'ਅਸੀਂ ਕਿੱਥੇ ਸੁਰੱਖਿਅਤ ਹਾਂ?' ਯੂਕੇ 'ਚ ਸਿੱਖ ਔਰਤ ਨਾਲ ਘਰ ਅੰਦਰ ਬਲਾਤਕਾਰ ਤੋਂ ਬਾਅਦ ਭਾਈਚਾਰਿਆਂ ਦੀਆਂ ਔਰਤਾਂ ਨੇ ਕੀ ਸਵਾਲ ਚੁੱਕੇ

    • ਲੇਖਕ, ਵੈਨੈਸਾ ਪੀਅਰਸ
    • ਰੋਲ, ਵੈਸਟ ਮਿਡਲੈਂਡਜ਼
  • ਪੜ੍ਹਨ ਦਾ ਸਮਾਂ: 5 ਮਿੰਟ

ਚੇਤਾਵਨੀ: ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।

ਇੱਕ ਨੌਜਵਾਨ ਸਿੱਖ ਔਰਤ ਨਾਲ ਉਸਦੇ ਆਪਣੇ ਘਰ ਵਿੱਚ ਬਲਾਤਕਾਰ ਅਤੇ ਧਾਰਮਿਕ ਨਫ਼ਰਤ ਨਾਲ ਪ੍ਰੇਰਿਤ ਹਮਲੇ ਨੇ ਔਰਤਾਂ ਅਤੇ ਕੁੜੀਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਕੀ ਕਿਤੇ ਵੀ ਉਹ ਸੁਰੱਖਿਅਤ ਹਨ?

ਇਹ ਇੱਕ ਘਰੇਲੂ ਹਿੰਸਾ ਬਾਰੇ ਕੰਮ ਕਰਨ ਵਾਲੀ ਸੰਸਥਾ ਦਾ ਕਹਿਣਾ ਹੈ।

ਸਿੱਖ ਵੂਮੈਨਜ਼ ਏਡ ਦੀ ਟਰੱਸਟੀਜ਼ ਦੀ ਚੇਅਰ ਸੁਖਵਿੰਦਰ ਕੌਰ ਦੇ ਕਹਿੰਦੇ ਹਨ ਕਿ 25 ਅਕਤੂਬਰ 2025 ਨੂੰ ਵਾਲਸਾਲ ਵਿੱਚ ਹੋਏ ਇੱਕ ਹਮਲੇ ਨੇ ਵੈਸਟ ਮਿਡਲੈਂਡਜ਼ ਵਿੱਚ ਭਾਇਚਾਰਿਆਂ ਵਿੱਚ "ਡਰ ਪੈਦਾ ਕਰ ਦਿੱਤਾ।"

ਸ਼ੁੱਕਰਵਾਰ ਨੂੰ ਜੌਨ ਐਸ਼ਬੀ ਨਾਂ ਦੇ ਬੰਦੇ ਨੂੰ ਉਸ ਦੇ ਜੁਰਮਾਂ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜੋ ਉਸ ਵੇਲੇ ਸ਼ੁਰੂ ਹੋਏ ਜਦੋਂ ਉਸ ਨੇ ਅਜਨਬੀ ਔਰਤ ਦਾ ਬੱਸ ਤੋਂ ਪਿੱਛਾ ਕੀਤਾ ਅਤੇ ਉਸ ਦੇ ਘਰ ਵਿੱਚ ਦਾਖ਼ਲ ਹੋ ਗਿਆ।

ਉਸ ਨੇ ਇਸ ਦੌਰਾਨ ਔਰਤ ਨੂੰ ਮਾਰਨ ਲਈ ਇੱਕ ਡੰਡੇ ਦੀ ਵਰਤੋਂ ਕੀਤੀ ਅਤੇ ਉਸ ਦੀ ਧਾਰਮਿਕ ਪਛਾਣ ਨੂੰ ਸਮਝਦਿਆਂ ਨਫ਼ਰਤ ਦਾ ਨਿਸ਼ਾਨਾ ਬਣਾਇਆ।

ਉਹ ਉਸ ਨੂੰ ਬੰਦੀ ਬਣਾ ਕੇ ਰੱਖ ਰਿਹਾ ਸੀ, ਉਸ ਨੂੰ ਗਲਤ ਫ਼ਹਿਮੀ ਹੋਈ ਸੀ ਕਿ ਉਹ ਇਸਲਾਮ ਧਰਮ ਦੀ ਪਾਲਣਾ ਕਰਦੀ ਹੈ ਅਤੇ ਇਸ ਲਈ ਉਸ ਨੇ ਮੁਸਲਿਮ ਵਿਰੋਧੀ ਮਾੜੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ।

ਔਰਤਾਂ ਵਿੱਚ ਡਰ

ਹਿੰਸਾ ਤੋਂ ਬਾਅਦ ਦੇ ਸਮੇਂ ਬਾਰੇ ਸੁਖਵਿੰਦਰ ਕੌਰ ਨੇ ਕਿਹਾ ਕਿ ਇਹ ਘਟਨਾਵਾਂ ਨੇ "ਉਸ ਲਈ, ਜੋ ਇਕ ਪੀੜਤ ਬਚੀ ਹੋਈ ਹੈ, ਦਹਿਸ਼ਤ ਅਤੇ ਡਰ ਪੈਦਾ ਕੀਤਾ, ਅਤੇ ਫਿਰ ਸਾਡੇ ਲਈ ਵੀ, ਜੋ ਉਸਦੇ ਨੇੜੇ ਰਹਿਣ ਵਾਲੀਆਂ ਹਾਂ।"

ਸੁਖਵਿੰਦਰ ਕੌਰ ਨੇ ਸਮਝਾਇਆ, "ਅਸੀਂ ਔਰਤਾਂ ਅਤੇ ਕੁੜੀਆਂ ਲਈ ਇੱਕ ਕਮਿਊਨਿਟੀ ਮੀਟਿੰਗ ਕੀਤੀ ਅਤੇ ਸਾਰੀਆਂ ਇਸ ਗੱਲ ਨਾਲ ਸਹਿਮਤ ਸਨ ਕਿ ਅਸੀਂ ਸੜਕਾਂ 'ਤੇ ਸੁਰੱਖਿਅਤ ਨਹੀਂ ਹਾਂ।"

ਸੁਖਵਿੰਦਰ ਨੇ ਕਿਹਾ ਕਿ ਜਿਵੇਂ-ਜਿਵੇਂ ਜੁਰਮ ਦੀਆਂ ਜਾਣਕਾਰੀਆਂ ਸਾਹਮਣੇ ਆਈਆਂ, ਕਈਆਂ ਨੂੰ ਇਹ ਮਹਿਸੂਸ ਹੋਇਆ ਕਿ ਉਹ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ।

"ਇਸ ਲਈ ਔਰਤਾਂ ਪੁੱਛ ਰਹੀਆਂ ਸਨ, 'ਅਸੀਂ ਕਿੱਥੇ ਸੁਰੱਖਿਅਤ ਹਾਂ'?"

ਸੁਖਵਿੰਦਰ ਕੌਰ ਨੇ ਕਿਹਾ ਕਿ ਹਮਲੇ ਤੋਂ ਪਹਿਲਾਂ ਦੀਆਂ ਘਟਨਾਵਾਂ ਵਿੱਚ ਕੁਝ ਵੀ ਅਜਿਹਾ ਨਹੀਂ ਸੀ ਜੋ ਅਸਧਾਰਨ ਹੋਵੇ।

ਉਨ੍ਹਾਂ ਨੇ ਕਿਹਾ ਕਿ 20ਵੀਂ ਦੀ ਉਮਰ ਵਿੱਚ ਪੀੜਤਾ "ਕੰਮ 'ਤੇ ਗਈ, ਉਸ ਨੇ ਖਰੀਦਦਾਰੀ ਕੀਤੀ, ਉਸ ਨੇ ਸਰਕਾਰੀ ਆਵਾਜਾਈ ਰਾਹੀਂ ਘਰ ਵਾਪਸੀ ਕੀਤੀ, ਉਹ ਇੱਕ ਚੰਗੀ ਤਰ੍ਹਾਂ ਰੌਸ਼ਨ ਇਲਾਕੇ ਵਿੱਚ ਚੱਲ ਰਹੀ ਸੀ ਅਤੇ ਆਪਣੇ ਘਰ ਵਾਪਸ ਆ ਗਈ।"

"ਔਰਤਾਂ ਅਤੇ ਕੁੜੀਆਂ, ਖ਼ਾਸ ਕਰਕੇ ਦੱਖਣੀ ਏਸ਼ੀਆਈ ਮੂਲ ਦੀਆਂ ਔਰਤਾਂ ਨੇ ਆਪਣੇ ਆਪ ਨੂੰ, ਆਪਣੀਆਂ ਧੀਆਂ ਨੂੰ, ਆਪਣੀਆਂ ਭੈਣਾਂ ਨੂੰ ਇਸ ਔਰਤ ਦੇ ਤਜਰਬੇ ਵਿੱਚ ਦੇਖਿਆ।"

ਇਸ ਤੋਂ ਇਲਾਵਾ ਭਾਇਚਾਰਿਆਂ ਨੂੰ ਪਰੇਸ਼ਾਨ ਕਰਨ ਵਾਲਾ ਇੱਕ ਹੋਰ ਮਸਲਾ ਵੀ ਸੀ, ਇਹ ਹਿੰਸਾ ਇਕੱਲੀ ਘਟਨਾ ਨਹੀਂ ਸੀ।

ਦੂਜੀ ਘਟਨਾ

ਸੁਖਵਿੰਦਰ ਕੌਰ ਨੇ ਕਿਹਾ ਕਿ ਇਹ ਹਮਲਾ ਕੁਝ ਹਫ਼ਤਿਆਂ ਦੇ ਅੰਦਰ ਇਸ ਖੇਤਰ ਵਿੱਚ ਇੱਕ ਸਿੱਖ ਔਰਤ ਨਾਲ ਹੋਏ ਦੂਜੇ ਬਲਾਤਕਾਰ ਦੀ ਘਟਨਾ ਸੀ।

ਸਿਰਫ਼ 10 ਮੀਲ (16 ਕਿਲੋਮੀਟਰ) ਦੂਰ, 9 ਸਤੰਬਰ ਨੂੰ ਓਲਡਬਰੀ ਦੇ ਟੇਮ ਰੋਡ 'ਤੇ 20 ਵੀਆਂ ਦੀ ਉਮਰ ਦੀ ਇੱਕ ਔਰਤ ਨਾਲ ਬਲਾਤਕਾਰ ਕੀਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਕਿ ਨਸਲੀ ਨਫ਼ਰਤ ਦਾ ਤੱਤ ਵੀ ਸ਼ਾਮਲ ਸੀ।

ਇੱਕ ਹੋਰ ਔਰਤ 'ਤੇ ਵੀ 27 ਅਕਤੂਬਰ ਨੂੰ ਵੋਲਵਰਹੈਂਪਟਨ ਵਿੱਚ ਇੱਕ ਇਲੈਕਟ੍ਰਿਕ ਸਟਨ ਡਿਵਾਈਸ ਨਾਲ ਹਮਲਾ ਕੀਤਾ ਗਿਆ, ਜਿਸਨੂੰ ਪੁਲਿਸ ਨੇ ਨਸਲੀ ਨਫ਼ਰਤ ਨਾਲ ਪ੍ਰੇਰਿਤ ਹਮਲਾ ਦੱਸਿਆ, ਹਾਲਾਂਕਿ ਇਹ ਜਿਨਸੀ ਹਿੰਸਾ ਨਹੀਂ ਸੀ।

ਵੈਸਟ ਮਿਡਲੈਂਡਜ਼ ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਓਲਡਬਰੀ ਬਲਾਤਕਾਰ ਮਾਮਲੇ ਨਾਲ ਸੰਬੰਧਤ ਗ੍ਰਿਫ਼ਤਾਰ ਕੀਤੇ ਤਿੰਨ ਲੋਕ ਅਜੇ ਵੀ ਜ਼ਮਾਨਤ 'ਤੇ ਹਨ ਅਤੇ ਜਾਂਚ ਜਾਰੀ ਹੈ।

ਸ਼ੁੱਕਰਵਾਰ ਨੂੰ ਵਾਲਸਾਲ ਮਾਮਲੇ ਵਿੱਚ ਐਸ਼ਬੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਫੋਰਸ ਨੇ ਇਹ ਬਿਆਨ ਜਾਰੀ ਕੀਤਾ, "ਅਸੀਂ ਸਮਝਦੇ ਹਾਂ ਕਿ ਇਸ ਭਿਆਨਕ ਹਮਲੇ ਦਾ ਵੈਸਟ ਮਿਡਲੈਂਡਜ਼ ਅਤੇ ਇਸ ਤੋਂ ਬਾਹਰਲੇ ਭਾਈਚਾਰਿਆਂ 'ਤੇ ਕੀ ਅਸਰ ਪਿਆ ਹੈ।"

"ਅਸੀਂ ਇਸ ਘਟਨਾ ਤੋਂ ਬਾਅਦ ਧਾਰਮਿਕ ਅਤੇ ਕਮਿਊਨਿਟੀ ਨੇਤਾਵਾਂ ਨਾਲ ਗੱਲ ਕੀਤੀ ਹੈ ਅਤੇ ਔਰਤਾਂ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨ ਲਈ ਵਚਨਬੱਧ ਹਾਂ।"

"ਅਸੀਂ ਇਸ ਕੰਮ ਨੂੰ ਜਾਰੀ ਰੱਖਦੇ ਹੋਏ ਔਰਤਾਂ ਦੀਆਂ ਚੈਰਿਟੀਆਂ, ਮਹਿਲਾ ਕਮਿਊਨਿਟੀ ਨੇਤਾਵਾਂ, ਕਮਿਊਨਿਟੀ ਸੁਰੱਖਿਆ ਸਾਥੀਆਂ, ਸੁਤੰਤਰ ਸਲਾਹਕਾਰ ਗਰੁੱਪਾਂ ਅਤੇ ਸਥਾਨਕ ਰਾਜਨੀਤਕਾਂ ਨਾਲ ਗੱਲਬਾਤ ਅਤੇ ਉਨ੍ਹਾਂ ਨੂੰ ਸੁਣਨਾ ਜਾਰੀ ਰੱਖਾਂਗੇ।"

ਸੁਖਵਿੰਦਰ ਕੌਰ ਨੇ ਕਿਹਾ, "ਇਹ ਸਭ ਕੁਝ ਉਸ ਨਫ਼ਰਤ ਨਾਲ ਜੁੜਿਆ ਹੋਇਆ ਸੀ ਜੋ ਇਸ ਦੋਸ਼ੀ ਨੇ ਇੱਕ ਕਮਿਊਨਿਟੀ ਵਿਰੁੱਧ ਰੱਖੀ ਹੋਈ ਸੀ ਅਤੇ ਜਿਸ ਤਰੀਕੇ ਨਾਲ ਉਸ ਨੇ ਇਸਨੂੰ ਅਮਲ ਵਿੱਚ ਲਿਆਂਦਾ, ਇਸ ਨੇ ਵੈਸਟ ਮਿਡਲੈਂਡਜ਼ ਭਰ ਦੀਆਂ ਕਮਿਊਨਿਟੀਆਂ ਵਿੱਚ ਡਰ ਪੈਦਾ ਕਰ ਦਿੱਤਾ।"

ਉਨ੍ਹਾਂ ਨੇ ਅੱਗੇ ਕਿਹਾ, "ਭਾਈਚਾਰਿਆਂ ਵਿੱਚ ਅਜੇ ਵੀ ਨਸਲੀ ਨਫ਼ਰਤ ਨਾਲ ਪ੍ਰੇਰਿਤ ਹਮਲੇ ਹੋ ਰਹੇ ਹਨ ਅਤੇ ਸਾਨੂੰ ਸਮਾਜ ਵਿੱਚ ਚੱਲ ਰਹੀ ਉਸ ਕਹਾਣੀ 'ਤੇ ਧਿਆਨ ਦੇਣਾ ਪਵੇਗਾ ਜੋ ਕਾਫ਼ੀ ਵੰਡ ਪੈਦਾ ਕਰਦੀ ਹੈ ਅਤੇ ਕਮਿਊਨਿਟੀਆਂ ਨੂੰ ਵੰਡਣ ਦੀ ਕੋਸ਼ਿਸ਼ ਕਰਦੀ ਹੈ।"

"ਜੇ ਅਜਿਹੇ ਜੁਰਮ ਵਧਦੇ ਹਨ, ਤਾਂ ਇਹ ਵੈਸਟ ਮਿਡਲੈਂਡਜ਼ ਦੀ ਬਹੁਤ ਹੀ ਜੀਵੰਤ ਅਤੇ ਵਿਭਿੰਨ ਕਮਿਊਨਿਟੀ ਦੀਆਂ ਬੁਨਿਆਦਾਂ ਨੂੰ ਹਿਲਾ ਦੇਣਗੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)