You’re viewing a text-only version of this website that uses less data. View the main version of the website including all images and videos.
ਚੰਡੀਗੜ੍ਹ ਦਾ ਚਮਨਪ੍ਰੀਤ ਕਤਲ ਮਾਮਲਾ: ਪੁਲਿਸ ਨੇ ਇੱਕ ਔਰਤ ਨੂੰ ‘ਮੁੱਖ ਸਾਜ਼ਿਸ਼ਕਰਤਾ’ ਦੱਸ ਕੇ ਗ੍ਰਿਫ਼ਤਾਰ ਕੀਤਾ, ਕਤਲ ਦੀ ਕੀ ਵਜ੍ਹਾ ਦੱਸੀ
ਚੰਡੀਗੜ੍ਹ ਪੁਲਿਸ ਦਾ ਦਾਅਵਾ ਹੈ ਕਿ ਚਮਨਪ੍ਰੀਤ ਸਿੰਘ ਉਰਫ਼ 'ਚੀਨੀ' ਦੇ ਕਤਲ ਮਾਮਲੇ ਵਿੱਚ ਕਾਨਟ੍ਰੈਕਟ ਕਿਲਿੰਗ ਦੀ ਸਾਜ਼ਿਸ਼ ਦਾ ਭੰਡਾਫੋੜ ਕੀਤਾ ਗਿਆ ਹੈ। ਇਸ ਸਬੰਧ ਵਿੱਚ ਅਮਰੀਨ ਨਾਮ ਦੀ ਔਰਤ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਚਮਨਪ੍ਰੀਤ ਸਿੰਘ ਉਰਫ਼ 'ਚੀਨੀ' ਦਾ 18 ਮਾਰਚ 2026 ਨੂੰ ਜਿਮ ਪਾਰਕਿੰਗ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਮਾਮਲਾ ਜਾਇਦਾਦ ਦੇ ਵਿਵਾਦ ਅਤੇ ਧੋਖਾਧੜੀ ਨਾਲ ਜੁੜਿਆ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਅਮਰੀਨ ਨੇ ਨਿਊ ਚੰਡੀਗੜ੍ਹ ਵਿੱਚ ਖਰੀਦੀ ਜਾਇਦਾਦ ਨੂੰ ਲੈ ਕੇ ਚਮਨਪ੍ਰੀਤ ਸਿੰਘ 'ਤੇ ਧੋਖਾਧੜੀ ਦੇ ਇਲਜ਼ਾਮ ਲਗਾਏ ਸਨ ਅਤੇ ਇਸ ਕਾਰਨ ਉਸ ਨਾਲ ਰੰਜਿਸ਼ ਰੱਖਦੀ ਸੀ।
ਪੁਲਿਸ ਵੱਲੋਂ ਕਤਲ ਦਾ ਕੀ ਮਕਸਦ ਦੱਸਿਆ
ਪੁਲਿਸ ਦੇ ਦਾਅਵੇ ਅਨੁਸਾਰ ਇਹ ਕਤਲ ਜਾਇਦਾਦ ਦੇ ਵਿਵਾਦ ਅਤੇ ਧੋਖਾਧੜੀ ਨਾਲ ਜੁੜਿਆ ਹੋਇਆ ਹੈ। ਪੁਲਿਸ ਮੁਤਾਬਕ ਅਮਰੀਨ ਦਾ ਦਾਅਵਾ ਸੀ ਕਿ ਚਮਨਪ੍ਰੀਤ ਸਿੰਘ ਨਾਲ ਨਿਊ ਚੰਡੀਗੜ੍ਹ ਵਿੱਚ ਖਰੀਦੀ ਗਈ ਜਾਇਦਾਦ ਦੇ ਸੌਦੇ ਦੌਰਾਨ ਉਸ ਨਾਲ ਧੋਖਾਧੜੀ ਅਤੇ ਫਰਾਡ ਕੀਤਾ ਗਿਆ।
ਅਮਰੀਨ ਦਾ ਇਲਜ਼ਾਮ ਸੀ ਕਿ ਜਾਇਦਾਦ ਬਹੁਤ ਵੱਧ ਕੀਮਤ 'ਤੇ ਵੇਚੀ ਗਈ। ਇਸ ਦੇ ਨਾਲ ਹੀ ਜਾਇਦਾਦ ਦਾ ਕਬਜ਼ਾ ਨਹੀਂ ਦਿੱਤਾ ਗਿਆ, ਜਿਸ ਕਾਰਨ ਉਸ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ।
ਪੁਲਿਸ ਦਾ ਕਹਿਣਾ ਹੈ ਇਨ੍ਹਾਂ ਕਾਰਨਾਂ ਕਰਕੇ ਹੀ ਅਮਰੀਨ ਨੇ "ਸਬਕ ਸਿਖਾਉਣ" ਦੀ ਨੀਅਤ ਨਾਲ ਕਥਿਤ ਗੈਂਗਸਟਰ ਲੱਕੀ ਪਟਿਆਲ ਨਾਲ ਸੰਪਰਕ ਕੀਤਾ ਅਤੇ ਕਤਲ ਦੀ ਸਾਜ਼ਿਸ਼ ਰਚੀ।
ਸਾਜ਼ਿਸ਼ ਅਤੇ ਕਤਲ ਦਾ ਤਰੀਕਾ
ਪੁਲਿਸ ਅਨੁਸਾਰ ਇਹ ਸਾਜ਼ਿਸ਼ 2025 ਵਿੱਚ ਸ਼ੁਰੂ ਹੋਈ, ਜਦੋਂ ਅਮਰੀਨ ਦੇ ਸਾਥੀਆਂ ਨੇ ਵਿਵਾਦ ਹੱਲ ਕਰਨ ਲਈ ਮੀਟਿੰਗਾਂ ਕੀਤੀਆਂ। ਬਾਅਦ ਵਿੱਚ ਅਮਰੀਨ ਨੇ ਖ਼ੁਦ ਮਾਮਲਾ ਅੱਗੇ ਵਧਾਉਂਦੇ ਹੋਏ ਮੋਹਾਲੀ ਦੇ ਕੈਮਬਾਲਾ ਪਿੰਡ ਦੇ ਪ੍ਰਾਪਰਟੀ ਡੀਲਰ ਹਰਸ਼ਪ੍ਰੀਤ ਸਿੰਘ ਬੈਂਸ ਨਾਲ ਸੰਪਰਕ ਕੀਤਾ।
ਪੁਲਿਸ ਦਾ ਦਾਅਵਾ ਹੈ ਕਿ ਹਰਸ਼ਪ੍ਰੀਤ ਸਿੰਘ ਨੇ ਅਮਰੀਨ ਅਤੇ ਲੱਕੀ ਪਟਿਆਲ ਵਿਚਕਾਰ ਕੜੀ ਵਜੋਂ ਕੰਮ ਕੀਤਾ ਅਤੇ ਇੰਕ੍ਰਿਪਟਡ ਐਪਸ ਰਾਹੀਂ ਸੰਪਰਕ ਕਰਵਾਇਆ। ਅਮਰੀਨ ਅਤੇ ਲੱਕੀ ਪਟਿਆਲ ਵਿਚਕਾਰ ਲਗਾਤਾਰ ਸੰਪਰਕ ਹੋਇਆ ਅਤੇ ਕਤਲ ਲਈ ਵੱਡੀ ਰਕਮ ਦੇਣ ਦਾ ਵਾਅਦਾ ਕੀਤਾ ਗਿਆ।
ਗ੍ਰਿਫ਼ਤਾਰੀ ਅਤੇ ਬਰਾਮਦਗੀ
ਪੁਲਿਸ ਨੇ ਦੱਸਿਆ ਕਿ ਜਾਂਚ ਨੂੰ ਉਸ ਵੇਲੇ ਤੇਜ਼ੀ ਮਿਲੀ ਜਦੋਂ 29 ਅਪ੍ਰੈਲ 2026 ਨੂੰ 27 ਸਾਲਾ ਹਰਸ਼ਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮਲੋਆ ਇਲਾਕੇ ਵਿੱਚ ਸਤਸੰਗ ਭਵਨ ਨੇੜੇ ਨਾਕਾਬੰਦੀ ਦੌਰਾਨ ਉਸ ਨੂੰ ਕਾਬੂ ਕੀਤਾ।
ਪੁਲਿਸ ਮੁਤਾਬਕ, ਉਸ ਕੋਲੋਂ ਇੱਕ ਇੰਪੋਰਟਡ .45 ਬੋਰ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ। ਜਾਂਚ ਮੁਤਾਬਕ ਇਹ ਹਥਿਆਰ ਅਮਰੀਨ ਦੇ ਨਾਮ 'ਤੇ ਰਜਿਸਟਰਡ ਸਨ।
ਉਸ ਖ਼ਿਲਾਫ਼ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਅਪਰਾਧ ਦੀ ਕਾਰਵਾਈ
ਪੁਲਿਸ ਦੇ ਦਾਅਵੇ ਅਨੁਸਾਰ ਲੱਕੀ ਪਟਿਆਲ ਨੇ ਸ਼ੂਟਰਾਂ, ਰਾਜਨ ਉਰਫ਼ ਪਿਯੂਸ਼ ਪਹਿਲਵਾਨ ਅਤੇ ਪ੍ਰੀਤਮ, ਨੂੰ ਹਥਿਆਰ, ਮੋਟਰਸਾਈਕਲ ਅਤੇ ਫੰਡ ਮੁਹੱਈਆ ਕਰਵਾਏ। 18 ਮਾਰਚ ਨੂੰ ਦੋਵਾਂ ਨੇ ਯੋਜਨਾ ਅਨੁਸਾਰ ਚਮਨਪ੍ਰੀਤ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਅਮਰੀਨ ਅਤੇ ਹਰਸ਼ਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਨਾਲ ਇਸ ਸਥਾਨਕ ਵਿਵਾਦ ਨੂੰ ਸੰਗਠਿਤ ਅਪਰਾਧ ਗਿਰੋਹ ਨਾਲ ਜੋੜਿਆ ਗਿਆ ਹੈ। ਹਾਲਾਂਕਿ ਜਾਂਚ ਹਾਲੇ ਜਾਰੀ ਹੈ ਅਤੇ ਹੋਰ ਸੰਭਾਵਿਤ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ