ਲੂਣ ਦਾ ਸਾਡੇ ਦਿਮਾਗ਼ 'ਤੇ ਇੰਨਾ ਵੱਡਾ ਅਸਰ ਕਿਵੇਂ ਹੁੰਦਾ ਹੈ, ਲੂਣ ਤੋਂ ਬਿਨਾਂ ਸਬਜ਼ੀ 'ਚ ਸੁਆਦ ਕਿਉਂ ਨਹੀਂ ਆਉਂਦਾ

ਲੂਣ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਇੱਕ ਸਧਾਰਣ ਰਸਾਇਣਕ ਯੋਗਿਕ ਹੈ। ਸਾਨੂੰ ਇਸਦਾ ਸਵਾਦ ਕਿਉਂ ਪਸੰਦ ਆਉਂਦਾ ਹੈ?
    • ਲੇਖਕ, ਅਨੰਦ ਜਗਾਤੀਆ ਅਤੇ ਰੌਬੀ ਵੋਜਚੇਖੋਵਸਕੀ
    • ਰੋਲ, ਬੀਬੀਸੀ ਵਰਲਡ ਸਰਵਿਸ, "ਕ੍ਰਾਉਡਸਾਇੰਸ" ਸੀਰੀਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਇਹ ਦੁਨੀਆਂ ਦੇ ਲਗਭਗ ਹਰ ਤਰ੍ਹਾਂ ਦੇ ਖਾਣੇ ਵਿੱਚ ਹੁੰਦਾ ਹੈ ਜਾਂ ਤਾਂ ਬਰੀਕ ਦਾਣਿਆਂ ਦੇ ਰੂਪ ਵਿੱਚ ਜਾਂ ਕੁਝ ਮੁਢਲੇ ਮਸਾਲਿਆਂ ਜਾਂ ਚਟਨੀਆਂ ਦੇ ਹਿੱਸੇ ਵਜੋਂ, ਜਿਵੇਂ ਕਿ ਸੋਇਆ ਚਟਨੀ ਵਿੱਚ 14-18 ਫ਼ੀਸਦੀ ਤੱਕ ਲੂਣ ਹੋ ਸਕਦਾ ਹੈ।

ਰਸਾਇਣਕ ਤੌਰ 'ਤੇ, ਸੋਡੀਅਮ ਕਲੋਰਾਈਡ ਹੈ। ਇਹ ਆਇਨਜ਼ ਭਾਵ ਚਾਰਜਡ ਪਰਮਾਣੂਆਂ, ਸੋਡੀਅਮ ਅਤੇ ਕਲੋਰੀਨ ਤੋਂ ਬਣਿਆ ਹੁੰਦਾ ਹੈ।

ਕੀ ਹੁੰਦਾ ਹੈ ਜਦੋਂ ਇਨ੍ਹਾਂ ਛੋਟੇ ਕ੍ਰਿਸਟਲਾਂ ਵਿੱਚੋਂ ਇੱਕ ਸਾਡੀ ਜੀਭ ਨੂੰ ਛੂਹਦਾ ਹੈ?

ਅਮਰੀਕਾ ਵਿੱਚ ਯੂਨੀਵਰਸਿਟੀ ਆਫ ਕੋਲੋਰੈਡੋ ਦੇ ਮੈਡੀਕਲ ਫੈਕਲਟੀ ਤੋਂ 'ਸੁਆਦ' ਮਾਹਰ ਕੋਰਟਨੀ ਵਿਲਸਨ ਸਮਝਾਉਂਦੇ ਹਨ, "ਸੁਆਦ ਇੱਕ ਅਜਿਹੀ ਭਾਵਨਾ ਹੈ ਜੋ ਸਾਨੂੰ ਸੁਆਦ ਗ੍ਰੰਥੀਆਂ ਰਾਹੀ ਵਾਤਾਵਰਣ ਵਿੱਚ ਮੌਜੂਦ ਉਨ੍ਹਾਂ ਰਸਾਇਣਕ ਪਦਾਰਥਾਂ ਦਾ ਪਤਾ ਲਗਾਉਣ ਵਿੱਚ ਮਦਦ ਕਰਦੀ ਹੈ ਜੋ ਸਾਡੇ ਲਈ ਫਾਇਦੇਮੰਦ ਜਾਂ ਖ਼ਤਰਨਾਕ ਹੋ ਸਕਦੇ ਹਨ।"

ਉਹ ਕਹਿੰਦੇ ਹਨ, "ਸੁਆਦ ਗ੍ਰੰਥੀਆਂ ਲਸਣ ਦੀਆਂ ਕਲੀਆਂ ਅਕਾਰ ਦੇ ਸੈੱਲਾਂ ਦੇ ਛੋਟੇ ਸਮੂਹ ਹੁੰਦੇ ਹਨ ਜੋ ਪੂਰੀ ਜੀਭ 'ਤੇ ਫੈਲੇ ਹੁੰਦੇ ਹਨ। ਉਨ੍ਹਾਂ ਸੈੱਲਾਂ ਵਿੱਚ ਅਜਿਹੇ ਰਿਸੈਪਟਰ ਹੁੰਦੇ ਹਨ ਜੋ ਖ਼ਾਸ ਕਿਸਮ ਦੇ ਰਸਾਇਣਕ ਪਦਾਰਥਾਂ ਪ੍ਰਤੀ ਪ੍ਰਤੀਕਿਰਿਆ ਕਰਨ ਲਈ ਵਿਕਸਤ ਹੋਏ ਹਨ।"

ਵਿਲਸਨ ਮੁਤਾਬਕ, ਇਹ ਅਸਲ ਵਿੱਚ ਸੈੱਲ ਦੀ ਸਤ੍ਹਾ 'ਤੇ ਛੋਟੇ ਸੁਰਾਖ ਹੁੰਦੇ ਹਨ ਜੋ ਸਿਰਫ਼ ਖਾਸ ਆਇਨਜ਼ ਨੂੰ ਹੀ ਲੰਘਣ ਦਿੰਦੇ ਹਨ। ਇਸ ਲਈ ਜਦੋਂ ਸੋਡੀਅਮ ਆਇਨ ਮੌਜੂਦ ਹੁੰਦੇ ਹਨ ਤਾਂ ਉਹ ਉਸ ਛੋਟੇ ਰਸਤੇ ਰਾਹੀਂ ਲੰਘ ਸਕਦੇ ਹਨ। ਉਹ ਸੈੱਲ ਸੋਡੀਅਮ ਦੀ ਮੌਜੂਦਗੀ ਪ੍ਰਤੀ ਸੁਚੇਤ ਹੋ ਜਾਂਦਾ ਹੈ ਅਤੇ ਉਸ ਇਲੈਕਟ੍ਰੀਕਲ ਸਿਗਨਲ ਨੂੰ ਨਾੜੀ ਤੱਕ ਭੇਜਦਾ ਹੈ। ਇਸ ਪੂਰੀ ਪ੍ਰਕਿਰਿਆ ਰਾਹੀਂ ਇਹ ਸਿਗਨਲ ਤੁਹਾਡੇ ਦਿਮਾਗ਼ ਤੱਕ ਪਹੁੰਚਦਾ ਹੈ।

ਪਰ ਇਹ ਇੰਨਾ ਸੁਆਦ ਕਿਉਂ ਲਗਦਾ ਹੈ ?

ਮਾਹਿਰ ਕਹਿੰਦੇ ਹਨ, "ਅਜਿਹਾ ਹਮੇਸ਼ਾ ਨਹੀਂ ਹੁੰਦਾ। ਅਸਲ ਵਿੱਚ ਸਾਡੇ ਕੋਲ ਦੋ ਪ੍ਰਣਾਲੀਆਂ ਹਨ- ਇੱਕ ਜੋ ਸਾਨੂੰ ਦੱਸਦੀ ਹੈ ਕਿ ਸੁਆਦ ਕਦੋਂ ਵਧੀਆ ਹੈ ਅਤੇ ਦੂਜੀ ਜੋ ਚੇਤਾਵਨੀ ਦਿੰਦੀ ਹੈ ਕਿ ਇਹ ਬਹੁਤ ਜ਼ਿਆਦਾ ਹੈ ਅਤੇ ਸ਼ਾਇਦ ਤੁਹਾਨੂੰ ਇਸ ਨੂੰ ਥੁੱਕ ਦੇਣਾ ਚਾਹੀਦਾ ਹੈ।"

ਜੇ ਤੁਹਾਡੇ ਕੋਲ ਲੂਣ ਦੀ ਸਹੀ ਮਾਤਰਾ ਹੈ ਯਾਨੀ ਉਹ ਮਾਤਰਾ ਜੋ ਤੁਹਾਡੇ ਸਰੀਰ ਨੂੰ ਲੂਣ ਦੇ ਉਚਿਤ ਪੱਧਰ 'ਤੇ ਰੱਖੇਗੀ ਤਾਂ ਇਹ ਬਹੁਤ ਸੁਆਦ ਲੱਗੇਗਾ।

ਵਿਲਸਨ ਸਮਝਾਉਂਦੇ ਹਨ ਕਿ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਤੁਹਾਡਾ ਸਰੀਰ ਹਮੇਸ਼ਾ ਲੂਣ ਦੀ ਮਾਤਰਾ ਨੂੰ ਇੱਕ ਸੀਮਤ ਦਾਇਰੇ ਵਿੱਚ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਕਿਉਂਕਿ, ਹਾਲਾਂਕਿ ਸਰੀਰ ਦੇ ਕੰਮ ਕਰਨ ਲਈ ਲੂਣ ਦੀ ਮੌਜੂਦਗੀ ਬਹੁਤ ਜ਼ਰੂਰੀ ਹੈ ਪਰ ਇਸ ਦੀ ਬਹੁਤ ਜ਼ਿਆਦਾ ਮਾਤਰਾ ਨੁਕਸਾਨਦੇਹ ਹੋ ਸਕਦੀ ਹੈ।

ਸਾਡੇ ਸਰੀਰ ਵਿੱਚ ਸੋਡੀਅਮ ਦੀ ਉਚਿਤ ਮਾਤਰਾ ਨੂੰ ਬਣਾਏ ਰੱਖਣਾ ਬਹੁਤ ਮਹੱਤਵਪੂਰਨ ਹੈ। ਤੁਹਾਡੇ ਦਿਮਾਗ ਦੇ ਸੈੱਲ ਜੋ ਇਲੈਕਟ੍ਰੀਕਲ ਸਿਗਨਲ ਇੱਕ ਦੂਜੇ ਨੂੰ ਅਤੇ ਮਾਸਪੇਸ਼ੀਆਂ ਨੂੰ ਭੇਜਦੇ ਹਨ ਅਤੇ ਤੁਹਾਡੇ ਸੈਂਸਰੀ ਸਿਸਟਮ ਤੋਂ ਪ੍ਰਾਪਤ ਕਰਦੇ ਹਨ, ਇੱਥੋਂ ਤੱਕ ਕਿ ਤੁਹਾਡੇ ਵਿਚਾਰ ਵੀ, ਇਹ ਸਭ ਕੁਝ ਸੋਡੀਅਮ 'ਤੇ ਨਿਰਭਰ ਕਰਦੇ ਹਨ।

ਇਸ ਨੂੰ ਪ੍ਰਾਪਤ ਕਰਨ ਲਈ ਉਹ ਸੁਆਦ ਦੀ ਵਰਤੋਂ ਕਰਦਾ ਹੈ, ਇਸ ਦੀ ਮਾਤਰਾ ਸ਼ਾਨ ਖੁਸ਼ ਕਰ ਸਕਦੀ ਹਾ ਜਾਂ ਨਰਾਜ਼ ਕਰ ਸਕਦੀ ਹੈ।

ਪਰ ਲੂਣ ਸਿਰਫ਼ ਨਮਕੀਨ ਕਰਨ ਤੋਂ ਇਲਾਵਾ ਵੀ ਬਹੁਤ ਕੁਝ ਕਰਦਾ ਹੈ। ਇਹ ਦੂਜੇ ਸੁਆਦਾਂ ਨੂੰ ਵਧਾ ਸਕਦਾ ਹੈ। ਕੀ ਅਸੀਂ ਜਾਣਦੇ ਹਾਂ ਕਿ ਇਹ ਮਕੈਨਿਜ਼ਮ ਕਿਵੇਂ ਕੰਮ ਕਰਦਾ ਹੈ ?

ਵਿਲਸਨ ਮੰਨਦੇ ਹਨ, "ਸਧਾਰਨ ਜਵਾਬ ਹੈ, ਨਹੀਂ।"

ਉਹ ਕਹਿੰਦੇ ਹਨ, "ਸਭ ਤੋਂ ਗੁੰਝਲਦਾਰ ਜਵਾਬ ਇਹ ਹੈ ਕਿ ਕੁਝ ਅਜਿਹੇ ਸਬੂਤ ਮਿਲੇ ਹਨ ਕਿ ਸੁਆਦ ਵਾਲੇ ਸੈੱਲ ਆਪਸ ਵਿੱਚ ਗੱਲਬਾਤ ਕਰਦੇ ਹਨ ਜੋ ਇਸ ਗੱਲ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿ ਉਹ ਮੂੰਹ ਵਿੱਚ ਕਿਸੇ ਖਾਸ ਉਤੇਜਨਾ ਪ੍ਰਤੀ ਕਿੰਨੀ ਪ੍ਰਤੀਕਿਰਿਆ ਦਿੰਦੇ ਹਨ, ਭਾਵੇਂ ਉਹ ਮਿੱਠਾ ਹੋਵੇ, ਕੌੜਾ ਹੋਵੇ ਜਾਂ ਨਮਕੀਨ। ਇਸ ਲਈ ਲੂਣ ਮਿਲਾਉਣ ਨਾਲ ਕਿਸੇ ਹੋਰ ਸੁਆਦ ਪ੍ਰਤੀ ਸੁਆਦ ਗ੍ਰੰਥੀਆਂ ਦੀ ਪ੍ਰਤੀਕਿਰਿਆ ਪ੍ਰਭਾਵਿਤ ਹੋ ਸਕਦੀ ਹੈ।"

ਪਰ ਇਹ ਜਾਣਕਾਰੀ ਦੇ ਉਸ ਤਰੀਕੇ ਤੋਂ ਵੀ ਅੱਗੇ ਜਾ ਕੇ ਹੋ ਰਿਹਾ ਹੋ ਸਕਦਾ ਹੈ। ਇਹ ਗਿਮਾਗ ਦੇ ਸਟੈਮ ਦੇ ਪੱਧਰ 'ਤੇ ਜਾ ਕੇ ਤੁਹਾਡੇ ਟੇਸਟ ਕੋਰਟੈਕਸ (ਦਿਮਾਗ਼ ਦਾ ਉਹ ਹਿੱਸਾ ਜੋ ਸੁਆਦ ਦੀ ਪਛਾਣ ਕਰਦਾ ਹੈ) ਵਿੱਚ ਹੋ ਸਕਦਾ ਹੈ, ਜਿੱਥੇ ਜਾਣਕਾਰੀ ਪਹੁੰਚਦੀ ਹੈ ਅਤੇ ਸੈੱਲ ਸਾਡੀ ਸਮਝ ਨੂੰ ਬਦਲਣ ਲਈ ਆਪਸ ਵਿਚ ਪ੍ਰਤੀਕਿਰਿਆ ਕਰ ਰਹੇ ਹੋ ਸਕਦੇ ਹਨ।

ਇਸ ਲਈ ਲੂਣ ਦੀ ਜਾਦੂਈ ਅਤੇ ਸੁਆਦ ਬਦਲ ਦੇਣ ਵਾਲੀ ਸ਼ਕਤੀ, ਜੋ ਕਿ ਥੋੜ੍ਹਾ ਜਿਹਾ ਪਾਉਣ 'ਤੇ ਕੈਰੇਮਲ ਨੂੰ ਵੀ ਹੋਰ ਸਵਾਦੀ ਬਣਾ ਦਿੰਦੀ ਹੈ, ਇੱਕ ਰਹੱਸ ਬਣੀ ਹੋਈ ਹੈ। ਸ਼ਾਇਦ ਇਹ ਸਾਡੇ ਸੁਆਦ ਵਾਲੇ ਸੈੱਲਾਂ ਦੇ ਵਿਵਹਾਰ ਨੂੰ ਬਦਲ ਦਿੰਦੀ ਹੈ ਜਾਂ ਸ਼ਾਇਦ ਦਿਮਾਗ਼ ਵਿੱਚ ਉਨ੍ਹਾਂ ਸਿਗਨਲਾਂ ਨੂੰ ਸਮਝਣ ਦੀ ਸਾਡੇ ਤਰੀਕੇ ਨੂੰ।

ਪਰ ਲੂਣ ਸਿਰਫ਼ ਇੱਕ ਮਸਾਲਾ ਜਾਂ ਸੁਆਦ ਵਧਾਉਣ ਵਾਲੀ ਚੀਜ਼ ਨਹੀਂ ਹੈ। ਜਿਵੇਂ ਕਿ ਵਿਲਸਨ ਕਹਿੰਦੇ ਹਨ ਕਿ ਸਾਡੇ ਸਰੀਰ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਇਹ ਬਹੁਤ ਜ਼ਰੂਰੀ ਹੈ। ਕੀ ਇਹ ਉਸ ਕਾਰਨ ਦਾ ਹਿੱਸਾ ਹੋ ਸਕਦਾ ਹੈ ਕਿ ਅਸੀਂ ਇਸ ਦੀ ਇੰਨੀ ਇੱਛਾ ਰੱਖਦੇ ਹਾਂ?

ਲੂਣ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੇਸਵਾਦ ਤੋਂ ਲੈ ਕੇ ਲਾਜਵਾਬ ਤੱਕ, ਸਿਰਫ਼ ਕੁਝ ਨਮਕ ਦੇ ਦਾਣਿਆਂ ਨਾਲ

'ਲੂਣ ਤੋਂ ਬਿਨ੍ਹਾਂ ਜ਼ਿੰਦਗੀ ਨਹੀਂ ਹੈ'

ਯੂਐਸ ਦੀ ਯੂਨੀਵਰਸਿਟੀ ਆਫ ਲੋਵਾ ਵਿੱਚ ਨਿਊਰੋਲੋਜੀ ਦੇ ਐਸੋਸੀਏਟ ਪ੍ਰੋਫੈਸਰ ਜੋਲ ਗੀਅਰਲਿੰਗ ਕਹਿੰਦੇ ਹਨ, "ਸਾਡੇ ਸਮੇਤ ਹੋਰ ਜਾਨਵਰ, ਕਈ ਕੰਮਾਂ ਲਈ ਸੋਡੀਅਮ ਵਰਤਦੇ ਹਨ। ਇਹ ਜ਼ਿੰਦਗੀ ਲਈ ਜ਼ਰੂਰੀ ਹੈ।"

ਉਹ ਜ਼ੋਰ ਦਿੰਦਿਆਂ ਕਹਿੰਦੇ ਹਨ, "ਸਾਡੀ ਰੋਜ਼ਾਨਾ ਦੀ ਉਰਜਾ ਖ਼ਰਚੇ ਦਾ ਲਗਭਗ ਇੱਕ ਤਿਹਾਈ ਹਿੱਸਾ ਸੋਡੀਅਮ ਨੂੰ ਸੈੱਲ ਦੇ ਅੰਦਰੋਂ ਬਾਹਰ ਪੰਪ ਕਰਨ ਵਿੱਚ ਲਗਦਾ ਹੈ।"

ਤੁਹਾਡੇ ਸਰੀਰ ਦੇ ਹਰ ਸੈੱਲ ਦੀ ਬਾਹਰੀ ਪਰਤ ਵਿੱਚ ਇੱਕ ਸੋਡੀਅਮ ਪੋਟਾਸ਼ੀਅਮ ਪੰਪ ਹੁੰਦਾ ਹੈ, ਜੋ ਸਾਰਾ ਦਿਨ ਕੰਮ ਕਰਦਾ ਹੈ ਅਤੇ ਸੋਡੀਅਮ ਆਇਨਜ਼ ਨੂੰ ਅੰਦਰੋਂ ਬਾਹਰ ਪੰਪ ਕਰਦਾ ਰਹਿੰਦਾ ਹੈ।

ਜਦੋਂ ਉਹ ਸੋਡੀਅਮ ਸਾਡੇ ਸੈੱਲਾਂ ਤੋਂ ਬਾਹਰ ਆ ਜਾਂਦਾ ਹੈ ਤਾਂ ਇਹ ਤੇਜ਼ੀ ਨਾਲ ਵਾਪਸ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਹੈ, ਬਿਲਕੁਲ ਉਸ ਪਾਣੀ ਵਾਂਗ ਜਿਸ ਨੂੰ ਕਿਸੇ ਡੈਮ ਦੇ ਪਿੱਛੇ ਰੋਕ ਕੇ ਰੱਖਿਆ ਹੋਵੇ।

ਸਾਡੇ ਸੈਲ ਖਾਸ ਰਸਤਿਆਂ ਰਾਹੀਂ ਸੋਡੀਅਮ ਦੀ ਇਸ ਹਰਕਤ ਨੂੰ ਕੰਟਰੋਲ ਕਰਦੇ ਹਨ। ਜਦੋਂ ਉਹ ਖੁੱਲ੍ਹਦੇ ਹਨ ਤਾਂ ਸੋਡੀਅਮ ਪੂਰੀ ਤਾਕਤ ਨਾਲ ਅੰਦਰ ਦਾਖਲ ਹੁੰਦਾ ਹੈ ਅਤੇ ਸਾਡੇ ਸੈੱਲ ਹਰ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਲਈ ਉਸ ਹਰਕਤ ਦੀ ਊਰਜਾ ਦਾ ਫਾਇਦਾ ਚੁਕਦੇ ਹਨ ਜਿਸ ਵਿੱਚ ਗੀਅਰਲਿੰਗ ਦੁਆਰਾ ਦੱਸੀ ਗਈ ਪ੍ਰਕਿਰਿਆ ਵੀ ਸ਼ਾਮਲ ਹੈ।

ਮਾਹਿਰ ਕਹਿੰਦੇ ਹਨ ਕਿ ਸੋਡੀਅਮ ਆਇਨ ਸੈੱਲ ਦੇ ਅੰਦਰ ਤੇਜ਼ੀ ਨਾਲ ਦਾਖਲ ਹੁੰਦੇ ਹਨ ਅਤੇ ਮੈਂਬਰੇਨ ਵੋਲਟੇਜ ਵਿੱਚ ਇੱਕ ਤੇਜ਼ ਅਤੇ ਵੱਡਾ ਬਦਲਾਅ ਲਿਆਉਂਦੇ ਹਨ ਜਿਸ ਨੂੰ ਨਿਓਰੋਨ ਵਿੱਚ ਇੱਕ ਪੀਕ ਜਾਂ ਐਕਸ਼ਨ ਪੋਟੈਂਸ਼ੀਅਲ ਵਜੋਂ ਜਾਣਿਆ ਜਾਂਦਾ ਹੈ, ਇਹ ਨਾ ਸਿਰਫ਼ ਦਿਮਾਗ਼ ਵਿੱਚ ਹੁੰਦਾ ਹੈ ਬਲਕਿ ਦਿਲ ਦੇ ਮਾਸਪੇਸ਼ੀ ਸੈਲਾਂ ਵਿੱਚ ਵੀ ਹੁੰਦਾ ਹੈ, ਜੋ ਹਰ ਇੱਕ ਧੜਕਣ ਦੇ ਨਾਲ ਤੁਹਾਨੂੰ ਜਿਉਂਦਾ ਰੱਖਦੇ ਹਨ।

ਜੇਕਰ ਤੁਹਾਡੇ ਕੋਲ ਸੋਡੀਅਮ ਨਾ ਹੁੰਦਾ, ਤਾਂ ਸਾਡੇ ਸੈੱਲ ਬਿਲਕੁਲ ਕੰਮ ਨਹੀਂ ਕਰ ਸਕਦੇ ਸਨ।

ਕੀ ਅਸੀਂ ਇਸ ਦੀ ਇੱਛਾ ਰੱਖਣ ਲਈ ਇਸ ਲਈ ਵਿਕਸਿਤ ਹੋਏ ਹਾਂ ਕਿਉਂਕਿ ਇਹ ਇੰਨਾ ਮਹੱਤਵਪੂਰਨ ਹੈ ਕਿ ਸਾਨੂੰ ਸਚਮੁਚ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਡੇ ਕੋਲ ਇਹ ਲੋੜੀਂਦੀ ਮਾਤਰਾ ਵਿਚ ਹੋਵੇ?

ਲੂਣ ਦੀ ਇੱਛਾ ਬਾਰੇ ਸਮਝਣ ਬਾਰੇ ਖੋਜ ਕਰ ਰਹੇ ਗੀਅਰਲਿੰਗ ਜਵਾਬ ਦਿੰਦੇ ਹਨ, "ਬਹੁਤ ਹੀ ਦਿਲਚਸਪ ਸਵਾਲ ਹੈ ਸਮੁੰਦਰ ਵਿੱਚ ਰਹਿਣ ਵਾਲੇ ਜੀਵਾਂ ਦੇ ਆਲੇ-ਦੁਆਲੇ ਬਹੁਤ ਸਾਰਾ ਸੋਡੀਅਮ ਹੁੰਦਾ ਹੈ ਅਤੇ ਅਸਲ ਵਿੱਚ ਉਨ੍ਹਾਂ ਦੀ ਸਮੱਸਿਆ ਜ਼ਮੀਨੀ ਜੀਵਾਂ ਨਾਲੋਂ ਬਿਲਕੁਲ ਉਲਟ ਹੁੰਦੀ ਹੈ। ਉਨ੍ਹਾਂ ਨੂੰ ਕੁਝ ਸੋਡੀਅਮ ਨੂੰ ਬਾਹਰ ਰੱਖਣ ਅਤੇ ਇੱਕ ਅੰਦਰੂਨੀ ਸੰਤੁਲਨ ਬਣਾਈ ਰੱਖਣ ਦੀ ਲੋੜ ਹੁੰਦੀ ਹੈ।"

ਗੀਅਰਲਿੰਗ

ਜ਼ਮੀਨ 'ਤੇ ਰਹਿਣ ਵਾਲੇ ਜੀਵਾਂ ਦੇ ਮਾਮਲੇ ਵਿੱਚ ਸਥਿਤੀ ਬਿਲਕੁਲ ਉਲਟ ਹੈ।

ਉਹ ਕਹਿੰਦੇ ਹਨ, "ਜ਼ਮੀਨ 'ਤੇ ਸੋਡੀਅਮ ਦੀ ਬਹੁਤ ਘਾਟ ਹੈ। ਜੇਕਰ ਤੁਸੀਂ ਸਮੁੰਦਰ ਤੋਂ ਦੂਰ ਰਹਿੰਦੇ ਹੋ ਅਤੇ ਖਾਸ ਤੌਰ 'ਤੇ ਜੇ ਤੁਸੀਂ ਮਾਸਾਹਰੀ ਨਹੀਂ ਹੋ ਤਾਂ ਤੁਹਾਡੀ ਖੁਰਾਕ ਵਿੱਚ ਸੋਡੀਅਮ ਦੀ ਮਾਤਰਾ ਬਹੁਤ ਘੱਟ ਹੋਵੇਗੀ।"

ਉਹ ਅੱਗੇ ਸਮਝਾਉਂਦੇ ਹਨ, "ਮਾਸਾਹਾਰੀ ਜੀਵ ਦੂਜੇ ਜਾਨਵਰਾਂ ਦਾ ਮਾਸ ਖਾਂਦੇ ਹਨ, ਜਿਸ ਵਿੱਚ ਲਗਭਗ 0.9 ਫ਼ੀਸਦੀ ਸੋਡੀਅਮ ਕਲੋਰਾਈਡ ਹੁੰਦਾ ਹੈ, ਇਸ ਲਈ ਉਹ ਆਮ ਤੌਰ 'ਤੇ ਲੋੜੀਂਦਾ ਲੂਣ ਪ੍ਰਾਪਤ ਕਰ ਲੈੰਦੇ ਹਨ। ਪਰ ਸਿਰਫ਼ ਪੌਦੇ ਖਾਣ ਵਾਲੇ ਸ਼ਾਕਾਹਾਰੀ ਜੀਵਾਂ ਦੀ ਖੁਰਾਕ ਵਿੱਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੋਵੇਗੀ ਅਤੇ ਸੋਡੀਅਮ ਲਗਭਗ ਬਿਲਕੁਲ ਨਹੀਂ ਹੋਵੇਗਾ।"

ਉਹ ਆਪਣੀ ਗੱਲ ਜਾਰੀ ਰੱਖਦੇ ਹਨ, "ਹਾਥੀ ਇਸ ਦੀ ਇੱਕ ਮੰਨੀ ਪ੍ਰਮੰਨੀ ਉਦਾਹਰਨ ਹਨ। ਅਫ਼ਰੀਕਾ ਵਿੱਚ ਅਜਿਹੇ ਹਾਥੀਆਂ ਦੇ ਝੁੰਡ ਹਨ ਜੋ ਲੂਣ ਦੀਆਂ ਕੰਧਾਂ ਵਾਲੀਆਂ ਗੁਫਾਵਾਂ ਦੇ ਸਥਾਨਾਂ ਨੂੰ ਯਾਦ ਰੱਖਦੇ ਹਨ, ਜਿੱਥੇ ਉਹ ਆਪਣੇ ਦੰਦਾਂ ਦੀ ਮਦਦ ਨਾਲ ਲੂਣ ਪ੍ਰਾਪਤ ਕਰਦੇ ਹਨ।"

ਹਿਰਨ ਲੂਣ ਚੱਟਣ ਵਾਲੀਆਂ ਥਾਂਵਾਂ ਦੀ ਭਾਲ ਕਰਦੇ ਹਨ ਅਤੇ ਸ਼ਿਕਾਰੀ ਉਨ੍ਹਾਂ ਨੂੰ ਆਕਰਸ਼ਿਤ ਕਰਨ ਲਈ ਲੂਣ ਦੇ ਬਲਾਕਾਂ ਦਾ ਇਸਤੇਮਾਲ ਕਰਦੇ ਹਨ। ਬਿਲਕੁਲ ਉਸੇ ਤਰ੍ਹਾਂ ਜਿਵੇਂ ਘੋੜੇ ਪਾਲਣ ਵਾਲੇ ਲੋਕ ਉਨ੍ਹਾਂ ਨੂੰ ਸਿਹਤਮੰਦ ਰੱਖਣ ਲਈ ਲੂਣ ਦੇ ਟੁਕੜੇ ਰੱਖਦੇ ਹਨ।

ਗੀਅਰਲਿੰਗ ਅੱਗੇ ਕਹਿੰਦੇ ਹਨ, "ਪੂਰੀ ਤਰ੍ਹਾਂ ਸ਼ਾਕਾਹਾਰੀ ਭੋਜਨ ਖਾਣ ਵਾਲੇ ਜਾਨਵਰਾਂ ਨੂੰ ਲੂਣ ਦੇ ਇੱਕ ਸ੍ਰੋਤ ਦੀ ਲੋੜ ਹੁੰਦੀ ਹੈ ਅਤੇ ਜੰਗਲ ਵਿੱਚ ਵੀ ਉਨ੍ਹਾਂ ਵਿੱਚ ਲੂਣ ਪ੍ਰਤੀ ਵਧੇਰੇ ਤੀਬਰ ਇੱਛਾ ਦੇਖਣ ਨੂੰ ਮਿਲਦੀ ਹੈ।"

ਮਨੁੱਖ ਸਭ ਕੁਝ ਖਾਣ ਵਾਲੇ ਹਨ, ਇਸ ਲਈ ਸਾਨੂੰ ਇਹ ਯਕੀਨੀ ਬਣਾਉਣਾ ਪੈਂਦਾ ਹੈ ਕਿ ਅਸੀਂ ਆਪਣੀ ਖੁਰਾਕ ਤੋਂ ਲੋੜੀਂਦਾ ਲੂਣ ਪ੍ਰਾਪਤ ਕਰੀਏ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਇਸ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹਾਂ।

ਲੂਣ, ਜਾਨਵਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਾਕਾਹਾਰੀ ਜਾਨਵਰਾਂ ਨੂੰ ਲੂਣ ਦੇ ਸਰੋਤਾਂ ਦੀ ਲੋੜ ਹੁੰਦੀ ਹੈ, ਇਸ ਲਈ ਖੇਤਾਂ ਵਿੱਚ ਨਮਕ ਦੇ ਬਲਾਕ ਉਪਲਬਧ ਕਰਵਾਏ ਜਾਂਦੇ ਹਨ

ਹਾਥੀਆਂ ਦੀ ਤਰ੍ਹਾਂ

ਇੰਨੀ ਦਿਨੀ ਜ਼ਿਆਦਾਤਰ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਲੋੜੀਂਦਾ ਲੂਣ ਮਿਲ ਜਾਂਦਾ ਹੈ ਪਰ ਸਾਡੇ ਪੂਰਵਜਾਂ ਲਈ ਇਸ ਨੂੰ ਲੱਭਣਾ ਜੀਵਨ ਲਈ ਜ਼ਰੂਰੀ ਸੀ। ਬਿਲਕੁਲ ਹਾਥੀਆਂ ਦੀ ਤਰ੍ਹਾਂ, ਪ੍ਰਾਚੀਨ ਮਨੁੱਖ ਵੀ ਇਸ ਕੀਮਤੀ ਖਣਿਜ ਦੇ ਕੁਦਰਤੀ ਸ੍ਰੋਤਾਂ ਵੱਲ ਆਕਰਸ਼ਿਤ ਹੁੰਦੇ ਸਨ।

ਜਿਵੇਂ ਕਿ ਆਸਟਰੀਆ ਦੇ ਹਾਲਸਟੈਟ ਵਿੱਚ ਇੱਕ ਪਹਾੜ 'ਤੇ ਸਥਿਤ ਦੁਨੀਆਂ ਦੀ ਸਭ ਤੋਂ ਪੁਰਾਣੀ ਚੱਲ ਰਹੀ ਲੂਣ ਦੀ ਖਾਣ ਜਿਹੀਆਂ ਥਾਵਾਂ।

ਅਜਿਹੇ ਸਬੂਤ ਮਿਲੇ ਹਨ ਕਿ ਲੋਕਾਂ ਨੇ ਉੱਥੇ 5000 ਈਸਾ ਪੂਰਵ ਵਿੱਚ ਲੂਣ ਪੁੱਟਣਾ ਸ਼ੁਰੂ ਕਰ ਦਿੱਤਾ ਸੀ ਅਤੇ ਹੈਰਾਨੀ ਦੀ ਗੱਲ ਹੈ ਕਿ ਅੱਜ ਵੀ ਉੱਥੋਂ ਵਪਾਰਕ ਪੱਧਰ 'ਤੇ ਲੂਣ ਕੱਢਿਆ ਜਾ ਰਿਹਾ ਹੈ।

ਵੀਆਨਾ ਵਿੱਚ ਮਿਊਜ਼ੀਅਮ ਆਫ ਨੈਚੁਰਲ ਹਿਸਟਰੀ ਦੇ ਪੁਰਾਤਤਵ ਵਿਗਿਆਨੀ ਡੈਨੀਅਲ ਬ੍ਰੈਡਨਰ ਕਹਿੰਦੇ ਹਨ, "250 ਮਿਲੀਅਨ ਸਾਲ ਪਹਿਲਾਂ ਇਹ ਥਾਂ ਇੱਕ ਵੱਡੇ ਸਮੁੰਦਰ ਦਾ ਡੂੰਘਾ ਹਿੱਸਾ ਸੀ, ਜੋ ਬਾਅਦ ਵਿੱਚ ਵੱਖਰਾ ਹੋ ਗਿਆ। ਪਾਣੀ ਦਾ ਵਾਸ਼ਪੀਕਰਨ ਹੋਣਾ ਸ਼ੁਰੂ ਹੋ ਗਿਆ ਅਤੇ ਹਜ਼ਾਰਾਂ ਸਾਲਾਂ ਤੱਕ ਚੱਟਾਨੀ ਲੂਣ ਦੀਆਂ ਵੱਡੀਆਂ ਤਹਿਆਂ ਜਮ੍ਹਾਂ ਹੁੰਦੀਆਂ ਰਹੀਆਂ। ਜਦੋਂ ਐਲਪਸ ਪਹਾੜ ਬਣੇ ਤਾਂ ਚੂਨਾ ਪੱਥਰ ਦੀ ਚੱਟਾਨ ਲੂਣ ਦੀਆਂ ਉਨ੍ਹਾਂ ਤਹਿਆਂ ਦੇ ਉੱਤੇ ਆ ਗਈ।"

ਹਾਲਸਟੈਟ ਦੀ ਖਾਣ ਸਮੁੰਦਰ ਤੋਂ ਦੋ ਸੌ ਕਿੱਲੋਮੀਟਰ ਦੂਰ ਸੀ, ਇਸ ਲਈ ਇਸ ਦੇ ਵਿਸ਼ਾਲ ਕੁਦਰਤੀ ਲੂਣ ਦੇ ਭੰਡਾਰ ਹਜ਼ਾਰਾਂ ਸਾਲ ਤੋਂ ਲੋਕਾਂ ਲਈ ਇੱਕ ਬਹੁਤ ਹੀ ਕੀਮਤੀ ਸ੍ਰੋਤ ਰਹੇ ਹਨ।

ਬ੍ਰੈਡਨਰ ਸਮਝਾਉਂਦੇ ਹਨ, "ਇੱਥੇ ਮਾਈਨਿੰਗ ਸੱਤ ਹਜ਼ਾਰ ਸਾਲ ਪਹਿਲਾਂ ਨਵੇਂ ਪੱਥਰ ਯੁੱਗ ਵਿੱਚ ਸ਼ੁਰੂ ਹੋਈ ਸੀ। ਪਹਿਲੇ ਕਿਸਾਨਾਂ ਅਤੇ ਵਸਨੀਕਾਂ ਨੇ ਸਤ੍ਹਾ 'ਤੇ ਨਮਕੀਨ ਪਾਣੀ ਦੇ ਕੁਦਰਤੀ ਝਰਨਿਆਂ ਰਾਹੀਂ ਲੂਣ ਦੇ ਭੰਡਾਰ ਦੀ ਖੋਜ ਕੀਤੀ ਅਤੇ ਫਿਰ ਖੁਦਾਈ ਸ਼ੁਰੂ ਕੀਤੀ।"

ਕਾਂਸੀ ਯੁੱਗ ਵਿੱਚ ਲਗਭਗ 3500 ਸਾਲ ਪਹਿਲਾਂ ਇੱਥੇ ਪਹਿਲਾਂ ਹੀ ਇੱਕ ਪੂਰੀ ਤਰ੍ਹਾਂ ਵਿਕਸਿਤ ਡੂੰਘੀ ਮਾਈਨਿੰਗ ਮੌਜੂਦ ਸੀ, ਜੋ ਸਤ੍ਹਾ ਤੋਂ 250 ਮੀਟਰ ਤੋਂ ਵੱਧ ਹੇਠਾਂ ਤੱਕ ਫੈਲੀ ਹੋਈ ਸੀ, ਜਿਸ ਵਿੱਚ ਜਥੇਬੰਦਕ ਢਾਂਚੇ ਇਸ ਦੇ ਸੰਦਾਂ ਲਈ ਵਿਸ਼ੇਸ਼ ਕਾਢਾਂ ਅਤੇ ਸੰਖ ਆਵਾਜਾਈ ਸਿਸਟਮ ਸ਼ਾਮਲ ਸੀ।

ਉਹ ਕਹਿੰਦੇ ਹਨ, "ਉਹ ਵੱਡੇ ਪੱਧਰ 'ਤੇ ਚਟਾਨੀ ਲੂਣ ਦੀ ਮਾਈਨਿੰਗ ਵਿੱਚ ਲੱਗੇ ਹੋਏ ਸਨ ਅਤੇ ਮੱਧ ਯੂਰਪ ਦੇ ਇੱਕ ਵੱਡੇ ਹਿੱਸੇ ਦੇ ਮੁੱਖ ਸਪਲਾਇਰ ਸਨ। ਕਿਸੇ ਥਾਂ ਲੰਬੇ ਸਮੇਂ ਤੱਕ ਜਿਉਂਦੇ ਰਹਿਣ ਲਈ ਲੂਣ ਦੀ ਲੋੜ ਹੈ, ਇਸ ਲਈ ਐਲਪਸ ਵਿੱਚ ਵੱਸਣ ਯੋਗ ਹੋਣ ਲਈ ਇਹ ਲਾਜ਼ਮੀ ਸੀ।"

ਲੂਣ ਦੀ ਖਾਣ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲਸਟਾਟ ਦੀ ਲੂਣ ਖਾਣ ਵਿੱਚ ਲੂਣ ਦੀ ਗੈਲਰੀ। ਸਾਲਜ਼ਕਾਮਰਗੁਟ, ਉੱਪਰੀ ਆਸਟ੍ਰੀਆ। ਲਗਭਗ 1910 ਦੇ ਆਸਪਾਸ ਹੱਥ ਨਾਲ ਰੰਗੀ ਗਈ ਲੈਂਟਰਨ ਸਲਾਈਡ

ਲੂਣ ਦੇ ਨਿਓਰੋਨਜ਼

ਪ੍ਰਾਚੀਨ ਲੋਕ ਜੋ ਐਲਪਸ ਅਤੇ ਉਸ ਤੋਂ ਅੱਗੇ ਰਹਿੰਦੇ ਹਨ, ਉਹ ਆਪਣੇ ਭੋਜਨ ਨੂੰ ਸੁਰੱਖਿਅਤ ਰੱਖਣ ਅਤੇ ਸਰਦੀਆਂ ਦੌਰਾਨ ਆਪਣੇ ਜਾਨਵਰਾਂ ਨੂੰ ਜ਼ਿੰਦਾ ਰੱਖਣ ਲਈ ਲੂਣ ਦੀ ਵਰਤੋਂ ਕਰਦੇ ਸਨ।

ਜੇ ਤੁਹਾਡੇ ਕੋਲ ਇਹ ਲੋੜੀਂਦੀ ਮਾਤਰਾ ਵਿੱਚ ਨਾ ਹੁੰਦਾ ਤਾਂ ਇਸ ਦੇ ਨਤੀਜੇ ਬਹੁਤ ਭਿਆਨਕ ਹੋ ਸਕਦੇ ਸੀ।

ਨਿਓਰੋਲੋਜਿਸਟ ਗੀਅਰਲਿੰਗ ਦੱਸਦੇ ਹਨ, "ਅੰਗ, ਸਾਰੇ ਸੈੱਲ ਸੁੱਜ ਜਾਂਦੇ।"

ਇਹ ਮੁੱਖ ਤੌਰ 'ਤੇ ਦਿਮਾਗ਼ ਵਿੱਚ ਇੱਕ ਗੰਭੀਰ ਸਮੱਸਿਆ ਹੈ, ਕਿਉਂਕਿ ਜੇਕਰ ਇਹ ਬਹੁਤ ਜ਼ਿਆਦਾ ਸੁੱਜ ਜਾਂਦਾ ਹੈ ਤਾਂ ਇਹ ਖੋਪੜੀ ਦੇ ਹੇਠਲੇ ਹਿੱਸੇ ਵਿੱਚ ਮੌਜੂਦ ਸੁਰਾਖ ਰਾਹੀਂ ਬਾਹਰ ਆਉਣਾ ਸ਼ੁਰੂ ਕਰ ਦਿੰਦਾ ਹੈ, ਜੋ ਕਿ ਬਹੁਤ ਖਤਰਨਾਕ ਹੈ। ਇਸ ਲਈ ਤੁਸੀ ਸੋਡੀਅਮ ਦੀ ਮਾਤਰਾ ਨੂੰ ਬਹੁਤ ਜ਼ਿਆਦਾ ਘੱਟ ਨਹੀਂ ਹੋਣ ਦੇ ਸਕਦੇ।

ਗੀਅਰਲਿੰਗ ਦੀ ਇਸ ਖੋਜ ਦਾ ਇੱਕ ਹਿੱਸਾ ਕਿ ਅਸੀਂ ਲੂਣ ਦੀ ਮਾਤਰਾ ਨੂੰ ਕਿਵੇਂ ਨਿਯੰਤਰਿਤ ਕਰਦੇ ਹਾਂ, ਸਰੀਰ ਵਿੱਚ ਪਾਣੀ ਦੀ ਮਾਤਰਾ ਦੇ ਨਿਯੰਤਰਣ ਨਾਲ ਜੁੜਿਆ ਹੋਇਆ ਹੈ ਅਤੇ ਐਂਟੀ ਡਾਇਯੂਰੇਟਿਕ ਹਾਰਮੋਨ ਇਸ ਦਾ ਇੰਚਾਰਜ ਹੁੰਦਾ ਹੈ।

ਪਰ ਸਾਡਾ ਸਰੀਰ ਸਿਰਫ਼ ਇਸੇ ਤਰੀਕੇ ਨਾਲ ਲੂਣ ਦੇ ਪੱਧਰ ਨੂੰ ਕੰਟੋਰਲ ਨਹੀਂ ਕਰਦਾ। ਅਸਲ ਵਿੱਚ, ਗੀਅਰਲਿੰਗ ਨੇ ਦਿਮਾਗ਼ ਦੇ ਅੰਦਰ ਅਜਿਹੇ ਸਿਸਟਮ ਲੱਭੇ ਹਨ ਜੋ ਇਸ ਕੀਮਤੀ ਖਣਿਜ ਦੀ ਭਾਲ ਕਰਨ ਦੇ ਵਿਵਹਾਰ ਨੂੰ ਚਲਾਉਂਦੇ ਹਨ।

ਉਹ ਸਮਝਾਉਂਦੇ ਹਨ, "ਮੇਰੀ ਪ੍ਰਯੋਗਸ਼ਾਲਾ ਵਿੱਚ ਅਸੀਂ ਨਿਉਰੋਨਜ਼ ਦੇ ਇੱਕ ਖਾਸ ਸਮੂਹ, HSD2 ਦਾ ਅਧਿਐਨ ਕਰਦੇ ਹਾਂ, ਜੋ ਐਲਡੋਸਟੀਰੋਨ ਨਾਮੀ ਹਾਰਮੋਨ ਦੇ ਪੱਧਰ ਦਾ ਪਤਾ ਲਗਾਉਂਦੇ ਹਨ। ਇਹ ਐਡਰੀਨਲ ਗ੍ਰੰਥੀਆਂ ਵਿੱਚ ਉਦੋਂ ਪੈਦਾ ਹੁੰਦਾ ਹੈ ਜਦੋਂ ਸਰੀਰ ਵਿੱਚ ਲੂਣ ਅਤੇ ਪਾਣੀ ਦੀ ਮਾਤਰਾ ਲੋੜੀਂਦੀ ਨਹੀਂ ਹੁੰਦੀ ਅਤੇ ਦਿਲ ਨੂੰ ਬਲੱਡ ਪ੍ਰੈਸ਼ਰ ਬਣਾਈ ਰੱਖਣ ਵਿੱਚ ਮੁਸ਼ਕਲ ਹੋਣ ਲਗਦੀ ਹੈ।"

ਉਹ ਕਹਿੰਦੇ ਹਨ, "ਇਨ੍ਹਾਂ ਮਾਮਲਿਆਂ ਵਿੱਚ ਐਲਡੋਸਟੀਰੋਨ ਵਧਦਾ ਹੈ ਅਤੇ ਇਹ ਉਨ੍ਹਾਂ ਨਿਓਰੋਨਸ ਨੂੰ ਸਰਗਰਮ ਕਰਦਾ ਹੈ ਜੋ ਜਾਨਵਰ ਨੂੰ ਹੋਰ ਲੂਣ ਲੱਭਣ ਅਤੇ ਖਾਣ ਲਈ ਪ੍ਰੇਰਿਤ ਕਰਦੇ ਹਨ।"

"ਹੁਣ ਤੱਕ ਅਸੀਂ ਇਨ੍ਹਾਂ ਦੀ ਪਛਾਣ ਚੂਹਿਆਂ, ਗਲਿਹਰੀਆਂ, ਸੂਰਾ ਅਤੇ ਮਨੁੱਖਾਂ ਵਿੱਚ ਕੀਤੀ ਹੈ। ਅਸੀਂ ਦੂਜੀਆਂ ਪ੍ਰਜਾਤੀਆਂ ਦਾ ਕੋਈ ਜਾਣਬੁੱਝ ਕੇ ਅਤੇ ਬਾਰੀਕੀ ਨਾਲ ਅਧਿਐਨ ਨਹੀਂ ਕੀਤਾ ਹੈ, ਪਰ ਅਜਿਹਾ ਜਾਪਦਾ ਹੈ ਕਿ ਇਹ ਆਮ ਤੌਰ 'ਤੇ ਸਾਰੇ ਥਣਧਾਰੀ ਜੀਵਾਂ ਵਿੱਚ ਹੁੰਦੇ ਹਨ।"

ਇਸ ਲਈ ਸਾਡੇ ਦਿਮਾਗ਼ ਵਿੱਚ ਅਜਿਹੇ ਨਿਉਰੋਨਸ ਹਨ ਜੋ ਨਾ ਸਿਰਫ਼ ਇਹ ਨਿਗਰਾਨੀ ਰੱਖਣ ਲਈ ਸਮਰਪਿਤ ਹਨ ਕਿ ਸਾਡੇ ਕੋਲ ਕਿੰਨਾ ਲੂਣ ਹੈ, ਬਲਕਿ ਸਾਨੂੰ ਇਸ ਨੂੰ ਲੱਭਣ ਲਈ ਮਜਬੂਰ ਵੀ ਕਰਦੇ ਹਨ।

ਉਨ੍ਹਾ ਕਿਹਾ, "ਹਾਂ, ਇਹ ਬਹੁਤ ਦਿਲਚਸਪ ਹੈ। ਇਹ ਇੱਕ ਬਹੁਤ ਹੀ ਖਾਸ ਵਿਵਹਾਰ ਹੈ। ਅਸੀਂ ਅਜਿਹਾ ਕੁਝ ਹੋਰ ਨਹੀਂ ਲੱਭਿਆ ਜੋ ਇਹ ਨਿਉਰੋਨਸ ਕਰਦੇ ਹੋਣ। ਅਸੀਂ ਖੋਜ ਜਾਰੀ ਰੱਖ ਰਹੇ ਹਾਂ ਪਰ ਅਜਿਹਾ ਲਗਦਾ ਹੈ ਕਿ ਉਹ ਖਾਸ ਤੌਰ 'ਤੇ ਜਾਨਵਰਾਂ ਨੂੰ ਵਧੇਰੇ ਲੂਣ ਖਾਣ ਲਈ ਪ੍ਰੇਰਿਤ ਕਰਦੇ ਹਨ।"

ਕ੍ਰਿਸਟਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, NaCl ਕ੍ਰਿਸਟਲ... ਸੁੰਦਰ ਅਤੇ ਕੀਮਤੀ

ਤਾਂ ਸਾਨੂੰ ਲੂਣ ਇੰਨਾ ਪਸੰਦ ਕਿਉਂ ਹੈ ?

ਇੱਕ ਪਾਸੇ, ਕਿਉਂਕਿ ਇਹ ਚੀਜਾਂ ਦੇ ਸੁਆਦ ਬਦਲ ਦਿੰਦਾ ਹੈ, ਹਾਲਾਂਕਿ ਅਸੀਂ ਪੂਰੀ ਤਰ੍ਹਾਂ ਨਹੀਂ ਜਾਣਦੇ ਕਿ ਇਹ ਕਿਵੇਂ ਹੁੰਦਾ ਹੈ।

ਦੂਜੇ ਪਾਸੇ, ਕਿਉਂਕਿ ਇਹ ਸਾਡੇ ਸੈੱਲਾਂ ਲਈ ਬਹੁਤ ਜ਼ਰੂਰੀ ਹੈ, ਇਸ ਲਈ ਅਸੀਂ ਇਸ ਦੀ ਇੱਛਾ ਰੱਖਣ ਲਈ ਵਿਕਸਿਤ ਹੋਏ ਹਾਂ ਅਤੇ ਇਹੀ ਕਾਰਨ ਹੈ ਕਿ ਇਹ ਸਾਨੂੰ ਸਹੀ ਮਾਤਰਾ ਵਿੱਚ ਸੁਆਦ ਲਗਦਾ ਹੈ।

ਅਸਲ ਵਿੱਚ, ਸਾਡੇ ਦਿਮਾਗ਼ ਵਿੱਚ ਅਜਿਹੇ ਖਾਸ ਨਿਉਰੋਨਜ਼ ਵੀ ਮੌਜੂਦ ਹਨ ਜੋ ਸਾਨੂੰ ਇਸ ਨੂੰ ਲੱਭਣ ਲਈ ਪ੍ਰੇਰਿਤ ਕਰਦੇ ਹਨ। ਇਹ ਸ਼ਾਨਦਾਰ ਪ੍ਰਣਾਲੀ ਹੈ ਜੋ ਲੂਣ ਪ੍ਰਤੀ ਸਾਡੀ ਇੱਛਾ ਪੈਦਾ ਕਰਨ ਲਈ ਬਹੁਤ ਹੀ ਬਾਰੀਕੀ ਨਾਲ ਤਿਆਰ ਕੀਤੀ ਗਈ ਹੈ।

ਇਹ ਆਰਟੀਕਲ ਬੀਬੀਸੀ ਸੀਰੀਜ਼ ਕਰਾਊਡਸਾਇੰਸ ਦੇ ਐਪੀਸੋਡ "ਲੂਣ ਇੰਨਾ ਸੁਆਦ ਕਿਉਂ ਲਗਦਾ ਹੈ? " 'ਤੇ ਅਧਾਰਿਤ ਹੈ। ਇਹ ਪੌਡਕਾਸਟ ਸੁਣਨ ਲਈ ਵੀ ਮੌਜੂਦ ਹੈ।

ਕਰਾਊਡਸਾਇੰਸ ਦੁਨੀਆਂ ਭਰ ਦੇ ਲੋਕਾਂ ਵਲੋਂ ਭੇਜੇ ਸਵਾਲਾਂ ਦੇ ਜਵਾਬ ਮਾਹਿਰਾਂ ਨਾਲ ਗੱਲ-ਬਾਤ ਕਰਕੇ ਦਿੰਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)