ਕੀ ਇਹ ਸੱਚ ਹੈ ਕਿ ਆਲੂ ਖਾਣ ਨਾਲ ਗੈਸ ਦੀ ਸਮੱਸਿਆ ਵਧ ਸਕਦੀ ਹੈ? ਪੇਟ ਨਾਲ ਜੁੜੀਆਂ ਬੇਆਰਾਮੀਆਂ ਤੋਂ ਕਿਵੇਂ ਬਚਿਆ ਜਾਵੇ?

ਤਸਵੀਰ ਸਰੋਤ, Getty Images
- ਲੇਖਕ, ਕੇ. ਸੁਬਾਗੁਨਮ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਆਲੂ ਖਾਣ ਤੋਂ ਬਾਅਦ ਪੇਟ ਫੁੱਲਣਾ, ਪੇਟ ਵਿੱਚ ਬੇਆਰਾਮੀ ਮਹਿਸੂਸ ਹੋਣਾ ਜਾਂ ਵੱਧ ਗੈਸ ਬਣਨ ਦਾ ਕਾਰਨ ਆਲੂ ਹੁੰਦੇ ਹਨ।
ਆਲੂ ਦੁਨੀਆ ਭਰ ਵਿੱਚ ਸਭ ਤੋਂ ਵੱਧ ਖਾਧੇ ਜਾਣ ਵਾਲੇ ਖਾਣਿਆਂ ਵਿੱਚੋਂ ਇੱਕ ਹਨ। ਕੁਝ ਲੋਕ ਕਹਿੰਦੇ ਹਨ ਕਿ ਮੈਸ਼ ਕੀਤੇ ਹੋਏ ਆਲੂ, ਫਰੈਂਚ ਫਰਾਈਜ਼ ਜਾਂ ਆਲੂ ਦੇ ਚਿਪਸ ਜ਼ਿਆਦਾ ਮਾਤਰਾ ਵਿੱਚ ਖਾਣ ਤੋਂ ਬਾਅਦ ਉਨ੍ਹਾਂ ਦਾ ਪੇਟ ਅਸਧਾਰਨ ਤੌਰ 'ਤੇ ਫੁੱਲਿਆ ਹੋਇਆ ਮਹਿਸੂਸ ਹੁੰਦਾ ਹੈ। ਪਰ ਕੀ ਆਲੂ ਸੱਚਮੁੱਚ ਗੈਸ ਨਾਲ ਜੁੜੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ?
ਸੀਨੀਅਰ ਗੈਸਟ੍ਰੋਐਂਟਰੋਲੋਜਿਸਟ ਡਾ. ਅਰੁਲ ਪ੍ਰਕਾਸ਼ ਦੇ ਮੁਤਾਬਕ, ਇਸ ਦਾ ਜਵਾਬ ਸਿੱਧਾ ਹਾਂ ਜਾਂ ਨਾ ਵਿੱਚ ਨਹੀਂ ਦਿੱਤਾ ਜਾ ਸਕਦਾ।
ਉਹ ਕਹਿੰਦੇ ਹਨ, "ਜ਼ਿਆਦਾਤਰ ਲੋਕਾਂ ਲਈ ਇਕੱਲੇ ਆਲੂ ਗੈਸ ਦਾ ਕਾਰਨ ਨਹੀਂ ਬਣਦੇ। ਹਾਲਾਂਕਿ, ਜ਼ਿਆਦਾ ਆਲੂ ਖਾਣ ਨਾਲ ਕਈ ਵਾਰ ਪੇਟ ਫੁੱਲਣਾ, ਪੇਟ ਭਰਿਆ-ਭਰਿਆ ਮਹਿਸੂਸ ਹੋਣਾ ਜਾਂ ਆਂਦਰਾਂ ਵਿੱਚ ਗੈਸ ਬਣ ਸਕਦੀ ਹੈ। ਇਹ ਕੁਝ ਖ਼ਾਸ ਹਾਲਾਤਾਂ ਵਿੱਚ ਹੋ ਸਕਦਾ ਹੈ ਅਤੇ ਇਸ ਦੇ ਅਸਰ ਵਿਅਕਤੀ ਤੋਂ ਵਿਅਕਤੀ ਵੱਖਰੇ ਹੋ ਸਕਦੇ ਹਨ।"
ਮਾਹਰਾਂ ਦਾ ਕਹਿਣਾ ਹੈ ਕਿ ਆਲੂ ਇਸ ਪੂਰੀ ਤਸਵੀਰ ਦਾ ਸਿਰਫ਼ ਇੱਕ ਹਿੱਸਾ ਹਨ।
ਹੋਰ ਕਾਰਕ, ਜਿਵੇਂ ਕਿ ਆਲੂ ਕਿਸ ਤਰੀਕੇ ਨਾਲ ਪਕਾਏ ਗਏ ਹਨ, ਕਿੰਨੀ ਮਾਤਰਾ ਵਿੱਚ ਖਾਧੇ ਗਏ ਹਨ, ਕਿਸੇ ਵਿਅਕਤੀ ਦੀ ਪਾਚਨ ਸਿਹਤ ਅਤੇ ਸਰੀਰ ਵੱਲੋਂ ਕੁਝ ਕਿਸਮ ਦੇ ਕਾਰਬੋਹਾਈਡ੍ਰੇਟਾਂ ਨੂੰ ਕਿਵੇਂ ਪ੍ਰੋਸੈਸ ਕੀਤਾ ਜਾਂਦਾ ਹੈ, ਵੀ ਇਸ ਵਿੱਚ ਭੂਮਿਕਾ ਨਿਭਾ ਸਕਦੇ ਹਨ।
ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਡਾਇਬਟੀਜ਼ ਐਂਡ ਡਾਈਜੈਸਟਿਵ ਐਂਡ ਕਿਡਨੀ ਡਿਜ਼ੀਸ (ਐੱਨਆਈਡੀਡੀਕੇ) ਮੁਤਾਬਕ, ਗੈਸ ਉਦੋਂ ਬਣਦੀ ਹੈ ਜਦੋਂ ਵੱਡੀ ਆਂਦਰ ਵਿੱਚ ਮੌਜੂਦ ਬੈਕਟੀਰੀਆ ਉਨ੍ਹਾਂ ਕਾਰਬੋਹਾਈਡ੍ਰੇਟਾਂ ਨੂੰ ਤੋੜਦੇ ਹਨ ਜੋ ਛੋਟੀ ਆਂਦਰ ਵਿੱਚ ਪੂਰੀ ਤਰ੍ਹਾਂ ਹਜ਼ਮ ਨਹੀਂ ਹੁੰਦੇ।
ਇਸ ਪ੍ਰਕਿਰਿਆ ਦੌਰਾਨ ਹਾਈਡ੍ਰੋਜਨ, ਮੀਥੇਨ ਅਤੇ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਪੈਦਾ ਹੁੰਦੀਆਂ ਹਨ। ਜਦੋਂ ਇਹ ਖਮੀਰੀਕਰਨ (ਫਰਮੈਂਟੇਸ਼ਨ) ਵੱਧ ਜਾਂਦਾ ਹੈ, ਤਾਂ ਇਸ ਕਾਰਨ ਪੇਟ ਫੁੱਲਣਾ, ਪੇਟ ਵਿੱਚ ਬੇਆਰਾਮੀ ਅਤੇ ਵੱਧ ਗੈਸ ਬਣਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
'ਸਿਰਫ਼ ਆਲੂ ਹੀ ਕਾਰਨ ਨਹੀਂ ਹਨ'

ਤਸਵੀਰ ਸਰੋਤ, Getty Images
ਆਲੂ ਮੁੱਖ ਤੌਰ 'ਤੇ ਸਟਾਰਚ ਤੋਂ ਬਣੇ ਹੁੰਦੇ ਹਨ। ਇਸ ਸਟਾਰਚ ਦਾ ਜ਼ਿਆਦਾਤਰ ਹਿੱਸਾ ਛੋਟੀ ਆਂਦਰ ਵਿੱਚ ਟੁੱਟ ਕੇ ਜਜ਼ਬ ਹੋ ਜਾਂਦਾ ਹੈ। ਹਾਲਾਂਕਿ, ਇਸ ਦੀ ਥੋੜ੍ਹੀ ਮਾਤਰਾ ਹਜ਼ਮ ਹੋਣ ਤੋਂ ਬਚ ਕੇ ਵੱਡੀ ਆਂਦਰ ਤੱਕ ਪਹੁੰਚ ਸਕਦੀ ਹੈ, ਜਿੱਥੇ ਆਂਦਰਾਂ ਦੇ ਬੈਕਟੀਰੀਆ ਇਸ ਦਾ ਖਮੀਰੀਕਰਨ ਕਰਦੇ ਹਨ।
ਜਰਨਲ 'ਨਿਊਟ੍ਰਿਸ਼ਨ ਐਂਡ ਗੈਸਟ੍ਰੋਐਂਟਰੋਲੋਜੀ' ਵਿੱਚ ਪ੍ਰਕਾਸ਼ਿਤ ਖੋਜ ਵਿੱਚ ਪਾਇਆ ਗਿਆ ਕਿ ਰੋਧਕ ਸਟਾਰਚ (ਰੈਜ਼ਿਸਟੈਂਟ ਸਟਾਰਚ) ਇੱਕ ਪ੍ਰੀਬਾਇਓਟਿਕ ਵਜੋਂ ਕੰਮ ਕਰਦਾ ਹੈ, ਜੋ ਆਂਦਰਾਂ ਵਿੱਚ ਮੌਜੂਦ ਲਾਭਦਾਇਕ ਬੈਕਟੀਰੀਆ ਲਈ ਖੁਰਾਕ ਮੁਹੱਈਆ ਕਰਦਾ ਹੈ।
ਆਮ ਤੌਰ 'ਤੇ ਇਸ ਨੂੰ ਲੰਬੇ ਸਮੇਂ ਦੀ ਆਂਦਰਾਂ ਦੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਹਾਲਾਂਕਿ, ਖਮੀਰਕਰਨ ਦੀ ਇਸ ਪ੍ਰਕਿਰਿਆ ਕਾਰਨ ਕੁਝ ਲੋਕਾਂ ਵਿੱਚ ਅਸਥਾਈ ਤੌਰ 'ਤੇ ਗੈਸ ਦਾ ਉਤਪਾਦਨ ਵਧ ਸਕਦਾ ਹੈ।
ਡਾ. ਅਰੁਲ ਪ੍ਰਕਾਸ਼ ਦਾ ਕਹਿਣਾ ਹੈ ਕਿ ਪੇਟ ਫੁੱਲਣ ਅਤੇ ਗੈਸ ਨਾਲ ਜੁੜੇ ਇਕੱਲੇ ਆਲੂ ਹੀ ਨਹੀਂ ਹਨ। ਉਹ ਕਹਿੰਦੇ ਹਨ, "ਦੁਨੀਆ ਦੇ ਕਈ ਹਿੱਸਿਆਂ ਵਿੱਚ ਆਲੂ ਇੱਕ ਮੁੱਖ ਖੁਰਾਕ ਹਨ। ਆਲੂਆਂ ਵਾਂਗ ਕਾਰਬੋਹਾਈਡ੍ਰੇਟਾਂ ਨਾਲ ਭਰਪੂਰ ਹੋਰ ਖੁਰਾਕਾਂ ਅਤੇ ਸਬਜ਼ੀਆਂ, ਜਿਵੇਂ ਕਿ ਬੀਨਜ਼ ਅਤੇ ਮੂਲੀ, ਵੀ ਕੁਝ ਲੋਕਾਂ ਵਿੱਚ ਪੇਟ ਫੁੱਲਣ ਅਤੇ ਗੈਸ ਦਾ ਕਾਰਨ ਬਣ ਸਕਦੀਆਂ ਹਨ।"
ਉਨ੍ਹਾਂ ਅੱਗੇ ਕਿਹਾ ਕਿ ਆਲੂ ਖਾਣ ਤੋਂ ਬਾਅਦ ਬੇਆਰਾਮੀ ਮਹਿਸੂਸ ਹੋਣ ਦਾ ਇਹ ਮਤਲਬ ਨਹੀਂ ਕਿ ਇਹ ਖੁਰਾਕ ਗ਼ੈਰ-ਸਿਹਤਮੰਦ ਹੈ। "ਵੱਖ-ਵੱਖ ਲੋਕ ਖੁਰਾਕ ਨੂੰ ਵੱਖਰੇ ਤਰੀਕੇ ਨਾਲ ਹਜ਼ਮ ਕਰਦੇ ਹਨ। ਜਿਹੜੀ ਖੁਰਾਕ ਇੱਕ ਵਿਅਕਤੀ ਵਿੱਚ ਪੇਟ ਫੁੱਲਣ ਦਾ ਕਾਰਨ ਬਣਦੀ ਹੈ, ਜ਼ਰੂਰੀ ਨਹੀਂ ਕਿ ਉਹ ਦੂਜੇ ਵਿਅਕਤੀ 'ਤੇ ਵੀ ਉਸੇ ਤਰ੍ਹਾਂ ਅਸਰ ਕਰੇ।"

ਡਾ. ਅਰੁਲ ਪ੍ਰਕਾਸ਼ ਮੁਤਾਬਕ, ਗੈਸ ਨਾਲ ਜੁੜੀਆਂ ਸਮੱਸਿਆਵਾਂ ਦਾ ਮੁੱਖ ਕਾਰਨ ਅਕਸਰ ਆਲੂ ਨਹੀਂ ਹੁੰਦੇ।
ਉਹ ਕਹਿੰਦੇ ਹਨ, "ਕਈ ਮਾਮਲਿਆਂ ਵਿੱਚ ਦੁੱਧ ਤੋਂ ਬਣੇ ਪਦਾਰਥ, ਦਾਲਾਂ, ਬੀਨਜ਼ ਅਤੇ ਮੂਲੀ ਵਰਗੀਆਂ ਖੁਰਾਕਾਂ ਆਲੂਆਂ ਦੇ ਮੁਕਾਬਲੇ ਗੈਸ ਅਤੇ ਪੇਟ ਫੁੱਲਣ ਦਾ ਕਾਰਨ ਬਣਨ ਦੀ ਵੱਧ ਸੰਭਾਵਨਾ ਰੱਖਦੀਆਂ ਹਨ।"
ਉਨ੍ਹਾਂ ਇਹ ਵੀ ਕਿਹਾ ਕਿ ਪਾਚਨ ਸਿਹਤ ਅਤੇ ਹਰੇਕ ਵਿਅਕਤੀ ਦੇ ਸਰੀਰ ਦੀ ਪ੍ਰਤੀਕਿਰਿਆ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਉਨ੍ਹਾਂ ਕਿਹਾ, "ਕਈ ਵਾਰ ਆਲੂਆਂ ਦੇ ਨਾਲ ਖਾਧੀਆਂ ਜਾਣ ਵਾਲੀਆਂ ਹੋਰ ਖੁਰਾਕਾਂ ਵੀ ਇਨ੍ਹਾਂ ਲੱਛਣਾਂ ਲਈ ਜ਼ਿੰਮੇਵਾਰ ਹੋ ਸਕਦੀਆਂ ਹਨ। ਮਿਸਾਲ ਵਜੋਂ, ਜੇਕਰ ਤੁਹਾਨੂੰ ਆਲੂ ਅਤੇ ਦਾਲਾਂ ਵਾਲਾ ਪਕਵਾਨ ਖਾਣ ਤੋਂ ਬਾਅਦ ਪੇਟ ਫੁੱਲਿਆ ਹੋਇਆ ਮਹਿਸੂਸ ਹੁੰਦਾ ਹੈ, ਤਾਂ ਅਗਲੀ ਵਾਰ ਇਨ੍ਹਾਂ ਨੂੰ ਵੱਖ-ਵੱਖ ਮੌਕਿਆਂ 'ਤੇ ਖਾ ਕੇ ਦੇਖੋ। ਇਸ ਨਾਲ ਇਹ ਪਤਾ ਲਗਾਉਣ ਵਿੱਚ ਮਦਦ ਮਿਲ ਸਕਦੀ ਹੈ ਕਿ ਬੇਆਰਾਮੀ ਦਾ ਕਾਰਨ ਕਿਹੜੀ ਖੁਰਾਕ ਹੈ।"
ਉਨ੍ਹਾਂ ਦੇ ਮੁਤਾਬਕ, "ਜੇਕਰ ਲੱਛਣ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਬਣੇ ਰਹਿਣ, ਤਾਂ ਡਾਕਟਰ ਨਾਲ ਸਲਾਹ ਕਰਨਾ ਮਹੱਤਵਪੂਰਨ ਹੈ।"
ਉਨ੍ਹਾਂ ਅੱਗੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਲੈਕਟੋਜ਼ ਅਸਹਿਣਸ਼ੀਲਤਾ (ਲੈਕਟੋਜ਼ ਇੰਟੋਲਰੈਂਸ) ਹੁੰਦੀ ਹੈ, ਉਨ੍ਹਾਂ ਨੂੰ ਦੁੱਧ ਅਤੇ ਹੋਰ ਦੁੱਧ ਤੋਂ ਬਣੇ ਪਦਾਰਥ ਖਾਣ ਜਾਂ ਪੀਣ ਤੋਂ ਬਾਅਦ ਪੇਟ ਫੁੱਲਣ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ।
ਆਲੂ ਕਿਸ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਹਨ, ਇਸ ਨਾਲ ਵੀ ਫ਼ਰਕ ਪੈ ਸਕਦਾ ਹੈ। ਤਲੇ ਹੋਏ ਆਲੂਆਂ ਵਿੱਚ ਚਰਬੀ ਦੀ ਮਾਤਰਾ ਵੱਧ ਹੁੰਦੀ ਹੈ, ਜਿਸ ਕਾਰਨ ਪਾਚਨ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ ਅਤੇ ਵਿਅਕਤੀ ਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਹੋਇਆ ਮਹਿਸੂਸ ਹੋ ਸਕਦਾ ਹੈ।
ਇਸ ਕਾਰਨ ਕੁਝ ਲੋਕਾਂ ਨੂੰ ਤਲੇ ਹੋਏ ਆਲੂਆਂ ਤੋਂ ਬਣੇ ਪਕਵਾਨ ਖਾਣ ਤੋਂ ਬਾਅਦ ਅਸਧਾਰਨ ਤੌਰ 'ਤੇ ਭਾਰਾਪਣ ਜਾਂ ਬੇਆਰਾਮੀ ਮਹਿਸੂਸ ਹੋ ਸਕਦੀ ਹੈ।

ਤਸਵੀਰ ਸਰੋਤ, Getty Images
ਹੋਰ ਕਿਹੜੀਆਂ ਖੁਰਾਕਾਂ ਗੈਸ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ?
ਮਾਹਰਾਂ ਦਾ ਕਹਿਣਾ ਹੈ ਕਿ ਆਲੂ ਹੀ ਅਜਿਹੀ ਇਕੱਲੀ ਖੁਰਾਕ ਨਹੀਂ ਹਨ ਜੋ ਪੇਟ ਫੁੱਲਣ ਅਤੇ ਗੈਸ ਦਾ ਕਾਰਨ ਬਣ ਸਕਦੀ ਹੈ। ਸੀਨੀਅਰ ਗੈਸਟ੍ਰੋਐਂਟਰੋਲੋਜਿਸਟ ਡਾ. ਅਰੁਲ ਪ੍ਰਕਾਸ਼ ਦੇ ਮੁਤਾਬਕ, ਬੀਨਜ਼, ਛੋਲੇ, ਮਟਰ ਅਤੇ ਦਾਲਾਂ ਅਜਿਹੀਆਂ ਖੁਰਾਕਾਂ ਵਿੱਚੋਂ ਹਨ ਜੋ ਸਭ ਤੋਂ ਵੱਧ ਇਹ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ।
ਇਨ੍ਹਾਂ ਖੁਰਾਕਾਂ ਵਿੱਚ ਓਲੀਗੋਸੈਕਰਾਈਡਜ਼ ਨਾਂ ਦੇ ਜਟਿਲ ਕਾਰਬੋਹਾਈਡ੍ਰੇਟ ਹੁੰਦੇ ਹਨ। ਛੋਟੀ ਆਂਦਰ ਇਨ੍ਹਾਂ ਤੱਤਾਂ ਨੂੰ ਪੂਰੀ ਤਰ੍ਹਾਂ ਤੋੜਨ ਲਈ ਲੋੜੀਂਦੇ ਐਨਜ਼ਾਈਮ ਕਾਫ਼ੀ ਮਾਤਰਾ ਵਿੱਚ ਨਹੀਂ ਬਣਾਉਂਦੀ। ਨਤੀਜੇ ਵਜੋਂ, ਇਹ ਵੱਡੀ ਆਂਦਰ ਵਿੱਚ ਪਹੁੰਚ ਜਾਂਦੇ ਹਨ, ਜਿੱਥੇ ਆਂਦਰਾਂ ਵਿੱਚ ਮੌਜੂਦ ਬੈਕਟੀਰੀਆ ਇਨ੍ਹਾਂ ਦਾ ਖਮੀਰੀਕਰਨ ਕਰਦੇ ਹਨ। ਇਸ ਪ੍ਰਕਿਰਿਆ ਦੌਰਾਨ ਗੈਸ ਪੈਦਾ ਹੁੰਦੀ ਹੈ।
ਬਰਤਾਨੀਆ ਦੀ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਮੁਤਾਬਕ, ਫੁੱਲਗੋਭੀ, ਬਰੌਕਲੀ ਅਤੇ ਪੱਤਾਗੋਭੀ ਵਰਗੀਆਂ ਸਬਜ਼ੀਆਂ ਵਿੱਚ ਰੈਫਿਨੋਜ਼ ਅਤੇ ਗੰਧਕ ਵਾਲੇ ਕੁਝ ਤੱਤ ਹੁੰਦੇ ਹਨ। ਪਾਚਨ ਦੌਰਾਨ ਇਹ ਤੱਤ ਗੈਸ ਬਣਨ ਵਿੱਚ ਯੋਗਦਾਨ ਪਾ ਸਕਦੇ ਹਨ।
ਡਾ. ਅਰੁਲ ਪ੍ਰਕਾਸ਼ ਕਹਿੰਦੇ ਹਨ, "ਇਹ ਸਬਜ਼ੀਆਂ ਬਹੁਤ ਪੌਸ਼ਟਿਕ ਹੁੰਦੀਆਂ ਹਨ, ਪਰ ਇਨ੍ਹਾਂ ਨੂੰ ਪੇਟ ਫੁੱਲਣ ਅਤੇ ਗੈਸ ਨਾਲ ਵੀ ਆਮ ਤੌਰ 'ਤੇ ਜੋੜਿਆ ਜਾਂਦਾ ਹੈ।"
ਕੁਝ ਲੋਕਾਂ ਵਿੱਚ ਦੁੱਧ ਤੋਂ ਬਣੇ ਪਦਾਰਥ ਵੀ ਪਾਚਨ ਨਾਲ ਜੁੜੀ ਬੇਆਰਾਮੀ ਦਾ ਕਾਰਨ ਬਣ ਸਕਦੇ ਹਨ। ਦੁੱਧ, ਆਈਸਕ੍ਰੀਮ, ਨਰਮ ਪਨੀਰ ਅਤੇ ਦਹੀਂ ਵਿੱਚ ਲੈਕਟੋਜ਼ ਨਾਂ ਦੀ ਇੱਕ ਕੁਦਰਤੀ ਸ਼ੱਕਰ ਹੁੰਦੀ ਹੈ।
ਜਿਨ੍ਹਾਂ ਲੋਕਾਂ ਨੂੰ ਲੈਕਟੋਜ਼ ਅਸਹਿਣਸ਼ੀਲਤਾ ਹੁੰਦੀ ਹੈ, ਉਨ੍ਹਾਂ ਦੇ ਸਰੀਰ ਵਿੱਚ ਲੈਕਟੇਜ਼ ਨਾਂ ਦਾ ਉਹ ਐਨਜ਼ਾਈਮ ਲੋੜੀਂਦੀ ਮਾਤਰਾ ਵਿੱਚ ਨਹੀਂ ਬਣਦਾ ਜੋ ਲੈਕਟੋਜ਼ ਨੂੰ ਠੀਕ ਤਰ੍ਹਾਂ ਹਜ਼ਮ ਕਰਨ ਲਈ ਜ਼ਰੂਰੀ ਹੈ।
ਨਤੀਜੇ ਵਜੋਂ, ਨਾ ਹਜ਼ਮ ਹੋਇਆ ਲੈਕਟੋਜ਼ ਵੱਡੀ ਆਂਦਰ ਵਿੱਚ ਪਹੁੰਚ ਜਾਂਦਾ ਹੈ, ਜਿੱਥੇ ਬੈਕਟੀਰੀਆ ਇਸ ਦਾ ਖਮੀਰੀਕਰਨ ਕਰਦੇ ਹਨ।

ਡਾ. ਅਰੁਲ ਪ੍ਰਕਾਸ਼ ਦੱਸਦੇ ਹਨ, "ਇਸ ਕਾਰਨ ਗੈਸ, ਪੇਟ ਫੁੱਲਣਾ, ਪੇਟ ਦਰਦ ਅਤੇ ਕੁਝ ਮਾਮਲਿਆਂ ਵਿੱਚ ਦਸਤ ਵਰਗੇ ਲੱਛਣ ਪੈਦਾ ਹੋ ਸਕਦੇ ਹਨ।"
ਖੋਜ ਦਰਸਾਉਂਦੀ ਹੈ ਕਿ ਸਾਬਤ ਅਨਾਜ ਅਤੇ ਫਾਈਬਰ ਨਾਲ ਭਰਪੂਰ ਖੁਰਾਕਾਂ ਆਮ ਤੌਰ 'ਤੇ ਪਾਚਨ ਸਿਹਤ ਨੂੰ ਬਿਹਤਰ ਬਣਾਉਂਦੀਆਂ ਹਨ ਅਤੇ ਲੰਬੇ ਸਮੇਂ ਦੀਆਂ ਪਾਚਨ ਸੰਬੰਧੀ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰ ਸਕਦੀਆਂ ਹਨ।
ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਅਚਾਨਕ ਫਾਈਬਰ ਦੀ ਮਾਤਰਾ ਵਧਾਉਣ ਨਾਲ ਕਈ ਵਾਰ ਪਾਚਨ ਤੰਤਰ 'ਤੇ ਵਾਧੂ ਦਬਾਅ ਪੈ ਸਕਦਾ ਹੈ ਅਤੇ ਅਸਥਾਈ ਤੌਰ 'ਤੇ ਪੇਟ ਫੁੱਲਣ ਜਾਂ ਗੈਸ ਦੀ ਸਮੱਸਿਆ ਹੋ ਸਕਦੀ ਹੈ।
ਸ਼ੂਗਰ-ਫ੍ਰੀ ਚਿਊਇੰਗ ਗਮ, ਟੌਫ਼ੀਆਂ ਅਤੇ ਕਈ ਪ੍ਰੋਸੈਸਡ ਖੁਰਾਕਾਂ ਵਿੱਚ ਅਕਸਰ ਸੋਰਬਿਟੋਲ, ਮੈਨਿਟੋਲ, ਜ਼ਾਇਲਿਟੋਲ ਅਤੇ ਮਾਲਟੀਟੋਲ ਵਰਗੇ ਸ਼ੂਗਰ ਅਲਕੋਹਲ ਹੁੰਦੇ ਹਨ।
ਖੋਜਾਂ ਵਿੱਚ ਪਾਇਆ ਗਿਆ ਹੈ ਕਿ ਇਹ ਮਿੱਠੇ ਤੱਤ ਛੋਟੀ ਆਂਦਰ ਵਿੱਚ ਸਿਰਫ਼ ਅੰਸ਼ਕ ਤੌਰ 'ਤੇ ਹੀ ਜਜ਼ਬ ਹੁੰਦੇ ਹਨ। ਜੋ ਹਿੱਸਾ ਜਜ਼ਬ ਨਹੀਂ ਹੁੰਦਾ, ਉਹ ਵੱਡੀ ਆਂਦਰ ਵਿੱਚ ਪਹੁੰਚ ਜਾਂਦਾ ਹੈ, ਜਿੱਥੇ ਬੈਕਟੀਰੀਆ ਇਸ ਦਾ ਖਮੀਰੀਕਰਨ ਕਰ ਸਕਦੇ ਹਨ ਅਤੇ ਆਂਦਰਾਂ ਵਿੱਚ ਪਾਣੀ ਖਿੱਚ ਸਕਦੇ ਹਨ।
ਇਸ ਕਾਰਨ ਕੁਝ ਲੋਕਾਂ ਵਿੱਚ ਪੇਟ ਫੁੱਲਣਾ, ਗੈਸ ਅਤੇ ਦਸਤ ਦੀ ਸਮੱਸਿਆ ਹੋ ਸਕਦੀ ਹੈ।
ਮੇਓ ਕਲੀਨਿਕ ਮੁਤਾਬਕ, ਸੋਰਬਿਟੋਲ, ਮੈਨਿਟੋਲ ਅਤੇ ਜ਼ਾਇਲਿਟੋਲ ਵਰਗੇ ਸ਼ੂਗਰ ਦੇ ਬਦਲ ਆਂਦਰਾਂ ਵਿੱਚ ਵੱਧ ਗੈਸ ਬਣਨ ਦੇ ਆਮ ਕਾਰਨਾਂ ਵਿੱਚੋਂ ਹਨ। ਕਾਰਬੋਨੇਟਿਡ ਪੀਣ ਵਾਲੇ ਪਦਾਰਥ ਵੀ ਪਾਚਨ ਨਾਲ ਜੁੜੀ ਬੇਆਰਾਮੀ ਦਾ ਕਾਰਨ ਬਣ ਸਕਦੇ ਹਨ। ਮੇਓ ਕਲੀਨਿਕ ਦੇ ਅਨੁਸਾਰ, ਸਾਫਟ ਡ੍ਰਿੰਕਸ ਪਾਚਨ ਤੰਤਰ ਵਿੱਚ ਕਾਰਬਨ ਡਾਈਆਕਸਾਈਡ ਗੈਸ ਪਹੁੰਚਾਉਂਦੀਆਂ ਹਨ।
ਨਤੀਜੇ ਵਜੋਂ, ਇਹ ਪੇਟ ਵਿੱਚ ਗੈਸ ਦੀ ਮਾਤਰਾ ਵਧਾ ਸਕਦੀਆਂ ਹਨ ਅਤੇ ਡਕਾਰਾਂ ਆਉਣ ਦਾ ਇੱਕ ਆਮ ਕਾਰਨ ਬਣਦੀਆਂ ਹਨ। ਜੇ ਇਨ੍ਹਾਂ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕੀਤਾ ਜਾਵੇ, ਤਾਂ ਕਾਰਬੋਨੇਟਿਡ ਪੀਣ ਵਾਲੇ ਪਦਾਰਥ ਪੇਟ ਫੁੱਲਣ, ਪੇਟ ਭਰਿਆ-ਭਰਿਆ ਮਹਿਸੂਸ ਹੋਣ ਅਤੇ ਵਾਰ-ਵਾਰ ਡਕਾਰਾਂ ਆਉਣ ਦਾ ਕਾਰਨ ਵੀ ਬਣ ਸਕਦੇ ਹਨ।

ਤਸਵੀਰ ਸਰੋਤ, Getty Images
ਪੇਟ ਨਾਲ ਜੁੜੀਆਂ ਬੇਆਰਾਮੀਆਂ ਤੋਂ ਕਿਵੇਂ ਬਚਿਆ ਜਾਵੇ?
ਡਾ. ਅਰੁਲ ਪ੍ਰਕਾਸ਼ ਦੇ ਮੁਤਾਬਕ, ਪਾਚਨ ਪ੍ਰਕਿਰਿਆ ਪ੍ਰਤੀ ਸਰੀਰ ਦੀ ਪ੍ਰਤੀਕਿਰਿਆ ਵਿਅਕਤੀ ਤੋਂ ਵਿਅਕਤੀ ਵੱਖਰੀ ਹੁੰਦੀ ਹੈ।
ਉਨ੍ਹਾਂ ਕਿਹਾ, "ਕਿਸੇ ਵਿਅਕਤੀ ਨੂੰ ਕਿੰਨੀ ਗੈਸ ਬਣਦੀ ਹੈ, ਇਹ ਕਈ ਕਾਰਕਾਂ 'ਤੇ ਨਿਰਭਰ ਕਰਦਾ ਹੈ, ਜਿਨ੍ਹਾਂ ਵਿੱਚ ਆਂਦਰਾਂ ਵਿੱਚ ਮੌਜੂਦ ਬੈਕਟੀਰੀਆ ਦੀ ਬਣਤਰ, ਪਾਚਨ ਦੀ ਗਤੀ, ਖਾਣ-ਪੀਣ ਦੀਆਂ ਆਦਤਾਂ ਅਤੇ ਖਾਸ ਖੁਰਾਕਾਂ ਪ੍ਰਤੀ ਵਿਅਕਤੀ ਦੀ ਸੰਵੇਦਨਸ਼ੀਲਤਾ ਸ਼ਾਮਲ ਹਨ।"
ਗੈਸਟ੍ਰੋਐਂਟਰੋਲੋਜਿਸਟਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਗੈਸ ਅਤੇ ਪੇਟ ਫੁੱਲਣ ਦੀ ਸਮੱਸਿਆ ਨੂੰ ਖੁਰਾਕ ਅਤੇ ਜੀਵਨਸ਼ੈਲੀ ਵਿੱਚ ਸਧਾਰਨ ਤਬਦੀਲੀਆਂ ਕਰਕੇ ਕਾਬੂ ਕੀਤਾ ਜਾ ਸਕਦਾ ਹੈ।
ਇਸ ਦਾ ਇੱਕ ਆਮ ਕਾਰਨ ਬਹੁਤ ਤੇਜ਼ੀ ਨਾਲ ਖਾਣਾ ਹੈ।
ਡਾ. ਅਰੁਲ ਪ੍ਰਕਾਸ਼ ਨੇ ਸਮਝਾਇਆ, "ਜਦੋਂ ਲੋਕ ਜਲਦੀ-ਜਲਦੀ ਖਾਂਦੇ ਹਨ, ਤਾਂ ਉਹ ਜ਼ਿਆਦਾ ਹਵਾ ਵੀ ਨਿਗਲ ਲੈਂਦੇ ਹਨ। ਇਹ ਹਵਾ ਪਾਚਨ ਤੰਤਰ ਵਿੱਚ ਪਹੁੰਚ ਜਾਂਦੀ ਹੈ ਅਤੇ ਪੇਟ ਫੁੱਲਣ ਅਤੇ ਡਕਾਰਾਂ ਦਾ ਕਾਰਨ ਬਣ ਸਕਦੀ ਹੈ। ਖਾਣੇ ਨੂੰ ਚੰਗੀ ਤਰ੍ਹਾਂ ਚਬਾ ਕੇ ਅਤੇ ਹੌਲੀ-ਹੌਲੀ ਖਾਣ ਨਾਲ ਇਨ੍ਹਾਂ ਲੱਛਣਾਂ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।"
ਉਨ੍ਹਾਂ ਅੱਗੇ ਕਿਹਾ ਕਿ ਜਿਹੜੀਆਂ ਖੁਰਾਕਾਂ ਇਹ ਲੱਛਣ ਪੈਦਾ ਕਰਦੀਆਂ ਹਨ, ਉਹ ਹਰ ਵਿਅਕਤੀ ਲਈ ਵੱਖਰੀਆਂ ਹੋ ਸਕਦੀਆਂ ਹਨ।
ਉਨ੍ਹਾਂ ਕਿਹਾ, "ਕੁਝ ਲੋਕਾਂ ਨੂੰ ਆਲੂ ਜਾਂ ਹੋਰ ਸਟਾਰਚ ਵਾਲੀਆਂ ਸਬਜ਼ੀਆਂ ਖਾਣ ਤੋਂ ਬਾਅਦ ਪੇਟ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ, ਜਦਕਿ ਕੁਝ ਹੋਰ ਲੋਕ ਦੁੱਧ ਤੋਂ ਬਣੇ ਪਦਾਰਥਾਂ, ਦਾਲਾਂ ਜਾਂ ਬੀਨਜ਼ ਪ੍ਰਤੀ ਵੱਧ ਸੰਵੇਦਨਸ਼ੀਲ ਹੋ ਸਕਦੇ ਹਨ। ਅਜਿਹੀ ਕੋਈ ਇੱਕ ਖੁਰਾਕ ਨਹੀਂ ਹੈ ਜੋ ਹਰ ਵਿਅਕਤੀ ਵਿੱਚ ਪਾਚਨ ਨਾਲ ਜੁੜੀ ਬੇਆਰਾਮੀ ਪੈਦਾ ਕਰੇ।"
ਜਿਨ੍ਹਾਂ ਲੋਕਾਂ ਨੂੰ ਕੁਝ ਖ਼ਾਸ ਖੁਰਾਕਾਂ ਖਾਣ ਤੋਂ ਬਾਅਦ ਇਹ ਲੱਛਣ ਮਹਿਸੂਸ ਹੁੰਦੇ ਹਨ, ਉਨ੍ਹਾਂ ਨੂੰ ਉਹ ਆਪਣੀਆਂ ਖਾਣ-ਪੀਣ ਦੀਆਂ ਆਦਤਾਂ 'ਤੇ ਧਿਆਨ ਦੇਣ ਦੀ ਸਲਾਹ ਦਿੰਦੇ ਹਨ।
ਉਨ੍ਹਾਂ ਕਿਹਾ, "ਜੇਕਰ ਕਿਸੇ ਖ਼ਾਸ ਖੁਰਾਕ ਨੂੰ ਖਾਣ ਤੋਂ ਬਾਅਦ ਵਾਰ-ਵਾਰ ਪੇਟ ਫੁੱਲਣ ਜਾਂ ਗੈਸ ਦੀ ਸਮੱਸਿਆ ਹੁੰਦੀ ਹੈ, ਤਾਂ ਉਸ ਦੀ ਮਾਤਰਾ ਘਟਾ ਕੇ ਜਾਂ ਉਸ ਨੂੰ ਤਿਆਰ ਕਰਨ ਦਾ ਤਰੀਕਾ ਬਦਲ ਕੇ ਦੇਖੋ। ਜੇਕਰ ਲੱਛਣ ਜਾਰੀ ਰਹਿਣ, ਤਾਂ ਡਾਕਟਰੀ ਸਲਾਹ ਲਵੋ।"
ਡਾਕਟਰ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਗੈਸ ਅਤੇ ਪੇਟ ਫੁੱਲਣ ਦੀ ਸਮੱਸਿਆ ਆਮ ਤੌਰ 'ਤੇ ਨੁਕਸਾਨਦੇਹ ਨਹੀਂ ਹੁੰਦੀ।
ਹਾਲਾਂਕਿ, ਜੇਕਰ ਇਨ੍ਹਾਂ ਦੇ ਨਾਲ ਬਿਨਾਂ ਕਾਰਨ ਭਾਰ ਘਟਣਾ, ਲਗਾਤਾਰ ਪੇਟ ਦਰਦ, ਲਗਾਤਾਰ ਦਸਤ, ਮਲ ਵਿੱਚ ਖੂਨ ਆਉਣਾ, ਗੰਭੀਰ ਕਬਜ਼ ਜਾਂ ਉਲਟੀਆਂ ਵਰਗੇ ਚੇਤਾਵਨੀ ਵਾਲੇ ਲੱਛਣ ਵੀ ਹੋਣ, ਤਾਂ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਇਹ ਲੱਛਣ ਕਿਸੇ ਅੰਦਰੂਨੀ ਸਿਹਤ ਸਮੱਸਿਆ ਵੱਲ ਇਸ਼ਾਰਾ ਕਰ ਸਕਦੇ ਹਨ, ਜਿਸ ਦੀ ਹੋਰ ਜਾਂਚ ਕਰਨ ਦੀ ਲੋੜ ਹੋ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












