ਦਿਲਜੀਤ ਦੋਸਾਂਝ ਨੇ ਯੂਕੇ ਦੇ ਵੇਂਬਲੀ ਸਟੇਡੀਅਮ ਵਿੱਚ ਕਿਹੜਾ ਇਤਿਹਾਸ ਰਚਿਆ, ਜਿੱਥੇ ਰਹੀ 'ਪੰਜਾਬੀ ਆ ਗਏ ਵੇਂਬਲੀ ਓਏ' ਦੀ ਗੂੰਜ

ਵੇਂਬਲੀ ਸਟੇਡੀਅਮ ਵਿੱਚ ਪਰਫਾਰਮ ਕਰਦੇ ਹੋਏ ਦਿਲਜੀਤ ਦੋਸਾਂਝ
ਤਸਵੀਰ ਕੈਪਸ਼ਨ, ਵੇਂਬਲੀ ਸਟੇਡੀਅਮ ਵਿੱਚ ਪਰਫਾਰਮ ਕਰਦੇ ਹੋਏ ਦਿਲਜੀਤ ਦੋਸਾਂਝ
    • ਲੇਖਕ, ਨੂਰ ਨਾਂਜੀ ਅਤੇ ਅੰਮ੍ਰਿਤ ਸਿੰਘ ਚੀਮਾ
    • ਰੋਲ, ਵੇਂਬਲੀ ਸਟੇਡੀਅਮ ਤੋਂ ਰਿਪੋਰਟਿੰਗ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਸ਼ਨੀਵਾਰ ਰਾਤ ਦੁਨੀਆ ਭਰ ਵਿੱਚ ਮਸ਼ਹੂਰ ਵੇਂਬਲੀ ਆਰਚ ਦੇ ਹੇਠਾਂ ਪੰਜ ਸ਼ਬਦ ਗੂੰਜੇ: "ਪੰਜਾਬੀ ਆ ਗਏ ਵੇਂਬਲੀ ਓਏ!"

ਭਾਰਤੀ ਮੈਗਾਸਟਾਰ ਦਿਲਜੀਤ ਦੋਸਾਂਝ ਆਪਣੇ ਸਾਰੇ ਕਾਨਸਰਟਾਂ ਦੀ ਸ਼ੁਰੂਆਤ ਇਸੇ ਐਲਾਨ ਨਾਲ ਕਰਦੇ ਹਨ ਕਿ "ਪੰਜਾਬੀ ਆ ਗਏ ਹਨ"।

ਪਰ ਇਸ ਵਾਰ, ਇਹ ਉਨ੍ਹਾਂ ਵੱਲੋਂ ਆਮ ਤੌਰ 'ਤੇ ਵਰਤੇ ਜਾਣ ਵਾਲੇ ਇਨ੍ਹਾਂ ਸ਼ਬਦਾਂ ਦਾ ਇੱਕ ਨਵਾਂ ਅੰਦਾਜ਼ ਸੀ।

ਇਸ ਮਸ਼ਹੂਰ ਮਿਊਜ਼ਿਕ ਵੈਨਿਊ, ਵੇਂਬਲੀ ਸਟੇਡੀਅਮ ਵੱਲੋਂ ਕਿਹਾ ਗਿਆ ਹੈ ਕਿ ਦੋਸਾਂਝ ਵੇਂਬਲੀ ਸਟੇਡੀਅਮ ਵਿੱਚ ਮੁੱਖ ਕਲਾਕਾਰ ਵਜੋਂ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਹਨ।

ਆਪਣੇ ਫੈਨਜ਼ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਇਸ ਮੌਕੇ ਦੀ ਅਹਿਮੀਅਤ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, "ਇਹ ਪਲ ਇਤਿਹਾਸ ਵਿੱਚ ਦਰਜ ਹੋ ਜਾਵੇਗਾ।"

ਅਤੇ ਜਿਵੇਂ ਹੀ ਭੰਗੜੇ ਦੀਆਂ ਧੁਨਾਂ ਵੱਜਣ ਲੱਗੀਆਂ, ਫੈਨਜ਼ ਖੁਸ਼ੀ ਨਾਲ ਝੂਮ ਉੱਠੇ ਅਤੇ ਦੋਸਾਂਝ ਨੇ ਆਪਣੇ ਸਭ ਤੋਂ ਵੱਡੇ ਹਿੱਟ ਗਾਣੇ - G.O.A.T. ਤੋਂ ਲੈ ਕੇ ਲਵਰ (Lover) ਤੱਕ - ਗਾਉਣੇ ਸ਼ੁਰੂ ਕਰ ਦਿੱਤੇ।

ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ, ਦੋਸਾਂਝ ਨੇ ਦੁਨੀਆ ਭਰ ਵਿੱਚ ਵੱਡੀ ਗਿਣਤੀ ਵਿੱਚ ਫੈਨ ਬਣਾਏ ਹਨ, ਚਾਰਟਸ (ਮਿਊਜ਼ਿਕ ਚਾਰਟਸ) ਵਿੱਚ ਸਿਖਰ 'ਤੇ ਰਹੇ ਹਨ ਅਤੇ ਐੱਡ ਸ਼ੀਰਨ ਵਰਗੇ ਕਲਾਕਾਰਾਂ ਨਾਲ ਗਾਣੇ ਗਾਏ ਹਨ।

ਉਨ੍ਹਾਂ ਨੇ ਜਿਮੀ ਫੈਲਨ ਨਾਲ ਭੰਗੜਾ ਵੀ ਕੀਤਾ ਹੈ ਅਤੇ ਅਮਰੀਕੀ ਟਾਕ ਸ਼ੋਅ ਹੋਸਟ ਨੇ ਉਨ੍ਹਾਂ ਨੂੰ "ਦੁਨੀਆ ਦਾ ਸਭ ਤੋਂ ਵੱਡਾ ਪੰਜਾਬੀ ਕਲਾਕਾਰ" ਦੱਸਿਆ ਹੈ।

ਵੇਂਬਲੀ ਵਿੱਚ ਉਨ੍ਹਾਂ ਦਾ ਇਹ ਯਾਦਗਾਰੀ ਕਾਨਸਰਟ ਇੱਕ ਗਲੋਬਲ ਸਟਾਰ ਵਜੋਂ ਉਨ੍ਹਾਂ ਦੀ ਪਛਾਣ ਨੂੰ ਹੋਰ ਮਜ਼ਬੂਤ ਕਰਦਾ ਹੈ।

…ਤੇ ਅਗਲੇ ਸਵਾ ਦੋ ਘੰਟਿਆਂ ਤੱਕ ਕੂਕਾਂ ਤੇ ਤਾੜੀਆਂ ਵੱਜਦੀਆਂ ਹੀ ਰਹੀਆਂ

ਵੇਂਬਲੀ ਸਟੇਡੀਅਮ ਵਿੱਚ ਪਰਫਾਰਮ ਕਰਦੇ ਹੋਏ ਦਿਲਜੀਤ ਦੋਸਾਂਝ

ਤਸਵੀਰ ਸਰੋਤ, Wembley Stadium / Insta

ਤਸਵੀਰ ਕੈਪਸ਼ਨ, ਵੇਂਬਲੀ ਵਿੱਚ ਉਨ੍ਹਾਂ ਦਾ ਇਹ ਯਾਦਗਾਰੀ ਕਾਨਸਰਟ ਇੱਕ ਗਲੋਬਲ ਸਟਾਰ ਵਜੋਂ ਉਨ੍ਹਾਂ ਦੀ ਪਛਾਣ ਨੂੰ ਹੋਰ ਮਜ਼ਬੂਤ ਕਰਦਾ ਹੈ

ਸ਼ੋਅ ਤੋਂ ਪਹਿਲਾਂ, ਦਿਲਜੀਤ ਨੇ ਬੈਕਸਟੇਜ (ਸਟੇਜ ਦੇ ਪਿੱਛੇ) ਬੀਬੀਸੀ ਨਾਲ ਖਾਸ ਗੱਲਬਾਤ ਕੀਤੀ ਅਤੇ ਇਸ ਪਲ ਨੂੰ ਆਪਣੇ ਲਈ "ਇੱਕ ਸੁਪਨਾ" ਦੱਸਿਆ।

ਲੰਡਨ ਵਿੱਚ, ਦਿਲਜੀਤ ਦੋਸਾਂਝ ਦੇ ਕਾਨਸਰਟ ਵਿੱਚ ਆਈ ਭੀੜ ਵਿੱਚ ਜ਼ਿਆਦਾਤਰ ਲੋਕ ਦੱਖਣੀ ਏਸ਼ੀਆਈ ਸਨ - ਹਾਲਾਂਕਿ ਸਾਰੇ ਨਹੀਂ।

ਦੁਪਹਿਰ ਤੋਂ ਹੀ ਦਿਲਜੀਤ ਦੇ ਆਉਣ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਵਧਦਾ ਜਾ ਰਿਹਾ ਸੀ ਅਤੇ ਫੈਨਜ਼ ਜਲਦੀ ਪਹੁੰਚ ਗਏ ਤਾਂ ਜੋ ਆਪਣੀ ਜਗ੍ਹਾ ਲੈ ਸਕਣ।

ਇੱਕ ਫੈਨ ਨੇ ਕਿਹਾ, "MJ (ਮਾਈਕਲ ਜੈਕਸਨ) ਅਤੇ ਮੈਡੋਨਾ, ਸਾਡੇ ਲਈ ਉਹ (ਦਿਲਜੀਤ ਦੋਸਾਂਝ) ਉਸੇ ਲੈਵਲ ਦੇ ਹਨ।" ਦੂਜੇ ਨੇ ਕਿਹਾ, "ਉਹ ਬਹੁਤ ਹੈਂਡਸਮ ਹਨ ਅਤੇ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਹਨ।"

ਜਦੋਂ ਰਾਤ 8 ਵਜੇ ਤੋਂ ਕੁਝ ਦੇਰ ਬਾਅਦ ਦਿਲਜੀਤ ਰਵਾਇਤੀ ਕੱਪੜਿਆਂ ਵਿੱਚ ਸਟੇਜ 'ਤੇ ਆਏ ਤਾਂ ਸਟੇਡੀਅਮ ਵਿੱਚ ਜੋਸ਼ ਭਰ ਗਿਆ ਅਤੇ ਅਗਲੇ ਸਵਾ ਦੋ ਘੰਟਿਆਂ ਤੱਕ ਕੂਕਾਂ ਤੇ ਤਾੜੀਆਂ ਵੱਜਦੀਆਂ ਹੀ ਰਹੀਆਂ।

ਆਪਣੀ ਜ਼ਬਰਦਸਤ ਜਾਨਦਾਰ ਪਰਫਾਰਮੈਂਸ ਲਈ ਮਸ਼ਹੂਰ ਦਿਲਜੀਤ ਨੇ 'ਹੱਸ ਹੱਸ' ਅਤੇ 'ਬੌਰਨ ਟੂ ਸ਼ਾਈਨ' ਵਰਗੇ ਗਾਣਿਆਂ 'ਤੇ ਆਪਣੇ ਡਾਂਸ ਨਾਲ ਫੈਨਜ਼ ਦਾ ਦਿਲ ਜਿੱਤ ਲਿਆ।

ਉਨ੍ਹਾਂ ਦੀ ਦਿਲ ਨੂੰ ਛੂਹਣ ਵਾਲੀ ਆਵਾਜ਼ ਪੂਰੇ ਸਟੇਡੀਅਮ ਵਿੱਚ ਗੂੰਜ ਰਹੀ ਸੀ, ਜਿਸ ਨਾਲ ਉਨ੍ਹਾਂ ਦੀ ਗਾਇਕੀ ਦੀ ਰੇਂਜ ਦਾ ਪਤਾ ਲੱਗਦਾ ਸੀ। ਉਨ੍ਹਾਂ ਨੇ ਦੇਸੀ ਪੰਜਾਬੀ ਸੰਗੀਤ, ਰੈਪ ਅਤੇ ਹਿੱਪ-ਹੌਪ ਨੂੰ ਖੂਬਸੂਰਤੀ ਨਾਲ ਮਿਲਾ ਕੇ ਪੇਸ਼ ਕੀਤਾ।

'ਜਸ਼ਨ ਮਨਾਉਣ ਵਾਲਾ ਪਲ'

ਦਿਲਜੀਤ ਦੋਸਾਂਝ

ਤਸਵੀਰ ਸਰੋਤ, Diljit Dosanjh / Insta

ਤਸਵੀਰ ਕੈਪਸ਼ਨ, ਮਿਊਜ਼ਿਕ ਤੋਂ ਇਲਾਵਾ, ਦੋਸਾਂਝ ਇੱਕ ਲੋਕਪ੍ਰਿਯ ਬਾਲੀਵੁੱਡ ਅਦਾਕਾਰ ਅਤੇ ਸੋਸ਼ਲ ਮੀਡੀਆ ਸੈਂਸੇਸ਼ਨ ਵੀ ਹਨ (ਫਾਈਲ ਫੋਟੋ)

ਪੂਰੇ ਸ਼ੋਅ ਦੌਰਾਨ, ਦਰਸ਼ਕਾਂ ਨੇ ਲਾਈਟਾਂ ਲਹਿਰਾਈਆਂ, ਗਾਣੇ ਗਾਏ ਅਤੇ ਜ਼ਾਹਿਰ ਹੈ ਡਾਂਸ ਵੀ ਕੀਤਾ। ਕਈ ਵਾਰ ਤਾਂ ਇੰਝ ਲੱਗਿਆ ਜਿਵੇਂ ਸਟੇਜ ਦੇ ਸਭ ਤੋਂ ਨੇੜੇ ਵਾਲੀ ਥਾਂ ਕਿਸੇ ਭਾਰਤੀ ਵਿਆਹ ਦਾ ਦ੍ਰਿਸ਼ ਹੋਵੇ, ਜਿੱਥੇ ਫੈਨਜ਼ ਦੋਸਾਂਝ ਦੇ ਸ਼ਾਨਦਾਰ ਮੂਵਜ਼ ਦੀ ਨਕਲ ਕਰ ਰਹੇ ਸਨ।

ਪਰ ਇੰਨੀ ਵੱਡੀ ਜਗ੍ਹਾ 'ਤੇ ਪਰਫਾਰਮ ਕਰਨ ਦੇ ਬਾਵਜੂਦ, ਦੋਸਾਂਝ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਉਹ ਫੈਨਜ਼ ਨਾਲ ਵਿਅਕਤੀਗਤ ਤੌਰ 'ਤੇ ਜੁੜਨ ਵਿੱਚ ਮਾਹਿਰ ਹਨ।

ਉਨ੍ਹਾਂ ਨੇ ਛੋਟੇ ਬੱਚਿਆਂ ਤੋਂ ਲੈ ਕੇ ਇੱਕ ਬਜ਼ੁਰਗ ਮਹਿਲਾ ਤੱਕ, ਕਈ ਫੈਨਜ਼ ਨੂੰ ਸਟੇਜ 'ਤੇ ਬੁਲਾਇਆ, ਉਨ੍ਹਾਂ ਨਾਲ ਸੈਲਫ਼ੀਆਂ ਲਈਆਂ ਅਤੇ ਉਨ੍ਹਾਂ ਨੂੰ ਤੋਹਫ਼ੇ ਵੀ ਦਿੱਤੇ।

ਉਨ੍ਹਾਂ ਨੇ 90,000 ਲੋਕਾਂ ਦੀ ਸਮਰੱਥਾ ਵਾਲੇ ਇਸ ਸਟੇਡੀਅਮ ਦੀਆਂ ਪਿਛਲੀਆਂ ਕਤਾਰਾਂ ਵਿੱਚ ਬੈਠੇ ਲੋਕਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਪਿੱਛੇ ਬੈਠੇ ਲੋਕ ਵੀ ਉਨ੍ਹਾਂ ਨਾਲ "ਦਿਲ ਨਾਲ ਜੁੜੇ ਹੋਏ" ਹਨ ਅਤੇ ਉਨ੍ਹਾਂ ਲਈ ਤਾੜੀਆਂ ਵਜਵਾਈਆਂ।

ਭਾਰਤ ਵਿੱਚ ਮੌਜੂਦ ਫੈਨਜ਼ ਲਈ ਵੀ ਇੱਕ ਰੋਮਾਂਚਕ ਖ਼ਬਰ ਸੀ, ਕਿਉਂਕਿ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਨਵੰਬਰ ਵਿੱਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪਰਫਾਰਮ ਕਰਨਗੇ।

ਕਾਨਸਰਟ ਸਮਾਪਤੀ ਰਾਤ ਦੇ ਸਭ ਤੋਂ ਭਾਵੁਕ ਪਲ ਨਾਲ ਹੋਈ, ਜਦੋਂ ਉਨ੍ਹਾਂ ਨੇ ਆਪਣਾ ਗਾਣਾ 'ਮੈਂ ਹੂੰ ਪੰਜਾਬ' ਗਾਇਆ - ਅਤੇ ਨਾਲ ਹੀ ਸ਼ਾਨਦਾਰ ਆਤਿਸ਼ਬਾਜ਼ੀ ਵੀ ਹੋਈ।

ਕਾਨਸਰਟ ਵਿੱਚ ਸ਼ਾਮਿਲ ਅਮਿਤ ਅਤੇ ਰਾਣੀ ਨੇ ਬੀਬੀਸੀ ਨੂੰ ਦੱਸਿਆ, "ਕੀ ਸ਼ਾਨਦਾਰ ਸ਼ੋਅ ਸੀ, ਐਨਰਜੀ ਅਤੇ ਵਾਈਬ ਬੇਮਿਸਾਲ ਸੀ!"

"ਅਸੀਂ ਦਿਲਜੀਤ ਨੂੰ ਬਹੁਤ ਪਸੰਦ ਕਰਦੇ ਹਾਂ ਅਤੇ ਯੂਕੇ ਵਿੱਚ ਉਨ੍ਹਾਂ ਦੇ ਸਾਰੇ ਸ਼ੋਅਜ਼ ਵਿੱਚ ਗਏ ਹਾਂ। ਇਹ ਕੁਝ ਵੱਖਰਾ ਹੀ ਸੀ, ਇੱਕ ਅਜਿਹਾ ਪਲ ਜਿਸ ਦਾ ਹਿੱਸਾ ਬਣਨ ਦਾ ਅਹਿਸਾਸ ਅਸੀਂ ਕਦੇ ਨਹੀਂ ਭੁੱਲਾਂਗੇ।"

ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਸਨਮਾਨ ਦੀ ਗੱਲ ਸੀ "ਬਲਕਿ ਪੰਜਾਬੀ ਸੱਭਿਆਚਾਰ ਲਈ ਜਸ਼ਨ ਮਨਾਉਣ ਦਾ ਪਲ ਵੀ ਸੀ।"

ਦਿਲਜੀਤ ਦਾ ਸ਼ਾਨਦਾਰ ਸਫ਼ਰ

ਦਿਲਜੀਤ ਦੋਸਾਂਝ

ਤਸਵੀਰ ਸਰੋਤ, Diljit Dosanjh / Insta

ਤਸਵੀਰ ਕੈਪਸ਼ਨ, ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ, ਦੋਸਾਂਝ ਨੇ ਦੁਨੀਆ ਭਰ ਵਿੱਚ ਵੱਡੀ ਗਿਣਤੀ ਵਿੱਚ ਫੈਨ ਬਣਾਏ ਹਨ (ਫਾਈਲ ਫੋਟੋ)

ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਮੁੰਡੇ ਵਜੋਂ ਗਾਇਕੀ ਵਿੱਚ ਸਾਧਾਰਣ ਸ਼ੁਰੂਆਤ ਕਰਨ ਤੋਂ ਬਾਅਦ, ਉਨ੍ਹਾਂ ਨੇ 2023 ਵਿੱਚ ਇਤਿਹਾਸ ਰਚਿਆ ਅਤੇ ਅਮਰੀਕੀ ਮਿਊਜ਼ਿਕ ਫੈਸਟੀਵਲ 'ਕੋਚੇਲਾ' (Coachella) ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਭਾਸ਼ਾ ਦੇ ਗਾਇਕ ਬਣੇ।

ਉਨ੍ਹਾਂ ਨੇ ਸ਼ਾਨਦਾਰ ਪੰਜਾਬੀ ਲਿਬਾਸ ਪਹਿਨ ਕੇ ਮੈੱਟ ਗਾਲਾ (Met Gala) ਵਿੱਚ ਵੀ ਆਪਣੀ ਧਮਾਕੇਦਾਰ ਐਂਟਰੀ ਕੀਤੀ।

ਉਨ੍ਹਾਂ ਦੀ ਲੋਕਪ੍ਰਿਯਤਾ ਤੇਜ਼ੀ ਨਾਲ ਵਧੀ ਹੈ। ਉਨ੍ਹਾਂ ਨੇ ਅਮਰੀਕਾ ਅਤੇ ਯੂਰਪ ਵਿੱਚ ਪਰਫਾਰਮ ਕੀਤਾ ਹੈ ਅਤੇ ਸੀਆ (Sia) ਤੋਂ ਲੈ ਕੇ ਸ਼ੀਰਨ (Sheeran) ਵਰਗੇ ਪੌਪ ਸਟਾਰਜ਼ ਤੱਕ ਨਾਲ ਕੰਮ ਕੀਤਾ ਹੈ।

ਉਨ੍ਹਾਂ ਦਾ ਆਪਣੀ ਪਛਾਣ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਉਨ੍ਹਾਂ ਦੀ ਲੋਕਪ੍ਰਿਯਤਾ ਦਾ ਇੱਕ ਵੱਡਾ ਕਾਰਨ ਹੈ। ਉਹ ਆਪਣੀਆਂ ਪੰਜਾਬੀ ਜੜ੍ਹਾਂ ਨਾਲ ਜੁੜੇ ਰਹਿੰਦੇ ਹਨ, ਮਾਣ ਨਾਲ ਪੱਗ ਪਹਿਨਦੇ ਹਨ ਅਤੇ ਆਪਣੀ ਮਾਤ ਭਾਸ਼ਾ ਵਿੱਚ ਗਾਉਂਦੇ ਹਨ।

ਮਿਊਜ਼ਿਕ ਤੋਂ ਇਲਾਵਾ, ਦੋਸਾਂਝ ਇੱਕ ਲੋਕਪ੍ਰਿਯ ਬਾਲੀਵੁੱਡ ਅਦਾਕਾਰ ਅਤੇ ਸੋਸ਼ਲ ਮੀਡੀਆ ਸੈਂਸੇਸ਼ਨ ਵੀ ਹਨ।

ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦਾ ਮਿਊਜ਼ਿਕ ਨਹੀਂ ਸੁਣਿਆ, ਉਨ੍ਹਾਂ ਨੇ ਵੀ ਸ਼ਾਇਦ ਦਿਲਜੀਤ ਦੇ ਮਜ਼ੇਦਾਰ ਇੰਸਟਾਗ੍ਰਾਮ ਵੀਡੀਓ ਦੇਖੇ ਹੋਣਗੇ - ਜਿਵੇਂ ਕਿ ਐਮਾਜ਼ਾਨ ਐਲੇਕਸਾ ਡਿਵਾਈਸ ਨਾਲ ਉਨ੍ਹਾਂ ਦੀ ਬਹਿਸ, ਜੋ ਉਨ੍ਹਾਂ ਦੇ ਲਹਿਜ਼ੇ ਨੂੰ ਸਮਝ ਨਹੀਂ ਪਾ ਰਹੀ ਸੀ।

ਹੁਣ ਉਨ੍ਹਾਂ ਨੇ ਉਸ ਸਟੇਜ 'ਤੇ ਪਰਫਾਰਮ ਕੀਤਾ ਹੈ, ਜਿੱਥੇ ਪਹਿਲਾਂ ਟੇਲਰ ਸਵਿਫ਼ਟ ਅਤੇ ਕੋਲਡਪਲੇ ਵਰਗੇ ਵੱਡੇ ਮਿਊਜ਼ਿਕ ਸਟਾਰ ਪਰਫਾਰਮ ਕਰ ਚੁੱਕੇ ਹਨ।

ਦੋਸਾਂਝ ਅਤੇ ਦੁਨੀਆ ਭਰ ਵਿੱਚ ਉਨ੍ਹਾਂ ਦੇ ਲੱਖਾਂ ਫੈਨਜ਼ ਲਈ, ਇਸਦਾ ਮਤਲਬ ਹੈ ਕਿ ਪੰਜਾਬੀ ਮਿਊਜ਼ਿਕ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਜੋਸ਼ ਇੱਕ ਇਤਿਹਾਸਿਕ ਮੁਕਾਮ 'ਤੇ ਪਹੁੰਚ ਗਿਆ ਹੈ।

'ਇੱਕ ਪਿੰਡ ਤੋਂ ਇੱਥੋਂ ਤੱਕ ਦਾ ਸਫ਼ਰ - ਇਹ ਬਹੁਤ ਖ਼ਾਸ ਹੈ' - ਦਿਲਜੀਤ

ਵੇਂਬਲੀ ਸਟੇਡੀਅਮ ਵਿੱਚ ਪਰਫਾਰਮ ਕਰਦੇ ਹੋਏ ਦਿਲਜੀਤ ਦੋਸਾਂਝ

ਤਸਵੀਰ ਸਰੋਤ, Wembley Stadium / Insta

ਤਸਵੀਰ ਕੈਪਸ਼ਨ, ਵੇਂਬਲੀ ਸਟੇਡੀਅਮ ਵੱਲੋਂ ਕਿਹਾ ਗਿਆ ਹੈ ਕਿ ਦੋਸਾਂਝ ਵੇਂਬਲੀ ਸਟੇਡੀਅਮ ਵਿੱਚ ਮੁੱਖ ਕਲਾਕਾਰ ਵਜੋਂ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਹਨ

ਆਪਣੇ ਸ਼ੋਅ ਤੋਂ ਪਹਿਲਾਂ ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗ ਰਿਹਾ ਹੈ ਅਤੇ ਉਹ ਸ਼ੁਕਰਗੁਜ਼ਾਰ ਹਨ।

ਉਨ੍ਹਾਂ ਕਿਹਾ, "ਜਦੋਂ ਅਸੀਂ ਇਹ ਵੈਨਿਊ ਬੁੱਕ ਕਰਨ ਜਾ ਰਹੇ ਸੀ ਤਾਂ ਸਭ ਨੇ ਕਿਹਾ, 'ਬੁੱਕ ਕਰਨ ਤੋਂ ਪਹਿਲਾਂ ਦੁਬਾਰਾ ਸੋਚ ਲਓ, ਇਹ ਬਹੁਤ ਵੱਡਾ ਸਟੇਡੀਅਮ ਹੈ'।"

"ਮੈਂ ਕਿਹਾ: 'ਜੋ ਹੋਵੇਗਾ ਦੇਖਿਆ ਜਾਵੇਗਾ। ਮੈਂ ਚਾਹੁੰਦਾ ਹਾਂ ਕਿ ਸਾਡੇ ਲੋਕ ਖੁਸ਼ ਹੋਣ ਅਤੇ ਕਹਿ ਸਕਣ ਕਿ ਹਾਂ, ਅਸੀਂ ਵੀ ਅਜਿਹਾ ਕਰ ਸਕਦੇ ਹਾਂ'!"

ਦਿਲਜੀਤ ਨੇ ਉਨ੍ਹਾਂ ਕਈ ਕਲਾਕਾਰਾਂ ਬਾਰੇ ਗੱਲ ਕੀਤੀ, ਜਿਨ੍ਹਾਂ ਨੇ ਉਨ੍ਹਾਂ ਤੋਂ ਪਹਿਲਾਂ ਉੱਥੇ ਪਰਫਾਰਮ ਕੀਤਾ ਸੀ ਅਤੇ ਕਿਹਾ ਕਿ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚੱਲਣਾ "ਬਹੁਤ, ਬਹੁਤ ਮਾਅਨੇ ਰੱਖਦਾ ਹੈ"।

ਉਨ੍ਹਾਂ ਕਿਹਾ, "ਹੈਰੀ ਸਟਾਈਲਜ਼ ਵਰਗੇ ਕਿਸੇ ਵਿਅਕਤੀ ਲਈ ਸ਼ਾਇਦ ਇਸਦੀ ਓਨੀ ਅਹਿਮੀਅਤ ਨਾ ਹੋਵੇ, ਜਿੰਨੀ ਸਾਡੇ ਲਈ ਹੈ। ਉਨ੍ਹਾਂ ਨੇ ਅਜਿਹੇ ਮੰਚਾਂ 'ਤੇ ਪਰਫਾਰਮ ਕੀਤਾ ਹੈ, ਪਰ ਸਾਡੇ ਲਈ ਇਹ ਬਹੁਤ ਖ਼ਾਸ ਹੈ। ਇੱਕ ਪਿੰਡ ਤੋਂ ਇੱਥੋਂ ਤੱਕ ਦਾ ਸਫ਼ਰ - ਇਹ ਬਹੁਤ ਖ਼ਾਸ ਹੈ।"

"ਮੈਨੂੰ ਚੰਗਾ ਲੱਗ ਰਿਹਾ ਹੈ। ਮੈਂ ਖੁਸ਼ ਹਾਂ। ਅਤੇ ਮੈਨੂੰ ਆਪਣੇ ਲੋਕਾਂ ਲਈ ਚੰਗਾ ਲੱਗ ਰਿਹਾ ਹੈ। ਮੈਨੂੰ ਆਉਣ ਵਾਲੀ ਪੀੜ੍ਹੀ ਲਈ ਚੰਗਾ ਲੱਗ ਰਿਹਾ ਹੈ।''

ਅਤੇ ਫਿਰ ਉਨ੍ਹਾਂ ਨੇ ਆਪਣੀ ਗੱਲ ਆਪਣੇ ਉਸੇ ਖਾਸ ਅੰਦਾਜ਼ ਵਿੱਚ ਖਤਮ ਕੀਤੀ..."ਅਸੀਂ ਇੱਥੇ ਹਾਂ। ਪੰਜਾਬੀ ਆ ਗਏ ਓਏ!"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)