ਸੱਪਾਂ ਦੀਆਂ ਲੱਤਾਂ ਕਿਉਂ ਗਾਇਬ ਹੋ ਗਈਆਂ, ਕਰੋੜਾਂ ਸਾਲ ਪਹਿਲਾਂ ਸੱਪ ਲੱਤਾਂ ਦਾ ਇਸਤੇਮਾਲ ਕਿਵੇਂ ਕਰਦੇ ਸੀ

ਸੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਧਰਤੀ 'ਤੇ ਰਹਿਣ ਵਾਲੇ ਜ਼ਿਆਦਾਤਰ ਜੀਵ ਤੇਜ਼ੀ ਨਾਲ ਅਤੇ ਸੰਤੁਲਨ ਨਾਲ ਹਿੱਲਣ-ਡੁੱਲਣ ਲਈ ਲੱਤਾਂ 'ਤੇ ਨਿਰਭਰ ਕਰਦੇ ਹਨ
    • ਲੇਖਕ, ਕੇ. ਸ਼ੁਭਾਗੁਨਮ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਜਦੋਂ ਕਈ ਲੋਕ ਸੱਪਾਂ ਨੂੰ ਚੁੱਪਚਾਪ ਧਰਤੀ ਉੱਤੇ ਰੇਂਗਦੇ ਹੋਏ, ਬਿਜਲੀ ਵਰਗੀ ਤੇਜ਼ੀ ਨਾਲ ਅੱਗੇ ਵਧਦੇ, ਬਿਨਾਂ ਕਿਸੇ ਮੁਸ਼ਕਲ ਦੇ ਦਰੱਖਤਾਂ 'ਤੇ ਚੜ੍ਹਦੇ ਅਤੇ ਪਾਣੀ ਵਿੱਚ ਤੈਰਦੇ ਹੋਏ ਦੇਖਦੇ ਹਨ ਤਾਂ ਉਨ੍ਹਾਂ ਦੇ ਮਨ ਵਿੱਚ ਇੱਕ ਸਵਾਲ ਉੱਠਦਾ ਹੈ, ਕਿ ਬਿਨਾਂ ਲੱਤਾਂ ਵਾਲਾ ਇਹ ਜੀਵ ਇੰਨੀ ਮਹਾਰਤ ਨਾਲ ਕਿਵੇਂ ਹਿਲ-ਡੁੱਲ ਕਰਦਾ ਹੈ?

ਇਹ ਵੇਖਣ ਵਿੱਚ ਆਮ ਜਿਹਾ ਲੱਗਣ ਵਾਲਾ ਰੇਂਗਣ ਵਾਲਾ ਜੀਵ ਅਜਿਹੀਆਂ ਖ਼ਾਸ ਖੂਬੀਆਂ ਰੱਖਦਾ ਹੈ ਜੋ ਇਸਨੂੰ ਧਰਤੀ ਦੇ ਲਗਭਗ ਹਰ ਮਹਾਂਦੀਪ 'ਤੇ ਬਿਨਾਂ ਕਿਸੇ ਵੱਡੀ ਰੁਕਾਵਟ ਦੇ ਘੁੰਮਣ-ਫਿਰਣ ਦੇ ਯੋਗ ਬਣਾਉਂਦੀਆਂ ਹਨ।

ਧਰਤੀ 'ਤੇ ਰਹਿਣ ਵਾਲੇ ਜ਼ਿਆਦਾਤਰ ਜੀਵ ਤੇਜ਼ੀ ਨਾਲ ਅਤੇ ਸੰਤੁਲਨ ਨਾਲ ਹਿੱਲਣ-ਡੁੱਲਣ ਲਈ ਲੱਤਾਂ 'ਤੇ ਨਿਰਭਰ ਕਰਦੇ ਹਨ।

ਪਰ ਬਿਨਾਂ ਲੱਤਾਂ ਵਾਲੇ ਸੱਪ ਵੀ ਇਹੀ ਤੇਜ਼ੀ ਅਤੇ ਸੰਤੁਲਨ ਨਾਲ ਕਿਵੇਂ ਕਰ ਲੈਂਦੇ ਹਨ?

ਉਨ੍ਹਾਂ ਦੇ ਸਰੀਰ ਦੀ ਬਣਤਰ ਦੇ ਪਿੱਛੇ ਕਿਹੜਾ ਵਿਗਿਆਨ ਕੰਮ ਕਰਦਾ ਹੈ? ਆਓ ਜਾਣਦੇ ਹਾਂ।

ਕੀ ਪ੍ਰਾਚੀਨ ਸਮਿਆਂ ਵਿੱਚ ਸੱਪਾਂ ਦੀਆਂ ਲੱਤਾਂ ਹੁੰਦੀਆਂ ਸਨ?

ਕੁਦਰਤੀ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸੱਪ ਮੁੱਢ ਤੋਂ ਬਿਨਾਂ ਲੱਤਾਂ ਵਾਲੇ ਜੀਵ ਨਹੀਂ ਸਨ।

ਨੇਚਰ ਐਂਡ ਸਾਇੰਸਟੀਫਿਕ ਅਮੈਰੀਕਨ ਵਰਗੇ ਜਰਨਲਾਂ ਵਿੱਚ ਛਪੀਆਂ ਖੋਜਾਂ ਦੱਸਦੀਆਂ ਹਨ ਕਿ ਕੁਝ ਮਿਲੀਅਨ ਸਾਲ ਪਹਿਲਾਂ ਰਹਿਣ ਵਾਲੇ ਸੱਪਾਂ ਦੀਆਂ ਲੱਤਾਂ ਹੁੰਦੀਆਂ ਸਨ।

ਵਿਗਿਆਨੀਆਂ ਮੁਤਾਬਕ ਕਈ ਫ਼ੌਸਿਲ ਭਾਵ ਸੱਪਾਂ ਦੇ ਜੈਵਿਕ ਪਦਾਰਥਾਂ 'ਤੇ ਹੋਈਆਂ ਖੋਜਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ।

ਇਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਹੈ 'ਨਾਜਾਸ਼ ਰਿਓਨੇਗ੍ਰੀਨਾ' ਨਾਮ ਦੇ ਪ੍ਰਾਚੀਨ ਸੱਪ ਦਾ ਫ਼ੌਸਿਲ, ਜੋ ਅਰਜਨਟੀਨਾ ਵਿੱਚ ਮਿਲਿਆ ਸੀ।

'ਸਾਇੰਸ ਐਡਵਾਂਸਿਜ਼' ਵਿੱਚ ਛਪੀ ਇੱਕ ਖੋਜ ਮੁਤਾਬਕ ਇਹ ਸੱਪ ਲਗਭਗ 10 ਕਰੋੜ ਸਾਲ ਪਹਿਲਾਂ ਧਰਤੀ 'ਤੇ ਰਹਿੰਦਾ ਸੀ ਅਤੇ ਇਸ ਦੀਆਂ ਪਿਛਲੀਆਂ ਲੱਤਾਂ ਸਾਫ਼ ਤੌਰ 'ਤੇ ਨਜ਼ਰ ਆਉਂਦੀਆਂ ਸਨ, ਹਾਲਾਂਕਿ ਉਹ ਛੋਟੀਆਂ ਸਨ।

ਇਸੇ ਤਰ੍ਹਾਂ, ਕੁਝ ਅਧਿਐਨ ਦਰਸਾਉਂਦੇ ਹਨ ਕਿ ਲਗਭਗ 12 ਕਰੋੜ ਸਾਲ ਪੁਰਾਣਾ 'ਟੈਟਰਾਪੋਡੋਫਿਸ' ਨਾਮ ਦਾ ਰੇਂਗਣ ਵਾਲਾ ਜੀਵ, ਜਿਸਨੂੰ ਖੋਜਕਾਰਾਂ ਨੇ ਲੱਭਿਆ, ਉਸ ਦੀਆਂ ਚਾਰ ਲੱਤਾਂ ਸਨ। ਹਾਲਾਂਕਿ ਵਿਗਿਆਨੀਆਂ ਵਿੱਚ ਅਜੇ ਵੀ ਇਸ ਗੱਲ 'ਤੇ ਚਰਚਾ ਜਾਰੀ ਹੈ ਕਿ ਇਹ ਫ਼ੌਸਿਲ ਕਿਸੇ ਪ੍ਰਾਚੀਨ ਛਿਪਕਲੀ ਦੀ ਕਿਸਮ ਦਾ ਵੀ ਹੋ ਸਕਦਾ ਹੈ।

ਇਨ੍ਹਾਂ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਸੱਪ ਹੌਲੀ-ਹੌਲੀ ਛਿਪਕਲੀ ਵਰਗੇ ਰੇਂਗਣ ਵਾਲੇ ਜੀਵਾਂ ਤੋਂ ਤਬਦੀਲ ਹੋ ਕੇ ਆਪਣੀ ਮੌਜੂਦਾ ਸ਼ਕਲ ਵਿੱਚ ਆਏ ਹਨ।

ਹੁਣ ਤੱਕ ਮਿਲੇ ਵਿਗਿਆਨਕ ਸਬੂਤਾਂ ਮੁਤਾਬਕ, ਸੱਪਾਂ ਦੇ ਸ਼ੁਰੂਆਤੀ ਦੌਰ ਵਿੱਚ ਲੱਤਾਂ ਹੁੰਦੀਆਂ ਸਨ।

ਪਰ ਲੱਖਾਂ ਸਾਲਾਂ ਤੱਕ ਚੱਲਣ ਵਾਲੀ ਕੁਦਰਤੀ ਚੋਣ ਦੀ ਹੌਲੀ ਪ੍ਰਕਿਰਿਆ ਦੇ ਨਤੀਜੇ ਵਜੋਂ ਇਹ ਲੱਤਾਂ ਹੌਲੀ-ਹੌਲੀ ਛੋਟੀਆਂ ਹੁੰਦੀਆਂ ਗਈਆਂ ਅਤੇ ਆਖ਼ਿਰਕਾਰ ਪੂਰੀ ਤਰ੍ਹਾਂ ਗਾਇਬ ਹੋ ਗਈਆਂ।

ਸੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੱਪਾਂ ਦੇ ਜੈਨੇਟਿਕ ਰਿਕਾਰਡਾਂ ਵਿੱਚ ਛੁਪਿਆ ਰਾਜ਼

ਜੈਨੇਟਿਕ ਖੋਜ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ

ਇਹ ਗੱਲ ਸਿਰਫ਼ ਫੌਸਿਲ ਸਬੂਤਾਂ ਨਾਲ ਹੀ ਨਹੀਂ, ਸਗੋਂ ਜੈਨੇਟਿਕ ਖੋਜ ਨਾਲ ਵੀ ਸਾਬਤ ਹੋ ਚੁੱਕੀ ਹੈ ਕਿ ਸੱਪਾਂ ਦੀਆਂ ਕਦੇ ਲੱਤਾਂ ਹੁੰਦੀਆਂ ਸਨ, ਜੋ ਸਮੇਂ ਦੇ ਨਾਲ ਗਾਇਬ ਹੋ ਗਈਆਂ।

2016 ਵਿੱਚ ਸੱਪਾਂ ਦੇ ਭਰੂਣਾਂ (ਐਂਬ੍ਰਿਓਜ਼) 'ਤੇ ਕੀਤੀ ਗਈ ਖੋਜ ਵਿੱਚ ਪਤਾ ਲੱਗਿਆ ਕਿ ਆਧੁਨਿਕ ਸੱਪਾਂ ਵਿੱਚ ਅਜੇ ਵੀ ਉਹ ਕੁਝ ਜੀਨ ਮੌਜੂਦ ਹਨ ਜੋ ਲੱਤਾਂ ਦੇ ਵਿਕਾਸ ਲਈ ਲਾਜ਼ਮੀ ਹੁੰਦੇ ਹਨ।

ਹਾਲਾਂਕਿ, ਇਹ ਅਧਿਐਨ ਦੱਸਦੇ ਹਨ ਕਿ ਇਹ ਜੀਨ ਹੁਣ ਸੱਪਾਂ ਵਿੱਚ ਉਸ ਤਰ੍ਹਾਂ ਸਰਗਰਮ ਨਹੀਂ ਰਹੇ ਜਿਵੇਂ ਕਿ ਛਿਪਕਲੀਆਂ ਵਿੱਚ ਹੁੰਦੇ ਹਨ।

ਵਿਗਿਆਨੀਆਂ ਨੇ ਸਭ ਤੋਂ ਪਹਿਲਾਂ 1999 ਵਿੱਚ ਸੱਪਾਂ ਦੇ ਸਰੀਰ ਦੀ ਬਣਤਰ ਨਾਲ ਜੁੜੇ ਜੀਨਾਂ ਬਾਰੇ ਅਹਿਮ ਸਬੂਤ ਲੱਭੇ। ਉਸ ਵੇਲੇ ਯੂਨੀਵਰਸਿਟੀ ਆਫ਼ ਫਲੋਰੀਡਾ ਦੇ ਵਿਕਾਸਵਾਦੀ ਜੀਵ ਵਿਗਿਆਨੀ ਮਾਰਟਿਨ ਕੋਹਨ ਨੇ ਸੱਪਾਂ ਦੇ ਭ੍ਰੂਣਾਂ ਵਿੱਚ ਕੁਝ ਅਜਿਹਾ ਨੋਟਿਸ ਕੀਤਾ ਜੋ ਅਸਧਾਰਣ ਸੀ।

ਉਨ੍ਹਾਂ ਨੇ ਵੇਖਿਆ ਕਿ ਕੁਝ ਜੀਨ ਹੋਰ ਰੇਂਗਣ ਵਾਲੇ ਜੀਵਾਂ ਦੇ ਮੁਕਾਬਲੇ ਵੱਖਰੇ ਢੰਗ ਨਾਲ ਕੰਮ ਕਰ ਰਹੇ ਹਨ।

ਚਾਰ ਸਾਲ ਬਾਅਦ, ਬ੍ਰਾਇਨ ਹੈਂਕਨ ਅਤੇ ਉਨ੍ਹਾਂ ਦੀ ਟੀਮ ਨੇ ਪਤਾ ਲਗਾਇਆ ਕਿ 'ਸੋਨਿਕ ਹੇਜਹੋਗ' ਨਾਮ ਦਾ ਇੱਕ ਜੀਨ ਛਿਪਕਲੀਆਂ ਦੀਆਂ ਲੱਤਾਂ ਦੇ ਆਕਾਰ ਨੂੰ ਨਿਰਧਾਰਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਇਹ ਵੀ ਸਾਹਮਣੇ ਆਇਆ ਕਿ ਇਹੀ ਜੀਨ ਇਸ ਗੱਲ ਨੂੰ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਸੱਪਾਂ ਵਿੱਚ ਲੱਤਾਂ ਕਿਉਂ ਨਹੀਂ ਵਿਕਸਿਤ ਹੁੰਦੀਆਂ।

ਸੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਜਗਰਾਂ ਵਿੱਚ ਪੂਛ ਦੇ ਨੇੜੇ 'ਸਪਰਜ਼' ਨਾਮ ਦੀਆਂ ਛੋਟੀਆਂ ਬਣਤਰਾਂ ਹੁੰਦੀਆਂ ਹਨ

ਫਿਰ 2016 ਵਿੱਚ ਵਿਗਿਆਨੀਆਂ ਨੇ ਅਜਗਰ ਦੇ ਭ੍ਰੂਣਾਂ ਵਿੱਚ ਜੀਨਾਂ ਦੀ ਸਰਗਰਮੀ ਦਾ ਅਧਿਐਨ ਕੀਤਾ ਅਤੇ ਪਤਾ ਲੱਗਿਆ ਕਿ 'ਸੋਨਿਕ ਹੇਜਹੋਗ' ਜੀਨ ਨੂੰ ਕੰਟ੍ਰੋਲ ਕਰਨ ਵਾਲੇ ਖੇਤਰ ਵਿੱਚ ਤਿੰਨ ਡੀਐੱਨਏ ਹਿੱਸੇ ਗਾਇਬ ਹਨ।

'ਕਰਨਟ ਬਾਇਓਲੋਜੀ' ਜਰਨਲ ਵਿੱਚ ਛਪੇ ਇੱਕ ਖੋਜ ਲੇਖ ਮੁਤਾਬਕ, ਇਸ ਕਾਰਨ ਕੁਝ ਅਹਿਮ ਪ੍ਰੋਟੀਨ ਠੀਕ ਤਰੀਕੇ ਨਾਲ ਨਹੀਂ ਬਣ ਸਕੇ।

ਇਸ ਤੋਂ ਇਸ਼ਾਰਾ ਮਿਲਦਾ ਹੈ ਕਿ ਸੱਪਾਂ ਦੇ ਭ੍ਰੂਣ ਦੇ ਵਿਕਾਸ ਦੌਰਾਨ 'ਸੋਨਿਕ ਹੇਜਹੋਗ' ਜੀਨ ਦੀ ਕਾਰਗੁਜ਼ਾਰੀ ਕਾਫ਼ੀ ਘੱਟ ਹੋ ਗਈ ਹੋਵੇਗੀ।

ਦਿਲਚਸਪ ਗੱਲ ਇਹ ਹੈ ਕਿ ਕੁਝ ਸੱਪਾਂ ਵਿੱਚ ਅਜੇ ਵੀ ਆਪਣੀਆਂ ਪੁਰਖੀ ਲੱਤਾਂ ਦੇ ਨਿਸ਼ਾਨ ਮੌਜੂਦ ਹਨ।

ਅਜਗਰਾਂ ਵਿੱਚ ਪੂਛ ਦੇ ਨੇੜੇ 'ਸਪਰਜ਼' ਨਾਮ ਦੀਆਂ ਛੋਟੀਆਂ ਬਣਤਰਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪਿੱਛਲੀਆਂ ਲੱਤਾਂ ਦੇ ਵਿਕਾਸੀ ਅਵਸ਼ੇਸ਼ ਮੰਨਿਆ ਜਾਂਦਾ ਹੈ।

ਕੈਲੀਫ਼ੋਰਨੀਆ ਦੇ ਲਾਰੈਂਸ ਬਰਕਲੀ ਨੈਸ਼ਨਲ ਲੈਬੋਰਟਰੀ ਵਿੱਚ ਜੈਨੇਟਿਸਿਸਟ ਐਕਸਲ ਵੀਜ਼ਲ ਨੇ ਇਸ ਗੱਲ ਦਾ ਅਧਿਐਨ ਕੀਤਾ ਕਿ ਸੱਪਾਂ ਨੇ ਆਪਣੀਆਂ ਲੱਤਾਂ ਕਿਉਂ ਗੁਆ ਦਿੱਤੀਆਂ।

ਉਨ੍ਹਾਂ ਦੀ ਟੀਮ ਨੇ ਅਜਗਰਾਂ ਦੇ ਜੀਨੋਮ ਦੀ ਤੁਲਨਾ ਉਹਨਾਂ ਕਿਸਮਾਂ ਨਾਲ ਕੀਤੀ ਜੋ ਬਾਅਦ ਵਿੱਚ ਵਿਕਸਿਤ ਹੋਈਆਂ, ਜਿਵੇਂ ਕਿ ਵਾਈਪਰ ਅਤੇ ਕੋਬਰਾ, ਜਿਨ੍ਹਾਂ ਵਿੱਚ ਲੱਤਾਂ ਦੇ ਸਭ ਤੋਂ ਛੋਟੇ ਨਿਸ਼ਾਨ ਵੀ ਨਹੀਂ ਮਿਲਦੇ।

ਬਾਅਦ ਵਿੱਚ ਪਤਾ ਲੱਗਿਆ ਕਿ ਇਨ੍ਹਾਂ ਸੱਪਾਂ ਵਿੱਚ 'ਸੋਨਿਕ ਹੇਜਹੋਗ' ਜੀਨ ਨਾਲ ਸੰਬੰਧਿਤ ਕੁਝ ਡੀਐੱਨਏ ਹਿੱਸੇ ਗਾਇਬ ਸਨ ਅਤੇ ਉਨ੍ਹਾਂ ਵਿੱਚ ਜੈਨੇਟਿਕ ਤਬਦੀਲੀਆਂ ਆ ਚੁੱਕੀਆਂ ਸਨ।

ਇਹ ਅਧਿਐਨ ਇਸ ਗੱਲ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਇਹ ਅਹਿਮ ਤਬਦੀਲੀਆਂ ਉਨ੍ਹਾਂ ਸੱਪਾਂ ਦੇ ਵਿਕਾਸ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੀਆਂ ਸਨ ਜਿਨ੍ਹਾਂ ਨੇ ਆਪਣੀਆਂ ਲੱਤਾਂ ਗੁਆ ਦਿੱਤੀਆਂ।

ਸੱਪ

ਤਸਵੀਰ ਸਰੋਤ, Getty Images

ਲੱਤਾਂ ਕਿਉਂ ਗਾਇਬ ਹੋਈਆਂ?

ਜਾਨਵਰਾਂ ਵਿੱਚ ਲੱਤਾਂ ਦਾ ਨਾ ਹੋਣਾ ਸ਼ਾਇਦ ਨੁਕਸਾਨ ਵਾਲੀ ਗੱਲ ਲੱਗੇ।

ਲੱਤਾਂ ਸਾਨੂੰ ਦੌੜਣ, ਛਾਲਾਂ ਮਾਰਨ, ਸ਼ਿਕਾਰ ਕਰਨ ਅਤੇ ਸ਼ਿਕਾਰੀਆਂ ਤੋਂ ਬਚਣ ਵਿੱਚ ਮਦਦ ਕਰਦੀਆਂ ਹਨ। ਪਰ ਫਿਰ ਸੱਪ ਬਿਨਾਂ ਲੱਤਾਂ ਦੇ ਕਿਉਂ ਵਿਕਸਿਤ ਹੋਏ?

ਵਿਗਿਆਨੀਆਂ ਦਾ ਮੰਨਣਾ ਹੈ ਕਿ ਪ੍ਰਾਚੀਨ ਸੱਪ ਅਜਿਹੇ ਮਾਹੌਲ ਨਾਲ ਅਨੁਕੂਲ ਹੋ ਗਏ ਜਿੱਥੇ ਲੱਤਾਂ ਫਾਇਦੇ ਦੀ ਬਜਾਏ ਬੋਝ ਬਣ ਜਾਂਦੀਆਂ ਸਨ।

ਜਿਵੇਂ ਕਿ 'ਸਾਇੰਟੀਫਿਕ ਅਮਰੀਕਨ' ਵਿੱਚ ਛਪੇ ਲੇਖ ਵਿੱਚ ਦਰਸਾਇਆ ਗਿਆ ਹੈ ਕਿ ਮੁੱਖ ਸਿਧਾਂਤ ਇਹ ਹੈ ਕਿ ਪੁਰਾਣੇ ਸੱਪ ਬਿੱਲਾਂ ਵਿੱਚ ਰਹਿੰਦੇ ਸਨ, ਅਕਸਰ ਜ਼ਮੀਨ ਦੇ ਹੇਠਾਂ ਜਾਂ ਮਿੱਟੀ, ਪੱਥਰਾਂ ਅਤੇ ਬੂਟਿਆਂ ਹੇਠਲੇ ਤੰਗ ਥਾਵਾਂ ਵਿੱਚ।

ਅਧਿਐਨ ਦੱਸਦੇ ਹਨ ਕਿ ਅਜਿਹੀਆਂ ਸਥਿਤੀਆਂ ਵਿੱਚ ਵਧੇਰੇ ਲੰਮਾ ਸਰੀਰ ਅਤੇ ਘੱਟ ਅੰਗ ਹੋਣ ਨਾਲ ਹਿੱਲਣ-ਡੁੱਲਣ ਵਿੱਚ ਵਧੀਆ ਕੁਸ਼ਲਤਾ ਮਿਲਦੀ ਹੈ।

ਇਸ ਦੀਆਂ ਆਧੁਨਿਕ ਉਦਾਹਰਨਾਂ ਵੀ ਮਿਲਦੀਆਂ ਹਨ।

ਸੱਪ

ਕੁਝ ਸੱਪਾਂ ਦੀਆਂ ਕਿਸਮਾਂ, ਖ਼ਾਸ ਕਰਕੇ ਤਾਮਿਲਨਾਡੂ ਦੇ ਪੱਛਮੀ ਘਾਟਾਂ ਵਿੱਚ ਮਿਲਣ ਵਾਲੀਆਂ, ਆਪਣੀ ਜ਼ਿਆਦਾਤਰ ਜ਼ਿੰਦਗੀ ਜ਼ਮੀਨ ਹੇਠਾਂ ਬਿਤਾਉਂਦੀਆਂ ਹਨ।

ਬਲਾਈਂਡ ਸੱਪ, ਜਿਨ੍ਹਾਂ ਨੂੰ ਅਕਸਰ ਗੰਡੋਆ ਸਮਝ ਲਿਆ ਜਾਂਦਾ ਹੈ, ਨਰਮ ਮਿੱਟੀ ਵਿੱਚ ਆਸਾਨੀ ਨਾਲ ਹਿਲਦੇ ਹਨ। ਉਨ੍ਹਾਂ ਦੀਆਂ ਅੱਖਾਂ ਬਹੁਤ ਛੋਟੀਆਂ ਹੁੰਦੀਆਂ ਹਨ ਅਤੇ ਦੇਖਣ ਨਾਲ ਸੰਬੰਧਿਤ ਬਣਤਰ ਕਾਫ਼ੀ ਘੱਟ ਵਿਕਸਿਤ ਹੁੰਦੀ ਹੈ।

ਇਸ ਕਰਕੇ ਉਹ ਚੰਗੀ ਤਰ੍ਹਾਂ ਨਹੀਂ ਦੇਖ ਸਕਦੇ ਜਾਂ ਪੂਰੀ ਤਰ੍ਹਾਂ ਅੰਨ੍ਹੇ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ "ਬਲਾਈਂਡ ਸੱਪ" ਕਿਹਾ ਜਾਂਦਾ ਹੈ।

ਇਹ ਬਿੱਲਾਂ ਵਿੱਚ ਰਹਿਣ ਵਾਲੇ ਸੱਪ ਅਕਸਰ ਆਪਣੀ ਨਜ਼ਰ ਦੀ ਬਜਾਏ ਖੁਰਾਕ ਲੱਭਣ ਦੀ ਸਮਰੱਥਾ 'ਤੇ ਜ਼ਿਆਦਾ ਨਿਰਭਰ ਕਰਦੇ ਹਨ ਅਤੇ ਜ਼ਮੀਨ ਹੇਠਾਂ ਜੀਵਨ ਲਈ ਹੀ ਵਿਕਸਿਤ ਹੋਏ ਹਨ।

ਅਧਿਐਨ ਦਰਸਾਉਂਦੇ ਹਨ ਕਿ ਇਹ ਤਬਦੀਲੀ ਇਸ ਲਈ ਹੋ ਸਕਦੀ ਹੈ ਕਿਉਂਕਿ ਲੱਤਾਂ ਤੰਗ ਬਿੱਲਾਂ ਅਤੇ ਸੁਰੰਗਾਂ ਵਿੱਚ ਹਿੱਲਣ-ਡੁੱਲਣ ਨੂੰ ਔਖਾ ਬਣਾ ਦਿੰਦੀਆਂ ਸਨ।

ਸੱਪਾਂ ਦੇ ਲੰਮੇ ਅਤੇ ਪਤਲੇ ਸਰੀਰ ਉਨ੍ਹਾਂ ਨੂੰ ਤੰਗ ਥਾਵਾਂ ਵਿੱਚ ਆਸਾਨੀ ਨਾਲ ਰੇਂਗਣ ਵਿੱਚ ਮਦਦ ਕਰਦੇ ਹਨ।

ਕਿਉਂਕਿ ਉਨ੍ਹਾਂ ਦੇ ਸਰੀਰ 'ਤੇ ਬਾਹਰ ਨਿਕਲੇ ਅੰਗ ਨਹੀਂ ਹੁੰਦੇ, ਇਸ ਲਈ ਉਹ ਦਰਾਰਾਂ, ਛੇਦਾਂ ਅਤੇ ਸੰਘਣੇ ਬੂਟਿਆਂ ਵਿੱਚ ਹੋਰ ਜਾਨਵਰਾਂ ਨਾਲੋਂ ਵਧੀਆ ਤਰੀਕੇ ਨਾਲ ਵੜ੍ਹ ਸਕਦੇ ਹਨ।

ਇਸ ਤੋਂ ਇਲਾਵਾ, ਅਜਿਹੇ ਮਾਹੌਲ ਵਿੱਚ ਜਿੱਥੇ ਰੇਂਗਣਾ ਫਾਇਦੇਮੰਦ ਸੀ, ਛੋਟੀਆਂ ਲੱਤਾਂ ਵਾਲੇ ਸੱਪ ਜ਼ਿਆਦਾ ਕਾਮਯਾਬੀ ਨਾਲ ਬਚੇ ਅਤੇ ਵੰਸ਼ ਵਧਾਇਆ।

ਸਮੇਂ ਦੇ ਨਾਲ, ਕੁਦਰਤੀ ਚੋਣ ਨੇ ਅਜਿਹੀ ਸਰੀਰਕ ਬਣਤਰ ਨੂੰ ਤਰਜੀਹ ਦਿੱਤੀ ਜਿਸ ਵਿੱਚ ਬਾਹਰ ਨਿਕਲੇ ਅੰਗ ਪੂਰੀ ਤਰ੍ਹਾਂ ਗਾਇਬ ਹੋ ਗਏ।

ਸੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਿੱਲਾਂ ਵਿੱਚ ਰਹਿਣ ਵਾਲੇ ਸੱਪ ਅਕਸਰ ਆਪਣੀ ਨਜ਼ਰ ਦੀ ਬਜਾਏ ਖੁਰਾਕ ਲੱਭਣ ਦੀ ਸਮਰੱਥਾ 'ਤੇ ਜ਼ਿਆਦਾ ਨਿਰਭਰ ਕਰਦੇ ਹਨ

ਫਿਰ ਉਹ ਬਿਨਾਂ ਲੱਤਾਂ ਦੇ ਕਿਵੇਂ ਹਿਲਦੇ ਹਨ?

ਲੱਤਾਂ ਗੁਆਉਣ ਤੋਂ ਬਾਅਦ ਵੀ ਸੱਪਾਂ ਨੇ ਹਿੱਲਣ-ਡੁੱਲਣ ਦਾ ਇੱਕ ਬਿਲਕੁਲ ਵੱਖਰਾ ਤਰੀਕਾ ਵਿਕਸਿਤ ਕਰ ਲਿਆ ਹੈ। ਇਹ ਕੁਦਰਤ ਦੇ ਸਭ ਤੋਂ ਹੈਰਾਨੀਜਨਕ ਪੱਖਾਂ ਵਿੱਚੋਂ ਇੱਕ ਹੈ।

ਥਣਧਾਰੀ ਜਾਨਵਰਾਂ ਅਤੇ ਹੋਰ ਰੇਂਗਣ ਵਾਲੇ ਜੀਵਾਂ ਤੋਂ ਵੱਖਰੇ, ਜੋ ਲੱਤਾਂ ਵਰਗੇ ਅੰਗਾਂ 'ਤੇ ਨਿਰਭਰ ਕਰਦੇ ਹਨ, ਸੱਪ ਅੱਗੇ ਵਧਣ ਲਈ ਆਪਣੇ ਪੂਰੇ ਸਰੀਰ ਦੀ ਵਰਤੋਂ ਕਰਦੇ ਹਨ।

ਇਨਸਾਨੀ ਰੀੜ੍ਹ ਦੀ ਹੱਡੀ ਵਿੱਚ ਲਗਭਗ 33 ਮਣਕੇ (ਵਰਟੀਬਰੇ) ਹੁੰਦੇ ਹਨ, ਪਰ ਸੱਪਾਂ ਵਿੱਚ 200 ਤੋਂ 400 ਤੱਕ ਮਣਕੇ ਹੁੰਦੇ ਹਨ, ਜੋ ਮਜ਼ਬੂਤ ਮਾਸਪੇਸ਼ੀਆਂ ਨਾਲ ਜੁੜੇ ਹੁੰਦੇ ਹਨ।

'ਸਾਇੰਟੀਫਿਕ ਅਮੈਰੀਕਨ' ਵਿੱਚ ਛਪੇ ਇੱਕ ਅਧਿਐਨ ਮੁਤਾਬਕ, ਇਹ ਸਰੀਰਕ ਬਣਤਰ ਸੱਪਾਂ ਨੂੰ ਆਪਣੇ ਸਰੀਰ ਨੂੰ ਬੇਹੱਦ ਸਹੀ ਤਰੀਕੇ ਨਾਲ ਮੋੜਨ ਅਤੇ ਮੁੜਨ ਦੀ ਸਮਰੱਥਾ ਦਿੰਦੀ ਹੈ। ਇਸ ਨਾਲ ਉਹ ਆਪਣੇ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਧਰਤੀ ਨਾਲ ਟਿਕਾ ਕੇ, ਬਿਨਾਂ ਲੱਤਾਂ ਦੀ ਲੋੜ ਤੋਂ, ਅੱਗੇ ਵਧ ਸਕਦੇ ਹਨ।

ਇਸ ਤੋਂ ਇਲਾਵਾ, ਉਨ੍ਹਾਂ ਦੇ ਸਕੇਲ ਵੀ ਹਿੱਲਣ-ਡੁੱਲਣ ਵਿੱਚ ਅਹਿਮ ਭੂਮਿਕਾ ਨਿਭਾਂਦੇ ਹਨ।

ਸਰੀਰ ਦੇ ਹੇਠਲੇ ਹਿੱਸੇ 'ਤੇ ਮੌਜੂਦ ਚੌੜੇ ਸਕੇਲ ਧਰਤੀ ਨਾਲ ਰਗੜ (ਫ੍ਰਿਕਸ਼ਨ) ਪੈਦਾ ਕਰਕੇ ਸੱਪਾਂ ਨੂੰ ਅੱਗੇ ਵਧਣ ਵਿੱਚ ਮਦਦ ਕਰਦੇ ਹਨ।

ਸੱਪ ਆਪਣੇ ਨਿਵਾਸ-ਸਥਾਨ ਮੁਤਾਬਕ ਵੱਖ-ਵੱਖ ਤਰੀਕਿਆਂ ਨਾਲ ਹਿਲਦੇ ਹਨ, ਭਾਵੇਂ ਉਹ ਧਰਤੀ ਹੋਵੇ, ਦਰੱਖਤ ਹੋਣ ਜਾਂ ਰੇਤ।

ਸਭ ਤੋਂ ਆਮ ਤਰੀਕਾ "ਸਾਈਡਵਾਈਡਿੰਗ" ਹੈ (ਲਹਿਰਾਂ ਵਾਂਗ ਹਿਲਣਾ)। ਇਸਨੂੰ "ਲੇਟਰਲ ਓਸਿਲੇਸ਼ਨ" ਵੀ ਕਿਹਾ ਜਾਂਦਾ ਹੈ। ਇਹ ਉਹੀ 'S' ਆਕਾਰ ਦੀ ਚਾਲ ਹੈ ਜੋ ਅਸੀਂ ਅਕਸਰ ਵੇਖਦੇ ਹਾਂ।

ਸੱਪ ਆਪਣੇ ਸਰੀਰ ਨੂੰ ਪਾਸੇ ਵੱਲ ਝੁਕਾ ਕੇ ਅਤੇ ਘਾਹ, ਪੱਥਰਾਂ, ਮਿੱਟੀ ਜਾਂ ਹੋਰ ਸਤ੍ਹਾਂ ਦਾ ਸਹਾਰਾ ਲੈ ਕੇ ਅੱਗੇ ਵਧਦਾ ਹੈ।

ਇਹ ਤਰੀਕਾ ਕਈ ਕਿਸਮਾਂ ਦੇ ਸੱਪਾਂ ਵਿੱਚ ਵਰਤਿਆ ਜਾਂਦਾ ਹੈ, ਜਿਵੇਂ ਕੋਬਰਾ, ਰੈਟ ਸਨੇਕ, ਕਰੇਤ ਅਤੇ ਵਾਈਪਰ।

ਸੱਪਾਂ ਦੇ ਵੱਖ-ਵੱਖ ਹਿੱਲਣ ਦੇ ਤਰੀਕਿਆਂ ਵਿੱਚੋਂ ਸਾਈਡਵਾਈਡਿੰਗ ਨੂੰ ਸਭ ਤੋਂ ਤੇਜ਼ ਮੰਨਿਆ ਜਾਂਦਾ ਹੈ।

ਇਸੇ ਤਰ੍ਹਾਂ, ਵੱਡੇ ਸਰੀਰ ਵਾਲੇ ਸੱਪ, ਜਿਵੇਂ ਅਜਗਰ "ਰੈਕਟਿਲੀਨੀਅਰ ਲੋਕੋਮੋਸ਼ਨ" ਨਾਮ ਦੇ ਤਰੀਕੇ ਨਾਲ ਹਿੱਲਦੇ ਹਨ। ਇਸਦਾ ਮਤਲਬ ਹੈ ਕਿ ਉਹ ਸਰੀਰ ਨੂੰ ਵਕਰ ਰੂਪ ਵਿੱਚ ਮੋੜਣ ਦੀ ਬਜਾਏ ਪੇਟ ਦੀਆਂ ਮਾਸਪੇਸ਼ੀਆਂ ਨੂੰ ਸੁੰਗੜਾ ਕੇ ਅਤੇ ਢਿੱਲਾ ਕਰਕੇ ਹੌਲੀ-ਹੌਲੀ ਅੱਗੇ ਵਧਦੇ ਹਨ।

ਭਾਵੇਂ ਇਹ ਹਲਚਲ ਕਾਫ਼ੀ ਹੌਲੀ ਹੁੰਦੀ ਹੈ, ਪਰ ਇਹ ਬਹੁਤ ਸਥਿਰ ਹੁੰਦੀ ਹੈ।

ਸੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਰੂਥਲ ਖੇਤਰਾਂ ਵਿੱਚ ਰਹਿਣ ਵਾਲੇ ਕੁਝ ਸੱਪ ਇੱਕ ਵਿਲੱਖਣ ਤਰੀਕੇ ਨਾਲ ਘੁੰਮਦੇ ਹਨ ਜਿਸਨੂੰ ਸਾਈਡਵਾਈਂਡਿੰਗ ਕਿਹਾ ਜਾਂਦਾ ਹੈ

ਅਜਗਰ, ਜਿਵੇਂ ਇੰਡੀਆਨ ਰਾਕ ਪਾਈਥਨ ਨੂੰ ਤੁਸੀਂ ਅਕਸਰ ਹੌਲੀ-ਹੌਲੀ ਰੇਂਗਦੇ ਹੋਏ ਵੇਖ ਸਕਦੇ ਹੋ, ਜਿੱਥੇ ਉਹ ਸਰੀਰ ਨੂੰ ਜ਼ਿਆਦਾ ਪਾਸੇ ਵੱਲ ਨਹੀਂ ਮੋੜਦੇ। ਇਹ ਤਰੀਕਾ ਵੱਡੇ ਸਰੀਰ ਵਾਲੇ ਸੱਪਾਂ ਲਈ ਬਹੁਤ ਉਚਿਤ ਹੁੰਦਾ ਹੈ।

ਜੋ ਸੱਪ ਬਿੱਲਾਂ, ਦਰੱਖਤਾਂ ਦੀਆਂ ਮੋਰੀਆਂ ਅਤੇ ਪੱਥਰਾਂ ਦੇ ਵਿਚਕਾਰ ਦੀਆਂ ਤੰਗ ਥਾਵਾਂ ਵਿੱਚ ਰਹਿੰਦੇ ਹਨ, ਉਹ "ਕੰਸਰਟੀਨਾ ਮੂਵਮੈਂਟ" ਦੀ ਵਰਤੋਂ ਕਰਦੇ ਹਨ।

ਇਸ ਤਰੀਕੇ ਵਿੱਚ ਉਹ ਆਪਣੇ ਸਰੀਰ ਦੇ ਇੱਕ ਹਿੱਸੇ ਨੂੰ ਮਜ਼ਬੂਤੀ ਨਾਲ ਜਗ੍ਹਾ 'ਤੇ ਟਿਕਾ ਲੈਂਦੇ ਹਨ ਅਤੇ ਅੱਗੇ ਵਾਲੇ ਹਿੱਸੇ ਨੂੰ ਖਿੱਚ ਕੇ ਅੱਗੇ ਵਧਾਉਂਦੇ ਹਨ। ਫਿਰ ਪਿਛਲਾ ਹਿੱਸਾ ਅੱਗੇ ਵਾਲੇ ਹਿੱਸੇ ਦੇ ਨਾਲ ਮਿਲ ਕੇ ਅੱਗੇ ਵਧਦਾ ਹੈ।

ਕੁਝ ਰੇਗਿਸਤਾਨੀ ਸੱਪ "ਸਾਈਡਵਾਈਡਿੰਗ" ਤਰੀਕੇ ਦੀ ਵਰਤੋਂ ਕਰਦੇ ਹਨ, ਜਿਸ ਵਿੱਚ ਇੱਕ ਸਮੇਂ ਉਨ੍ਹਾਂ ਦੇ ਸਰੀਰ ਦਾ ਸਿਰਫ਼ ਛੋਟਾ ਹਿੱਸਾ ਹੀ ਧਰਤੀ ਨੂੰ ਛੂਹਦਾ ਹੈ। ਇਸ ਨਾਲ ਉਹ ਗਰਮ ਅਤੇ ਨਰਮ ਰੇਤ 'ਤੇ ਬਿਨਾਂ ਫਿਸਲਣ ਜਾਂ ਜ਼ਿਆਦਾ ਗਰਮੀ ਸਹੇ ਆਸਾਨੀ ਨਾਲ ਹਿਲ ਸਕਦੇ ਹਨ।

ਸੱਪਾਂ ਦੀਆਂ ਇਹ ਵੱਖ-ਵੱਖ ਅਨੁਕੂਲਤਾਵਾਂ ਹੀ ਮੁੱਖ ਕਾਰਨ ਹਨ ਕਿ ਉਹ ਵਿਕਾਸ ਦੀ ਪ੍ਰਕਿਰਿਆ ਵਿੱਚ ਸਫ਼ਲ ਜੀਵ ਬਣੇ ਹਨ। ਕੁਝ ਕਿਸਮਾਂ ਪਾਣੀ ਵਿੱਚ ਲਹਿਰਾਂ ਵਰਗੀਆਂ ਹਰਕਤਾਂ ਕਰਕੇ ਤੈਰਦੀਆਂ ਹਨ।

ਕੁਝ ਸੱਪ ਦਰੱਖਤਾਂ 'ਤੇ ਚੜ੍ਹਨ ਵਿੱਚ ਮਾਹਰ ਹੁੰਦੇ ਹਨ ਅਤੇ ਕੁਝ ਅਜਿਹੇ ਵੀ ਹਨ ਜੋ ਇੱਕ ਦਰੱਖਤ ਤੋਂ ਦੂਜੇ ਦਰੱਖਤ ਤੱਕ ਹਵਾ ਵਿੱਚ ਫਿਸਲਦੇ ਹੋਏ ਜਾ ਸਕਦੇ ਹਨ।

ਇਸ ਵੱਖਰੇਪਣ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਲੱਤਾਂ ਦੀ ਘਾਟ ਕੋਈ ਕਮਜ਼ੋਰੀ ਨਹੀਂ ਸੀ, ਸਗੋਂ ਇਸ ਨਾਲ ਨਵੇਂ ਵਾਤਾਵਰਣ ਸਬੰਧੀ ਮੌਕੇ ਪੈਦਾ ਹੋਏ।

ਸੱਪ ਅੰਟਾਰਕਟਿਕਾ ਤੋਂ ਇਲਾਵਾ ਲਗਭਗ ਧਰਤੀ ਦੇ ਹਰ ਹਿੱਸੇ ਵਿੱਚ ਮਿਲਦੇ ਹਨ।

ਉਹ ਜੰਗਲਾਂ, ਰੇਗਿਸਤਾਨਾਂ, ਗਿੱਲੀਆਂ ਜ਼ਮੀਨਾਂ, ਜਲ ਸਰੋਤਾਂ ਅਤੇ ਸਮੁੰਦਰਾਂ ਵਰਗੇ ਵੱਖ-ਵੱਖ ਮਾਹੌਲਾਂ ਵਿੱਚ ਰਹਿੰਦੇ ਹਨ।

ਸੱਪਾਂ ਦੀ ਮੌਜੂਦਗੀ ਵਿਕਾਸੀ ਸਿਧਾਂਤ ਦੇ ਇੱਕ ਮਹੱਤਵਪੂਰਨ ਨਿਯਮ ਨੂੰ ਦਰਸਾਉਂਦੀ ਹੈ, "ਜੀਵਨ ਸਿਰਫ਼ ਸਭ ਤੋਂ ਵਧੀਆ ਬਣਤਰ ਨਾਲ ਨਹੀਂ, ਸਗੋਂ ਮਾਹੌਲ ਨਾਲ ਸਭ ਤੋਂ ਵਧੀਆ ਅਨੁਕੂਲਤਾ ਨਾਲ ਟਿਕਿਆ ਰਹਿੰਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)