You’re viewing a text-only version of this website that uses less data. View the main version of the website including all images and videos.
'ਭੂਤ ਦੇ ਡਰ' ਕਾਰਨ ਪਰਿਵਾਰ ਨੇ ਅਜਿਹਾ ਕੀ ਕੀਤਾ ਕਿ ਖੁੱਲ੍ਹ ਗਿਆ 34 ਸਾਲ ਪੁਰਾਣੇ ਕਤਲ ਦਾ ਰਾਜ਼, ਪੁਲਿਸ ਨੇ ਘਰੋਂ ਮਿਲੇ ਪਿੰਜਰ ਬਾਰੇ ਹੋਰ ਕੀ ਦੱਸਿਆ?
- ਲੇਖਕ, ਅਰਜੁਨ ਪਰਮਾਰ
- ਰੋਲ, ਬੀਬੀਸੀ ਪੱਤਰਕਾਰ, ਅਹਿਮਦਾਬਾਦ
- ਪੜ੍ਹਨ ਦਾ ਸਮਾਂ: 9 ਮਿੰਟ
ਪਿਛਲੇ ਬੁੱਧਵਾਰ ਦੀ ਸਵੇਰ ਅਹਿਮਦਾਬਾਦ ਦੇ ਦੱਖਣ-ਪੂਰਬੀ ਸਿਰੇ 'ਤੇ ਸਥਿਤ ਵਟਵਾ ਪਿੰਡ ਦੇ ਕੁਤੁਬਨਗਰ ਦੀ ਗਲੀ ਨੰਬਰ 3 ਦੇ ਨਿਵਾਸੀਆਂ ਲਈ 'ਹੈਰਾਨੀਜਨਕ ਅਤੇ ਅਜੀਬ' ਸਾਬਤ ਹੋਈ।
ਕਰੀਬ 15 ਫੁੱਟ ਚੌੜੀ ਇਸ ਗਲੀ ਦੇ ਦੋਹਾਂ ਸਿਰਿਆਂ 'ਤੇ ਇੱਕ-ਦੂਜੇ ਨਾਲ ਲੱਗੇ ਹੋਏ ਕੱਚੇ-ਪੱਕੇ ਘਰਾਂ ਦੀਆਂ ਕਤਾਰਾਂ ਵਿੱਚ ਰਹਿਣ ਵਾਲੇ ਇਹ ਲੋਕ ਉਸ ਸਵੇਰ ਅੱਠ ਵਜੇ ਇੱਕ ਜੇਸੀਬੀ ਮਸ਼ੀਨ ਦੇ ਰੌਲ਼ੇ ਅਤੇ ਕਈ ਪੁਲਿਸ ਮੁਲਾਜ਼ਮਾਂ ਦੀਆਂ ਅਵਾਜ਼ਾਂ ਨਾਲ ਜਾਗ ਗਏ।
"ਅਸੀਂ ਇੱਥੇ 22 ਸਾਲਾਂ ਤੋਂ ਰਹਿ ਰਹੇ ਹਾਂ। ਇੰਨੇ ਸਾਲਾਂ ਵਿੱਚ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਕਿਸੇ ਦਾ ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਸਾਹਮਣੇ ਵਾਲੇ ਬੰਦ ਘਰ ਦੇ ਨਾਲੇ ਵਿੱਚ ਦੱਬ ਦਿੱਤਾ ਗਿਆ ਹੋਵੇਗਾ।"
"ਜਦੋਂ ਪੁਲਿਸ ਅਤੇ ਫੋਰੈਂਸਿਕ ਟੀਮ ਸਾਡੀ ਗਲੀ ਵਿੱਚ ਆਈ ਤਾਂ ਅਸੀਂ ਵੀ ਹੈਰਾਨ ਰਹਿ ਗਏ। ਆਖ਼ਿਰਕਾਰ, ਘਰ ਦਾ ਇੱਕ ਹਿੱਸਾ ਢਾਹ ਦਿੱਤਾ ਗਿਆ ਅਤੇ ਲਗਭਗ 15 ਫੁੱਟ ਦੀ ਗਹਿਰਾਈ ਤੋਂ ਇੱਕ ਪਿੰਜਰ ਕੱਢਿਆ ਗਿਆ। ਸਾਨੂੰ ਪਤਾ ਲੱਗਿਆ ਕਿ ਇਹ ਪਿੰਜਰ ਇੱਕ ਅਜਿਹੀ ਮਹਿਲਾ ਦਾ ਸੀ ਜਿਸਦੀ 34 ਸਾਲ ਪਹਿਲਾਂ ਹੱਤਿਆ ਕਰ ਦਿੱਤੀ ਗਈ ਸੀ।"
55 ਸਾਲਾ ਸਲੀਮ ਖਾਨ ਅਜ਼ੀਜ਼ ਖਾਨ 28 ਮੈਂਬਰਾਂ ਵਾਲੇ ਆਪਣੇ ਪਰਿਵਾਰ ਨਾਲ ਉਸੇ ਘਰ ਦੇ ਠੀਕ ਸਾਹਮਣੇ ਦੋ ਮੰਜ਼ਿਲਾ ਮਕਾਨ ਵਿੱਚ ਰਹਿੰਦੇ ਹਨ, ਜਿੱਥੋਂ ਮਨੁੱਖੀ ਪਿੰਜਰ ਬਰਾਮਦ ਕੀਤਾ ਗਿਆ ਹੈ।
ਇਸ ਪੂਰੀ ਘਟਨਾ ਨਾਲ ਇਲਾਕੇ ਵਿੱਚ ਫੈਲੀ ਹੈਰਾਨੀ ਨੂੰ ਸਲੀਮ ਖਾਨ ਦੇ ਸ਼ਬਦਾਂ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ।
ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਅਤੇ ਫੋਰੈਂਸਿਕ ਵਿਭਾਗ ਦੀ ਇੱਕ ਟੀਮ ਨੇ ਕਾਰਵਾਈ ਵਾਲੇ ਦਿਨ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ, ਕਾਰਜਕਾਰੀ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਖੁਦਾਈ ਕਰਕੇ ਪਿੰਜਰ ਬਰਾਮਦ ਕੀਤਾ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ, "ਇਹ ਪਿੰਜਰ ਉਸ ਮਹਿਲਾ ਦਾ ਹੈ ਜਿਸਨੂੰ ਉਸਦੇ ਪਤੀ ਨੇ ਕੁਝ ਹੋਰ ਲੋਕਾਂ ਦੇ ਨਾਲ ਮਿਲ ਕੇ ਅਗਸਤ 1992 'ਚ ਕਤਲ ਕਰ ਦਿੱਤਾ ਸੀ। ਸ਼ੱਕੀਆਂ ਦੇ ਪਰਿਵਾਰ ਵਾਲਿਆਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਪਰਿਵਾਰ 'ਤੇ ਭੂਤਾਂ ਦਾ ਸਾਇਆ ਮੰਡਰਾ ਰਿਹਾ ਹੈ, ਜਿਸ ਤੋਂ ਛੁਟਕਾਰਾ ਪਾਉਣ ਲਈ ਉਹ ਅਜਿਹੇ ਲੋਕਾਂ ਕੋਲ ਜਾਂਦੇ ਸਨ ਜੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਕਰਨ ਦਾ ਦਾਅਵਾ ਕਰਦੇ ਸਨ।''
''ਉੱਥੋਂ ਹੀ ਸਾਨੂੰ ਇਸ ਮਾਮਲੇ ਬਾਰੇ ਪਹਿਲੀ ਵਾਰ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਡੇਢ ਤੋਂ ਦੋ ਮਹੀਨੇ ਤੱਕ ਹੋਰ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।"
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਘਰ ਵਿੱਚ ਮਿਲੇ ਪਿੰਜਰ ਦੇ ਨਮੂਨਿਆਂ ਨੂੰ ਡੀਐਨਏ ਜਾਂਚ ਲਈ ਫੋਰੈਂਸਿਕ ਸਾਇੰਸ ਲੈਬ ਵਿੱਚ ਭੇਜ ਦਿੱਤਾ ਹੈ, ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਜਾਵੇਗੀ ਅਤੇ ਅੱਗੇ ਦੀ ਜਾਂਚ ਕੀਤੀ ਜਾਵੇਗੀ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ੁਰੂਆਤੀ ਜਾਂਚ ਚੱਲ ਰਹੀ ਹੈ ਅਤੇ ਸਟੇਸ਼ਨ ਡਾਇਰੀ ਐਂਟਰੀ ਦੀ ਕਾਰਵਾਈ ਕੀਤੀ ਗਈ ਹੈ। ਫਿਲਹਾਲ ਛੇ-ਸੱਤ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਬੀਬੀਸੀ ਗੁਜਰਾਤੀ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਕੁਤੁਬਨਗਰ ਦੇ ਸਥਾਨਕ ਲੋਕਾਂ ਅਤੇ ਪੁਲਿਸ ਨਾਲ ਗੱਲ ਕੀਤੀ।
'ਪਤੀ-ਪਤਨੀ ਵਿਚਕਾਰ ਕਲੇਸ਼ ਬਣਿਆ ਸੀ ਕਤਲ ਦਾ ਕਾਰਨ'
ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਏਸੀਪੀ ਭਰਤ ਪਟੇਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, "ਘਟਨਾ ਵਿੱਚ ਸ਼ਾਮਲ ਲੋਕਾਂ ਦੇ ਬਿਆਨਾਂ ਅਤੇ ਸਾਡੀ ਜਾਂਚ ਦੇ ਆਧਾਰ 'ਤੇ ਸਾਨੂੰ ਇਸ ਮਾਮਲੇ ਵਿੱਚ ਹੋਰ ਜਾਣਕਾਰੀ ਮਿਲੀ।"
ਉਨ੍ਹਾਂ ਕਿਹਾ, "ਜਦੋਂ ਸ਼ੱਕੀ ਵਿਅਕਤੀ ਇਸ ਮਹਿਲਾ (ਫਰਜ਼ਾਨਾ) ਦੀ ਹੱਤਿਆ ਕਰ ਰਹੇ ਸਨ ਅਤੇ ਉਸਦੀ ਲਾਸ਼ ਨੂੰ ਇਸ ਘਰ ਦੇ ਨਾਲੇ ਵਿੱਚ ਦੱਬ ਰਹੇ ਸਨ, ਉਸੇ ਸਮੇਂ ਮਾਮਲੇ ਦਾ ਗਵਾਹ ਅਚਾਨਕ ਘਰ ਆ ਗਿਆ ਸੀ। ਉਸਨੂੰ ਧਮਕਾਇਆ ਗਿਆ ਸੀ, ਜਿਸ ਕਰਕੇ ਉਸਨੇ ਇੰਨੇ ਸਾਲਾਂ ਤੱਕ ਇਸ ਮਾਮਲੇ ਬਾਰੇ ਕਿਸੇ ਨੂੰ ਨਹੀਂ ਦੱਸਿਆ।"
ਗਵਾਹ ਤੋਂ ਮਿਲੀ ਜਾਣਕਾਰੀ ਸਾਂਝੀ ਕਰਦੇ ਹੋਏ ਏਸੀਪੀ ਭਰਤ ਪਟੇਲ ਨੇ ਦੱਸਿਆ, "ਮ੍ਰਿਤਕ ਫਰਜ਼ਾਨਾ ਨੂੰ ਸੂਰਤ ਤੋਂ ਉਸਦੇ ਪਹਿਲੇ ਪਤੀ ਦੇ ਘਰ ਤੋਂ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸਨੇ ਸੈਕਸ ਵਰਕਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਉਸਦੀ ਮੁਲਾਕਾਤ ਹੱਤਿਆ ਦੇ ਮੁੱਖ ਸ਼ੱਕੀ ਸ਼ਮਸ਼ੁਦੀਨ ਨਾਲ ਹੋਈ। ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ, ਪਰ ਵਿਆਹ ਤੋਂ ਬਾਅਦ ਵੀ ਫਰਜ਼ਾਨਾ ਨੇ ਆਪਣਾ ਪੁਰਾਣਾ ਰਹਿਣ-ਸਹਿਣ ਜਾਰੀ ਰੱਖਿਆ। ਦੋਹਾਂ ਵਿਚਕਾਰ ਦਾ ਵਿਆਹੁਤਾ ਰਿਸ਼ਤਾ ਟਿਕ ਨਹੀਂ ਸਕਦਾ ਸੀ, ਪਰ ਫਰਜ਼ਾਨਾ ਸ਼ਮਸ਼ੁਦੀਨ ਨੂੰ ਛੱਡਣਾ ਨਹੀਂ ਚਾਹੁੰਦੀ ਸੀ।"
ਭਰਤ ਪਟੇਲ ਕਹਿੰਦੇ ਹਨ, "ਦੋਹਾਂ ਦੇ ਵਿਚਕਾਰ ਹੋਏ ਇਸ ਮਤਭੇਦ ਤੋਂ ਬਾਅਦ, ਉਸਨੇ ਆਪਣੇ ਇੱਕ ਦੋਸਤ ਅਬਦੁਲ ਕਰੀਮ ਅਤੇ ਆਪਣੇ ਵੱਡੇ ਭਰਾ ਇਕਬਾਲ ਦੀ ਮਦਦ ਲਈ ਅਤੇ ਕੁੱਲ ਚਾਰ ਲੋਕਾਂ ਨੇ ਮਿਲ ਕੇ ਫਰਜ਼ਾਨਾ ਨੂੰ ਮਾਰਨ ਦੀ ਯੋਜਨਾ ਬਣਾਈ।''
''ਇਸ ਮਾਮਲੇ ਵਿੱਚ ਮਦਦ ਕਰਨ ਵਾਲਿਆਂ ਵਿੱਚ ਜਿਨ੍ਹਾਂ 'ਤੇ ਸ਼ੱਕ ਹੈ, ਉਸ ਵਿੱਚ ਸਾਲਿਆਬੀਬੀ ਨਾਮਕ ਮਹਿਲਾ ਨੇ ਅਬਦੁਲ ਕਰੀਮ ਤੋਂ ਪੈਸੇ ਉਧਾਰ ਲਏ ਹੋਏ ਸਨ। ਇਸ ਲਈ ਯੋਜਨਾ ਬਣਾਕੇ, ਸ਼ਮਸ਼ੁਦੀਨ ਆਪਣੀ ਪਤਨੀ ਫਰਜ਼ਾਨਾ ਦੇ ਨਾਲ ਘਟਨਾ ਵਾਲੇ ਦਿਨ ਸਾਲਿਆਬੀਬੀ ਦੇ ਘਰ ਰਹਿਣ ਗਿਆ। ਉਨ੍ਹਾਂ ਦੇ ਜਾਣ ਤੋਂ ਪਹਿਲਾਂ, ਸ਼ਮਸ਼ੁਦੀਨ ਦੇ ਭਰਾ ਇਕਬਾਲ ਅਤੇ ਦੋਸਤ ਅਬਦੁਲ ਕਰੀਮ ਨੇ ਸਾਲਿਆਬੀਬੀ ਦੇ ਘਰ ਵਿੱਚ ਇੱਕ ਨਾਲੇ 'ਚ ਟੋਆ ਪੁਟਵਾ ਕੇ ਤਿਆਰ ਰੱਖਿਆ ਹੋਇਆ ਸੀ।"
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, 34 ਸਾਲ ਪਹਿਲਾਂ ਉਸ ਰਾਤ ਜਦੋਂ ਮ੍ਰਿਤਕ ਫਰਜ਼ਾਨਾ ਸੌਂ ਗਈ, ਤਾਂ ਉਸਦੇ ਪਤੀ ਸ਼ਮਸ਼ੁਦੀਨ ਨੇ ਕਥਿਤ ਤੌਰ 'ਤੇ ਉਸਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ, ਜਦਕਿ ਉਸਦੇ ਭਰਾ ਇਕਬਾਲ ਨੇ ਕਥਿਤ ਤੌਰ 'ਤੇ ਫਰਜ਼ਾਨਾ ਦੇ ਪੈਰ ਫੜ੍ਹੇ ਹੋਏ ਸਨ ਅਤੇ ਦੋਸਤ ਅਬਦੁਲ ਕਰੀਮ ਨੇ ਕਥਿਤ ਤੌਰ 'ਤੇ ਉਸਦੇ ਹੱਥ ਫੜ੍ਹੇ ਹੋਏ ਸਨ।
ਪੁਲਿਸ ਨੇ ਦੱਸਿਆ, "ਇਨ੍ਹਾਂ ਤਿੰਨਾਂ ਨੇ, ਸਾਲਿਆਬੀਬੀ ਦੇ ਨਾਲ ਮਿਲ ਕੇ ਕਥਿਤ ਤੌਰ 'ਤੇ ਫਰਜ਼ਾਨਾ ਦੀ ਲਾਸ਼ ਨੂੰ ਪਹਿਲਾਂ ਤੋਂ ਪੁੱਟੇ ਹੋਏ ਟੋਏ ਵਿੱਚ ਦੱਬ ਕੇ ਠਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ।"
ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਪੁਲਿਸ ਇੰਸਪੈਕਟਰ ਅਤੇ ਇਸ ਮਾਮਲੇ ਦੇ ਜਾਂਚ ਅਧਿਕਾਰੀ ਏਪੀ ਜੇਬਲੀਆ ਨੇ ਬੀਬੀਸੀ ਗੁਜਰਾਤੀ ਨਾਲ ਗੱਲਬਾਤ ਵਿੱਚ ਕਿਹਾ, "ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਇਹ ਪਿੰਜਰ ਇੱਕ ਮਹਿਲਾ ਦਾ ਹੈ। ਸ਼ੁਰੂਆਤੀ ਜਾਂਚ ਮੁਤਾਬਕ, ਮੌਤ ਦੇ ਸਮੇਂ ਇਸ ਮਹਿਲਾ ਦੀ ਉਮਰ 18 ਤੋਂ 21 ਸਾਲ ਦੇ ਵਿਚਕਾਰ ਸੀ। ਅਸੀਂ ਅਜੇ ਵੀ ਡੀਐਨਏ ਰਿਪੋਰਟ ਦੀ ਉਡੀਕ ਕਰ ਰਹੇ ਹਾਂ।"
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਘਟਨਾ ਦੇ ਮੁੱਖ ਸ਼ੱਕੀਆਂ, ਸ਼ਮਸ਼ੁਦੀਨ ਅਤੇ ਉਸਦੇ ਭਰਾ ਇਕਬਾਲ ਦਾ ਪਤਾ ਲਗਾ ਲਿਆ ਹੈ। ਦੋਵੇਂ ਜ਼ਿੰਦਾ ਹਨ ਅਤੇ ਪੁਲਿਸ ਉਨ੍ਹਾਂ 'ਤੇ ਨਜ਼ਰ ਰੱਖ ਰਹੀ ਹੈ। ਇਸ ਤੋਂ ਇਲਾਵਾ, ਹੋਰ ਸ਼ੱਕੀਆਂ ਸਾਲਿਆਬੀਬੀ ਅਤੇ ਅਬਦੁਲ ਕਰੀਮ ਦੀ ਮੌਤ ਹੋ ਚੁੱਕੀ ਹੈ।
ਪੁਲਿਸ ਨੂੰ '34 ਸਾਲ ਪਹਿਲਾਂ ਹੋਈ ਹੱਤਿਆ' ਬਾਰੇ ਕਿਵੇਂ ਪਤਾ ਲੱਗਿਆ?
ਜਿਵੇਂ ਹੀ ਪਿੰਜਰ ਮਿਲਣ ਦੀ ਖ਼ਬਰ ਸਾਹਮਣੇ ਆਈ, ਸਥਾਨਕ ਅਖ਼ਬਾਰਾਂ ਨੇ ਇਹ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਕਿ ਹੱਤਿਆ ਵਿੱਚ ਕਥਿਤ ਤੌਰ 'ਤੇ ਸ਼ਾਮਲ ਲੋਕਾਂ ਦੇ ਪਰਿਵਾਰਾਂ ਨੂੰ 'ਭੂਤਾਂ-ਪ੍ਰੇਤਾਂ ਦਾ ਅਹਿਸਾਸ' ਹੋਣ ਲੱਗ ਪਿਆ ਸੀ, ਜਿਸ ਕਰਕੇ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਤੱਕ ਪਹੁੰਚੀ ਸੀ।
ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਅਜੀਤ ਰਾਜਿਆਨ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, "ਸ਼ੱਕੀਆਂ ਦੇ ਪਰਿਵਾਰ ਵਾਲਿਆਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਪਰਿਵਾਰ 'ਤੇ ਕਿਸੇ ਭੂਤ ਦਾ ਸਾਇਆ ਹੈ। ਇਸ ਲਈ ਉਹ ਅਜਿਹੇ ਲੋਕਾਂ ਕੋਲ ਜਾਂਦੇ ਸਨ, ਜੋ ਅਜਿਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਦਾਅਵਾ ਕਰਦੇ ਸਨ। ਉੱਥੋਂ ਤੋਂ ਹੀ ਸਾਨੂੰ ਪਹਿਲੀ ਵਾਰ ਇਸ ਬਾਰੇ ਜਾਣਕਾਰੀ ਮਿਲੀ। ਇਸ ਤੋਂ ਬਾਅਦ ਅਸੀਂ ਡੇਢ ਤੋਂ ਦੋ ਮਹੀਨੇ ਤੱਕ ਗਹਿਰਾਈ ਨਾਲ ਜਾਂਚ ਕੀਤੀ ਅਤੇ ਪਿੰਜਰ ਨੂੰ ਬਾਹਰ ਕੱਢਣ ਦੀ ਕਾਰਵਾਈ ਕੀਤੀ।"
ਇਸ ਸਬੰਧ ਵਿੱਚ ਇੰਸਪੈਕਟਰ ਜੇਬਾਲੀਆ ਨੇ ਕਿਹਾ, "ਸਾਡੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਸ਼ੱਕੀ ਦੇ ਘਰ ਦੇ ਲੋਕਾਂ ਨੂੰ ਇਸ ਘਟਨਾ ਕਾਰਨ ਘਰ ਵਿੱਚ ਕੁਝ ਦਿੱਕਤਾਂ ਹੋਣ ਦਾ ਅਹਿਸਾਸ ਹੋ ਰਿਹਾ ਸੀ। ਘਰ ਪਿਛਲੇ ਸੱਤ-ਅੱਠ ਸਾਲਾਂ ਤੋਂ ਬੰਦ ਸੀ। ਵਾਰਿਸਾਂ ਨੇ ਘਰ ਵੇਚ ਵੀ ਦਿੱਤਾ ਸੀ। ਉਹ ਉੱਥੇ ਨਹੀਂ ਰਹਿੰਦੇ ਸਨ। ਹਾਲਾਂਕਿ, ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਕੁਝ ਦਿੱਕਤ ਮਹਿਸੂਸ ਹੋਣ ਲੱਗੀ ਅਤੇ ਹੌਲੀ-ਹੌਲੀ ਉਨ੍ਹਾਂ ਦਾ ਸ਼ੱਕ ਹੋਰ ਵੀ ਗਹਿਰਾ ਹੁੰਦਾ ਗਿਆ।"
ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕ੍ਰਾਈਮ ਬ੍ਰਾਂਚ ਦੇ ਏਸੀਪੀ ਭਰਤ ਪਟੇਲ ਨੇ ਭੂਤ-ਪ੍ਰੇਤ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ, "ਅਸੀਂ ਭੂਤ-ਪ੍ਰੇਤ ਵਾਲੇ ਵਿਚਾਰ ਦਾ ਪੂਰਾ ਸਮਰਥਨ ਨਹੀਂ ਦੇ ਸਕਦੇ, ਕਿਉਂਕਿ ਇਹ ਵਿਸ਼ਵਾਸ ਦਾ ਮਾਮਲਾ ਹੈ, ਕੁਝ ਲੋਕ ਮੰਨਦੇ ਹਨ ਅਤੇ ਕੁਝ ਨਹੀਂ।''
''ਪਰ ਇਹ ਘਰ ਪਿਛਲੇ ਸੱਤ-ਅੱਠ ਸਾਲਾਂ ਤੋਂ ਬੰਦ ਪਿਆ ਹੈ, ਕੋਈ ਵੀ ਉੱਥੇ ਰਹਿਣ ਲਈ ਤਿਆਰ ਨਹੀਂ ਹੈ। ਇਸ ਘਰ ਦੇ ਆਲੇ-ਦੁਆਲੇ ਰਹਿਣ ਵਾਲੇ ਕੁਝ ਲੋਕ ਅਤੇ ਗੁਆਂਢੀ ਮੰਨਦੇ ਹਨ ਕਿ ਕੋਈ ਆਤਮਾ ਉਨ੍ਹਾਂ ਨੂੰ ਤੰਗ ਕਰ ਰਹੀ ਹੈ, ਪਰ ਅੱਜ ਦੇ ਆਧੁਨਿਕ ਯੁੱਗ ਵਿੱਚ ਅਜਿਹੀਆਂ ਗੱਲਾਂ 'ਤੇ ਵਿਸ਼ਵਾਸ ਕਰਨਾ ਠੀਕ ਨਹੀਂ ਹੈ।"
ਉਨ੍ਹਾਂ ਕਿਹਾ, "ਇਸ ਘਟਨਾ ਬਾਰੇ ਸਾਨੂੰ ਜੋ ਵੀ ਜਾਣਕਾਰੀ ਮਿਲੀ, ਉਸਨੂੰ ਸੱਚਾਈ ਸਾਹਮਣੇ ਆਉਣ ਤੱਕ ਗੁਪਤ ਰੱਖਿਆ ਗਿਆ। ਪਿੰਜਰ ਨਿਕਲਣ ਤੋਂ ਬਾਅਦ ਵੀ ਇਹ ਪੱਕੇ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਅਵਸ਼ੇਸ਼ ਫਰਜ਼ਾਨਾ ਦੇ ਹੀ ਹਨ, ਪਰ ਸਾਨੂੰ ਜਾਣਕਾਰੀ ਮਿਲੀ ਹੈ ਕਿ ਫਰਜ਼ਾਨਾ ਨੂੰ ਇਸੇ ਥਾਂ 'ਤੇ ਦੱਬਿਆ ਗਿਆ ਸੀ।''
''ਫਰਜ਼ਾਨਾ ਦਾ ਭਰਾ ਜ਼ਿੰਦਾ ਹੈ, ਉਸਦੇ ਨਾਲ ਇਨ੍ਹਾਂ ਅਵਸ਼ੇਸ਼ਾਂ ਦਾ ਡੀਐਨਏ ਮੈਚ ਕਰਕੇ ਅਤੇ ਡੀਐਨਏ ਪ੍ਰੋਫ਼ਾਇਲਿੰਗ ਦੇ ਨਤੀਜਿਆਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।"
ਗੁਆਂਢੀਆਂ ਨੇ ਕੀ ਦੱਸਿਆ
ਅਹਿਮਦਾਬਾਦ ਦੇ ਵਟਵਾ ਇਲਾਕੇ ਵਿੱਚ ਸਥਿਤ ਸੰਘਣੀ ਅਬਾਦੀ ਵਾਲੇ ਮੁਸਲਿਮ ਬਹੁਗਿਣਤੀ ਇਲਾਕੇ ਦੇ ਕੁਤੁਬਨਗਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਬੁੱਧਵਾਰ ਤੋਂ ਉਨ੍ਹਾਂ ਦੀ ਗਲੀ ਵਿੱਚ ਲੋਕਾਂ ਦਾ ਆਉਣਾ-ਜਾਣਾ ਅਸਧਾਰਣ ਤੌਰ 'ਤੇ ਵਧ ਗਿਆ ਹੈ।
ਇੱਥੇ, ਗਲੀ ਦੇ ਬਾਹਰ ਸੜਕ 'ਤੇ ਕ੍ਰਿਕਟ ਖੇਡ ਰਹੇ ਬੱਚਿਆਂ ਦੇ ਚਿਹਰਿਆਂ 'ਤੇ ਨਜ਼ਰ ਆਉਂਦੀ ਬੇਫਿਕਰੀ ਅਤੇ ਜਿੱਥੇ ਪਿੰਜਰ ਮਿਲਿਆ ਸੀ, ਉਸ ਮੁਹੱਲੇ ਵਿੱਚ ਰਹਿਣ ਵਾਲੇ ਲੋਕਾਂ ਦੇ ਚਿਹਰਿਆਂ 'ਤੇ ਨਜ਼ਰ ਆਉਂਦੀ ਹੈਰਾਨੀ ਦੇ ਵਿਚਕਾਰ ਇੱਕ ਸਪਸ਼ਟ ਅੰਤਰ ਮਹਿਸੂਸ ਕੀਤਾ ਜਾ ਸਕਦਾ ਹੈ।
40 ਸਾਲਾ ਸਾਇਰਾ ਬਾਨੋ ਪਿਛਲੇ ਚਾਰ ਸਾਲਾਂ ਤੋਂ ਆਪਣੇ ਪਤੀ ਅਤੇ ਤਿੰਨ ਧੀਆਂ ਦੇ ਨਾਲ ਇਸ ਘਰ ਦੇ ਅੱਧੇ ਹਿੱਸੇ ਵਿੱਚ ਰਹਿ ਰਹੇ ਹਨ।
ਆਪਣੇ ਇੱਕ ਕਮਰੇ ਅਤੇ ਛੋਟੇ ਜਿਹੇ ਵਿਹੜੇ ਵਾਲੇ ਘਰ ਨੂੰ ਦਿਖਾਉਂਦਿਆਂ ਉਹ ਕਹਿੰਦੇ ਹਨ, "ਮੇਰੇ ਘਰ ਦੀ ਕੰਧ ਦੇ ਬਿਲਕੁਲ ਨਾਲ ਇੱਕ ਨਾਲਾ ਸੀ ਅਤੇ ਪਿੰਜਰ ਉੱਥੋਂ ਹੀ ਕੱਢਿਆ ਗਿਆ। ਅਸੀਂ ਇਸ ਘਰ ਦਾ ਅੱਧਾ ਹਿੱਸਾ ਸਾਲਿਆਬੀਬੀ ਦੀ ਧੀ ਬਾਰੇਖਾ ਤੋਂ ਖਰੀਦਿਆ ਸੀ। ਜਿਸ ਘਰ ਵਿੱਚ ਪਿੰਜਰ ਮਿਲਿਆ ਸੀ, ਉਹ ਘਰ ਕਈ ਸਾਲਾਂ ਤੋਂ ਬੰਦ ਸੀ। ਸਾਨੂੰ ਕਦੇ ਪਤਾ ਹੀ ਨਹੀਂ ਲੱਗਿਆ ਕਿ ਇੱਥੇ ਅਜਿਹਾ ਕੁਝ ਹੋਇਆ ਸੀ।"
ਸਾਇਰਾ ਬਾਨੋ ਕਹਿੰਦੇ ਹਨ, "ਪਹਿਲਾਂ ਸਾਲਿਆਬੀਬੀ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਇਸੇ ਘਰ ਵਿੱਚ ਰਹਿੰਦੇ ਸਨ। ਬਾਅਦ ਵਿੱਚ ਜਦੋਂ ਪਰਿਵਾਰ ਵੱਖ ਹੋ ਗਿਆ, ਤਾਂ ਘਰ ਦੇ ਦੋਵੇਂ ਹਿੱਸੇ ਵੇਚ ਦਿੱਤੇ ਗਏ। ਦੱਸਿਆ ਜਾਂਦਾ ਹੈ ਕਿ ਦੂਜੇ ਪਾਸੇ ਵਾਲਾ ਹਿੱਸਾ, ਜਿੱਥੋਂ ਪਿੰਜਰ ਮਿਲਿਆ ਹੈ, ਤਿੰਨ-ਚਾਰ ਵਾਰ ਵੇਚਿਆ ਜਾ ਚੁੱਕਾ ਹੈ, ਪਰ ਉੱਥੇ ਕਦੇ ਕੋਈ ਰਹਿਣ ਨਹੀਂ ਆਇਆ।"
"ਅਸੀਂ ਮੁੱਖ ਸ਼ੱਕੀ ਸ਼ਮਸ਼ੁਦੀਨ ਜਾਂ ਕਿਸੇ ਹੋਰ ਸ਼ੱਕੀ ਨੂੰ ਨਹੀਂ ਜਾਣਦੇ। ਭੂਤ-ਪ੍ਰੇਤਾਂ ਦੇ ਦਿੱਸਣ ਦੀ ਗੱਲ ਕਰੀਏ ਤਾਂ ਅਸੀਂ ਅਜਿਹਾ ਕੁਝ ਕਦੇ ਮਹਿਸੂਸ ਨਹੀਂ ਕੀਤਾ। ਅਸੀਂ ਆਪਣੇ ਘਰ ਵਿੱਚ ਬਿਲਕੁਲ ਸ਼ਾਂਤੀ ਨਾਲ ਰਹਿੰਦੇ ਹਾਂ।"
ਸਾਹਮਣੇ ਵਾਲੇ ਘਰ ਵਿੱਚ ਰਹਿਣ ਵਾਲੇ 55 ਸਾਲਾ ਸਲੀਮ ਖਾਨ ਅਜ਼ੀਜ਼ ਖਾਨ ਕਹਿੰਦੇ ਹਨ, "ਲਾਸ਼ ਦੇ ਅਵਸ਼ੇਸ਼ ਇੱਥੋਂ ਲਗਭਗ 15-20 ਫੁੱਟ ਹੇਠਾਂ ਮਿਲੇ ਸਨ। ਮੈਂ ਇੱਥੇ 22 ਸਾਲਾਂ ਤੋਂ ਰਹਿ ਰਿਹਾ ਹਾਂ, ਮੈਂ ਸਾਲਿਆਬੀਬੀ ਨੂੰ ਆਪਣੇ ਪਰਿਵਾਰ ਨਾਲ ਇੱਥੇ ਰਹਿੰਦੇ ਦੇਖਿਆ ਹੈ। ਹੌਲੀ-ਹੌਲੀ ਉਨ੍ਹਾਂ ਦਾ ਪਰਿਵਾਰ ਇੱਥੋਂ ਚਲਾ ਗਿਆ। ਕਿਉਂਕਿ ਘਰ ਹਮੇਸ਼ਾਂ ਬੰਦ ਰਹਿੰਦਾ ਸੀ, ਇਸ ਲਈ ਆਲੇ-ਦੁਆਲੇ ਦੇ ਲੋਕਾਂ ਵਿੱਚ ਭੂਤਾਂ ਦੀਆਂ ਅਫ਼ਵਾਹਾਂ ਸਨ, ਪਰ ਸਾਨੂੰ ਕਦੇ ਕੋਈ ਭੂਤ-ਪ੍ਰੇਤ ਨਹੀਂ ਦਿੱਸੇ।"
ਉਹ ਇਹ ਵੀ ਕਹਿੰਦੇ ਹਨ ਕਿ ਸਾਲਿਆਬੀਬੀ ਤੋਂ ਇਲਾਵਾ ਉਹ ਇਸ ਘਟਨਾ ਵਿੱਚ ਕਿਸੇ ਹੋਰ ਸ਼ੱਕੀ ਨੂੰ ਨਹੀਂ ਜਾਣਦੇ।
ਬੀਬੀਸੀ ਗੁਜਰਾਤੀ ਨੇ ਇਸ ਮਾਮਲੇ ਵਿੱਚ ਸ਼ੱਕੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਉਨ੍ਹਾਂ ਦਾ ਪੱਖ ਵੀ ਜਾਣਿਆ ਜਾ ਸਕੇ, ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ