ਭਾਰ ਘਟਾਉਣ ਵਾਲੀ ਇੱਕ ਨਵੀਂ ਦਵਾਈ ਜੋ ਬਾਜ਼ਾਰ ’ਚ ਆਈ ਨਹੀਂ, ਪਰ ਬਲੈਕ ਮਾਰਕੀਟ ਵਿੱਚ ਛਾ ਗਈ

ਤਸਵੀਰ ਸਰੋਤ, Tom Davies/MHRA
- ਲੇਖਕ, ਰੂਥ ਕਲੇਗ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਨਵੀਂ ਦਵਾਈ ਬਣਾਉਣ ਨੂੰ ਲੈ ਕੇ ਉਤਸ਼ਾਹ ਅਕਸਰ ਉਸ ਨੂੰ ਵਿਕਸਤ ਕਰਨ ਵਾਲਿਆਂ ਲਈ ਜਸ਼ਨ ਦਾ ਕਾਰਨ ਹੁੰਦਾ ਹੈ, ਖ਼ਾਸ ਕਰਕੇ ਉਦੋਂ ਜਦੋਂ ਸ਼ੁਰੂਆਤੀ ਕਲੀਨਿਕਲ ਟ੍ਰਾਇਲ ਵਿੱਚ ਇਸ ਤੋਂ ਉਮੀਦ ਜਾਗਦੀ ਦਿਖਾਈ ਦੇਵੇ।
ਪਰ ਭਾਰ ਘਟਾਉਣ ਵਾਲੀ ਨਵੀਂ ਦਵਾਈ ਰੇਟਾਟ੍ਰੂਟਾਈਡ, ਨਾ ਸਿਰਫ਼ ਇਸ ਨੂੰ ਬਣਾਉਣ ਵਾਲੀ ਫਾਰਮਾਸਿਊਟੀਕਲ ਕੰਪਨੀ ਐਲੀ ਲਿਲੀ ਲਈ ਸਿਰਦਰਦੀ ਬਣ ਗਈ ਹੈ, ਸਗੋਂ ਬ੍ਰਿਟੇਨ ਅਤੇ ਦੁਨੀਆ ਭਰ ਦੇ ਦਵਾਈ ਰੈਗੂਲੇਟਰਾਂ ਲਈ ਵੀ।
ਇਹ ਟੀਕਾ ਹਾਲੇ ਤੱਕ ਕਿਸੇ ਵੀ ਰੈਗੂਲੇਟਰੀ ਸੰਸਥਾ ਵੱਲੋਂ ਇਨਸਾਨਾਂ ਦੀ ਵਰਤੋਂ ਲਈ ਮਨਜ਼ੂਰ ਨਹੀਂ ਕੀਤਾ ਗਿਆ ਹੈ। ਪਰ ਬਲੈਕ ਮਾਰਕੀਟ ਵਿੱਚ ਰੇਟਾਟ੍ਰੂਟਾਈਡ ਦੀਆਂ ਨਕਲੀ ਅਤੇ ਗ਼ੈਰ-ਕਾਨੂੰਨੀ ਨਕਲਾਂ ਦੀ ਹੜ੍ਹ ਆ ਗਈ ਹੈ।
ਮਾਹਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਸੰਭਵ ਤੌਰ 'ਤੇ ਇਹ ਪਹਿਲੀ ਵਾਰ ਹੋਵੇਗਾ ਕਿ ਕਿਸੇ ਪ੍ਰਯੋਗਾਤਮਕ ਦਵਾਈ ਦੇ ਨਕਲੀ ਰੂਪ ਇੰਨੇ ਵੱਡੇ ਪੱਧਰ 'ਤੇ ਉਪਲਬਧ ਹੋ ਰਹੇ ਹਨ, ਜਦਕਿ ਅਸਲੀ ਦਵਾਈ ਹਾਲੇ ਟੈਸਟ ਦੇ ਦੌਰ ਵਿੱਚੋਂ ਹੀ ਲੰਘ ਰਹੀ ਹੈ।
'ਰੇਟਾ' ਨਾਮ ਨਾਲ ਮਸ਼ਹੂਰ ਹੋ ਚੁੱਕੀ ਇਸ ਦਵਾਈ ਦੀਆਂ ਸ਼ੀਸ਼ੀਆਂ ਬ੍ਰਿਟੇਨ ਵਿੱਚ ਜਿਮ, ਨੇਲ ਅਤੇ ਬਿਊਟੀ ਸੈਲੂਨ, ਹੇਅਰਡ੍ਰੈਸਰ, ਸੋਸ਼ਲ ਮੀਡੀਆ ਅਤੇ ਇੱਥੋਂ ਤੱਕ ਕਿ ਸੜਕ 'ਤੇ ਫੁੱਲ ਵੇਚਣ ਵਾਲਿਆਂ ਕੋਲ ਵੀ ਵਿਕ ਰਹੀਆਂ ਹਨ।
24 ਐੱਚਆਰ ਫਾਰਮੇਸੀ ਦੀ ਡਾਇਰੈਕਟਰ ਅਤੇ ਫਾਰਮਾਸਿਸਟ ਸੇਹਰ ਸ਼ਾਹਿਦ ਕਹਿੰਦੀ ਹੈ, "ਦੁਨੀਆ ਪਾਗ਼ਲ ਹੋ ਗਈ ਹੈ। ਲੋਕ ਅਸਲ ਵਿੱਚ ਇੱਕ ਗ਼ੈਰ-ਕਾਨੂੰਨੀ ਦਵਾਈ ਦਾ ਟੀਕਾ ਲਗਾ ਰਹੇ ਹਨ ਅਤੇ ਸੋਚ ਰਹੇ ਹਨ ਕਿ ਇਹ ਸੁਰੱਖਿਅਤ ਹੈ।"
"ਇਹ ਇੰਨਾ ਆਮ ਹੋ ਗਿਆ ਹੈ ਕਿ ਲੋਕ ਖੁੱਲ੍ਹੇਆਮ ਆਪਣੇ ਡੀਲਰਾਂ ਬਾਰੇ ਗੱਲ ਕਰ ਰਹੇ ਹਨ, ਦੱਸ ਰਹੇ ਹਨ ਕਿ ਇਹ ਕਿੱਥੋਂ ਸਭ ਤੋਂ ਵਧੀਆ ਮਿਲ ਸਕਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਥਾਂ-ਥਾਂ ਪੋਸਟ ਕਰ ਰਹੇ ਹਨ।"
ਜੋਖ਼ਮ ਹਨ, ਪਰ ਕਈ ਲੋਕ ਇਹ ਚੁੱਕਣ ਲਈ ਵੀ ਤਿਆਰ

ਤਸਵੀਰ ਸਰੋਤ, MHRA
ਆਪਣੇ ਸੋਸ਼ਲ ਮੀਡੀਆ 'ਤੇ ਸਿਰਫ਼ ਸਰਸਰੀ ਨਜ਼ਰ ਮਾਰਨ ਦੇ ਕੁਝ ਹੀ ਮਿੰਟਾਂ ਵਿੱਚ ਮੈਂ ਰੇਟਾਟ੍ਰੂਟਾਈਡ ਦੇ ਨਾਮ 'ਤੇ ਵਿਕ ਰਹੀ ਦਵਾਈ ਦੀ ਇੱਕ ਖੇਪ ਆਰਡਰ ਕਰ ਸਕਦੀ ਹਾਂ, ਹਾਲਾਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੋਵੇਗਾ ਕਿ ਇਹ ਅਸਲ ਵਿੱਚ ਕਿਸ ਚੀਜ਼ ਤੋਂ ਬਣੀ ਹੈ, ਇਸ ਦੇ ਕੀ ਅਸਰ ਹੋਣਗੇ ਅਤੇ ਇਹ ਕਿੱਥੋਂ ਆਈ ਹੈ।
ਇਸ ਦੀ ਵਰਤੋਂ ਕਰਨ ਵਾਲੇ ਉਤਸ਼ਾਹੀ ਲੋਕ ਆਪਣੇ ਟਿਕਟੌਕ ਫੀਡ 'ਤੇ 'ਰੇਟਾ' ਦੀਆਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਪਾ ਰਹੇ ਹਨ, ਦੱਸ ਰਹੇ ਹਨ ਕਿ ਇਸ ਨਾਲ ਫੂਡ ਨੌਇਜ਼ (ਲਗਾਤਾਰ ਕੋਈ ਚੀਜ਼ ਖਾਣ ਦੀ ਤੀਬਰ ਇੱਛਾ) ਸ਼ਾਂਤ ਹੋ ਗਿਆ ਹੈ, ਭਾਰ ਅਤੇ ਇੰਚ ਘਟਾਉਣ ਵਿੱਚ ਮਦਦ ਮਿਲੀ ਹੈ, ਅਤੇ ਕੁਝ ਤਾਂ ਕਹਿੰਦੇ ਹਨ ਕਿ ਇਸ ਨੇ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ ਹੈ।
ਸਮੱਸਿਆ ਇਹ ਹੈ ਕਿ ਹਾਲੀਆ ਕਲੀਨਿਕਲ ਟ੍ਰਾਇਲ ਵਿੱਚ ਸਕਾਰਾਤਮਕ ਨਤੀਜੇ ਆਉਣ ਦੇ ਬਾਵਜੂਦ ਅਸਲੀ ਰੇਟਾਟ੍ਰੂਟਾਈਡ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦਾ ਪਰੀਖਣ ਹਾਲੇ ਜਾਰੀ ਹੈ।
ਅਮਰੀਕਾ ਵਿੱਚ ਇਸ ਪਰੀਖਣ ਦੇ ਫ਼ੇਜ਼-III ਵਿੱਚ ਪਹੁੰਚਣ ਵਾਲੀਆਂ ਸਿਰਫ਼ 50% ਦਵਾਈਆਂ ਨੂੰ ਹੀ ਆਖ਼ਿਰਕਾਰ ਫ਼ੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ਼ਡੀਏ) ਦੀ ਮਨਜ਼ੂਰੀ ਮਿਲਦੀ ਹੈ, ਇਸ ਲਈ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਰੇਟਾਟ੍ਰੂਟਾਈਡ ਬਾਜ਼ਾਰ ਵਿੱਚ ਆਏਗੀ ਹੀ।
ਉੱਚ ਅਸਫ਼ਲਤਾ ਦਰ ਦਾ ਮੁੱਖ ਕਾਰਨ ਇਹ ਹੈ ਕਿ ਵੱਡੀ, ਵਿਭਿੰਨ ਮਨੁੱਖੀ ਆਬਾਦੀ ਵਿੱਚ ਦਵਾਈਆਂ ਓਨੀਆਂ ਕਾਰਗਰ ਨਹੀਂ ਹੁੰਦੀਆਂ, ਜਿੰਨੀਆਂ ਛੋਟੇ ਸ਼ੁਰੂਆਤੀ ਪਰੀਖਣਾਂ ਵਿੱਚ ਦਿਖਾਈ ਦਿੰਦੀਆਂ ਹਨ, ਜਾਂ ਫਿਰ ਉਹ ਅਣਕਿਆਸੇ ਸੁਰੱਖਿਆ ਖ਼ਤਰਿਆਂ ਨੂੰ ਉਜਾਗਰ ਕਰ ਦਿੰਦੀਆਂ ਹਨ।
ਹੋ ਸਕਦਾ ਹੈ ਕਿ ਇਸ ਸਮੇਂ ਉਪਲਬਧ ਨਕਲੀ ਰੂਪ ਪ੍ਰਯੋਗਸ਼ਾਲਾ ਦੀਆਂ ਸੁਰੱਖਿਅਤ ਹੱਦਾਂ ਵਿੱਚ ਵਿਕਸਤ ਕੀਤੇ ਜਾ ਰਹੇ ਅਸਲੀ ਦਵਾਈ ਨਾਲ ਬਿਲਕੁਲ ਮੇਲ ਵੀ ਨਾ ਖਾਂਦੇ ਹੋਣ।

ਐਲੀ ਲਿਲੀ ਦੀ ਵੈੱਬਸਾਈਟ 'ਤੇ ਸਖ਼ਤ ਚੇਤਾਵਨੀ ਦਿੱਤੀ ਗਈ ਹੈ, "ਕਿਸੇ ਨੂੰ ਵੀ ਰੇਟਾਟ੍ਰੂਟਾਈਡ ਨਾਮ ਨਾਲ ਵਿਕ ਰਹੀ ਕੋਈ ਵੀ ਚੀਜ਼, ਲਿਲੀ-ਪ੍ਰਾਯੋਜਿਤ ਕਲੀਨਿਕਲ ਟ੍ਰਾਇਲ ਤੋਂ ਬਾਹਰ ਨਹੀਂ ਲੈਣੀ ਚਾਹੀਦੀ।"
"ਗ਼ੈਰ-ਕਾਨੂੰਨੀ ਰੇਟਾਟ੍ਰੂਟਾਈਡ ਉਤਪਾਦਾਂ ਵਿੱਚ ਅਣਜਾਣ ਤੱਤ, ਹਾਨੀਕਾਰਕ ਪ੍ਰਦੂਸ਼ਕ ਅਤੇ ਅਸ਼ੁੱਧੀਆਂ ਹੋ ਸਕਦੀਆਂ ਹਨ। ਇਨ੍ਹਾਂ ਵਿੱਚ ਸਰਗਰਮ ਤੱਤ ਬਹੁਤ ਜ਼ਿਆਦਾ ਜਾਂ ਬਹੁਤ ਘੱਟ ਹੋ ਸਕਦਾ ਹੈ, ਜਾਂ ਫਿਰ ਪੂਰੀ ਤਰ੍ਹਾਂ ਗ਼ਲਤ ਤੱਤ ਵੀ ਹੋ ਸਕਦਾ ਹੈ।"
ਇਸ ਦੇ ਬਾਵਜੂਦ, ਲੱਗਦਾ ਹੈ ਕਿ ਬਹੁਤ ਸਾਰੇ ਲੋਕ ਇਹ ਜੋਖ਼ਮ ਉਠਾਉਣ ਲਈ ਤਿਆਰ ਹਨ।
ਐਂਡੋਕ੍ਰਾਈਨੋਲੋਜਿਸਟ ਪ੍ਰੋਫ਼ੈਸਰ ਡੋਨਲ ਓਸ਼ੇ ਕਹਿੰਦੇ ਹਨ, "ਮਤਲੀ, ਉਲਟੀ, ਦਸਤ ਅਤੇ ਕੁਝ ਮਾਮਲਿਆਂ ਵਿੱਚ ਗੁਰਦੇ ਖ਼ਰਾਬ ਹੋਣ ਤੱਕ ਦੀਆਂ ਸਮੱਸਿਆਵਾਂ ਨਾਲ ਨੌਜਵਾਨ ਅਤੇ ਤੰਦਰੁਸਤ ਮਰੀਜ਼ ਹਸਪਤਾਲ ਆ ਰਹੇ ਹਨ।"
ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਪਰਸਨਲ ਟ੍ਰੇਨਰ ਨਾ ਸਿਰਫ਼ ਆਪਣੇ ਕਲਾਇੰਟਸ ਨੂੰ ਇਹ ਦਵਾਈ ਦੇ ਰਹੇ ਹਨ, ਬਲਕਿ ਉਨ੍ਹਾਂ ਨੂੰ ਟੀਕੇ ਵੀ ਲਗਾ ਰਹੇ ਹਨ।
"ਮਰੀਜ਼ਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਨੇ ਇਹ ਕਿੰਨੀ ਮਾਤਰਾ ਵਿੱਚ ਲਈ ਹੈ, ਜਾਂ ਉਨ੍ਹਾਂ ਨੂੰ ਅਸਲ ਵਿੱਚ ਕੀ ਇੰਜੈਕਟ ਕੀਤਾ ਗਿਆ ਹੈ।"
'ਲੱਗ ਰਿਹਾ ਸੀ ਸਿੱਧਾ ਐਮਰਜੈਂਸੀ ਵਾਰਡ ਵਿੱਚ ਪਹੁੰਚ ਜਾਵਾਂਗਾ'

ਤਸਵੀਰ ਸਰੋਤ, Tom
ਟੌਮ ਡੇਵਿਸ ਦੱਸਦੇ ਹਨ ਕਿ ਨਕ਼ਲੀ ਰੇਟਾਟ੍ਰੂਟਾਈਡ ਦੀ ਓਵਰਡੋਜ਼ ਨਾਲ ਉਹ ਲਗਭਗ ਹਸਪਤਾਲ ਪਹੁੰਚ ਗਏ ਸਨ। ਜਦੋਂ ਉਨ੍ਹਾਂ ਦੇ ਜਿਮ ਦੇ ਦੋਸਤਾਂ ਨੇ ਇਸ ਦੀ ਸਿਫ਼ਾਰਸ਼ ਕੀਤੀ ਤਾਂ ਉਨ੍ਹਾਂ ਨੇ ਇਸ ਨੂੰ ਚੀਨ ਦੇ ਇੱਕ ਸਪਲਾਇਰ ਤੋਂ ਆਰਡਰ ਕੀਤਾ ਸੀ।
ਬ੍ਰਾਈਟਨ ਦੇ 20 ਸਾਲਾ ਟੌਮ ਕਹਿੰਦੇ ਹਨ, "ਇਹ ਭਿਆਨਕ ਸੀ। ਸਰੀਰ 'ਤੇ ਬਹੁਤ ਜ਼ਿਆਦਾ ਦਬਾਅ ਮਹਿਸੂਸ ਹੋ ਰਿਹਾ ਸੀ, ਮੇਰਾ ਪੇਟ ਬਹੁਤ ਫੁੱਲਿਆ ਹੋਇਆ ਲੱਗ ਰਿਹਾ ਸੀ, ਜਿਵੇਂ ਕਿਸੇ ਨੇ ਮੇਰੇ ਪੇਟ 'ਤੇ 20 ਕਿਲੋ ਦਾ ਭਾਰ ਰੱਖ ਦਿੱਤਾ ਹੋਵੇ।"
"72 ਘੰਟਿਆਂ ਤੱਕ ਮੈਨੂੰ ਬਹੁਤ ਬੁਰੇ ਦਸਤ ਅਤੇ ਮਤਲੀ ਰਹੀ। ਮੈਂ ਸੋਚਿਆ, ਜੇਕਰ ਇਹ ਜਾਰੀ ਰਿਹਾ ਤਾਂ ਮੈਂ ਸਿੱਧਾ ਐਮਰਜੈਂਸੀ ਵਾਰਡ ਵਿੱਚ ਪਹੁੰਚ ਜਾਵਾਂਗਾ।"
ਬਾਅਦ ਵਿੱਚ ਟੌਮ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਦੱਸੀ ਗਈ ਮਾਤਰਾ ਤੋਂ ਅੱਠ ਗੁਣਾ ਜ਼ਿਆਦਾ ਡੋਜ਼ ਲੈ ਲਈ ਸੀ।
ਜੋ ਆਰਡਰ ਕੀਤਾ ਗਿਆ ਸੀ, ਉਸ ਦੇ ਮੁਤਾਬਕ ਨਕ਼ਲੀ ਰੇਟਾਟ੍ਰੂਟਾਈਡ ਨੂੰ ਸਟੀਰਾਈਲ, ਬੈਕਟੀਰੀਓਸਟੈਟਿਕ ਪਾਣੀ ਨਾਲ ਮਿਲਾਉਣਾ ਪੈਂਦਾ ਹੈ, ਜਿਸ ਲਈ ਵੱਖਰਾ ਹਿਸਾਬ ਲਗਾਉਣਾ ਪੈਂਦਾ ਹੈ।
ਚੈਸਟਰ ਵਿੱਚ ਸਥਿਤ ਖੋਜ ਚਿਕਿਤਸਕ ਡਾਕਟਰ ਨੈਸ ਖੱਟਕ, ਐਲੀ ਲਿਲੀ ਦੇ ਫ਼ੇਜ਼-III ਕਲੀਨਿਕਲ ਟ੍ਰਾਇਲ ਲਈ ਮਰੀਜ਼ਾਂ ਦੀ ਸਕ੍ਰੀਨਿੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਕ਼ਲੀ ਸੰਸਕਰਣ ਲੈਣ ਵਾਲੇ ਲੋਕ ਅਸਲ ਵਿੱਚ ਬਿਨਾਂ ਕਿਸੇ ਡਾਕਟਰੀ ਨਿਗਰਾਨੀ ਦੇ ਪ੍ਰਯੋਗਸ਼ਾਲਾ ਦੇ ਚੂਹਿਆਂ ਵਾਂਗ ਵਿਹਾਰ ਕਰ ਰਹੇ ਹਨ।
ਉਹ ਚੇਤਾਵਨੀ ਦਿੰਦੇ ਹਨ, "ਇਸ ਨੂੰ ਆਨਲਾਈਨ ਖ਼ਰੀਦਣ ਵਾਲੇ ਲੋਕ ਜੇਕਰ ਖ਼ੁਦ ਹੀ ਡਾਕਟਰ ਬਣ ਰਹੇ ਹਨ, ਤਾਂ ਉਹ ਬਹੁਤ ਵੱਡਾ ਜੋਖ਼ਮ ਉਠਾ ਰਹੇ ਹਨ।"
ਉਹ ਕਹਿੰਦੇ ਹਨ ਕਿ ਟ੍ਰਾਇਲ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਅਸਲੀ ਦਵਾਈ ਜਾਂ ਪਲੇਸਿਬੋ ਲੈਣਾ ਸ਼ੁਰੂ ਕਰਨ ਤੋਂ ਪਹਿਲਾਂ ਸਖ਼ਤ ਮਾਪਦੰਡ ਪੂਰੇ ਕਰਨੇ ਹੁੰਦੇ ਹਨ।
"ਅਸੀਂ ਉਨ੍ਹਾਂ ਦੇ ਸਿਹਤ ਜਾਂਚ ਦੇ ਰਿਕਾਰਡ ਮੰਗਦੇ ਹਾਂ, ਇਹ ਯਕੀਨੀ ਬਣਾਉਂਦੇ ਹਾਂ ਕਿ ਉਹ ਭਾਵਨਾਤਮਕ ਤੌਰ 'ਤੇ ਠੀਕ ਹਨ। ਖ਼ੁਦਕੁਸ਼ੀ, ਖ਼ੁਦ ਨੂੰ ਨੁਕਸਾਨ ਪਹੁੰਚਾਉਣ ਅਤੇ ਮਾਨਸਿਕ ਸਿਹਤ ਦਾ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਇਹ ਸਭ ਡਾਕਟਰ ਕਰਦੇ ਹਨ।"
ਫਿਰ ਅਸੀਂ ਉਨ੍ਹਾਂ ਦੇ ਖ਼ੂਨ ਦੀ ਜਾਂਚ ਦੀ ਰਿਪੋਰਟ ਦੇਖਦੇ ਹਾਂ, ਹਰ ਚੀਜ਼ ਦੀ ਜਾਂਚ ਕਰਦੇ ਹਾਂ ਅਤੇ ਫਿਰ ਤੈਅ ਕਰਦੇ ਹਾਂ ਕਿ ਉਹ ਯੋਗ ਹਨ ਜਾਂ ਨਹੀਂ।
ਟੌਮ ਨੇ ਖ਼ੁਰਾਕ ਲੈਣ ਬਾਰੇ ਅਤੇ ਖੋਜ ਕਰਨ ਦਾ ਫ਼ੈਸਲਾ ਕੀਤਾ ਅਤੇ ਪਹਿਲਾਂ ਹੋਏ ਮਾੜੇ ਪ੍ਰਭਾਵਾਂ ਦੇ ਬਾਵਜੂਦ ਆਪਣੀ ਨਕਲੀ ਰੇਟਾਟ੍ਰੂਟਾਈਡ ਨੂੰ ਦੁਬਾਰਾ ਅਜ਼ਮਾਉਣ ਦਾ ਨਿਸ਼ਚਾ ਕੀਤਾ।
ਨੌਂ ਮਹੀਨਿਆਂ ਤੱਕ ਇਸ ਨੂੰ ਕਈ ਪੜਾਵਾਂ ਵਿੱਚ ਲੈਣ ਤੋਂ ਬਾਅਦ ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਚੀਨੀ ਅਤੇ ਜੰਕ ਫ਼ੂਡ ਦੀ ਲਾਲਸਾ ਖ਼ਤਮ ਹੋ ਗਈ ਹੈ।
ਫ਼ਾਰਮਾਸਿਸਟ ਸ਼ਾਹਿਦ ਚੇਤਾਵਨੀ ਦਿੰਦੇ ਹਨ ਕਿ ਸਿਰਫ਼ ਇਸ ਲਈ ਕਿ ਨਕਲੀ 'ਰੇਟਾ' ਕਿਸੇ ਇੱਕ ਵਿਅਕਤੀ 'ਤੇ ਅਸਰ ਕਰ ਗਈ ਹੈ, ਇਸ ਦਾ ਮਤਲਬ ਇਹ ਨਹੀਂ ਕਿ ਇਹ 'ਅਗਲੇ' ਵਿਅਕਤੀ 'ਤੇ ਵੀ ਕਰੇਗੀ।
ਹਰ ਹਫ਼ਤੇ 3 ਕਿਲੋ ਤੱਕ ਘਟਿਆ ਭਾਰ

ਤਸਵੀਰ ਸਰੋਤ, Lisa King
ਮੌਜੂਦਾ ਸਮੇਂ ਬਾਜ਼ਾਰ ਵਿੱਚ ਮੌਜੂਦ ਮੋਟਾਪਾ ਘਟਾਉਣ ਵਾਲੀਆਂ ਦਵਾਈਆਂ, ਜਿਵੇਂ ਸੈਮਾਗਲੂਟਾਈਡ (ਜੋ ਓਜ਼ੈਂਪਿਕ ਅਤੇ ਵੇਗੋਵੀ ਦੇ ਨਾਮ ਨਾਲ ਵਿਕਦੀ ਹੈ) ਅਤੇ ਟਿਰਜ਼ੈਪਾਟਾਈਡ (ਜੋ ਮਾਊਨਜਾਰੋ ਦੇ ਨਾਮ ਨਾਲ ਵਿਕਦੀ ਹੈ) ਸਿਰਫ਼ ਇੱਕ ਜਾਂ ਦੋ ਹਾਰਮੋਨ ਰਿਸੈਪਟਰਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ।
ਪਰ ਜੇਕਰ ਮਨਜ਼ੂਰੀ ਮਿਲਦੀ ਹੈ ਤਾਂ ਰੇਟਾਟ੍ਰੂਟਾਈਡ ਭਾਰ ਘਟਾਉਣ ਵਾਲੀ ਦੁਨੀਆ ਦੀ ਪਹਿਲੀ ਦਵਾਈ ਹੋਵੇਗੀ ਜੋ ਤਿੰਨ ਰਿਸੈਪਟਰਾਂ 'ਤੇ ਕੰਮ ਕਰੇਗੀ, ਇਸੇ ਵਜ੍ਹਾ ਨਾਲ ਇਸ ਨੂੰ 'ਟ੍ਰਿਪਲ ਜੀ' ਦਾ ਉਪਨਾਮ ਮਿਲਿਆ ਹੈ।
ਇਹ ਤਿੰਨ ਹਾਰਮੋਨ ਜਿਨ੍ਹਾਂ ਦੀ ਇਹ ਨਕਲ ਕਰਦੀ ਹੈ, ਉਹ ਹਨ...
ਜੀਐੱਲਪੀ-1- ਇਹ ਪੇਟ ਖ਼ਾਲੀ ਹੋਣ ਦੀ ਗਤੀ ਨੂੰ ਹੌਲੀ ਕਰਦਾ ਹੈ, ਦਿਮਾਗ਼ ਨੂੰ ਰੱਜ ਜਾਣ ਦਾ ਸੰਕੇਤ ਦਿੰਦਾ ਹੈ, ਜਿਸ ਨਾਲ ਭੁੱਖ ਘੱਟ ਹੁੰਦੀ ਹੈ ਅਤੇ ਬਲੱਡ ਸ਼ੂਗਰ ਲੈਵਲ ਨੂੰ ਕੰਟ੍ਰੋਲ ਕਰਨ ਵਿੱਚ ਮਦਦ ਮਿਲਦੀ ਹੈ।
ਜੀਆਈਪੀ- "ਇਹ ਇਨਸੁਲਿਨ ਦੇ ਬਣਨ ਅਤੇ ਸਰੀਰ ਵਿੱਚੋਂ ਨਿਕਲਣ ਦੀ ਮਾਤਰਾ ਵਧਾਉਂਦਾ ਹੈ ਅਤੇ ਇਨਸੁਲਿਨ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਂਦਾ ਹੈ। ਜੀਐੱਲਪੀ-1 ਦੇ ਨਾਲ ਮਿਲ ਕੇ ਇਹ ਸਰੀਰ ਨੂੰ ਪੋਸ਼ਕ ਤੱਤਾਂ ਨੂੰ ਪ੍ਰੋਸੈਸ ਕਰਨ ਵਿੱਚ ਮਦਦ ਕਰਦਾ ਹੈ ਅਤੇ ਭੁੱਖ ਘੱਟ ਕਰਦਾ ਹੈ।
ਗਲੂਕਾਗਨ- ਇਹ ਰੇਟਾਟ੍ਰੂਟਾਈਡ ਲਈ ਨਵਾਂ ਹਾਰਮੋਨ ਹੈ। ਇਹ ਆਰਾਮ ਦੀ ਸਥਿਤੀ ਵਿੱਚ ਊਰਜਾ ਦੀ ਖ਼ਪਤ ਵਧਾਉਂਦਾ ਹੈ ਤਾਂ ਜੋ ਸਰੀਰ ਵੱਧ ਕੈਲੋਰੀਆਂ ਸਾੜੇ, ਲਿਵਰ ਦੀ ਚਰਬੀ ਘਟਾਉਣ ਅਤੇ ਭਾਰ ਘਟਾਉਣ ਵਿੱਚ ਮਦਦ ਕਰੇ।
ਲੀਸਾ ਕਿੰਗ ਜੁਲਾਈ ਤੋਂ ਨਕਲੀ ਰੇਟਾਟ੍ਰੂਟਾਈਡ ਲੈ ਰਹੀ ਹਨ ਅਤੇ ਇੱਕ ਸਮੇਂ, ਜਦੋਂ ਉਹ ਜਿਮ ਜਾ ਰਹੇ ਸਨ ਅਤੇ ਸਿਹਤਮੰਦ ਭੋਜਨ ਖਾ ਰਹੇ ਸਨ, ਉਨ੍ਹਾਂ ਦਾ ਭਾਰ ਹਰ ਹਫ਼ਤੇ 3 ਕਿਲੋ ਤੱਕ ਘਟ ਰਿਹਾ ਸੀ।
ਉਨ੍ਹਾਂ ਦਾ ਮੰਨਣਾ ਹੈ ਕਿ ਇਹ ਉਨ੍ਹਾਂ ਨੂੰ ਪੌਲੀਐਂਡੋਕ੍ਰਾਈਨ ਮੈਟਾਬੋਲਿਕ ਓਵਰੀਅਨ ਸਿੰਡਰੋਮ (ਪੀਐੱਮਓਐੱਸ) ਦੇ ਕੁਝ ਲੱਛਣਾਂ ਨੂੰ ਸੰਭਾਲਣ ਵਿੱਚ ਵੀ ਮਦਦ ਕਰ ਰਿਹਾ ਹੈ।
ਜੀਐੱਲਪੀ-1 ਬਲੱਡ ਸ਼ੂਗਰ ਨੂੰ ਕੰਟ੍ਰੋਲ ਕਰਨ ਵਿੱਚ ਮਦਦ ਕਰਦਾ ਹੈ ਅਤੇ ਕੁਝ ਅਧਿਐਨ ਦੱਸਦੇ ਹਨ ਕਿ ਭਾਰ ਘਟਾਉਣ ਵਾਲੀਆਂ ਇਹ ਦਵਾਈਆਂ ਪੀਐੱਮਓਐੱਸ ਕਾਰਨ ਹੋਣ ਵਾਲੀਆਂ ਕੁਝ ਸਮੱਸਿਆਵਾਂ, ਜਿਵੇਂ ਬਹੁਤ ਜ਼ਿਆਦਾ ਥਕਾਵਟ, ਗੁਰਦਿਆਂ ਦੀ ਪਰੇਸ਼ਾਨੀ ਅਤੇ ਹਾਈ ਬਲੱਡ ਪ੍ਰੈਸ਼ਰ ਵਿੱਚ ਮਦਦ ਕਰ ਸਕਦੀਆਂ ਹਨ।
ਲੀਸਾ ਕਹਿੰਦੀ ਹਨ, "ਮੈਨੂੰ ਯਕੀਨ ਨਹੀਂ ਹੈ ਕਿ ਇਹ 'ਰੇਟਾ' ਦੀ ਵਜ੍ਹਾ ਨਾਲ ਹੋਇਆ ਹੈ, ਪਰ ਮੇਰੀ ਚੀਨੀ ਦੀ ਲਾਲਸਾ ਘੱਟ ਹੋ ਗਈ ਹੈ, ਮੇਰੇ ਪੀਰੀਅਡ ਨਿਯਮਤ ਹੋ ਗਏ ਹਨ ਅਤੇ ਮੇਰੇ ਕੋਲ ਬਹੁਤ ਜ਼ਿਆਦਾ ਊਰਜਾ ਹੈ।"
ਪਰ ਰੇਟਾਟ੍ਰੂਟਾਈਡ ਦਾ ਟ੍ਰਾਇਲ ਹਾਲੇ ਵੀ ਚੱਲ ਰਿਹਾ ਹੈ। ਕੀ ਇਹ ਗੱਲ ਲੀਸਾ ਨੂੰ ਪਰੇਸ਼ਾਨ ਕਰਦੀ ਹੈ?
ਉਹ ਕਹਿੰਦੇ ਹਨ, "ਨਹੀਂ, ਬਿਲਕੁਲ ਨਹੀਂ। ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਮਨਜ਼ੂਰੀ ਨਹੀਂ ਮਿਲੀ ਹੈ। ਜੇਕਰ ਮੈਨੂੰ ਕੋਈ ਨਕਾਰਾਤਮਕ ਮਾੜਾ ਪ੍ਰਭਾਵ ਮਹਿਸੂਸ ਹੋਣ ਲੱਗੇ ਤਾਂ ਮੈਂ ਤੁਰੰਤ ਇਸ ਨੂੰ ਛੱਡ ਦਿਆਂਗੀ।"
ਨਕਲੀ ਰੇਟਾਟ੍ਰੂਟਾਈਡ ਲੈਣ ਵਾਲੇ ਹੋਰ ਵਰਤੋਂਕਾਰਾਂ ਨੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੱਸੀਆਂ ਹਨ, ਜਿਵੇਂ ਦਿਮਾਗ਼ੀ ਧੁੰਦਲਾਪਣ, ਮਤਲੀ, ਦਸਤ, ਜਿਨਸੀ ਇੱਛਾ ਵਿੱਚ ਕਮੀ ਅਤੇ ਖ਼ੁਸ਼ੀ ਜਾਂ ਆਨੰਦ ਮਹਿਸੂਸ ਨਾ ਕਰ ਪਾਉਣਾ।
ਇਨ੍ਹਾਂ ਨਕਲੀ ਭਾਰ ਘਟਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਨ ਵਾਲਿਆਂ ਵਿੱਚ ਦਿਖ ਰਹੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਡਾਕਟਰਾਂ ਦੀ ਚਿੰਤਾ ਲਗਾਤਾਰ ਵਧ ਰਹੀ ਹੈ।
ਬ੍ਰਿਟਿਸ਼ ਇਸਲਾਮਿਕ ਮੈਡੀਕਲ ਐਸੋਸੀਏਸ਼ਨ ਦੀ ਪ੍ਰਧਾਨ ਅਤੇ ਜਨਰਲ ਫ਼ਿਜ਼ੀਸ਼ੀਅਨ ਡਾਕਟਰ ਸਾਹਿਰਾ ਦਾਰ ਕਹਿੰਦੇ ਹਨ ਕਿ ਸਿਹਤਕਰਮੀਆਂ ਨੂੰ ਮਰੀਜ਼ਾਂ ਤੋਂ ਬਲੈਕ ਮਾਰਕੀਟ ਉਤਪਾਦਾਂ ਬਾਰੇ 'ਬਿਨਾਂ ਕੋਈ ਰਾਇ ਬਣਾਏ' ਪੁੱਛਣਾ ਚਾਹੀਦਾ ਹੈ, ਤਾਂ ਜੋ ਮਰੀਜ਼ ਖੁੱਲ੍ਹ ਕੇ ਦੱਸ ਸਕਣ ਕਿ 'ਉਨ੍ਹਾਂ ਨੇ ਕੀ ਲਿਆ ਹੈ।'
ਐਲੀ ਲਿਲੀ ਦੀ ਬਲੈਕ ਮਾਰਕੀਟ ਦਵਾਈਆਂ ਨਾਲ ਜੰਗ ਜਾਰੀ

ਤਸਵੀਰ ਸਰੋਤ, Vincent Alban/For The Washington Post via Getty Images
ਐਲੀ ਲਿਲੀ ਲਗਭਗ 10 ਸਾਲ ਤੋਂ ਰੇਟਾਟ੍ਰੂਟਾਈਡ ਵਿਕਸਤ ਕਰ ਰਹੀ ਹੈ। ਹੁਣ ਕੰਪਨੀ ਆਪਣੇ ਉਤਪਾਦ ਦੀ ਰੱਖਿਆ ਕਰਨ ਅਤੇ ਦੁਨੀਆ ਭਰ ਵਿੱਚ ਹੋ ਰਹੀ ਗ਼ੈਰ-ਕਾਨੂੰਨੀ ਵਿਕਰੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਪੈਪਟਾਈਡ ਕੰਪਨੀਆਂ, ਇਨਫ਼ਲੂਐਂਸਰਾਂ, ਨਕਲੀ ਦਵਾਈ ਬਣਾਉਣ ਵਾਲੀਆਂ ਕੰਪਾਊਂਡ ਫ਼ਾਰਮੇਸੀਆਂ ਅਤੇ ਵੈਲਨੈੱਸ ਕਲੀਨਿਕਾਂ ਦੇ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।
ਕੰਪਨੀ ਨੇ ਅਜਿਹੀਆਂ 14,000 ਤੋਂ ਵੱਧ ਵੈੱਬਸਾਈਟਾਂ, ਇਸ਼ਤਿਹਾਰਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਦੀ ਰਿਪੋਰਟ ਕੀਤੀ ਹੈ, ਜੋ ਉਸ ਦੇ ਮੁਤਾਬਕ ਗ਼ੈਰ-ਕਾਨੂੰਨੀ ਤਰੀਕੇ ਨਾਲ ਇਸ ਦਵਾਈ ਦਾ ਪ੍ਰਚਾਰ ਕਰ ਰਹੇ ਹਨ।
ਐਲੀ ਲਿਲੀ ਦਾ ਕਹਿਣਾ ਹੈ ਕਿ ਉਹ "ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਰੈਗੂਲੇਟਰੀ ਅਧਿਕਾਰੀਆਂ ਨਾਲ ਮਿਲ ਕੇ ਬਲੈਕ ਮਾਰਕੀਟ ਦੀਆਂ ਦਵਾਈਆਂ ਨਾਲ ਲੜਨ ਦਾ ਕੰਮ ਜਾਰੀ ਰੱਖੇ ਹੋਏ ਹੈ।"
ਕੰਪਨੀ ਦੇ ਇੱਕ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ, "ਆਨਲਾਈਨ ਉਪਲਬਧ ਕੋਈ ਵੀ ਰੇਟਾਟ੍ਰੂਟਾਈਡ ਅਪ੍ਰੂਵਡ ਨਹੀਂ ਹੈ, ਤਸਦੀਕਸ਼ੁਦਾ ਨਹੀਂ ਹੈ ਅਤੇ ਇਸ ਲਈ ਜੋਖ਼ਮ ਉਠਾਉਣਾ ਬਿਲਕੁਲ ਵੀ ਠੀਕ ਨਹੀਂ ਹੈ।"
ਪਿਛਲੇ ਇੱਕ ਸਾਲ ਵਿੱਚ ਛਾਪੇਮਾਰੀਆਂ ਦੌਰਾਨ ਬ੍ਰਿਟੇਨ ਦੀ ਮੈਡੀਸਿਨਜ਼ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ (ਐੱਮਐੱਚਆਰਏ) ਨੇ "ਰੇਟਾਟ੍ਰੂਟਾਈਡ ਹੋਣ ਦਾ ਦਾਅਵਾ ਕਰਨ ਵਾਲੇ ਕਈ ਉਤਪਾਦਾਂ" ਨੂੰ ਜ਼ਬਤ ਕੀਤਾ ਹੈ।
ਏਜੰਸੀ ਦਾ ਕਹਿਣਾ ਹੈ ਕਿ ਇਹ ਉਤਪਾਦ ਵੱਖ-ਵੱਖ ਰਸਤਿਆਂ ਰਾਹੀਂ ਬ੍ਰਿਟੇਨ ਵਿੱਚ ਦਾਖ਼ਲ ਹੁੰਦੇ ਹਨ ਅਤੇ ਉਹ 'ਗ਼ੈਰਕਾਨੂੰਨੀ ਆਯਾਤ ਅਤੇ ਵੰਡ ਨੂੰ ਰੋਕਣ' 'ਤੇ ਕੰਮ ਕਰ ਰਹੀ ਹੈ।
ਪਰ ਵਿਕਰੀ ਜਾਰੀ ਹੈ।
ਪ੍ਰੋਫ਼ੈਸਰ ਓਸ਼ੇ ਕਹਿੰਦੇ ਹਨ ਕਿ ਸਾਨੂੰ ਜਿੱਥੇ "ਬਲੈਕ ਮਾਰਕੀਟ ਦੀਆਂ ਅਜਿਹੀਆਂ ਦਵਾਈਆਂ ਦੇ ਖ਼ਤਰਿਆਂ 'ਤੇ ਰੌਸ਼ਨੀ ਪਾਉਣੀ ਚਾਹੀਦੀ ਹੈ", ਉੱਥੇ "ਦਵਾਈਆਂ ਦੇ ਇਸ ਸਮੂਹ ਨੂੰ ਪੂਰੀ ਤਰ੍ਹਾਂ ਖ਼ਾਰਜ ਨਹੀਂ ਕਰਨਾ ਚਾਹੀਦਾ।"
"ਜੀਐੱਲਪੀ-1 ਮੋਟਾਪੇ ਦੇ ਪ੍ਰਬੰਧਨ ਵਿੱਚ ਇੱਕ ਵੱਡੀ ਤਰੱਕੀ ਹੈ ਅਤੇ ਇਸ ਨਾਲ ਦਿਮਾਗ਼ ਦੀ ਲਾਲਸਾ ਅਤੇ ਭੁੱਖ ਨੂੰ ਕੰਟ੍ਰੋਲ ਕਰਨ ਬਾਰੇ ਸਾਡੀ ਸਮਝ ਵਿੱਚ ਵੀ ਵੱਡੀ ਤਰੱਕੀ ਹੋਈ ਹੈ।"
ਉਹ ਕਹਿੰਦੇ ਹਨ, "ਇਹ ਬਹੁਤ ਵੱਡੀ ਗੱਲ ਹੈ।"
ਫ਼ਿਲਹਾਲ, ਰੇਟਾਟ੍ਰੂਟਾਈਡ ਨੂੰ ਕਿਤੇ ਵੀ ਮਨਜ਼ੂਰੀ ਮਿਲਣ ਵਿੱਚ ਹਾਲੇ ਲੰਬਾ ਸਮਾਂ ਹੈ।
ਐਲੀ ਲਿਲੀ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਅਮਰੀਕੀ ਐੱਫ਼ਡੀਏ ਨੂੰ ਅਰਜ਼ੀ ਦੇਣ ਦੀ ਯੋਜਨਾ ਬਣਾ ਰਹੀ ਹੈ। ਸਮੀਖਿਆ ਵਿੱਚ ਇੱਕ ਸਾਲ ਤੱਕ ਲੱਗ ਸਕਦਾ ਹੈ, ਇਸ ਲਈ ਰੇਟਾਟ੍ਰੂਟਾਈਡ ਅਮਰੀਕਾ ਵਿੱਚ 2027 ਦੇ ਅੰਤ ਤੋਂ ਪਹਿਲਾਂ ਕਾਨੂੰਨੀ ਤੌਰ 'ਤੇ ਉਪਲਬਧ ਨਹੀਂ ਹੋਵੇਗੀ।
ਬ੍ਰਿਟੇਨ ਵਿੱਚ ਇਹ ਐੱਮਐੱਚਆਰਏ ਦੀ ਮਨਜ਼ੂਰੀ 'ਤੇ ਨਿਰਭਰ ਹੈ ਅਤੇ ਇਹ 2028 ਤੱਕ ਬਾਜ਼ਾਰ ਵਿੱਚ ਆ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























