You’re viewing a text-only version of this website that uses less data. View the main version of the website including all images and videos.
ਭਾਰਤੀ ਮਹਿਲਾ ਆਪਣੇ ਮਰਹੂਮ ਪਤੀ ਉੱਤੇ ਕਤਲ ਦੇ ਝੂਠੇ ਇਲਜ਼ਾਮ ਲਗਾਉਣ 'ਤੇ ਸਕਾਟਲੈਂਡ ਪੁਲਿਸ 'ਤੇ ਕੇਸ ਕਰਨ ਦੀ ਤਿਆਰੀ ਵਿੱਚ, ਜਾਣੋ ਪੂਰਾ ਮਾਮਲਾ
- ਲੇਖਕ, ਪੌਲ ਓ'ਹਾਰੇ
- ਰੋਲ, ਬੀਬੀਸੀ ਸਕੌਟਲੈਂਡ
- ਪੜ੍ਹਨ ਦਾ ਸਮਾਂ: 8 ਮਿੰਟ
1997 ਦੇ ਇੱਕ ਕਤਲ ਕੇਸ ਵਿੱਚ ਝੂਠੇ ਇਲਜ਼ਾਮਾਂ ਦਾ ਸਾਹਮਣਾ ਕਰ ਚੁੱਕੇ ਇੱਕ ਮਰਹੂਮ ਕਾਰੋਬਾਰੀ ਦੀ ਪਤਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਸਕਾਟਿਸ਼ ਅਧਿਕਾਰੀਆਂ ਖ਼ਿਲਾਫ਼ ਕੇਸ ਕਰਨ ਲਈ ਉਸ ਦੇ ਪਰਿਵਾਰ ਦਾ ਸਾਥ ਦੇਣ।
21 ਸਾਲਾ ਟ੍ਰੇਸੀ ਵਾਈਲਡ ਦਾ 1997 ਵਿੱਚ ਕਤਲ ਹੋਇਆ ਸੀ ਤੇ ਉਨ੍ਹਾਂ ਦੇ ਕਤਲ ਦਾ ਇਲਜ਼ਾਮ ਭਾਰਤੀ ਮੂਲ ਦੇ ਕਾਰੋਬਾਰੀ ਸੌਗਾਤ ਮੁਖਰਜੀ ਉੱਤੇ ਲੱਗਿਆ ਸੀ, ਬਾਅਦ ਵਿੱਚ ਕਤਲ ਦਾ ਦੋਸ਼ੀ ਚੀਨੀ ਮੂਲ ਦਾ ਜ਼ੀ ਮਿਨ ਚੇਨ ਸਾਬਿਤ ਹੋਇਆ ਸੀ।
2023 ਵਿੱਚ ਸੌਗਾਤ ਮੁਖਰਜੀ ਦੀ 44 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ- ਟ੍ਰੇਸੀ ਵਾਈਲਡ ਦੇ ਅਸਲ ਕਾਤਲ ਨੂੰ ਗਲਾਸਗੋ ਵਿੱਚ ਸਜ਼ਾ ਮਿਲਣ ਤੋਂ ਤਕਰੀਬਨ ਚਾਰ ਸਾਲ ਬਾਅਦ।
ਸੌਗਾਤ ਦੀ ਪਤਨੀ ਸਪਨਾ ਨੇ ਕਿਹਾ ਕਿ ਸ਼ੱਕੀ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਉਸ ਦੇ ਪਤੀ ਦੀ ਜ਼ਿੰਦਗੀ 'ਪੂਰੀ ਤਰ੍ਹਾਂ ਬਰਬਾਦ' ਹੋ ਗਈ ਸੀ। ਹੁਣ ਉਹ ਮੁਆਵਜ਼ੇ ਅਤੇ ਪੂਰੀ ਸਥਿਤੀ ਦੀ ਭਾਰਤ ਸਰਕਾਰ ਵੱਲੋਂ ਜਾਂਚ ਦੀ ਮੰਗ ਕਰ ਰਹੀ ਹੈ।
ਸਕਾਟਲੈਂਡ ਦੀ ਪੁਲਿਸ ਨੇ ਕਿਹਾ ਕਿ ਉਹ ਕਾਨੂੰਨੀ ਕਾਰਵਾਈਆਂ 'ਤੇ ਕੋਈ ਟਿੱਪਣੀ ਨਹੀਂ ਕਰਦੇ। ਉੱਥੋਂ ਦੇ ਸਰਕਾਰੀ ਵਕੀਲਾਂ ਨੇ ਪਹਿਲਾਂ ਕਿਹਾ ਸੀ ਕਿ ਉਹ ਪੁਲਿਸ ਵੱਲੋਂ ਪੇਸ਼ ਕੀਤੀਆਂ ਗਈਆਂ ਕਥਿਤ ਅਪਰਾਧਿਕ ਵਿਹਾਰ ਦੀਆਂ ਕਿਸੇ ਵੀ ਰਿਪੋਰਟਾਂ 'ਤੇ ਧਿਆਨ ਨਾਲ ਵਿਚਾਰ ਕਰਦੇ ਹਨ।
ਕਰਾਊਨ ਆਫ਼ਿਸ ਅਤੇ ਪ੍ਰੋਕਿਉਰੇਟਰ ਫਿਸਕਲ ਸਰਵਿਸ ਨੇ ਕਿਹਾ ਕਿ ਜੇਕਰ ਕਿਸੇ ਅਪਰਾਧ ਦੇ ਲੋੜੀਂਦੇ ਸਬੂਤ ਹੋਣ ਤਾਂ ਹੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਅਜਿਹੇ ਮਾਮਲਿਆਂ ਦੀ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ।
ਸਪਨਾ ਨੇ ਦੱਸਿਆ ਕਿ ਉਸ ਦੇ ਪਤੀ ਦਾ ਸਫਲ ਕਰੀਅਰ ਸੀ ਜਦੋਂ 2014 ਵਿੱਚ ਉਸ ਨੂੰ ਦੱਸਿਆ ਗਿਆ ਕਿ ਉਹ ਦੁਨੀਆਂ ਦੇ ਦੂਜੇ ਕੋਨੇ ਵਿੱਚ ਇੱਕ ਮੁਲਜ਼ਮ ਵਜੋਂ ਲੋੜੀਂਦਾ ਹੈ।
ਅਗਲੇ ਕੁਝ ਹਫਤਿਆਂ ਵਿੱਚ ਹੀ ਤਿੰਨ ਬੱਚਿਆਂ ਦੇ ਪਿਤਾ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਿਖਰ ਗਈ ਕਿਉਂਕਿ ਉਹ ਹਵਾਲਗੀ ਦੀ ਇੱਕ ਲੰਬੀ ਕਾਨੂੰਨੀ ਲੜਾਈ ਵਿੱਚ ਫਸ ਗਏ।
ਡੀ.ਐਨ.ਏ ਜਾਂਚ ਵਿੱਚ ਹੋਏ ਇੱਕ ਅਹਿਮ ਖੁਲਾਸੇ ਤੋਂ ਬਾਅਦ ਆਖਿਰਕਾਰ ਸੌਗਾਤ ਦਾ ਨਾਮ ਇਸ ਕੇਸ ਵਿੱਚੋਂ ਨਿਕਲ ਗਿਆ, ਪਰ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਇਸ ਸਦਮੇ ਵਿੱਚੋਂ ਕਦੇ ਬਾਹਰ ਨਹੀਂ ਆ ਸਕਿਆ।
ਹੁਣ ਸਪਨਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਸਕਾਟਲੈਂਡ ਪੁਲਿਸ ਅਤੇ ਸੀਓਪੀਐਫਐਸ ਖ਼ਿਲਾਫ਼ ਮੁਕੱਦਮਾ ਕਰਨ ਵਿੱਚ ਉਸ ਦਾ ਸਾਥ ਦੇਣ।
ਸਪਨਾ ਨੇ ਬੀਬੀਸੀ ਸਕਾਟਲੈਂਡ ਨਿਊਜ਼ ਨੂੰ ਦੱਸਿਆ ਕਿ ਕਤਲ ਦੇ ਸ਼ੱਕੀ ਵਜੋਂ ਨਾਮਜ਼ਦ ਹੋਣ ਕਾਰਨ ਉਸ ਦੇ ਪਤੀ ਗੰਭੀਰ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ।
ਉਨ੍ਹਾਂ ਦੀ ਮੌਤ 17 ਜਨਵਰੀ 2023 ਨੂੰ ਲਿਵਰ ਸਿਰੋਸਿਸ ਕਾਰਨ ਹੋਈ ਸੀ।
ਉਨ੍ਹਾਂ ਨੇ ਕਿਹਾ, "ਦੁਨੀਆਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਇੱਕ ਬੇਗੁਨਾਹ ਵਿਅਕਤੀ ਦੀ ਜ਼ਿੰਦਗੀ ਪੂਰੀ ਤਰ੍ਹਾਂ ਅਤੇ ਨਾ-ਬਦਲਣਯੋਗ ਤਰੀਕੇ ਨਾਲ ਬਰਬਾਦ ਕਰ ਦਿੱਤੀ ਗਈ ਸੀ ਅਤੇ ਉਸ ਦਾ ਪਰਿਵਾਰ ਅੱਜ ਵੀ ਇਸ ਦੇ ਨਤੀਜੇ ਭੁਗਤ ਰਿਹਾ ਹੈ।"
ਟ੍ਰੇਸੀ ਵਾਈਲਡ ਨੂੰ ਕਿਸੇ ਨੇ ਮਾਰਿਆ ਸੀ ?
ਟ੍ਰੇਸੀ ਵਾਈਲਡ 21 ਸਾਲ ਦੀ ਸੀ ਜਦੋਂ ਗਲਾਸਗੋ ਦੇ ਬਾਰਮੁਲਾਚ ਵਿੱਚ 24 ਨਵੰਬਰ 1997 ਨੂੰ ਉਸ ਦੇ ਫ਼ਲੈਟ ਵਿੱਚ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ।
ਦੇਹ ਵਪਾਰ ਦਾ ਕੰਮ ਕਰਨ ਵਾਲੀ ਅਤੇ ਇੱਕ ਬੱਚੇ ਦੀ ਮਾਂ ਟ੍ਰੇਸੀ ਦੀ ਮ੍ਰਿਤਕ ਦੇਹ ਅਗਲੇ ਦਿਨ ਬਰਾਮਦ ਕੀਤੀ ਗਈ ਸੀ।
ਉਸ ਵੇਲੇ ਸੌਗਾਤ 19 ਸਾਲ ਦੇ ਸਨ ਅਤੇ ਗਲਾਸਗੋ ਨੌਟੀਕਲ ਕਾਲਜ (ਜੋ ਕਿ ਹੁਣ ਸਿਟੀ ਆਫ ਗਲਾਸਗੋ ਕਾਲਜ ਹੈ) ਵਿੱਚ ਵਿਦਿਆਰਥੀ ਸਨ।
ਉਹ 1996 ਵਿੱਚ ਸਕੌਟਲੈਂਡ ਪਹੁੰਚੇ ਸਨ। ਟ੍ਰੇਸੀ ਦੀ ਮੌਤ ਤੋਂ ਤਿੰਨ ਮਹੀਨੇ ਬਾਅਦ, ਉਹ ਕਾਲਜ ਛੱਡ ਕੇ ਭਾਰਤ ਪਰਤ ਆਏ ਸਨ।
ਸੌਗਾਤ ਨੇ ਸਪਨਾ ਨਾਲ ਵਿਆਹ ਕਰਵਾ ਲਿਆ ਅਤੇ ਚੇਨਈ ਵਿੱਚ ਯੂਨੀਵਰਸਿਟੀ ਦਾ ਇੱਕ ਨਵਾਂ ਕੋਰਸ ਸ਼ੁਰੂ ਕੀਤਾ।
ਉਸ ਨੇ ਸੇਲਜ਼, ਬਿਜ਼ਨਸ ਡਿਪੈਲਪਮੈਂਟ ਦੇ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਕੰਮ ਦੇ ਸਿਲਸਿਲੇ ਵਿੱਚ ਅਮਰੀਕਾ, ਯੂਏਈ ਅਤੇ ਗ੍ਰੀਸ ਸਮੇਤ ਕਈ ਦੇਸ਼ਾਂ ਦੀ ਯਾਤਰਾ ਕੀਤੀ।
ਇਹ ਸਭ ਅਕਤੂਬਰ 2014 ਤੱਕ ਚੱਲਿਆ ਜਦੋਂ ਭਾਰਤ ਵਿੱਚ ਸਥਾਨਕ ਪੁਲਿਸ ਨੇ ਸੌਗਾਤ ਨੂੰ ਸੂਚਿਤ ਕੀਤਾ ਕਿ ਉਹ ਗਲਾਸਗੋ ਵਿੱਚ ਹੋਏ ਇੱਕ ਅਣ-ਸੁਲਝੇ ਕਤਲ ਮਾਮਲੇ ਵਿੱਚ ਸ਼ੱਕੀ ਹੈ।
ਉਸ ਨੂੰ ਜਨਵਰੀ 2015 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਤਿੰਨ ਹਫਤਿਆਂ ਲਈ ਮੁੰਬਈ ਦੀ ਜੇਲ੍ਹ ਵਿੱਚ ਰੱਖਿਆ ਗਿਆ। ਅਗਲੇ ਮਹੀਨੇ ਸੰਡੇ ਮੇਲ ਦੀ ਅਖਬਾਰ ਦੀ ਇੱਕ ਰਿਪੋਰਟ ਵਿੱਚ ਉਸ ਦਾ ਨਾਮ ਇੱਕ ਸ਼ੱਕੀ ਵਜੋਂ ਪ੍ਰਕਾਸ਼ਿਤ ਕੀਤਾ ਗਿਆ ਅਤੇ ਉਸ ਦੀ ਤਸਵੀਰ ਵੀ ਛਾਪੀ ਗਈ।
ਇਸ ਦੇ ਨਾਲ ਹੀ ਸੀਸੀਟੀਵੀ ਦੀਆਂ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸਨ ਜਿਸ ਵਿੱਚ ਇੱਕ ਅਣਪਛਾਤਾ ਵਿਅਕਤੀ ਟ੍ਰੇਸੀ ਦੇ ਮੋਢੇ 'ਤੇ ਹੱਥ ਰੱਖ ਕੇ ਸੜਕ 'ਤੇ ਚਲਦਾ ਦਿਖਾਈ ਦੇ ਰਿਹਾ ਸੀ।
ਸਪਨਾ ਨੇ ਕਿਹਾ ਕਿ ਇਸ ਇਲਜ਼ਾਮ ਨੇ ਉਸ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਸੀ ਅਤੇ ਉਸ ਨੇ ਬੇਵੱਸ ਹੋ ਕੇ ਉਸ ਆਦਮੀ ਨੂੰ 'ਹੌਲੀ ਹੌਲੀ ਖਤਮ ਹੁੰਦਿਆਂ' ਦੇਖਿਆ ਜਿਸ ਨੂੰ ਉਹ ਪਿਆਰ ਕਰਦੀ ਸੀ।
ਉਸ ਨੇ ਕਿਹਾ, "ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਹ ਸਾਡੇ ਪਰਿਵਾਰ 'ਤੇ ਬੋਝ ਬਣ ਗਿਆ ਹੈ ਕਿਉਂਕਿ ਉਨ੍ਹਾਂ ਪੰਜ ਭਿਆਨਕ ਸਾਲਾਂ ਦੌਰਾਨ ਤਿੰਨ ਬੱਚਿਆਂ ਦੇ ਪਾਲਣ ਪੋਸ਼ਣ ਅਤੇ ਉਸ ਦੇ ਇਲਾਜ ਦੇ ਖ਼ਰਚਿਆਂ ਨੂੰ ਚੁੱਕਣ ਵਾਲੀ ਮੈਂ ਇਕੱਲੀ ਕਮਾਊ ਮੈਂਬਰ ਸੀ।"
ਇੱਕ ਨਾਕਾਮ ਜਾਂਚ ਕਾਰਨ ਪੈਦਾ ਹੋਏ ਭਾਵਨਾਤਮਕ ਸਦਮੇ ਤੋਂ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਬਚਾਉਣ ਦੀ ਕੋਸ਼ਿਸ਼ ਵਿੱਚ ਉਸ ਦੇ ਮਾਪਿਆਂ ਨੇ ਆਪਣੀ ਪਾਈ-ਪਾਈ ਖਰਚ ਕਰ ਦਿੱਤੀ।
ਅਸਲੀ ਕਾਤਲ ਕਿਵੇਂ ਫੜਿਆ ਗਿਆ ਸੀ ?
2018 ਦੀਆਂ ਗਰਮੀਆਂ ਵਿੱਚ, ਸੌਗਾਤ ਨੂੰ ਗੂਗਲ ਦੀ ਇੱਕ ਨਿਊਜ਼ ਨੋਟੀਫ਼ਿਕੇਸ਼ਨ ਜ਼ਰੀਏ ਪਤਾ ਲੱਗਿਆ ਕਿ ਉੱਥੇ ਇੱਕ ਗ੍ਰਿਫਤਾਰੀ ਹੋਈ ਹੈ।
ਜ਼ੀ ਮਿਨ ਚੇਨ ਨੂੰ ਗਲਾਸਗੋ ਦੇ ਕਾਉਕੈਡਨਜ਼ ਇਲਾਕੇ ਵਿੱਚ ਹਮਲੇ ਦੇ ਇੱਕ ਮਾਮਲੇ ਵਿੱਚ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਉਸ ਦਾ ਡੀਐਨਏ ਸੈਂਪਲ ਲਿਆ ਗਿਆ ਸੀ।
ਇਹ ਨਮੂਨਾ ਵੀਹ ਸਾਲ ਤੋਂ ਵੱਧ ਸਮਾਂ ਪਹਿਲਾਂ ਵਾਈਲਡ ਦੇ ਫ਼ਲੈਟ ਤੋਂ ਮਿਲੇ ਫੌਰੈਂਸਿਕ ਪ੍ਰੋਫਾਈਲ ਨਾਲ ਮੇਲ ਖਾ ਰਿਹਾ ਸੀ। ਚੀਨ ਵਿੱਚ ਪੈਦਾ ਹੋਏ ਚੇਨ ਨੇ ਅਪ੍ਰੈਲ 2019 ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਬਾਅਦ ਵਿੱਚ ਉਸ ਨੂੰ ਘੱਟੋ-ਘੱਟ ਵੀਹ ਸਾਲ ਕੈਦ ਦੀ ਸਜ਼ਾ ਸੁਣਾਈ ਗਈ।
ਜੱਜ ਲਾਰਡ ਐਂਡਰਸਨ ਨੇ ਉਸ ਨੂੰ ਕਿਹਾ, "ਤੁਸੀਂ ਇੱਕ ਕਮਜ਼ੋਰ ਮੁਟਿਆਰ 'ਤੇ ਉਸੇ ਦੇ ਘਰ ਵਿੱਚ ਇੱਕ ਬੇਰਹਿਮ , ਕਾਇਰਾਨਾ ਅਤੇ ਘਾਤਕ ਹਮਲਾ ਕੀਤਾ ਹੈ।"
ਇਸ ਤੋਂ ਬਾਅਦ ਗਲਾਸਗੋ ਹਾਈ ਕੋਰਟ ਦੇ ਬਾਹਰ ਬੋਲਦਿਆਂ ਵਾਈਲਡ ਦੀ ਭੈਣ ਬਰਨਾਡੇਟ ਮੈਕਕੈਸ਼ ਨੇ ਇਸ ਸਜ਼ਾ ਨੂੰ 'ਮੂੰਹ 'ਤੇ ਚਪੇੜ' ਦੱਸਿਆ।
ਉਸ ਨੇ ਪੱਤਰਕਾਰਾਂ ਨੂੰ ਕਿਹਾ ਸੀ, "ਮੈਨੂੰ ਨਹੀਂ ਲਗਦਾ ਇਹ ਸਮਾਂ ਕਾਫ਼ੀ ਹੈ। ਇੱਕ ਪਰਿਵਾਰ ਵਜੋਂ ਅਸੀਂ ਇਸ ਸਜ਼ਾ ਤੋਂ ਸੱਚਮੁਚ ਨਿਰਾਸ਼ ਹਾਂ। ਉਹ ਵੀਹ ਸਾਲ ਤੋਂ ਵੀ ਵੱਧ ਸਮਾਂ ਭੱਜਦਾ ਰਿਹਾ, ਉਹ ਇਸ ਤੋਂ ਵੀ ਵੱਧ ਸਮਾਂ ਲੁਕਦਾ ਰਿਹਾ।"
ਚੇਨ ਨੇ ਆਪਣੀ ਸਜ਼ਾ ਖ਼ਿਲਾਫ਼ ਅਪੀਲ ਕੀਤੀ ਅਤੇ ਬਾਅਦ ਵਿੱਚ ਇਸ ਨੂੰ ਘਟਾ ਕੇ 16 ਸਾਲ ਕਰ ਦਿੱਤਾ ਗਿਆ।
ਸੌਗਾਤ ਨੇ 2019 ਵਿੱਚ ਬੀਬੀਸੀ ਸਕਾਟਲੈਂਡ ਨਿਊਜ਼ ਨੂੰ ਦੱਸਿਆ ਕਿ ਉਸ ਖ਼ਿਲਾਫ਼ ਲਗਾਏ ਗਏ ਸ਼ੁਰੂਆਤੀ ਇਲਜ਼ਾਮਾਂ ਨੇ ਉਸ ਨੂੰ ਅੰਦਰ ਤੱਕ ਝਿੰਜੋੜ ਕੇ ਰੱਖ ਦਿੱਤਾ ਸੀ।
ਉਸ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਉਸ ਖ਼ਿਲਾਫ਼ ਕੇਸ ਗਲਾਸਗੋ ਤੋਂ ਅਚਾਨਕ ਚਲੇ ਜਾਣ ਅਤੇ ਸੀਸੀਟੀਵੀ ਦੇ ਅਧਾਰ 'ਤੇ ਸੀ ਅਤੇ ਇਨ੍ਹਾਂ ਇਲਜ਼ਾਮਾਂ ਕਾਰਨ ਉਸ ਦਾ ਪਰਿਵਾਰ 'ਬਿਖਰ' ਗਿਆ ਸੀ।
ਉਸ ਨੇ ਇਹ ਵੀ ਕਿਹਾ ਕਿ ਉਸ ਦੀਆਂ ਹਮਦਰਦੀਆਂ ਵਾਈਲਡ ਦੇ ਪਰਿਵਾਰ ਦੇ ਨਾਲ ਹਨ ਅਤੇ ਉਹ ਉਨ੍ਹਾਂ ਦੇ ਨੁਕਸਾਨ ਲਈ ਡੂੰਘਾ ਅਫ਼ਸੋਸ ਮਹਿਸੂਸ ਕਰਦਾ ਹੈ।
1 ਮਈ 2019 ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਸੌਗਾਤ ਨੂੰ ਅਧਿਕਾਰਤ ਤੌਰ 'ਤੇ ਦੋਸ਼ ਮੁਕਤ ਕਰ ਦਿੱਤਾ ਗਿਆ ਸੀ।
ਸ਼ੱਕ ਦੇ ਬੱਦਲ ਹੁਣ ਉਸ ਦੇ ਸਿਰ ਤੋਂ ਹਟ ਚੁੱਕੇ ਸਨ, ਪਰ ਸਪਨਾ ਨੇ ਇਸ ਨਾਲ ਹੋਏ ਨੁਕਸਾਨ ਨੂੰ 'ਨਾ ਬਦਲਣਯੋਗ' ਦੱਸਿਆ।
ਉਨ੍ਹਾਂ ਨੇ ਹੁਣ ਪਰਿਵਾਰ ਦੀ ਦੁਰਦਸ਼ਾ ਨੂੰ ਉਜਾਗਰ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਬੀਬੀਸੀ ਸਕਾਟਲੈਂਡ ਨਿਊਜ਼ ਵੱਲੋਂ ਦੇਖੇ ਗਏ ਇਸ ਪੱਤਰ ਵਿੱਚ ਸਪਨਾ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਉਨ੍ਹਾਂ ਦੋਹਾਂ ਅਤੇ ਉਨ੍ਹਾਂ ਦੇ ਬੱਚਿਆਂ ਸ਼੍ਰੇਸ਼ਠਾ(21), ਸ਼ਲੋਕ(18) ਅਤੇ ਸ਼੍ਰੇਆ(16) 'ਤੇ ਬਹੁਤ ਮਾੜਾ ਪ੍ਰਭਾਵ ਪਾਇਆ ਹੈ।
ਉਨ੍ਹਾਂ ਨੇ ਕਿਹਾ, "ਮੈਂ ਅੱਜ ਤੁਹਾਨੂੰ ਇੱਕ ਟੁੱਟੇ ਹੋਏ ਦਿਲ, ਇੱਕ ਖਾਲੀ ਘਰ ਅਤੇ ਇਨਸਾਫ ਦੀ ਇੱਕ ਜ਼ਰੂਰੀ ਅਪੀਲ ਨਾਲ ਲਿਖ ਰਹੀ ਹਾਂ, ਨਾ ਸਿਰਫ਼ ਆਪਣੇ ਪਰਿਵਾਰ ਲਈ ਸਗੋਂ ਹਰ ਉਸ ਭਾਰਤੀ ਨਾਗਰਿਕ ਲਈ ਜਿਸ ਨੂੰ ਲੋੜੀਂਦੀ ਕੂਟਨੀਤਿਕ ਸੁਰੱਖਿਆ ਤੋਂ ਬਿਨ੍ਹਾਂ ਕਿਸੇ ਵਿਦੇਸ਼ੀ ਅਪਰਾਧਿਕ ਜਾਂਚ ਵਿੱਚ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ।"
ਸਪਨਾ ਨੇ ਦੱਸਿਆ ਕਿ ਇਲਜ਼ਾਮ ਜਨਤਕ ਹੋਣ ਤੋਂ ਬਾਅਦ ਉਸ ਦੇ ਪਤੀ ਨੂੰ 'ਭਗੌੜਾ' ਕਰਾਰ ਦਿੱਤਾ ਗਿਆ ਅਤੇ ਉਹ ਰੁਜ਼ਗਾਰ ਦੇ ਅਯੋਗ ਹੋ ਗਏ।
ਉਨ੍ਹਾਂ ਨੇ ਕਿਹਾ ਕਿ ਪਰਿਵਾਰ ਨੂੰ ਉਨ੍ਹਾਂ ਦੇ ਕਿਰਾਏ ਦੇ ਘਰ ਵਿੱਚੋਂ 'ਬਾਹਰ ਨਿਕਲਣ ਲਈ ਮਜਬੂਰ' ਕੀਤਾ ਗਿਆ ਕਿਉਂਕਿ ਗੁਆਂਢੀਆਂ ਨੇ ਇੱਕ ਕਤਲ ਦੇ ਮੁਲਜ਼ਮ ਕੋਲ ਰਹਿਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੇ ਬੱਚਿਆਂ ਦਾ ਸਮਾਜਿਕ ਬਾਈਕਾਟ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਕੱਲਾ ਕਰ ਦਿੱਤਾ ਗਿਆ।
ਸਪਨਾ ਨੇ ਦੱਸਿਆ ਕਿ ਸੌਗਾਤ ਪੈਸੇ ਪੱਖੋਂ ਆਪਣੇ ਮਾਪਿਆਂ ਅਤੇ ਸਹੁਰਿਆਂ 'ਤੇ ਨਿਰਭਰ ਹੋ ਗਏ ਸਨ ਜਿਨ੍ਹਾਂ ਨੇ ਆਪਣੀ ਸਾਰੀ ਜਮ੍ਹਾ ਪੂੰਜੀ ਖਤਮ ਕਰ ਦਿੱਤੀ ਸੀ ਅਤੇ ਆਪਣੇ ਘਰ ਵੇਚਣ ਬਾਰੇ ਵਿਚਾਰ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਉਸ ਦਾ ਪਤੀ ਸ਼ਰਾਬ ਦਾ ਆਦੀ ਹੋ ਗਿਆ ਅਤੇ 'ਸ਼ਰਮ ਤੇ ਨਿਰਾਸ਼ਾ ਵਿੱਚ ਡੁੱਬਿਆ' ਹੋਇਆ, ਗੰਭੀਰ ਡਿਪਰੈਸ਼ਨ ਵਿੱਚ ਚਲਾ ਗਿਆ। ਇਸ ਦੌਰਾਨ ਸਪਨਾ ਹੀ ਪਰਿਵਾਰ ਵਿੱਚ ਇਕੱਲੀ ਕਮਾਉਣ ਵਾਲੀ ਸੀ।
ਉਨ੍ਹਾਂ ਨੇ ਕਿਹਾ, "ਉਸ ਦੀ ਮੌਤ ਉਸੇ ਤਰ੍ਹਾਂ ਹੋਈ ਜਿਸ ਦਾ ਉਸ ਨੂੰ ਡਰ ਸੀ-ਆਪਣਾ ਸਭ ਕੁਝ ਗਵਾ ਕੇ ਜਦੋਂ ਕਿ ਉਸ ਦਾ ਆਪਣਾ ਕੋਈ ਕਸੂਰ ਨਹੀਂ ਸੀ। "
ਸਪਨਾ ਨੇ ਇਹ ਵੀ ਸਵਾਲ ਚੁੱਕਿਆ ਕਿ ਜਦੋਂ ਸੌਗਾਤ ਦਾ ਡੀਐਨਏ ਘਟਨਾ ਵਾਲੀ ਥਾਂ ਤੋਂ ਮਿਲੇ ਪ੍ਰੋਫਾਈਲ ਨਾਲ ਮੇਲ ਨਹੀਂ ਖਾਂਦਾ ਸੀ, ਤਾਂ ਉਸ ਤੋਂ ਦੋਸ਼ ਹਟਾਉਣ ਵਿੱਚ ਚਾਰ ਸਾਲ ਕਿਉਂ ਲੱਗ ਗਏ।
ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਕਾਟਿਸ਼ ਅਧਿਕਾਰੀਆਂ ਤੋਂ ਵਿੱਤੀ ਮੁਆਵਜ਼ਾ ਲੈਣ ਦੀ ਪਰਿਵਾਰ ਦੀ ਕੋਸ਼ਿਸ਼ ਵਿੱਚ ਸਹਿਯੋਗ ਦੇਵੇ। ਸਪਨਾ, ਭਾਰਤੀ ਵਿਦੇਸ਼ ਮੰਤਰਾਲੇ ਨੂੰ ਵੀ ਇਸ ਗੱਲ ਦੀ ਰਸਮੀ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ ਕਿ ਸੌਗਾਤ ਨੂੰ ਕਤਲ ਦੇ ਸ਼ੱਕੀ ਵਜੋਂ ਕਿਵੇਂ ਨਾਮਜ਼ਦ ਕੀਤਾ ਗਿਆ।
ਉਨ੍ਹਾਂ ਨੇ ਕਿਹਾ, "ਮੇਰਾ ਪਤੀ ਇੱਕ ਬੇਗੁਨਾਹ ਇਨਸਾਨ ਸੀ।"
"ਉਸ ਨੇ ਕੋਈ ਗੁਨਾਹ ਨਹੀਂ ਕੀਤਾ ਸੀ ਉਸ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ। ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕੀਤਾ। ਉਸ ਨੇ ਸਿਸਟਮ 'ਤੇ ਭਰੋਸਾ ਕੀਤਾ। ਪਰ ਸਿਸਟਮ ਨੇ ਉਸ ਨੂੰ ਮਾਰ ਦਿੱਤਾ- ਹੌਲੀ ਹੌਲੀ, ਬਹੁਤ ਦਰਦ ਨਾਲ ਅਤੇ ਪੂਰੀ ਤਰ੍ਹਾਂ।"
ਸਕਾਟਲੈਂਡ ਪੁਲਿਸ ਨੇ ਕਿਹਾ ਕਿ ਉਹ ਕਾਨੂੰਨੀ ਕਾਰਵਾਈਆਂ 'ਤੇ ਕੋਈ ਟਿੱਪਣੀ ਨਹੀਂ ਕਰਦੇ। ਕਰਾਊਨ ਆਫ਼ਿਸ ਨੇ ਕਿਹਾ ਕਿ ਉਨ੍ਹਾਂ ਕੋਲ 2019 ਵਿੱਚ ਦਿੱਤੇ ਆਪਣੇ ਬਿਆਨ ਵਿੱਚ ਜੋੜਨ ਲਈ ਕੁਝ ਹੋਰ ਨਹੀਂ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੁਲਿਸ ਵੱਲੋਂ ਪੇਸ਼ ਕੀਤੀਆਂ ਰਿਪੋਰਟਾਂ 'ਤੇ ਬਹੁਤ ਧਿਆਨ ਨਾਲ ਵਿਚਾਰ ਕੀਤਾ ਗਿਆ ਸੀ।
ਉਨ੍ਹਾਂ ਕਿਹਾ, "ਕਾਰਵਾਈ ਉਦੋਂ ਹੀ ਕੀਤੀ ਜਾਂਦੀ ਹੈ ਜੇ ਰਿਪੋਰਟਾਂ ਵਿੱਚ ਕਿਸੇ ਅਪਰਾਧ ਦੇ ਲੋੜੀਂਦੇ ਸਬੂਤ ਅਤੇ ਅਜਿਹਾ ਕਰਨਾ ਜਨਤਕ ਹਿਤ ਵਿੱਚ ਹੋਵੇ। ਇਹ ਕਰਨਾ ਕਰਾਊਨ ਦਾ ਫਰਜ਼ ਹੈ ਕਿ ਉਹ ਕੇਸਾਂ ਦੀ ਸਮੀਖਿਆ ਕਰਦੇ ਰਹਿਣ। ਇਸ ਕੇਸ ਦੇ ਤੱਥਾਂ ਅਤੇ ਹਾਲਾਤ ਬਾਰੇ ਪੂਰੀ ਤਰ੍ਹਾਂ ਵਿਚਾਰ ਕਰਨ ਬਾਅਦ ਕਰਾਊਨ ਕਾਊਂਸਲ ਨੇ ਨਿਰਦੇਸ਼ ਦਿੱਤੇ ਸਨ ਕਿ ਸੌਗਾਤ ਮੁਖਰਜੀ ਖ਼ਿਲਾਫ਼ ਅੱਗੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ।"
ਇਸ ਮਾਮਲੇ ਬਾਰੇ ਟਿੱਪਣੀ ਲਈ ਭਾਰਤੀ ਵਿਦੇਸ਼ ਮੰਤਰਾਲੇ ਨੂੰ ਵੀ ਸੰਪਰਕ ਕੀਤਾ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ