You’re viewing a text-only version of this website that uses less data. View the main version of the website including all images and videos.
ਯੂਪੀਐੱਫ ਕੱਪੜੇ ਕੀ ਹਨ? ਇਹ ਤੁਹਾਡੀ ਚਮੜੀ ਨੂੰ ਹਾਨੀਕਾਰਕ ਯੂਵੀ ਕਿਰਨਾਂ ਤੋਂ ਕਿਵੇਂ ਬਚਾਉਂਦੇ ਹਨ
- ਲੇਖਕ, ਡਿੰਕਲ ਪੋਪਲੀ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 9 ਮਿੰਟ
ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਉੱਤੇ ਸੂਰਜ ਦੀਆਂ ਕਿਰਨਾਂ ਤੋਂ ਬਚਾਉਣ ਵਾਲੇ ਕੱਪੜਿਆਂ ਦੇ ਇਸ਼ਤਿਹਾਰ ਨਜ਼ਰ ਆ ਰਹੇ ਹਨ।
ਇਨ੍ਹਾਂ ਕੱਪੜਿਆਂ ਵਿੱਚ ਜੈਕਟਾਂ, ਫੇਸ ਮਾਸਕ ਅਤੇ ਦਸਤਾਨੇ ਸ਼ਾਮਲ ਹਨ। ਕੱਪੜਿਆਂ ਦੀ ਇਸ ਸ਼੍ਰੇਣੀ ਨੂੰ ਆਮ ਤੌਰ 'ਤੇ ਯੂਪੀਐੱਫ ਕਲੋਦਿੰਗ ਵਜੋਂ ਜਾਣਿਆ ਜਾਂਦਾ ਹੈ।
ਯੂਪੀਐੱਫ ਦਾ ਮਤਲਬ ਹੈ ਅਲਟਰਾਵਾਇਲਟ ਪ੍ਰੋਟੈਕਸ਼ਨ ਫੈਕਟਰ। ਇਹ ਕੱਪੜੇ ਖ਼ਾਸ ਤੌਰ 'ਤੇ ਹਾਨੀਕਾਰਕ ਯੂਵੀ (ਅਲਟਰਾਵਾਇਲਟ) ਕਿਰਨਾਂ ਨੂੰ ਤੁਹਾਡੀ ਚਮੜੀ ਤੱਕ ਪਹੁੰਚਣ ਤੋਂ ਰੋਕਣ ਲਈ ਹੁੰਦੇ ਹਨ, ਜਿਸ ਵਿੱਚ ਉੱਚ ਯੂਵੀ ਸੁਰੱਖਿਆ ਰੇਟਿੰਗ ਵਾਲੇ ਖ਼ਾਸ ਫੈਬਰਿਕ ਦੀ ਵਰਤੋਂ ਕੀਤੀ ਜਾਂਦੀ ਹੈ।
ਇਨ੍ਹਾਂ ਵਿੱਚੋਂ ਕੁਝ ਇਸ਼ਤਿਹਾਰਾਂ ਦਾ ਦਾਅਵਾ ਹੈ ਕਿ ਜੇਕਰ ਤੁਸੀਂ ਇਸ ਕਿਸਮ ਦੇ ਕੱਪੜੇ ਪਾਏ ਹੋਏ ਹਨ, ਤਾਂ ਤੁਹਾਨੂੰ ਸਨਸਕ੍ਰੀਨ ਲਗਾਉਣ ਦੀ ਲੋੜ ਨਹੀਂ ਹੈ। ਕੁਝ ਇਹ ਵੀ ਦਾਅਵਾ ਕਰਦੇ ਹਨ ਕਿ ਯੂਪੀਐੱਫ 50+ ਰੇਟਿੰਗ ਵਾਲਾ ਕੱਪੜਾ 98% ਤੋਂ ਵੱਧ ਯੂਵੀ ਕਿਰਨਾਂ ਨੂੰ ਰੋਕਣ ਦੀ ਸਮਰੱਥਾ ਰੱਖਦਾ ਹੈ।
ਪਰ ਕੀ ਇਹ ਸਿਰਫ਼ ਸੋਸ਼ਲ ਮੀਡੀਆ ਦਾ ਇੱਕ ਹੋਰ ਰੁਝਾਨ ਹੈ ਜਾਂ ਕੀ ਇਹ ਵਾਕਈ ਪ੍ਰਭਾਵਸ਼ਾਲੀ ਹਨ?
ਇਸ ਦਾ ਪਤਾ ਲਗਾਉਣ ਲਈ ਅਸੀਂ ਟੈਕਸਟਾਈਲ ਮਾਹਿਰਾਂ ਅਤੇ ਚਮੜੀ ਦੇ ਮਾਹਰਾਂ ਨਾਲ ਗੱਲ ਕੀਤੀ ਹੈ ਤਾਂ ਜੋ ਇਸ ਦੇ ਪਿੱਛੇ ਦੇ ਵਿਗਿਆਨ ਅਤੇ ਸਾਡੀ ਚਮੜੀ ਦੀ ਸਿਹਤ 'ਤੇ ਪੈਣ ਵਾਲੇ ਅਸਰ ਨੂੰ ਸਮਝਿਆ ਜਾ ਸਕੇ।
ਯੂਪੀਐੱਫ ਵਾਲੇ ਕੱਪੜੇ ਕਿਹੜੇ ਹੁੰਦੇ ਹਨ?
ਉੱਤਰ ਪ੍ਰਦੇਸ਼ ਟੈਕਸਟਾਈਲ ਟੈਕਨਾਲੋਜੀ ਇੰਸਟੀਚਿਊਟ, ਕਾਨਪੁਰ ਦੇ ਸੀਨੀਅਰ ਪ੍ਰੋਫੈਸਰ ਡਾ. ਅਰੁਣ ਕੁਮਾਰ ਸਿੰਘ ਗੰਗਵਾਰ ਦੱਸਦੇ ਹਨ ਕਿ ਯੂਪੀਐੱਫ ਦਾ ਮਤਲਬ ਹੁੰਦਾ ਹੈ ਅਲਟਰਾਵਾਇਲਟ ਪ੍ਰੋਟੈਕਸ਼ਨ ਫੈਕਟਰ।
ਉਹ ਦੱਸਦੇ ਹਨ, "ਸਭ ਤੋਂ ਸਰਲ ਸ਼ਬਦਾਂ ਵਿੱਚ, ਯੂਪੀਐੱਫ ਇੱਕ ਰੇਟਿੰਗ ਪ੍ਰਣਾਲੀ ਹੈ ਜੋ ਤੁਹਾਨੂੰ ਦੱਸਦੀ ਹੈ ਕਿ ਇੱਕ ਫੈਬਰਿਕ ਕਿੰਨੀ ਯੂਵੀ ਰੇਡੀਏਸ਼ਨ ਤੁਹਾਡੀ ਚਮੜੀ ਤੱਕ ਪਹੁੰਚਣ ਦਿੰਦਾ ਹੈ।"
ਡਾ. ਗੰਗਵਾਰ ਨੇ ਯੂਵੀ ਪ੍ਰੋਟੈਕਟਿਵ ਟੈਕਸਟਾਈਲ ਵਿੱਚ ਆਪਣੀ ਪੀਐੱਚਡੀ ਕੀਤੀ ਹੈ ਅਤੇ ਉਹਨਾਂ ਦੇ ਨਾਮ ਹੇਠ ਇਸੇ ਵਿਸ਼ੇ 'ਤੇ ਕਈ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ।
ਡਾ. ਗੰਗਵਾਰ ਦੱਸਦੇ ਹਨ "ਹਾਲਾਂਕਿ ਆਮ ਕੱਪੜੇ ਵੀ ਕੁਝ ਸੁਰੱਖਿਆ ਪ੍ਰਦਾਨ ਕਰਦੇ ਹਨ, ਪਰ ਜ਼ਿਆਦਾਤਰ ਕੁਦਰਤੀ ਫੈਬਰਿਕਸ ਦਾ ਯੂਪੀਐੱਫ 25 ਤੋਂ ਘੱਟ ਹੁੰਦਾ ਹੈ, ਜਿਸਦਾ ਮਤਲਬ ਹੈ ਕਿ ਇਹ ਯੂਵੀ ਕਿਰਨਾਂ ਦੀ ਇੱਕ ਵੱਡੀ ਮਾਤਰਾ ਨੂੰ ਚਮੜੀ ਤੱਕ ਆਉਣ ਦਿੰਦੇ ਹਨ। ਯੂਪੀਐੱਫ-ਰੇਟਿਡ ਕੱਪੜੇ ਖ਼ਾਸ ਤੌਰ 'ਤੇ ਸੂਰਜ ਦੀਆਂ ਕਿਰਨਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਸੰਘਣੀ ਬੁਣਾਈ ਜਾਂ ਖ਼ਾਸ ਰੰਗਾਈ (dye) ਨਾਲ ਤਿਆਰ ਕੀਤੇ ਜਾਂਦੇ ਹਨ।"
ਯੂਪੀਐੱਫ ਅਤੇ ਐੱਸਪੀਐੱਫ ਕਿਵੇਂ ਕੰਮ ਕਰਦੇ ਹਨ?
ਡਾ. ਗੰਗਵਾਰ ਸਮਝਾਉਂਦੇ ਹਨ, "ਯੂਪੀਐੱਫ ਨੂੰ ਸਮਝਣ ਲਈ, ਤੁਸੀਂ ਇਸ ਦੀ ਸਿੱਧੀ ਤੁਲਨਾ ਸਨਸਕ੍ਰੀਨ ਦੀਆਂ ਬੋਤਲਾਂ 'ਤੇ ਮਿਲਣ ਵਾਲੇ ਐੱਸਪੀਐੱਫ (ਸਨ ਪ੍ਰੋਟੈਕਸ਼ਨ ਫੈਕਟਰ) ਨਾਲ ਕਰ ਸਕਦੇ ਹੋ। ਸਭ ਤੋਂ ਵੱਡਾ ਫਰਕ ਇਹ ਹੈ ਕਿ ਐੱਸਪੀਐੱਫ ਇਹ ਮਾਪਦਾ ਹੈ ਕਿ ਤੁਹਾਡੀ ਚਮੜੀ ਨੂੰ ਯੂਵੀ ਕਿਰਨਾਂ ਨਾਲ ਪ੍ਰਭਾਵਿਤ ਹੋਣ ਵਿੱਚ ਕਿੰਨਾ ਸਮਾਂ ਲੱਗਦਾ ਹੈ, ਜਦੋਂ ਕਿ ਯੂਪੀਐੱਫ ਯੂਵੀ ਕਿਰਨਾਂ ਦੀ ਕੁੱਲ ਫੀਸਦ ਨੂੰ ਮਾਪਦਾ ਹੈ ਜੋ ਇੱਕ ਕੱਪੜੇ ਦੁਆਰਾ ਰੋਕ ਦਿੱਤੀਆਂ ਜਾਂਦੀਆਂ ਹਨ।"
"ਤੁਸੀਂ ਦੋਵਾਂ ਨੰਬਰਾਂ ਨੂੰ ਇੱਕ ਫ੍ਰੈਕਸ਼ਨ ਵਜੋਂ ਸੋਚ ਸਕਦੇ ਹੋ: ਇੱਕ ਐੱਸਪੀਐੱਫ 50 ਲੋਸ਼ਨ ਜਾਂ ਇੱਕ ਯੂਪੀਐੱਫ 50 ਕੱਪੜਾ, ਦੋਵਾਂ ਦਾ ਉਦੇਸ਼ ਸੂਰਜ ਦੀ ਰੇਡੀਏਸ਼ਨ ਦਾ ਸਿਰਫ਼ 1/50ਵਾਂ ਹਿੱਸਾ (ਜਾਂ 2%) ਤੁਹਾਡੀ ਚਮੜੀ ਤੱਕ ਪਹੁੰਚਣ ਦੇਣਾ ਹੈ। ਯੂਪੀਐੱਫ 50+ ਰੇਟਿੰਗ ਵਾਲੇ ਕੱਪੜੇ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ, ਜੋ 98% ਜਾਂ ਇਸ ਤੋਂ ਵੱਧ ਯੂਵੀ ਕਿਰਨਾਂ ਨੂੰ ਰੋਕਦਾ ਹੈ।"
ਕਿਹੜੇ ਫੈਬਰਿਕਸ ਵਿੱਚ ਕੁਦਰਤੀ ਤੌਰ 'ਤੇ ਉੱਚ ਯੂਪੀਐੱਫ ਹੁੰਦਾ ਹੈ?
ਡਾ. ਗੰਗਵਾਰ ਦੱਸਦੇ ਹਨ ਕਿ ਜ਼ਿਆਦਾਤਰ ਫੈਬਰਿਕ ਕੁਝ ਸੁਰੱਖਿਆ ਦਿੰਦੇ ਹਨ, ਪਰ ਕਿਉਂਕਿ ਯੂਪੀਐੱਫ ਇਸ ਗੱਲ ਦਾ ਮਾਪ ਹੈ ਕਿ ਧਾਗਿਆਂ ਦੇ ਵਿਚਕਾਰਲੇ ਪਾੜੇ ਵਿੱਚੋਂ ਕਿੰਨੀ ਯੂਵੀ ਰੌਸ਼ਨੀ ਲੰਘਦੀ ਹੈ, ਇਸ ਲਈ ਕੱਪੜੇ ਦਾ ਭਾਰ ਅਤੇ ਬੁਣਾਈ ਉਨੀ ਹੀ ਮਹੱਤਵਪੂਰਨ ਹੈ।
ਪਾਲੀਏਸਟਰ ਅਤੇ ਨਾਈਲੋਨ: ਭਾਵੇਂ ਇਹ ਖੇਤਾਂ ਵਿੱਚ ਉੱਗਣ ਵਾਲੇ "ਕੁਦਰਤੀ" ਫੈਬਰਿਕ ਨਹੀਂ ਹਨ, ਪਰ ਇਹ ਸੂਰਜ ਤੋਂ ਸੁਰੱਖਿਆ ਦੇ ਮਾਮਲੇ ਵਿੱਚ ਚੈਂਪੀਅਨ ਹਨ। ਕਿਉਂਕਿ ਇਹ ਰੇਸ਼ੇ ਮਨੁੱਖ ਦੁਆਰਾ ਬਣਾਏ ਗਏ ਹਨ, ਇਹਨਾਂ ਨੂੰ ਬਹੁਤ ਬਰੀਕ ਅਤੇ ਸਪਾਟ ਧਾਗਿਆਂ ਵਿੱਚ ਕੱਤਿਆ ਜਾ ਸਕਦਾ ਹੈ ਅਤੇ ਇੰਨੀ ਮਜ਼ਬੂਤੀ ਨਾਲ ਬੁਣਿਆ ਜਾ ਸਕਦਾ ਹੈ ਕਿ ਇਹ ਪਲਾਸਟਿਕ ਦੀ ਇੱਕ ਠੋਸ ਚਾਦਰ ਵਾਂਗ ਬਣ ਜਾਂਦੇ ਹਨ। ਪਾਲੀਏਸਟਰ ਖ਼ਾਸ ਤੌਰ 'ਤੇ ਵਧੀਆ ਹੈ ਕਿਉਂਕਿ ਇਸ ਵਿੱਚ ਕੁਦਰਤੀ ਤੌਰ 'ਤੇ ਅਜਿਹੇ ਅਣੂ ਹੁੰਦੇ ਹਨ ਜੋ ਯੂਵੀ ਰੌਸ਼ਨੀ ਨੂੰ ਸੋਖ ਲੈਂਦੇ ਹਨ।
ਡੈਨਿਮ ਅਤੇ ਕੈਨਵਸ: ਡੈਨਿਮ ਸਭ ਤੋਂ ਵਧੀਆ ਸੂਰਜ ਸੁਰੱਖਿਆ ਕਵਚਾਂ ਵਿੱਚੋਂ ਇੱਕ ਹੈ। ਕੈਨਵਸ (ਜੋ ਟੋਪੀਆਂ ਅਤੇ ਕੰਮ ਵਾਲੀਆਂ ਜੈਕਟਾਂ ਵਿੱਚ ਵਰਤਿਆ ਜਾਂਦਾ ਹੈ) ਵੀ ਉਸੇ ਤਰ੍ਹਾਂ ਕੰਮ ਕਰਦਾ ਹੈ, ਇਹ ਰੌਸ਼ਨੀ ਦੇ ਅੰਦਰ ਜਾਣ ਲਈ ਬਹੁਤ ਮੋਟਾ ਅਤੇ ਸੰਘਣਾ ਹੁੰਦਾ ਹੈ।
ਕੁਦਰਤੀ ਸੂਤੀ ਅਤੇ ਲਿਨਨ: ਆਮ ਚਿੱਟੀ ਸੂਤੀ ਨਾਲ ਬਣੀ ਸ਼ਰਟ ਅਸਲ ਵਿੱਚ ਸੂਰਜ ਨੂੰ ਰੋਕਣ ਵਿੱਚ ਕਮਜ਼ੋਰ ਹੁੰਦੀ ਹੈ ਕਿਉਂਕਿ ਬਲੀਚਿੰਗ ਦੀ ਪ੍ਰਕਿਰਿਆ 'ਲਿਗਨਿਨ' (lignins) ਨੂੰ ਹਟਾ ਦਿੰਦੀ ਹੈ। ਲਿਗਨਿਨ ਕੁਦਰਤੀ ਪੌਦਿਆਂ ਦੇ ਪਿਗਮੈਂਟ ਹਨ ਜੋ ਬਿਲਟ-ਇਨ ਸਨਸਕ੍ਰੀਨ ਵਜੋਂ ਕੰਮ ਕਰਦੇ ਹਨ। ਹਾਲਾਂਕਿ, ਬਲੀਚ ਨਾ ਕੀਤੀ ਗਈ ਕੋਟਨ ਵਿੱਚ ਅਜੇ ਵੀ ਉਹ ਪਿਗਮੈਂਟ ਹੁੰਦੇ ਹਨ ਅਤੇ ਇਹ ਬਹੁਤ ਵਧੀਆ ਸੁਰੱਖਿਆ ਪ੍ਰਦਾਨ ਕਰਦੀ ਹੈ।
ਤਿੰਨ ਚੀਜ਼ਾਂ ਜੋ ਯੂਪੀਐੱਫ ਨੂੰ ਤੁਰੰਤ ਬਦਲ ਦਿੰਦੀਆਂ ਹਨ
ਰੰਗ ਦਾ ਮਹੱਤਵ: ਇੱਕ ਗੂੜ੍ਹੇ ਨੀਲੇ ਜਾਂ ਕਾਲੇ ਰੰਗ ਦੀ ਸ਼ਰਟ ਦਾ ਯੂਪੀਐੱਫ ਹਮੇਸ਼ਾ ਉਸੇ ਸ਼ਰਟ ਦੇ ਚਿੱਟੇ ਵਰਜਨ ਨਾਲੋਂ ਜ਼ਿਆਦਾ ਹੋਵੇਗਾ। ਗੂੜ੍ਹੇ ਰੰਗ ਤੁਹਾਡੀ ਚਮੜੀ ਤੱਕ ਪਹੁੰਚਣ ਤੋਂ ਪਹਿਲਾਂ ਵਧੇਰੇ ਯੂਵੀ ਕਿਰਨਾਂ ਨੂੰ ਸੋਖ ਲੈਂਦੇ ਹਨ।
ਖਿਚਾਅ: ਜੇਕਰ ਤੁਸੀਂ ਬਹੁਤ ਜ਼ਿਆਦਾ ਤੰਗ ਸ਼ਰਟ ਪਾਉਂਦੇ ਹੋ ਅਤੇ ਕੱਪੜਾ ਖਿੱਚਿਆ ਜਾਂਦਾ ਹੈ, ਤਾਂ ਧਾਗਿਆਂ ਦੇ ਵਿਚਕਾਰਲੇ "ਛੇਦ" ਵੱਡੇ ਹੋ ਜਾਂਦੇ ਹਨ। ਇਹ ਤੁਹਾਡੇ ਯੂਪੀਐੱਫ ਨੂੰ ਕਾਫ਼ੀ ਹੱਦ ਤੱਕ ਘਟਾ ਸਕਦਾ ਹੈ।
ਗਿੱਲਾ ਕੱਪੜਾ: ਜਦੋਂ ਇੱਕ ਆਮ ਸੂਤੀ ਟੀ-ਸ਼ਰਟ ਗਿੱਲੀ ਹੋ ਜਾਂਦੀ ਹੈ, ਤਾਂ ਇਸ ਦਾ ਯੂਪੀਐੱਫ ਅੱਧਾ ਰਹਿ ਜਾਂਦਾ ਹੈ। ਪਾਣੀ ਰੇਸ਼ਿਆਂ ਨੂੰ ਯੂਵੀ ਰੌਸ਼ਨੀ ਲਈ ਵਧੇਰੇ ਪਾਰਦਰਸ਼ੀ ਬਣਾ ਦਿੰਦਾ ਹੈ।
ਇਸ ਬਾਰੇ ਡਾਕਟਰ ਕੀ ਕਹਿੰਦੇ ਹਨ?
ਮੈਕਸ ਹੈਲਥਕੇਅਰ ਦੇ ਡਰਮਾਟੋਲੋਜਿਸਟ ਡਾ. ਸੌਮਿਆ ਸਚਦੇਵਾ ਮੁਤਾਬਕ, "ਇੱਕ ਆਮ ਟੀ-ਸ਼ਰਟ ਸੂਰਜ ਦੀਆਂ ਕਿਰਨਾਂ ਤੋਂ ਬਚਾਅ ਲਈ ਕੋਈ ਪੁਖ਼ਤਾ ਢਾਲ ਨਹੀਂ ਹੈ, ਉਹ ਸਿਰਫ਼ ਇੱਕ ਪਤਲੇ ਪਰਦੇ ਵਰਗੀ ਹੁੰਦੀ ਹੈ।"
"ਪਰ ਉੱਥੇ ਹੀ ਖ਼ਾਸ ਤੌਰ 'ਤੇ ਤਿਆਰ ਕੀਤੇ ਗਏ ਯੂਪੀਐੱਫ ਕੱਪੜੇ ਸੰਘਣੀ ਬੁਣਤੀ ਅਤੇ ਵਿਸ਼ੇਸ਼ ਫਾਈਬਰ ਰਾਹੀਂ ਬਣਾਏ ਜਾਂਦੇ ਹਨ, ਜੋ ਚਮੜੀ ਲਈ ਇੱਕ ਭਰੋਸੇਮੰਦ ਫਿਲਟਰ ਵਜੋਂ ਕੰਮ ਕਰਦੇ ਹਨ। ਹਾਲਾਂਕਿ ਸਰੀਰ ਦੇ ਖੁੱਲ੍ਹੇ ਹਿੱਸਿਆਂ ਲਈ ਸਨਸਕ੍ਰੀਨ ਲਗਾਉਣਾ ਬਹੁਤ ਜ਼ਰੂਰੀ ਹੈ।"
ਮਾਹਿਰਾਂ ਦੀ ਰਾਇ
ਮਾਹਰਾਂ ਮੁਤਾਬਕ ਯੂਪੀਐੱਫ ਕੱਪੜੇ ਵਿੱਚ ਇੱਕ ਫਿਲਟਰ ਜਾਂ ਢਾਲ ਹੁੰਦੀ ਹੈ। ਇਹ ਸਾਨੂੰ ਦੱਸਦਾ ਹੈ ਕਿ ਤੁਹਾਡਾ ਕੱਪੜਾ ਸੂਰਜ ਦੀ ਕਿੰਨੀ ਰੌਸ਼ਨੀ ਨੂੰ ਆਪਣੇ ਆਰ-ਪਾਰ ਹੋਣ ਦਿੰਦਾ ਹੈ।
ਯੂਪੀਐੱਫ ਕੱਪੜਿਆਂ ਨੂੰ 'ਖ਼ਾਸ' ਬਣਾਉਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਨੂੰ ਯੂਵੀ ਕਿਰਨਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਇੱਕ ਨਿਸ਼ਚਿਤ ਅਤੇ ਪਰਖੇ ਹੋਏ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ, ਜੋ ਇੱਕ ਆਮ ਸੂਤੀ ਟੀ-ਸ਼ਰਟ ਵਿੱਚ ਸੰਭਵ ਨਹੀਂ ਹੈ।
ਗੂੜ੍ਹੇ ਰੰਗ ਆਮ ਤੌਰ 'ਤੇ ਜ਼ਿਆਦਾ ਸੁਰੱਖਿਆ ਦਿੰਦੇ ਹਨ ਕਿਉਂਕਿ ਉਹ ਯੂਵੀ ਕਿਰਨਾਂ ਨੂੰ ਜ਼ਿਆਦਾ ਸੋਖ ਲੈਂਦੇ ਹਨ।
ਇਹ ਕੱਪੜੇ ਤੁਹਾਨੂੰ ਲਗਾਤਾਰ ਸੁਰੱਖਿਆ ਦਿੰਦੇ ਹਨ ਜਿਸ ਨੂੰ ਸਨਸਕ੍ਰੀਨ ਵਾਂਗ ਵਾਰ-ਵਾਰ ਵਰਤਣ ਦੀ ਲੋੜ ਨਹੀਂ ਪੈਂਦੀ। ਸਨਸਕ੍ਰੀਨ ਉਨ੍ਹਾਂ ਹਿੱਸਿਆਂ ਨੂੰ ਬਚਾਉਂਦੀ ਹੈ ਜਿਨ੍ਹਾਂ ਨੂੰ ਤੁਸੀਂ ਢੱਕ ਨਹੀਂ ਸਕਦੇ, ਪਰ ਇਸ ਦੀ ਸਹੀ ਵਰਤੋਂ ਜ਼ਰੂਰੀ ਹੈ। ਸਿਹਤ ਲਈ ਦੋਵੇਂ ਹੀ ਅਹਿਮ ਹਨ।
ਜੇਕਰ ਯੂਪੀਐੱਫ ਕੱਪੜਾ ਬਣਾਉਣ ਦੀ ਤਕਨੀਕ ਕੱਪੜੇ ਦੀ ਬੁਣਤੀ ਵਿੱਚ ਹੀ ਸ਼ਾਮਲ ਹੈ, ਤਾਂ ਇਹ ਲੰਬੇ ਸਮੇਂ ਤੱਕ ਚੱਲਦੀ ਹੈ। ਪਰ ਜੇਕਰ ਇਹ ਸਿਰਫ਼ ਇੱਕ ਉੱਪਰੀ ਪਰਤ (ਕੋਟਿੰਗ) ਹੈ, ਤਾਂ ਵਾਰ-ਵਾਰ ਧੋਣ ਨਾਲ ਇਸ ਦਾ ਅਸਰ ਘੱਟ ਸਕਦਾ ਹੈ। ਕੁਝ ਕੱਪੜੇ 20 ਤੋਂ 50 ਵਾਰ ਧੋਣ ਤੱਕ ਪ੍ਰਭਾਵਸ਼ਾਲੀ ਰਹਿੰਦੇ ਹਨ, ਪਰ ਹਮੇਸ਼ਾ ਲਈ ਨਹੀਂ।
ਯੂਪੀਐੱਫ 50+ ਕੱਪੜਿਆਂ ਦੀ ਕੀਮਤ ਕਿੰਨੀ ਹੈ?
ਭਾਰਤੀ ਬਾਜ਼ਾਰ ਵਿੱਚ UPF 50+ ਕੱਪੜਿਆਂ ਦੀ ਕੀਮਤ ਬ੍ਰਾਂਡ ਦੀ ਕਿਸਮ, ਵਰਤੇ ਗਏ ਕੱਪੜੇ (ਫੈਬਰਿਕ) ਅਤੇ ਡਿਜ਼ਾਈਨ 'ਤੇ ਨਿਰਭਰ ਕਰਦੀ ਹੈ। ਯੂਪੀਐੱਫ 50+ ਟੀ-ਸ਼ਰਟਾਂ ਅਤੇ ਸਵਿਮ-ਵੀਅਰ ਦੀ ਸ਼ੁਰੂਆਤ ਲਗਭਗ 500 ਰੁਪਏ ਤੋਂ 1,200 ਰੁਪਏ ਦੇ ਵਿਚਕਾਰ ਹੋ ਜਾਂਦੀ ਹੈ। ਦੂਜੇ ਪਾਸੇ, ਯੂਪੀਐੱਫ ਜੈਕਟਾਂ ਅਤੇ ਹੂਡੀਜ਼ ਦੀ ਕੀਮਤ ਆਮ ਤੌਰ 'ਤੇ 1,900 ਰੁਪਏ ਤੋਂ 3,500 ਰੁਪਏ ਦੇ ਵਿਚਕਾਰ ਹੁੰਦੀ ਹੈ।
ਇਸ ਤੋਂ ਇਲਾਵਾ, ਛੋਟੇ ਸਹਾਇਕ ਕੱਪੜੇ ਜਿਵੇਂ ਕਿ ਯੂਪੀਐੱਫ ਦਸਤਾਨੇ, ਫੇਸ ਮਾਸਕ ਜਾਂ ਬਾਹਾਂ ਲਈ ਸਲੀਵਜ਼ ਆਨਲਾਈਨ ਪਲੇਟਫਾਰਮਾਂ 'ਤੇ ਰੁਪਏ 300 ਤੋਂ 1,000 ਰੁਪਏ ਵਿੱਚ ਆਸਾਨੀ ਨਾਲ ਮਿਲ ਜਾਂਦੇ ਹਨ।
ਯੂਪੀਐੱਫ ਕਪੜੇ ਕਿੰਨਾ ਚਿਰ ਚੱਲਦੇ ਹਨ?
ਮਾਹਿਰਾਂ ਦਾ ਸੁਝਾਅ ਹੈ ਕਿ ਕੱਪੜਿਆਂ ਦੀ ਉਮਰ ਆਮ ਤੌਰ 'ਤੇ ਕਿੰਨੀ ਵਾਰ ਪਹਿਨੇ ਗਏ ਹਨ ਅਤੇ ਕਿੰਨੀ ਵਾਰ ਧੋਤੇ ਗਏ ਹਨ, ਇਸ ਦੁਆਰਾ ਮਾਪੀ ਜਾਂਦੀ ਹੈ।
ਡਾ. ਅਰੁਣ ਕੁਮਾਰ ਸਿੰਘ ਗੰਗਵਾਰ ਦੱਸਦੇ ਹਨ ਕਿ ਅਲਟਰਾਵਾਇਲਟ ਪ੍ਰੋਟੈਕਸ਼ਨ ਫੈਕਟਰ ਵਾਲੇ ਕੱਪੜੇ ਲੰਬਾ ਸਮਾਂ ਚੱਲਣ ਲਈ ਬਣਾਏ ਜਾਂਦੇ ਹਨ, ਪਰ ਸਮੇਂ ਦੇ ਨਾਲ ਘੱਸਣ, ਪਾਟਣ ਅਤੇ ਵਾਤਾਵਰਣਕ ਤੱਤਾਂ ਦੇ ਸੰਪਰਕ ਵਿੱਚ ਆਉਣ ਕਾਰਨ ਯੂਵੀ ਕਿਰਨਾਂ ਨੂੰ ਰੋਕਣ ਦੀ ਉਨ੍ਹਾਂ ਦੀ ਸਮਰੱਥਾ ਘੱਟ ਜਾਂਦੀ ਹੈ।
ਉਹ ਕਹਿੰਦੇ ਹਨ, " ਆਮ ਤੌਰ 'ਤੇ ਯੂਪੀਐੱਫ ਕੱਪੜਿਆਂ ਨੂੰ ਇੱਕ ਤੋਂ ਦੋ ਸਾਲਾਂ ਵਿੱਚ ਬਦਲਣ ਦੀ ਸਲਾਹ ਦਿੱਤੀ ਜਾਂਦੀ ਹੈ।"
ਯੂਪੀਐੱਫ ਕਪੜੇ ਖਰੀਦਣ ਤੋਂ ਪਹਿਲਾਂ ਕੀ ਦੇਖਣਾ ਜ਼ਰੂਰੀ ਹੈ?
ਡਾ. ਅਰੁਣ ਕੁਮਾਰ ਸਿੰਘ ਗੰਗਵਾਰ ਦੱਸਦੇ ਹਨ ਕਿ ਸੂਰਜ ਤੋਂ ਬਚਾਅ ਵਾਲੇ ਕੱਪੜੇ ਖਰੀਦਣ ਵੇਲੇ, ਸਭ ਤੋਂ ਮਹੱਤਵਪੂਰਨ ਕਦਮ ਕੱਪੜੇ ਦੇ ਟੈਗ 'ਤੇ ਦਿੱਤੀ ਗਈ ਇੱਕ ਖਾਸ, ਲੈਬ-ਟੈਸਟ ਕੀਤੀ ਰੇਟਿੰਗ ਨੂੰ ਦੇਖਣਾ ਹੈ।
ਖਪਤਕਾਰਾਂ ਨੂੰ "ਯੂਪੀਐੱਫ 50+" ਲੇਬਲ ਵਾਲੀਆਂ ਵਸਤੂਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਇਹ ਪ੍ਰਮਾਣੀਕਰਣ ਪੁਸ਼ਟੀ ਕਰਦਾ ਹੈ ਕਿ ਫੈਬਰਿਕ ਵਿੱਚੋਂ 2% ਤੋਂ ਘੱਟ ਯੂਵੀ ਰੇਡੀਏਸ਼ਨ ਲੰਘ ਸਕਦੀ ਹੈ।"
ਯੂਪੀਐੱਫ ਕੱਪੜਿਆਂ ਦੀਆਂ ਸੀਮਾਵਾਂ ਕੀ ਹਨ?
ਹਾਲਾਂਕਿ ਯੂਪੀਐੱਫ ਕੱਪੜੇ ਹਾਨੀਕਾਰਕ ਯੂਵੀ ਰੇਡੀਏਸ਼ਨ ਦੇ ਵਿਰੁੱਧ ਇੱਕ ਬਹੁਤ ਪ੍ਰਭਾਵਸ਼ਾਲੀ ਰੁਕਾਵਟ ਹਨ, ਪਰ ਇਨ੍ਹਾਂ ਦੀਆਂ ਵੀ ਕੁਝ ਸੀਮਾਵਾਂ ਹਨ। ਲੁਧਿਆਣਾ ਸਿਵਲ ਹਸਪਤਾਲ ਦੇ ਚਮੜੀ ਰੋਗ ਮਾਹਿਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰੋਹਿਤ ਰਾਮਪਾਲ, ਕਈ ਅਜਿਹੇ ਕਾਰਕਾਂ ਬਾਰੇ ਦੱਸਦੇ ਹਨ ਜੋ ਇਨ੍ਹਾਂ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰ ਸਕਦੇ ਹਨ:
ਸਮੇਂ ਦੇ ਨਾਲ ਗੁਣਵੱਤਾ ਵਿੱਚ ਗਿਰਾਵਟ: ਇਨ੍ਹਾਂ ਕੱਪੜਿਆਂ ਦੀ ਸੁਰੱਖਿਆ ਸਮਰੱਥਾ ਵਾਰ-ਵਾਰ ਪਹਿਨਣ ਅਤੇ ਧੋਣ ਨਾਲ ਘੱਟ ਸਕਦੀ ਹੈ। ਹਾਲਾਂਕਿ ਕੁਝ ਕੱਪੜੇ 100 ਤੋਂ 500 ਧੋਣ ਤੱਕ ਆਪਣੀ ਮਜ਼ਬੂਤੀ ਬਰਕਰਾਰ ਰੱਖਣ ਲਈ ਤਿਆਰ ਕੀਤੇ ਜਾਂਦੇ ਹਨ, ਪਰ ਜੋ ਕਪੜੇ ਸੰਘਣੀ ਬੁਣਾਈ ਦੀ ਬਜਾਏ ਰਸਾਇਣਕ ਫਿਨਿਸ਼ ਨਾਲ ਤਿਆਰ ਕੀਤੇ ਜਾਂਦੇ ਹਨ ਉਹ ਆਪਣੀ ਪ੍ਰਭਾਵਸ਼ੀਲਤਾ ਬਹੁਤ ਤੇਜ਼ੀ ਨਾਲ ਗੁਆ ਦਿੰਦੇ ਹਨ।
ਸੁਰੱਖਿਆ ਵਿੱਚ ਕਮੀ: ਜਦੋਂ ਫੈਬਰਿਕ ਖਿੱਚਿਆ ਜਾਂਦਾ ਹੈ, ਜਿਵੇਂ ਕਿ ਤੰਗ ਲੈਗਿੰਗਸ ਵਿੱਚ, ਤਾਂ ਰੇਸ਼ੇ ਫੈਲ ਜਾਂਦੇ ਹਨ, ਜਿਸ ਨਾਲ ਵਧੇਰੇ ਯੂਵੀ ਰੌਸ਼ਨੀ ਅੰਦਰ ਲੰਘ ਸਕਦੀ ਹੈ। ਇਸ ਤੋਂ ਇਲਾਵਾ, ਗਿੱਲਾ ਕੱਪੜਾ ਆਪਣੀ ਸੁਰੱਖਿਆ ਸਮਰੱਥਾ ਦਾ 50% ਤੱਕ ਗੁਆ ਸਕਦਾ ਹੈ।
ਲਾਗਤ ਅਤੇ ਕਵਰੇਜ: ਯੂਪੀਐੱਫ-ਰੇਟਿਡ ਕੱਪੜੇ ਆਮ ਤੌਰ 'ਤੇ ਆਮ ਕੱਪੜਿਆਂ ਨਾਲੋਂ ਮਹਿੰਗੇ ਹੁੰਦੇ ਹਨ। ਇਸ ਤੋਂ ਇਲਾਵਾ, ਕਿਉਂਕਿ ਇਹ ਸਿਰਫ ਉਸ ਚਮੜੀ ਦੀ ਰੱਖਿਆ ਕਰਦੇ ਹਨ ਜਿਸ ਨੂੰ ਉਹ ਢੱਕਦੇ ਹਨ, ਇਹ ਇੱਕ ਅਧੂਰਾ ਹੱਲ ਬਣੇ ਰਹਿੰਦੇ ਹਨ।
ਯੂਪੀਐੱਫ ਕੱਪੜੇ ਪੂਰਾ ਹੱਲ ਕਿਉਂ ਨਹੀਂ ਹਨ?
ਹਾਲਾਂਕਿ ਡਾ. ਰੋਹਿਤ ਰਾਮਪਾਲ ਕਹਿੰਦੇ ਹਨ ਕਿ ਇੱਕ ਮੁਢਲੇ ਬਚਾਅ ਵਜੋਂ "ਯੂਪੀਐੱਫ ਕੱਪੜੇ ਕੁਦਰਤੀ ਤੌਰ 'ਤੇ ਲੋਸ਼ਨਾਂ ਨਾਲੋਂ ਬਿਹਤਰ ਹਨ", ਪਰ ਇਹ ਸੂਰਜ ਤੋਂ ਸੁਰੱਖਿਆ ਲਈ ਇਕਲੌਤੀ ਚੀਜ਼ ਨਹੀਂ ਹੋਣੀ ਚਾਹੀਦੀ।
ਉਹ ਕਹਿੰਦੇ ਹਨ, "ਸਨਸਕ੍ਰੀਨ ਉਨ੍ਹਾਂ ਖੇਤਰਾਂ ਦੀ ਰੱਖਿਆ ਲਈ ਜ਼ਰੂਰੀ ਹੈ ਜੋ ਕੱਪੜਿਆਂ ਦੁਆਰਾ ਢਕੇ ਨਹੀਂ ਜਾ ਸਕਦੇ, ਜਿਵੇਂ ਕਿ ਚਿਹਰਾ, ਗਰਦਨ, ਹੱਥ ਅਤੇ ਪੈਰ। ਸਿਰਫ ਯੂਪੀਐੱਫ ਕੱਪੜਿਆਂ 'ਤੇ ਨਿਰਭਰ ਰਹਿਣਾ ਸੁਰੱਖਿਆ ਵਿੱਚ ਕਮੀਆਂ ਪੈਦਾ ਕਰਦਾ ਹੈ, ਇਸ ਲਈ ਦੋਵਾਂ ਚੀਜ਼ਾਂ ਦੀ ਵਰਤੋਂ ਕਰਨਾ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ