You’re viewing a text-only version of this website that uses less data. View the main version of the website including all images and videos.
ਆਈਪੀਐਲ: ਪੰਜਾਬ ਕਿੰਗਜ਼ ਨੇ ਲਗਾਈ ਹਾਰ ਦੀ ਹੈਟ੍ਰਿਕ, ਲਗਾਤਾਰ ਤੀਜਾ ਮੈਚ ਹਾਰ ਕੇ ਪੁਆਇੰਟ ਟੇਬਲ 'ਚ ਟਾਪ ਤੋਂ ਖਿਸਕੀ ਟੀਮ
ਆਈਪੀਐਲ ਦੇ ਇਸ ਸੀਜ਼ਨ ਵਿੱਚ ਪਹਿਲਾਂ ਜਿੱਥੇ ਪੰਜਾਬ ਕਿੰਗਜ਼ ਦੀ ਜਿੱਤ ਦਾ ਸਿਲਸਿਲਾ ਨਹੀਂ ਰੁਕ ਰਿਹਾ ਸੀ ਉੱਥੇ ਹੀ ਹੁਣ ਟੀਮ ਨੇ ਹਾਰ ਦੀ ਹੈਟ੍ਰਿਕ ਲਗਾ ਦਿੱਤੀ ਹੈ।
ਬੁੱਧਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ 33 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਇਹ ਜਾਰੀ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦੀ ਲਗਾਤਾਰ ਤੀਜੀ ਹਾਰ ਹੈ।
ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਸਨਰਾਈਜ਼ਰਜ਼ ਹੈਦਰਾਬਾਦ ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 235 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਪੰਜਾਬ ਕਿੰਗਜ਼ ਦੀ ਟੀਮ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ ਸਿਰਫ਼ 202 ਦੌੜਾਂ ਹੀ ਬਣਾ ਸਕੀ ਅਤੇ ਮੈਚ ਗੁਆ ਦਿੱਤਾ।
ਇਸ ਮੈਚ ਵਿੱਚ ਪੰਜਾਬ ਟੀਮ ਨੇ ਨਾ ਸਿਰਫ਼ ਬੱਲੇਬਾਜ਼ੀ ਸਗੋਂ ਢਿੱਲੀ ਫੀਲਡਿੰਗ ਨਾਲ ਵੀ ਨਿਰਾਸ਼ ਕੀਤਾ।
ਪੁਆਇੰਟ ਟੇਬਲ 'ਚ ਵੀ ਹੇਠਾਂ ਆਈ ਟੀਮ
ਲਗਾਤਾਰ ਤੀਸਰੀ ਹਾਰ ਦੇ ਨਾਲ ਪੰਜਾਬ ਕਿੰਗਜ਼ ਨੇ ਪੁਆਇੰਟ ਟੇਬਲ ਵਿੱਚ ਵੀ ਸਿਖਰਲਾ ਸਥਾਨ ਗੁਆ ਦਿੱਤਾ ਹੈ।
ਹੁਣ ਸਨਰਾਈਜ਼ਰਜ਼ ਹੈਦਰਾਬਾਦ ਟਾਪ 'ਤੇ ਪਹੁੰਚ ਗਈ ਹੈ। ਟੀਮ ਨੇ ਹੁਣ ਤੱਕ 11 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 7 ਵਿੱਚ ਉਨ੍ਹਾਂ ਨੇ ਜਿੱਤ ਦਰਜ ਕੀਤੀ ਹੈ ਅਤੇ 4 ਮੈਚ ਗੁਆਏ ਹਨ। ਇਸ ਵੇਲੇ ਹੈਦਰਾਬਾਦ ਟੀਮ ਕੋਲ 14 ਪੁਆਇੰਟਸ ਹਨ।
ਜਦਕਿ ਪੰਜਾਬ ਨੇ ਅਜੇ ਤੱਕ 10 ਮੈਚਾਂ ਵਿੱਚੋਂ 6 ਜਿੱਤੇ ਹਨ ਅਤੇ 3 ਵਿੱਚ ਟੀਮ ਹਾਰ ਦਾ ਮੂੰਹ ਦੇਖਣਾ ਪਿਆ ਹੈ। ਹਾਲਾਂਕਿ ਇੱਕ ਮੈਚ ਰੱਦ ਹੋ ਗਿਆ ਸੀ। ਇਸ ਵੇਲੇ ਪੁਆਇੰਟ ਟੇਬਲ ਵਿੱਚ 13 ਪੁਆਇੰਟਸ ਦੇ ਨਾਲ ਪੰਜਾਬ ਕਿੰਗਜ਼ ਦੂਜੇ ਸਥਾਨ 'ਤੇ ਖਿਸਕ ਗਈ ਹੈ।
ਪੰਜਾਬ ਕਿੰਗਜ਼ ਤੋਂ ਬਾਅਦ ਤੀਜੇ, ਚੌਥੇ ਅਤੇ ਪੰਜਵੇ ਨੰਬਰ 'ਤੇ 12-12 ਅੰਕਾਂ ਨਾਲ ਕ੍ਰਮਵਾਰ ਰਾਇਲ ਚੈਲੇਂਜਰਸ ਬੈਂਗਲੌਰ, ਰਾਜਸਥਾਨ ਰਾਇਲਜ਼ ਅਤੇ ਗੁਜਰਾਤ ਟਾਈਟਨਜ਼ ਹਨ।
ਕਮਜ਼ੋਰ ਸ਼ੁਰੂਆਤ ਤੇ ਬੱਲੇਬਾਜ਼ੀ ਨੇ ਕੀਤਾ ਨਿਰਾਸ਼
236 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਕਿੰਗਜ਼ ਦੀ ਸ਼ੁਰੂਆਤ ਕਮਜ਼ੋਰ ਰਹੀ। ਟੀਮ ਨੂੰ ਪਹਿਲੇ ਹੀ ਓਵਰ ਵਿੱਚ ਝਟਕਾ ਲੱਗਿਆ ਅਤੇ ਪੈਟ ਕਮਿੰਸ ਨੇ ਪ੍ਰਿਯਾਂਸ਼ ਆਰੀਆ ਨੂੰ ਵਾਪਸ ਪੈਵੇਲੀਅਨ ਭੇਜ ਦਿੱਤਾ।
ਪ੍ਰਭਸਿਮਰਨ ਸਿੰਘ ਵੀ ਤਿੰਨ ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ। ਇਸ ਵਾਰ ਕਪਤਾਨ ਸ਼੍ਰੇਅਸ ਅਈਅਰ ਵੀ ਕਮਾਲ ਨਹੀਂ ਕਰ ਸਕੇ ਅਤੇ ਸਿਰਫ਼ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ। ਮਾਰਕਸ ਸਟੋਇਨਿਸ ਨੇ 14 ਗੇਂਦਾਂ 'ਤੇ 28 ਦੌੜਾਂ ਬਣਾਈਆਂ ਜਦਕਿ ਸ਼ਸ਼ਾਂਕ ਸਿੰਘ ਸਿਰਫ਼ 4 ਦੌੜਾਂ ਹੀ ਬਣਾ ਸਕੇ।
ਪੰਜਾਬ ਲਈ ਕੂਪਰ ਕੌਨੋਲੀ ਨੇ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ 59 ਗੇਂਦਾਂ 'ਤੇ 107 ਦੌੜਾਂ ਬਣਾਈਆਂ ਅਤੇ ਨਾਬਾਦ ਰਹੇ। ਆਪਣੀ ਇਸ ਪਾਰੀ ਵਿੱਚ ਉਨ੍ਹਾਂ ਨੇ 8 ਛਕੇ ਅਤੇ 7 ਚੁਕੇ ਜੜੇ। ਹਾਲਾਂਕਿ ਉਨ੍ਹਾਂ ਦਾ ਇਹ ਸੈਂਕੜਾ ਵੀ ਟੀਮ ਨੂੰ ਜਿੱਤ ਨਾ ਦਿਵਾ ਸਕਿਆ।
ਹੈਦਰਾਬਾਦ ਲਈ ਹੇਨਰਿਕ ਕਲਾਸੇਨ ਨੇ 43 ਗੇਂਦਾਂ ਵਿੱਚ 69 ਦੌੜਾਂ ਅਤੇ ਈਸ਼ਾਨ ਕਿਸ਼ਨ ਨੇ 32 ਗੇਂਦਾਂ ਵਿੱਚ 55 ਦੌੜਾਂ ਬਣਾਈਆਂ। ਜਦਕਿ ਪੰਜਾਬ ਕਿੰਗਜ਼ ਦੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਅਰਸ਼ਦੀਪ ਸਿੰਘ, ਲੌਕੀ ਫਰਗਿਊਸਨ, ਵਿਜੇਕੁਮਾਰ ਵੈਸ਼ਾਕ ਅਤੇ ਯੁਜ਼ਵੇਂਦਰ ਚਹਿਲ ਨੇ ਇੱਕ-ਇੱਕ ਵਿਕਟ ਆਪਣੇ ਖਾਤੇ ਕੀਤਾ।
ਇੱਕੋ ਮੈਚ 'ਚ 3 ਕੈਚ ਛੱਡਣਾ ਪਿਆ ਭਾਰੀ
ਪੰਜਾਬ ਕਿੰਗਜ਼ ਦੇ ਖਿਡਾਰੀ ਇਸ ਮੈਚ 'ਚ ਫੀਲਡਿੰਗ ਦੇ ਮਾਮਲੇ ਵਿੱਚ ਵੀ ਢਿੱਲੇ ਨਜ਼ਰ ਆਏ।
ਪੰਜਾਬ ਕਿੰਗਜ਼ ਲਈ ਇਸ ਮੈਚ ਵਿੱਚ ਤਿੰਨ ਕੈਚ ਛੱਡਣਾ ਭਾਰੀ ਪਿਆ। ਇਸਦੇ ਨਾਲ ਹੀ ਇੱਕ ਸਟੰਪਿੰਗ ਵੀ ਮਿਸ ਕਰ ਦਿੱਤੀ ਗਈ।
ਇਸ ਦੀ ਸ਼ੁਰੂਆਤ ਹੋਈ ਕੂਪਰ ਕੋਨੋਲੀ ਨਾਲ, ਜਦੋਂ ਉਨ੍ਹਾਂ ਨੇ ਲੌਕੀ ਫਰਗਿਊਸਨ ਦੀ ਗੇਂਦ 'ਤੇ ਈਸ਼ਾਨ ਕਿਸ਼ਨ ਦਾ ਕੈਚ ਗੁਆ ਦਿੱਤਾ।
ਇਸ ਤੋਂ ਬਾਅਦ, ਸ਼ਸ਼ਾਂਕ ਸਿੰਘ ਅਤੇ ਫਰਗਿਊਸਨ ਨੇ ਇੱਕ-ਇੱਕ ਕੈਚ ਛੱਡ ਦਿੱਤਾ।
11ਵੇਂ ਓਵਰ ਵਿੱਚ ਜਦੋਂ ਪ੍ਰਭਸਿਮਰਨ ਨੇ ਇਸ਼ਾਨ ਕਿਸ਼ਨ ਦੀ ਸਟੰਪਿੰਗ ਮਿਸ ਕਰ ਦਿੱਤੀ, ਤਾਂ ਕਮੈਂਟੇਟਰ ਨੇ ਵੀ ਕਹਿ ਦਿੱਤਾ, "ਕਿਸਮਤ ਦੇ ਮਾਮਲੇ ਵਿੱਚ ਚਹਿਲ ਲਈ ਅੱਜ ਦੀ ਰਾਤ ਬਹੁਤ ਮਾੜੀ ਸਾਬਤ ਹੋ ਰਹੀ ਹੈ।"
ਹਾਲਾਂਕਿ ਸਨਰਾਈਜ਼ਰਜ਼ ਹੈਦਰਾਬਾਦ ਨੇ ਵੀ ਦੋ ਕੈਚ ਛੱਡੇ, ਪਰ ਜ਼ਿਆਦਾਤਰ ਅਹਿਮ ਕੈਚ ਉਨ੍ਹਾਂ ਨੇ ਲਪਕ ਲਏ।
ਕੀ ਬੋਲੇ ਸ਼੍ਰੇਅਸ ਅਈਅਰ
ਈਐਸਪੀਐਨ ਦੀ ਰਿਪੋਰਟ ਮੁਤਾਬਕ, ਮੈਚ ਤੋਂ ਬਾਅਦ ਜਦੋਂ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਤੋਂ ਪੁੱਛਿਆ ਗਿਆ ਕਿ ਕੀ ਇਸ ਪਿਚ 'ਤੇ ਟੋਟਲ ਸਕੋਰ ਬਹੁਤ ਜ਼ਿਆਦਾ ਸੀ, ਤਾਂ ਉਨ੍ਹਾਂ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ ਥੋੜ੍ਹਾ ਜ਼ਿਆਦਾ ਹੀ ਸੀ, ਕਿਉਂਕਿ ਅਸੀਂ ਸ਼ੁਰੂ ਵਿੱਚ ਕਈ ਕੈਚ ਛੱਡ ਦਿੱਤੇ ਸਨ ਅਤੇ ਅਸੀਂ ਆਸਾਨੀ ਨਾਲ ਉਨ੍ਹਾਂ ਦੇ ਸਕੋਰ ਨੂੰ 30-40 ਦੌੜਾਂ ਤੱਕ ਘੱਟ ਕਰ ਸਕਦੇ ਸੀ।''
''ਮੈਨੂੰ ਲੱਗਦਾ ਹੈ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਵਿਕਟ ਹੌਲੀ ਹੁੰਦੀ ਜਾ ਰਹੀ ਸੀ ਅਤੇ ਕਟਰਜ਼ (ਗੇਂਦਾਂ) ਥੋੜ੍ਹੀਆਂ ਰੁਕ ਕੇ ਆ ਰਹੀਆਂ ਸਨ। ਇਸ ਲਈ ਅਸੀਂ ਨਾ ਤਾਂ ਫ਼ੀਲਡਿੰਗ ਵਿੱਚ, ਨਾ ਹੀ ਗੇਂਦਬਾਜ਼ੀ ਵਿੱਚ ਅਤੇ ਨਾ ਹੀ ਬੱਲੇਬਾਜ਼ੀ ਵਿੱਚ ਪੂਰੀ ਤਰ੍ਹਾਂ ਚੰਗਾ ਪ੍ਰਦਰਸ਼ਨ ਕਰ ਸਕੇ। ਤਾਂ, ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਹਰ ਤਰ੍ਹਾਂ ਨਾਲ ਬਿਹਤਰੀਨ ਕ੍ਰਿਕਟ ਖੇਡੀ ਅਤੇ ਸਾਨੂੰ ਦਿਖਾਇਆ ਕਿ ਮੈਚ ਕਿਵੇਂ ਜਿੱਤਿਆ ਜਾਂਦਾ ਹੈ।"
ਅਈਅਰ ਨੇ ਕਿਹਾ, "ਕਿਸਮਤ ਨੇ ਸਾਥ ਨਹੀਂ ਦਿੱਤਾ ਪਰ ਚਹਿਲ ਨੇ ਅੱਜ ਬਹੁਤ ਸ਼ਾਨਦਾਰ ਗੇਂਦਬਾਜ਼ੀ ਕੀਤੀ। ਬੇਸ਼ੱਕ, ਜਿਸ ਤਰੀਕੇ ਨਾਲ ਉਨ੍ਹਾਂ ਨੇ ਗੇਂਦਬਾਜ਼ੀ ਕੀਤੀ, ਉਹ ਨਿਡਰ ਸਨ ਅਤੇ ਖੱਬੇ ਹੱਥ ਦੇ ਬੱਲੇਬਾਜ਼ਾਂ ਦੇ ਖ਼ਿਲਾਫ਼ ਉਨ੍ਹਾਂ ਦਾ ਰਵੱਈਆ ਬਹੁਤ ਵਧੀਆ ਸੀ।''
''ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਹਮਲਾਵਰ ਢੰਗ ਨਾਲ ਗੇਂਦਬਾਜ਼ੀ ਕਰਨ, ਖ਼ਾਸ ਕਰਕੇ ਜਦੋਂ ਨਵੇਂ ਬੱਲੇਬਾਜ਼ ਕ੍ਰੀਜ਼ 'ਤੇ ਹੋਣ, ਕਿਉਂਕਿ ਉਹ ਪਹਿਲੀ ਹੀ ਗੇਂਦ ਤੋਂ ਹਮਲਾਵਰ ਮੂਡ ਵਿੱਚ ਸਨ। ਉਸ ਸਮੇਂ ਵਿਕਟ ਲੈਣਾ ਬਹੁਤ ਜ਼ਰੂਰੀ ਸੀ। ਬਦਕਿਸਮਤੀ ਨਾਲ, ਅਸੀਂ ਕੈਚ ਨਹੀਂ ਫੜ੍ਹ ਸਕੇ। ਮੈਨੂੰ ਲੱਗਦਾ ਹੈ ਕਿ ਅੱਜ ਦੇ ਮੈਚ ਵਿੱਚ ਸਾਡੇ ਲਈ ਇਹ ਸਭ ਤੋਂ ਵੱਡਾ ਝਟਕਾ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ