ਪੰਜਾਬ 'ਚ ਕਾਕਰੋਚ ਜਨਤਾ ਪਾਰਟੀ ਵੱਲੋਂ ਸਰਕਾਰੀ ਸਕੂਲਾਂ ਦੇ ਦੌਰੇ 'ਤੇ 'ਪ੍ਰਚਾਰ' ਦੇ ਇਲਜ਼ਾਮ ਕਿਉਂ ਲੱਗੇ, ਸੀਜੇਪੀ ਨੇ ਕੀ ਜਵਾਬ ਦਿੱਤਾ

ਤਸਵੀਰ ਸਰੋਤ, Saurav Das/Instagram
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਕਾਕਰੋਚ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਦੌਰਾ ਕੀਤੇ ਜਾਣ ਮਗਰੋਂ ਵਿਰੋਧੀ ਪਾਰਟੀਆਂ ਵੱਲੋਂ ਇਸ ਉੱਤੇ 'ਆਪ' ਦਾ ਪ੍ਰਚਾਰ ਕਰਨ ਦੇ ਇਲਜ਼ਾਮ ਲਾਏ ਜਾ ਰਹੇ ਹਨ।
ਦਰਅਸਲ, ਸੀਜੇਪੀ ਦੀ ਟੀਮ ਵੱਲੋਂ ਇੱਕ ਵੀਡੀਓ ਪਾ ਕੇ ਦੱਸਿਆ ਗਿਆ ਕਿ ਉਨ੍ਹਾਂ ਨੇ ਪੰਜਾਬ ਦੇ ਸਕੂਲਾਂ ਦਾ 'ਸੋਸ਼ਲ ਆਡਿਟ' ਕੀਤਾ ਹੈ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੀਜੇਪੀ ਦੀ ਟੀਮ ਲੁਧਿਆਣਾ ਜ਼ਿਲ੍ਹੇ ਦੇ ਤਿੰਨ ਸਕੂਲਾਂ ਵਿੱਚ ਜਾਂਦੀ ਹੈ।
ਸੀਜੇਪੀ ਦੇ ਸਹਿ ਕਨਵੀਨਰ ਸੌਰਵ ਦਾਸ ਵੱਲੋਂ ਸਕੂਲ ਆਫ ਐਮੀਨੈਂਸ ਦੀ ਤਾਰੀਫ਼ ਕੀਤੀ ਗਈ, ਜਦਕਿ ਬਾਕੀ ਸਕੂਲਾਂ ਵਿੱਚ ਪੁਰਾਣੀਆਂ ਇਮਾਰਤਾਂ, ਕੁੜੀਆਂ ਦੇ ਬਾਥਰੂਮਾਂ ਦੀਆਂ ਦਿੱਕਤਾਂ ਬਾਰੇ ਗੱਲ ਕੀਤੀ ਗਈ ਅਤੇ ਮਿਡ-ਡੇਅ ਮੀਲ ਮੁਲਾਜ਼ਮਾਂ ਦੀ ਘੱਟ ਤਨਖ਼ਾਹ ਦਾ ਮੁੱਦਾ ਚੁੱਕਿਆ ਗਿਆ।
ਇਸ ਮਗਰੋਂ ਉਨ੍ਹਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਵੀ ਮੁਲਾਕਾਤ ਕੀਤੀ। 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ 'ਆਪ' ਆਗੂ ਮਨੀਸ਼ ਸਿਸੋਦੀਆ ਨੇ ਵੀ ਸੀਜੇਪੀ ਦੇ ਸੁਝਾਵਾਂ ਦਾ ਧੰਨਵਾਦ ਕੀਤਾ।
ਇਸ ਦੌਰੇ ਮਗਰੋਂ ਰਵਨੀਤ ਬਿੱਟੂ, ਸੁਖਪਾਲ ਖਹਿਰਾ ਦੇ ਨਾਲ-ਨਾਲ ਅਧਿਆਪਕ ਜਥੇਬੰਦੀਆਂ ਵੱਲੋਂ ਵੀ ਸਵਾਲ ਚੁੱਕੇ ਗਏ ਹਨ ਅਤੇ ਇਸ ਨੂੰ 'ਸਿਆਸਤ ਨਾਲ ਜੁੜੀ ਮਸ਼ਹੂਰੀ' ਦੱਸਿਆ ਗਿਆ ਹੈ।
ਸੋਸ਼ਲ ਮੀਡੀਆ ਉੱਤੇ ਕੁਝ ਯੂਜ਼ਰਸ ਵੱਲੋਂ ਇਸ ਗੱਲ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਕਿ ਸੀਜੇਪੀ ਵੱਲੋਂ ਮਹਾਰਾਸ਼ਟਰ ਅਤੇ ਰਾਜਸਥਾਨ ਵਿੱਚ ਜਿੱਥੇ ਦੂਰ-ਦੁਰਾਡੇ ਪਿੰਡਾਂ ਵਿਚਲੇ ਸਕੂਲਾਂ ਦਾ ਦੌਰਾ ਕੀਤਾ ਗਿਆ, ਉੱਥੇ ਹੀ ਪੰਜਾਬ ਦੇ ਕੇਂਦਰੀ ਅਤੇ ਵਿਕਸਿਤ ਜ਼ਿਲ੍ਹੇ ਲੁਧਿਆਣੇ ਦੀ ਚੋਣ ਕੀਤੀ ਗਈ।
ਸੌਰਵ ਦਾਸ ਨੇ ਬੀਬੀਸੀ ਨੂੰ ਦਿੱਤੀ ਆਪਣੀ ਪ੍ਰਤੀਕਿਰਿਆ ਵਿੱਚ ਕਿਹਾ ਕਿ ਇਸ ਪੂਰੀ ਮੁਹਿੰਮ ਦਾ ਮਕਸਦ ਲੋਕਾਂ ਦੀ ਹਿੱਸੇਦਾਰੀ ਹੈ ਅਤੇ ਜਿਹੜੇ ਲੋਕ ਇਸ ਦੌਰੇ ਦੀ ਆਲੋਚਨਾ ਕਰ ਰਹੇ ਹਨ, ਉਨ੍ਹਾਂ ਨੂੰ ਖੁਦ ਵੀ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਸਕੂਲਾਂ ਦੀਆਂ ਕਮੀਆਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ।

ਵਿਰੋਧੀਆਂ ਨੇ ਕੀ ਸਵਾਲ ਚੁੱਕੇ
ਐਕਸ ਉੱਤੇ ਪਾਈ ਪੋਸਟ ਵਿੱਚ ਸੀਜੇਪੀ ਦੇ ਸੌਰਵ ਦਾਸ ਨੇ ਲਿਖਿਆ, "ਕਾਕਰੋਚ ਜਨਤਾ ਪਾਰਟੀ ਦੀ ਟੀਮ ਲੁਧਿਆਣਾ ਸਕੂਲ ਦਾ ਆਡਿਟ ਕਰਨ ਲਈ ਪਹੁੰਚੀ। ਸਕੂਲ ਆਫ ਐਮੀਨੈਂਸ ਤੋਂ ਟੀਮ ਪ੍ਰਭਾਵਿਤ ਹੋਈ, 20 ਦੇ ਵਿੱਚੋਂ ਬਹੁਤੇ ਪੁਆਇੰਟ ਸਕਾਰਾਤਮਕ ਸਨ।"
"ਪਰ ਦਿੱਕਤਾਂ ਵੀ ਦੇਖੀਆਂ ਗਈਆਂ। ਅਸੀਂ ਇਹ ਦਿੱਕਤਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਦੱਸੀਆਂ, ਜੋ ਸਾਨੂੰ ਮਿਲਣ ਲਈ ਰਾਜ਼ੀ ਹੋ ਗਏ। ਅਸੀਂ ਇਹ ਮੰਗ ਕੀਤੀ ਕਿ ਦਿੱਕਤਾਂ ਦਾ ਤੁਰੰਤ ਹੱਲ ਕੀਤਾ ਜਾਵੇ। ਮੰਤਰੀ ਨੇ ਸਾਨੂੰ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ।"
ਵੀਡੀਓ ਵਿੱਚ ਸੀਜੇਪੀ ਦੀ ਟੀਮ ਨੇ ਇੱਕ ਸਕੂਲ ਵਿੱਚ ਕੁੜੀਆਂ ਦੇ ਬਾਥਰੂਮਾਂ ਦੇ ਦਰਵਾਜ਼ੇ ਨਾ ਹੋਣ ਦਾ ਵੀ ਜ਼ਿਕਰ ਕੀਤਾ ਅਤੇ ਮਿਡ-ਡੇਅ ਮੀਲ ਬਣਾਉਣ ਵਾਲੇ ਮੁਲਾਜ਼ਮਾਂ ਦੀ ਘੱਟ ਤਨਖ਼ਾਹ ਦਾ ਵੀ ਜ਼ਿਕਰ ਕੀਤਾ।
ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਐੱਮਪੀ ਰਹਿ ਚੁੱਕੇ ਅਤੇ ਹੁਣ ਭਾਜਪਾ ਦੇ ਆਗੂ ਰਵਨੀਤ ਸਿੰਘ ਬਿੱਟੂ ਦੇ ਨਾਲ-ਨਾਲ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਸੀਜੇਪੀ ਦੇ ਦੌਰੇ ਉੱਤੇ ਸਵਾਲ ਚੁੱਕੇ ਗਏ।

ਤਸਵੀਰ ਸਰੋਤ, X/ravneetbittu
ਰਵਨੀਤ ਸਿੰਘ ਬਿੱਟੂ ਨੇ ਅਰਵਿੰਦ ਕੇਜਰੀਵਾਲ ਦੀ ਪੋਸਟ ਨੂੰ ਸਾਂਝੀ ਕਰਦੇ ਹੋਏ ਲਿਖਿਆ, "ਇਹ ਸ਼ਾਸਨ ਦੇ ਨਾਂ 'ਤੇ ਰਚਿਆ ਗਿਆ ਇੱਕ ਦਿਖਾਵਟੀ ਪੀਆਰ ਤਮਾਸ਼ਾ ਹੈ। ਜਦੋਂ ਦਿਖਾਉਣ ਲਈ ਕੋਈ ਅਸਲ ਕੰਮ ਨਹੀਂ ਹੁੰਦਾ, ਤਾਂ ਸਟੇਜ ਕੀਤੇ ਹੋਏ ਦ੍ਰਿਸ਼ ਹੀ ਸਰਕਾਰ ਦੀ ਇੱਕੋ-ਇੱਕ ਉਪਲਬਧੀ ਬਣ ਜਾਂਦੇ ਹਨ।"
ਉਨ੍ਹਾਂ ਨੇ ਇੱਕ ਅਖ਼ਬਾਰ ਦੀ ਖ਼ਬਰ ਵੀ ਸਾਂਝੀ ਕੀਤੀ, ਜਿਸ ਵਿੱਚ ਜ਼ਿਕਰ ਸੀ ਕਿ ਲੁਧਿਆਣਾ ਜ਼ਿਲ੍ਹੇ ਵਿੱਚ 125 ਦੇ ਕਰੀਬ ਪ੍ਰਾਇਮਰੀ ਸਕੂਲ ਇੱਕ ਅਧਿਆਪਕ ਨਾਲ ਹੀ ਚੱਲ ਰਹੇ ਹਨ।
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੀਜੇਪੀ ਅਤੇ ਸੌਰਵ ਦਾਸ ਨੂੰ 'ਆਪ' ਦੀ ਬੀ-ਟੀਮ ਦੱਸਿਆ।
ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਕਹਿਣ 'ਤੇ ਪੰਜਾਬ ਵਿੱਚ ਪ੍ਰਚਾਰਕ ਗਤੀਵਿਧੀਆਂ ਕਰਨ ਦੀ ਕੋਸ਼ਿਸ਼ ਨਾ ਕਰੋ। ਇਸ ਦੀ ਥਾਂ ਹਰਜੋਤ ਬੈਂਸ ਦੇ ਅਧੀਨ ਸਿੱਖਿਆ ਦੀ ਅਸਲ ਤਰਸਯੋਗ ਹਾਲਤ ਦਿਖਾਉਣ ਦੀ ਕੋਸ਼ਿਸ਼ ਕਰੋ
'ਪੰਜਾਬ ਦੇ ਲੋਕ ਆਪ ਸਰਕਾਰੀ ਸਕੂਲਾਂ ਦਾ ਆਡਿਟ ਕਰਨ'

ਤਸਵੀਰ ਸਰੋਤ, X/SauravDas
ਸੀਜੇਪੀ ਦੇ ਆਗੂ ਸੌਰਵ ਦਾਸ ਨੇ ਆਲੋਚਨਾ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਲੁਧਿਆਣਾ ਵਿੱਚ ਸਾਨੂੰ ਅਜਿਹੇ ਸਕੂਲ ਮਿਲੇ, ਜਿਨ੍ਹਾਂ ਦਾ ਬੁਨਿਆਦੀ ਢਾਂਚਾ 1936 ਅਤੇ 1995 ਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਸਰਕਾਰ ਨੂੰ ਨਵੀਆਂ ਇਮਾਰਤਾਂ ਬਣਾਉਣ ਲਈ ਕਿਹਾ। ਇਸ ਲਈ ਮੈਨੂੰ ਪੂਰਾ ਯਕੀਨ ਹੈ ਕਿ ਹੋਰ ਜ਼ਿਲ੍ਹਿਆਂ ਵਿੱਚ ਵੀ ਸਮੱਸਿਆਵਾਂ ਵਾਲੇ ਸਕੂਲ ਹੋਣਗੇ। ਇਸ ਦੇ ਨਾਲ ਹੀ, ਸਕੂਲ ਆਫ ਐਮੀਨੈਂਸ ਪ੍ਰਭਾਵਸ਼ਾਲੀ ਲੱਗਿਆ। ਅਸੀਂ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਹਰ ਥਾਂ ਅਜਿਹੇ ਸਕੂਲ ਬਣਾਏ ਜਾਣ। ਪਰ ਬੇਸ਼ੱਕ, ਸੂਬੇ ਸਿਰ ਕਰਜ਼ੇ ਦੀ ਸਮੱਸਿਆ ਵੀ ਹੈ।"
ਉਨ੍ਹਾਂ ਅੱਗੇ ਕਿਹਾ, "ਸਾਡੀ 'ਸਕੂਲ ਠੀਕ ਕਰੋ' ਮੁਹਿੰਮ ਨੂੰ ਲਗਭਗ ਇੱਕ ਮਹੀਨਾ ਹੋਣ ਵਾਲਾ ਹੈ। ਸਾਡੀ ਟੀਮ ਦਾ ਸਕੂਲਾਂ ਦਾ ਦੌਰਾ ਕਰਨ ਦਾ ਮਕਸਦ ਹੋਰਨਾਂ ਲੋਕਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕਰਨਾ ਸੀ।"
ਅਧਿਆਪਕ ਜਥੇਬੰਦੀ ਨੇ ਕੀ ਕਿਹਾ?

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਅਰਵਿੰਦ ਕੇਜਰੀਵਾਲ ਨੇ ਐਕਸ ਉੱਤੇ ਪੋਸਟ ਪਾ ਕੇ ਸੌਰਵ ਦਾਸ ਦਾ ਧੰਨਵਾਦ ਕੀਤਾ ਅਤੇ ਕਮੀਆਂ ਸੁਧਾਰਨ ਦੀ ਗੱਲ ਕਹੀ।
ਹਰਜੋਤ ਬੈਂਸ ਨੇ ਲਿਖਿਆ, "ਅਸੀਂ ਫੀਡਬੈਕ ਦਾ ਸਵਾਗਤ ਕਰਦੇ ਹਾਂ। ਸ਼ਲਾਘਾ ਸਾਨੂੰ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ, ਜਦਕਿ ਕਮੀਆਂ ਸਾਨੂੰ ਸੁਧਾਰ ਕਰਨ ਵਿੱਚ ਮਦਦ ਕਰਦੀਆਂ ਹਨ।"
"ਸਾਡੇ ਸਕੂਲ ਹਮੇਸ਼ਾ ਜਨਤਕ ਆਡਿਟ ਲਈ ਖੁੱਲ੍ਹੇ ਹਨ ਅਤੇ ਅਸੀਂ ਆਪਣੀਆਂ ਕਮੀਆਂ ਨੂੰ ਸਵੀਕਾਰ ਕਰਨ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਵੀ ਹਮੇਸ਼ਾ ਤਿਆਰ ਹਾਂ।"
ਇੱਕ ਅਧਿਆਪਕ ਜਥੇਬੰਦੀ ਦੇ ਆਗੂ ਨੇ ਸਕੂਲ ਵਿੱਚ ਇਸ ਤਰ੍ਹਾਂ ਕਿਸੇ ਸੰਗਠਨ ਨਾਲ ਜੁੜੇ ਲੋਕਾਂ ਦੇ ਦਾਖ਼ਲ ਹੋਣ ਨੂੰ ਗਲਤ ਦੱਸਿਆ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਆਗੂ ਦਲਜੀਤ ਸਮਰਾਲਾ ਨੇ ਕਿਹਾ, "ਕੁਝ ਸਕੂਲਾਂ ਵਿੱਚ ਜਾਣ ਨਾਲ ਸਿੱਖਿਆ ਦੀ ਪੂਰੀ ਸਥਿਤੀ ਸਪਸ਼ਟ ਨਹੀਂ ਹੁੰਦੀ, ਇਸ ਲਈ ਸਿੱਖਿਆ ਬਾਰੇ ਜਾਣਕਾਰੀ ਰੱਖਦੇ ਲੋਕਾਂ ਨਾਲ ਵੀ ਮਿਲਿਆ ਜਾ ਸਕਦਾ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਸਕੂਲਾਂ ਵਿੱਚ ਇਸ ਤਰੀਕੇ ਨਾਲ ਜਾਣਾ ਸਿਆਸਤ ਨਾਲ ਜੁੜਿਆ ਲੱਗਦਾ ਹੈ। ਇਸ ਮਗਰੋਂ ਸਿਆਸੀ ਆਗੂਆਂ ਵੱਲੋਂ ਬਿਆਨ ਦਿੱਤੇ ਜਾਣ ਨਾਲ ਵੀ ਇੰਝ ਹੀ ਪ੍ਰਤੀਤ ਹੁੰਦਾ ਹੈ।"
"ਸਕੂਲਾਂ ਵਿੱਚ ਟੀਚਰਾਂ ਦੀ ਕਮੀ ਹੈ। ਕੀ ਉਨ੍ਹਾਂ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਟੀਚਰਾਂ ਦੀ ਕਮੀ ਹੈ ਜਾਂ ਨਹੀਂ? ਲੁਧਿਆਣਾ ਜ਼ਿਲ੍ਹੇ ਵਿੱਚ ਕਈ ਸਕੂਲ ਹਨ, ਜੋ ਡਬਲ ਸ਼ਿਫਟਾਂ ਵਿੱਚ ਚੱਲ ਰਹੇ ਹਨ। ਪਿਛਲੇ ਸਾਲਾਂ ਦੌਰਾਨ ਅਧਿਆਪਕਾਂ ਦੀਆਂ ਨਾਨ-ਟੀਚਿੰਗ ਡਿਊਟੀਆਂ ਵੀ ਵਧੀਆਂ ਹਨ।"
"ਸਕੂਲੀ ਅਧਿਆਪਕਾਂ ਅਤੇ ਸਕੂਲਾਂ ਨੂੰ ਵੀ ਸਰਕਾਰੀ ਪ੍ਰਚਾਰ ਲਈ ਵਰਤਿਆ ਜਾ ਰਿਹਾ ਹੈ, ਜਿਸ ਨਾਲ ਸਿੱਖਿਆ ਦਾ ਵੀ ਨੁਕਸਾਨ ਹੋਇਆ ਹੈ।"
'ਜੰਤਰ-ਮੰਤਰ ਤੋਂ ਬਾਅਦ ਸਕੂਲ ਠੀਕ ਕਰੋ ਕੰਪੇਨ'

ਤਸਵੀਰ ਸਰੋਤ, Mohar Singh Meena
'ਸਕੂਲ ਠੀਕ ਕਰੋ' ਨਾਮ ਦੀ ਸੀਜੇਪੀ ਮੁਤਾਬਕ ਉਨ੍ਹਾਂ ਦੀ ਨਵੀਂ ਮੁਹਿੰਮ ਦਾ ਮਕਸਦ ਸਰਕਾਰੀ ਸਕੂਲਾਂ ਵਿੱਚ ਢਹਿ ਰਹੇ ਬੁਨਿਆਦੀ ਢਾਂਚੇ ਨੂੰ ਉਜਾਗਰ ਕਰਨਾ ਅਤੇ ਅਧਿਕਾਰੀਆਂ 'ਤੇ ਇਸ ਨੂੰ ਠੀਕ ਕਰਨ ਲਈ ਦਬਾਅ ਬਣਾਉਣਾ ਹੈ।
ਸੀਜੇਪੀ ਮੁਤਾਬਕ ਇਹ ਮੁਹਿੰਮ ਮੁੱਖ ਤੌਰ 'ਤੇ ਪੇਂਡੂ ਸਕੂਲਾਂ ਦੇ ਸੁਧਾਰ ਉੱਤੇ ਕੇਂਦ੍ਰਿਤ ਹੈ।
21 ਅਗਸਤ ਨੂੰ ਕਾਕਰੋਚ ਜਨਤਾ ਪਾਰਟੀ ਦੀ ਇੱਕ ਟੀਮ ਰਾਜਸਥਾਨ ਦੇ ਬਗਰੂ ਵਿਧਾਨ ਸਭਾ ਹਲਕੇ ਦੇ ਇੱਕ ਸਕੂਲ ਵਿੱਚ ਗਈ ਸੀ। ਸੀਜੇਪੀ ਦੇ ਕੌਮੀ ਬੁਲਾਰੇ ਆਸ਼ੂਤੋਸ਼ ਰਾਂਕਾ ਨੇ ਇਸ ਸਕੂਲ ਦੀ ਇਮਾਰਤ ਦੀ ਮਾੜੀ ਹਾਲਤ ਦਾ ਮੁੱਦਾ ਚੁੱਕਿਆ ਸੀ।
ਇਸ ਦੌਰਾਨ ਟੀਮ ਉੱਤੇ ਹਮਲਾ ਵੀ ਹੋਇਆ ਸੀ।
ਅਭਿਜੀਤ ਦੀਪਕੇ ਵੀ ਮਹਾਰਾਸ਼ਟਰ ਦੇ ਪੇਂਡੂ ਇਲਾਕਿਆਂ ਦੇ ਸਕੂਲਾਂ ਵਿੱਚ ਜਾ ਕੇ ਉੱਥੋਂ ਦੇ ਹਾਲਾਤ ਦਿਖਾ ਚੁੱਕੇ ਹਨ।
ਅਭਿਜੀਤ ਦੀਪਕੇ ਨੇ ਸੀਜੇਪੀ ਵੱਲੋਂ ਪੰਜਾਬ ਦੇ ਸਕੂਲਾਂ ਦਾ ਦੌਰਾ ਕੀਤੇ ਜਾਣ ਬਾਰੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ ਗਿਆ, "ਸੌਰਵ ਨੇ ਪੰਜਾਬ ਦੇ ਸਕੂਲਾਂ ਦਾ ਦੌਰਾ ਕੀਤਾ, ਉੱਥੇ ਦੀਆਂ ਕਮੀਆਂ ਨੂੰ ਉਜਾਗਰ ਕੀਤਾ ਅਤੇ ਸਿੱਖਿਆ ਮੰਤਰੀ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ। ਆਸ਼ੂ ਨੇ ਵੀ ਕਰਨਾਟਕ ਵਿੱਚ ਇਹੀ ਕੀਤਾ। ਉੱਥੇ ਵੀ ਸਿੱਖਿਆ ਮੰਤਰੀ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਕਾਰਵਾਈ ਦਾ ਭਰੋਸਾ ਦਿੱਤਾ।"
"ਪਰ ਜਦੋਂ ਅਸੀਂ ਭਾਜਪਾ ਸ਼ਾਸਤ ਸੂਬਿਆਂ ਦੇ ਸਕੂਲਾਂ ਦੀ ਮਾੜੀ ਹਾਲਤ ਨੂੰ ਉਜਾਗਰ ਕਰਦੇ ਹਾਂ ਤਾਂ ਉਹ ਸਾਡੀ ਟੀਮ ਦੇ ਪਿੱਛੇ ਗੁੰਡੇ ਭੇਜ ਦਿੰਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























