You’re viewing a text-only version of this website that uses less data. View the main version of the website including all images and videos.
ਤਾਮਿਲਨਾਡੂ ਵਿੱਚ ਵਿਜੇ ਦੀ ਨਵੀਂ ਪਾਰਟੀ ਕਾਮਯਾਬ ਹੋਈ, ਪੰਜਾਬ ਤੇ ਹੋਰ ਸੂਬਿਆਂ ਦੀਆਂ ਉਨ੍ਹਾਂ ਪਾਰਟੀਆਂ ਬਾਰੇ ਜਾਣੋ ਜੋ ਘੱਟ ਸਮੇਂ ਵਿੱਚ ਉੱਭਰੀਆਂ
- ਲੇਖਕ, ਹਰਪਿੰਦਰ ਸਿੰਘ ਟੌਹੜਾ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 9 ਮਿੰਟ
4 ਮਈ ਨੂੰ ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ। ਇਨ੍ਹਾਂ ਚੋਣ ਨਤੀਜਿਆਂ ਨੇ ਭਾਰਤ ਦੀ ਸਿਆਸਤ ਵਿੱਚ ਕਾਫ਼ੀ ਕੁਝ ਬਦਲ ਦਿੱਤਾ।
ਪੱਛਮੀ ਬੰਗਾਲ ਵਿੱਚ ਬੀਤੇ 15 ਸਾਲ ਤੋਂ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਪਹਿਲੀ ਵਾਰ ਇਸ ਸੂਬੇ ਵਿੱਚ ਭਾਜਪਾ ਬਹੁਮਤ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ।
ਇਸ ਦੇ ਨਾਲ ਕਾਫੀ ਚਰਚਾ ਦਾ ਵਿਸ਼ਾ ਬਣੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਿੱਥੇ ਦੱਖਣੀ ਭਾਰਤੀ ਸਿਨੇਮਾ ਦੇ ਸੁਪਰਸਟਾਰ ਜੋਸੇਫ਼ ਵਿਜੈ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਵਿਜੈ ਨੂੰ ਉਨ੍ਹਾਂ ਦੇ ਫੈਨਜ਼ 'ਥਲਪਤੀ' ਦੇ ਨਾਮ ਨਾਲ ਵੀ ਜਾਣਦੇ ਹਨ। ਉਹਨਾਂ ਦੀ ਪਾਰਟੀ ਟੀਵੀਕੇ (ਤਾਮਿਲਗਾ ਵੇਟਰੀ ਕੜਗਮ) ਨੇ ਮੁੱਖ ਮੰਤਰੀ ਐੱਮਕੇ ਸਟਾਲਿਨ ਦੀ ਡੀਐੱਮਕੇ ਨੂੰ ਵੀ ਪਿੱਛੇ ਛੱਡ ਦਿੱਤਾ।
ਟੀਵੀਕੇ 100 ਤੋਂ ਵੱਧ ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ। ਹਾਲਾਂਕਿ ਬਹੁਮਤ ਦੇ ਅੰਕੜੇ ਤੋਂ ਪਾਰਟੀ ਅਜੇ ਦੂਰ ਹੈ। ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੈ ਦੀ ਪਾਰਟੀ ਟੀਵੀਕੇ ਨੂੰ ਹੋਂਦ ਵਿੱਚ ਆਇਆਂ ਵੀ ਕੁਝ ਹੀ ਸਮਾਂ ਹੋਇਆ ਹੈ।
ਇੰਨੇ ਘੱਟ ਸਮੇਂ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਹਾਸਲ ਕਰਨਾ ਆਪਣੇ ਆਪ ਵਿੱਚ ਵੱਡੀ ਗੱਲ ਹੈ। ਇਸ ਰਿਪੋਰਟ ਵਿੱਚ ਗੱਲ ਕਰਾਂਗੇ ਕਿ ਟੀਵੀਕੇ ਤੋਂ ਇਲਾਵਾ ਭਾਰਤ ਦੀਆਂ ਉਹ ਸਿਆਸੀ ਪਾਰਟੀਆਂ ਬਾਰੇ ਜੋ ਬਹੁਤ ਘੱਟ ਸਮੇਂ ਵਿੱਚ ਹੋਂਦ ਵਿੱਚ ਆਉਣ ਮਗਰੋਂ ਸੂਬੇ ਵਿੱਚ ਸਰਕਾਰ ਬਣਾਉਣ ਜਾਂ ਵੱਡੀ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੀਆਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੋਸੇਫ਼ ਵਿਜੈ ਦੀ ਪਾਰਟੀ ਟੀਵੀਕੇ ਬਾਰੇ।
ਟੀਵੀਕੇ ਕਦੋਂ ਹੋਂਦ ਵਿੱਚ ਆਈ
ਫ਼ਰਵਰੀ 2024 ਵਿੱਚ ਵਿਜੈ ਨੇ ਸਿਆਸਤ ਵਿੱਚ ਅਧਿਕਾਰਤ ਤੌਰ 'ਤੇ ਕਦਮ ਰੱਖਿਆ ਅਤੇ ਆਪਣੀ ਪਾਰਟੀ ਤਾਮਿਲਗਾ ਵੇਟਰੀ ਕੜਗਮ (ਟੀਵੀਕੇ) ਦਾ ਐਲਾਨ ਕੀਤਾ।
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਹ ਸੰਸਦ (2024 ਲੋਕ ਸਭਾ) ਦੀ ਚੋਣ ਨਹੀਂ ਲੜਣਗੇ ਅਤੇ ਨਾ ਹੀ ਕਿਸੇ ਉਮੀਦਵਾਰ ਦਾ ਸਮਰਥਨ ਕਰਨਗੇ, ਬਲਕਿ ਉਨ੍ਹਾਂ ਦਾ ਧਿਆਨ 2026 ਦੀਆਂ ਵਿਧਾਨ ਸਭਾ ਚੋਣਾਂ 'ਤੇ ਰਹੇਗਾ।
ਇਸ ਐਲਾਨ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਿਨੇਮਾ ਛੱਡ ਰਹੇ ਹਨ।
ਟੀਵੀਕੇ ਦੀ ਪਹਿਲੀ ਰੈਲੀ 27 ਅਕਤੂਬਰ 2024 ਨੂੰ ਤਾਮਿਲਨਾਡੂ ਦੇ ਵਿੱਲੁਪੁਰਮ ਜ਼ਿਲ੍ਹੇ ਦੇ ਵਿਕਰਵੰਡੀ ਵਿੱਚ ਹੋਈ, ਜਿੱਥੇ ਭਾਰੀ ਭੀੜ ਉੱਮੜੀ।
ਮੰਚ ਤੋਂ ਵਿਜੈ ਨੇ ਲੋਕਾਂ ਨੂੰ ਵੰਡਣ ਵਾਲੀ ਸਿਆਸਤ ਕਰਨ ਵਾਲੀਆਂ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਅਜਿਹੀਆਂ ਤਾਕਤਾਂ ਵਿਚਾਰਧਾਰਕ ਤੌਰ 'ਤੇ ਉਨ੍ਹਾਂ ਦੀ ਪਾਰਟੀ ਦੀਆਂ ਵਿਰੋਧੀ ਹਨ।
ਉਨ੍ਹਾਂ ਨੇ ਦ੍ਰਵਿੜ ਮਾਡਲ ਦੇ ਨਾਮ 'ਤੇ ਧੋਖਾਧੜੀ ਕਰਨ ਅਤੇ "ਇੱਕ ਪਰਿਵਾਰ 'ਤੇ ਸੂਬੇ ਨੂੰ ਲੁੱਟਣ" ਦਾ ਇਲਜ਼ਾਮ ਵੀ ਲਗਾਇਆ।
ਫਰਵਰੀ 2024 ਵਿੱਚ ਹੋਈ ਪਹਿਲੀ ਰੈਲੀ ਤੋਂ ਲੈ ਕੇ ਜੇਕਰ ਮਈ 2026 ਦੀ ਗੱਲ ਕਰੀਏ ਤਾਂ ਕਰੀਬ 2 ਹੀ ਸਾਲ ਹੋਏ ਹਨ। ਇਨ੍ਹਾਂ ਦੋ ਸਾਲਾਂ ਵਿੱਚ ਤਾਮਿਲਨਾਡੂ ਵਿੱਚ ਵਿਜੈ ਦੀ ਪਾਰਟੀ ਬਹੁਮਤ ਹਾਸਲ ਕਰਨ ਵਿੱਚ ਕਾਮਯਾਬ ਹੋਈ ਹੈ।
ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ ਦਾ ਗਠਨ 'ਇੰਡੀਆ ਅਗੇਂਸਟ ਕਰਪਸ਼ਨ' ਵਿੱਚੋਂ ਹੋਇਆ। ਸਾਲ 2011 ਵਿੱਚ ਵੱਖ-ਵੱਖ ਪਿਛੋਕੜ ਵਾਲੇ ਕਾਰਕੁਨਾਂ ਦਾ ਇੱਕ ਸਮੂਹ ਇਕੱਠਾ ਹੋਇਆ ਅਤੇ ਜਨ ਲੋਕਪਾਲ ਬਿੱਲ ਨੂੰ ਲਾਗੂ ਕਰਨ ਦੀ ਮੰਗ ਕੀਤੀ।
ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਦੀ ਅਗਵਾਈ ਵਿੱਚ, ਦੇਸ਼ ਦੇ ਕਈ ਸਥਾਨਾਂ 'ਤੇ ਹਜ਼ਾਰਾਂ ਲੋਕ ਤਿੰਨ ਵੱਖ-ਵੱਖ ਮੌਕਿਆਂ 'ਤੇ ਅਨਸ਼ਨ 'ਤੇ ਬੈਠੇ, ਤਾਂ ਜੋ ਜਨ ਲੋਕਪਾਲ ਬਿੱਲ ਲਈ ਸਮਰਥਨ ਵਧਾਇਆ ਜਾ ਸਕੇ ਅਤੇ ਸਰਕਾਰ 'ਤੇ ਦਬਾਅ ਬਣਾਇਆ ਜਾ ਸਕੇ। ਪਰ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ, ਸੰਸਦ ਨੇ ਜਨ ਲੋਕਪਾਲ ਪਾਸ ਨਹੀਂ ਕੀਤਾ।
ਇਸੇ ਦੌਰਾਨ, ਇੰਡੀਆ ਅਗੇਂਸਟ ਕਰਪਸ਼ਨ ਦੇ ਇੱਕ ਹਿੱਸੇ ਨੇ, ਜਿਸ ਦੀ ਅਗਵਾਈ ਅਰਵਿੰਦ ਕੇਜਰੀਵਾਲ ਕਰ ਰਹੇ ਸਨ, ਇਹ ਫ਼ੈਸਲਾ ਕੀਤਾ ਕਿ ਭ੍ਰਿਸ਼ਟਾਚਾਰ ਤੋਂ ਦੇਸ਼ ਨੂੰ ਛੁਟਕਾਰਾ ਦਿਵਾਉਣ ਦਾ ਇਕੱਲਾ ਤਰੀਕਾ ਰਾਜਨੀਤੀ ਵਿੱਚ ਦਾਖਲ ਹੋਣਾ ਹੈ।
ਇਸ ਤਰ੍ਹਾਂ 2012 ਵਿੱਚ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਇੱਕ ਨਵੀਂ ਰਾਜਨੀਤਕ ਪਾਰਟੀ ਦੀ ਸ਼ੁਰੂਆਤ ਹੋਈ ਜਿਸ ਦਾ ਨਾਮ ‘ਆਮ ਆਦਮੀ ਪਾਰਟੀ’ ਰੱਖਿਆ ਗਿਆ।
ਆਮ ਆਦਮੀ ਪਾਰਟੀ ਨੇ ਪਹਿਲੀ ਚੋਣ 2013 ਵਿੱਚ ਲੜੀ ਤੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ। ਪਹਿਲੀ ਵਾਰ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਬਣੇ।
ਪਰ ਇਹ ਸਰਕਾਰ 49 ਦਿਨ ਹੀ ਚੱਲ ਸਕੀ ਸੀ। ਫਿਰ 2015 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਿੱਲੀ ਦੀਆਂ 70 ਸੀਟਾਂ ਵਿੱਚੋਂ 67 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ।
ਸਾਲ 2020 ਵਿੱਚ ਫਿਰ 62 ਸੀਟਾਂ ਨਾਲ ਦੁਬਾਰਾ ਸਰਕਾਰ ਬਣਾਉਣ ਵਿੱਚ ਆਮ ਆਦਮੀ ਪਾਰਟੀ ਕਾਮਯਾਬ ਰਹੀ। ਪੰਜਾਬ ਵਿੱਚ 2022 ਵਿੱਚ 92 ਸੀਟਾਂ ਨਾਲ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ।
2023 ਵਿੱਚ ਆਮ ਆਦਮੀ ਪਾਰਟੀ ਨੂੰ ਨੈਸ਼ਨਲ ਪਾਰਟੀ ਦਾ ਵੀ ਦਰਜਾ ਮਿਲ ਗਿਆ।
ਤੇਲਗੂ ਦੇਸਮ ਪਾਰਟੀ
ਤੇਲਗੂ ਦੇਸਮ ਪਾਰਟੀ ਦੀ ਸਥਾਪਨਾ 1982 ਵਿੱਚ ਹੋਈ ਸੀ। ਇਸ ਨੂੰ ਟੀਡੀਪੀ ਵੀ ਕਿਹਾ ਜਾਂਦਾ ਹੈ। ਇਸ ਪਾਰਟੀ ਨੂੰ ਪ੍ਰਸਿੱਧ ਅਦਾਕਾਰ ਅਤੇ ਆਗੂ ਐੱਨਟੀ ਰਾਮਾ ਰਾਓ ਨੇ ਬਣਾਇਆ ਸੀ। ਇਹ ਆਂਧਰਾ ਪ੍ਰਦੇਸ਼ ਦੀ ਖੇਤਰੀ ਪਾਰਟੀ ਹੈ।
ਇਸ ਪਾਰਟੀ ਦਾ ਗਠਨ ਸੂਬੇ ਵਿੱਚ ਲੰਬੇ ਸਮੇਂ ਤੋਂ ਰਾਜ ਕਰ ਰਹੀ ਕਾਂਗਰਸ ਨੂੰ ਹਰਾਉਣ ਲਈ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ 1982 ਵਿੱਚ ਪਾਰਟੀ ਦਾ ਗਠਨ ਹੋਣ ਤੋਂ ਕੁਝ ਮਹੀਨਿਆਂ ਬਾਅਦ ਹੀ ਪਾਰਟੀ ਸੱਤਾ ਵਿੱਚ ਆ ਗਈ।
ਸਾਲ 1983 ਵਿੱਚ ਐੱਨਟੀ ਰਾਮਾ ਰਾਓ ਆਂਧ੍ਰਾ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਸਨ। ਅੱਜ ਕੱਲ੍ਹ ਟੀਡੀਪੀ ਦੇ ਆਗੂ ਚੰਦਰਬਾਬੂ ਨਾਇਡੂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਹਨ ਅਤੇ ਪਾਰਟੀ ਦਾ ਐੱਨਡੀਏ ਨਾਲ ਗਠਜੋੜ ਹੈ।
ਅਸੋਮ ਗਾਨਾ ਪ੍ਰੀਸ਼ਦ
ਅਸੋਮ ਗਾਨਾ ਪ੍ਰੀਸ਼ਦ ਅਸਮ ਦੀ ਖੇਤਰੀ ਪਾਰਟੀ ਹੈ। ਇਸ ਦਾ ਗਠਨ 1985 ਵਿੱਚ ਹੋਇਆ ਸੀ। ਇਹ ਇੱਕ ਅਜਿਹੀ ਪਾਰਟੀ ਹੈ ਜਿਸ ਦਾ ਗਠਨ ਹੋਣ ਦੇ ਕੁਝ ਮਹੀਨਿਆਂ ਬਾਅਦ ਹੀ ਸੱਤਾ ਵਿੱਚ ਆ ਗਈ ਸੀ।
ਇਸ ਪਾਰਟੀ ਦਾ ਜਨਮ ਅਸਾਮ ਵਿੱਚ ਹੋਏ ਅੰਦੋਲਨ ਵਿੱਚੋਂ ਹੋਇਆ ਸੀ। 1979 ਅਤੇ 1985 ਦੇ ਵਿਚਕਾਰ ਹੋਏ ਅਸਾਮ ਅੰਦੋਲਨ ਨੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
ਇਸ ਵਿਸ਼ਾਲ ਅੰਦੋਲਨ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਅਸਮਿਆ ਭਾਈਚਾਰੇ ਦੇ ਬਹੁਤ ਸਾਰੇ ਮੈਂਬਰਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਇਸ ਸਮੇਂ ਦੌਰਾਨ, 855 ਪ੍ਰਦਰਸ਼ਨਕਾਰੀ ਮਾਰੇ ਗਏ ਸਨ।
ਆਜ਼ਾਦੀ ਤੋਂ ਬਾਅਦ, ਅਸਮ ਦੇ ਇਤਿਹਾਸ ਵਿੱਚ ਕਦੇ ਵੀ ਇੰਨੀ ਵੱਡੀ ਲਹਿਰ ਨਹੀਂ ਹੋਈ। ਅੰਦੋਲਨ ਦੇ ਆਗੂਆਂ ਵੱਲੋਂ ਹੀ ਅਸੋਮ ਗਾਨਾ ਪ੍ਰੀਸ਼ਦ (ਏਜੀਪੀ) ਦੀ ਸਥਾਪਨਾ ਕੀਤੀ ਗਈ ਸੀ।
1985 ਵਿੱਚ ਪ੍ਰਫੁੱਲ ਕੁਮਾਰ ਮਹੰਤਾ ਮੁੱਖ ਮੰਤਰੀ ਬਣੇ ਸਨ।
ਅਕਾਲੀ ਦਲ (ਮਾਨ)
ਇਸੇ ਤਰੀਕੇ ਨਾਲ ਪੰਜਾਬ ਵਿੱਚ ਵੀ 90 ਦੇ ਦਹਾਕੇ ਦੌਰਾਨ ਸਿਮਰਨਜੀਤ ਸਿੰਘ ਮਾਨ ਦੇ ਰਾਜਨੀਤਕ ਧਿਰ ਦਾ ਉਭਾਰ ਹੋਇਆ ਸੀ।
ਸਿਮਰਨਜੀਤ ਸਿੰਘ ਮਾਨ ਸਾਬਕਾ ਆਈਪੀਐੱਸ ਅਧਿਕਾਰੀ ਹਨ ਅਤੇ 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਉਹਨਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਸਿੱਖ ਰਾਜਨੀਤੀ ਵਿੱਚ ਸਰਗਰਮ ਹੋ ਗਏ।
ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਅਤੇ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਰੱਖਿਆ ਗਿਆ। ਇਸੇ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਤੋਂ ਵੱਖਰੀ ਧਿਰ ਬਣਾਈ, ਜਿਸ ਨੂੰ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਾਂ ਅਕਾਲੀ ਦਲ (ਮਾਨ) ਕਿਹਾ ਗਿਆ।
1989 ਦੀਆਂ ਲੋਕ ਸਭਾ ਚੋਣਾਂ ਇਸ ਧੜੇ ਲਈ ਇਤਿਹਾਸਕ ਰਹੀਆਂ। ਜੇਲ੍ਹ ਵਿੱਚ ਹੀ ਸਿਮਰਨਜੀਤ ਸਿੰਘ ਮਾਨ ਨੇ ਤਰਨ ਤਾਰਨ ਤੋਂ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ।
ਉਨ੍ਹਾਂ ਦੀ ਪਾਰਟੀ ਨੇ 6 ਸੀਟਾਂ ਆਪਣੇ ਟਿਕਟ 'ਤੇ ਜਿੱਤੀਆਂ ਅਤੇ ਹੋਰ ਉਮੀਦਵਾਰਾਂ ਨੂੰ ਸਮਰਥਨ ਦੇ ਕੇ ਪੰਜਾਬ ਦੀਆਂ 13 ਵਿੱਚੋਂ ਕੁੱਲ 9-10 ਸੀਟਾਂ ਪ੍ਰਭਾਵਿਤ ਕੀਤੀਆਂ।
ਇਸ ਤੇਜ਼ ਉਭਾਰ ਦਾ ਮੁੱਖ ਕਾਰਨ ਉਸ ਵੇਲੇ ਦੇ ਰਾਜਨੀਤਕ ਹਾਲਾਤ ਅਤੇ ਆਪ੍ਰੇਸ਼ਨ ਬਲੈਕ ਥੰਡਰ ਸੀ। ਲੋਕਾਂ ਨੇ ਇਸ ਨਵੀਂ ਧਿਰ ਨੂੰ ਮੁੱਖ ਰਾਜਨੀਤੀਕ ਪਾਰਟੀਆਂ ਤੋਂ ਵੱਖਰੀ ਧਿਰ ਵਜੋਂ ਵੇਖਿਆ।
ਇੱਕ ਨਵੀਂ ਪਾਰਟੀ ਲਈ ਇਹ ਅਸਾਧਾਰਨ ਸਫ਼ਲਤਾ ਸੀ, ਜਿਸ ਨੇ ਕੁਝ ਹੀ ਸਾਲਾਂ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਆਪਣੀ ਪਹਿਚਾਣ ਬਣਾਈ। ਬਾਅਦ ਵਿੱਚ ਇਸ ਦਾ 1994 ਵਿੱਚ ਰਸਮੀ ਗਠਨ ਹੋਇਆ, ਪਰ 1989 ਵਾਲੀ ਜਿੱਤ ਇਸ ਦਾ ਸਭ ਤੋਂ ਚੰਗਾ ਸਮਾਂ ਸੀ।
ਸਿੱਕਮ ਕ੍ਰਾਂਤੀਕਾਰੀ ਮੋਰਚਾ
ਸਿੱਕਮ ਕ੍ਰਾਂਤੀਕਾਰੀ ਮੋਰਚਾ ਦੀ ਸਥਾਪਨਾ 2013 ਵਿੱਚ ਹੋਈ ਸੀ। ਪ੍ਰੇਮ ਸਿੰਘ ਤਮਾਂਗ ਇਸ ਦੇ ਫਾਊਂਡਰ ਮੈਂਬਰ ਸਨ।
ਅਸਲ ਵਿੱਚ ਪ੍ਰੇਮ ਸਿੰਘ ਪਹਿਲਾਂ ਸਿੱਕਮ ਡੈਮੋਕਰੇਟਿਕ ਫਰੰਟ ਵਿੱਚ ਸਨ, ਉਨ੍ਹਾਂ ਨੇ ਅਲੱਗ ਹੋ ਕੇ ਵੱਖਰੀ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਸੀ।
ਹਾਲਾਂਕਿ ਇਸ ਪਾਰਟੀ ਨੂੰ ਜਲਦ ਸਫ਼ਲਤਾ ਨਹੀਂ ਮਿਲੀ ਸੀ। ਇਸ ਪਾਰਟੀ ਦੀ ਸਰਕਾਰ 2019 ਵਿੱਚ ਬਣੀ ਸੀ। ਪ੍ਰੇਮ ਸਿੰਘ ਤਮਾਂਗ ਹੀ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ।
ਪਹਿਲੀ ਚੋਣ ਪਾਰਟੀ ਨੇ 2014 ਵਿੱਚ ਲੜੀ ਤੇ ਮੁੱਖ ਵਿਰੋਧੀ ਧਿਰ ਬਣਨ ਵਿੱਚ ਜ਼ਰੂਰ ਕਾਮਯਾਬੀ ਹਾਸਲ ਕੀਤੀ ਸੀ। ਇਹ ਪਾਰਟੀ ਹੁਣ ਕੇਂਦਰ ਵਿੱਚ ਐੱਨਡੀਏ ਦਾ ਸਮੱਰਥਨ ਕਰਦੀ ਹੈ।
ਨਵੀਆਂ ਪਾਰਟੀਆਂ 'ਤੇ ਲੋਕ ਕਿਉਂ ਕਰਦੇ ਨੇ ਭਰੋਸਾ?
ਲੋਕ ਨਵੀਆਂ ਪਾਰਟੀਆਂ ਉੱਤੇ ਕਈ ਵਾਰ ਭਰੋਸਾ ਕਿਉਂ ਕਰਦੇ ਹਨ, ਇਸ ਦੇ ਜਵਾਬ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ ਕਿ ਨਵੀਂ ਪਾਰਟੀ ਨੂੰ ਮੌਕੇ ਦੇਣ ਪਿੱਛੇ ਇੱਕ ਕਾਰਨ ਇਹ ਵੀ ਹੁੰਦੇ ਹਨ ਕਿ ਲੋਕ ਅੱਜ ਕੱਲ੍ਹ ਨਵੇਂ ਤਜਰਬੇ ਕਰਨ ਬਾਰੇ ਸੋਚਦੇ ਹਨ।
“ਭਾਵ ਲੋਕ ਸੋਚਦੇ ਹਨ ਕਿ ਪੁਰਾਣੀਆਂ ਪਾਰਟੀਆਂ ਤੋਂ ਤਾਂ ਕੁਝ ਬਣਿਆ ਨਹੀਂ ਹੁਣ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਜਾਵੇ।”
ਹਾਲਾਂਕਿ ਜਗਰੂਪ ਸੇਖੋਂ ਕਹਿੰਦੇ ਹਨ, "ਲੋਕ ਅੱਜ ਇਹ ਘੱਟ ਸੋਚਦੇ ਹਨ ਕਿ ਜਿਸ ਪਾਰਟੀ ਨੂੰ ਉਹ ਵੋਟ ਦੇਣ ਬਾਰੇ ਸੋਚਦੇ ਹਨ ਉਸਦਾ ਢਾਂਚਾ ਹੈ ਵੀ ਜਾਂ ਨਹੀਂ।"
ਉਹ ਉਦਾਹਰਣ ਦੇ ਤੌਰ ’ਤੇ ਕਹਿੰਦੇ ਹਨ ਕਿ ਜਿਵੇਂ ਤਾਮਿਲਨਾਡੂ ਵਿੱਚ ਵਿਜੈ ਦੀ ਪਾਰਟੀ ਹੈ। ਉਹ ਅਜੇ ਦੋ ਸਾਲ ਪਹਿਲਾਂ ਹੋਂਦ ਵਿੱਚ ਆਈ ਹੈ ਤੇ ਉਸਦਾ ਕੋਈ ਢਾਂਚਾ ਵਿਕਸਤ ਨਹੀਂ ਹੋ ਸਕਿਆ।
ਜਗਰੂਪ ਸੇਖੇਂ ਕਹਿੰਦੇ ਹਨ, ਕਿ ਪਾਰਲੀਮੈਂਟਰੀ ਸਿਸਟਮ ਵਿੱਚ ਪਾਰਟੀ ਦਾ ਤਕੜਾ ਹੋਣਾ ਬਹੁਤ ਜ਼ਰੂਰੀ ਹੈ।
ਉਹ ਆਖਦੇ ਹਨ, "ਭਾਜਪਾ ਕੋਲ ਅੱਜ ਸਭ ਕੁਝ ਹੈ। ਜ਼ਮੀਨ 'ਤੇ ਕੰਮ ਕਰਨ ਵਾਲਾ ਵਰਕਰ ਵੀ ਤੇ ਸਭ ਤੋਂ ਵੱਡੀ ਗੱਲ ਉਨ੍ਹਾਂ ਨਾਲ ਮਿਲਕੇ ਕੰਮ ਕਰਨ ਵਾਲੀ ਆਰਐੱਸਐੱਸ। ਇਸ ਦੇ ਨਾਲ ਹੀ ਉਨ੍ਹਾਂ ਕੋਲ ਵਿਦਿਆਰਥੀ ਜਥੇਬੰਦੀ ਵੀ ਵੱਡੀ ਹੈ। ਪਾਰਟੀ ਕੋਲ ਪੈਸੇ ਦੀ ਵੀ ਕੋਈ ਕਮੀ ਨਹੀਂ ਹੈ।"
ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਵਿੱਚ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਦਾ ਮੰਨਣਾ ਹੈ, "ਜਿਵੇਂ ਤਾਮਿਲਨਾਡੂ ਵਿੱਚ ਜੋਸੇਫ਼ ਵਿਜੈ ਸਿਨੇਮਾ ਜਗਤ ਨਾਲ ਜੁੜੇ ਹੋਏ ਹਨ ਇਸ ਲਈ ਸੋਸ਼ਲ ਮੀਡੀਆ ਦੀ ਭੂਮਿਕਾ ਵੀ ਅਹਿਮ ਮੰਨੀ ਜਾ ਸਕਦੀ ਹੈ ਕਿਉਂਕਿ ਨੌਜਵਾਨ ਚਿਹਰਾ ਹੋਣ ਕਰਕੇ ਉਨ੍ਹਾਂ ਦੀ ਫੌਲੋਇੰਗ ਕਾਫੀ ਹੈ ਇਸ ਦਾ ਉਨ੍ਹਾਂ ਨੂੰ ਕਾਫ਼ੀ ਫਾਇਦਾ ਮਿਲਿਆ।"
ਪ੍ਰੋਫੈਸਰ ਆਸ਼ੂਤੋਸ਼ ਇਹ ਵੀ ਕਹਿੰਦੇ ਹਨ ਕਿਸੇ ਵੀ ਸੂਬੇ ਵਿੱਚ ਚੱਲ ਰਹੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਲੋਕ ਨਾਰਾਜ਼ ਵੀ ਜਲਦੀ ਹੋ ਜਾਂਦੇ ਹਨ ਇਸ ਲਈ ਇੱਕ ਇਹ ਕਾਰਨ ਮੰਨਿਆ ਜਾ ਸਕਦਾ ਕਿ ਲੋਕ ਜਲਦੀ ਬਦਲ ਵੱਲ ਭੱਜਦੇ ਹਨ।
ਪ੍ਰੋਫੈਸਰ ਆਸ਼ੂਤੋਸ਼ ਦਾ ਇਹ ਵੀ ਮੰਨਣਾ ਹੈ, "ਲੋਕ ਇਸ ਲਈ ਵੀ ਨਵੀਂ ਪਾਰਟੀ ਵੱਲ ਝੁਕਾਅ ਰੱਖਣ ਲੱਗਦੇ ਹਨ ਕਿ ਪਹਿਲਾਂ ਸੱਤਾ ਵਿੱਚ ਰਹੀਆਂ ਪਾਰਟੀਆਂ ਉਨ੍ਹਾਂ ਦੀਆਂ ਉਮੀਦਾਂ 'ਤੇ ਪੂਰੀ ਤਰ੍ਹਾਂ ਖਰ੍ਹਾ ਨਹੀਂ ਉੱਤਰ ਸਕੀਆਂ ਹੁੰਦੀਆਂ। ਲੋਕ ਕਈ ਵਾਰ ਪ੍ਰਸਿੱਧ ਚਿਹਰਾ ਵੀ ਲੱਭਦੇ ਹਨ। ਜਿਵੇਂ ਕਿ ਤਾਮਿਲਨਾਡੂ ਵਿੱਚ ਹੋਇਆ ਵਿਜੈ ਇੱਕ ਆਪਣੇ ਆਪ ਵਿੱਚ ਜਾਣਿਆ ਪਛਾਣਿਆ ਚਿਹਰਾ ਹਨ।"
ਨਵੀਂ ਪਾਰਟੀਆਂ ਨੂੰ ਮੌਕਾ ਦੇਣ ਦਾ ਜਵਾਬ ਜਾਨਣ ਲਈ ਅਸੀਂ ਵੱਖ-ਵੱਖ ਸੂਬਿਆਂ ਵਿੱਚ ਕਈ ਸਿਆਸੀ ਪਾਰਟੀਆਂ ਨਾਲ ਕੰਮ ਕਰ ਚੁੱਕੇ ਚੋਣ ਵਿਸ਼ਲੇਸ਼ਕ ਵਿਨਾਇਕ ਦੱਤ ਨਾਲ ਵੀ ਗੱਲ ਕੀਤੀ।
ਵਿਨਾਇਕ ਦੱਤ ਦਾ ਕਹਿਣਾ ਹੈ, "ਹਰ ਸੂਬੇ ਦਾ ਫੈਕਟਰ ਵੱਖਰਾ ਹੁੰਦਾ। ਉਨ੍ਹਾਂ ਦਾ ਕਹਿਣਾ ਕਿ ਭਾਜਪਾ ਹਰ ਸੂਬੇ ਵਿੱਚ ਮਜ਼ਬੂਤ ਹੈ, ਤਾਮਿਲਨਾਡੂ ਵਿੱਚ ਵੀ। ਪਰ ਉਸ ਦੀ ਵਿਚਾਰਧਾਰਾ ਭਾਵੇਂ ਪੰਜਾਬ ਹੋਵੇ ਭਾਵੇਂ ਤਾਮਿਲਨਾਡੂ, ਉਸਨੂੰ ਲੋਕ ਕਬੂਲ ਨਹੀਂ ਕਰਦੇ।"
"ਇਸ ਕਰਕੇ ਵੱਡਾ ਵਰਗ ਭਾਜਪਾ ਦੇ ਵਿਰੋਧ ਵਿੱਚ ਹੈ। ਜਿਹੜੀਆਂ ਪੁਰਾਣੀਆਂ ਰਿਵਾਇਤਾਂ ਪਾਰਟੀਆਂ ਹਨ ਉਨ੍ਹਾਂ ਦੀ ਮਾੜੀ ਕਾਰਗੁਜ਼ਾਰੀ ਕਰਕੇ ਜਗ੍ਹਾ ਨਵੀਂ ਪਾਰਟੀਆਂ ਨੂੰ ਮਿਲ ਰਹੀ ਹੈ। ਜਿਵੇਂ ਕਿ ਦਿੱਲੀ, ਪੰਜਾਬ ਅਤੇ ਹੋਰ ਸੂਬਿਆਂ ਵਿੱਚ ਹੋਇਆ।"
ਵਿਨਾਇਕ ਅੱਗੇ ਕਹਿੰਦੇ ਹਨ ਕਿ ਤਾਮਿਲਨਾਡੂ ਵਿੱਚ ਇਸ ਗੱਲ ਦਾ ਫਾਇਦਾ ਵਿਜੈ ਨੂੰ ਹੋਇਆ। ਵਿਜੈ ਨੂੰ ਲਾਭ ਮਿਲਣ ਦਾ ਵਿਨਾਇਕ ਇੱਕ ਕਾਰਨ ਇਹ ਵੀ ਦੱਸਦੇ ਹਨ ਕਿ ਉਹ ਉੱਥੋਂ ਦੇ ਨਾਮਵਰ ਕਲਾਕਾਰ ਹਨ ਅਤੇ ਉਮਰ ਵੀ ਬਹੁਤੀ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਇਸਦਾ ਲਾਭ ਜਲਦੀ ਮਿਲਿਆ, ਪਰ ਹੋਰਨਾਂ ਸੂਬਿਆਂ ਵਿੱਚ ਅਜਿਹਾ ਹੋਣ ਵਿੱਚ ਸਮਾਂ ਲੱਗਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ