ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਨਾ ਨਾ ਖਰੀਦਣ ਅਤੇ ਖਾਣ ਵਾਲੇ ਤੇਲ ਦੀ ਘੱਟ ਵਰਤੋਂ ਕਰਨ ਦੀ ਅਪੀਲ ਕਿਉਂ ਕੀਤੀ?

ਤਸਵੀਰ ਸਰੋਤ, ANI
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਿਕੰਦਰਾਬਾਦ ਵਿੱਚ ਇੱਕ ਪ੍ਰੋਗਰਾਮ ਦੌਰਾਨ ਬੋਲਦੇ ਹੋਏ ਲੋਕਾਂ ਨੂੰ ਵਿਦੇਸ਼ੀ ਮੁਦਰਾ ਬਚਾਉਣ ਦੀ ਅਪੀਲ ਕੀਤੀ। ਇਸਦੇ ਲਈ ਉਨ੍ਹਾਂ ਨੇ ਕਈ ਤਰੀਕੇ ਵੀ ਦੱਸੇ ਹਨ।
ਪੀਐਮ ਮੋਦੀ ਨੇ ਇਸ ਦੌਰਾਨ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਅਤੇ ਖਾਣ ਵਾਲੇ ਤੇਲ ਦੀ ਘੱਟ ਵਰਤੋਂ ਕਰਨ ਦੀ ਅਪੀਲ ਕੀਤੀ।
ਕਾਂਗਰਸ ਨੇ ਪੀਐਮ ਮੋਦੀ ਦੇ ਇਸ ਬਿਆਨ ਦੀ ਨਿੰਦਾ ਕੀਤੀ ਹੈ।
ਕਾਂਗਰਸ ਦਾ ਕਹਿਣਾ ਹੈ ਕਿ ਪੀਐਮ ਮੋਦੀ ਅਰਥਵਿਵਸਥਾ ਨੂੰ ਬਚਾਉਣ ਲਈ ਐਮਰਜੈਂਸੀ ਕਦਮ ਚੁੱਕਣ ਦੀ ਬਜਾਏ ਜਨਤਾ ਨੂੰ ਹੀ ਮੁਸ਼ਕਲ ਵਿੱਚ ਪਾ ਰਹੇ ਹਨ।
ਪੀਐਮ ਮੋਦੀ ਨੇ ਰੈਲੀ ਵਿੱਚ ਕਿਹਾ, "ਸਪਲਾਈ ਚੇਨ ਦੀਆਂ ਇਨ੍ਹਾਂ ਮੁਸ਼ਕਲਾਂ ਵਿਚਕਾਰ ਪਿਛਲੇ ਦੋ ਮਹੀਨਿਆਂ ਤੋਂ ਹੀ ਸਾਡੇ ਗੁਆਂਢ ਵਿੱਚ ਇੰਨਾ ਵੱਡਾ ਯੁੱਧ ਚੱਲ ਰਿਹਾ ਹੈ। ਇਸਦਾ ਅਸਰ ਪੂਰੀ ਦੁਨੀਆ 'ਤੇ ਪਿਆ ਹੈ ਅਤੇ ਭਾਰਤ 'ਤੇ ਤਾਂ ਹੋਰ ਵੀ ਗੰਭੀਰ ਅਸਰ ਪਿਆ ਹੈ।"
"ਭਾਰਤ ਕੋਲ ਵੱਡੇ-ਵੱਡੇ ਤੇਲ ਦੇ ਖੂਹ ਨਹੀਂ ਹਨ। ਸਾਨੂੰ ਆਪਣੀ ਜ਼ਰੂਰਤ ਦਾ ਪੈਟਰੋਲ-ਡੀਜ਼ਲ-ਗੈਸ, ਇਹ ਸਭ ਬਹੁਤ ਵੱਡੀ ਮਾਤਰਾ ਵਿੱਚ ਦੁਨੀਆ ਦੇ ਹੋਰ ਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਹੈ। ਯੁੱਧ ਕਾਰਨ ਪੂਰੀ ਦੁਨੀਆ ਵਿੱਚ ਪੈਟਰੋਲ, ਡੀਜ਼ਲ, ਗੈਸ ਅਤੇ ਖਾਦ (ਫਰਟੀਲਾਈਜ਼ਰ) ਦੀਆਂ ਕੀਮਤਾਂ ਬਹੁਤ ਵਧ ਚੁੱਕੀਆਂ ਹਨ। ਅਸਮਾਨ ਤੋਂ ਵੀ ਪਾਰ ਕਰ ਗਈਆਂ ਹਨ। ਗੁਆਂਢੀ ਦੇਸ਼ਾਂ ਵਿੱਚ ਕੀ ਹਾਲਾਤ ਹਨ, ਉਹ ਤਾਂ ਅਖ਼ਬਾਰਾਂ ਵਿੱਚ ਆਉਂਦਾ ਹੀ ਹੈ।"
ਪੀਐਮ ਮੋਦੀ ਨੇ ਕਿਹਾ, "ਭਾਰਤ ਸਰਕਾਰ ਇਸ ਯੁੱਧ ਦੇ ਪਿਛਲੇ ਦੋ ਮਹੀਨਿਆਂ ਤੋਂ ਦੇਸ਼ਵਾਸੀਆਂ ਨੂੰ ਇਸ ਸੰਕਟ ਤੋਂ ਬਚਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਨਾਗਰਿਕਾਂ 'ਤੇ ਬੋਝ ਨਾ ਪਵੇ, ਇਸ ਲਈ ਸਰਕਾਰ ਸਾਰਾ ਬੋਝ ਆਪਣੇ ਮੋਢੇ 'ਤੇ ਚੁੱਕ ਰਹੀ ਹੈ।"
ਸੋਨਾ ਖਰੀਦਣ ਅਤੇ ਖਾਣ ਵਾਲੇ ਤੇਲ ਦੀ ਵਰਤੋਂ ਬਾਰੇ ਕੀ ਕਿਹਾ?

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪਲਾਈ ਚੇਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ "ਜੇ ਸਪਲਾਈ ਚੇਨ 'ਤੇ ਲਗਾਤਾਰ ਸੰਕਟ ਬਣਿਆ ਰਹੇ ਤਾਂ ਅਸੀਂ ਕਿੰਨੇ ਵੀ ਉਪਾਅ ਕਰ ਲਈਏ, ਮੁਸ਼ਕਲਾਂ ਵਧਦੀਆਂ ਹੀ ਜਾਂਦੀਆਂ ਹਨ। ਇਸ ਲਈ ਹੁਣ ਦੇਸ਼ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਦੇ ਹੋਏ, ਸਾਨੂੰ ਇਕੱਠੇ ਹੋਕੇ ਲੜਨਾ ਪਵੇਗਾ। ਦੇਸ਼ ਲਈ ਮਰਨਾ ਹੀ ਦੇਸ਼ਭਗਤੀ ਨਹੀਂ ਹੁੰਦੀ, ਦੇਸ਼ ਲਈ ਜੀਣਾ ਅਤੇ ਦੇਸ਼ ਲਈ ਆਪਣੇ ਫਰਜ਼ ਨਿਭਾਉਣਾ ਵੀ ਦੇਸ਼ਭਗਤੀ ਹੁੰਦੀ ਹੈ।"
"ਇਸੇ ਤਰ੍ਹਾਂ ਖਾਣ ਵਾਲੇ ਤੇਲ ਦੀ ਵੀ ਗੱਲ ਹੈ। ਇਸਦੀ ਦਰਾਮਦ (ਆਯਾਤ) ਲਈ ਵੀ ਬਹੁਤ ਵੱਡੀ ਮਾਤਰਾ ਵਿੱਚ ਵਿਦੇਸ਼ੀ ਮੁਦਰਾ ਖਰਚ ਕਰਨੀ ਪੈਂਦੀ ਹੈ। ਹਰ ਖਾਣੇ ਵਿੱਚ ਤੇਲ ਦੀ ਵਰਤੋਂ ਵਿੱਚ ਕੁਝ ਕਮੀ ਕਰੀਏ ਤਾਂ ਉਹ ਵੀ ਦੇਸ਼ਭਗਤੀ ਦਾ ਕੰਮ ਹੈ। ਇਸ ਨਾਲ ਦੇਸ਼ ਸੇਵਾ ਵੀ ਹੋਵੇਗੀ ਅਤੇ ਦੇਹ ਸੇਵਾ ਵੀ ਹੋਵੇਗੀ। ਇਸ ਨਾਲ ਦੇਸ਼ ਦੇ ਖਜ਼ਾਨੇ ਦੀ ਸਿਹਤ ਵੀ ਸੁਧਰੇਗੀ ਅਤੇ ਪਰਿਵਾਰ ਦੇ ਲੋਕਾਂ ਦੀ ਸਿਹਤ ਵੀ ਸੁਧਰੇਗੀ।"
ਪ੍ਰਧਾਨ ਮੰਤਰੀ ਮੋਦੀ ਨੇ ਵਿਦੇਸ਼ੀ ਮੁਦਰਾ ਬਚਾਉਣ ਬਾਰੇ ਕਿਹਾ ਕਿ ਜੋ ਵੀ ਰਸਤੇ ਅਸੀਂ ਅਪਣਾ ਸਕਦੇ ਹਾਂ, ਉਹ ਅਪਣਾਉਣੇ ਪੈਣਗੇ।
ਉਨ੍ਹਾਂ ਕਿਹਾ, "ਸੋਨੇ ਦੀ ਖਰੀਦ ਇੱਕ ਹੋਰ ਪਹਿਲੂ ਹੈ ਜਿਸ ਵਿੱਚ ਵਿਦੇਸ਼ੀ ਮੁਦਰਾ ਬਹੁਤ ਖਰਚ ਹੁੰਦੀ ਹੈ। ਇੱਕ ਸਮਾਂ ਸੀ ਜਦੋਂ ਸੰਕਟ ਆਉਂਦਾ ਸੀ ਤਾਂ ਲੋਕ ਦੇਸ਼ ਹਿੱਤ ਵਿੱਚ ਸੋਨਾ ਦਾਨ ਦੇ ਦਿੰਦੇ ਸਨ। ਅੱਜ ਦਾਨ ਦੀ ਲੋੜ ਨਹੀਂ ਹੈ, ਪਰ ਦੇਸ਼ ਹਿੱਤ ਵਿੱਚ ਸਾਨੂੰ ਇਹ ਤੈਅ ਕਰਨਾ ਪਵੇਗਾ ਕਿ ਇੱਕ ਸਾਲ ਤੱਕ ਘਰ ਵਿੱਚ ਕੋਈ ਪ੍ਰੋਗਰਾਮ ਹੋਵੇ, ਅਸੀਂ ਸੋਨੇ ਦੇ ਗਹਿਣੇ ਨਹੀਂ ਖਰੀਦਾਂਗੇ।"
"ਸੋਨਾ ਨਹੀਂ ਖਰੀਦਾਂਗੇ। ਵਿਦੇਸ਼ੀ ਮੁਦਰਾ ਬਚਾਉਣ ਲਈ ਸਾਡੀ ਦੇਸ਼ਭਗਤੀ ਸਾਨੂੰ ਚੁਣੌਤੀ ਦੇ ਰਹੀ ਹੈ ਅਤੇ ਸਾਨੂੰ ਇਸਨੂੰ ਸਵੀਕਾਰ ਕਰਕੇ ਵਿਦੇਸ਼ੀ ਮੁਦਰਾ ਬਚਾਉਣੀ ਹੋਵੇਗੀ।"

ਕਾਂਗਰਸ ਨੇ ਕੀ ਕਿਹਾ
ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਹੈ ਕਿ ਈਰਾਨ-ਅਮਰੀਕਾ ਯੁੱਧ ਨੂੰ ਤਿੰਨ ਮਹੀਨੇ ਬੀਤ ਚੁੱਕੇ ਹਨ, ਪਰ ਪੀਐਮ ਮੋਦੀ ਨੂੰ ਅਜੇ ਵੀ ਇਹ ਸਮਝ ਨਹੀਂ ਆ ਰਿਹਾ ਕਿ ਭਾਰਤ ਦੀ ਊਰਜਾ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾਵੇ।
ਵੇਣੂਗੋਪਾਲ ਨੇ ਐਕਸ 'ਤੇ ਲਿਖਿਆ, "ਇਹ ਬਹੁਤ ਸ਼ਰਮਨਾਕ, ਗੈਰ-ਜ਼ਿੰਮੇਵਾਰੀ ਭਰਿਆ ਅਤੇ ਪੂਰੀ ਤਰ੍ਹਾਂ ਅਨੈਤਿਕ ਹੈ ਕਿ ਪੀਐਮ ਇਸ ਗਲੋਬਲ ਸੰਕਟ ਤੋਂ ਸਾਡੀ ਅਰਥਵਿਵਸਥਾ ਨੂੰ ਬਚਾਉਣ ਲਈ ਕੋਈ ਐਮਰਜੈਂਸੀ ਯੋਜਨਾ ਬਣਾਉਣ ਦੀ ਬਜਾਏ ਆਮ ਨਾਗਰਿਕਾਂ ਨੂੰ ਹੀ ਮੁਸ਼ਕਲ ਵਿੱਚ ਪਾ ਰਹੇ ਹਨ।"
ਉਨ੍ਹਾਂ ਕਿਹਾ, "ਜਦੋਂ ਚੋਣਾਂ ਅਤੇ ਛੋਟੀ ਸੋਚ ਵਾਲੀ ਸਿਆਸਤ ਹੀ ਪੀਐਮ ਦੀ ਇੱਕੋ-ਇੱਕ ਤਰਜੀਹ ਬਣ ਜਾਂਦੀ ਹੈ, ਤਾਂ ਇਸਦਾ ਆਖ਼ਰੀ ਨਤੀਜਾ ਇੱਕ ਆਉਣ ਵਾਲੀ ਆਰਥਿਕ ਤਬਾਹੀ ਹੀ ਹੁੰਦਾ ਹੈ।"
"ਪੀਐਮ ਅਤੇ ਉਨ੍ਹਾਂ ਦੀ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਇੰਤਜ਼ਾਮ ਕਰਨੇ ਚਾਹੀਦੇ ਹਨ ਕਿ ਸਾਡੇ ਕੋਲ ਇੰਧਨ ਦਾ ਲੋੜੀਂਦਾ ਭੰਡਾਰ ਹੋਵੇ ਅਤੇ ਉਨ੍ਹਾਂ ਦੀ ਖਰਾਬ ਯੋਜਨਾਬੰਦੀ ਕਾਰਨ ਕਿਸੇ ਵੀ ਨਾਗਰਿਕ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।"
ਸੋਨੇ ਦੀ ਕੀਮਤ ਕਿਉਂ ਵਧ ਰਹੀ ਹੈ
ਈਰਾਨ ਨਾਲ ਅਮਰੀਕਾ ਅਤੇ ਇਜ਼ਰਾਈਲ ਦੀ ਜੰਗ ਦੇ ਵਿਚਕਾਰ, ਸ਼ੇਅਰ ਬਾਜ਼ਾਰ ਤੋਂ ਲੈਕੇ ਕੱਚੇ ਤੇਲ, ਸੋਨੇ-ਚਾਂਦੀ ਅਤੇ ਰੁਪਏ ਤੱਕ ਹਰ ਚੀਜ਼ ਵਿੱਚ ਭਾਰੀ ਅਸਥਿਰਤਾ ਦੇਖੀ ਜਾ ਰਹੀ ਹੈ।
ਸੋਨੇ ਦੀ ਇਤਿਹਾਸਿਕ ਤੇਜ਼ੀ 2025 ਵਿੱਚ ਹੀ ਦੇਖਣ ਨੂੰ ਮਿਲ ਗਈ ਸੀ, ਜਦੋਂ ਸੋਨੇ ਦੀਆਂ ਕੀਮਤਾਂ ਵਿੱਚ 60 ਫ਼ੀਸਦੀ ਤੋਂ ਵੱਧ ਦਾ ਉਛਾਲ ਆਇਆ ਸੀ।
ਸੋਨੇ ਦੀ ਤੇਜ਼ੀ ਦੇ ਪਿੱਛੇ ਭਾਵੇਂ ਕਈ ਕਾਰਨ ਹਨ, ਪਰ ਉਹ ਸਾਰੇ ਇੱਕ-ਦੂਜੇ ਨਾਲ ਜੁੜੇ ਹੋਏ ਹਨ।

ਤਸਵੀਰ ਸਰੋਤ, Getty Images
ਅਮਰੀਕਾ-ਇਜ਼ਰਾਈਲ ਅਤੇ ਈਰਾਨ ਯੁੱਧ ਕਾਰਨ ਭੂ-ਰਾਜਨੀਤਿਕ ਤਣਾਅ ਦੇ ਨਾਲ ਦੁਨੀਆ ਵਿੱਚ ਅਸਥਿਰਤਾ ਵਧ ਰਹੀ ਹੈ, ਅਜਿਹੇ ਸਮੇਂ ਵਿੱਚ ਨਿਵੇਸ਼ਕ ਜੋਖਮ ਲੈਣ ਦੀ ਬਜਾਏ ਰਿਵਾਇਤੀ ਜਾਇਦਾਦਾਂ ਵਿੱਚ ਨਿਵੇਸ਼ ਕਰ ਰਹੇ ਹਨ। ਜਿਓਪੋਲਿਟਿਕਲ ਟੈਂਸ਼ਨ ਕਾਰਨ ਹੀ ਡਾਲਰ ਦੀ ਵਰਤੋਂ ਵੀ ਘਟ ਰਹੀ ਹੈ ਅਤੇ ਸੋਨੇ 'ਤੇ ਨਿਰਭਰਤਾ ਵਧਾਈ ਜਾ ਰਹੀ ਹੈ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਨੀਤੀਆਂ ਕਾਰਨ ਸ਼ੇਅਰ ਬਾਜ਼ਾਰ ਨੂੰ ਕਈ ਝਟਕੇ ਲੱਗੇ ਹਨ। ਇਸ ਕਾਰਨ ਨਿਵੇਸ਼ਕ ਹੁਣ ਸੋਨੇ-ਚਾਂਦੀ ਵਰਗੀਆਂ ਕੀਮਤੀ ਧਾਤਾਂ ਵਿੱਚ ਨਿਵੇਸ਼ ਕਰ ਰਹੇ ਹਨ। ਹਾਲ ਹੀ ਵਿੱਚ ਜਿਓਪੋਲਿਟਿਕਲ ਟੈਂਸ਼ਨ ਕਾਰਨ ਸੋਨੇ ਦੀਆਂ ਕੀਮਤਾਂ ਵਧੀਆਂ ਹਨ।
ਅਮਰੀਕਾ ਨੇ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਫੜ ਲਿਆ, ਇਸ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਧ ਗਈਆਂ। ਟਰੰਪ ਨੇ ਗ੍ਰੀਨਲੈਂਡ ਨੂੰ ਆਪਣੇ ਅਧੀਨ ਕਰਨ ਦੀ ਗੱਲ ਵੀ ਚੁੱਕੀ।
ਸੋਨੇ ਦੀ ਤੇਜ਼ੀ ਦੇ ਪਿੱਛੇ ਕੇਂਦਰੀ ਬੈਂਕਾਂ ਦੀ ਭਾਰੀ ਖਰੀਦਦਾਰੀ ਵਾਕਈ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਹੈ। ਸਾਲ 2022 ਤੋਂ ਲਗਾਤਾਰ ਇਹ ਰੁਝਾਨ ਮਜ਼ਬੂਤ ਹੋਇਆ ਹੈ, 2025 ਵਿੱਚ ਇਹ ਹੋਰ ਤੇਜ਼ ਹੋ ਗਿਆ, ਜਿਸ ਨਾਲ ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ।
ਕੇਂਦਰੀ ਬੈਂਕ (ਜਿਵੇਂ ਚੀਨ, ਪੋਲੈਂਡ, ਤੁਰਕੀ, ਭਾਰਤ, ਕਜ਼ਾਕਿਸਤਾਨ ਆਦਿ) ਸੋਨੇ ਨੂੰ ਰਿਜ਼ਰਵ ਐਸੈਟ ਵਜੋਂ ਵਧਾ ਰਹੇ ਹਨ। ਇਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਅਮਰੀਕੀ ਡਾਲਰ ਦਾ ਦਬਦਬਾ ਘਟ ਰਿਹਾ ਹੈ।
ਇਸਦਾ ਅਸਰ ਵੀ ਸੋਨੇ ਦੀਆਂ ਕੀਮਤਾਂ 'ਤੇ ਪਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































