ਪੰਜਾਬ ਦੇ ਕਿਸਾਨ ਮੋਦੀ ਵੱਲੋਂ, ''ਖਾਦ ਘਟਾਓ, ਕੁਦਰਤੀ ਖੇਤੀ ਅਪਣਾਓ' ਦੀ ਅਪੀਲ ਲਈ ਕਿੰਨੇ ਤਿਆਰ ਹਨ, ਕੁਦਰਤੀ ਖੇਤੀ ਲਈ ਕੀ ਮੁਸ਼ਕਲਾਂ ਹਨ

ਕਿਸਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਹਾਲੀ ਦੇ ਇੱਕ ਖਾਦ ਵਿਕਰੇਤਾ ਸਤਨਾਮ ਸਿੰਘ ਮੁਤਾਬਕ ਫਿਲਹਾਲ ਖਾਦ ਦੀ ਕੋਈ ਵੱਡੀ ਘਾਟ ਨਹੀਂ ਹੈ ਅਤੇ ਕਿਸਾਨਾਂ ਨੂੰ ਲੋੜ ਮੁਤਾਬਕ ਸਪਲਾਈ ਮਿਲ ਰਹੀ ਹੈ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 10 ਮਿੰਟ

"ਦਿਲ ਤਾਂ ਸਾਡਾ ਵੀ ਕਰਦਾ ਹੈ ਕਿ ਅਸੀਂ ਕੁਦਰਤੀ ਖੇਤੀ ਕਰੀਏ ਅਤੇ ਪੈਸੇ ਦੀ ਬਚਤ ਕਰੀਏ, ਪਰ ਇਸ ਤੋਂ ਹੋਣ ਵਾਲੀ ਪੈਦਾਵਾਰ ਸਪੱਸ਼ਟ ਨਹੀਂ ਹੈ। ਇਸ ਦਾ ਅਸਰ ਮੇਰੇ ਘਰ ਦੀ ਆਮਦਨ 'ਤੇ ਪਵੇਗਾ, ਇਸ ਕਰਕੇ ਮੈਂ ਜੋਖਮ ਨਹੀਂ ਲੈ ਸਕਦਾ।"

ਇਹ ਸ਼ਬਦ ਪੰਜਾਬ ਦੇ ਮੁਹਾਲੀ ਦੇ ਕਿਸਾਨ ਕੁਲਦੀਪ ਸਿੰਘ ਦੇ ਹਨ।

ਕੁਲਦੀਪ ਸਿੰਘ ਨੇ ਦੱਸਿਆ ਕਿ ਮਾਰਕੀਟ ਵਿੱਚ ਮਿਲਣ ਵਾਲੇ ਬੀਜ ਨੂੰ ਖਾਦ ਦੀ ਲੋੜ ਹੁੰਦੀ ਹੈ ਅਤੇ ਦੇਸੀ ਬੀਜ ਹੁਣ ਲਗਭਗ ਖ਼ਤਮ ਹੋ ਚੁੱਕੇ ਹਨ। ਇਸ ਕਰਕੇ ਮਜਬੂਰੀ ਅਤੇ ਵਧੀਆ ਝਾੜ ਲਈ ਉਨ੍ਹਾਂ ਨੂੰ ਖਾਦ ਪਾਉਣੀ ਪੈਂਦੀ ਹੈ।

ਤਿੰਨ ਏਕੜ ਜ਼ਮੀਨ ਦੇ ਮਾਲਕ ਕੁਲਦੀਪ ਸਿੰਘ ਮੁਤਾਬਕ ਕਣਕ ਅਤੇ ਝੋਨੇ ਵਿੱਚ ਖਾਦ ਦੀ ਵਰਤੋਂ ਨਾਲ ਫ਼ਸਲ ਦੀ ਗਾਰੰਟੀ ਮਿਲਦੀ ਹੈ, ਪਰ ਕੁਦਰਤੀ ਖੇਤੀ ਵਿੱਚ ਇਹ ਯਕੀਨੀ ਨਹੀਂ ਹੁੰਦਾ।

ਉਹ ਦੱਸਦੇ ਹਨ ਕਿ ਕੁਝ ਰਕਬੇ ਵਿੱਚ ਸਬਜ਼ੀਆਂ ਬਿਨਾਂ ਖਾਦ ਅਤੇ ਸਪਰੇਅ ਦੇ ਉਗਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਕੀੜਿਆਂ ਦੇ ਹਮਲੇ ਨੇ ਫਸਲ ਨੂੰ ਨੁਕਸਾਨ ਪਹੁੰਚਾਇਆ।

ਯਾਦ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਐਤਵਾਰ ਨੂੰ ਸਿਕੰਦਰਾਬਾਦ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਸਾਨਾਂ ਨੂੰ ਖਾਦ (ਫਰਟੀਲਾਈਜ਼ਰ) ਦੀ ਵਰਤੋਂ ਘਟਾ ਕੇ ਕੁਦਰਤੀ ਖੇਤੀ ਕਰਨ ਦੀ ਅਪੀਲ ਕੀਤੀ ਸੀ।

ਝੋਨੇ ਦੇ ਸੀਜ਼ਨ ਨੂੰ ਦੇਖਦੇ ਹੋਏ ਕੁਲਦੀਪ ਸਿੰਘ ਨੂੰ ਖਾਦ ਦੀ ਚਿੰਤਾ ਹੈ। ਉਹ ਕਹਿੰਦੇ ਹਨ, "ਸਟੋਰ ਵਾਲੇ ਨੇ ਖਾਦ ਦੇਣ ਦਾ ਭਰੋਸਾ ਦਿੱਤਾ ਹੈ, ਪਰ ਅਸਲੀ ਹਾਲਤ ਤਾਂ ਉਸ ਵੇਲੇ ਹੀ ਪਤਾ ਲੱਗਣਗੇ ਜਦੋਂ ਖਾਦ ਮਿਲੇਗੀ।"

ਮੁਹਾਲੀ ਦੇ ਇੱਕ ਖਾਦ ਵਿਕਰੇਤਾ ਸਤਨਾਮ ਸਿੰਘ ਮੁਤਾਬਕ ਫਿਲਹਾਲ ਖਾਦ ਦੀ ਕੋਈ ਵੱਡੀ ਘਾਟ ਨਹੀਂ ਹੈ ਅਤੇ ਕਿਸਾਨਾਂ ਨੂੰ ਲੋੜ ਮੁਤਾਬਕ ਸਪਲਾਈ ਮਿਲ ਰਹੀ ਹੈ। ਉਹ ਕਹਿੰਦੇ ਹਨ ਕਿ ਖਾੜੀ ਦੇਸ਼ਾਂ ਦੇ ਸੰਕਟ ਕਾਰਨ ਕੁਝ ਕਿਸਾਨਾਂ ਨੇ ਡਰ ਕਰਕੇ ਸਟਾਕ ਇਕੱਠਾ ਕਰਨਾ ਸ਼ੁਰੂ ਕੀਤਾ ਸੀ, ਪਰ ਹੁਣ ਹਾਲਾਤ ਆਮ ਵਰਗੇ ਹਨ।

ਕੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ

ਬੀਤੇ ਐਤਵਾਰ ਭਾਵ 10 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਕੰਦਰਾਬਾਦ ਵਿੱਚ ਇੱਕ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਵਿਦੇਸ਼ੀ ਮੁਦਰਾ ਬਚਾਉਣ ਦੀ ਅਪੀਲ ਕੀਤੀ। ਇਸ ਲਈ ਉਨ੍ਹਾਂ ਨੇ ਕਈ ਤਰੀਕੇ ਵੀ ਦੱਸੇ ਸਨ। ਉਨ੍ਹਾਂ ਨੇ ਤੇਲ ਅਤੇ ਸੋਨੇ ਦੀ ਖਪਤ ਘਟਾਉਣ ਦੇ ਨਾਲ ਕਿਸਾਨਾਂ ਨੂੰ ਖਾਦ ਦੀ ਵਰਤੋਂ ਘਟਾਉਣ ਲਈ ਵੀ ਕਿਹਾ।

ਪ੍ਰਧਾਨ ਮੰਤਰੀ ਨੇ ਆਪਣੇ ਬਿਆਨ ਵਿੱਚ ਆਖਿਆ, "ਅਸੀਂ ਬਹੁਤ ਵੱਡੀ ਮਾਤਰਾ ਵਿੱਚ ਵਿਦੇਸ਼ ਤੋਂ ਕੈਮੀਕਲ ਫਰਟੀਲਾਈਜ਼ਰ ਮੰਗਵਾਉਂਦੇ ਹਾਂ। ਕੈਮੀਕਲ ਫਰਟੀਲਾਈਜ਼ਰ ਯੁਕਤ ਖੇਤੀ ਦੇ ਕਾਰਨ ਸਾਡੀ ਧਰਤੀ ਮਾਂ ਨੂੰ ਬਹੁਤ ਪੀੜਾ ਵਿਚੋਂ ਲੰਘਣਾ ਪੈਂਦਾ ਹੈ ਅਤੇ ਸਾਡੇ ਖੇਤ ਬਰਬਾਦ ਹੋ ਰਹੇ ਹਨ।"

"ਜੇਕਰ ਅੱਜ ਅਸੀਂ ਆਪਣੇ ਖੇਤ ਨਹੀਂ ਬਚਾਏ ਤਾਂ ਭਵਿੱਖ ਵਿੱਚ ਫ਼ਸਲਾਂ ਉੱਤੇ ਖ਼ਤਰਾ ਵੱਧ ਜਾਵੇਗਾ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਕੈਮੀਕਲ ਫਰਟੀਲਾਈਜ਼ਰ ਦੀ ਖਪਤ ਘੱਟ ਕਰੀਏ, ਇਸ ਨੂੰ ਅੱਧੀ ਕਰ ਦੇਈਏ ਅਤੇ ਕੁਦਰਤੀ ਖੇਤੀ ਅਪਣਾਉਣਾ ਸ਼ੁਰੂ ਕਰੀਏ। ਅਸੀਂ ਕੈਮੀਕਲ ਫਰਟੀਲਾਈਜ਼ਰ ਨੂੰ ਘੱਟ ਕਰਕੇ ਵਿਦੇਸ਼ੀ ਮੁਦਰਾ ਵੀ ਬਚਾ ਸਕਦੇ ਹਾਂ ਅਤੇ ਆਪਣੇ ਖੇਤ ਵੀ।"

ਦੂਜੇ ਪਾਸੇ ਕਾਂਗਰਸ ਦਾ ਕਹਿਣਾ ਹੈ ਕਿ ਪੀਐੱਮ ਮੋਦੀ ਅਰਥਵਿਵਸਥਾ ਨੂੰ ਬਚਾਉਣ ਲਈ ਐਮਰਜੈਂਸੀ ਕਦਮ ਚੁੱਕਣ ਦੀ ਬਜਾਇ ਜਨਤਾ ਨੂੰ ਹੀ ਮੁਸ਼ਕਲ ਵਿੱਚ ਪਾ ਰਹੇ ਹਨ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਅਤੇ 24 ਮਾਰਚ 2026 ਨੂੰ ਸੰਸਦ ਵਿੱਚ ਬੋਲਦਿਆਂ ਕਿਹਾ ਸੀ, "ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਆਉਣ ਵਾਲੇ ਬਿਜਾਈ ਸੀਜ਼ਨ ਵਿੱਚ ਕਿਸਾਨਾਂ ਨੂੰ ਲੋੜੀਂਦੀ ਖਾਦ ਮਿਲ ਜਾਵੇ।"

ਪਰ ਨਾਲ ਹੀ ਉਨ੍ਹਾਂ ਮਿਡਲ ਈਸਟ ਵਿੱਚ ਚੱਲ ਰਹੇ ਸੰਘਰਸ਼ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਵੱਲ ਵੀ ਇਸ਼ਾਰਾ ਕੀਤਾ ਸੀ।

ਪ੍ਰਧਾਨ ਮੰਤਰੀ ਦੇ ਬਿਆਨ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਸੰਗਰੂਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ 'ਮੇਕ ਇਨ ਇੰਡੀਆ' ਦਾ ਨਾਅਰਾ ਤਾਂ ਦੇ ਰਹੇ ਹਨ, ਪਰ ਐੱਫਡੀਆਈ ਰਾਹੀਂ ਸਾਰਾ ਕੁਝ ਵਿਦੇਸ਼ਾਂ ਨੂੰ ਸੌਂਪ ਰਹੇ ਹਨ।

ਉਨ੍ਹਾਂ ਆਖਿਆ ਕਿ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਅਮਰੀਕਾ ਨਾਲ ਵਪਾਰਕ ਸਮਝੌਤੇ ਕਰ ਰਹੇ ਹਨ, ਉਸ ਨਾਲ ਖੇਤੀ ਵੀ ਵਿਦੇਸ਼ੀ ਹੋ ਜਾਵੇਗੀ ਅਤੇ ਬੀਜ ਵੀ ਵਿਦੇਸ਼ ਤੋਂ ਹੀ ਆਉਣਗੇ।

ਭਾਰਤ ਦੁਨੀਆਂ ਦੇ ਉਨ੍ਹਾਂ 5 ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ ਖਾਦ ਦੀ ਵੱਡੇ ਪੱਧਰ 'ਤੇ ਵਰਤੋਂ ਹੁੰਦੀ ਹੈ, ਕਿਉਂਕਿ ਦੇਸ਼ ਵਿੱਚ ਖੇਤੀਬਾੜੀ ਬਹੁਤ ਵੱਡੇ ਪੱਧਰ 'ਤੇ ਹੁੰਦੀ ਹੈ।

ਖਾਦਾਂ ਫਸਲਾਂ ਨੂੰ ਲੋੜੀਂਦੇ ਪੋਸ਼ਕ ਤੱਤ ਦੇ ਕੇ ਉਨ੍ਹਾਂ ਦੀ ਪੈਦਾਵਾਰ ਵਧਾਉਂਦੀਆਂ ਹਨ।

ਭਾਰਤ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਖਾਦ ਯੂਰੀਆ ਹੈ। ਇਸ ਵਿੱਚ 46% ਨਾਈਟ੍ਰੋਜਨ ਹੁੰਦਾ ਹੈ ਅਤੇ ਇਹ ਝੋਨਾ, ਗੰਨਾ ਅਤੇ ਕਣਕ ਵਰਗੀਆਂ ਫਸਲਾਂ ਵਿੱਚ ਬਹੁਤ ਵਰਤੀ ਜਾਂਦੀ ਹੈ। ਇਸ ਤੋਂ ਇਲਾਵਾ ਡੀਏਪੀ (ਫਾਸਫੋਰਸ ਵਾਲੀ), ਐੱਮਓਪੀ (ਪੋਟਾਸ਼ ਵਾਲੀ) ਅਤੇ ਐੱਨਪੀਕੇ ਖਾਦਾਂ ਵੀ ਆਮ ਹਨ।

ਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 10 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਕੰਦਰਾਬਾਦ ਵਿੱਚ ਇੱਕ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਵਿਦੇਸ਼ੀ ਮੁਦਰਾ ਬਚਾਉਣ ਦੀ ਅਪੀਲ ਕੀਤੀ

ਐੱਨਪੀਕੇ ਖਾਦ ਕੀ ਹੈ?

ਐੱਨਪੀਕੇ ਖਾਦ ਇੱਕ ਮਿਲੀ-ਜੁਲੀ ਖਾਦ ਹੁੰਦੀ ਹੈ। ਇਸ ਵਿੱਚ ਤਿੰਨ ਮੁੱਖ ਤੱਤ ਹੁੰਦੇ ਹਨ- ਨਾਈਟ੍ਰੋਜਨ (N), ਜੋ ਪੱਤਿਆਂ ਲਈ; ਫਾਸਫੋਰਸ (P), ਜੋ ਜੜ੍ਹਾਂ ਅਤੇ ਫੁੱਲਾਂ ਲਈ ਅਤੇ ਪੋਟਾਸ਼ੀਅਮ (K), ਜੋ ਪੌਦੇ ਨੂੰ ਮਜ਼ਬੂਤ ਬਣਾਉਣ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਕੰਮ ਕਰਦਾ ਹੈ।

ਇਹ ਖਾਦ ਫ਼ਸਲ ਨੂੰ ਇਕੱਠੇ ਸਾਰੇ ਜ਼ਰੂਰੀ ਤੱਤ ਮੁਹੱਈਆ ਕਰਵਾਉਂਦੀ ਹੈ।

ਭਾਰਤ ਵਿੱਚ ਹਰ ਸਾਲ ਲਗਭਗ 4 ਕਰੋੜ ਟਨ ਯੂਰੀਆ ਵਰਤਿਆ ਜਾਂਦਾ ਹੈ, ਜਿਸ 'ਤੇ ਸਰਕਾਰ ਵੱਡੀ ਰਕਮ ਦੀ ਸਬਸਿਡੀ ਦਿੰਦੀ ਹੈ, ਅਤੇ ਤਕਰੀਬਨ 9–10 ਮਿਲੀਅਨ ਟਨ ਡੀਏਪੀ ਦੀ ਵਰਤੋਂ ਹੁੰਦੀ ਹੈ।

ਭਾਰਤ ਨੂੰ ਖਾਦ ਆਯਾਤ/ਦਰਾਮਦ ਕਿਉਂ ਕਰਨੀ ਪੈਂਦੀ ਹੈ?

ਭਾਰਤ ਵਿੱਚ ਯੂਰੀਆ ਦਾ ਉਤਪਾਦਨ ਕਾਫ਼ੀ ਹੁੰਦਾ ਹੈ, ਪਰ ਇਹ ਮੰਗ ਪੂਰੀ ਕਰਨ ਲਈ ਕਾਫ਼ੀ ਨਹੀਂ ਹੁੰਦਾ। ਡੀਏਪੀ ਦਾ ਲਗਭਗ ਅੱਧਾ ਹਿੱਸਾ ਅਤੇ ਐੱਮਓਪੀ ਪੂਰੀ ਤਰ੍ਹਾਂ ਵਿਦੇਸ਼ਾਂ ਤੋਂ ਮੰਗਵਾਈ ਜਾਂਦੀ ਹੈ।

ਇਸ ਦਾ ਕਾਰਨ ਇਹ ਹੈ ਕਿ ਭਾਰਤ ਵਿੱਚ ਪੋਟਾਸ਼ ਅਤੇ ਫਾਸਫੇਟ ਦੀਆਂ ਕੁਦਰਤੀ ਖਾਣਾਂ ਘੱਟ ਹਨ, ਅਤੇ ਰਾਕ ਫਾਸਫੇਟ ਅਤੇ ਕੁਦਰਤੀ ਗੈਸ ਵਰਗਾ ਕੱਚਾ ਮਾਲ ਵੀ ਬਾਹਰੋਂ ਲਿਆ ਜਾਂਦਾ ਹੈ। ਸਰਕਾਰ ਵੱਲੋਂ ਯੂਰੀਆ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਨਾਲ ਇਸ ਦੀ ਮੰਗ ਹੋਰ ਵਧ ਜਾਂਦੀ ਹੈ।

ਭਾਰਤ ਨੂੰ ਖਾਦ ਸਪਲਾਈ ਕਰਨ ਵਾਲੇ ਮੁੱਖ ਦੇਸ਼

ਰੂਸ, ਓਮਾਨ ਅਤੇ ਸਾਊਦੀ ਅਰਬ ਭਾਰਤ ਨੂੰ ਯੂਰੀਆ ਸਪਲਾਈ ਕਰਦੇ ਹਨ, ਜਦਕਿ ਮੋਰੋਕੋ ਫਾਸਫੇਟ ਅਤੇ ਡੀਏਪੀ ਸਪਲਾਈ ਕਰਦਾ ਹੈ। ਇਸ ਤੋਂ ਇਲਾਵਾ ਚੀਨ, ਜਾਰਡਨ, ਬੈਲਾਰੂਸ ਅਤੇ ਯੂਏਈ ਤੋਂ ਵੀ ਖਾਦਾਂ ਆਉਂਦੀਆਂ ਹਨ।

ਕਿਸਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਹਰ ਸਾਲ ਲਗਭਗ 4 ਕਰੋੜ ਟਨ ਯੂਰੀਆ ਵਰਤਿਆ ਜਾਂਦਾ ਹੈ, ਜਿਸ 'ਤੇ ਸਰਕਾਰ ਵੱਡੀ ਰਕਮ ਦੀ ਸਬਸਿਡੀ ਦਿੰਦੀ ਹੈ

ਭਾਰਤ ਵਿੱਚ ਖਾਦ ਦੀ ਕਿੰਨੀ ਖਪਤ ਅਤੇ ਮੌਜੂਦਾ ਸਟਾਕ

ਨਾਈਟ੍ਰੋਜਨ ਖਾਦਾਂ, ਜਿਵੇਂ ਯੂਰੀਆ, ਭਾਰਤ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਖਾਦ ਹੈ, ਕਿਉਂਕਿ ਝੋਨਾ ਅਤੇ ਕਣਕ ਵਰਗੀਆਂ ਮੁੱਖ ਫ਼ਸਲਾਂ ਹਵਾ ਤੋਂ ਲੋੜੀਂਦੀ ਨਾਈਟ੍ਰੋਜਨ ਸਿੱਧੇ ਤੌਰ 'ਤੇ ਨਹੀਂ ਲੈ ਸਕਦੀਆਂ। ਇਸ ਲਈ ਇਸ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਖਾਦ ਦੀ ਵਰਤੋਂ ਜੂਨ ਤੋਂ ਸਤੰਬਰ ਤੱਕ ਚੱਲਣ ਵਾਲੇ ਮਾਨਸੂਨ ਸੀਜ਼ਨ ਵਿੱਚ ਸਭ ਤੋਂ ਵੱਧ ਹੁੰਦੀ ਹੈ।

ਭਾਰਤ ਵਿੱਚ ਹਰ ਸਾਲ ਲਗਭਗ 4 ਕਰੋੜ ਟਨ ਯੂਰੀਆ ਵਰਤਿਆ ਜਾਂਦਾ ਹੈ, ਜਿਸ 'ਤੇ ਸਰਕਾਰ ਵੱਡੀ ਰਕਮ ਦੀ ਸਬਸਿਡੀ ਦਿੰਦੀ ਹੈ।

ਪੰਜਾਬ ਅਤੇ ਹਰਿਆਣਾ (ਜੋ ਭਾਰਤ ਦੇ ਵੱਡੇ ਅਨਾਜ ਉਤਪਾਦਕ ਹਨ) ਵਿੱਚ ਅਗਾਮੀ ਝੋਨੇ ਦਾ ਸੀਜ਼ਨ ਜੂਨ-ਜੁਲਾਈ ਵਿੱਚ ਹੁੰਦਾ ਹੈ ਅਤੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਰਸਾਇਣਕ ਖਾਦਾਂ ਦੀ ਲੋੜ ਪੈਂਦੀ ਹੈ।

ਸੋਮਵਾਰ ਨੂੰ ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੀ ਐਡੀਸ਼ਨਲ ਸਕੱਤਰ ਅਰਪਣਾ ਸ਼ਰਮਾ ਨੇ ਦੱਸਿਆ ਕਿ ਦੇਸ਼ ਵਿੱਚ ਖਾਦ ਦਾ ਲੋੜੀਂਦਾ ਸਟਾਕ ਮੌਜੂਦ ਹੈ, ਜੋ ਲਗਭਗ 50 ਫ਼ੀਸਦੀ ਦੇ ਕਰੀਬ ਹੈ ਅਤੇ ਵਰਤੋਂ ਦੇ ਹਿਸਾਬ ਨਾਲੋਂ ਕਾਫ਼ੀ ਵੱਧ ਹੈ।

ਉਨ੍ਹਾਂ ਮੁਤਾਬਕ ਆਮ ਤੌਰ 'ਤੇ ਦੇਸ਼ ਵਿੱਚ ਖਾਦ ਦਾ ਭੰਡਾਰਨ ਲਗਭਗ 33 ਫ਼ੀਸਦੀ ਹੁੰਦਾ ਹੈ, ਪਰ ਇਸ ਵਾਰ ਇਸ ਤੋਂ ਵੀ ਵੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖਾਦ ਦੀਆਂ ਕੀਮਤਾਂ ਪਹਿਲਾਂ ਵਰਗੀਆਂ ਹੀ ਰਹਿਣਗੀਆਂ।

ਉਨ੍ਹਾਂ ਦੱਸਿਆ ਕਿ ਖਾੜੀ ਸੰਕਟ ਤੋਂ ਬਾਅਦ ਘਰੇਲੂ ਉਤਪਾਦਨ ਅਤੇ ਆਯਾਤ ਮਿਲਾ ਕੇ ਇਸ ਵੇਲੇ 97 ਲੱਖ ਮੈਟ੍ਰਿਕ ਟਨ ਖਾਦ ਮੌਜੂਦ ਹੈ।

ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੇ 19 ਮਾਰਚ 2026 ਦੇ ਪ੍ਰੈੱਸ ਨੋਟ ਮੁਤਾਬਕ, ਸਰਕਾਰ ਨੇ ਖ਼ਰੀਫ਼ 2026 ਸੀਜ਼ਨ ਤੋਂ ਪਹਿਲਾਂ ਖਾਦ ਦੀ ਉਪਲਬਧਤਾ ਨੂੰ ਸਥਿਰ ਅਤੇ ਵਧਾਉਣ ਲਈ ਇੱਕ ਠੋਸ ਰਣਨੀਤੀ ਉੱਤੇ ਕੰਮ ਕੀਤਾ ਹੈ।

19 ਮਾਰਚ 2026 ਦੇ ਪ੍ਰੈੱਸ ਨੋਟ ਮੁਤਾਬਕ, ਭਾਰਤ ਸਰਕਾਰ ਦੇ ਅਨੁਸਾਰ ਦੇਸ਼ ਵਿੱਚ ਯੂਰੀਆ ਦਾ ਮੌਜੂਦਾ ਸਟਾਕ 61.14 ਲੱਖ ਟਨ ਹੈ, ਜੋ ਪਿਛਲੇ ਸਾਲ ਦੇ 55.22 ਲੱਖ ਟਨ ਨਾਲੋਂ ਵੱਧ ਹੈ। ਇਸ ਪ੍ਰੈੱਸ ਨੋਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਡੀਏਪੀ (DAP) ਦਾ ਸਟਾਕ ਪਿਛਲੇ ਸਾਲ ਦੇ ਮੁਕਾਬਲੇ ਦੁੱਗਣਾ ਤੋਂ ਵੀ ਵੱਧ ਹੋ ਕੇ 24.24 ਲੱਖ ਟਨ ਹੋ ਗਿਆ ਹੈ।

ਰਸਾਇਣ ਅਤੇ ਖਾਦ ਮੰਤਰਾਲੇ ਨੇ ਐਕਸ ਉੱਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਦੇ ਹਵਾਲੇ ਨਾਲ ਲਿਖਿਆ ਸੀ, "ਖ਼ਰੀਫ਼ 2026 ਸੀਜ਼ਨ ਲਈ ਸਾਡੇ ਕੋਲ ਖਾਦ ਦਾ ਲੋੜੀਂਦਾ ਸਟਾਕ ਮੌਜੂਦ ਹੈ ਅਤੇ ਅਸੀਂ ਆਰਾਮਦਾਇਕ ਸਥਿਤੀ ਵਿੱਚ ਹਾਂ। ਖਾਦ ਵਿਭਾਗ ਨੇ ਗਲੋਬਲ ਟੈਂਡਰ ਵੀ ਸਮੇਂ ਤੋਂ ਪਹਿਲਾਂ ਹੀ ਜਾਰੀ ਕਰ ਦਿੱਤੇ ਸਨ, ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।"

ਕਿਸਾਨ

ਪੰਜਾਬ ਵਿੱਚ ਖਾਦ ਦੀ ਕੀ ਹੈ ਸਥਿਤੀ

ਦੂਜੇ ਪਾਸੇ ਪੰਜਾਬ ਖੇਤੀਬਾੜੀ ਵਿਭਾਗ ਦੇ ਮੁਤਾਬਕ, ਫਿਲਹਾਲ ਪੰਜਾਬ ਵਿੱਚ ਯੂਰੀਆ ਦੀ ਕੋਈ ਘਾਟ ਨਹੀਂ ਹੈ ਅਤੇ ਜਿੰਨਾ ਯੂਰੀਆ ਚਾਹੀਦਾ ਹੈ, ਉਸ ਦਾ ਲੋੜੀਂਦਾ ਸਟਾਕ ਮੌਜੂਦ ਹੈ।

ਪਰ ਭਾਰਤੀ ਖੇਤੀਬਾੜੀ ਵਿਭਾਗ ਦੇ 2024 ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਖਾਦ ਦੀ ਖਪਤ ਸਭ ਤੋਂ ਵੱਧ ਪੰਜਾਬ ਵਿੱਚ ਹੁੰਦੀ ਹੈ, ਜਿਸ ਦੀ ਜ਼ਿਆਦਾਤਰ ਵਰਤੋਂ ਝੋਨੇ ਅਤੇ ਕਣਕ ਦੀ ਫ਼ਸਲ ਲਈ ਕੀਤੀ ਜਾਂਦੀ ਹੈ।

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਸਾਲ 2022-23 ਵਿੱਚ ਰਾਜ ਦੇ 15 ਜ਼ਿਲ੍ਹਿਆਂ ਵਿੱਚ ਔਸਤ ਖਾਦ ਖਪਤ 254.39 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਹੀ।

ਰਾਜ ਦੀ ਔਸਤ ਖਾਦ ਖਪਤ ਲਗਭਗ 223 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੈ, ਜੋ ਕੌਮੀ ਔਸਤ (90 ਕਿਲੋਗ੍ਰਾਮ ਪ੍ਰਤੀ ਹੈਕਟੇਅਰ) ਨਾਲੋਂ ਕਾਫ਼ੀ ਵੱਧ ਹੈ।

ਅੰਕੜਿਆਂ ਮੁਤਾਬਕ ਪੰਜਾਬ ਵਿੱਚ ਯੂਰੀਆ ਅਤੇ ਐੱਨਪੀਕੇ ਖਾਦਾਂ ਦੀ ਖਪਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। 2022-23 ਵਿੱਚ ਰਾਜ ਦੀ ਯੂਰੀਆ ਲੋੜ 29.25 ਲੱਖ ਟਨ ਤੱਕ ਵਧ ਗਈ ਸੀ, ਜੋ ਕਿ 2020-21 ਵਿੱਚ 28.30 ਲੱਖ ਟਨ ਸੀ। ਇਸ ਤਰ੍ਹਾਂ ਐਨਪੀਕੇ ਦੀ ਮੰਗ 1.70 ਲੱਖ ਟਨ ਰਹੀ।

ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ ਦੇ ਮੁਤਾਬਕ ਪੰਜਾਬ ਦੇ ਕੁੱਲ ਭੂਗੋਲਿਕ ਰਕਬੇ 50.4 ਲੱਖ ਹੈਕਟੇਅਰ ਵਿੱਚੋਂ 42 ਲੱਖ ਹੈਕਟੇਅਰ ਖੇਤੀਯੋਗ ਹੈ ਅਤੇ ਸੂਬੇ ਵਿੱਚ ਲਗਭਗ 96 ਫੀਸਦੀ ਖੇਤਰ ਸਿੰਚਾਈ ਅਧੀਨ ਹੈ।

ਪੀਏਯੂ, ਲੁਧਿਆਣਾ ਦੇ ਪੰਜਾਬ ਐਗਰੀਕਲਚਰ ਮੈਨੇਜਮੈਂਟ ਅਤੇ ਟ੍ਰੇਨਿੰਗ ਇੰਸਟੀਚਿਊਟ ਦੇ ਸੇਵਾ ਮੁਕਤ ਡਾਇਰੈਕਟਰ ਡਾ. ਐੱਸਪੀਐੱਸ ਬਰਾੜ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਪੰਜਾਬ ਬਾਰੇ ਰਸਾਇਣਕ ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਕਰਨ ਦਾ ਇੱਕ ਗ਼ਲਤ ਬਿਰਤਾਂਤ ਸਿਰਜਿਆ ਗਿਆ ਹੈ।

ਉਨ੍ਹਾਂ ਕਿਹਾ, "ਇਸ ਗੱਲ ਦਾ ਕੋਈ ਵੀ ਸਬੂਤ ਨਹੀਂ ਹੈ ਕਿ ਲੋੜ ਤੋਂ ਵੱਧ ਖਾਦਾਂ ਦੇ ਇਸਤੇਮਾਲ ਨਾਲ ਪੰਜਾਬ ਦੀ ਜ਼ਮੀਨ ਜ਼ਹਿਰੀਲੀ ਹੋ ਗਈ ਹੈ।"

ਉਨ੍ਹਾਂ ਮੁਤਾਬਕ ਪੰਜਾਬ ਵਿੱਚ ਕੌਮੀ ਔਸਤ ਨਾਲੋਂ ਵੱਧ ਖਾਦ ਦੀ ਖਪਤ ਦੀ ਅਕਸਰ ਗੱਲ ਕੀਤੀ ਜਾਂਦੀ ਹੈ, ਪਰ ਇਸ ਨਾਲ ਭਾਰਤ ਅਤੇ ਪੰਜਾਬ ਦੀ ਅਸਲ ਸਥਿਤੀ ਦੀ ਪੂਰੀ ਤਸਵੀਰ ਨਹੀਂ ਮਿਲਦੀ।

ਉਨ੍ਹਾਂ ਅਨੁਸਾਰ ਪੰਜਾਬ ਦਾ ਕਿਸਾਨ ਸੰਜਮ, ਲੋੜ ਅਤੇ ਖੇਤੀਬਾੜੀ ਮਾਹਰਾਂ ਦੀ ਸਲਾਹ ਨਾਲ ਹੀ ਖਾਦ ਦਾ ਇਸਤੇਮਾਲ ਕਰਦਾ ਹੈ। ਉਨ੍ਹਾਂ ਮੁਤਾਬਕ, "ਜੇਕਰ ਖਾਦ ਦੀ ਵਰਤੋਂ ਨਾ ਹੋਵੇ ਤਾਂ ਇਸ ਨਾਲ ਫ਼ਸਲ ਦੀ ਪੈਦਾਵਾਰ ਉੱਤੇ ਅਸਰ ਪਵੇਗਾ ਅਤੇ ਦੇਸ਼ ਵਿੱਚ ਅਨਾਜ ਭੰਡਾਰਨ ਦਾ ਸੰਕਟ ਖੜਾ ਹੋ ਸਕਦਾ ਹੈ।"

ਕਿਸਾਨ

ਤਸਵੀਰ ਸਰੋਤ, Getty Images

ਕੁਦਰਤੀ ਖੇਤੀ ਲਈ ਕੀ ਹੈ ਚੁਣੌਤੀ

ਪੰਜਾਬ ਵਿੱਚ ਕੁਝ ਕਿਸਾਨਾਂ ਨੇ ਕੁਦਰਤੀ ਖੇਤੀਬਾੜੀ ਅਪਣਾਈ ਹੋਈ ਹੈ, ਪਰ ਇਸ ਅੱਗੇ ਕਈ ਚੁਣੌਤੀਆਂ ਵੀ ਹਨ।

ਪੰਜਾਬ ਦੇ ਮਾਲਵਾ ਖ਼ਿੱਤੇ ਵਿੱਚ ਕੁਦਰਤੀ ਖੇਤੀ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਵਾਲੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਕਿਸਾਨਾਂ ਦੀ ਸਭ ਤੋਂ ਵੱਡੀ ਚਿੰਤਾ ਉਨ੍ਹਾਂ ਦੀ ਆਮਦਨ ਹੈ ਅਤੇ ਇਸ ਵਿੱਚ ਸਰਕਾਰਾਂ ਨੂੰ ਆਪਣਾ ਯੋਗਦਾਨ ਪਾਉਣਾ ਹੋਵੇਗਾ।

ਉਨ੍ਹਾਂ ਕਿਹਾ, "ਕੁਦਰਤੀ ਖੇਤੀ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਸਰਕਾਰ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਮਾਹਰਾਂ ਨੂੰ ਅਜਿਹੀਆਂ ਨੀਤੀਆਂ ਬਣਾਉਣ ਦੀ ਲੋੜ ਹੈ, ਜਿਨ੍ਹਾਂ ਨਾਲ ਕਿਸਾਨ ਨੂੰ ਫਾਇਦਾ ਹੋਵੇ।"

ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਖਾਦਾਂ ਦੇ ਫ਼ਾਇਦੇ ਅਤੇ ਨੁਕਸਾਨ ਬਾਰੇ ਜਾਣਕਾਰੀ ਹੈ, ਪਰ ਉਹ ਇਸ ਦਾ ਇਸਤੇਮਾਲ ਮਜਬੂਰੀ ਵੱਸ ਕਰ ਰਹੇ ਹਨ।

ਉਨ੍ਹਾਂ ਮੁਤਾਬਕ ਪਿਛਲੇ ਸਾਲਾਂ ਦੌਰਾਨ ਕਿਸਾਨਾਂ ਦਾ ਕੁਦਰਤੀ ਖੇਤੀ ਵੱਲ ਰੁਝਾਨ ਵਧਿਆ ਹੈ, ਪਰ ਸਰਕਾਰਾਂ ਨੂੰ ਇਸ ਵਿੱਚ ਹੋਰ ਯੋਗਦਾਨ ਪਾਉਣਾ ਪਵੇਗਾ।

ਕਿਸਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ, ਕਿਸਾਨਾਂ ਨੂੰ ਖਾਦਾਂ ਦੇ ਫ਼ਾਇਦੇ ਅਤੇ ਨੁਕਸਾਨ ਬਾਰੇ ਜਾਣਕਾਰੀ ਹੈ, ਪਰ ਉਹ ਇਸ ਦਾ ਇਸਤੇਮਾਲ ਮਜਬੂਰੀ ਵੱਸ ਕਰ ਰਹੇ ਹਨ

ਖਾਦ ਬਾਰੇ ਕੀ ਹੈ ਜਾਣਕਾਰਾਂ ਦੀ ਰਾਏ

ਪੀਏਯੂ, ਲੁਧਿਆਣਾ ਦੇ ਪੰਜਾਬ ਐਗਰੀਕਲਚਰ ਮੈਨੇਜਮੈਂਟ ਅਤੇ ਟ੍ਰੇਨਿੰਗ ਇੰਸਟੀਚਿਊਟ ਦੇ ਸੇਵਾ ਮੁਕਤ ਡਾਇਰੈਕਟਰ ਡਾ. ਐੱਸਪੀਐੱਸ ਬਰਾੜ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਜੇਕਰ ਖਾਦ ਦੀ ਪੂਰਤੀ ਨਾ ਹੋਈ ਤਾਂ ਕਿਸਾਨੀ ਵੱਡੇ ਸੰਕਟ ਵੱਲ ਜਾ ਸਕਦੀ ਹੈ।

ਪ੍ਰੋਫੈਸਰ ਬਰਾੜ ਮੁਤਾਬਕ ਜੇਕਰ ਪੰਜਾਬ ਅਜਿਹਾ ਨਾ ਕਰਦਾ ਹੁੰਦਾ ਤਾਂ ਦੇਸ਼ ਵਿੱਚ ਅਨਾਜ ਭੰਡਾਰਨ ਦੀ ਦਿੱਕਤ ਪੈ ਸਕਦੀ ਸੀ।

ਉਨ੍ਹਾਂ ਦੱਸਿਆ ਕਿ ਅਸਲ ਵਿੱਚ ਰਸਾਇਣਕ ਖਾਦਾਂ ਸਰਕਾਰ ਨੂੰ ਦੂਜੇ ਦੇਸ਼ਾਂ ਤੋਂ ਮੰਗਵਾਉਣੀਆਂ ਪੈਂਦੀਆਂ ਹਨ, ਜਿਸ 'ਤੇ ਕਾਫ਼ੀ ਪੈਸਾ ਖਰਚ ਹੁੰਦਾ ਹੈ। ਹੁਣ ਖਾੜੀ ਦੇਸ਼ਾਂ ਵਿੱਚ ਚੱਲ ਰਹੀ ਲੜਾਈ ਕਾਰਨ ਇਹ ਸੰਕਟ ਹੋਰ ਵੱਧ ਗਿਆ ਹੈ, ਜਿਸ ਕਰਕੇ ਕੁਦਰਤੀ ਖੇਤੀ ਦੀ ਸਲਾਹ ਦਿੱਤੀ ਜਾ ਰਹੀ ਹੈ।

ਉਨ੍ਹਾਂ ਇਹ ਵੀ ਸਵਾਲ ਉਠਾਇਆ ਕਿ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਖਾਦ ਦੇ ਸਿਰਫ਼ ਦੋ ਹੀ ਕਾਰਖ਼ਾਨੇ (ਨੰਗਲ ਅਤੇ ਬਠਿੰਡਾ) ਹਨ, ਪਰ ਇਹਨਾਂ ਦੀ ਗਿਣਤੀ ਵਿੱਚ ਵਾਧਾ ਕਿਉਂ ਨਹੀਂ ਕੀਤਾ ਗਿਆ।

ਪੰਜਾਬ ਰਾਜ ਖੇਤੀ ਕਮਿਸ਼ਨ ਦੇ ਚੇਅਰਮੈਨ ਅਤੇ ਅਰਥ-ਸ਼ਾਸਤਰੀ ਡਾ. ਸੁਖਪਾਲ ਸਿੰਘ ਕਹਿੰਦੇ ਹਨ ਕਿ ਰਸਾਇਣਕ ਖਾਦਾਂ 'ਤੇ ਕਾਫ਼ੀ ਪੈਸਾ ਖਰਚ ਹੁੰਦਾ ਹੈ, ਇਸ ਨੂੰ ਘੱਟ ਕਰਨ ਦੀ ਲੋੜ ਹੈ। ਉਨ੍ਹਾਂ ਮੁਤਾਬਕ ਖਾਦਾਂ ਦੀ ਵਰਤੋਂ ਖੇਤੀਬਾੜੀ ਯੂਨੀਵਰਸਿਟੀ ਜਾਂ ਮਾਹਿਰਾਂ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ।

ਪਰ ਨਾਲ ਹੀ ਉਹ ਆਖਦੇ ਹਨ ਕਿ ਕੁਦਰਤੀ ਖੇਤੀ ਦੇ ਤਰੀਕੇ ਵਿੱਚ ਕੁਝ ਅੜਚਨਾਂ ਹਨ, ਜਿਸ ਕਾਰਨ ਇਹ ਖੇਤੀ ਹਾਲੇ ਪੂਰੀ ਤਰ੍ਹਾਂ ਵਿਵਹਾਰਕ ਨਹੀਂ ਹੈ।

ਰਜਿੰਦਰ ਸਿੰਘ ਦੀਪ ਸਿੰਘ ਵਾਲਾ

ਕਿਸਾਨ ਸੰਗਠਨਾਂ ਦਾ ਪੱਖ

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ 'ਤੇ ਕਿਹਾ, "ਕੁਦਰਤੀ ਖੇਤੀ ਸੰਭਵ ਹੀ ਨਹੀਂ ਹੈ, ਕਿਉਂਕਿ ਬੀਜ ਵੱਡੀਆਂ ਕੰਪਨੀਆਂ ਦੀ ਗ੍ਰਿਫ਼ਤ ਵਿੱਚ ਹੈ ਅਤੇ ਪੈਦਾਵਾਰ ਲਈ ਖਾਦ ਜ਼ਰੂਰੀ ਹੈ।"

ਉਨ੍ਹਾਂ ਕਿਹਾ, "ਕੁਦਰਤੀ ਖੇਤੀ ਇੱਕ ਦਮ ਨਹੀਂ ਹੁੰਦੀ। ਇਸ ਲਈ ਕਈ ਸਾਲ ਲੱਗਦੇ ਹਨ ਅਤੇ ਪੰਜਾਬ ਦੇ ਕਿਸਾਨ ਦੀ ਸਥਿਤੀ ਅਜਿਹੀ ਨਹੀਂ ਕਿ ਉਹ ਕਣਕ-ਝੋਨੇ ਤੋਂ ਬਾਅਦ ਦੂਜੀ ਫਸਲ ਵਿੱਚ ਰਿਸਕ ਲੈ ਸਕੇ, ਕਿਉਂਕਿ ਸਵਾਲ ਉਸ ਦੀ ਆਮਦਨ ਨਾਲ ਜੁੜਿਆ ਹੈ।"

ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਖਾਦ ਖਪਤ ਨੂੰ ਲੈ ਕੇ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦਕਿ ਪੰਜਾਬ ਦਾ ਕਿਸਾਨ ਸਾਲ ਵਿੱਚ ਤਿੰਨ ਫਸਲਾਂ ਉਗਾਉਂਦਾ ਹੈ, ਜਿਸ ਲਈ ਖਾਦ ਦੀ ਲੋੜ ਪੈਂਦੀ ਹੈ।

ਉਨ੍ਹਾਂ ਦੱਸਿਆ, "ਅਸਲ ਵਿੱਚ ਸਰਕਾਰ ਖਾਦ 'ਤੇ ਸਬਸਿਡੀ ਘਟਾਉਣਾ ਚਾਹੁੰਦੀ ਹੈ, ਇਸ ਲਈ ਉਹ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਧੱਕ ਰਹੀ ਹੈ, ਪਰ ਅਨਾਜ ਕਿੱਥੋਂ ਆਵੇਗਾ, ਇਸ ਬਾਰੇ ਕੁਝ ਨਹੀਂ ਦੱਸਿਆ ਜਾ ਰਿਹਾ।"

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਵੀ ਪ੍ਰਧਾਨ ਮੰਤਰੀ ਦੇ ਬਿਆਨ 'ਤੇ ਨਾਖ਼ੁਸ਼ੀ ਜਤਾਈ। ਉਨ੍ਹਾਂ ਕਿਹਾ, "ਭਾਰਤ ਦੀ ਵਿਦੇਸ਼ ਨੀਤੀ ਫ਼ੇਲ੍ਹ ਹੋ ਗਈ ਹੈ, ਜਿਸ ਕਾਰਨ ਦੇਸ਼ ਸੰਕਟ ਵਿੱਚ ਫਸਦਾ ਜਾ ਰਿਹਾ ਹੈ।"

ਉਨ੍ਹਾਂ ਇਹ ਵੀ ਕਿਹਾ ਕਿ ਇਹ ਸੰਕਟ ਕਾਫ਼ੀ ਸਮੇਂ ਤੋਂ ਹੈ, ਪਰ ਇਸ 'ਤੇ ਸਮੇਂ ਸਿਰ ਵਿਚਾਰ ਨਹੀਂ ਕੀਤਾ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)