਸੋਲ ਮਿਡਵਾਈਫ ਕ੍ਰਿਸਟਾ ਹਿਊਜ਼ਸ ਦਾ ਕਹਿਣਾ ਹੈ ਕਿ ਮਰਨ ਵਾਲੇ ਵਿਅਕਤੀ ਨਾਲ ਮਜ਼ਬੂਤ ਰਿਸ਼ਤਾ ਬਣਾਉਣਾ ਜ਼ਰੂਰੀ ਹੁੰਦਾ ਹੈ, ਤਾਂ ਜੋ ਉਹ ਆਪਣੇ ਅਖ਼ੀਰਲੇ ਪਲ਼ ਆਪਣੀ ਇੱਛਾ ਅਨੁਸਾਰ ਬਿਤਾ ਸਕੇ।
ਹਿਊਜ਼ ਦਾ ਕਹਿਣਾ ਹੈ, "ਜਦੋਂ ਕੋਈ ਜਨਮ ਲੈਂਦਾ ਹੈ ਤਾਂ ਉਹ ਪਿਆਰ ਭਰੇ ਹੱਥਾਂ ਵਿੱਚ ਆਉਂਦਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਪਿਆਰ ਭਰੇ ਹੱਥਾਂ ਵਿੱਚ ਹੀ ਇਸ ਦੁਨੀਆ ਤੋਂ ਜਾਵੇ।"
ਮੌਤ ਬਾਰੇ ਖੁੱਲ੍ਹੀ ਗੱਲਬਾਤ
ਹਿਊਜ਼ ਨੂੰ ਇੱਕ ਵਿਅਕਤੀ ਯਾਦ ਹੈ ਜੋ ਬਾਗ਼ ਵਿੱਚ ਮਰਨਾ ਚਾਹੁੰਦਾ ਸੀ, ਪਰ ਮੈਡੀਕਲ ਇਲਾਜ ਦੀ ਲੋੜ ਕਰਕੇ ਇਹ ਸੰਭਵ ਨਹੀਂ ਸੀ। ਉਨ੍ਹਾਂ ਨੇ ਤਸਵੀਰਾਂ, ਲੈਵੈਂਡਰ ਤੇਲ, ਪੰਛੀਆਂ ਦੀਆਂ ਆਵਾਜ਼ਾਂ ਚਲਾ ਕੇ ਅਤੇ ਲੈਵੈਂਡਰ ਦੇ ਖੇਤਾਂ ਵਿੱਚ ਟਹਿਲਣ ਦੀ ਕਲਪਨਾ ਕਰਵਾ ਕੇ ਉਸ ਲਈ ਇੱਕ ਕਲਪਨਾਤਮਕ ਬਾਗ਼ ਤਿਆਰ ਕੀਤਾ।
ਜੀਵਨ ਦੇ ਅੰਤ ਵਾਲੇ ਡੂਲਾਸ ਅਕਸਰ ਮੌਤ ਤੋਂ ਬਾਅਦ ਵੀ ਸਹਾਇਤਾ ਦਿੰਦੇ ਹਨ। ਬਲ ਦਾ ਕਹਿਣਾ ਹੈ ਕਿ ਉਹ ਪਰਿਵਾਰਾਂ ਦੀ ਥਾਂ ਸ਼ਮਸ਼ਾਨ ਘਰਾਂ ਵਿੱਚ ਜਾ ਕੇ ਸੁਨੇਹੇ ਪਹੁੰਚਾਉਂਦੀ ਹੈ ਅਤੇ ਸਮਾਰਕ ਸਮਾਗਮ ਪ੍ਰਬੰਧ ਕਰਨ ਵਿੱਚ ਮਦਦ ਕਰਦੇ ਹਨ।
ਕੁਝ ਹੋਰ ਲੋਕ ਸਮਾਜ ਵਿੱਚ ਜਾਗਰੂਕਤਾ ਵਧਾਉਣ ਲਈ ਸਮਾਂ ਬਿਤਾਉਂਦੇ ਹਨ, ਜਿਵੇਂ ਕਿ "ਡੈਥ ਕੈਫੇ" ਕਰਵਾਉਣਾ, ਜਿੱਥੇ ਚਾਹ ਅਤੇ ਕੇਕ ਨਾਲ ਬੈਠ ਕੇ ਮੌਤ ਬਾਰੇ ਖੁੱਲ੍ਹੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ।
ਮਾਰੀਅਨ ਕ੍ਰਾਵਜ਼ਿਕ, ਯੂਨੀਵਰਸਿਟੀ ਆਫ਼ ਗਲਾਸਗੋ ਵਿੱਚ ਜੀਵਨ ਦੇ ਅੰਤ ਦੀ ਦੇਖਭਾਲ 'ਤੇ ਖੋਜ ਕਰਨ ਵਾਲੀ ਤੇ ਜੀਵਨ ਦੇ ਅੰਤ 'ਤੇ ਡੌਲਾ ਇੰਟਰਨੈਸ਼ਨਲ ਰਿਸਰਚ ਗਰੁੱਪ ਦੀ ਸਥਾਪਕ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਖੇਤਰ ਨੂੰ ਬਦਲਣਾ ਲਾਜ਼ਮੀ ਹੈ। ਲੋਕਾਂ ਦੇ ਮਰਨ ਦੇ ਤਰੀਕੇ ਬਦਲ ਗਏ ਹਨ। ਹੁਣ ਘੱਟ ਲੋਕ ਛੋਟੀਆਂ ਸੰਕਰਾਮਕ ਬਿਮਾਰੀਆਂ ਜਾਂ ਹਾਦਸਿਆਂ ਨਾਲ ਮਰਦੇ ਹਨ ਅਤੇ ਜ਼ਿਆਦਾ ਲੋਕ ਲੰਬੇ ਸਮੇਂ ਤੱਕ ਗੰਭੀਰ ਬਿਮਾਰੀਆਂ ਨਾਲ ਜੀਉਂਦੇ ਹਨ।
ਉਹ ਕਹਿੰਦੀ ਹੈ, "ਹੁਣ ਸਾਡੇ ਜੀਵਨ ਦੇ ਹਰ ਹਿੱਸੇ ਵਿੱਚ ਚੋਣ ਕਰਨ ਦੀ ਉਮੀਦ ਹੁੰਦੀ ਹੈ, ਜਿਸ ਵਿੱਚ ਆਪਣੀ ਮੌਤ ਨੂੰ ਆਪਣੇ ਤਰੀਕੇ ਨਾਲ ਤਿਆਰ ਕਰਨ ਦੀ ਸੋਚ ਵੀ ਸ਼ਾਮਲ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਲਈ ਡੈਥ ਡੂਲਾਸ ਮਦਦਗਾਰ ਹੋ ਸਕਦੇ ਹਨ, ਪਰ ਇਹ ਮਾਮਲਾ ਕਾਫੀ ਜਟਿਲ ਹੈ ਕਿਉਂਕਿ ਯੂਕੇ ਵਿੱਚ ਇਸ ਲਈ ਕੋਈ ਪੱਕਾ ਨਿਯਮ ਜਾਂ ਲਾਜ਼ਮੀ ਟ੍ਰੇਨਿੰਗ ਨਹੀਂ ਹੈ।
ਕੁਝ ਲੋਕ ਮੰਨਦੇ ਹਨ ਕਿ ਡੈਥ ਡੂਲਾਸ ਨੂੰ ਸਿਹਤ ਪ੍ਰਣਾਲੀ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ, ਜਦਕਿ ਹੋਰਾਂ ਦਾ ਮੰਨਣਾ ਹੈ ਕਿ ਇਹ ਸੇਵਾ ਵੱਖਰੀ ਹੀ ਰਹਿਣੀ ਚਾਹੀਦੀ ਹੈ।
ਇਸ ਭੂਮਿਕਾ ਦੇ ਖਰਚੇ ਬਾਰੇ ਵੀ ਸਵਾਲ ਉਠੇ ਹਨ ਅਤੇ ਇਹ ਚਿੰਤਾ ਵੀ ਜਤਾਈ ਗਈ ਹੈ ਕਿ "ਨਾਜ਼ੁਕ ਹਾਲਤ ਵਾਲੇ ਲੋਕਾਂ ਦਾ ਗ਼ਲਤ ਫਾਇਦਾ ਚੁੱਕਿਆ ਜਾ ਸਕਦਾ" ਹੈ।
ਪਰ ਕ੍ਰਾਵਜ਼ਿਕ ਦੇ ਅਨੁਸਾਰ, "ਅਸਲ ਹਕੀਕਤ ਇਹ ਹੈ ਕਿ ਜੀਵਨ ਦੇ ਅੰਤ ਦੀ ਦੇਖਭਾਲ ਹਰ ਇਲਾਕੇ ਵਿੱਚ ਇੱਕੋ ਜਿਹੀ ਨਹੀਂ ਮਿਲਦੀ" ਅਤੇ ਡੂਲਾਸ ਇਸ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦੇ ਹਨ।
ਇਸ ਦੌਰਾਨ, ਪੈਲੀਏਟਿਵ ਕੇਅਰ ਅਤੇ ਸੋਗ ਸਹਾਇਤਾ ਸੰਸਥਾ ਸੂ ਰਾਈਡਰ ਵਿੱਚ ਮੁੱਖ ਮੈਡੀਕਲ ਡਾਇਰੈਕਟਰ ਰਪੌਲ ਪਾਰਕਿਨ ਦਾ ਕਹਿਣਾ ਹੈ ਕਿ ਸਿਹਤ ਪ੍ਰਣਾਲੀ ਮਰੀਜ਼ਾਂ ਲਈ ਸਮਝਣ ਵਿੱਚ ਮੁਸ਼ਕਲ ਹੋ ਸਕਦੀ ਹੈ, ਖ਼ਾਸ ਕਰਕੇ ਜਦੋਂ ਉਹ ਬਿਮਾਰੀ ਨਾਲ ਜੁੜੀਆਂ ਭਾਵਨਾਵਾਂ ਵਿਚੋਂ ਲੰਘ ਰਹੇ ਹੁੰਦੇ ਹਨ।
ਉਹ ਮੰਨਦੇ ਹਨ ਕਿ ਜੋ ਲੋਕ ਮਰਨ ਦੇ ਨੇੜੇ ਹਨ, ਉਨ੍ਹਾਂ ਨੂੰ "ਸਭ ਤੋਂ ਵਧੀਆ ਜੀਵਨ ਗੁਣਵੱਤਾ ਮਿਲਣੀ ਚਾਹੀਦੀ ਹੈ", ਤਾਂ ਜੋ ਉਹ ਉਨ੍ਹਾਂ ਲੋਕਾਂ ਨਾਲ ਸਮਾਂ ਬਿਤਾ ਸਕਣ ਜੋ ਉਨ੍ਹਾਂ ਨੂੰ ਖੁਸ਼ੀ ਦਿੰਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ