ਪੰਜਾਬ ਕਿੰਗਜ਼ ਦੀ ਚੌਥੀ ਹਾਰ, ਸ਼੍ਰੇਅਸ ਅਈਅਰ ਨੇ ਕਿਹੜੀਆਂ ਗਲਤੀਆਂ ਨੂੰ ਜ਼ਿੰਮੇਵਾਰ ਮੰਨਿਆ, ਪਲੇਅ-ਆਫ਼ ਵਿੱਚ ਪਹੁੰਚਣ ਦੀ ਕੀ ਉਮੀਦ ਹੈ

ਕਪਤਾਨ ਸ਼੍ਰੇਅਸ ਅਈਅਰ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਕਾਫੀ ਨਿਰਾਸ਼ ਦਿਖੇ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕਪਤਾਨ ਸ਼੍ਰੇਅਸ ਅਈਅਰ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਕਾਫੀ ਨਿਰਾਸ਼ ਦਿਖੇ
    • ਲੇਖਕ, ਹਰਪਿੰਦਰ ਸਿੰਘ ਟੌਹੜਾ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 7 ਮਿੰਟ

ਸੋਮਵਾਰ ਨੂੰ ਧਰਮਸ਼ਾਲਾ ਦੇ ਐੱਚਪੀਸੀਏ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਮੁਕਾਬਲਾ ਚੱਲ ਰਿਹਾ ਸੀ।

ਦਿੱਲੀ ਦੀ ਪਾਰੀ ਦਾ ਓਵਰ ਸੀ 17ਵਾਂ, ਸਾਹਮਣੇ ਬੱਲੇਬਾਜ਼ੀ ਕਰ ਰਹੇ ਸਨ ਡੇਵਿਡ ਮਿਲਰ ਤੇ ਦਿੱਲੀ ਨੂੰ ਜਿੱਤਣ ਲਈ ਚਾਹੀਦੀਆਂ ਸਨ 53 ਦੌੜਾਂ।

ਬੇਨ ਡਵਾਰਸ਼ੁਇਸ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਡੇਵਿਡ ਮਿਲਰ ਨੇ ਦੋ ਛੱਕੇ ਜੜ ਦਿੱਤੇ। ਲੱਗ ਰਿਹਾ ਸੀ ਦਿੱਲੀ ਅਸਾਨੀ ਨਾਲ ਮੈਚ ਜਿੱਤ ਲਵੇਗੀ ਪਰ 17ਵੇਂ ਓਵਰ ਦੀ ਤੀਜੀ ਗੇਂਦ 'ਤੇ ਡੇਵਿਡ ਮਿਲਰ ਨੇ ਬੱਲਾ ਘੁਮਾਇਆ ਤੇ ਗੇਂਦ ਉਨ੍ਹਾਂ ਦੇ ਸਿਰ ਉੱਪਰ ਹੀ ਖੜੀ ਹੋ ਗਈ।

ਕੈਚ ਕਰਨ ਲਈ ਪੰਜਾਬ ਕਿੰਗਜ਼ ਦੇ ਵਿਕਟਕੀਪਰ ਪ੍ਰਭਸਿਮਰਨ ਸਿੰਘ ਅੱਗੇ ਭੱਜੇ। ਉਨ੍ਹਾਂ ਨੂੰ ਕੈਚ ਲੈਂਦੇ ਹੋਏ ਦੇਖਦੇ -ਦੇਖਦੇ ਅਰਸ਼ਦੀਪ ਜ਼ਮੀਨ ਉੱਤੇ ਬਹਿ ਗਏ, ਕਿ ਪਤਾ ਨਹੀਂ ਕੈਚ ਹੋਣਾ ਜਾ ਨਹੀਂ ਹੋਣਾ ਪਰ ਪ੍ਰਭਸਿਮਰਨ ਨੇ ਸ਼ਾਨਦਾਰ ਕੈਚ ਫੜਿਆ ਪਰ ਫਿਰ ਵੀ ਮੈਚ ਪੰਜਾਬ ਕਿੰਗਜ਼ ਦੇ ਹੱਥੋਂ ਨਿਕਲ ਗਿਆ।

ਜਿਸ ਸਮੇਂ ਡੇਵਿਡ ਮਿਲਰ ਆਊਟ ਹੋਏ ਸਨ ਉਸ ਸਮੇਂ ਦਿੱਲੀ ਨੂੰ ਮੈਚ ਜਿੱਤਣ ਲਈ 3.3 ਓਵਰਾਂ ਵਿੱਚ 41 ਦੌੜਾਂ ਲਈ ਚਾਹੀਦੀਆਂ ਸਨ ਤੇ ਉਸ ਦੀਆਂ ਕੇਵਲ ਤਿੰਨ ਵਿਕਟਾਂ ਹੀ ਬਚੀਆਂ ਸਨ। ਬੇਨ ਡਵਾਰਸ਼ੁਇਸ ਦੇ ਇਸ ਓਵਰ ਵਿੱਚ 17 ਦੌੜਾਂ ਦਿੱਲੀ ਬਣਾਉਣ ਵਿੱਚ ਕਾਮਯਾਬ ਰਹੀ।

ਆਖਰੀ ਤਿੰਨ ਓਵਰਾਂ ਵਿੱਚ ਦਿੱਲੀ ਨੂੰ ਮੈਚ ਜਿੱਤਣ ਲਈ 37 ਦੌੜਾਂ ਚਾਹੀਦੀਆਂ ਸਨ। ਪਰ ਉਸ ਨੇ ਇਹ ਟਾਰਗੇਟ 19ਵੇਂ ਓਵਰ ਵਿੱਚ ਹੀ ਹਾਸਲ ਕਰ ਲਿਆ।

ਇਸ ਤਰ੍ਹਾਂ ਪੰਜਾਬ ਕਿੰਗਜ਼ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਤੇ ਉਹ ਮੈਚ 3 ਵਿਕਟਾਂ ਨਾਲ ਹਾਰ ਗਈ। ਆਈਪੀਐੱਲ ਦੇ 19ਵੇਂ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦੀ ਲਗਾਤਾਰ ਚੌਥੀ ਹਾਰ ਹੈ। ਜੇਕਰ ਪੰਜਾਬ ਕਿੰਗਜ਼ ਇਹ ਮੈਚ ਜਿੱਤ ਲੈਂਦੀ ਤਾਂ ਉਸ ਨੇ ਫਿਰ ਤੋਂ ਅੰਕ ਸੂਚੀ ਵਿੱਚ ਸਿਖਰ 'ਤੇ ਪੁੱਜ ਜਾਣਾ ਸੀ। ਪਰ ਪੰਜਾਬ ਕਿੰਗਜ਼ ਫਿਲਹਾਲ 13 ਅੰਕਾਂ ਨਾਲ ਚੌਥੇ ਨੰਬਰ 'ਤੇ ਹੀ ਬਣੀ ਹੋਈ ਹੈ।

ਦੂਜੇ ਪਾਸੇ ਜੇਕਰ ਦਿੱਲੀ ਕੈਪੀਟਲਸ ਦੀ ਗੱਲ ਕਰੀਏ ਤਾਂ ਉਸਦੀਆਂ ਉਮੀਦਾਂ ਅਜੇ ਵੀ ਸਿਖਰਲੇ ਚਾਰ ਵਿੱਚ ਪਹੁੰਚਣ ਲਈ ਕਾਇਮ ਹਨ।

ਹਾਲਾਂਕਿ ਦਿੱਲੀ ਨੂੰ ਆਪਣੇ ਬਾਕੀ ਬਚਦੇ ਦੋਨੋਂ ਮੁਕਾਬਲੇ ਜਿੱਤਣ ਹੋਣਗੇ ਅਤੇ ਨੈੱਟ ਰਨਰੇਟ 'ਤੇ ਵੀ ਨਿਰਭਰ ਰਹਿਣਾ ਪਵੇਗਾ। ਉਹ ਤਾਂ ਹੀ ਸੰਭਵ ਹੋਵੇਗਾ ਜੇਕਰ ਕੋਈ ਹੋਰ ਟੀਮ 14 ਮੈਚ ਖੇਡਣ ਮਗਰੋਂ 14 ਅੰਕ ਹੀ ਹਾਸਲ ਕਰ ਪਾਉਂਦੀ ਹੈ।

ਪੰਜਾਬ ਕਿੰਗਜ਼ ਨੇ ਕਿਵੇਂ ਗਵਾਇਆ ਮੈਚ ?

ਸ਼੍ਰੇਅਸ ਅਈਅਰ ਦਾ ਬਿਆਨ

ਆਈਪੀਐੱਲ 2026 ਦੇ 55ਵੇਂ ਮੈਚ ਵਿੱਚ ਦਿੱਲੀ ਦੇ ਕਪਤਾਨ ਅਕਸ਼ਰ ਪਟੇਲ ਨੇ ਟਾਸ ਜਿੱਤ ਕੇ ਪਹਿਲਾਂ ਪੰਜਾਬ ਕਿੰਗਜ਼ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਪੰਜਾਬ ਕਿੰਗਜ਼ ਨੇ ਚੰਗੀ ਸ਼ੁਰੂਆਤ ਕੀਤੀ। ਪ੍ਰਿਆਂਸ਼ ਆਰਿਆ ਤੇ ਪ੍ਰਭਸਿਮਰਨ ਸਿੰਘ ਨੇ ਪਹਿਲੇ ਵਿਕਟ ਦੇ ਲਈ 78 ਦੌੜਾਂ ਦੀ ਸਾਂਝੇਦਾਰੀ ਕੀਤੀ। ਪ੍ਰਿਆਂਸ਼ ਨੇ 33 ਗੇਂਦਾਂ ਵਿੱਚ 56 ਦੌੜਾਂ ਬਣਾਈਆਂ।

ਇਸ ਮਗਰੋਂ ਪੰਜਾਬ ਕਿੰਗਸ ਦੇ ਕਪਤਾਨ ਸ਼ਰੇਆਸ ਈਅਰ ਨੇ 36 ਗੇਂਦਾਂ ਵਿੱਚ ਨਾਬਾਦ 59 ਦੌੜਾਂ ਦੀ ਨਾਬਾਦ ਪਾਰੀ ਖੇਡੀ ਅਤੇ ਕੁਪਰ ਕੌਨੋਲੀ ਨੇ ਵੀ 27 ਗੇਂਦਾਂ ਵਿੱਚ 38 ਦੌੜਾਂ ਬਣਾਈਆਂ।

ਇਸ ਤਰ੍ਹਾਂ ਪੰਜਾਬ ਕਿੰਗਜ਼ ਨੇ ਦਿੱਲੀ ਕੈਪੀਟਲ ਸਾਹਮਣੇ 211 ਦੌੜਾਂ ਦਾ ਵੱਡਾ ਟੀਚਾ ਰੱਖਿਆ। ਜਵਾਬ ਵਿੱਚ ਇਸ ਟੀਚੇ ਦਾ ਪਿੱਛਾ ਕਰਨ ਉੱਤਰੀ ਦਿੱਲੀ ਕੈਪੀਟਲ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਦਿੱਲੀ ਨੂੰ ਜਲਦੀ ਦੋ ਝਟਕੇ ਦਿੱਤੇ ਅਤੇ ਇੱਕ ਵਿਕਟ ਯਸ਼ ਠਾਕੁਰ ਨੇ ਹਾਸਿਲ ਕੀਤਾ।

ਇੱਕ ਸਮੇਂ ਦਿੱਲੀ ਦੇ 4.3 ਓਵਰਾਂ ਵਿੱਚ 33 ਦੌੜਾਂ 'ਤੇ ਤਿੰਨ ਵਿਕਟਾਂ ਆਊਟ ਹੋ ਚੁੱਕੀਆਂ ਸਨ, ਅਜਿਹਾ ਲੱਗ ਰਿਹਾ ਸੀ ਪੰਜਾਬ ਆਸਾਨੀ ਨਾਲ ਇਹ ਮੁਕਾਬਲਾ ਜਿੱਤ ਸਕਦੀ ਹੈ।

ਇਸ ਮਗਰੋਂ ਪੰਜਾਬ ਨੇ ਨੌਵੇਂ ਓਵਰ ਵਿੱਚ ਟ੍ਰਿਸਟਨ ਸਟੱਬਸ ਨੂੰ ਵੀ ਆਊਟ ਕਰ ਲਿਆ ਤੇ ਇਸ ਦੌਰਾਨ ਦਿੱਲੀ ਦੇ 74 ਦੌੜਾਂ 'ਤੇ ਚਾਰ ਵਿਕਟਾਂ ਆਊਟ ਹੋ ਚੁੱਕੀਆਂ ਸਨ ਪਰ ਦਿੱਲੀ ਦੇ ਕਪਤਾਨ ਅਕਸ਼ਰ ਪਟੇਲ ਵੱਲੋਂ ਬਣਾਈਆਂ ਸ਼ਾਨਦਾਰ 56 ਦੌੜਾਂ ਅਤੇ ਡੇਵਿਡ ਮਿੱਲਰ ਵੱਲੋਂ 28 ਗੇਂਦਾਂ ਵਿੱਚ ਖੇਡੀ ਗਈ 51 ਦੌੜਾਂ ਦੀ ਪਾਰੀ ਨੇ ਪੰਜਾਬ ਕਿੰਗਜ਼ ਤੋਂ ਜਿੱਤ ਖੋਹ ਲਈ।

ਅੰਤ ਵਿੱਚ ਆਸ਼ੂਤੋਸ਼ ਸ਼ਰਮਾ, ਨਬੀ ਤੇ ਤਿਵਾਰੀ ਦੀਆਂ ਛੋਟੀਆਂ ਪਾਰੀਆਂ ਵੀ ਦਿੱਲੀ ਦੀ ਜਿੱਤ ਲਈ ਮਹੱਤਵਪੂਰਨ ਸਾਬਿਤ ਹੋਈਆਂ। ਦਿੱਲੀ ਖ਼ਿਲਾਫ਼ ਅਰਸ਼ਦੀਪ ਸਿੰਘ ਨੇ ਚੰਗੀ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਚਾਰ ਓਵਰਾਂ ਵਿੱਚ 21 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।

ਕਪਤਾਨ ਨੇ ਹਾਰ ਦਾ ਜ਼ਿੰਮੇਵਾਰ ਕਿਸ ਨੂੰ ਦੱਸਿਆ

4 ਮਈ 2025 ਨੂੰ ਧਰਮਸ਼ਾਲਾ ਦੇ ਕ੍ਰਿਕਟ ਗਰਾਊਂਡ ਵਿੱਚ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਮੈਚ ਦੌਰਾਨ ਪੰਜਾਬ ਕਿੰਗਜ਼ ਦੇ ਸ਼੍ਰੇਅਸ ਅਈਅਰ ਅਤੇ ਅਰਸ਼ਦੀਪ ਸਿੰਘ

ਤਸਵੀਰ ਸਰੋਤ, Surjeet Yadav/MB Media/Getty Images

ਤਸਵੀਰ ਕੈਪਸ਼ਨ, ਪੰਜਾਬ ਕਿੰਗਜ਼ ਲਗਾਤਾਰ ਚੌਥਾ ਮੈਚ ਹਾਰ ਗਈ ਹੈ।

ਇਸ ਸੀਜ਼ਨ ਵਿੱਚ ਪੰਜਾਬ ਕਿੰਗਜ਼ ਲਈ ਫੀਲਡਿੰਗ ਇੱਕ ਵੱਡੀ ਕਮਜ਼ੋਰੀ ਰਹੀ ਹੈ, ਅਰਸ਼ਦੀਪ ਸਿੰਘ ਨੇ ਸੋਮਵਾਰ ਨੂੰ ਅਹਿਮ ਕੈਚ ਛੱਡਿਆ, ਜਿਸ ਵਿੱਚ ਅਕਸ਼ਰ ਪਟੇਲ ਦਾ ਇੱਕ ਕੈਚ ਵੀ ਸ਼ਾਮਲ ਹੈ।

ਪਰ ਮੁਹਿੰਮ ਦੇ ਦੂਜੇ ਅੱਧ ਵਿੱਚ ਗੇਂਦਬਾਜ਼ੀ ਨੇ ਉਨ੍ਹਾਂ ਦੇ ਪਤਨ ਵਿੱਚ ਬਰਾਬਰ ਯੋਗਦਾਨ ਪਾਇਆ ਹੈ। ਪੀਬੀਕੇਐਸ ਨੇ ਇਸ ਸੀਜ਼ਨ ਵਿੱਚ ਪ੍ਰਤੀ ਓਵਰ 10.41 ਦੌੜਾਂ ਦਿੱਤੀਆਂ ਹਨ, ਜੋ ਕਿ ਮੁੰਬਈ ਇੰਡੀਅਨਜ਼ (10.44) ਤੋਂ ਬਿਹਤਰ ਹਨ, ਜੋ ਐਤਵਾਰ ਨੂੰ ਟੂਰਨਾਮੈਂਟ ਤੋਂ ਬਾਹਰ ਹੋ ਗਏ ਸਨ।

ਮੈਚ ਤੋਂ ਬਾਅਦ ਦੀ ਪੇਸ਼ਕਾਰੀ ਦੌਰਾਨ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਦੇ ਚਿਹਰੇ 'ਤੇ ਨਿਰਾਸ਼ਾ ਅਤੇ ਨਿਰਾਸ਼ਾ ਸਾਫ਼ ਦਿਖਾਈ ਦੇ ਰਹੀ ਸੀ। ਅਈਅਰ ਨੇ ਪੰਜਾਬ ਦੇ ਮਾੜੇ ਗੇਂਦਬਾਜ਼ੀ ਪ੍ਰਦਰਸ਼ਨ 'ਤੇ ਵੀ ਖੁੱਲ੍ਹ ਕੇ ਗੱਲ ਕੀਤੀ।

ਅਈਅਰ ਨੇ ਕਿਹਾ, "ਮੈਂ ਹਮੇਸ਼ਾ ਕਹਿੰਦਾ ਹਾਂ ਕਿ ਹਾਰਡ ਲੈਂਥ - ਹਾਰਡ ਲੈਂਥ ਤੋਂ ਛੋਟਾ - ਸਭ ਤੋਂ ਵਧੀਆ ਗੇਂਦ ਹੈ, ਖਾਸ ਕਰਕੇ ਜਦੋਂ ਇੱਕ ਨਵਾਂ ਬੱਲੇਬਾਜ਼ ਆਉਂਦਾ ਹੈ। ਇਸਨੂੰ ਮਾਰਨਾ ਆਸਾਨ ਨਹੀਂ ਹੈ ਕਿਉਂਕਿ ਜੇਕਰ ਤੁਸੀਂ ਉਨ੍ਹਾਂ ਗੇਂਦਾਂ ਨੂੰ ਦੁਹਰਾਉਂਦੇ ਰਹਿੰਦੇ ਹੋ, ਤਾਂ ਘੱਟੋ-ਘੱਟ ਇੱਕ ਗੇਂਦ ਗਲਤ ਹਿੱਟ ਦਾ ਮੌਕਾ ਦਿੰਦੀ ਹੈ ਅਤੇ ਤੁਸੀਂ ਵਿਕਟ ਪ੍ਰਾਪਤ ਕਰ ਸਕਦੇ ਹੋ। ਸਾਡੇ ਕੋਲ ਪਲਾਨਿੰਗ ਦੀ ਕਮੀ ਸੀ।"

‘210 ਦੌੜਾਂ, ਇੱਕ ਚੰਗਾ ਸਕੋਰ ਸੀ’

8 ਮਈ 2025 ਨੂੰ ਧਰਮਸ਼ਾਲਾ ਦੇ ਕ੍ਰਿਕਟ ਸਟੇਡੀਅਮ ਵਿੱਚ ਹੋਏ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਦੇ ਮੈਚ ਦੌਰਾਨ ਇੱਕ ਮੁਟਿਆਰ।

ਤਸਵੀਰ ਸਰੋਤ, Surjeet Yadav/MB Media/Getty Images

ਤਸਵੀਰ ਕੈਪਸ਼ਨ, ਪਹਿਲੇ ਸਥਾਨ 'ਤੇ ਚੱਲ ਰਹੀ ਪੰਜਾਬ ਕਿੰਗਜ਼ ਹੁਣ ਅੰਕ ਸੂਚੀ ਵਿੱਚ ਲਗਾਤਾਰ ਚੌਥੇ ਸਥਾਨ 'ਤੇ ਬਣੀ ਹੋਈ ਹੈ।

ਕੀ 210 ਦਾ ਸਕੋਰ ਕਾਫੀ ਸੀ, ਇਸ ਸਵਾਲ ਦੇ ਜਵਾਬ ਵਿੱਚ ਸ਼੍ਰੇਅਸ ਅਈਅਰ ਨੇ ਕਿਹਾ, "ਬਿਲਕੁੱਲ, ਮੈਨੂੰ ਲਗਦਾ ਹੈ ਕਿ ਜਿਸ ਤਰੀਕੇ ਨਾਲ ਗੇਂਦ ਸੀਮ ਕਰ ਰਹੀ ਸੀ ਤੇ ਜਿਸ ਤਰੀਕੇ ਦਾ ਉਛਾਲ ਸੀ, ਸਕੋਰ ਤਾਂ 30 ਦੌੜਾਂ ਵੱਧ ਸੀ।"

ਯੁਜ਼ਵਿੰਦਰ ਚਹਿਲ ਤੋਂ ਗੇਂਦਬਾਜ਼ੀ ਨਾ ਕਰਵਾਉਣ ਬਾਰੇ ਸ਼੍ਰੇਅਸ ਕਹਿੰਦੇ, "ਮੇਰੇ ਦਿਮਾਗ ਵਿੱਚ ਬਿਲਕੁੱਲ ਇਹ ਚੱਲ ਰਿਹਾ ਸੀ। ਪਰ ਜਿਸ ਤਰੀਕੇ ਨਾਲ ਗੇਂਦ ਸੀਮ ਕਰ ਰਹੀ ਸੀ ਤੇ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲ ਰਹੀ ਸੀ, ਮੈਨੂੰ ਲੱਗਦਾ ਹੈ ਕਿ ਜੇ ਅਸੀਂ ਆਪਣੀ ਲਾਈਨ ਤੇ ਲੈਂਥ ਸਾਂਭੀ ਹੁੰਦੀ ਤਾਂ ਅਸੀਂ ਵਿਕਟ ਲੈ ਸਕਦੇ ਸੀ, ਜੋ ਫਿਰ ਨਹੀਂ ਹੋ ਸਕਿਆ।"

ਪੰਜਾਬ ਕਿੰਗਜ਼ ਦੀ ਗੇਂਦਬਾਜ਼ੀ 'ਤੇ ਸਵਾਲ

1 ਜੂਨ 2025 ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਮੈਚ ਦੌਰਾਨ ਪੰਜਾਬ ਕਿੰਗਜ਼ ਦੇ ਅਰਸ਼ਦੀਪ ਸਿੰਘ

ਤਸਵੀਰ ਸਰੋਤ, Pankaj Nangia/Getty Images

ਤਸਵੀਰ ਕੈਪਸ਼ਨ, ਪਲੇਅ-ਆਫ ਵਿੱਚ ਥਾਂ ਬਣਾਉਣ ਲਈ ਪੰਜਾਬ ਕਿੰਗਜ਼ ਨੂੰ ਰਹਿੰਦੇ ਤਿੰਨ ਮੈਚਾਂ ਵਿੱਚੋਂ ਦੋ ਜਿੱਤਣੇ ਪੈਣਗੇ।

ਭਾਰਤ ਦੇ ਸਾਬਕਾ ਬੱਲੇਬਾਜ਼ ਆਕਾਸ਼ ਚੋਪੜਾ ਨੇ ਫੇਸਬੁੱਕ 'ਤੇ ਵੀਡੀਓ ਸ਼ੇਅਰ ਕਰਦਿਆਂ ਪੰਜਾਬ ਦਾ ਹਾਰ ਦਾ ਵੱਡਾ ਕਾਰਨ ਗੇਂਦਬਾਜ਼ੀ ਨੂੰ ਦੱਸਿਆ। ਆਕਾਸ਼ ਚੋਪੜਾ ਨੇ ਕਿਹਾ ਪੰਜਾਬ ਕਿੰਗਜ਼ ਦੀ ਗੇਂਦਬਾਜ਼ੀ ਉੱਚ ਪੱਧਰ ਦੀ ਨਹੀਂ ਹੋ ਰਹੀ। ਆਕਾਸ਼ ਚੋਪੜਾ ਦਾ ਕਹਿਣਾ ਹੈ ਕਿ ਪੰਜਾਬ ਨੂੰ ਫੀਲਡਿੰਗ ਵਿੱਚ ਵੀ ਸੁਧਾਰ ਕਰਨ ਦੀ ਕਾਫ਼ੀ ਲੋੜ ਹੈ।

ਉਹ ਕਹਿੰਦੇ ਹਨ ਕਿ ਪੰਜਾਬ ਕਿੰਗਜ਼ ਨੇ ਆਪਣੇ ਪਹਿਲੇ 6 ਮੈਚਾਂ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ ਸੀ, ਯਾਨੀ ਕਿ ਉਹ ਚੇਜ਼ ਕਰਨ ਵਿੱਚ ਕਾਮਯਾਬ ਰਹੇ। ਇੱਕ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 250 ਤੋਂ ਵੱਧ ਦਾ ਸਕੋਰ ਬਣਾ ਦਿੱਤਾ ਸੀ। ਜਦਕਿ ਪਿਛਲੇ 4 ਮੈਚਾਂ ਵਿੱਚੋਂ ਕੇਵਲ ਇੱਕ ਵਿੱਚ ਹੀ ਚੇਜ਼ ਕੀਤਾ ਤੇ ਬਾਕੀ ਵਿੱਚ ਪਹਿਲਾਂ ਬੱਲੇਬਾਜ਼ੀ ਹੀ ਕਰਨ ਨੂੰ ਮਿਲੀ।

ਆਕਾਸ਼ ਚੋਪੜਾ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਪੰਜਾਬ ਨੇ ਜਿੱਤਣਾ ਹੈ ਤਾਂ ਉਸ ਨੂੰ ਆਉਣ ਵਾਲੇ ਮੈਚਾਂ ਵਿੱਚ ਟਾਸ ਵੀ ਜਿੱਤਣੀ ਪਵੇਗੀ ਕਿਉਂ ਕਿ ਪੰਜਾਬ ਚੇਜ਼ ਹੀ ਚੰਗੀ ਤਰ੍ਹਾਂ ਕਰ ਸਕਦੀ ਹੈ।

ਕੀ ਪੰਜਾਬ ਕਿੰਗਜ਼ ਪਲੇਅ-ਆਫ਼ ਵਿੱਚ ਹੁਣ ਵੀ ਥਾਂ ਬਣਾ ਸਕਦੀ?

18 ਮਈ 2025 ਨੂੰ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਦੇ ਮੈਚ ਦੌਰਾਨ ਪੰਜਾਬ ਕਿੰਗਜ਼ ਦੀ ਸਹਿ-ਮਾਲਕ ਪ੍ਰੀਟੀ ਜ਼ਿੰਟਾ।

ਤਸਵੀਰ ਸਰੋਤ, Pankaj Nangia/Getty Images

ਤਸਵੀਰ ਕੈਪਸ਼ਨ, ਪੰਜਾਬ ਨੇ 14 ਮਈ ਨੂੰ ਮੁੰਬਈ ਇੰਡੀਅਨਜ਼ ਨਾਲ ਅਤੇ 17 ਮਈ ਰਾਇਲ ਚੈਲੰਜਰਸ ਬੈਂਗਲੁਰੂ ਨਾਲ ਖੇਡਣਾ ਹੈ। ਤੀਜਾ ਮੁਕਾਬਲਾ 23 ਮਈ ਨੂੰ ਲਖਨਊ ਨਾਲ ਉਸਦੇ ਘਰੇਲੂ ਮੈਦਾਨ 'ਤੇ ਖੇਡਣਾ ਹੈ।

ਪੰਜਾਬ ਕਿੰਗਜ਼ ਲਗਾਤਾਰ ਚਾਰ ਮੁਕਾਬਲੇ ਹਾਰਨ ਤੋਂ ਬਾਅਦ ਵੀ ਅੰਕ ਸੂਚੀ ਵਿੱਚ ਚੌਥੇ ਨੰਬਰ ਉੱਤੇ ਬਣੀ ਹੋਈ ਹੈ। ਪੰਜਾਬ ਕਿੰਗਜ਼ ਕਈ ਦਿਨਾਂ ਤੋਂ ਨੰਬਰ ਇੱਕ 'ਤੇ ਬਣੀ ਹੋਈ ਸੀ ਤੇ ਲਗਾਤਾਰ ਛੇ ਮੈਚ ਜਿੱਤ ਕੇ ਰਿਕਾਰਡ ਕਾਇਮ ਵੀ ਕੀਤਾ ਸੀ। ਪਰ ਹੁਣ 11 ਮੈਚਾਂ ਵਿੱਚ ਪੰਜਾਬ ਦੇ 13 ਅੰਕ ਹਨ। ਪੰਜਾਬ ਨੂੰ ਹੁਣ ਪਲੇਅ-ਆਫ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਲਈ ਆਪਣੇ ਬਾਕੀ ਰਹਿੰਦੇ ਤਿੰਨ ਮੈਚਾਂ ਵਿੱਚੋਂ ਦੋ ਮੈਚ ਹਰ ਹਾਲ ਵਿੱਚ ਜਿੱਤਣੇ ਹੋਣਗੇ।

ਪੰਜਾਬ ਕਿੰਗਜ਼ ਲਈ ਅੱਗੇ ਦੀ ਰਾਹ ਆਸਾਨ ਨਹੀਂ ਰਹਿਣ ਵਾਲੀ ਹੈ। ਕਿਉਂ ਕਿ ਧਰਮਸ਼ਾਲਾ ਵਿੱਚ ਪੰਜਾਬ ਨੇ 14 ਮਈ ਨੂੰ ਮੁੰਬਈ ਇੰਡੀਅਨਜ਼ ਨਾਲ ਅਤੇ 17 ਮਈ ਰਾਇਲ ਚੈਲੰਜਰਸ ਬੈਂਗਲੁਰੂ ਨਾਲ ਖੇਡਣਾ ਹੈ। ਜਦਕਿ ਤੀਜਾ ਮੁਕਾਬਲਾ 23 ਮਈ ਨੂੰ ਲਖਨਊ ਨਾਲ ਉਸਦੇ ਘਰੇਲੂ ਮੈਦਾਨ 'ਤੇ ਖੇਡਣਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)