ਮੌਤ ਦੇ 40 ਸਾਲਾਂ ਬਾਅਦ ਇਸ 'ਗੁੰਮਨਾਮ ਸ਼ਾਇਰ' ਨੂੰ ਕਿਵੇਂ ਮਿਲੀ ਪਛਾਣ, ਜਿਸ ਦੀਆਂ ਗਜ਼ਲਾਂ ਨੁਸਰਤ ਫਤਿਹ ਅਲੀ ਖ਼ਾਨ ਵਰਗੇ ਕਲਾਕਾਰ ਗਾਉਂਦੇ ਰਹੇ

ਸੁਖਬੀਰ ਸਿੰਘ ਸੰਧੂ ਅਤੇ ਉਨ੍ਹਾਂ ਦੀ ਕਿਤਾਬ ਦੀ ਤਸਵੀਰ

ਤਸਵੀਰ ਸਰੋਤ, Jasbir singh Bhullar/BBC

ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਸੰਧੂ, ਜਿਨ੍ਹਾਂ ਦੀ ਗਜ਼ਲ ਕਈ ਹੋਰ ਕਲਾਕਾਰ ਗਾਉਂਦੇ ਰਹੇ ਪਰ ਉਹ ਖੁਦ ਸਾਲਾਂ ਤੱਕ ਗੁੰਮਨਾਮ ਰਹੇ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

"ਉਸ ਬੇ-ਵਫ਼ਾ ਦੀ ਯਾਦ ਵਿੱਚ ਰੋਇਆ ਕਰਾਂ ਕਿ ਨਾ।

ਬੀਤੇ ਦਿਨਾਂ ਦੀ ਫੇਰ ਤਮੰਨਾ ਕਰਾਂ ਕਿ ਨਾ।"

ਬਹੁਤੇ ਲੋਕਾਂ ਖਾਸ ਕਰਕੇ ਕਲਾ ਅਤੇ ਸਾਹਿਤ ਦੀ ਦੁਨੀਆ ਨਾਲ ਜੁੜੇ ਲੋਕਾਂ ਨੇ ਅਕਸਰ ਇਸ ਗ਼ਜ਼ਲ ਨੂੰ ਕਈ ਪ੍ਰਸਿੱਧ ਕਲਾਕਾਰਾਂ ਦੇ ਮੂੰਹੋਂ ਜਾਂ ਵੱਡੇ-ਵੱਡੇ ਕਲਾ ਮੰਚਾਂ ਅਤੇ ਕਾਲਜਾਂ ਦੇ ਸਮਾਗਮਾਂ ਵਿੱਚ ਸੁਣਿਆ ਹੋਵੇਗਾ।

ਪਰ ਇਸ ਰਚਨਾ ਦਾ ਸ਼ਾਇਰ ਹਮੇਸ਼ਾ ਗੁੰਮਨਾਮ ਹੀ ਰਿਹਾ। ਕਈ ਵਾਰੀ ਇਸ ਰਚਨਾ ਦਾ ਸਿਹਰਾ ਸ਼ਿਵ ਕੁਮਾਰ ਬਟਾਲਵੀ ਦੇ ਸਿਰ ਬੱਝਦਾ ਰਿਹਾ ਜਿਸ ਕਾਰਨ ਅਸਲ ਸ਼ਾਇਰ ਦਾ ਨਾਮ ਹੋਰ ਵੀ ਪਰਦੇ ਪਿੱਛੇ ਚਲਾ ਗਿਆ।

ਸਾਹਿਤਕਾਰਾਂ ਮੁਤਾਬਕ ਇਸ ਗਜ਼ਲ ਨੂੰ ਪਾਕਿਸਤਾਨ ਦੇ ਪ੍ਰਸਿੱਧ ਅਤੇ ਸੁਰੀਲੇ ਕਲਾਕਾਰ ਨੁਸਰਤ ਫ਼ਤਿਹ ਅਲੀ ਖ਼ਾਨ, ਅਕਰਮ ਰਾਹੀ, ਮਰਾਤਬ ਅਲੀ, ਨਸੀਬੋ ਲਾਲ ਨੇ ਵੀ ਗਾਇਆ ਪਰ ਇਸ ਦਾ ਸ਼ਾਇਰ ਗੁੰਮਨਾਮ ਰਿਹਾ।

ਪੰਜਾਬ ਸਾਹਿਤ ਨਾਲ ਜੁੜੀਆਂ ਹੋਈਆਂ ਕਈ ਸ਼ਖ਼ਸੀਅਤਾਂ ਨੇ ਹੰਬਲਾ ਮਾਰ ਕੇ ਇਸ ਰਚਨਾ ਦੇ ਸ਼ਾਇਰ ਨੂੰ ਲੱਭਿਆ ਹੈ। ਇਹ ਰਚਨਾ ਤਰਨਤਾਰਨ ਦੇ ਵਸਨੀਕ ਸੁਖਬੀਰ ਸਿੰਘ ਸੰਧੂ ਦੀ ਸੀ। ਉਨ੍ਹਾਂ ਦੀ ਮੌਤ 1986 ਵਿੱਚ ਹੋ ਗਈ ਸੀ।

ਮੌਤ ਦੇ ਚਾਲੀ ਸਾਲਾਂ ਬਾਅਦ ਉਨ੍ਹਾਂ ਦੀਆਂ ਗੁੰਮਨਾਮ ਰਚਨਾਵਾਂ ਨੂੰ ਦੁਬਾਰਾ ਕਿਤਾਬੀ ਰੂਪ ਦਿੱਤਾ ਗਿਆ ਹੈ। ਸ਼ਾਇਰ ਨੇ ਆਪਣੀਆਂ ਰਚਨਾਵਾਂ ਨੂੰ ਪਹਿਲਾਂ ਵੀ ਇੱਕ ਕਿਤਾਬ ਦਾ ਰੂਪ ਦਿੱਤਾ ਸੀ ਪਰ ਉਸ ਕਿਤਾਬ ਨੂੰ ਕਦੇ ਵੀ ਰੌਸ਼ਨੀ ਨਸੀਬ ਨਾ ਹੋ ਸਕੀ ਅਤੇ ਉਹ ਰੱਦੀ ਹੋ ਗਈਆਂ। ਬੱਸ ਕਿਤਾਬ ਦੀਆਂ ਲਗਭਗ 10 ਕਾਪੀਆਂ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਕੋਲ ਪਹੁੰਚ ਸਕੀਆਂ ਸਨ।

ਸੰਧੂ ਦੇ ਰਿਸ਼ਤੇਦਾਰ ਮੁਤਾਬਕ ਜਿਲਦਸਾਜੀ ਹੋਈਆਂ 10 ਪੁਸਤਕਾਂ ਦੀ ਹਾਲਤ ਵੀ ਖਸਤਾ ਸੀ। ਉਸ ਸਮੇਂ ਸ਼ਾਇਰ ਸੁਖਬੀਰ ਸਿੰਘ ਸੰਧੂ ਬੁਰੇ ਤਰੀਕੇ ਨਾਲ ਸ਼ਰਾਬ ਦੀ ਲੱਤ ਦੀ ਜਕੜ ਵਿੱਚ ਸਨ। ਉਨ੍ਹਾਂ ਦਾ ਸਰੀਰ ਕਿਤਾਬਾਂ ਨੂੰ ਦੁਬਾਰਾ ਛਪਵਾਉਣ ਦੀ ਸੋਚਣ ਦੇ ਵੀ ਕਾਬਲ ਨਹੀਂ ਸੀ।

ਗਜ਼ਲ ਪਹਿਲੀ ਵਾਰੀ ਕਿੱਥੇ ਛਪੀ ਸੀ ?

ਗਜ਼ਲ ਸੰਗ੍ਰਹਿ 'ਪਾਇਲ' ਦੀ ਤਸਵੀਰ
ਤਸਵੀਰ ਕੈਪਸ਼ਨ, ਇਹ ਗਜ਼ਲ ਸੁਖਬੀਰ ਸੰਧੂ ਦੇ ਪਹਿਲੇ ਅਤੇ ਆਖ਼ਰੀ ਗਜ਼ਲ ਸੰਗ੍ਰਹਿ 'ਪਾਇਲ' ਵਿੱਚ ਸਾਲ 1973 ਵਿੱਚ ਛਪੀ ਸੀ।

ਸੁਖਬੀਰ ਸੰਧੂ ਨਾਵਲਕਾਰ ਜਸਬੀਰ ਭੁੱਲਰ ਦੀ ਭੈਣ ਨਿਰਮਲ ਦੇ ਪਤੀ ਸਨ।

ਨਾਵਲਕਾਰ ਜਸਬੀਰ ਭੁੱਲਰ ਦੱਸਦੇ ਹਨ ਕਿ 'ਉਸ ਬੇਵਫ਼ਾ ਦੀ ਯਾਦ ਵਿੱਚ' ਗਜ਼ਲ ਪਹਿਲੀ ਵਾਰ 1963-64 ਵਿੱਚ ਕਰਤਾਰ ਸਿੰਘ ਬਲੱਗਣ ਅਤੇ ਵਿਧਾਤਾ ਸਿੰਘ ਤੀਰ ਦੇ ਰਸਾਲੇ 'ਕਵਿਤਾ' ਵਿੱਚ ਛਪੀ ਸੀ।

ਬਾਅਦ ਵਿੱਚ ਇਹ ਸੁਖਬੀਰ ਸੰਧੂ ਦੇ ਪਹਿਲੇ ਅਤੇ ਆਖ਼ਰੀ ਗਜ਼ਲ ਸੰਗ੍ਰਹਿ 'ਪਾਇਲ' ਵਿੱਚ ਸਾਲ 1973 ਵਿੱਚ ਛਪੀ ਸੀ।

ਪਹਿਲੀ ਅਤੇ ਆਖ਼ਰੀ ਪੁਸਤਕ ਰੱਦੀ ਕਿਵੇਂ ਹੋਈ?

ਨਾਵਲਕਾਰ ਜਸਬੀਰ ਭੁੱਲਰ ਦੱਸਦੇ ਹਨ, "ਇੰਗਲੈਂਡ ਤੋਂ ਵਾਪਸ ਆ ਕੇ ਸੁਖਬੀਰ ਤਰਨਤਾਰਨ ਵਿੱਚ ਰੈਸਟੋਰੈਂਟ ਚਲਾਉਂਦੇ ਸਨ। ਇਸ ਦੌਰਾਨ ਹੀ ਉਨ੍ਹਾਂ ਨੇ ਗਜ਼ਲਾਂ ਦੀ ਕਿਤਾਬ ਛਪਵਾਉਣ ਦਾ ਫ਼ੈਸਲਾ ਕੀਤਾ ਸੀ। ਉਸ ਸਮੇਂ ਪੰਜਾਬੀ ਕਿਤਾਬਾਂ ਛਾਪਣ ਵਾਲੇ ਸਾਰੇ ਪ੍ਰਕਾਸ਼ਕ ਅੰਮ੍ਰਿਤਸਰ ਵਿੱਚ ਹੀ ਸਨ।"

"ਸੁਖਬੀਰ ਦੇ ਘਰ ਕੋਲ ਹੀ ਬਾਜਵਾ ਪ੍ਰਿੰਟਿੰਗ ਸੀ ਜੋ ਸਿਹਰੇ-ਸਿੱਖਿਆ ਅਤੇ ਇਸ਼ਤਿਹਾਰ ਛਾਪਦੇ ਸਨ। ਇਸ ਪ੍ਰਿੰਟਿੰਗ ਪ੍ਰੈੱਸ ਕੋਲ ਕਿਤਾਬਾਂ ਛਪਣ ਲਈ ਨਹੀਂ ਆਉਂਦੀਆਂ ਸਨ ਪਰ ਗੁਆਂਢ ਮੱਥਾ ਹੋਣ ਕਰਕੇ ਉਹ ਕਿਤਾਬ ਛਾਪਣ ਲਈ ਰਾਜ਼ੀ ਹੋ ਗਏ। ਸੁਖਬੀਰ ਨੇ ਆਪਣੀ ਕਿਤਾਬ ਦਾ ਨਾਮ ਆਪਣੇ ਰੈਸਟੋਰੈਂਟ ਦੇ ਨਾਮ ਉੱਤੇ 'ਪਾਇਲ' ਰੱਖਿਆ ਸੀ।"

"ਪ੍ਰਿੰਟਿੰਗ ਪ੍ਰੈੱਸ ਨੇ ਕਿਤਾਬ ਦੀਆਂ 1100 ਕਾਪੀਆਂ ਛਾਪ ਦਿੱਤੀਆਂ ਪਰ ਉਨ੍ਹਾਂ ਕੋਲ ਕਿਤਾਬਾਂ ਦੀ ਜਿਲਦਸਾਜੀ ਦਾ ਪ੍ਰਬੰਧ ਨਹੀਂ ਸੀ। ਉਨ੍ਹਾਂ ਜਿਲਦ ਬੰਨ੍ਹਣ ਦਾ ਕੰਮ ਕਦੇ ਵੀ ਨਹੀਂ ਕੀਤਾ ਸੀ । ਕਿਸੇ ਤਰੀਕੇ ਉਨ੍ਹਾਂ 10 ਕਿਤਾਬਾਂ ਦੀਆਂ ਜਿਲਦਾਂ ਬਣਵਾ ਦਿੱਤੀਆਂ ਅਤੇ ਫਿਰ ਹੱਥ ਖੜ੍ਹੇ ਕਰ ਦਿੱਤੇ। ਮਗਰੋਂ ਇਹ ਕਿਤਾਬਾਂ ਰੱਦੀ ਬਣ ਗਈਆਂ ਅਤੇ ਪ੍ਰਿੰਟਿੰਗ ਪ੍ਰੈੱਸ ਵਾਲਿਆਂ ਨੇ ਇਹ ਰੱਦੀ ਉਨ੍ਹਾਂ ਦੇ ਘਰ ਸੁੱਟ ਦਿੱਤੀ। ਜਿਹੜੀਆਂ ਕਿਤਾਬਾਂ ਦੀ ਜਿਲਦਸਾਜੀ ਹੋਈ ਸੀ, ਉਨ੍ਹਾਂ ਵਿੱਚੋਂ ਇੱਕ ਕਿਤਾਬ ਮੇਰੇ ਕੋਲ ਪਈ ਹੋਈ ਹੈ।"

ਸੁਖਬੀਰ ਸਿੰਘ ਸੰਧੂ ਕੌਣ ਸਨ?

ਸੁਖਬੀਰ ਸਿੰਘ ਸੰਧੂ ਦੀ ਆਪਣੇ ਪਰਿਵਾਰ ਨਾਲ ਪੁਰਾਣੀ ਤਸਵੀਰ

ਤਸਵੀਰ ਸਰੋਤ, Jasbir singh Bhullar

ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਸੰਧੂ ਦੀ ਆਪਣੇ ਪਰਿਵਾਰ ਨਾਲ ਪੁਰਾਣੀ ਤਸਵੀਰ

ਪੁਸਤਕ ਮੁਤਾਬਕ ਸੁਖਬੀਰ ਦਾ ਜਨਮ 12 ਅਗਸਤ 1932 ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਲਸੀਆਂ ਖੁਰਦ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਸਰਦਾਰਾ ਸਿੰਘ ਸੰਧੂ ਤਰਨਤਾਰਨ ਸ਼ਹਿਰ ਵਿੱਚ ਸਥਿਤ ਗੁਰੂ ਅਰਜੁਨ ਦੇਵ ਖ਼ਾਲਸਾ ਹਾਈ ਸਕੂਲ ਵਿੱਚ ਅਧਿਆਪਕ ਸਨ। ਜਿਸ ਕਰਕੇ ਪਰਿਵਾਰ ਵੀ ਤਰਨਤਾਰਨ ਰਹਿਣ ਲੱਗ ਪਿਆ ਸੀ। ਇੱਥੇ ਹੀ ਸੁਖਬੀਰ ਨੇ ਐਮਏਬੀਟੀ ਤੱਕ ਰਸਮੀ ਸਿੱਖਿਆ ਹਾਸਲ ਕੀਤੀ ਸੀ।

ਆਪਣੇ ਜੀਵਨ ਵਿੱਚ ਸੁਖਬੀਰ ਸੰਧੂ ਨੇ ਕਲਰਕ, ਅਧਿਆਪਕ, ਪੰਜਾਬ ਦੇ ਲੋਕ ਸੰਪਰਕ ਵਿਭਾਗ ਵਿੱਚ ਡਰਾਮਾ ਇੰਸਪੈਕਟਰ ਅਤੇ ਇੰਗਲੈਂਡ ਵਿੱਚ ਸਪਰੇਅ ਪੇਂਟਰ ਵਜੋਂ ਵੀ ਕੰਮ ਕੀਤਾ ਸੀ। ਤਰਨਤਾਰਨ ਵਿੱਚ ਅੰਮ੍ਰਿਤਸਰ ਰੋਡ ਉੱਤੇ ਉਨ੍ਹਾਂ ਨੇ 'ਪਾਇਲ ਹੋਟਲ ਐਂਡ ਰੈਸਟੋਰੈਂਟ' ਵੀ ਖੋਲ੍ਹਿਆ ਸੀ। ਲੰਡਨ ਵਿੱਚ ਉਹ 'ਪੰਜਾਬੀ ਸਾਹਿਤ ਸਭਾ' ਦੇ ਜਨਰਲ ਸਕੱਤਰ ਵੀ ਰਹੇ ।

ਲੋਕ ਸੰਪਰਕ ਵਿਭਾਗ ਵਿੱਚ ਉਨ੍ਹਾਂ ਨੇ ਕਪੂਰਥਲਾ ਵਿੱਚ ਨੌਕਰੀ ਕੀਤੀ ਸੀ। ਫਿਰ ਉਹ ਇੰਗਲੈਂਡ ਚਲੇ ਗਏ। ਲੰਮਾ ਸਮਾਂ ਉੱਥੇ ਰਹਿਣ ਮਗਰੋਂ ਉਨ੍ਹਾਂ ਨੇ ਤਰਨਤਾਰਨ ਆ ਕੇ ਰੈਸਟੋਰੈਂਟ ਖੋਲ੍ਹ ਲਿਆ ਸੀ।

ਇੰਗਲੈਂਡ ਵਿਖੇ ਉਹ ਸਾਊਥਹਾਲ ਵਿੱਚ ਰਹਿੰਦੇ ਸਨ।

ਗੁੰਮਨਾਮੀ ਵਿੱਚੋਂ ਕਿਵੇਂ ਨਿਕਲੇ?

ਕਵੀ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਦੱਸਦੇ ਹਨ, "ਮੈਂ 'ਬੇਵਫ਼ਾ ਦਾ ਯਾਦ' ਗਜ਼ਲ ਬਹੁਤ ਵਾਰੀ ਸੁਣੀ ਸੀ। ਦਿਲ ਟੁੱਟੇ ਆਸ਼ਕ ਅਕਸਰ ਇਹ ਗਜ਼ਲ ਗਾਉਂਦੇ ਸਨ। ਲੋਕ ਇਸ ਗਜ਼ਲ ਨੂੰ ਸ਼ਿਵ ਕੁਮਾਰ ਬਟਾਲਵੀ ਦੀ ਗਜ਼ਲ ਦੱਸ ਕੇ ਗਾਉਂਦੇ ਸੀ।"

"ਮੈਂ ਸ਼ਿਵ ਕੁਮਾਰ ਬਟਾਲਵੀ ਦੀ ਸਿਰਜਣ ਸ਼ੈਲੀ ਦਾ ਭੇਤੀ ਸੀ। ਇਸ ਲਈ ਮੈਨੂੰ ਪਤਾ ਸੀ ਕਿ ਇਹ ਗਜ਼ਲ ਸ਼ਿਵ ਦੀ ਨਹੀਂ ਹੈ। ਇਸ ਤੋਂ ਇਲਾਵਾ ਕਲਾ ਦੇ ਖੇਤਰ ਨਾਲ ਜੁੜੀਆਂ ਹੋਈਆਂ ਮੇਰੇ ਤੋਂ ਵੱਡੀਆਂ ਵਡੇਰੀਆਂ ਸ਼ਖਸੀਅਤਾਂ ਨੇ ਵੀ ਮੈਨੂੰ ਦੱਸਿਆ ਸੀ ਕਿ ਇਹ ਰਚਨਾ ਸ਼ਿਵ ਦੀ ਨਹੀਂ ਹੈ।"

ਸੁਖਬੀਰ ਸਿੰਘ ਸੰਧੂ ਦੀ ਪੁਰਾਣੀ ਤਸਵੀਰ
ਤਸਵੀਰ ਕੈਪਸ਼ਨ, ਪੰਜਾਬ ਸਾਹਿਤ ਨਾਲ ਜੁੜੀਆਂ ਹੋਈਆਂ ਕਈ ਸ਼ਖ਼ਸੀਅਤਾਂ ਨੇ ਹੰਬਲਾ ਮਾਰ ਕੇ ਸੁਖਬੀਰ ਸਿੰਘ ਸੰਧੂ ਨੂੰ ਗੁੰਮਨਾਮੀ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ

"ਜਿਸ ਰਚਨਾ ਨੂੰ ਵੱਡੇ-ਵੱਡੇ ਕਲਾਕਾਰਾਂ ਵੱਲੋਂ ਅਤੇ ਅਨੇਕਾਂ ਮੰਚਾਂ ਉੱਤੇ ਗਾਇਆ ਗਿਆ ਹੋਵੇ। ਉਸ ਰਚਨਾ ਦਾ ਅਸਲ ਵਾਰਸ ਕੌਣ ਹੈ। ਇੱਕ ਪ੍ਰਸਿੱਧ ਗਜ਼ਲ ਦਾ ਸ਼ਾਇਰ ਗੁੰਮਨਾਮ ਕਿਵੇਂ ਰਹਿ ਸਕਦਾ ਹੈ। ਮੇਰੇ ਵਿੱਚ ਇਸ ਸ਼ਾਇਰ ਨੂੰ ਲੱਭਣ ਦੀ ਤਾਂਘ ਸੀ ਪਰ ਕੋਈ ਜਾਣਕਾਰੀ ਨਹੀਂ ਮਿਲ ਰਹੀ ਸੀ।"

"ਸਾਲ 2010 ਵਿੱਚ ਮੈਂ ਕਲਕੱਤੇ ਗਿਆ ਸੀ। ਉੱਥੇ ਮੇਰੀ ਮੁਲਾਕਾਤ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਨਾਲ ਹੋਈ ਸੀ। ਉਨ੍ਹਾਂ ਦੱਸਿਆ ਸੀ ਕਿ ਇਸ ਗਜ਼ਲ ਦਾ ਸ਼ਾਇਰ ਸੁਖਬੀਰ ਸੰਧੂ ਹੈ ਜੋ ਕਦੇ ਤਰਨਤਾਰਨ ਰਹਿੰਦਾ ਸੀ। ਮੈਂ ਤਰਨਤਾਰਨ ਦੇ ਕਈ ਲਿਖਾਰੀਆਂ ਨੂੰ ਸੁਖਬੀਰ ਸੰਧੂ ਬਾਰੇ ਪੁੱਛਿਆ ਸੀ ਪਰ ਕੋਈ ਉਸਦੇ ਨਾਮ ਤੋਂ ਵਾਕਫ਼ ਨਹੀਂ ਸੀ।"

"ਫਿਰ ਇੱਕ ਦਿਨ ਅਚਾਨਕ ਮੇਰੀ ਮੁਲਾਕਾਤ ਪੰਜਾਬੀ ਲੇਖਕ ਕਰਨਲ ਜਸਬੀਰ ਭੁੱਲਰ ਨਾਲ ਹੋਈ। ਉਨ੍ਹਾਂ ਦੱਸਿਆ ਕਿ ਸੁਖਬੀਰ ਸੰਧੂ ਉਸ ਦਾ ਰਿਸ਼ਤੇਦਾਰ ਸੀ। ਉਨ੍ਹਾਂ ਦੱਸਿਆ ਕਿ ਸੁਖਬੀਰ ਨੇ ਆਪਣੀ ਇੱਕ ਕਿਤਾਬ 'ਪਾਇਲ' ਛਾਪੀ ਸੀ ਜੋ ਲੋਕਾਂ ਤੱਕ ਨਹੀਂ ਪਹੁੰਚ ਸਕੀ। ਆਖ਼ਰ ਜਸਬੀਰ ਭੁੱਲਰ ਨੇ 'ਪਾਇਲ' ਦੀ ਇੱਕੋ-ਇੱਕ ਮੌਜੂਦ ਕਾਪੀ ਲੱਭ ਲਈ।"

'ਮੁੜ ਜਿਊਂਦਾ ਹੋ ਗਿਆ'

ਨਾਵਲਕਾਰ ਜਸਬੀਰ ਭੁੱਲਰ ਕਹਿੰਦੇ ਹਨ, "ਸੁਖਬੀਰ ਸਿੰਘ ਸੰਧੂ ਹੁਣ ਦੁਬਾਰਾ ਜਿਉਂਦਾ ਹੋ ਗਿਆ ਹੈ। ਪਹਿਲਾਂ ਮੈਨੂੰ ਬਹੁਤ ਬੁਰਾ ਲੱਗਦਾ ਸੀ ਜਦੋਂ ਪ੍ਰਸਿੱਧ ਕਲਾਕਾਰ ਨੁਸਰਤ ਫ਼ਤਿਹ ਅਲੀ ਖ਼ਾਨ, ਅਕਰਮ ਰਾਹੀ, ਮਰਾਤਬ ਅਲੀ, ਨਸੀਬੋ ਲਾਲ ਉਸ ਦੀ ਰਚਨਾ ਨੂੰ ਗਾਉਂਦੇ ਸਨ। ਕਾਲਜਾਂ ਵਿੱਚ ਹੁੰਦੇ ਮੁਕਾਬਲਿਆਂ ਵਿੱਚ ਉਸ ਦੀਆਂ ਗਜ਼ਲਾਂ ਗਾਈਆਂ ਜਾਂਦੀਆਂ ਸਨ। ਪਰ ਸੁਖਬੀਰ ਸਿੰਘ ਸੰਧੂ ਦੇ ਨਾਮ ਦੀ ਚਰਚਾ ਨਹੀਂ ਹੁੰਦੀ ਸੀ। ਕਈ ਵਾਰੀ ਲੋਕਾਂ ਨੇ ਆਪਣੇ ਸ਼ੇਅਰ ਵਿੱਚ ਜੋੜ ਕੇ ਉਸਦੀ ਰਚਨਾ ਨੂੰ ਆਪਣਾ ਨਾਮ ਦਿੱਤਾ।"

"ਪਰ ਹੁਣ ਸੁਖਬੀਰ ਸੰਧੂ ਨੂੰ ਉਸ ਦੀਆਂ ਰਚਨਾਵਾਂ ਦਾ ਸਿਹਰਾ ਮਿਲਣ ਲੱਗ ਪਿਆ ਹੈ। ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੁੰਦੀ ਹੈ।"

ਪਿੰਡ ਵਿੱਚ ਕਿਤਾਬਾਂ ਕਿਉਂ ਵੰਡੀਆਂ?

ਪਿੰਡ ਵਾਸੀ ਕਿਤਾਬ ਨਾਲ ਤਸਵੀਰ ਖਿਚਵਾਉਂਦੇ ਹੋਏ

ਤਸਵੀਰ ਸਰੋਤ, Surjit Singh Sandhu (EX-ETO)

ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਸੰਧੂ ਵੱਲੋਂ ਲਿਖੀਆਂ ਗਜ਼ਲਾਂ ਦੀ ਕਿਤਾਬ ਪਿੰਡ ਵਾਸੀਆਂ ਵਿੱਚ ਵੰਡੀ ਗਈ

ਪੰਜਾਬ ਸਰਕਾਰ ਤੋਂ ਸੇਵਾ ਮੁਕਤ ਹੋਏ ਈਟੀਓ ਸੁਰਜੀਤ ਸਿੰਘ ਸੰਧੂ ਕਹਿੰਦੇ ਹਨ, "ਸਾਨੂੰ ਕੁਝ ਦਿਨ ਪਹਿਲਾਂ ਪਤਾ ਲੱਗਾ ਸੀ ਕਿ ਸਾਡੇ ਪਿੰਡ ਕਿਸੇ ਬੰਦੇ ਨੇ ਸੰਸਾਰ ਪ੍ਰਸਿੱਧ ਗ਼ਜ਼ਲਾਂ ਲਿੱਖੀਆਂ ਹਨ। ਤੁਰੰਤ ਅਸੀਂ ਕਿਤਾਬਾਂ ਖਰੀਦ ਕੇ ਪਿੰਡ ਵਿੱਚ ਵੰਡੀਆਂ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਸ ਪਿੰਡ ਦੇ ਜੰਮਪਲ ਸੁਖਬੀਰ ਸੰਧੂ ਦੀਆਂ ਰਚਨਾਵਾਂ ਅਤੇ ਉਸ ਬਾਰੇ ਪਤਾ ਲੱਗ ਸਕੇ।"

ਸ਼ਰਾਬ ਦੀ ਲੱਤ

ਨਾਵਲਕਾਰ ਜਸਬੀਰ ਭੁੱਲਰ ਦੀ ਟਿੱਪਣੀ

ਨਾਵਲਕਾਰ ਜਸਬੀਰ ਭੁੱਲਰ ਦੱਸਦੇ ਹਨ, "ਸੁਖਬੀਰ ਸੰਧੂ ਨੂੰ ਸ਼ਰਾਬ ਦੀ ਲੱਤ ਸੀ। ਪਰਿਵਾਰ ਨੇ ਸ਼ਰਾਬ ਛੁਡਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ। ਮਗਰੋਂ ਉਸ ਨੇ ਲਿਖਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਕਲਮ ਨੇ ਉਸ ਦਾ ਸਾਥ ਨਹੀਂ ਦਿੱਤਾ।"

"ਆਖ਼ਰੀ ਸਮੇਂ ਉਸ ਨੂੰ ਗੈਂਗਰੀਨ ਵੀ ਹੋ ਗਈ ਸੀ। ਫਿਰ 5 ਜੂਨ 1986 ਨੂੰ ਉਸ ਨੇ ਆਖ਼ਰੀ ਸਾਹ ਲਿਆ।"

ਸੁਖਬੀਰ ਸਿੰਘ ਸੰਧੂ ਆਪਣੀ ਜ਼ਿੰਦਗੀ ਵਿੱਚ ਉਹ ਮਾਣ ਹਾਸਲ ਨਾ ਕਰ ਸਕੇ ਜਿਸ ਦੇ ਉਹ ਹੱਕਦਾਰ ਸਨ ਪਰ ਚਾਲੀ ਸਾਲ ਬਾਅਦ, ਹੁਣ ਉਨ੍ਹਾਂ ਦਾ ਨਾਮ ਮੁੜ ਉਨ੍ਹਾਂ ਦੀਆਂ ਗ਼ਜ਼ਲਾਂ ਨਾਲ ਜੁੜ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)