ਇੱਕ ਮਾਂ ਨੇ 'ਐਸ਼ ਭਰੀ ਜ਼ਿੰਦਗੀ ਬਿਤਾਉਣ ਲਈ' ਆਪਣੇ ਹੀ ਪੁੱਤ ਨੂੰ ਕੈਂਸਰ ਹੋਣ ਦਾ ਨਾਟਕ ਕੀਤਾ ਤੇ ਪੈਸੇ ਇਕੱਠੇ ਕੀਤੇ, ਅਦਾਲਤ ਨੇ ਭੇਜਿਆ ਜੇਲ੍ਹ

    • ਲੇਖਕ, ਲਾਨਾ ਲੈਮ
    • ਰੋਲ, ਸਿਡਨੀ
  • ਪੜ੍ਹਨ ਦਾ ਸਮਾਂ: 4 ਮਿੰਟ

ਇੱਕ ਮਾਂ ਵੱਲੋਂ ਆਪਣੇ ਹੀ ਪੁੱਤਰ ਨੂੰ ਕੈਂਸਰ ਹੋਣ ਦਾ ਨਾਟਕ ਕਰਕੇ ਇਲਾਜ ਦੇ ਨਾਮ 'ਤੇ ਪੈਸੇ ਇਕੱਠੇ ਕਰਨ ਦੇ ਮਾਮਲੇ ਵਿੱਚ ਦੋਸ਼ੀ ਮਹਿਲਾ ਨੂੰ ਜੇਲ੍ਹ ਭੇਜਿਆ ਗਿਆ ਹੈ।

ਇਹ ਮਾਮਲਾ ਦੱਖਣੀ ਆਸਟ੍ਰੇਲੀਆ ਦਾ ਹੈ, ਜਿੱਥੋਂ ਦੀ ਇੱਕ ਮਹਿਲਾ ਨੇ ਆਪਣੇ ਛੇ ਸਾਲ ਦੇ ਪੁੱਤਰ ਨੂੰ ਕੈਂਸਰ ਹੋਣ ਦਾ ਝੂਠਾ ਦਾਅਵਾ ਕਰਕੇ ਲੋਕਾਂ ਤੋਂ ਚੰਦਾ ਮੰਗਿਆ ਤਾਂ ਜੋ ਆਪਣੀ ਜ਼ਿੰਦਗੀ ਐਸ਼ੋ-ਆਰਾਮ ਨਾਲ ਜੀਅ ਸਕੇ। ਅਦਾਲਤ ਨੇ ਇਸ ਧੋਖਾਧੜੀ ਲਈ ਮਹਿਲਾ ਨੂੰ ਚਾਰ ਸਾਲ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।

ਇਸ 45 ਸਾਲਾ ਮਹਿਲਾ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਧੋਖਾ ਦੇ ਕੇ ਹਜ਼ਾਰਾਂ ਡਾਲਰ ਇਕੱਠੇ ਕਰਨ ਦੀ ਸਾਜ਼ਿਸ਼ ਰਚੀ ਅਤੇ ਇਸਦੇ ਲਈ ਆਪਣੇ ਪੁੱਤਰ ਦਾ ਸਿਰ ਅਤੇ ਭਰਵੱਟੇ ਮੁੰਡਵਾ ਦਿੱਤੇ।

ਇੰਨਾ ਹੀ ਨਹੀਂ, ਮਹਿਲਾ ਨੇ ਆਪਣੇ ਪੁੱਤਰ ਦੇ ਸਿਰ ਅਤੇ ਹੱਥਾਂ 'ਤੇ ਪੱਟੀਆਂ ਵੀ ਬੰਨ੍ਹ ਦਿੱਤੀਆਂ ਅਤੇ ਉਸ ਨੂੰ ਦਵਾਈਆਂ ਵੀ ਦਿੱਤੀਆਂ।

ਕਾਨੂੰਨੀ ਕਾਰਨਾਂ ਕਰਕੇ ਇਸ ਰਿਪੋਰਟ ਵਿੱਚ ਮਹਿਲਾ ਦਾ ਨਾਮ ਨਹੀਂ ਦੱਸਿਆ ਜਾ ਸਕਦਾ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਦੋਸ਼ੀ ਮਹਿਲਾ ਨੇ ਆਪਣੇ ਪੁੱਤਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਮ ਸਬੰਧੀ ਇੱਕ ਦੋਸ਼ ਅਤੇ ਧੋਖਾਧੜੀ ਦੇ 10 ਦੋਸ਼ਾਂ ਨੂੰ ਕਬੂਲ ਕਰ ਲਿਆ ਹੈ।

ਇੰਝ ਰਚੀ ਸਾਜਿਸ਼, ਅਦਾਲਤ ਨੇ ਕਿਹਾ "ਕਰੂਰ"

ਲੰਘੇ ਬੁੱਧਵਾਰ ਨੂੰ ਮਾਮਲੇ ਵਿੱਚ ਸਜ਼ਾ ਦੇ ਐਲਾਨ ਵਾਲੀ ਸੁਣਵਾਈ ਦੌਰਾਨ, ਇੱਕ ਜ਼ਿਲ੍ਹਾ ਅਦਾਲਤ ਦੇ ਜੱਜ ਨੇ ਮਹਿਲਾ ਦੇ ਕੰਮਾਂ ਨੂੰ "ਕਰੂਰ", "ਸੋਚ-ਸਮਝ ਕੇ ਕੀਤੇ ਗਏ" ਅਤੇ "ਚਾਲਾਕੀ ਭਰੇ" ਦੱਸਿਆ।

ਅਦਾਲਤ ਨੂੰ ਦੱਸਿਆ ਗਿਆ ਕਿ ਇਸ ਮਹਿਲਾ ਵੱਲੋਂ ਧੋਖਾਧੜੀ ਉਸ ਵੇਲੇ ਸ਼ੁਰੂ ਹੋਈ ਜਦੋਂ ਇੱਕ ਹਾਦਸੇ ਤੋਂ ਬਾਅਦ ਉਸ ਦੇ ਪੁੱਤਰ ਨੂੰ ਅੱਖਾਂ ਦੇ ਇੱਕ ਡਾਕਟਰ ਕੋਲ ਲੈਕੇ ਜਾਇਆ ਗਿਆ।

ਡਾਕਟਰ ਨੂੰ ਮਿਲਣ ਤੋਂ ਬਾਅਦ, ਮਹਿਲਾ ਨੇ ਆਪਣੇ ਪਤੀ, ਪਰਿਵਾਰ, ਦੋਸਤਾਂ ਅਤੇ ਆਪਣੇ ਸਕੂਲ 'ਚ ਜਾਣਕਾਰਾਂ ਨੂੰ ਦੱਸਿਆ ਕਿ ਉਸ ਦੇ ਪੁੱਤਰ ਨੂੰ ਅੱਖਾਂ ਦਾ ਕੈਂਸਰ ਹੋ ਗਿਆ ਹੈ।

ਉਸਨੇ ਆਪਣੇ ਪੁੱਤਰ ਨੂੰ ਵ੍ਹੀਲਚੇਅਰ ਵਰਤਣ ਲਈ ਮਜਬੂਰ ਕੀਤਾ ਅਤੇ ਉਸ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਸੀਮਿਤ ਕਰ ਦਿੱਤਾ, ਤਾਂ ਜੋ ਲੋਕਾਂ ਨੂੰ ਲੱਗੇ ਕਿ ਉਸ ਦਾ ਰੇਡੀਏਸ਼ਨ ਨਾਲ ਇਲਾਜ ਚੱਲ ਰਿਹਾ ਹੈ।

ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਮਹਿਲਾ ਨੇ ਆਪਣੇ ਬੱਚੇ ਨੂੰ ਦਰਦ ਘਟਾਉਣ ਵਾਲੀਆਂ ਦਵਾਈਆਂ ਅਤੇ ਸਿਹਤ ਸਪਲੀਮੈਂਟ ਵੀ ਦਿੱਤੇ।

ਮਹਿਲਾ ਦੇ ਵਕੀਲ ਦਾ ਦਾਅਵਾ - 'ਮਹਿਲਾ ਮਾਨਸਿਕ ਵਿਕਾਰ ਨਾਲ ਪੀੜਤ'

ਅਦਾਲਤ ਵਿੱਚ, ਸਰਕਾਰੀ ਵਕੀਲ ਨੇ ਕਿਹਾ ਕਿ ਇਸ ਮਾਂ ਨੇ "ਆਪਣੇ ਸੁਆਰਥ ਲਈ ਆਪਣੇ ਪੁੱਤਰ ਦਾ ਇਸਤੇਮਾਲ ਇੱਕ ਸਾਧਨ ਵਜੋਂ ਕੀਤਾ" ਅਤੇ ਆਪਣੇ ਅਜ਼ੀਜ਼ਾਂ ਅਤੇ ਸਮਾਜ ਨੂੰ ਧੋਖਾ ਦਿੱਤਾ ਅਤੇ ਫਿਰ ਉਸ ਚੰਦੇ ਦੀ ਰਕਮ ਨੂੰ ਆਪਣੇ ਪਰਿਵਾਰ ਲਈ ਵਰਤਿਆ ਤਾਂ ਜੋ ਉਹ "ਅਮੀਰ ਅਤੇ ਮਸ਼ਹੂਰ ਲੋਕਾਂ ਵਰਗੀ ਜ਼ਿੰਦਗੀ" ਜੀਅ ਸਕਣ।

ਮਹਿਲਾ ਦੇ ਵਕੀਲ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਤੋਂ ਬਾਅਦ ਮਹਿਲਾ ਨੂੰ ਜੂਏ ਦੀ ਲਤ ਲੱਗ ਗਈ ਸੀ ਅਤੇ ਉਸਨੇ ਆਪਣੇ ਪੁੱਤਰ ਦੇ ਐਕਸੀਡੈਂਟ ਦਾ "ਫਾਇਦਾ ਚੁੱਕਿਆ", ਪਰ ਉਸ ਦਾ ਇਰਾਦਾ ਕਦੇ ਵੀ ਆਪਣੇ ਪੁੱਤਰ ਜਾਂ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦਾ ਨਹੀਂ ਸੀ।

ਉਨ੍ਹਾਂ ਅਦਾਲਤ ਨੂੰ ਕਿਹਾ ਕਿ ਇਸ ਦੀ ਬਜਾਏ, ਦੋ ਬੱਚਿਆਂ ਦੀ ਇਸ ਮਾਂ ਨੇ "ਆਪਣੀ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਸੁਆਰਥੀ ਤੌਰ 'ਤੇ ਇੱਕ ਬਹੁਤ ਵੱਡੀ ਅਤੇ ਗੰਭੀਰ ਗਲਤੀ" ਕੀਤੀ।

ਉਨ੍ਹਾਂ ਕਿਹਾ ਕਿ ਇਸ ਮਹਿਲਾ ਵਿੱਚ 'ਬੋਰਡਰਲਾਈਨ ਪਰਸਨੈਲਿਟੀ ਡਿਸਆਰਡਰ' (ਇੱਕ ਕਿਸਮ ਦੀ ਮਾਨਸਿਕ ਬਿਮਾਰੀ) ਦਾ ਪਤਾ ਲੱਗਿਆ ਸੀ ਅਤੇ ਉਸਨੇ ਆਪਣਾ ਗੁਨਾਹ ਕਬੂਲ ਕਰਕੇ ਆਪਣੀ ਗਲਤੀ ਮੰਨ ਲਈ ਹੈ।

ਮਹਿਲਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ, "ਉਸਨੇ ਅਫਸੋਸਜਨਕ ਢੰਗ ਨਾਲ ਆਪਣੀ ਕਮਾਈ ਤੋਂ ਵੱਧ ਪੈਸੇ ਖਰਚ ਕੀਤੇ ਅਤੇ ਆਪਣੀ ਹੈਸੀਅਤ ਤੋਂ ਉੱਪਰ ਦੀ ਜ਼ਿੰਦਗੀ ਜੀਅ ਰਹੀ ਸੀ।"

ਉਨ੍ਹਾਂ ਕਿਹਾ ਕਿ ਮਹਿਲਾ ਨੂੰ ਇਹ "ਬੇਵਕੂਫ਼ੀ ਭਰਿਆ ਅਤੇ ਗਲਤਫਹਿਮੀ ਵਾਲਾ" ਯਕੀਨ ਸੀ ਕਿ ਉਸਦੇ ਪਰਿਵਾਰ ਨੂੰ "ਸਭ ਤੋਂ ਨਵੇਂ ਬ੍ਰਾਂਡ" ਦੀਆਂ ਚੀਜ਼ਾਂ ਦੀ ਲੋੜ ਹੈ।

'ਮੇਰੀ ਤੇ ਮੇਰੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ' - ਮਹਿਲਾ ਦਾ ਪਤੀ

ਸ਼ੁਰੂ ਵਿੱਚ ਮਹਿਲਾ ਦੇ ਪਤੀ 'ਤੇ ਵੀ ਇਲਜ਼ਾਮ ਲਗਾਏ ਗਏ ਸਨ, ਪਰ ਬਾਅਦ ਵਿੱਚ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਮਾਮਲਾ ਵਾਪਸ ਲੈ ਲਿਆ।

ਆਪਣੇ 'ਵਿਕਟਿਮ ਇੰਪੈਕਟ ਸਟੇਟਮੈਂਟ' ਵਿੱਚ ਉਨ੍ਹਾਂ ਕਿਹਾ ਕਿ ਉਸਨੇ "ਮੇਰੀ ਅਤੇ ਮੇਰੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ।"

"ਮੈਨੂੰ ਆਪਣੀ ਪਤਨੀ ਦੇ ਤੌਰ 'ਤੇ ਤੇਰੇ 'ਤੇ ਪੂਰਾ ਭਰੋਸਾ ਸੀ ਅਤੇ ਮੈਂ ਕਦੇ ਵੀ ਤੇਰੇ 'ਤੇ ਸ਼ੱਕ ਨਹੀਂ ਕੀਤਾ। ਮੈਂ ਆਪਣੇ ਪਰਿਵਾਰ ਲਈ ਪੂਰੀ ਤਰ੍ਹਾਂ ਸਮਰਪਿਤ ਸੀ। ਪਰ ਹੁਣ ਮੈਨੂੰ ਲੱਗਦਾ ਹੈ ਜਿਵੇਂ ਮੈਂ ਸ਼ਤਰੰਜ ਦੇ ਖੇਡ ਵਿੱਚ ਬੱਸ ਇੱਕ ਮੋਹਰਾ ਹਾਂ।"

ਆਸਟ੍ਰੇਲੀਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੇ ਮੁਤਾਬਕ, ਅਦਾਲਤ ਦੇ ਬਾਹਰ ਮਹਿਲਾ ਦੇ ਪਤੀ ਨੇ ਮੀਡੀਆ ਨੂੰ ਕਿਹਾ ਕਿ "ਮੇਰੇ ਬੱਚਿਆਂ ਨਾਲ ਜੋ ਕੁਝ ਵੀ ਹੋਇਆ ਹੈ, ਉਸਦੀ ਭਰਪਾਈ ਕੋਈ ਵੀ ਸਜ਼ਾ ਨਹੀਂ ਕਰ ਸਕਦੀ।"

ਇਸ ਮਾਮਲੇ ਵਿੱਚ ਔਰਤ ਨੂੰ ਚਾਰ ਸਾਲ ਅਤੇ ਤਿੰਨ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਪਰ ਅਗਲੇ ਸਾਲ ਅਪ੍ਰੈਲ ਵਿੱਚ ਉਹ ਪੈਰੋਲ ਲਈ ਯੋਗ ਹੋ ਜਾਵੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)