'ਜਦੋਂ ਮੈਨੂੰ ਪਤਾ ਲੱਗਿਆ ਕਿ ਪੇਪਰ ਰੱਦ ਹੋ ਗਿਆ ਹੈ, ਮੈਂ ਪੂਰੀ ਤਰ੍ਹਾਂ ਸਦਮੇ ਵਿੱਚ ਸੀ, ਮੇਰੇ ਹੱਥ-ਪੈਰ ਠੰਢੇ ਹੋ ਗਏ ਸਨ'- ਨੀਟ 'ਤੇ ਗੁੱਸਾ ਤੇ ਨਿਰਾਸ਼ਾ

- ਲੇਖਕ, ਸ਼ੁਭਾਂਗੀ ਮਿਸ਼ਰਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
"ਪੇਪਰ ਕੈਂਸਲ ਹੋਣਾ ਉਸ ਦੌੜ ਵਾਂਗ ਹੈ, ਜਿਸ ਵਿੱਚ ਕੋਈ ਵਿਅਕਤੀ ਫਿਨਿਸ਼ ਲਾਈਨ ਤੱਕ ਪਹੁੰਚ ਕੇ ਵੀ ਮੁੜ ਤੋਂ ਦੌੜਨ ਲਈ ਕਿਹਾ ਜਾਵੇ," ਇਹ ਕਹਿਣਾ ਹੈ ਸੁਨਾਮ ਦੇ ਰਹਿਣ ਵਾਲੇ ਪ੍ਰਣਬ ਅਸੀਜਾ ਦੇ ਪਿਤਾ ਭਰਤ ਭੂਸ਼ਣ ਦਾ, ਜਿਨ੍ਹਾਂ ਦਾ ਪੁੱਤਰ ਨੀਟ (ਨੈਸ਼ਨਲ ਐਲਿਜ਼ਬਿਲਿਟੀ ਕਮ ਐਂਟ੍ਰੈਂਸ ਟੈਸਟ) ਯੂਜੀ 2026 ਦੀ ਪ੍ਰੀਖਿਆ ਰੱਦ ਹੋਣ ਨਾਲ ਗਹਿਰੇ ਸਦਮੇ ਵਿੱਚ ਹੈ।
ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ ਯੂਜੀ 2026 ਨੂੰ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਸਰਕਾਰ ਨੇ ਇਸ ਫੈਸਲੇ ਦੇ ਪਿੱਛੇ ਪ੍ਰੀਖਿਆ ਵਿੱਚ ਆਈਆਂ ਗੰਭੀਰ ਬੇਨਿਯਮੀਆਂ ਅਤੇ ਕਥਿਤ ਪੇਪਰ ਲੀਕ ਨੂੰ ਮੁੱਖ ਕਾਰਨ ਦੱਸਿਆ ਹੈ। ਇਸ ਐਲਾਨ ਨਾਲ ਲੱਖਾਂ ਵਿਦਿਆਰਥੀਆਂ ਦੇ ਸੁਪਨੇ ਅਚਾਨਕ ਠਹਿਰ ਗਏ ਹਨ ਅਤੇ ਦੇਸ਼ ਭਰ ਵਿੱਚ ਨਿਰਾਸ਼ਾ ਅਤੇ ਗੁੱਸੇ ਦਾ ਮਾਹੌਲ ਬਣ ਗਿਆ ਹੈ।
ਪੰਜਾਬ ਦੇ ਜ਼ਿਲ੍ਹਾ ਬਠਿੰਡਾ ਤੋਂ ਮਨੋਜ ਸ਼ਰਮਾ ਦੀ ਰਿਪੋਰਟ ਮੁਤਾਬਕ, ਬਠਿੰਡਾ ਦੇ ਵੱਖ-ਵੱਖ ਕੋਚਿੰਗ ਸੈਂਟਰਾਂ ਵਿੱਚ ਮਹੀਨਿਆਂ ਦੀ ਕਠਿਨ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਇਹ ਫੈਸਲਾ ਵੱਡਾ ਝਟਕਾ ਸਾਬਤ ਹੋਇਆ ਹੈ। ਮੌੜ ਮੰਡੀ ਦੀ ਵਿਦਿਆਰਥਣ ਸਾਂਨਵੀ ਅਤੇ ਨੌਜਵਾਨ ਅਕਾਸ਼ਦੀਪ ਦੱਸਦੇ ਹਨ, "ਅਸੀਂ ਦਿਨ-ਰਾਤ ਮਿਹਨਤ ਕਰਕੇ ਪੇਪਰ ਦੀ ਤਿਆਰੀ ਕੀਤੀ ਸੀ, ਪਰ ਇੱਕ ਫੈਸਲੇ ਨਾਲ ਸਾਡੇ ਸੁਪਨੇ ਟੁੱਟ ਗਏ।"
ਬਠਿੰਡਾ ਦੇ ਸੰਜੀਵ ਕੁਮਾਰ ਦਾ ਕਹਿਣਾ ਹੈ, "ਵਿਦਿਆਰਥੀ ਇਸ ਵੇਲੇ ਮਾਨਸਿਕ ਤਣਾਅ ਅਤੇ ਅਨਿਸ਼ਚਿਤਤਾ ਵਿੱਚ ਹਨ, ਜਦਕਿ ਮਾਪੇ ਪ੍ਰੀਖਿਆ ਪ੍ਰਣਾਲੀ ਦੀ ਭਰੋਸੇਯੋਗਤਾ 'ਤੇ ਸਵਾਲ ਉਠਾ ਰਹੇ ਹਨ।" ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਮੁੜ ਪ੍ਰੀਖਿਆ ਦੀ ਤਾਰੀਖ ਜਲਦ ਐਲਾਨ ਕੀਤੀ ਜਾਵੇ ਅਤੇ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਜਾਵੇ।
ਸਿੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਇਹ ਘਟਨਾ ਪ੍ਰੀਖਿਆ ਪ੍ਰਣਾਲੀ ਲਈ ਚੇਤਾਵਨੀ ਹੈ ਅਤੇ ਭਰੋਸਾ ਕਾਇਮ ਰੱਖਣ ਲਈ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਲਾਜ਼ਮੀ ਹੈ।

ਸੰਗਰੂਰ ਤੋਂ ਕੁਲਵੀਰ ਨਮੋਲ ਦੀ ਰਿਪੋਰਟ ਮੁਤਾਬਕ, ਸੁਨਾਮ ਦੇ ਰਹਿਣ ਵਾਲੇ ਪ੍ਰਣਬ ਅਸੀਜਾ ਵਰਗੇ ਹਜ਼ਾਰਾਂ ਵਿਦਿਆਰਥੀ ਪ੍ਰੀਖਿਆ ਰੱਦ ਹੋਣ ਤੋਂ ਬਾਅਦ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
ਪ੍ਰਣਬ ਦੱਸਦੇ ਹਨ, "ਜਦੋਂ ਮੈਨੂੰ ਪਤਾ ਲੱਗਿਆ ਕਿ ਪੇਪਰ ਕੈਂਸਲ ਹੋ ਗਿਆ ਹੈ, ਮੈਂ ਪੂਰੀ ਤਰ੍ਹਾਂ ਸਦਮੇ ਵਿੱਚ ਸੀ, ਮੇਰੇ ਹੱਥ-ਪੈਰ ਠੰਢੇ ਹੋ ਗਏ ਸਨ।"
ਉਹ ਕਹਿੰਦੇ ਹਨ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਤਿਆਰੀ ਕਰ ਰਹੇ ਸਨ ਅਤੇ ਹਰ ਰੋਜ਼ ਲਗਭਗ 12 ਘੰਟੇ ਪੜ੍ਹਾਈ ਕਰਦੇ ਰਹੇ। "ਸਾਨੂੰ ਉਮੀਦ ਸੀ ਕਿ ਇਸ ਵਾਰ ਚੰਗਾ ਰੈਂਕ ਆਵੇਗਾ, ਪਰ ਹੁਣ ਸਭ ਕੁਝ ਅਣਿਸ਼ਚਿਤ ਹੋ ਗਿਆ ਹੈ।"
ਪ੍ਰਣਬ ਨੇ ਪਿਛਲੇ ਸਾਲਾਂ ਦੇ ਤਜਰਬੇ 'ਤੇ ਵੀ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ, "2024 ਵਿੱਚ ਵੀ ਪੇਪਰ ਲੀਕ ਹੋਣ ਦੀ ਗੱਲ ਸਾਹਮਣੇ ਆਈ ਸੀ। ਕਿਹਾ ਗਿਆ ਸੀ ਕਿ ਸੁਰੱਖਿਆ ਵਧਾਈ ਜਾਵੇਗੀ, ਕੈਮਰੇ ਲਗਾਏ ਜਾਣਗੇ, ਪਰ ਫਿਰ ਵੀ ਇਹੀ ਹਾਲਤ ਬਣ ਗਈ।"
ਉਹ ਮੰਨਦੇ ਹਨ ਕਿ ਇਸ ਘਟਨਾ ਨਾਲ ਉਨ੍ਹਾਂ ਦਾ ਪ੍ਰਣਾਲੀ 'ਤੇ ਭਰੋਸਾ ਡੋਲ ਗਿਆ ਹੈ। ਪ੍ਰਣਬ ਨੇ ਭਾਵੁਕ ਹੋ ਕੇ ਕਿਹਾ, "ਹੁਣ ਇਹ ਯਕੀਨ ਨਹੀਂ ਰਹਿੰਦਾ ਕਿ ਅਗਲੀ ਵਾਰ ਪੇਪਰ ਰੱਦ ਨਹੀਂ ਹੋਵੇਗਾ।"
ਉੱਧਰ, ਪ੍ਰਣਬ ਦੇ ਪਿਤਾ ਭਰਤ ਭੂਸ਼ਣ ਦੱਸਦੇ ਹਨ ਕਿ ਪਿਛਲੇ ਇੱਕ ਸਾਲ ਵਿੱਚ ਉਨ੍ਹਾਂ ਨੇ ਆਪਣੇ ਪੁੱਤਰ ਦੀ ਤਿਆਰੀ 'ਤੇ ਲਗਭਗ ਸਾਢੇ ਚਾਰ ਲੱਖ ਰੁਪਏ ਖਰਚ ਕੀਤੇ ਹਨ।
ਉਹ ਕਹਿੰਦੇ ਹਨ, "ਫੀਸ ਵਾਪਸ ਕਰਨ ਨਾਲ ਕੁਝ ਨਹੀਂ ਬਣਦਾ। 1800 ਰੁਪਏ ਨਾਲ ਨਾ ਮਿਹਨਤ ਵਾਪਸ ਆਉਂਦੀ ਹੈ, ਨਾ ਸਮਾਂ ਅਤੇ ਨਾ ਹੀ ਮਾਨਸਿਕ ਦਬਾਅ ਘਟਦਾ ਹੈ।"
ਹੁਣ ਸਭ ਦੀ ਨਿਗਾਹ ਮੁੜ ਹੋਣ ਵਾਲੀ ਪ੍ਰੀਖਿਆ 'ਤੇ ਟਿਕੀ ਹੋਈ ਹੈ, ਜਿੱਥੇ ਵਿਦਿਆਰਥੀ ਨਿਆਂ, ਪਾਰਦਰਸ਼ਤਾ ਅਤੇ ਇੱਕ ਭਰੋਸੇਯੋਗ ਪ੍ਰਣਾਲੀ ਦੀ ਉਮੀਦ ਕਰ ਰਹੇ ਹਨ।

ਇਸ ਦੇ ਨਾਲ ਹੀ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਮੁਤਾਬਕ, ਬਟਾਲਾ ਦੇ ਮੜੀਆਵਾਲ ਇਲਾਕੇ ਦੀਆਂ ਚਚੇਰੀਆਂ ਭੈਣਾਂ ਤਨੂੰ ਅਤੇ ਵੰਸ਼ਿਖਾ ਲਈ ਵੀ ਇਹ ਫੈਸਲਾ ਵੱਡਾ ਝਟਕਾ ਬਣਿਆ। ਦੋਵਾਂ ਦਾ ਟੀਚਾ ਹੈ, "ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਲਾ ਲੈ ਕੇ ਡਾਕਟਰ ਬਣਨਾ।"
ਉਹਨਾਂ ਨੇ 16–18 ਘੰਟੇ ਮਿਹਨਤ ਕਰਕੇ ਤਿਆਰੀ ਕੀਤੀ ਸੀ ਅਤੇ ਮੈਟ੍ਰਿਕ ਵਿੱਚ ਕਰੀਬ 94% ਨੰਬਰ ਹਾਸਲ ਕੀਤੇ। ਉਹ ਕਹਿੰਦੇ ਹਨ, "ਦੁੱਖ ਤਾਂ ਹੈ, ਪਰ ਜੇ ਪੇਪਰ ਲੀਕ ਕਾਰਨ ਪ੍ਰੀਖਿਆ ਰੱਦ ਹੋਈ ਹੈ ਤਾਂ ਇਹ ਮਿਹਨਤੀ ਵਿਦਿਆਰਥੀਆਂ ਲਈ ਠੀਕ ਫੈਸਲਾ ਹੈ।"
ਮਾਪਿਆਂ ਦਾ ਕਹਿਣਾ ਹੈ, "ਅਸੀਂ ਮਹਿੰਗੀਆਂ ਪੇਡ ਸੀਟਾਂ ਨਹੀਂ ਲੈ ਸਕਦੇ," ਅਤੇ ਉਹ ਜਲਦ ਮੁੜ ਪ੍ਰੀਖਿਆ ਦੀ ਉਮੀਦ ਕਰ ਰਹੇ ਹਨ। ਵੰਸ਼ਿਖਾ ਨੇ ਸਵਾਲ ਉਠਾਇਆ, "ਜਦੋਂ ਏਆਈ ਨਾਲ ਪਾਰਦਰਸ਼ਤਾ ਦੇ ਦਾਅਵੇ ਕੀਤੇ ਗਏ ਸਨ, ਫਿਰ ਪ੍ਰੀਖਿਆ ਰੱਦ ਕਿਉਂ ਹੋਈ?"
ਸਿੱਖਿਆ ਮਾਹਰਾਂ ਮੁਤਾਬਕ, ਇਹ ਘਟਨਾ ਪ੍ਰੀਖਿਆ ਪ੍ਰਣਾਲੀ ਲਈ ਵੱਡੀ ਚੇਤਾਵਨੀ ਹੈ ਅਤੇ ਭਰੋਸਾ ਕਾਇਮ ਰੱਖਣ ਲਈ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਲੋੜ ਹੈ।

ਤਸਵੀਰ ਸਰੋਤ, ANI
ਦਰਅਸਲ, 3 ਮਈ 2026 ਨੂੰ, ਭਾਰਤ ਭਰ ਵਿੱਚ 22 ਲੱਖ ਤੋਂ ਵੱਧ ਵਿਦਿਆਰਥੀ ਉਸ ਪ੍ਰੀਖਿਆ ਲਈ ਬੈਠੇ ਜੋ ਉਹਨਾਂ ਦੀ ਜ਼ਿੰਦਗੀ ਬਦਲਣ ਦੀ ਉਮੀਦ ਸੀ। ਪ੍ਰੀਖਿਆ ਰੱਦ ਹੋਣ ਤੋਂ ਬਾਅਦ ਹਾਲੇ ਤੱਕ ਨਵੀਆਂ ਤਰੀਕਾਂ ਦਾ ਐਲਾਨ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਦਾਖ਼ਲਾ ਪ੍ਰਕਿਰਿਆ ਵਿੱਚ ਸੰਭਾਵਿਤ ਦੇਰੀ ਨੂੰ ਲੈ ਕੇ ਚਿੰਤਾ ਵੱਧ ਰਹੀ ਹੈ।
ਮੰਗਲਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ, ਨੈਸ਼ਨਲ ਟੈਸਟਿੰਗ ਏਜੰਸੀ ਦੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਨੇ ਕਿਹਾ ਕਿ ਏਜੰਸੀ ਨੂੰ 7 ਮਈ ਨੂੰ, ਪ੍ਰੀਖਿਆ ਤੋਂ ਚਾਰ ਦਿਨ ਬਾਅਦ, ਇਕ ਵਿਸਲਬਲੋਅਰ ਵੱਲੋਂ ਜਾਣਕਾਰੀ ਮਿਲੀ ਸੀ ਕਿ ਇੱਕ 'ਗੈੱਸ ਪੇਪਰ' ਦੀ ਪੀਡੀਐੱਫ ਵਟਸਐਪ 'ਤੇ ਫੈਲਾਈ ਗਈ ਸੀ ਅਤੇ ਇਸ ਵਿੱਚ ਅਸਲ ਨੀਟ ਪ੍ਰੀਖਿਆ ਨਾਲ ਮਿਲਦੇ-ਜੁਲਦੇ ਪ੍ਰਸ਼ਨ ਸਨ।
ਅਭਿਸ਼ੇਕ ਸਿੰਘ ਨੇ ਕਿਹਾ, "ਪ੍ਰੀਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਸਾਡੀ ਜ਼ੀਰੋ-ਟੋਲਰੈਂਸ ਨੀਤੀ ਦੇ ਖ਼ਿਲਾਫ਼ ਹੈ ਅਤੇ ਇਹ ਉਨ੍ਹਾਂ 22 ਲੱਖ ਵਿਦਿਆਰਥੀਆਂ ਦੇ ਭਵਿੱਖ 'ਤੇ ਅਸਰ ਪਾਉਂਦੀ ਹੈ ਜਿਨ੍ਹਾਂ ਨੇ ਇਸ ਪ੍ਰੀਖਿਆ ਲਈ ਕਠਿਨ ਮਿਹਨਤ ਕੀਤੀ ਹੈ।"
ਨੀਟ-ਯੂਜੀ ਭਾਰਤ ਦੀ ਇਕੋ ਇਕ ਇਕਰੂਪ ਮੈਡੀਕਲ ਦਾਖ਼ਲਾ ਪ੍ਰੀਖਿਆ ਹੈ ਜੋ ਦੇਸ਼ ਭਰ ਵਿੱਚ ਅੰਡਰਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖ਼ਲਾ ਤੈਅ ਕਰਦੀ ਹੈ। ਇਸ ਨੇ ਪਹਿਲਾਂ ਦੀਆਂ ਵੱਖ-ਵੱਖ ਰਾਜ ਪੱਧਰੀ ਮੈਡੀਕਲ ਦਾਖ਼ਲਾ ਪ੍ਰੀਖਿਆਵਾਂ ਦੀ ਥਾਂ ਲੈ ਕੇ ਇੱਕ ਸਾਂਝੀ ਅਤੇ ਮਿਆਰੀ ਪ੍ਰੀਖਿਆ ਦਾ ਰੂਪ ਧਾਰਿਆ ਹੈ ਜੋ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਹੁੰਦੀ ਹੈ।
ਪਰ ਕਥਿਤ ਲੀਕ ਨੇ ਇੱਕ ਵਾਰ ਫਿਰ ਐੱਨਟੀਏ ਦੀ ਵੱਡੇ ਪੱਧਰ 'ਤੇ ਪ੍ਰੀਖਿਆਵਾਂ ਨੂੰ ਸੁਚੱਜੇ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਦੀ ਸਮਰੱਥਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਪ੍ਰੀਖਿਆ ਰੱਦ ਹੋਣ ਤੋਂ ਇੱਕ ਦਿਨ ਬਾਅਦ, ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ ਅਤੇ ਅਦਾਲਤੀ ਨਿਗਰਾਨੀ ਹੇਠ ਮੁੜ ਪ੍ਰੀਖਿਆ ਕਰਵਾਉਣ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਦੀ ਬਦਲੀ ਜਾਂ ਬੁਨਿਆਦੀ ਪੁਨਰਗਠਨ ਦੀ ਮੰਗ ਕੀਤੀ।
2024 ਵਿੱਚ ਵੀ ਇਹ ਪ੍ਰੀਖਿਆ ਪੇਪਰ ਲੀਕ ਦੇ ਇਲਜ਼ਾਮਾਂ ਅਤੇ ਗ੍ਰੇਸ ਮਾਰਕਸ ਦੇਣ ਵਿੱਚ ਬੇਨਿਯਮੀਆਂ ਦੇ ਵਿਵਾਦਾਂ ਵਿੱਚ ਘਿਰੀ ਰਹੀ ਸੀ, ਜਿਸ ਕਾਰਨ ਦੇਸ਼ ਭਰ ਵਿੱਚ ਪ੍ਰਦਰਸ਼ਨ ਹੋਏ ਸਨ ਜਦੋਂ ਹਜ਼ਾਰਾਂ ਉਮੀਦਵਾਰਾਂ ਨੂੰ ਅਸਧਾਰਣ ਤੌਰ 'ਤੇ ਉੱਚ ਅੰਕ ਮਿਲੇ ਸਨ।
ਕੇਂਦਰੀ ਜਾਂਚ ਬਿਊਰੋ ਇਸ ਤਾਜ਼ਾ ਮਾਮਲੇ ਦੀ ਜਾਂਚ ਕਰ ਰਹੀ ਹੈ। ਦੇਸ਼ ਭਰ ਵਿੱਚ ਕਈ ਗ੍ਰਿਫ਼ਤਾਰੀਆਂ ਅਤੇ ਕਈ ਲੋਕ ਹਿਰਾਸਤ ਵਿੱਚ ਵੀ ਲਏ ਗਏ।

ਤਸਵੀਰ ਸਰੋਤ, ANI
ਨੀਟ ਕਰਵਾਉਣਾ ਇੰਨਾ ਮੁਸ਼ਕਲ ਕਿਉਂ ਹੈ
ਐੱਨਟੀਏ ਤੋਂ ਪਹਿਲਾਂ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਮੈਡੀਕਲ ਲਈ ਨੀਟ ਅਤੇ ਇੰਜੀਨੀਅਰਿੰਗ ਲਈ ਜੇਈਈ ਵਰਗੀਆਂ ਦਾਖ਼ਲਾ ਪ੍ਰੀਖਿਆਵਾਂ ਕਰਵਾਉਂਦਾ ਸੀ, ਜਦਕਿ ਰਾਜ ਬੋਰਡਾਂ ਅਤੇ ਯੂਨੀਵਰਸਿਟੀਆਂ ਆਪਣੀਆਂ ਵੱਖ-ਵੱਖ ਦਾਖ਼ਲਾ ਪ੍ਰੀਖਿਆਵਾਂ ਲੈਂਦੀਆਂ ਸਨ।
ਐੱਨਟੀਏ ਦੀ ਸਥਾਪਨਾ ਨਵੰਬਰ 2017 ਵਿੱਚ ਇਸ ਮਹੱਤਵਾਕਾਂਕਸ਼ੀ ਉਦੇਸ਼ ਨਾਲ ਕੀਤੀ ਗਈ ਸੀ ਕਿ ਭਾਰਤ ਦੀ ਉੱਚ ਸਿੱਖਿਆ ਦੀ ਦਾਖ਼ਲਾ ਪ੍ਰੀਖਿਆ ਪ੍ਰਣਾਲੀ ਵਿੱਚ ਸਖ਼ਤੀ, ਮਿਆਰੀਕਰਨ ਅਤੇ ਭਰੋਸੇਯੋਗਤਾ ਲਿਆਂਦੀ ਜਾਵੇ ਅਤੇ ਵਿਦਿਆਰਥੀਆਂ ਨੂੰ ਕਈ ਪ੍ਰੀਖਿਆਵਾਂ ਦੇਣ ਦੇ ਬੋਝ ਤੋਂ ਬਚਾਇਆ ਜਾਵੇ।
ਇਹ ਏਜੰਸੀ 15 ਤੋਂ ਵੱਧ ਪ੍ਰੀਖਿਆਵਾਂ ਕਰਵਾਉਂਦੀ ਹੈ।
ਪਰ ਐੱਨਟੀਏ ਕਈ ਸਮੱਸਿਆਵਾਂ ਦਾ ਸਾਹਮਣਾ ਕਰਦੀ ਰਹੀ ਹੈ ਅਤੇ ਪਾਰਦਰਸ਼ਤਾ ਅਤੇ ਜਨਤਕ ਜਵਾਬਦੇਹੀ ਦੀ ਕਮੀ ਦੇ ਇਲਜ਼ਾਮਾਂ ਕਾਰਨ ਆਲੋਚਨਾ ਦਾ ਕੇਂਦਰ ਰਹੀ ਹੈ।
2024 ਵਿੱਚ ਵੀ, ਸਰਕਾਰ ਨੂੰ "ਸਮਝੌਤਾ ਕੀਤੀ ਗਈ ਇੰਟੀਗ੍ਰਿਟੀ" ਦਾ ਹਵਾਲਾ ਦਿੰਦੇ ਹੋਏ, ਯੂਜੀਸੀ-ਨੈੱਟ ਪ੍ਰੀਖਿਆ ਪੂਰੀ ਤਰ੍ਹਾਂ ਰੱਦ ਕਰਨੀ ਪਈ ਸੀ, ਲਗਭਗ ਇਸੇ ਸਮੇਂ ਪੇਪਰ ਲੀਕ ਦੇ ਇਲਜ਼ਾਮ ਵੀ ਸਾਹਮਣੇ ਆਏ ਸਨ, ਜਿਸ ਨਾਲ ਭਾਰੀ ਆਲੋਚਨਾ ਹੋਈ ਸੀ।
ਜਦਕਿ ਸਰਕਾਰ ਨੇ ਭ੍ਰਿਸ਼ਟਾਚਾਰ ਤੇ ਨਕੇਲ ਕੱਸਣ ਅਤੇ ਉਨ੍ਹਾਂ ਨੂੰ ਰੋਕਣ ਦਾ ਵਾਅਦਾ ਕੀਤਾ ਹੈ, ਆਲੋਚਕਾਂ ਦਾ ਕਹਿਣਾ ਹੈ ਕਿ ਇਸ ਤੋਂ ਵੀ ਡੂੰਘੀਆਂ ਢਾਂਚਾਗਤ ਸਮੱਸਿਆਵਾਂ ਹਨ ਜਿਨ੍ਹਾਂ ਦਾ ਹੱਲ ਲੱਭਣਾ ਜ਼ਰੂਰੀ ਹੈ।
ਮਾਹਰਾਂ ਦੇ ਮੁਤਾਬਕ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਐੱਨਟੀਏ ਵੱਡੇ ਪੱਧਰ 'ਤੇ ਆਉਟਸੋਰਸਿੰਗ 'ਤੇ ਨਿਰਭਰ ਕਰਦੀ ਹੈ, ਪ੍ਰੀਖਿਆ ਕੇਂਦਰ, ਨਿਗਰਾਨੀ ਕਰਮਚਾਰੀ ਅਤੇ ਹੋਰ ਸਟਾਫ ਕਿਉਂਕਿ ਏਜੰਸੀ ਦੇ ਕੋਲ ਆਪਣਾ ਪੂਰਾ ਬੁਨਿਆਦੀ ਢਾਂਚਾ ਸਿੱਧੇ ਤੌਰ 'ਤੇ ਨਿਯੰਤਰਿਤ ਨਹੀਂ ਹੈ, ਜਿਸ ਨਾਲ ਕਈ ਕਮਜ਼ੋਰ ਕੜੀਆਂ ਬਣਦੀਆਂ ਹਨ।
ਅਭਿਸ਼ੇਕ ਸਿੰਘ ਨੇ ਦੈਨਿਕ ਇੰਡਿਅਨ ਐਕਸਪ੍ਰੈੱਸ ਨੂੰ ਦੱਸਿਆ, "ਪ੍ਰੀਖਿਆ ਸੁਚੱਜੇ ਢੰਗ ਨਾਲ ਕਰਵਾਈ ਗਈ ਸੀ। 3 ਮਈ ਨੂੰ ਕੋਈ ਸਮੱਸਿਆ ਨਹੀਂ ਸੀ। ਨਾ ਤਾਂ ਪ੍ਰੀਖਿਆ ਤੋਂ ਪਹਿਲਾਂ ਅਤੇ ਨਾ ਹੀ ਤੁਰੰਤ ਬਾਅਦ ਕੋਈ ਮਸਲਾ ਸਾਹਮਣੇ ਆਇਆ। ਅਸੀਂ ਓਐੱਮਆਰ ਸ਼ੀਟਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ ਸਭ ਕੁਝ ਵਾਪਸ ਆ ਗਿਆ ਸੀ। ਆਵਾਜਾਈ ਜਾਂ ਪ੍ਰੀਖਿਆ ਦੇ ਆਯੋਜਨ ਵਿੱਚ ਕੋਈ ਸਮੱਸਿਆ ਨਹੀਂ ਸੀ।"
ਉਨ੍ਹਾਂ ਨੇ ਕਿਹਾ, "ਸਰਕਾਰ ਇੱਕ ਅਜਿਹੀ ਪ੍ਰੀਖਿਆ ਕਰਵਾਉਣ ਲਈ ਵਚਨਬੱਧ ਹੈ ਜੋ ਘਪਲੇ ਤੋਂ ਰਹਿਤ ਹੋਵੇ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਗ਼ਲਤ ਪ੍ਰਕਿਰਿਆ ਦੀ ਗੁੰਜਾਇਸ਼ ਨਾ ਹੋਵੇ ਅਤੇ ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ।"

ਤਸਵੀਰ ਸਰੋਤ, ANI
'ਪੈਨ ਐਂਡ ਪੇਪਰ'
ਇੰਜੀਨੀਅਰਿੰਗ ਲਈ ਜੇਈਈ ਵਰਗੀਆਂ ਹੋਰ ਪ੍ਰੀਖਿਆਵਾਂ ਤੋਂ ਵੱਖਰਾ, ਜੋ ਹੁਣ ਆਨਲਾਈਨ ਹੋ ਚੁੱਕੀਆਂ ਹਨ ਅਤੇ ਕਈ ਸ਼ਿਫਟਾਂ ਵਿੱਚ ਕਰਵਾਈਆਂ ਜਾਂਦੀਆਂ ਹਨ, ਨੀਟ ਅਜੇ ਵੀ ਰਵਾਇਤੀ ਪੈਨ ਐਂਡ ਪੇਪਰ ਟੈਸਟ ਹੈ।
ਆਲੋਚਕਾਂ ਦਾ ਕਹਿਣਾ ਹੈ ਕਿ ਇਸ ਨਾਲ ਵੱਡੀ ਲੌਜਿਸਟਿਕ ਚੁਣੌਤੀ ਪੈਦਾ ਹੁੰਦੀ ਹੈ, ਹਜ਼ਾਰਾਂ ਫਿਜ਼ੀਕਲ ਪ੍ਰਸ਼ਨ ਪੱਤਰਾਂ ਨੂੰ ਸੁਰੱਖਿਅਤ ਵਾਹਨਾਂ ਰਾਹੀਂ ਦੇਸ਼ ਭਰ ਵਿੱਚ ਲਗਭਗ 5,500 ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਇਆ ਜਾਂਦਾ ਹੈ, ਜਿਸ ਨਾਲ ਪੂਰੀ ਟਰਾਂਜ਼ਿਟ ਚੇਨ ਸੁਰੱਖਿਆ ਭੰਗ ਹੋਣ ਲਈ ਕਾਫ਼ੀ ਸੰਵੇਦਨਸ਼ੀਲ ਬਣ ਜਾਂਦੀ ਹੈ।
ਅਭਿਸ਼ੇਕ ਸਿੰਘ ਨੇ ਇੰਡਿਅਨ ਐਕਸਪ੍ਰੈੱਸ ਨੂੰ ਦੱਸਿਆ, "ਇਸ (ਕੰਪਿਊਟਰ ਆਧਾਰਿਤ ਟੈਸਟਿੰਗ) ਬਾਰੇ ਫ਼ੈਸਲਾ ਕਰਨਾ ਐੱਨਟੀਏ ਦਾ ਕੰਮ ਨਹੀਂ ਹੈ। ਇਹ ਸੰਬੰਧਿਤ ਮੰਤਰਾਲੇ ਵੱਲੋਂ ਲਿਆ ਜਾਣ ਵਾਲਾ ਫੈਸਲਾ ਹੈ।"
ਐੱਨਟੀਏ ਵੱਲੋਂ ਕੁਝ ਕਦਮ ਵੀ ਚੁੱਕੇ ਜਾਂਦੇ ਹਨ, ਦੱਸਿਆ ਜਾਂਦਾ ਹੈ ਕਿ ਪ੍ਰਸ਼ਨ ਪੱਤਰ ਸੁਰੱਖਿਅਤ ਡਿਜ਼ੀਟਲ ਲੌਕ ਵਾਲੇ ਬਕਸਿਆਂ ਵਿੱਚ ਰੱਖੇ ਜਾਂਦੇ ਹਨ ਅਤੇ ਇਹ ਪ੍ਰੀਖਿਆ ਤੋਂ 45 ਮਿੰਟ ਪਹਿਲਾਂ ਆਪਣੇ ਆਪ ਖੁੱਲ੍ਹਣ ਲਈ ਤਿਆਰ ਹੁੰਦੇ ਹਨ। ਇਹ ਬਕਸੇ ਪ੍ਰੀਖਿਆ ਕੇਂਦਰਾਂ ਦੇ ਸਖ਼ਤ ਸੁਰੱਖਿਆ ਵਾਲੇ ਸਟ੍ਰਾਂਗਰੂਮਾਂ ਵਿੱਚ ਰੱਖੇ ਜਾਂਦੇ ਹਨ।
ਹਾਲਾਂਕਿ, ਕਈ ਲੋਕਾਂ ਦਾ ਕਹਿਣਾ ਹੈ ਕਿ ਐੱਨਟੀਏ ਲਈ ਅਜੇ ਵੀ ਲੌਜਿਸਟਿਕ ਚੁਣੌਤੀਆਂ ਮੌਜੂਦ ਹਨ।
ਕੋਟਾ ਦੇ ਕੋਚਿੰਗ ਸੈਂਟਰ ਮੋਸ਼ਨ ਐਜੂਕੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਨਿਤਿਨ ਵਰਮਾ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਦੁਨੀਆ ਵਿੱਚ ਕਿਤੇ ਵੀ ਲੱਖਾਂ ਵਿਦਿਆਰਥੀਆਂ ਵੱਲੋਂ ਦਿੱਤੀ ਜਾਣ ਵਾਲੀ ਪੈਨ ਐਂਡ ਪੇਪਰ ਪ੍ਰੀਖਿਆ ਇੱਕੋ ਦਿਨ ਅਤੇ ਇੱਕੋ ਸ਼ਿਫਟ ਵਿੱਚ ਕਰਵਾਈ ਜਾਂਦੀ ਹੋਵੇ।"
"ਇਸ ਪ੍ਰੀਖਿਆ ਲਈ ਦੋ ਲੱਖ ਤੋਂ ਵੱਧ ਵਲੰਟੀਅਰ, ਵੇਂਡਰ ਅਤੇ ਬਿਊਰੋਕ੍ਰੈਟ ਲੱਗਦੇ ਹਨ, ਜੋ 5,500 ਕੇਂਦਰਾਂ ਅਤੇ 550 ਸ਼ਹਿਰਾਂ ਵਿੱਚ ਇਸਨੂੰ ਕਰਵਾਉਣ ਵਿੱਚ ਸ਼ਾਮਲ ਹੁੰਦੇ ਹਨ। ਇਸ ਤਰ੍ਹਾਂ ਦੇ ਵੱਡੇ ਪੱਧਰ 'ਤੇ ਪ੍ਰੀਖਿਆ ਕਰਵਾਉਣ ਨਾਲ ਖਾਮੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ।"

ਨਿਤਿਨ ਵਰਮਾ ਨੇ ਇਹ ਵੀ ਕਿਹਾ ਕਿ ਐੱਨਟੀਏ ਨੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਅਤੇ ਕੇਂਦਰਾਂ 'ਤੇ ਨਕਲ ਰੋਕਣ 'ਤੇ ਧਿਆਨ ਦਿੱਤਾ, ਪਰ "ਲੱਗਦਾ ਹੈ ਕਿ ਪੇਪਰ ਕੇਂਦਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਲੀਕ ਹੋ ਗਿਆ ਸੀ।"
ਮੀਡੀਆ ਰਿਪੋਰਟਾਂ ਮੁਤਾਬਕ ਜਾਂਚ ਕਰ ਰਹੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਥਿਤ ਲੀਕ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ ਰਾਜਸਥਾਨ ਵਿੱਚ ਹੋ ਸਕਦਾ ਹੈ।
ਸਿੱਖਿਆ ਪੋਰਟਲ ਕਰੀਅਰਜ਼ 360 ਦੇ ਸੰਸਥਾਪਕ ਅਤੇ ਚੇਅਰਮੈਨ ਮਹੇਸ਼ਵਰ ਪੇਰੀ ਨੇ ਕਿਹਾ, "ਸਰਕਾਰੀ ਮੈਡੀਕਲ ਕਾਲਜਾਂ ਦੀ ਫੀਸ 2-4 ਲੱਖ ਰੁਪਏ ਹੁੰਦੀ ਹੈ, ਜਦਕਿ ਨਿੱਜੀ ਸੰਸਥਾਵਾਂ ਇੱਕ ਕਰੋੜ ਰੁਪਏ ਤੱਕ ਲੈ ਸਕਦੀਆਂ ਹਨ।"
"ਸਰਕਾਰੀ ਕਾਲਜ ਦੀ ਸੀਟ ਅਤੇ ਨਿੱਜੀ ਸੀਟ ਵਿੱਚ 85-90 ਲੱਖ ਰੁਪਏ ਦਾ ਅੰਤਰ ਹੈ, ਤਾਂ ਵਿਦਿਆਰਥੀ 30 ਲੱਖ ਰੁਪਏ ਦੇ ਕੇ ਪੇਪਰ ਖਰੀਦਣ ਤੋਂ ਨਹੀਂ ਹਿਚਕਚਾਉਂਦਾ। ਪੇਪਰ ਲੀਕ ਕਰਨ ਵਾਲਿਆਂ ਨੂੰ ਪਤਾ ਹੁੰਦਾ ਹੈ ਕਿ ਇੰਨੀ ਉੱਚੀ ਕੀਮਤ 'ਤੇ ਵੀ ਖਰੀਦਦਾਰ ਮਿਲ ਜਾਣਗੇ।"
ਮਾਹਰਾਂ ਦਾ ਕਹਿਣਾ ਹੈ ਕਿ ਨੀਟ ਅਜੇ ਵੀ ਪੈਨ ਐਂਡ ਪੇਪਰ ਵਿੱਚ ਇਸ ਲਈ ਕਰਵਾਈ ਜਾਂਦੀ ਹੈ ਤਾਂ ਜੋ ਹਰ ਆਰਥਿਕ ਵਰਗ ਅਤੇ ਹਰ ਖੇਤਰ ਦੇ ਵਿਦਿਆਰਥੀਆਂ ਨੂੰ ਬਰਾਬਰ ਮੌਕਾ ਮਿਲ ਸਕੇ, ਕਿਉਂਕਿ ਕੰਪਿਊਟਰ ਗਰੀਬ ਜਾਂ ਪਿੰਡਾਂ ਦੇ ਵਿਦਿਆਰਥੀਆਂ ਲਈ ਆਸਾਨੀ ਨਾਲ ਉਪਲਬਧ ਨਹੀਂ ਹੁੰਦੇ। ਹਾਲਾਂਕਿ, ਇਸ ਦਲੀਲ ਨੂੰ ਹੁਣ ਵਧਦੀ ਤਰ੍ਹਾਂ ਚੁਣੌਤੀ ਦਿੱਤੀ ਜਾ ਰਹੀ ਹੈ।
2024 ਵਿੱਚ ਨੀਟ-ਯੂਜੀ ਵਿੱਚ ਬੇਨਿਯਮੀਆਂ ਦੇ ਇਲਜ਼ਾਮਾਂ ਤੋਂ ਬਾਅਦ ਬਣਾਈ ਗਈ ਸੱਤ ਮੈਂਬਰੀ ਕਮੇਟੀ, ਜਿਸ ਦੀ ਅਗਵਾਈ ਇਸਰੋ (ਸਪੇਸ ਰਿਸਰਚ ਆਰਗਨਾਈਜੇਸ਼ਨ) ਦੇ ਸਾਬਕਾ ਚੇਅਰਮੈਨ ਕੇ. ਰਾਧਾਕ੍ਰਿਸ਼ਨਨ ਨੇ ਕੀਤੀ ਸੀ, ਨੇ ਰਿਪੋਰਟ ਦੇ ਤੌਰ 'ਤੇ ਪੈਨ ਐਂਡ ਪੇਪਰ ਪ੍ਰੀਖਿਆ ਤੋਂ ਹੌਲੀ-ਹੌਲੀ ਕੰਪਿਊਟਰ ਆਧਾਰਿਤ ਟੈਸਟਿੰਗ (ਸੀਬੀਟੀ) ਵੱਲ ਬਦਲਣ ਦੀ ਸਿਫਾਰਸ਼ ਕੀਤੀ ਸੀ।
ਨਿਤਿਨ ਵਰਮਾ ਨੇ ਕਿਹਾ, "ਕਿਹਾ ਜਾਂਦਾ ਹੈ ਕਿ ਕੰਪਿਊਟਰ ਆਧਾਰਿਤ ਪ੍ਰੀਖਿਆ ਪਿੰਡਾਂ ਦੇ ਵਿਦਿਆਰਥੀਆਂ ਲਈ ਨਾਇਨਸਾਫ਼ੀ ਹੋ ਸਕਦੀ ਹੈ, ਪਰ ਪਿਛਲੇ 5-10 ਸਾਲਾਂ ਵਿੱਚ ਅਸੀਂ ਇੰਟਰਨੈੱਟ ਦੀ ਵਧੀਆ ਪਹੁੰਚ ਦੇਖੀ ਹੈ ਅਤੇ ਸਾਨੂੰ ਪ੍ਰੀਖਿਆ ਦੇ ਫਾਰਮੈਟ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।"
ਹਾਲਾਂਕਿ, ਪੇਰੀ ਨੇ ਚੇਤਾਵਨੀ ਦਿੱਤੀ ਕਿ ਆਨਲਾਈਨ ਜਾਣ ਨਾਲ ਕੁੱਲ ਭਾਗੀਦਾਰੀ ਘੱਟ ਹੋ ਸਕਦੀ ਹੈ।

ਤਸਵੀਰ ਸਰੋਤ, ANI
ਪ੍ਰੀਖਿਆ ਵਿੱਚ ਗੜਬੜਾਂ
ਸਟਾਫ਼ਿੰਗ ਵੀ ਇੱਕ ਹੋਰ ਸਮੱਸਿਆ ਹੈ।
ਹਾਲਾਂਕਿ ਏਜੰਸੀ ਨੂੰ ਕਈ ਪ੍ਰੀਖਿਆਵਾਂ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਦਸੰਬਰ 2024 ਤੱਕ ਇਸ ਕੋਲ ਸਿਰਫ਼ 22 ਸਥਾਈ ਕਰਮਚਾਰੀ ਸਨ, ਇਸ ਤੋਂ ਇਲਾਵਾ 38 ਠੇਕੇ 'ਤੇ ਅਤੇ 138 ਆਉਟਸੋਰਸ ਕਰਮਚਾਰੀ ਸਨ।
ਦਿੱਲੀ ਯੂਨੀਵਰਸਿਟੀ ਦੇ ਹਿੰਦੀ ਪ੍ਰੋਫੈਸਰ ਅਪੂਰਵਾਨੰਦ ਨੇ ਕਿਹਾ, "ਸਵਾਲ ਇਹ ਹੈ ਕਿ ਇਹ ਇੰਨੀਆਂ ਸਾਰੀਆਂ ਪ੍ਰੀਖਿਆਵਾਂ ਕਿਵੇਂ ਕਰਵਾਏਗੀ ਅਤੇ ਇਨ੍ਹਾਂ ਪ੍ਰੀਖਿਆ ਕੇਂਦਰਾਂ ਨੂੰ ਕਿਵੇਂ ਸੰਭਾਲੇਗੀ।"
"ਇਹ ਅਜਿਹਾ ਸੰਸਥਾਨ ਨਹੀਂ ਲੱਗਦਾ ਜੋ ਪੂਰੇ ਭਾਰਤ ਪੱਧਰ 'ਤੇ ਇੰਨੀਆਂ ਸਾਰੀਆਂ ਪ੍ਰੀਖਿਆਵਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੋਵੇ।"
ਰਾਧਾਕ੍ਰਿਸ਼ਨਨ ਕਮੇਟੀ ਨੇ ਐੱਨਟੀਏ ਦੇ ਪੁਨਰਗਠਨ ਅਤੇ ਦੋ ਲੱਖ ਤੋਂ ਵੱਧ ਉਮੀਦਵਾਰਾਂ ਵਾਲੀਆਂ ਪ੍ਰੀਖਿਆਵਾਂ ਲਈ ਕਈ ਟੈਸਟਿੰਗ ਸੈਸ਼ਨਾਂ ਦੀ ਸਿਫਾਰਸ਼ ਕੀਤੀ ਸੀ।
ਇਨ੍ਹਾਂ ਵਿੱਚੋਂ ਕੁਝ ਸਿਫਾਰਸ਼ਾਂ, ਜਿਵੇਂ ਕਿ 16 ਸਥਾਈ ਅੰਦਰੂਨੀ ਲੀਡਰਸ਼ਿਪ ਭੂਮਿਕਾਵਾਂ ਦਾ ਸ਼ਾਮਲ ਕੀਤਾ ਜਾਣਾ, ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਹਨ।
ਬਹੁਤ ਜ਼ਿਆਦਾ ਕੇਂਦਰੀਕਰਨ?
ਲਾਜਿਸਟਿਕ ਤੋਂ ਇਲਾਵਾ, ਕਈ ਅਕਾਦਮਿਕ ਅਤੇ ਆਲੋਚਕਾਂ ਨੇ ਇੱਕ ਹੋਰ ਮੂਲਭੂਤ ਇਤਰਾਜ਼ ਵੀ ਉਠਾਇਆ ਹੈ ਕਿ ਕੇਂਦਰੀਕ੍ਰਿਤ ਪ੍ਰੀਖਿਆ ਪ੍ਰਣਾਲੀ ਖ਼ਾਮੀਆਂ ਵਾਲਾ ਮਾਡਲ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਹੀ ਉੱਚ-ਦਾਅਵੇ ਵਾਲੀ ਪ੍ਰੀਖਿਆ ਭਾਰਤ ਦੇ ਵੱਡੇ ਅਤੇ ਮਹਿੰਗੇ ਕੋਚਿੰਗ ਉਦਯੋਗ ਨੂੰ ਫ਼ਾਇਦਾ ਪਹੁੰਚਾਉਂਦੀ ਹੈ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਪਿੱਛੇ ਛੱਡ ਦਿੰਦੀ ਹੈ ਜੋ ਇਸਦਾ ਖਰਚ ਨਹੀਂ ਝੱਲ ਸਕਦੇ।
ਮਹੇਸ਼ਵਰ ਪੇਰੀ ਅੱਗੇ ਕਹਿੰਦੇ ਹਨ, "ਦਾਖ਼ਲਾ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਦੇ ਖ਼ਿਲਾਫ਼ ਕੰਮ ਕਰਦੀ ਹੈ ਜੋ ਕੋਚਿੰਗ ਦਾ ਖਰਚ ਨਹੀਂ ਝੱਲ ਸਕਦੇ। ਸਾਨੂੰ ਵਿਦਿਆਰਥੀਆਂ ਦੇ ਭਵਿੱਖ ਨੂੰ ਇੱਕ ਹੀ ਪ੍ਰੀਖਿਆ 'ਤੇ ਨਿਰਭਰ ਕਰਨ ਤੋਂ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਕੂਲ ਪ੍ਰੀਖਿਆਵਾਂ ਦੇ ਨਤੀਜਿਆਂ ਨੂੰ ਵੀ ਵਜ਼ਨ ਦਿੱਤਾ ਜਾਣਾ ਚਾਹੀਦਾ ਹੈ।"
ਪ੍ਰਸਿੱਧ ਸਿੱਖਿਆਰਥੀ ਅਨੀਤਾ ਰਾਮਪਾਲ ਨੇ ਵੀ ਇਹੀ ਰਾਏ ਦਿੱਤੀ ਕਿ ਕੇਂਦਰੀਕ੍ਰਿਤ ਪ੍ਰੀਖਿਆਵਾਂ ਉਨ੍ਹਾਂ ਬੱਚਿਆਂ ਨੂੰ ਫ਼ਾਇਦਾ ਦਿੰਦੀਆਂ ਹਨ ਜੋ ਕੋਚਿੰਗ ਲੈ ਸਕਦੇ ਹਨ।
ਵਰਮਾ ਨੇ ਕੁਝ ਸੰਤੁਲਿਤ ਰੁਖ਼ ਅਪਣਾਇਆ। ਉਹ ਕਹਿੰਦੇ ਹਨ ਕਿ ਸਮੱਸਿਆ ਐੱਨਟੀਏ ਦੀ ਮੌਜੂਦਗੀ ਨਹੀਂ ਹੈ, ਪਰ ਇਸ ਦੀਆਂ ਪ੍ਰਕਿਰਿਆਵਾਂ ਵਿੱਚ ਤੁਰੰਤ ਸੁਧਾਰ ਦੀ ਲੋੜ ਹੈ ਵੱਧ ਸਥਾਈ ਸਟਾਫ਼, ਮਜ਼ਬੂਤ ਸੰਸਥਾਗਤ ਸਮਰੱਥਾ ਅਤੇ ਕੰਪਿਊਟਰ ਆਧਾਰਿਤ ਟੈਸਟਿੰਗ ਵੱਲ ਗੰਭੀਰ ਧੱਕਾ।
ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਸਮਾਜਿਕ ਗਤੀਸ਼ੀਲਤਾ ਦੇ ਇੱਕ ਸਾਧਨ ਵਜੋਂ ਪ੍ਰੀਖਿਆਵਾਂ ਵਿੱਚ ਬਹੁਤ ਵਿਸ਼ਵਾਸ ਰੱਖਦਾ ਹੈ। ਹੁਣ ਲਈ, ਵਿਦਿਆਰਥੀਆਂ ਨੂੰ ਦੁਬਾਰਾ ਉਡੀਕ ਕਰਨੀ ਪਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































