'ਮਿਸਟਰ ਸਿੰਘ, ਤੁਹਾਨੂੰ ਨਹੀਂ ਪਤਾ ਡਰਾਈਵ ਕਿਵੇਂ ਕਰਨਾ ਹੈ', ਟਰੰਪ ਸਰਕਾਰ ਦੇ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਿਟੀ ਦੇ ਪੋਸਟਰ ਨੇ ਖੜਾ ਕੀਤਾ ਵਿਵਾਦ

ਤਸਵੀਰ ਸਰੋਤ, @DHSgov/X/Getty
"ਅਮਰੀਕਾ ਫ਼ਾਰ ਅਮੈਰਿਕਨਜ਼, ਸਾਡੀਆਂ ਸੜਕਾਂ ਤੋਂ ਹੱਟ ਜਾਓ, ਮਿਸਟਰ ਸਿੰਘ, ਤੁਹਾਨੂੰ ਨਹੀਂ ਪਤਾ ਡਰਾਈਵ ਕਿਵੇਂ ਕਰਨਾ ਹੈ।"
ਅਮਰੀਕੀ ਸਰਕਾਰ ਦੇ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਵੱਲੋਂ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ ਉੱਤੇ ਇਹ ਲਾਈਨਾਂ ਲਿਖੀਆਂ ਹਨ।
ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਿਟੀ ਵੱਲੋਂ ਆਪਣੇ ਐਕਸ ਅਕਾਊਂਟ ਉੱਤੇ ਇਹ ਏਆਈ ਜਨਰੇਟਿਡ ਪੋਸਟਰ ਜਾਰੀ ਕੀਤਾ ਗਿਆ ਹੈ। ਇਹ ਪੋਸਟਰ ਡੀਐੱਚਐੱਸ ਦੇ 'ਅਨਲਾਈਸੈਂਸਡ ਕਮਰਸ਼ਿਅਲ ਡਰਾਈਵਰਾਂ' ਦੇ ਵਿਰੁੱਧ ਸ਼ੁਰੂ ਕੀਤੀ ਗਈ ਕੈਂਪੇਨ ਦਾ ਹਿੱਸਾ ਹੈ।
ਇਸ ਪੋਸਟਰ ਵਿੱਚ 'ਟ੍ਰਾਂਸਫਾਰਮਰਜ਼' ਫ੍ਰੈਂਚਾਇਜ਼ੀ ਦੇ ਮੁੱਖ ਕਿਰਦਾਰ ਮੈਗਾਟਰੋਨ ਅਤੇ ਇੱਕ ਬ੍ਰਾਊਨ ਮੁੰਡੇ (ਜਿਸ ਨੂੰ 'ਮਿਸਟਰ ਸਿੰਘ' ਕਹਿ ਕੇ ਸੰਬੋਧਿਤ ਕੀਤਾ ਹੈ) ਨੂੰ ਆਹਮੋ-ਸਾਹਮਣੇ ਖੜ੍ਹਾ ਕੀਤਾ ਗਿਆ ਹੈ ਅਤੇ ਲਿਖਿਆ ਹੈ, 'ਸੈਲਫ ਡਿਪੋਰਟ ਔਰ ਫਾਈਂਡ ਆਊਟ', ਭਾਵ 'ਖ਼ੁਦ ਡਿਪੋਰਟ ਹੋ ਜਾਵੋ ਜਾਂ ਤੁਹਾਨੂੰ ਲੱਭ ਲਿਆ ਜਾਵੇਗਾ'।
ਪੋਸਟ ਵਿੱਚ ਇਸ ਤਰ੍ਹਾਂ 'ਮਿਸਟਰ ਸਿੰਘ' ਲਿਖਣ ਨੂੰ ਲੈ ਕੇ ਵਿਵਾਦ ਹੋ ਗਿਆ ਹੈ।
ਐਕਸ ਉੱਤੇ ਇੱਕ ਹੋਰ ਪੋਸਟ ਕਰਦਿਆਂ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਿਟੀ ਨੇ ਲਿਖਿਆ, "ਜੇਕਰ ਤੁਸੀਂ ਇਸ ਦੇਸ਼ ਵਿੱਚ ਦੁਸ਼ਮਣੀ ਭਰਿਆ ਇਰਾਦਾ ਰੱਖਦੇ ਹੋ, ਤਾਂ ਇਹ ਜਾਣ ਲਓ ਕਿ ਅਸੀਂ ਆਪਣਾ ਬਚਾਅ ਕਰਾਂਗੇ। ਅਸੀਂ ਅਮਰੀਕੀਵਾਦ ਦਾ ਬਚਾਅ ਕਰਾਂਗੇ। ਅਸੀਂ ਆਪਣੇ ਘਰ ਦੀ ਰੱਖਿਆ ਕਰਾਂਗੇ।"
ਐਕਸ 'ਤੇ ਇੱਕ ਵੀਡੀਓ ਪੋਸਟ ਵਿੱਚ ਮੇਗਾਟਰੋਨ ਨੂੰ "ਇਲਲੀਗਲ ਏਲੀਅਨ" ਭਾਵ "ਗ਼ੈਰ-ਕਾਨੂੰਨੀ ਏਲੀਅਨਜ਼" ਬਾਰੇ ਗੱਲਬਾਤ ਕਰਦਾ ਦਿਖਾਇਆ ਗਿਆ ਹੈ, ਇਹ ਸ਼ਬਦ ਅਮਰੀਕੀ ਪ੍ਰਸ਼ਾਸਨ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਸੰਬੋਧਿਤ ਕਰਦਿਆਂ ਵਰਤਿਆ ਗਿਆ ਹੈ।

ਤਸਵੀਰ ਸਰੋਤ, @DHSgov/X
ਟਰੰਪ ਸਰਕਾਰ ਦੀ 'ਦੇਸ਼ ਨਿਕਾਲਾ' ਮੁਹਿੰਮ
ਡੌਨਲਡ ਟਰੰਪ ਨੇ ਚੋਣਾਂ ਦੌਰਾਨ ਇਤਿਹਾਸ ਵਿੱਚ ਸਭ ਤੋਂ ਵੱਡੇ ਪੱਧਰ 'ਤੇ ਦੇਸ਼ ਨਿਕਾਲੇ ਕਰਨ ਦਾ ਵਾਅਦਾ ਕੀਤਾ ਸੀ ਅਤੇ ਹਾਲੀਆ ਮਹੀਨਿਆਂ ਵਿੱਚ ਉਹ ਇਸ ਨੂੰ ਅਮਲ ਵਿੱਚ ਲਿਆਉਣ ਲਈ ਤੇਜ਼ੀ ਨਾਲ ਕਦਮ ਚੁੱਕ ਰਹੇ ਹਨ।
ਇਹ ਗਿਣਤੀ ਪਿਛਲੇ ਸਾਲ ਅਗਸਤ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਨਾਲੋਂ ਲਗਭਗ ਦੁੱਗਣੀ ਹੈ ਅਤੇ ਅਗਸਤ 2024 ਦੀ ਗਿਣਤੀ ਨਾਲੋਂ ਪੰਜ ਗੁਣਾ ਤੋਂ ਵੀ ਜ਼ਿਆਦਾ ਹੈ, ਜਦੋਂ ਜੋਅ ਬਾਇਡਨ ਰਾਸ਼ਟਰਪਤੀ ਸਨ।
ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਿਟੀ ਦੇ ਮੁਤਾਬਕ, ਟਰੰਪ ਸਰਕਾਰ ਦੇ ਇਮੀਗ੍ਰੇਸ਼ਨ ਕ੍ਰੈਕਡਾਊਨ (ਪਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ) ਦੇ ਤਹਿਤ, ਹੁਣ ਤੱਕ 30 ਲੱਖ ਤੋਂ ਵੱਧ ਗੈਰ-ਕਾਨੂੰਨੀ ਪਰਵਾਸੀ (ਇਲਲੀਗਲ ਏਲੀਅਨਜ਼ - ਅਮਰੀਕੀ ਸਰਕਾਰ ਵੱਲੋਂ ਵਰਤੀ ਜਾਣ ਵਾਲੀ ਟਰਮ) ਅਮਰੀਕਾ ਦੇਸ਼ ਛੱਡ ਚੁੱਕੇ ਹਨ। ਇਨ੍ਹਾਂ ਵਿੱਚੋਂ ਕਰੀਬ 22 ਲੱਖ ਖ਼ੁਦ ਡਿਪੋਰਟ ਹੋਏ ਹਨ ਅਤੇ 9,85,000 ਲੋਕਾਂ ਨੂੰ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਿਟੀ ਵੱਲੋਂ ਡਿਪੋਰਟ ਕੀਤਾ ਗਿਆ ਹੈ।

ਤਸਵੀਰ ਸਰੋਤ, Getty Images
ਸਿਰਫ਼ ਅਗਸਤ ਮਹੀਨੇ ਵਿੱਚ ਹੀ, ਆਈਸੀਈ (ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਸਰਵਿਸ) ਨੇ ਪੂਰੇ ਦੇਸ਼ ਵਿੱਚ 50,925 ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ।
ਇਹ ਜੁਲਾਈ 2026 ਦੇ ਪਿਛਲੇ ਰਿਕਾਰਡ ਨੂੰ ਤੋੜਦਾ ਹੈ, ਜਿਸ ਵਿੱਚ 50,208 ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਹ ਲਗਾਤਾਰ ਦੂਜਾ ਮਹੀਨਾ ਹੈ ਜਿਸ ਵਿੱਚ 50,000 ਤੋਂ ਵੱਧ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੁਲਾਈ ਨੇ ਜੂਨ ਦੇ ਅੰਕੜਿਆਂ ਨੂੰ ਪਾਰ ਕੀਤਾ ਸੀ, ਜਿਸ ਵਿੱਚ 43,900 ਗੈਰ-ਕਾਨੂੰਨੀ ਪਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਭਾਰਤੀ ਵਿਦੇਸ਼ ਮੰਤਰਾਲੇ ਦੇ ਅੰਕੜੇ

ਇਸ ਸਾਲ ਜੁਲਾਈ ਮਹੀਨੇ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਦੱਸਿਆ ਸੀ ਕਿ ਜਨਵਰੀ ਤੋਂ ਹੁਣ ਤੱਕ 1563 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਸੀ, "2021 ਵਿੱਚ 805 ਭਾਰਤੀ, 2022 ਵਿੱਚ 862 ਭਾਰਤੀ, 2023 ਵਿੱਚ 670 ਭਾਰਤੀ, 2024 ਵਿੱਚ 1368 ਭਾਰਤੀ ਅਤੇ ਸਾਲ 2025 ਵਿੱਚ ਹੁਣ ਤੱਕ 1563 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ।"
ਦੱਸ ਦੇਈਏ ਕਿ ਡਿਪੋਰਟ ਕੀਤੇ ਜਾ ਰਹੇ ਲੋਕਾਂ ਵਿੱਚ ਪੰਜਾਬੀ ਅਤੇ ਹਰਿਆਣਾ ਦੇ ਲੋਕ ਵੀ ਸ਼ਾਮਲ ਹਨ।
ਪੋਸਟ ਦੀ ਹੋ ਰਹੀ ਆਲੋਚਨਾ
"ਮਿਸਟਰ ਸਿੰਘ" ਸ਼ਬਦ ਦੀ ਇਸ ਤਰ੍ਹਾਂ ਵਰਤੋਂ ਕਰਨ ਦੀ ਹਿੰਦੂ ਅਮਰੀਕਨ ਫਾਊਂਡੇਸ਼ਨ ਅਤੇ ਸਿੱਖ ਕੋਇਲੇਸ਼ਨ ਸਮੇਤ ਕਈ ਸਮੂਹਾਂ ਵੱਲੋਂ ਆਲੋਚਨਾ ਕੀਤੀ ਗਈ।
ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਆਪਣੀ ਐਕਸ ਪੋਸਟ ਵਿੱਚ ਲਿਖਿਆ, "'ਸਿੰਘ' ਹਿੰਦੂ ਹਨ, ਉਹ ਸਿੱਖ ਹਨ, ਉਹ ਅਮਰੀਕੀ ਹਨ ਅਤੇ ਉਹ ਗੱਡੀ ਚਲਾਉਂਦੇ ਹਨ। @DHSgov ਦੁਆਰਾ ਨਸਲੀ, ਗ਼ੈਰ-ਅਮਰੀਕੀ, ਭਾਰਤ ਵਿਰੋਧੀ ਪ੍ਰੋਫਾਈਲਿੰਗ/ਟ੍ਰੋਲਿੰਗ ਸਾਡੇ ਦੇਸ਼ ਦੀ ਸਮੂਹਿਕ ਜ਼ਮੀਰ ਨੂੰ ਝੰਜੋੜਨ ਵਾਲੀ ਹੈ। ਇਹ ਇੱਕ ਸੰਘੀ ਏਜੰਸੀ ਦੁਆਰਾ ਇੱਕ ਪੱਖਪਾਤੀ ਪੋਸਟ ਹੈ, ਜੋ ਰਾਜਨੀਤਿਕ ਸੰਦੇਸ਼ਾਂ ਤੋਂ ਬਹੁਤ ਪਰੇ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।"
ਇਸੇ ਤਰ੍ਹਾਂ ਸਿੱਖ ਕੋਇਲੇਸ਼ਨ ਨਾਮ ਦੀ ਸੰਸਥਾ ਨੇ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ, "9/11 ਦੇ 25 ਸਾਲ ਬਾਅਦ ਵੀ, ਸਿੱਖਾਂ ਨੂੰ ਅਜੇ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਸਾਡੀ ਦਿੱਖ ਦੇ ਆਧਾਰ 'ਤੇ ਪ੍ਰੋਫਾਈਲ ਕੀਤਾ ਜਾ ਰਿਹਾ ਹੈ। ਅਮਰੀਕਾ ਵਿੱਚ ਲੱਖਾਂ ਸਿੱਖਾਂ ਦਾ ਆਖ਼ਰੀ ਨਾਮ ਸਿੰਘ ਹੈ, ਜਿਸਦਾ ਅਰਥ ਹੈ ਸ਼ੇਰ। ਅਸੀਂ ਸਿੱਖ ਵਜੋਂ ਨਿਡਰ ਰਹਿੰਦੇ ਹਾਂ, ਭਾਵੇਂ ਸਾਡੀ ਸਰਕਾਰ ਸਾਨੂੰ ਦੁਸ਼ਮਣ ਵਜੋਂ ਪੇਸ਼ ਕਰ ਰਹੀ ਹੈ।"
ਹੋਰ ਕੀ ਪ੍ਰਤੀਕਰਮ ਆਏ

ਤਸਵੀਰ ਸਰੋਤ, @RanjeevPuri/X
ਮਿਸ਼ੀਗਨ ਡੈਮੋਕ੍ਰੇਟਿਕ ਲੀਡਰ ਰਣਜੀਵ ਸਿੰਘ ਪੁਰੀ ਨੇ ਵੀ ਐਕਸ ਉੱਤੇ ਪੋਸਟ ਪਾ ਕੇ ਇਸ ਦੀ ਨਿੰਦਾ ਕੀਤੀ।
ਉਨ੍ਹਾਂ ਲਿਖਿਆ, "ਇੱਕ ਮਾਣਮੱਤਾ ਸਿੱਖ-ਅਮਰੀਕੀ ਹੋਣ ਦੇ ਨਾਤੇ, ਮੇਰਾ ਮਿਡਲ ਨਾਮ ਸਿੰਘ ਹੈ।"
"ਮੇਰੇ ਪੁੱਤਰਾਂ ਦਾ ਵੀ ਇਹੀ ਨਾਮ ਹੈ। ਇਹ ਕੋਈ ਪੰਚਲਾਈਨ ਨਹੀਂ ਹੈ, ਸਗੋਂ ਇੱਕ ਸਰਨੇਮ ਹੈ, ਜੋ ਦੁਨੀਆਂ ਭਰ ਦੇ ਲੱਖਾਂ ਸਿੱਖ ਮਾਣ ਨਾਲ ਰੱਖਦੇ ਹਨ। ਉਨ੍ਹਾਂ ਦੀਆਂ ਪੀੜ੍ਹੀਆਂ ਨੇ ਇਸ ਦੇਸ਼ ਦੀ ਸੇਵਾ ਕੀਤੀ ਹੈ, ਕਾਰੋਬਾਰ ਬਣਾਏ ਹਨ ਅਤੇ ਸਾਡੇ ਲੋਕਤੰਤਰ ਦੇ ਤਾਣੇ-ਬਾਣੇ ਨੂੰ ਮਜ਼ਬੂਤ ਕੀਤਾ ਹੈ। ਸਾਡਾ ਵਿਸ਼ਵਾਸ ਸਾਨੂੰ ਬੇਇਨਸਾਫ਼ੀ ਦੇ ਵਿਰੁੱਧ ਖੜ੍ਹੇ ਹੋਣ ਅਤੇ ਸੇਵਾ ਕਰਨ ਲਈ ਕਹਿੰਦਾ ਹੈ।"
"ਜਦੋਂ ਕੋਈ ਸਰਕਾਰੀ ਏਜੰਸੀ ਲੋਕਾਂ ਦੇ ਨਾਮ, ਉਨ੍ਹਾਂ ਦੇ ਵਿਸ਼ਵਾਸ ਜਾਂ ਉਨ੍ਹਾਂ ਦੀ ਦਿੱਖ ਦੇ ਕਾਰਨ ਉਨ੍ਹਾਂ ਦਾ ਮਜ਼ਾਕ ਉਡਾਉਂਦੀ ਹੈ, ਤਾਂ ਇਹ ਤਾਕਤ ਨਹੀਂ ਹੈ। ਇਹ ਜਨਤਕ ਨੀਤੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਜ਼ੈਨੋਫੋਬੀਆ ਹੈ। ਇਹ ਬਿਆਨਬਾਜ਼ੀ ਸਿਰਫ਼ ਸਾਨੂੰ ਵੰਡਦੀ ਹੈ ਅਤੇ ਉਨ੍ਹਾਂ ਅਸਲ ਚੁਣੌਤੀਆਂ ਤੋਂ ਧਿਆਨ ਭਟਕਾਉਂਦੀ ਹੈ, ਜਿਨ੍ਹਾਂ ਨੂੰ ਅਮਰੀਕੀਆਂ ਨੂੰ ਆਪਣੀ ਸਰਕਾਰ ਰਾਹੀਂ ਹੱਲ ਕਰਵਾਉਣ ਦੀ ਲੋੜ ਹੈ।"
ਇਸੇ ਤਰ੍ਹਾਂ ਟੀਐੱਮਸੀ ਲੀਡਰ ਮਹੂਆ ਮੋਇਤਰਾ ਨੇ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਇੱਕ ਨਸਲਵਾਦੀ ਇਸ਼ਤਿਹਾਰ ਰਾਹੀਂ ਇਹ ਗੱਲ ਭਾਰਤੀ ਪੰਜਾਬੀਆਂ ਨੂੰ ਕਹੀ ਹੈ।
ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕਰਦਿਆਂ ਲਿਖਿਆ, "ਕਿਰਪਾ ਕਰਕੇ ਇਹ ਗੱਲ ਹੁਣ ਆਪਣੇ ਫ੍ਰੈਂਡ ਡੌਨਲਡ ਅੱਗੇ ਚੁੱਕੋ।"
ਇਹੀ ਨਹੀਂ ਬੀਜੇਪੀ ਦੇ ਸਪੋਕਸਪਰਸ ਆਰਪੀ ਸਿੰਘ ਨੇ ਵੀ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾਈ ਅਤੇ ਇਸ ਟਿੱਪਣੀ ਉੱਤੇ ਸਵਾਲ ਖੜੇ ਕੀਤੇ।
ਉਨ੍ਹਾਂ ਨੇ ਲਿਖਿਆ, "ਇੱਕ ਸਿੱਖ ਹੋਣ ਦੇ ਨਾਤੇ ਮੈਂ ਅਮਰੀਕੀ ਸਰਕਾਰ ਦੀ ਡਿਪੋਰਟੇਸ਼ਨ ਮੁਹਿੰਮ ਵਿੱਚ ਸਿੱਖ ਪਛਾਣ ਅਤੇ 'ਸਿੰਘ' ਉਪਨਾਮ ਨੂੰ ਹਾਸੋਹੀਣੇ ਅਤੇ ਰੂੜ੍ਹੀਵਾਦੀ ਚਿੱਤਰਣ ਲਈ ਵਰਤੇ ਜਾਣ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਾ ਹਾਂ।"
ਉਹ ਅਗਾਂਹ ਕਹਿੰਦੇ ਹਨ,"ਅਮਰੀਕਾ ਨੂੰ ਆਪਣੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਗੈਰ-ਕਾਨੂੰਨੀ ਪਰਵਾਸ ਵਿਰੁੱਧ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ। ਪਰ ਕਾਨੂੰਨ ਲਾਗੂ ਕਰਨ ਦੀ ਆੜ ਵਿੱਚ ਕਿਸੇ ਧਰਮ, ਨਸਲ ਜਾਂ ਭਾਈਚਾਰੇ ਦੀ ਪਛਾਣ ਨੂੰ ਤਨਜ਼ ਜਾਂ ਰੂੜ੍ਹੀਵਾਦੀ ਧਾਰਨਾ ਦਾ ਪਾਤਰ ਬਣਾਉਣਾ ਉਚਿਤ ਨਹੀਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























