'ਮੇਰੇ ਲਿੰਗ ਦਾ 30% ਹਿੱਸਾ ਹਟਾਉਣਾ ਮੇਰੀ ਜ਼ਿੰਦਗੀ ਬਚਾ ਗਿਆ'- ਮਰਦਾਂ ਵਿੱਚ ਹੋਣ ਵਾਲਾ ਵਿਰਲਾ ਤੇ ਅਣਗੌਲਿਆ ਕੈਂਸਰ

ਤਸਵੀਰ ਸਰੋਤ, BBC/Dragonfly Film and TV Productions
- ਲੇਖਕ, ਕੈਥਰੀਨ ਲਿਸਟ
- ਰੋਲ, ਬੀਬੀਸੀ ਸਕਾਟਲੈਂਡ
- ਪੜ੍ਹਨ ਦਾ ਸਮਾਂ: 7 ਮਿੰਟ
ਜਦੋਂ ਅਲਾਸਟੇਅਰ ਮੁਨਰੋ ਨੇ ਆਪਣੇ ਲਿੰਗ ਉੱਤੇ ਇੱਕ ਛੋਟੀ ਜਿਹੀ ਗੰਢ ਵੇਖੀ ਜੋ ਵੱਡੀ ਹੋ ਰਹੀ ਸੀ, ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਮਾਮਲਾ ਗੰਭੀਰ ਹੈ।
ਉਹ ਲਗਭਗ ਛੇ ਹਫ਼ਤਿਆਂ ਤੱਕ ਡਾਕਟਰ ਕੋਲ ਜਾਣਾ ਟਾਲਦੇ ਰਹੇ ਪਰ ਜਿਵੇਂ ਹੀ ਜੀਪੀ (ਜਨਰਲ ਪ੍ਰੈਕਟੀਸ਼ਨਰ) ਨੇ ਉਨ੍ਹਾਂ ਨੂੰ ਵੇਖਿਆ, ਉਨ੍ਹਾਂ ਨੂੰ ਕਿਹਾ ਗਿਆ ਕਿ ਇਹ ਕੈਂਸਰ ਹੋਣ ਦੀ ਸੰਭਾਵਨਾ ਹੈ।
49 ਸਾਲਾ ਅਲਾਸਟੇਅਰ ਨੇ ਕਿਹਾ, "ਇਹ ਕਹਿਣਾ ਕਾਫ਼ੀ ਹਿੰਮਤ ਵਾਲੀ ਗੱਲ ਸੀ। ਮੈਂ ਹੈਰਾਨ ਰਹਿ ਗਿਆ ਸੀ। ਉਹ 100% ਯਕੀਨ ਨਹੀਂ ਕਹਿ ਸਕਦੇ ਸੀ, ਪਰ ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਕੈਂਸਰ ਹੈ।"
"ਇੱਕ ਹਫ਼ਤੇ ਬਾਅਦ ਯੂਰੋਲੋਜਿਸਟ ਨੇ ਰੇਗਮੋਰ ਵਿੱਚ ਵੀ ਇਹੀ ਗੱਲ ਕਹੀ। ਫਿਰ ਸਿਰਫ਼ ਬਾਇਓਪਸੀ ਕਰਵਾਉਣ ਦੀ ਗੱਲ ਰਹਿ ਗਈ ਸੀ।"
ਪਹਿਲੀ ਵਾਰ ਗੰਢ ਨਜ਼ਰ ਆਉਣ ਤੋਂ ਤਿੰਨ ਮਹੀਨੇ ਬਾਅਦ, ਇਨਵਰਨੈੱਸ ਦੇ ਨਿਰਮਾਣ ਇੰਜੀਨੀਅਰ ਅਲਾਸਟੇਅਰ ਨੂੰ ਪੁਸ਼ਟੀ ਮਿਲੀ ਕਿ ਇਹ ਲਿੰਗ ਦਾ ਕੈਂਸਰ ਭਾਵ ਪਿਨਾਇਲ ਕੈਂਸਰ ਹੈ, ਇੱਕ ਵਿਰਲਾ ਰੋਗ ਜੋ ਸਕਾਟਲੈਂਡ ਵਿੱਚ ਹਰ ਸਾਲ ਸਿਰਫ਼ 80 ਤੋਂ 90 ਮਰਦਾਂ ਨੂੰ ਅਤੇ ਪੂਰੇ ਯੂਕੇ ਵਿੱਚ ਲਗਭਗ 700 ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।
ਇਸ ਕਹਾਣੀ ਵਿੱਚ ਸਰਜਰੀ ਦੇ ਗ੍ਰਾਫਿਕ ਵੇਰਵੇ ਹਨ। ਕੁਝ ਵੇਰਵੇ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹਨ।
ਉਨ੍ਹਾਂ ਨੇ ਬੀਬੀਸੀ ਸਕੌਟਲੈਂਡ ਨਿਊਜ਼ ਨੂੰ ਕਿਹਾ, "ਮੈਂ ਕਾਫ਼ੀ ਹੈਰਾਨ ਸੀ, ਪਰ ਮੈਨੂੰ ਪਹਿਲਾਂ ਹੀ ਯਕੀਨ ਸੀ ਕਿ ਇਹ ਕੈਂਸਰ ਹੈ।"
"ਮੈਂ ਇਸ ਤਰ੍ਹਾਂ ਦੇ ਕੈਂਸਰ ਬਾਰੇ ਪਹਿਲਾਂ ਕਦੇ ਨਹੀਂ ਸੁਣਿਆ ਸੀ। ਇਸ ਤੋਂ ਬਾਅਦ ਸਭ ਕੁਝ ਬਹੁਤ ਤੇਜ਼ੀ ਨਾਲ ਹੋਇਆ।"
ਇੱਕ ਸੀਟੀ ਸਕੈਨ ਨੇ ਪੁਸ਼ਟੀ ਕੀਤੀ ਕਿ ਕੈਂਸਰ ਫੈਲ੍ਹ ਰਿਹਾ ਸੀ।
ਅਲਾਸਟੇਅਰ ਦੀ ਸਰਜਰੀ ਨੂੰ ਬੀਬੀਸੀ ਦੀ ਕੈਮਰਾ ਟੀਮ ਨੇ ਰਿਕਾਰਡ ਕੀਤਾ ਅਤੇ ਇਹ ਸਰਜਨਸ: ਏਟ ਦਿ ਐਜ ਆਫ ਲਾਈਫ ਦੇ ਐਪੀਸੋਡ ਵਿੱਚ ਦਿਖਾਈ।
ਇਸ ਜਟਿਲ ਪ੍ਰਕਿਰਿਆ ਵਿੱਚ ਸੱਤ ਘੰਟਿਆਂ ਦੇ ਆਪਰੇਸ਼ਨ ਦੌਰਾਨ ਟਿਊਮਰ ਅਤੇ ਅਲਾਸਟੇਅਰ ਦੇ ਲਿੰਗ ਦਾ 30% ਹਟਾਇਆ ਗਿਆ।
ਕੈਂਸਰ ਅਲਾਸਟੇਅਰ ਦੇ ਪੱਟ ਦੇ ਉਪਰਲੇ ਹਿੱਸੇ ਦੇ ਕੋਲ ਲਿੰਫ ਨੋਡਜ਼ ਤੱਕ ਫੈਲ ਗਿਆ ਸੀ, ਇਸ ਲਈ ਉਨ੍ਹਾਂ ਨੂੰ ਵੀ ਹਟਾਉਣਾ ਪਿਆ। ਫਿਰ ਉਨ੍ਹਾਂ ਦਾ ਲਿੰਗ ਉਨ੍ਹਾਂ ਦੇ ਪੱਟ ਤੋਂ ਚਮੜੀ ਲੈ ਕੇ ਦੁਬਾਰਾ ਬਣਾਇਆ ਗਿਆ।
ਕਿੰਗੁਸੀ ਦੇ ਮੂਲ ਨਿਵਾਸੀ ਅਲਾਸਟੇਅਰ ਨੂੰ ਛੇ ਹਫ਼ਤੇ ਬਾਅਦ ਨੂੰ ਮੁੜ ਸਾਢੇ ਤਿੰਨ ਘੰਟਿਆਂ ਦੀ ਹੋਰ ਸਰਜਰੀ ਕਰਵਾਉਣੀ ਪਈ ਕਿਉਂਕਿ ਪਹਿਲੀ ਸਰਜਰੀ ਦੇ ਨਤੀਜਿਆਂ ਤੋਂ ਪਤਾ ਲੱਗਿਆ ਕਿ ਟਿਊਮਰ ਦਾ ਥੋੜ੍ਹਾ ਹਿੱਸਾ ਅਜੇ ਵੀ ਮੌਜੂਦ ਸੀ।

ਤਸਵੀਰ ਸਰੋਤ, BBC/Dragonfly Film and TV Productions
ਕੈਂਸਰ ਦੇ ਉਨ੍ਹਾਂ ਦੇ ਪੈਲਵਿਕ ਹਿੱਸੇ ਤੱਕ ਫੈਲਣ ਦੀ 50% ਸੰਭਾਵਨਾ ਸੀ।
ਉਨ੍ਹਾਂ ਨੇ ਕਿਹਾ, "ਉਹ ਅਸਲ ਵਿੱਚ ਇਹ ਨਹੀਂ ਦੱਸ ਸਕਦੇ ਕਿ ਇਹ ਕੈਂਸਰ ਹੈ ਜਾਂ ਨਹੀਂ ਜਦੋਂ ਤੱਕ ਉਹ ਤੁਹਾਡੇ ਅੰਦਰ ਨਹੀਂ ਦੇਖਦੇ। ਉਹ ਕੀ ਕਰਦੇ ਹਨ ਕਿ ਕੈਂਸਰ ਵਾਲੇ ਨੋਡਜ਼ ਨੂੰ ਕੱਟ ਕੇ ਤੁਰੰਤ ਜਾਂਚਦੇ ਹਨ। ਉਹ ਅਸਲ ਵਿੱਚ ਤੁਹਾਡੇ ਅੰਦਰ ਖੋਜ ਕਰਦੇ ਰਹਿੰਦੇ ਹਨ।"
"ਉਹ ਅਜਿਹਾ ਉਦੋਂ ਤੱਕ ਕਰਦੇ ਰਹਿੰਦੇ ਹਨ ਜਦੋਂ ਤੱਕ ਕੈਂਸਰ ਦਾ ਅੰਤ ਨਹੀਂ ਲੱਭ ਲੈਂਦੇ। ਇਹ ਸੁਣਨ ਵਿੱਚ ਕਾਫ਼ੀ ਸਧਾਰਣ ਜਿਹਾ ਲੱਗਦਾ ਹੈ ਪਰ ਉਹ ਇਹੀ ਕਰ ਰਹੇ ਹੁੰਦੇ ਹਨ। ਇਹ ਵਾਕਈ ਕਮਾਲ ਦੀ ਗੱਲ ਹੈ।"
ਇਸ ਤੋਂ ਬਾਅਦ ਅਲਾਸਟੇਅਰ ਨੇ ਇੱਕ ਮਹੀਨੇ ਦੀ ਰੇਡੀਓਥੈਰਪੀ ਕਰਵਾਈ ਅਤੇ ਫਰਵਰੀ ਵਿੱਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਦੀ ਖ਼ਬਰ ਮਿਲੀ।
ਇਸ ਵੇਲੇ ਉਹ ਨਾ ਤਾਂ ਚੰਗੀ ਤਰ੍ਹਾਂ ਸਰੀਰਕ ਸਬੰਧ ਬਣਾ ਸਕਦੇ ਹਨ ਅਤੇ ਨਾ ਹੀ ਠੀਕ ਤਰ੍ਹਾਂ ਪੇਸ਼ਾਬ ਕਰ ਸਕਦੇ ਹਨ ਕਿਉਂਕਿ ਸਰਜਰੀ ਅਤੇ ਰੇਡੀਓਥੈਰਪੀ ਦੇ ਕਾਰਨ ਉਨ੍ਹਾਂ ਨੂੰ ਲਿੰਫੋਡੀਮਾ ਹੋ ਗਿਆ ਹੈ। ਇਸ ਵਿੱਚ ਚਮੜੀ ਸੁੱਜ ਜਾਂਦੀ ਹੈ।
ਲਗਭਗ ਇੱਕ ਸਾਲ ਬਾਅਦ ਇਸ ਨੂੰ ਠੀਕ ਕਰਨ ਲਈ ਉਨ੍ਹਾਂ ਦੀ ਮੁੜ ਪਲਾਸਟਿਕ ਸਰਜਰੀ ਹੋ ਸਕਦੀ ਹੈ।
ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਦੋ ਸਾਲਾਂ ਵਿੱਚ ਕੈਂਸਰ ਵਾਪਸ ਆਉਣ ਦੀ ਸੰਭਾਵਨਾ ਕਾਫ਼ੀ ਵੱਧ ਹੈ।

ਤਸਵੀਰ ਸਰੋਤ, BBC/Dragonfly Film and TV Productions
ਜਾਗਰੂਕਤਾ ਵਧਾਉਣਾ
ਅਲਾਸਟੇਅਰ ਲਈ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੈਂਸਰ ਬਾਰੇ ਦੱਸਣਾ ਮੁਸ਼ਕਲ ਸੀ, ਖ਼ਾਸ ਕਰਕੇ ਕਿਉਂਕਿ ਇਹ ਉਹ ਰੋਗ ਸੀ ਜਿਸ ਬਾਰੇ ਬਹੁਤ ਲੋਕਾਂ ਨੇ ਨਹੀਂ ਸੁਣਿਆ ਸੀ।
ਪਰ ਉਨ੍ਹਾਂ ਨੂੰ ਇਹ ਵੀ ਦੱਸਣਾ ਪਿਆ ਕਿ ਉਨ੍ਹਾਂ ਦੀ ਸਰਜਰੀ ਬੀਬੀਸੀ ਦੀ ਡਾਕੂਮੈਂਟਰੀ ਸੀਰੀਜ਼ ਲਈ ਫਿਲਮਾਈ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ, "ਇਸਦਾ ਮੁੱਖ ਮਕਸਦ ਮਰਦਾਂ ਦੇ ਕੈਂਸਰ ਬਾਰੇ ਜਾਗਰੂਕਤਾ ਵਧਾਉਣਾ ਹੈ।"
"ਜੇਕਰ ਕੋਈ ਵੀ ਵਿਅਕਤੀ ਵੀ ਜਿਸਨੂੰ ਆਪਣੇ ਲਿੰਗ ਨਾਲ ਸਬੰਧਤ ਕੋਈ ਸਮੱਸਿਆ ਹੈ ਪਰ ਸ਼ਰਮ ਦੇ ਕਾਰਨ ਡਾਕਟਰ ਕੋਲ ਨਹੀਂ ਜਾਂਦਾ, ਇਹ ਪ੍ਰੋਗਰਾਮ ਵੇਖ ਕੇ ਕਹੇ 'ਮੈਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ', ਅਤੇ ਇਹੀ ਇਸਦਾ ਮਕਸਦ ਹੈ।"
"ਇਸਨੂੰ ਪਛਾਣਨਾ ਬਹੁਤ ਮੁਸ਼ਕਲ ਹੈ। ਇਸ ਦੇ ਲੱਛਣ ਬਹੁਤ ਘੱਟ ਹੁੰਦੇ ਹਨ। ਇਹ ਸਿਰਫ਼ ਤੁਹਾਡੇ ਲਿੰਗ 'ਤੇ ਇੱਕ ਛੋਟਾ ਦਾਗ਼ ਵੀ ਹੋ ਸਕਦਾ ਹੈ। ਜੇ ਕਿਸੇ ਨੂੰ ਗੰਢ ਮਿਲੇ ਜਾਂ ਇਰੈਕਸ਼ਨ ਵਿੱਚ ਸਮੱਸਿਆ ਹੋਵੇ ਜਾਂ ਖੂਨ ਆਵੇ, ਤਾਂ ਤੁਰੰਤ ਜਾਂਚ ਕਰਵਾਓ।"

ਤਸਵੀਰ ਸਰੋਤ, Getty Images
ਅਲਾਸਟੇਅਰ ਦੀ ਗੰਢ ਉਨ੍ਹਾਂ ਦੇ ਲਿੰਗ ਦੇ ਸਿਰੇ 'ਤੇ ਸੀ। ਇਨ੍ਹਾਂ ਵਿੱਚ ਦਰਦ ਨਹੀਂ ਸੀ ਪਰ ਵਧ ਰਹੀ ਸੀ ਅਤੇ ਇੱਕ ਸਮੇਂ ਉਨ੍ਹਾਂ ਨੇ ਖੂਨ ਵੀ ਵੇਖਿਆ।
ਉਨ੍ਹਾਂ ਦੀ ਸਰਜਰੀ ਐਡਿਨਬਰਗ ਦੇ ਵੈਸਟਰਨ ਜਨਰਲ ਹਸਪਤਾਲ ਵਿੱਚ ਕਨਸਲਟੈਂਟ ਯੂਰੋਲੋਜੀਕਲ ਸਰਜਨ ਸੀਜੇ ਸ਼ੁਕਲਾ ਵੱਲੋਂ ਕੀਤੀ ਗਈ।
ਇਹ ਸਕਾਟਲੈਂਡ ਦੇ ਸਿਰਫ਼ ਦੋ ਕੇਂਦਰਾਂ ਵਿੱਚੋਂ ਇੱਕ ਹੈ ਜਿੱਥੇ ਬਹੁਤ ਮਰਦਾਂ ਦੇ ਵਿਰਲੇ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ।
ਅਲਾਸਟੇਅਰ ਪਹਿਲਾਂ ਹੀ ਇਸ ਪ੍ਰੋਗਰਾਮ ਦੀ ਝਲਕ ਦੇਖ ਚੁੱਕੇ ਹਨ।
ਉਨ੍ਹਾਂ ਨੇ ਕਿਹਾ, "ਸੱਚ ਪੁੱਛੋ ਤਾਂ ਮੈਨੂੰ ਇਹ ਕਾਫ਼ੀ ਡਰਾਉਣਾ ਲੱਗਿਆ। ਪ੍ਰੋਗਰਾਮ ਵਿੱਚ ਤੁਸੀਂ ਵੇਖਦੇ ਹੋ ਕਿ ਮੇਰਾ ਕਾਫੀ ਖੂਨ ਵਗਦਾ ਹੈ। ਜਦੋਂ ਮੈਂ ਇਹ ਵੇਖਿਆ ਤਾਂ ਮੈਂ ਕਿਹਾ 'ਮੈਨੂੰ ਤਾਂ ਇਸ ਬਾਰੇ ਕਿਸੇ ਨੇ ਨਹੀਂ ਦੱਸਿਆ'।"
"ਪਰ ਮੇਰੇ ਸਰਜਨ ਨੇ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ, ਇਹ ਤਾਂ ਅਕਸਰ ਹੁੰਦਾ ਰਹਿੰਦਾ ਹੈ।"
ਇਸ ਤਰ੍ਹਾਂ ਦੇ ਦ੍ਰਿਸ਼ਾਂ ਦੇ ਬਾਵਜੂਦ, ਅਲਾਸਟੇਅਰ ਸਾਢੇ ਪੰਜ ਮਹੀਨਿਆਂ ਬਾਅਦ ਮੁੜ ਕੰਮ 'ਤੇ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਉਹ ਪ੍ਰੋਗਰਾਮ ਆਉਣ 'ਤੇ ਆਪਣੀ ਸਰਜਰੀ ਮੁੜ ਦੇਖਣਗੇ।
ਉਨ੍ਹਾਂ ਨੇ ਕਿਹਾ, "ਮੈਂ ਸਰਜਨ ਅਤੇ ਐਡਿਨਬਰਗ ਦੇ ਵੈਸਟਰਨ ਜਨਰਲ ਦੇ ਸਾਰੇ ਸਟਾਫ ਅਤੇ ਡਿਸਟ੍ਰਿਕਟ ਨਰਸਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।"
"ਮੈਨੂੰ ਜੋ ਇਲਾਜ ਮਿਲਿਆ ਕਮਾਲ ਦਾ ਸੀ। ਮੈਂ ਇਸ ਵਿੱਚ ਕੋਈ ਖ਼ਾਮੀ ਨਹੀਂ ਲੱਭ ਸਕਦਾ। ਮੈਂ ਐੱਨਐੱਚਐੱਸ ਦਾ ਕਿੰਨਾ ਵੀ ਧੰਨਵਾਦ ਕਰਾਂ ਘੱਟ ਹੈ। ਡਾ. ਸ਼ੁਕਲਾ ਨੇ ਅਸਲ ਵਿੱਚ ਮੇਰੀ ਜ਼ਿੰਦਗੀ ਬਚਾਈ।"

"ਬੇਹੱਦ ਨਿੱਜੀ"
14 ਸਾਲਾਂ ਤੋਂ ਕਨਸਲਟੈਂਟ ਵਜੋਂ ਕੰਮ ਕਰ ਵਾਲੇ ਡਾ. ਸ਼ੁਕਲਾ ਨੇ ਕਿਹਾ ਕਿ ਸਕਾਟਲੈਂਡ ਵਿੱਚ ਯੂਕੇ ਦੇ ਮੁਕਾਬਲੇ ਪਿਨਾਇਲ ਕੈਂਸਰ ਦੇ ਕੇਸ ਸਭ ਤੋਂ ਵੱਧ ਹਨ।
ਉਨ੍ਹਾਂ ਨੇ ਕਿਹਾ, "ਅਨੁਮਾਨ ਹੈ ਕਿ 2030 ਤੋਂ 2040 ਤੱਕ ਇਹ ਹੋਰ ਵੱਧੇਗਾ, ਇਸ ਲਈ ਸਾਨੂੰ ਇਨ੍ਹਾਂ ਮਰੀਜ਼ਾਂ ਦੀ ਚੰਗੀ ਦੇਖਭਾਲ ਲਈ ਤਿਆਰ ਰਹਿਣਾ ਚਾਹੀਦਾ ਹੈ।"
"ਸਾਡੇ ਕੋਲ ਅਕਸਰ ਅਜਿਹੇ ਮਰੀਜ਼ ਆਉਂਦੇ ਹਨ ਜੋ ਦੋ ਜਾਂ ਤਿੰਨ ਮਹੀਨੇ ਤੱਕ ਡਾਕਟਰ ਕੋਲ ਜਾਣ ਤੋਂ ਪਹਿਲਾਂ ਇਸਨੂੰ ਅਣਡਿੱਠਾ ਕਰਦੇ ਰਹਿੰਦੇ ਹਨ।"
ਉਨ੍ਹਾਂ ਨੇ ਕਿਹਾ ਕਿ ਕਈ ਮਰੀਜ਼ਾਂ ਨੇ ਪਿਨਾਇਲ ਕੈਂਸਰ ਬਾਰੇ ਪਹਿਲਾਂ ਨਹੀਂ ਸੁਣਿਆ ਹੁੰਦਾ ਅਤੇ ਪ੍ਰੋਸਟੇਟ ਕੈਂਸਰ ਵਾਂਗ, ਜਿੱਥੇ ਜਾਗਰੂਕਤਾ ਜ਼ਿਆਦਾ ਹੈ ਉੱਥੇ ਵੀ ਮਰਦ ਸ਼ਰਮ ਕਾਰਨ ਮਦਦ ਲੈਣ ਤੋਂ ਕਤਰਾਉਂਦੇ ਹਨ।
ਉਨ੍ਹਾਂ ਨੇ ਕਿਹਾ ਕਿ ਜੀਪੀ ਵੀ ਕੈਂਸਰ ਦਾ ਗਲਤ ਨਿਦਾਨ ਕਰ ਸਕਦੇ ਹਨ ਜਿਵੇਂ ਕਿ ਖਮੀਰ ਦੀ ਲਾਗ ਥ੍ਰਸ਼ ਅਤੇ ਕਈ ਹਫ਼ਤਿਆਂ ਦੇ ਇਲਾਜ ਤੋਂ ਬਾਅਦ ਹੀ ਮਰੀਜ਼ ਨੂੰ ਹਸਪਤਾਲ ਭੇਜਿਆ ਜਾਂਦਾ ਹੈ।
ਉਸ ਤੋਂ ਬਾਅਦ ਵੀ, ਆਮ ਤੌਰ 'ਤੇ ਉਨ੍ਹਾਂ ਨੂੰ ਪਹਿਲਾਂ ਸਥਾਨਕ ਹਸਪਤਾਲ ਭੇਜਿਆ ਜਾਂਦਾ ਹੈ ਅਤੇ ਫਿਰ ਆਖ਼ਿਰਕਾਰ ਕਿਸੇ ਵਿਸ਼ੇਸ਼ ਕੇਂਦਰ ਤੱਕ ਪਹੁੰਚ ਮਿਲਦੀ ਹੈ।

ਤਸਵੀਰ ਸਰੋਤ, Getty Images
ਸ਼ੁਕਲਾ ਨੇ ਕਿਹਾ, "ਮਰਦਾਂ ਲਈ ਜ਼ਰੂਰੀ ਹੈ ਕਿ ਉਹ ਜਲਦੀ ਕਾਰਵਾਈ ਕਰਨ। ਸਵਾਲ ਇਹ ਹੈ ਕਿ ਅਸੀਂ ਯੂਕੇ ਦੇ ਬਾਕੀ ਹਿੱਸਿਆਂ ਨਾਲੋਂ ਵੱਧ ਕਿਉਂ ਹਾਂ?"
ਉਨ੍ਹਾਂ ਨੇ ਕਿਹਾ ਕਿ ਖ਼ਤਰੇ ਦੇ ਕਾਰਨਾਂ ਵਿੱਚ ਸਿਗਰਟਨੋਸ਼ੀ, ਮੋਟਾਪਾ, ਸਫ਼ਾਈ ਅਤੇ ਹਿਊਮਨ ਪੈਪੀਲੋਮਾਵਾਇਰਸ (ਐੱਚਪੀਵੀ) ਹੋਣਾ ਸ਼ਾਮਲ ਹੈ, ਜਿਨ੍ਹਾਂ ਵਿੱਚੋਂ ਕਈ ਸਮਾਜਿਕ ਪਿੱਛੜੇਪਨ ਨਾਲ ਜੁੜੇ ਹੋ ਸਕਦੇ ਹਨ।
ਪਰ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ, ਭਾਵੇਂ ਉਸਦੀ ਉਮਰ ਜਾਂ ਸਮਾਜਿਕ ਪਿਛੋਕੜ ਜੋ ਮਰਜ਼ੀ ਹੋਵੇ, ਇਸ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਕਾਟਲੈਂਡ ਨੂੰ ਮਰੀਜ਼ਾਂ ਲਈ ਹੋਰ ਨਰਸ ਪ੍ਰੈਕਟੀਸ਼ਨਰ ਅਤੇ ਮਨੋਵਿਗਿਆਨਕ ਸਹਾਇਤਾ ਦੀ ਲੋੜ ਹੈ।
ਇਹ ਪਹਿਲੀ ਵਾਰ ਹੈ ਕਿ ਸ਼ੁਕਲਾ ਇਸ ਟੀਵੀ ਸੀਰੀਜ਼ ਵਿੱਚ ਨਜ਼ਰ ਆਏ ਹਨ।
ਉਨ੍ਹਾਂ ਨੇ ਕਿਹਾ, "ਮੇਰੇ ਲਈ ਪ੍ਰੇਰਕ ਤਾਕਤ ਇਹ ਸੀ ਕਿ ਦੇਖਿਆ ਜਾਵੇ ਕਿ ਕੀ ਮਰੀਜ਼ ਆਪਣੀ ਕਹਾਣੀ ਸਾਂਝੀ ਕਰਨ ਲਈ ਤਿਆਰ ਹੋਣਗੇ ਅਤੇ ਅਲਾਸਟੇਅਰ ਨੇ ਬਹੁਤ ਹਿੰਮਤ ਦਿਖਾਈ ਹੈ ਕਿ ਉਨ੍ਹਾਂ ਨੇ ਆਪਣੀ ਕਹਾਣੀ ਸਾਹਮਣੇ ਰੱਖੀ ਹੈ ਕਿਉਂਕਿ ਇਹ ਬਹੁਤ ਨਿੱਜੀ ਗੱਲ ਹੈ।"
"ਉਨ੍ਹਾਂ ਦੀ ਕਹਾਣੀ ਸਾਂਝੀ ਕਰਨ ਦਾ ਮੁੱਖ ਮਕਸਦ ਇਹ ਹੈ ਕਿ ਹੋਰ ਮਰਦ ਇਸ ਤੋਂ ਲਾਭ ਲੈ ਸਕਣ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































