ਅੰਮ੍ਰਿਤ ਦਾਲਮ ਕੌਣ ਹੈ, ਜਿਸ ਨੂੰ ਪੰਜਾਬ ਪੁਲਿਸ ਯੂਰਪ ਤੋਂ ਹਵਾਲਗੀ ਕਰਕੇ ਭਾਰਤ ਲਿਆਈ, ਕਿਹੜੇ ਅਪਰਾਧਾਂ 'ਚ ਰਿਹਾ ਸ਼ਾਮਲ ਤੇ ਪੁਲਿਸ ਨੇ ਕੀ ਦੱਸਿਆ

ਤਸਵੀਰ ਸਰੋਤ, Punjab Police
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਪੰਜਾਬ ਪੁਲਿਸ 'ਆਪ੍ਰੇਸ਼ਨ ਈਸਟਰਨ ਰੀਚ' ਤਹਿਤ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਦਾਲਮ ਨੂੰ ਯੂਰਪ ਤੋਂ ਹਵਾਲਗੀ ਕਰਕੇ ਭਾਰਤ ਲੈ ਕੇ ਆਈ ਹੈ।
ਇਸ ਆਪ੍ਰੇਸ਼ਨ ਦੀ ਟੀਮ ਦੀ ਅਗਵਾਈ ਕਰਨ ਵਾਲੇ ਏਜੀਟੀਐੱਫ ਐੱਸਪੀ ਬਿਕਰਮਜੀਤ ਸਿੰਘ ਬਰਾੜ ਮੁਤਾਬਕ, ਆਪ੍ਰੇਸ਼ਨ ਈਸਟਰਨ ਰੀਚ ਪੰਜਾਬ ਸਰਕਾਰ ਦੁਆਰਾ ਚਲਾਈ ਗਈ 'ਗੈਂਗਸਟਰ 'ਤੇ ਵਾਰ' ਮੁਹਿੰਮ ਤਹਿਤ ਇੱਕ ਸਪੈਸ਼ਲ ਮੁਹਿੰਮ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਐਕਸ ਤੇ ਸਾਂਝਾ ਕੀਤੀ ਗਈ ਜਾਣਕਾਰੀ ਮੁਤਾਬਕ, ਅੰਮ੍ਰਿਤ ਦਾਲਮ ਜੱਗੂ ਭਗਵਾਨਪੁਰੀਆ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਹੈ, ਜੋ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ, ਜਿਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਅਤੇ ਆਰਮਜ਼ ਐਕਟ ਤਹਿਤ ਅਪਰਾਧ, ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਅਪਰਾਧ ਸ਼ਾਮਿਲ ਹਨ।
ਅਧਿਕਾਰੀਆਂ ਮੁਤਾਬਕ, ਅੰਮ੍ਰਿਤ ਦਾਲਮ ਅਕਤੂਬਰ 2024 ਵਿੱਚ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜ ਗਿਆ ਸੀ ਅਤੇ ਪੰਜਾਬ ਪੁਲਿਸ ਨੇ ਉਸ ਵਿਰੁੱਧ 'ਰੈੱਡ ਨੋਟਿਸ' ਜਾਰੀ ਕੀਤਾ ਸੀ।
ਵਿਦੇਸ਼ ਵਿੱਚ ਰਹਿਣ ਦੌਰਾਨ ਖੂਫੀਆਂ ਏਜੰਸੀਆਂ ਨੇ ਉਸ 'ਤੇ ਨਜ਼ਰ ਬਣਾ ਕੇ ਰੱਖੀ ਹੋਈ ਸੀ ਅਤੇ ਲਗਭਗ 6 ਮਹੀਨੇ ਚੱਲੀ ਮੁਹਿੰਮ ਤੋਂ ਬਾਅਦ ਪੁਲਿਸ ਉਸ ਨੂੰ ਕਾਬੂ ਕਰਨ ਵਿੱਚ ਕਾਮਯਾਬ ਰਹੀ।
ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਪੁਲਿਸ ਕਿਸੇ ਯੂਰਪੀ ਦੇਸ਼ ਤੋਂ ਹਵਾਲਗੀ ਕਰਦਿਆਂ ਕਿਸੇ ਗੈਂਗਸਟਰ ਨੂੰ ਭਾਰਤ ਲੈ ਕੇ ਆਈ ਹੈ।
ਡੀਜੀਪੀ ਗੌਰਵ ਯਾਦਵ ਨੇ ਕੀ-ਕੀ ਦੱਸਿਆ

ਤਸਵੀਰ ਸਰੋਤ, @DGPPunjabPolice / X
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੱਗੂ ਭਗਵਾਨਪੁਰੀਆ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਅੰਮ੍ਰਿਤ ਦਾਲਮ ਨੂੰ 'ਆਪ੍ਰੇਸ਼ਨ ਈਸਟਰਨ ਰੀਚ' ਤਹਿਤ ਪੰਜਾਬ ਪੁਲਿਸ ਦੀ ਇੱਕ ਟੀਮ ਨੇ ਸ਼ੁੱਕਰਵਾਰ ਨੂੰ ਯੂਰਪ ਤੋਂ ਹਵਾਲਗੀ ਕਰਕੇ ਭਾਰਤ ਲਿਆਂਦਾ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਐਕਸ ਤੇ ਸਾਂਝਾ ਕੀਤੀ ਗਈ ਜਾਣਕਾਰੀ ਮੁਤਾਬਕ, "ਯੂਰਪੀ ਦੇਸ਼ ਤੋਂ ਪਹਿਲੀ ਵਾਰ ਹਵਾਲਗੀ ਕਰਦਿਆਂ ਪੰਜਾਬ ਪੁਲੀਸ ਨੇ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਅਤੇ ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (ਓਫ਼ਟੈੱਕ) ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਜੱਗੂ ਭਗਵਾਨਪੁਰੀਆ ਗੈਂਗ ਦੇ ਅਹਿਮ ਮੈਂਬਰ ਅਤੇ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ (ਉਰਫ਼ ਅੰਮ੍ਰਿਤ ਦਲਮ) ਦੀ ਮੋਲਡੋਵਾ ਗਣਰਾਜ ਤੋਂ ਹਵਾਲਗੀ ਕਰਵਾਈ ਹੈ।"
ਮੋਲਡੋਵਾ ਪੂਰਬੀ ਯੂਰਪ ਵਿੱਚ ਸਥਿਤ ਇੱਕ ਦੇਸ਼ ਹੈ ਜਿਸ ਦੀ ਸਰਹੱਦ ਰੋਮਾਨੀਆ ਅਤੇ ਯੂਕਰੇਨ ਨਾਲ ਲੱਗਦੀ ਹੈ।
ਉਨ੍ਹਾਂ ਮੁਤਾਬਕ, ਅੰਮ੍ਰਿਤ ਦਾਲਮ 'ਏ' ਸ਼੍ਰੇਣੀ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕਰੀਬੀ ਸਾਥੀ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੀ ਚਾਰ ਮੈਂਬਰੀ ਟੀਮ, ਜਿਸ ਦੀ ਅਗਵਾਈ ਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਕੀਤੀ ਅਤੇ ਜਿਸ ਵਿੱਚ ਇੰਸਪੈਕਟਰ ਪੁਸ਼ਵਿੰਦਰ ਸਿੰਘ, ਸਬ-ਇੰਸਪੈਕਟਰ ਜਸਪ੍ਰੀਤ ਸਿੰਘ ਅਤੇ ਏਐਸਆਈ ਵਰਿੰਦਰ ਕੁਮਾਰ ਸ਼ਾਮਿਲ ਸਨ, ਨੇ ਇਸ ਹਵਾਲਗੀ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ।
ਅੰਮ੍ਰਿਤ ਦਾਲਮ ਭਾਰਤ ਕਿਵੇਂ ਲਿਆਂਦਾ ਗਿਆ

ਤਸਵੀਰ ਸਰੋਤ, Punjab Police
ਪੰਜਾਬ ਪੁਲਿਸ ਵੱਲੋਂ ਸਾਂਝਾ ਕੀਤੀ ਗਈ ਜਾਣਕਾਰੀ ਮੁਤਾਬਕ, ਅੰਮ੍ਰਿਤ ਦਾਲਮ ਨੂੰ 24 ਫਰਵਰੀ 2026 ਨੂੰ ਮੋਲਡੋਵਾ ਦੇ ਅਧਿਕਾਰੀਆਂ ਨੇ ਉਦੋਂ ਹਿਰਾਸਤ ਵਿੱਚ ਲਿਆ ਸੀ, ਜਦੋਂ ਉਹ ਓਟਾਸੀ ਸਰਹੱਦ ਤੋਂ ਯੂਕਰੇਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਸ ਤੋਂ ਬਾਅਦ ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (ਓਫਟੈਕ) ਪੰਜਾਬ ਰਾਹੀਂ ਉਸ ਵਿਰੁੱਧ ਹਵਾਲਗੀ ਦੀ ਕਾਰਵਾਈ ਸ਼ੁਰੂ ਕੀਤੀ ਗਈ।
ਇਸ ਪ੍ਰਕਿਰਿਆ ਦੌਰਾਨ 'ਕੋਰਟ ਆਫ਼ ਚਿਸੀਨਾਉ' ਨੇ 26 ਮਈ 2026 ਨੂੰ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ।
ਹਵਾਲਗੀ ਦੇ ਹੁਕਮ ਵਿਰੁੱਧ ਉਸ ਦੀ ਅਪੀਲ ਨੂੰ ਵੀ 'ਕੋਰਟ ਆਫ਼ ਅਪੀਲ ਸੈਂਟਰੂ' ਨੇ 16 ਜੁਲਾਈ 2026 ਨੂੰ ਖਾਰਜ ਕਰ ਦਿੱਤਾ, ਜਿਸ ਨਾਲ ਹਵਾਲਗੀ ਦਾ ਹੁਕਮ ਅੰਤਿਮ ਹੋ ਗਿਆ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਹਵਾਲਗੀ ਦੇ ਹੁਕਮ ਤੋਂ ਬਾਅਦ, ਮੁਲਜ਼ਮ ਨੂੰ ਵਾਪਸ ਭਾਰਤ ਲਿਆਉਣ ਲਈ ਪੰਜਾਬ ਪੁਲਿਸ ਦੀ ਚਾਰ ਮੈਂਬਰੀ ਟੀਮ ਮੋਲਡੋਵਾ ਭੇਜੀ ਗਈ ਸੀ।
ਐੱਸਪੀ (ਏਜੀਟੀਐਫ) ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਇਸ ਟੀਮ ਵਿੱਚ ਇੰਸਪੈਕਟਰ ਪੁਸ਼ਵਿੰਦਰ ਸਿੰਘ, ਐੱਸਆਈ ਜਸਪ੍ਰੀਤ ਸਿੰਘ ਅਤੇ ਏਐੱਸਆਈ ਵਰਿੰਦਰ ਕੁਮਾਰ ਸ਼ਾਮਿਲ ਸਨ।
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੀ ਇੱਕ ਟੀਮ ਨੇ ਸ਼ੁੱਕਰਵਾਰ ਨੂੰ ਮੋਲਡੋਵਾ ਦੇ ਚਿਸੀਨਾਉ ਹਵਾਈ ਅੱਡੇ 'ਤੇ ਮੁਲਜ਼ਮ ਅੰਮ੍ਰਿਤ ਦਾਲਮ ਨੂੰ ਹਿਰਾਸਤ ਵਿੱਚ ਲਿਆ ਅਤੇ ਉਸਨੂੰ ਲੈਕੇ ਸ਼ਨੀਵਾਰ ਸਵੇਰੇ ਨਵੀਂ ਦਿੱਲੀ ਦੇ ਆਈਜੀਆਈ ਹਵਾਈ ਅੱਡੇ 'ਤੇ ਪਹੁੰਚੇ।
ਪੰਜਾਬ ਦੇ ਡੀਜੀਪੀ ਨੇ ਕਿਹਾ, "ਇਹ ਪੰਜਾਬ ਪੁਲਿਸ ਵੱਲੋਂ ਕਿਸੇ ਯੂਰਪੀ ਦੇਸ਼ ਤੋਂ ਹਾਸਿਲ ਕੀਤੀ ਗਈ ਪਹਿਲੀ ਹਵਾਲਗੀ ਹੈ, ਜੋ ਸੰਗਠਿਤ ਅਪਰਾਧ ਵਿਰੁੱਧ ਸਾਡੀ ਲੜਾਈ ਵਿੱਚ ਇੱਕ ਅਹਿਮ ਮੀਲ-ਪੱਥਰ ਸਾਬਿਤ ਹੋਈ ਹੈ।"
ਉਨ੍ਹਾਂ ਦੱਸਿਆ ਕਿ ਇਹ ਕਾਰਵਾਈ 'ਆਪ੍ਰੇਸ਼ਨ ਈਸਟਰਨ ਰੀਚ' ਦਾ ਹਿੱਸਾ ਹੈ, ਇਹ ਖੁਫੀਆ ਜਾਣਕਾਰੀ 'ਤੇ ਅਧਾਰਿਤ ਇੱਕ ਅੰਤਰਰਾਸ਼ਟਰੀ ਮੁਹਿੰਮ ਸੀ ਜੋ ਛੇ ਮਹੀਨਿਆਂ ਤੱਕ ਚੱਲੀ।
ਕੌਣ ਹੈ ਅੰਮ੍ਰਿਤ ਦਾਲਮ ਤੇ ਕਿਹੜੇ ਮਾਮਲਿਆਂ ਵਿੱਚ ਲੋੜੀਂਦਾ ਹੈ

ਤਸਵੀਰ ਸਰੋਤ, Punjab Police
ਅਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ, ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਪੈਂਦੇ ਦਾਲਮ ਪਿੰਡ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ, ਉਹ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਕਰੀਬੀਆਂ ਵਿੱਚੋਂ ਇੱਕ ਹੈ।
ਏਜੀਟੀਐੱਫ ਦੇ ਏਡੀਜੀਪੀ ਪ੍ਰਮੋਦ ਬਾਨ ਮੁਤਾਬਕ, ਅੰਮ੍ਰਿਤ ਦਾਲਮ ਘੱਟੋ-ਘੱਟ ਸੱਤ ਕਤਲ ਕੇਸਾਂ ਵਿੱਚ ਲੋੜੀਂਦਾ ਹੈ।
ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ, "ਅੰਮ੍ਰਿਤ ਦਾਲਮ 2019 ਵਿੱਚ ਬਟਾਲਾ ਵਿੱਚ ਦਲਬੀਰ ਸਿੰਘ ਦਾ ਕਤਲ, 2024 ਵਿੱਚ ਹੁਸ਼ਿਆਰਪੁਰ ਵਿੱਚ ਅਮਰਜੀਤ ਲਾਲ ਅਤੇ ਕਸ਼ਮੀਰੀ ਲਾਲ ਦਾ ਦੋਹਰਾ ਕਤਲ, 2025 ਵਿੱਚ ਧਰਮਜੀਤ ਸਿੰਘ ਉਰਫ਼ ਧਰਮਾ ਦਾ ਕਤਲ, 2025 ਵਿੱਚ ਕਨਵ ਮਹਾਜਨ ਅਤੇ ਸਰਬਜੀਤ ਸਿੰਘ ਕਾਕਾ ਦਾ ਦੋਹਰਾ ਕਤਲ, 2025 ਵਿੱਚ ਜਸਦੀਪ ਸਿੰਘ ਉਰਫ ਦੀਪ ਚੀਮਾ ਦਾ ਕਤਲ ਕਾਂਡ ਵਿੱਚ ਲੋੜੀਂਦਾ ਸੀ।"

ਉਨ੍ਹਾਂ ਦੱਸਿਆ ਕਿ ਅੰਮ੍ਰਿਤ ਦਾਲਮ ਅਕਤੂਬਰ 2024 ਵਿੱਚ ਕੁਰੂਕਸ਼ੇਤਰ (ਹਰਿਆਣਾ) ਦੇ ਰਹਿਣ ਵਾਲੇ ਹੀਰਾ ਸਿੰਘ ਦੇ ਬੇਟੇ ਗੁਰਪਾਲ ਦੀ ਸੂਚਨਾ ਦੀ ਵਰਤੋਂ ਕਰਕੇ ਬਣਾਏ ਗਏ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜ ਗਿਆ ਸੀ।
ਏਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤ ਦਾਲਮ ਦੇ ਫਰਾਰ ਹੋਣ ਮਗਰੋਂ ਉਸ ਦੀਆਂ ਗਤੀਵਿਧੀਆਂ 'ਤੇ ਕਈ ਦੇਸ਼ਾਂ ਵਿੱਚ ਨਜ਼ਰ ਰੱਖੀ ਗਈ ਸੀ।
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਮੁਲਜ਼ਮ ਵਿਰੁੱਧ 'ਰੈੱਡ ਨੋਟਿਸ' ਜਾਰੀ ਕੀਤਾ ਸੀ ਅਤੇ ਸਮੇਂ-ਸਮੇਂ 'ਤੇ ਕੇਂਦਰੀ ਏਜੰਸੀਆਂ ਨਾਲ ਉਸ ਦੇ ਜਾਅਲੀ ਪਾਸਪੋਰਟ ਅਤੇ ਟਿਕਾਣਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ, ਜਿਸ ਨਾਲ ਅੰਤ ਵਿੱਚ ਉਸ ਦੀ ਹਵਾਲਗੀ ਸੰਭਵ ਹੋ ਸਕੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































