ਕੀ ਟਰੰਪ ਸੱਚਮੁੱਚ ਹਰ ਅਮਰੀਕੀ ਬਾਲਗ ਨੂੰ 5,000 ਡਾਲਰ ਦੇ ਸਕਦੇ ਹਨ, ਇਸ 'ਤੇ ਕਿੰਨਾ ਖ਼ਰਚ ਆਵੇਗਾ ਅਤੇ ਕੀ ਯੂਐੱਸ ਇਸਦਾ ਖ਼ਰਚਾ ਚੁੱਕ ਸਕਦਾ ਹੈ?

ਟਰੰਪ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਟਰੰਪ ਨੇ ਵਾਅਦਾ ਕੀਤਾ ਹੈ ਕਿ ਜੇ ਨਵੰਬਰ ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਜਿੱਤਦੀ ਹੈ, ਤਾਂ ਉਹ ਹਰ ਬਾਲਗ ਅਮਰੀਕੀ ਨੂੰ 5,000 ਡਾਲਰ ਦੇਣਗੇ
    • ਲੇਖਕ, ਐਲੇਕਸ ਬੌਇਡ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵਾਅਦਾ ਕੀਤਾ ਹੈ ਕਿ ਜੇ ਨਵੰਬਰ ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਜਿੱਤਦੀ ਹੈ, ਤਾਂ ਉਹ ਹਰ ਬਾਲਗ ਅਮਰੀਕੀ ਨੂੰ 5,000 ਡਾਲਰ (ਲਗਭਗ 4 ਲੱਖ 78 ਹਾਜ਼ਰ ਰੁਪਏ) ਦੇਣਗੇ।

ਹਾਲਾਂਕਿ, ਇਹ ਸਪਸ਼ਟ ਨਹੀਂ ਹੈ ਕਿ ਇਸ ਯੋਜਨਾ ਲਈ ਪੈਸਾ ਕਿੱਥੋਂ ਆਵੇਗਾ ਅਤੇ ਕੀ ਇਹ ਕਾਨੂੰਨੀ ਹੈ।

ਬੁੱਧਵਾਰ ਰਾਤ ਪਾਰਟੀ ਦੇ ਇੱਕ ਸੰਮੇਲਨ ਵਿੱਚ ਉਨ੍ਹਾਂ ਦੇ ਇਸ ਬਿਆਨ 'ਤੇ ਸਮਰਥਕਾਂ ਨੇ ਜ਼ੋਰਦਾਰ ਤਾੜੀਆਂ ਵਜਾਈਆਂ, ਪਰ ਡੈਮੋਕ੍ਰੈਟਸ ਨੇ ਇਸਨੂੰ "ਖੋਖਲਾ ਵਾਅਦਾ" ਦੱਸਿਆ, ਜਦਕਿ ਹੋਰਨਾਂ ਨੇ ਇਸਦੀ ਕਾਨੂੰਨੀ ਵੈਧਤਾ 'ਤੇ ਸਵਾਲ ਚੁੱਕੇ।

ਟਰੰਪ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਸਦੇ ਲਈ ਪੈਸਾ ਕਿੱਥੋਂ ਆਵੇਗਾ, ਹਾਲਾਂਕਿ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਸੰਕੇਤ ਦਿੱਤਾ ਕਿ ਇਸਦੇ ਲਈ ਟੈਰਿਫ ਤੋਂ ਹੋਣ ਵਾਲੀ ਕਮਾਈ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਅਜਿਹੇ ਚੈੱਕ ਅਮੀਰ ਅਮਰੀਕੀਆਂ ਨੂੰ ਨਹੀਂ ਦਿੱਤੇ ਜਾਣਗੇ।

ਕੀ ਟਰੰਪ ਦਾ ਇਹ ਪ੍ਰਸਤਾਵ ਕਾਨੂੰਨੀ ਹੈ?

ਟਰੰਪ

ਤਸਵੀਰ ਸਰੋਤ, Justin Sullivan/Getty Images

ਤਸਵੀਰ ਕੈਪਸ਼ਨ, ਬੁੱਧਵਾਰ ਰਾਤ ਪਾਰਟੀ ਦੇ ਇੱਕ ਸੰਮੇਲਨ ਵਿੱਚ ਟਰੰਪ ਦੇ ਇਸ ਬਿਆਨ 'ਤੇ ਸਮਰਥਕਾਂ ਨੇ ਜ਼ੋਰਦਾਰ ਤਾੜੀਆਂ ਵਜਾਈਆਂ, ਪਰ ਡੈਮੋਕ੍ਰੈਟਸ ਨੇ ਇਸਨੂੰ "ਖੋਖਲਾ ਵਾਅਦਾ" ਦੱਸਿਆ, ਜਦਕਿ ਹੋਰਨਾਂ ਨੇ ਇਸਦੀ ਕਾਨੂੰਨੀ ਵੈਧਤਾ 'ਤੇ ਸਵਾਲ ਚੁੱਕੇ

ਅਮਰੀਕੀ ਸੰਘੀ ਕਾਨੂੰਨ ਦੇ ਤਹਿਤ, ਅਜਿਹੇ ਭੁਗਤਾਨ ਕਰਨਾ ਗੈਰ-ਕਾਨੂੰਨੀ ਹੈ ਜਿਨ੍ਹਾਂ ਦਾ ਮਕਸਦ ਕਿਸੇ ਵਿਅਕਤੀ ਦੇ ਵੋਟ ਦੇਣ ਦੇ ਤਰੀਕੇ ਨੂੰ ਪ੍ਰਭਾਵਿਤ ਕਰਨਾ ਹੋਵੇ।

ਹਾਲਾਂਕਿ, ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਟੈਕਸਸ ਵਿੱਚ ਟਰੰਪ ਵੱਲੋਂ ਦਿੱਤੇ ਗਏ ਇਸ ਪ੍ਰਸਤਾਵ ਨੂੰ ਟੈਕਸ ਵਿੱਚ ਕਟੌਤੀ ਦੇ ਵਾਅਦੇ ਵਜੋਂ ਦੇਖਿਆ ਜਾ ਸਕਦਾ ਹੈ, ਜੋ ਕਿ ਕਾਨੂੰਨੀ ਹੈ।

ਸਾਊਥੈਂਪਟਨ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਲੈਕਚਰਾਰ ਡਾਕਟਰ ਜੋਨ ਮਹੋਨੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਪ੍ਰਸਤਾਵ ਕਾਨੂੰਨੀ ਹੋਵੇਗਾ ਕਿਉਂਕਿ ਇਹ ਚੋਣ ਪ੍ਰਚਾਰ ਦੌਰਾਨ ਕੀਤੇ ਜਾਣ ਵਾਲੇ ਵਾਅਦੇ ਵਰਗਾ ਹੀ ਹੈ - ਹਾਲਾਂਕਿ ਉਨ੍ਹਾਂ ਕਿਹਾ ਕਿ ਸਿਆਸਤਦਾਨ "ਆਮ ਤੌਰ 'ਤੇ ਇੰਨੀ ਸਪਸ਼ਟ ਤੌਰ 'ਤੇ ਅਜਿਹਾ ਨਹੀਂ ਕਰਦੇ"।

ਉਨ੍ਹਾਂ ਕਿਹਾ, "ਇੱਕ ਪਾਸੇ ਇਹ ਰਿਸ਼ਵਤ ਵਰਗਾ ਲੱਗਦਾ ਹੈ - ਰਿਪਬਲਿਕਨ ਨੂੰ ਵੋਟ ਦਿਓ ਅਤੇ ਤੁਹਾਨੂੰ ਪੈਸੇ ਮਿਲਣਗੇ - ਜੋ ਯਕੀਨੀ ਤੌਰ 'ਤੇ ਗੈਰ-ਕਾਨੂੰਨੀ ਹੋਵੇਗਾ।"

"ਪਰ ਦੂਜੇ ਪਾਸੇ, ਇਹ ਹਰ ਕਿਸੇ ਨੂੰ ਮਿਲੇਗਾ, ਚਾਹੇ ਉਨ੍ਹਾਂ ਨੇ ਕਿਸੇ ਨੂੰ ਵੀ ਵੋਟ ਦਿੱਤੀ ਹੋਵੇ, ਇਸ ਲਈ ਉਸ ਨਜ਼ਰੀਏ ਤੋਂ ਇਹ ਰਿਸ਼ਵਤ ਨਹੀਂ ਹੈ।"

"ਮੈਨੂੰ ਲੱਗਦਾ ਹੈ ਕਿ ਇਹ ਕਾਨੂੰਨੀ ਹੋਵੇਗਾ। ਇਹ ਉਸੇ ਤਰ੍ਹਾਂ ਦਾ ਚੋਣਾਂ ਵੀ ਵਾਅਦਾ ਹੈ ਜਿਵੇਂ ਇਹ ਕਹਿਣਾ ਕਿ 'ਜੇ ਮੇਰੀ ਪਾਰਟੀ ਜਿੱਤਦੀ ਹੈ ਤਾਂ ਅਸੀਂ ਟੈਕਸ ਘਟਾਵਾਂਗੇ'।" ਹਰ ਪਾਰਟੀ ਹਮੇਸ਼ਾ ਅਜਿਹਾ ਕਰਦੀ ਹੈ... ਅਤੇ ਬੇਸ਼ੱਕ ਇਹ ਪੂਰੀ ਤਰ੍ਹਾਂ ਕਾਨੂੰਨੀ ਹੈ।"

ਹਾਲਾਂਕਿ, ਚੈਥਮ ਹਾਊਸ ਵਿੱਚ ਯੂਐੱਸ ਅਤੇ ਨੌਰਥ ਅਮਰੀਕਾ ਪ੍ਰੋਗਰਾਮ ਦੀ ਡਾਇਰੈਕਟਰ ਲੌਰੇਲ ਰੈਪ ਨੇ ਬੀਬੀਸੀ ਨੂੰ ਦੱਸਿਆ ਕਿ ਟਰੰਪ ਦੀ ਇਹ ਪੇਸ਼ਕਸ਼ ਚੋਣਾਂ ਦੇ ਸਮੇਂ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਆਮ ਵਾਅਦਿਆਂ ਨਾਲੋਂ "ਬਹੁਤ ਵੱਖਰੀ ਅਤੇ ਲੈਣ-ਦੇਣ 'ਤੇ ਆਧਾਰਿਤ ਸਮਝੌਤੇ" ਵਰਗੀ ਲੱਗਦੀ ਹੈ।

ਇਸ 'ਤੇ ਕਿੰਨਾ ਖ਼ਰਚ ਆਵੇਗਾ ਅਤੇ ਕੀ ਯੂਐੱਸ ਇਸਦਾ ਖ਼ਰਚਾ ਚੁੱਕ ਸਕਦਾ ਹੈ?

ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲਾਂਕਿ, ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਟੈਕਸਸ ਵਿੱਚ ਟਰੰਪ ਵੱਲੋਂ ਦਿੱਤੇ ਗਏ ਇਸ ਪ੍ਰਸਤਾਵ ਨੂੰ ਟੈਕਸ ਵਿੱਚ ਕਟੌਤੀ ਦੇ ਵਾਅਦੇ ਵਜੋਂ ਦੇਖਿਆ ਜਾ ਸਕਦਾ ਹੈ, ਜੋ ਕਿ ਕਾਨੂੰਨੀ ਹੈ

ਕਾਨੂੰਨੀ ਸਵਾਲ ਤੋਂ ਇਲਾਵਾ, ਕੁਝ ਲੋਕਾਂ ਨੇ ਇਹ ਵੀ ਪੁੱਛਿਆ ਹੈ ਕਿ ਕੀ ਟਰੰਪ ਦਾ ਇਹ ਆਫ਼ਰ ਆਰਥਿਕ ਤੌਰ 'ਤੇ ਸੰਭਵ ਹੋਵੇਗਾ, ਖ਼ਾਸ ਕਰਕੇ ਯੂਐੱਸ 'ਤੇ ਵਧਦੇ ਕਰਜ਼ੇ ਨੂੰ ਦੇਖਦੇ ਹੋਏ, ਜੋ ਕੁਝ ਹੱਦ ਤੱਕ ਈਰਾਨ ਵਿੱਚ ਜੰਗ ਕਾਰਨ ਵਧਿਆ ਹੈ।

ਅਮਰੀਕਾ ਵਿੱਚ ਲਗਭਗ 27 ਕਰੋੜ ਬਾਲਗ ਲੋਕ ਹਨ, ਜਿਸਦਾ ਮਤਲਬ ਹੈ ਕਿ 5,000 ਡਾਲਰ ਦੇ ਭੁਗਤਾਨ 'ਤੇ ਯੂਐੱਸ ਸਰਕਾਰ ਨੂੰ ਲਗਭਗ 1.3 ਟ੍ਰਿਲੀਅਨ ਡਾਲਰ ਖਰਚ ਕਰਨੇ ਪੈਣਗੇ।

ਟਰੰਪ ਨੇ ਆਪਣੇ ਭਾਸ਼ਣ ਵਿੱਚ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਅਜਿਹੇ ਚੈੱਕਾਂ ਲਈ ਪੈਸਾ ਕਿੱਥੋਂ ਆਵੇਗਾ।

ਯੂਐੱਸ ਵਿੱਚ ਕਾਂਗਰਸ ਖਰਚੇ ਨੂੰ ਮਨਜ਼ੂਰੀ ਦਿੰਦੀ ਹੈ, ਪਰ ਰਾਸ਼ਟਰਪਤੀ ਨੇ ਇਹ ਨਹੀਂ ਦੱਸਿਆ ਕਿ ਕੀ ਉਹ ਕਿਸੇ ਵੀ ਭੁਗਤਾਨ ਲਈ ਵਿਧਾਨਿਕ ਤੌਰ 'ਤੇ ਮਨਜ਼ੂਰੀ ਲੈਣ ਦੀ ਯੋਜਨਾ ਬਣਾ ਰਹੇ ਹਨ। ਅਤੇ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਉਹ ਰਾਸ਼ਟਰਪਤੀ ਦੇ ਕਾਰਜਕਾਰੀ ਹੁਕਮ ਰਾਹੀਂ ਇੰਨੀ ਵੱਡੀ ਰਕਮ ਨੂੰ ਮਨਜ਼ੂਰੀ ਦੇ ਸਕਣ।

ਵਾਸ਼ਿੰਗਟਨ ਡੀਸੀ ਸਥਿਤ ਟੈਕਸ ਫਾਊਂਡੇਸ਼ਨ ਦੀ ਸੀਨੀਅਰ ਇਕਨਾਮਿਸਟ ਏਰਿਕਾ ਯੌਰਕ ਨੇ ਬੀਬੀਸੀ ਨੂੰ ਕਿਹਾ ਕਿ ਜੇ ਕਾਂਗਰਸ ਕਿਸੇ ਪ੍ਰਸਤਾਵ ਨੂੰ ਮਨਜ਼ੂਰੀ ਦਿੰਦੀ ਹੈ, ਤਾਂ ਉਨ੍ਹਾਂ ਨੂੰ "ਬਹੁਤ ਹੈਰਾਨੀ" ਹੋਵੇਗੀ।

ਉਨ੍ਹਾਂ ਕਿਹਾ, "ਇਹ, 1.3 ਟ੍ਰਿਲੀਅਨ ਡਾਲਰ ਦੀ ਵਰਤੋਂ ਕਰਨ ਦੇ ਸਭ ਤੋਂ ਮਾੜੇ ਤਰੀਕਿਆਂ ਵਿੱਚੋਂ ਇੱਕ ਹੋਵੇਗਾ।"

ਯੌਰਕ ਨੇ ਅੱਗੇ ਕਿਹਾ, "ਅਸੀਂ ਇੱਕ ਅਜਿਹੇ ਰਸਤੇ 'ਤੇ ਹਾਂ ਜੋ ਲੰਬੇ ਸਮੇਂ ਤੱਕ ਟਿਕਾਊ ਨਹੀਂ ਹੈ, ਕਿਉਂਕਿ ਘਾਟਾ ਲਗਾਤਾਰ ਵਧਣ ਦਾ ਅਨੁਮਾਨ ਹੈ।"

ਟਰੰਪ ਦੇ ਭਾਸ਼ਣ ਤੋਂ ਬਾਅਦ ਫੌਕਸ ਨਿਊਜ਼ ਨਾਲ ਗੱਲ ਕਰਦੇ ਹੋਏ, ਵੈਂਸ ਨੇ ਸੰਕੇਤ ਦਿੱਤਾ ਕਿ ਭੁਗਤਾਨ ਲਈ ਪੈਸਾ ਰਾਸ਼ਟਰਪਤੀ ਵੱਲੋਂ ਟੈਰਿਫ ਤੋਂ ਇਕੱਠੇ ਕੀਤੇ ਗਏ ਪੈਸੇ ਤੋਂ ਆ ਸਕਦਾ ਹੈ।

ਹਾਲਾਂਕਿ, ਹੁਣ ਤੱਕ ਹੋਈ ਅਜਿਹੀ ਕਮਾਈ (ਟੈਰਿਫ਼ ਆਦਿ ਰਾਹੀਂ ਹੋਈ ਕਮਾਈ) ਉਸ ਪੈਸੇ ਤੋਂ ਬਹੁਤ ਘੱਟ ਹੈ, ਜਿਸਦੀ ਲੋੜ ਟਰੰਪ ਦੇ 5,000 ਡਾਲਰ ਦੇ ਚੈੱਕ ਵਾਲੇ ਆਫ਼ਰ ਲਈ ਹੋਵੇਗੀ।

ਅਮਰੀਕੀ ਰਾਸ਼ਟਰਪਤੀ ਨੇ ਰਿਪਬਲਿਕਨ ਕਨਵੈਨਸ਼ਨ ਵਿੱਚ ਇਹ ਵੀ ਕਿਹਾ ਕਿ ਪੈਸਾ ਯੂਐੱਸ ਵਿੱਚ ਹੀ ਖ਼ਰਚ ਕੀਤਾ ਜਾਣਾ ਚਾਹੀਦਾ ਹੈ, ਪਰ ਇਹ ਸਪਸ਼ਟ ਨਹੀਂ ਹੈ ਕਿ ਇਸਦੀ ਨਿਗਰਾਨੀ ਕਿਵੇਂ ਕੀਤੀ ਜਾਵੇਗੀ।

ਬਾਈਪਾਰਟਿਜ਼ਨ ਪਾਲਿਸੀ ਸੈਂਟਰ ਦੇ ਅਨੁਸਾਰ, ਯੂਐੱਸ ਨੇ 2025 ਦੀ ਸ਼ੁਰੂਆਤ ਤੋਂ ਟੈਰਿਫ਼ ਅਤੇ ਐਕਸਾਈਜ਼ ਟੈਕਸ ਤੋਂ ਲਗਭਗ 475 ਬਿਲੀਅਨ ਡਾਲਰ ਕਮਾਏ ਹਨ।

ਹਾਲਾਂਕਿ, ਇਸ ਸਾਲ ਦੀ ਸ਼ੁਰੂਆਤ ਵਿੱਚ ਸੁਪਰੀਮ ਕੋਰਟ ਵੱਲੋਂ ਕਈ ਟੈਰਿਫ ਰੱਦ ਕੀਤੇ ਜਾਣ ਤੋਂ ਬਾਅਦ 100 ਬਿਲੀਅਨ ਡਾਲਰ ਤੋਂ ਵੱਧ ਦੀ ਰਕਮ ਵਾਪਸ ਕੀਤੀ ਗਈ ਹੈ।

ਜਦੋਂ ਪੁੱਛਿਆ ਗਿਆ ਕਿ ਭੁਗਤਾਨ ਕਿਵੇਂ ਕੀਤਾ ਜਾ ਸਕੇਗਾ, ਤਾਂ ਵ੍ਹਾਈਟ ਹਾਊਸ ਨੇ ਬੀਬੀਸੀ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ: "ਨਿਰਾਸ਼ਾਵਾਦੀ ਅਤੇ ਆਲੋਚਕ ਹਮੇਸ਼ਾ ਤੋਂ ਹੀ ਰਾਸ਼ਟਰਪਤੀ ਟਰੰਪ 'ਤੇ ਸ਼ੱਕ ਕਰਦੇ ਰਹੇ ਹਨ।"

ਬੁਲਾਰੇ ਡੇਵਿਸ ਇੰਗਲ ਨੇ ਕਿਹਾ, "ਅਮਰੀਕੀ ਲੋਕਾਂ ਦੇ ਲਗਾਤਾਰ ਸਮਰਥਨ ਨਾਲ, ਰਾਸ਼ਟਰਪਤੀ ਟਰੰਪ ਅਸਲ ਨਤੀਜੇ ਦਿੰਦੇ ਰਹਿਣਗੇ।"

ਟਰੰਪ ਨੇ ਇਹ ਪ੍ਰਸਤਾਵ ਕਿਉਂ ਦਿੱਤਾ ਹੈ?

ਸਮਾਰੋਹ ਦੌਰਾਨ ਲੋਕ

ਤਸਵੀਰ ਸਰੋਤ, Kevin Dietsch / Getty Images

ਤਸਵੀਰ ਕੈਪਸ਼ਨ, ਟਰੰਪ ਨੇ ਆਪਣੇ ਭਾਸ਼ਣ ਵਿੱਚ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਅਜਿਹੇ ਚੈੱਕਾਂ ਲਈ ਪੈਸਾ ਕਿੱਥੋਂ ਆਵੇਗਾ

ਰਿਪਬਲਿਕਨ ਪਾਰਟੀ ਦੇ ਇੱਕ ਸਾਬਕਾ ਰਣਨੀਤੀਕਾਰ ਅਤੇ ਪੋਲਸਟਰ ਮਾਹਿਰ (ਚੋਣ ਸਰਵੇਖਣਕਾਰ) ਨੇ ਕਿਹਾ ਕਿ ਟਰੰਪ ਦੇ ਇਸ ਨਵੇਂ ਪ੍ਰਸਤਾਵ ਨੂੰ ਉਸ ਚੋਣ ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ, ਜੋ ਹੁਣ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਹੋਣ ਵਾਲੀ ਹੈ।

ਰੌਬਰਟ ਮੋਰਨ ਨੇ ਬੀਬੀਸੀ ਨੂੰ ਕਿਹਾ, "ਇਹ ਇੱਕ ਅਸਾਧਾਰਣ ਵਾਅਦਾ ਹੈ, ਅਤੇ ਮੈਨੂੰ ਨਹੀਂ ਪਤਾ ਕਿ ਇਹ ਪੈਸਾ ਕਿੱਥੋਂ ਆਵੇਗਾ - ਪਰ ਇਹ ਚੋਣ ਪ੍ਰਚਾਰ ਦਾ ਸਮਾਂ ਹੈ।"

ਚੈਥਮ ਹਾਊਸ ਦੀ ਲੌਰੇਲ ਰੈਪ ਨੇ ਕਿਹਾ ਕਿ ਟਰੰਪ ਫਿਲਹਾਲ ਆਉਣ ਵਾਲੇ ਸਮੇਂ ਬਾਰੇ ਸੋਚ ਰਹੇ ਹਨ ਅਤੇ ਆਪਣੇ ਕਾਰਜਕਾਲ ਦੇ ਆਖਰੀ ਦੋ ਸਾਲਾਂ ਵਿੱਚ ਕਾਂਗਰਸ 'ਤੇ ਆਪਣੀ ਪਕੜ ਬਣਾ ਕੇ ਰੱਖਣਾ ਚਾਹੁੰਦੇ ਹਨ।

ਉਨ੍ਹਾਂ ਅੱਗੇ ਕਿਹਾ, "ਉਹ ਹੁਣ ਪੈਸੇ ਦਾ ਸਹਾਰਾ ਲੈ ਰਹੇ ਹਨ ਕਿਉਂਕਿ ਰਿਪਬਲਿਕਨ ਅਤੇ ਖੁਦ ਉਨ੍ਹਾਂ ਲਈ ਵੀ ਪੋਲ ਦੇ ਨਤੀਜੇ ਚੰਗੇ ਨਹੀਂ ਦਿਖ ਰਹੇ।"

ਕੀ ਪਹਿਲਾਂ ਵੀ ਅਜਿਹਾ ਕੁਝ ਹੋਇਆ ਹੈ?

ਸਾਬਕਾ ਰਾਸ਼ਟਰਪਤੀ ਜੋਅ ਬਾਈਡਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਬਕਾ ਰਾਸ਼ਟਰਪਤੀ ਜੋਅ ਬਾਈਡਨ 'ਤੇ ਵੋਟ ਖਰੀਦਣ ਦਾ ਇਲਜ਼ਾਮ ਲਗਾਇਆ ਗਿਆ ਸੀ, ਜਦੋਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜੇ ਜਨਵਰੀ 2021 ਵਿੱਚ ਜਾਰਜੀਆ ਵਿੱਚ ਦੋ ਡੈਮੋਕ੍ਰੈਟਿਕ ਉਮੀਦਵਾਰ ਅਮਰੀਕੀ ਸੈਨੇਟ ਦੀ ਚੋਣ ਜਿੱਤਦੇ ਹਨ, ਤਾਂ ਉਹ ਅਮਰੀਕੀਆਂ ਨੂੰ 2,000 ਡਾਲਰ ਦੇ ਕੋਵਿਡ ਸਟਿਮੂਲਸ ਚੈੱਕ ਦੇਣਗੇ (ਫਾਈਲ ਫੋਟੋ)

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਇਸ ਤਰ੍ਹਾਂ ਦੇ ਭੁਗਤਾਨ ਜਾਂ ਪੈਸੇ ਦੇਣ ਦਾ ਵਾਅਦਾ ਕੀਤਾ ਹੈ - ਉਨ੍ਹਾਂ ਨੇ ਪਹਿਲਾਂ ਵੀ ਟੈਰਿਫ਼ ਤੋਂ ਹੋਣ ਵਾਲੀ ਕਮਾਈ ਨਾਲ 2,000 ਡਾਲਰ ਦੇ ਚੈੱਕ ਦੇਣ ਦਾ ਪ੍ਰਸਤਾਵ ਦਿੱਤਾ ਸੀ। ਇਹ ਭੁਗਤਾਨ ਕਦੇ ਨਹੀਂ ਹੋ ਸਕੇ।

ਸਾਬਕਾ ਰਾਸ਼ਟਰਪਤੀ ਜੋਅ ਬਾਈਡਨ 'ਤੇ ਵੋਟ ਖਰੀਦਣ ਦਾ ਇਲਜ਼ਾਮ ਲਗਾਇਆ ਗਿਆ ਸੀ, ਜਦੋਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜੇ ਜਨਵਰੀ 2021 ਵਿੱਚ ਜਾਰਜੀਆ ਵਿੱਚ ਦੋ ਡੈਮੋਕ੍ਰੈਟਿਕ ਉਮੀਦਵਾਰ ਅਮਰੀਕੀ ਸੈਨੇਟ ਦੀ ਚੋਣ ਜਿੱਤਦੇ ਹਨ, ਤਾਂ ਉਹ ਅਮਰੀਕੀਆਂ ਨੂੰ 2,000 ਡਾਲਰ ਦੇ ਕੋਵਿਡ ਸਟਿਮੂਲਸ ਚੈੱਕ ਦੇਣਗੇ।

2024 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵੀ ਕਾਨੂੰਨੀ ਵੈਧਤਾ ਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਜਦੋਂ ਅਰਬਪਤੀ ਅਤੇ ਟਰੰਪ ਦੇ ਸਮਰਥਕ ਇਲੋਨ ਮਸਕ ਨੇ ਸੱਤ 'ਸਵਿੰਗ ਸਟੇਟਸ' (ਅਜਿਹੇ ਸੂਬੇ ਜਿੱਥੇ ਕਿਸੇ ਵੀ ਪਾਰਟੀ ਦੀ ਜਿੱਤ ਹੋ ਸਕਦੀ ਹੈ) ਵਿੱਚ ਰਜਿਸਟਰਡ ਵੋਟਰਾਂ ਨੂੰ ਇੱਕ ਖਾਸ ਪਟੀਸ਼ਨ 'ਤੇ ਦਸਤਖ਼ਤ ਕਰਨ ਦੇ ਬਦਲੇ ਨਕਦ ਇਨਸੈਂਟਿਵ ਦੇਣ ਦੀ ਪੇਸ਼ਕਸ਼ ਕੀਤੀ ਸੀ।

ਐਡੀਸ਼ਨਲ ਰਿਪੋਰਟਿੰਗ - ਬਰਨਡ ਡੇਬਸਮਨ ਜੂਨੀਅਰ, ਵ੍ਹਾਈਟ ਹਾਊਸ ਰਿਪੋਰਟਰ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)