ਕੀ ਅਸੀਂ ਚਿਕਨ ਦੇ ਪੰਜੇ ਖਾ ਸਕਦੇ ਹਾਂ? ਚਿਕਨ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਇਹ ਖਾਸ ਕਿਉਂ ਹਨ?

ਚਿਕਨ ਦੇ ਪੰਜੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੂਰੀ ਦੁਨੀਆ ਵਿੱਚ ਚਿਕਨ ਦੇ ਪੰਜਿਆਂ ਦੀ ਬਹੁਤ ਜ਼ਿਆਦਾ ਮੰਗ ਹੈ
    • ਲੇਖਕ, ਸਿਰਾਜ
    • ਰੋਲ, ਬੀਬੀਸੀ ਤਮਿਲ
  • ਪੜ੍ਹਨ ਦਾ ਸਮਾਂ: 7 ਮਿੰਟ

ਜਦੋਂ ਅਸੀਂ ਚਿਕਨ ਖਰੀਦਣ ਲਈ ਦੁਕਾਨ 'ਤੇ ਜਾਂਦੇ ਹਾਂ, ਤਾਂ ਸਾਡੇ ਵਿੱਚੋਂ ਕਈ ਸ਼ਾਇਦ ਕਹਿੰਦੇ ਹੋਣ 'ਲਿਵਰ ਨਹੀਂ ਚਾਹੀਦਾ', 'ਚਿਕਨ ਦੀ ਗਰਦਨ ਨਹੀਂ ਚਾਹੀਦੀ', ਜਾਂ 'ਮੈਨੂੰ ਲੈਗ ਪੀਸ ਚਾਹੀਦਾ ਹੈ', 'ਮੈਨੂੰ ਬ੍ਰੈਸਟ ਮੀਟ ਚਾਹੀਦਾ ਹੈ' ਆਦਿ।

ਪਰ, ਸ਼ਾਇਦ ਅਸੀਂ ਕਦੇ ਇਸ ਬਾਰੇ ਨਹੀਂ ਸੋਚਿਆ ਹੋਵੇਗਾ ਕਿ ਸਾਨੂੰ ਚਿਕਨ ਦੇ ਪੰਜੇ ਵੀ ਪਕਾਉਣੇ ਚਾਹੀਦੇ ਹਨ ਜਾਂ ਨਹੀਂ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਚਿਕਨ ਦੇ ਪੰਜੇ ਖੰਭਾਂ ਅਤੇ ਚਮੜੀ ਵਾਂਗ ਹੀ ਬੇਕਾਰ ਚੀਜ਼ ਹਨ।

ਪਰ, ਸਿੰਗਾਪੁਰ ਵਿੱਚ ਚਿਕਨ ਦੇ ਪੰਜੇ 3.70 ਸਿੰਗਾਪੁਰ ਡਾਲਰ (276.13 ਭਾਰਤੀ ਰੁਪਏ) ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵੇਚੇ ਜਾਂਦੇ ਹਨ, ਜੋ ਦੱਖਣੀ ਅਫ਼ਰੀਕਾ ਅਤੇ ਮੈਕਸੀਕੋ ਦੇ ਕੁਝ ਹਿੱਸਿਆਂ ਵਿੱਚ ਮਿਲਣ ਵਾਲੇ ਚਿਕਨ ਨਾਲੋਂ ਵੀ ਮਹਿੰਗੇ ਹਨ।

ਪੂਰੀ ਦੁਨੀਆ ਵਿੱਚ ਚਿਕਨ ਦੇ ਪੰਜਿਆਂ ਦੀ ਬਹੁਤ ਜ਼ਿਆਦਾ ਮੰਗ ਹੈ। ਵੀਆਤਨਾਮ, ਚੀਨ ਅਤੇ ਉਜ਼ਬੇਕਿਸਤਾਨ ਵਰਗੇ ਦੇਸ਼ ਆਪਣੀਆਂ ਖਾਣ-ਪੀਣ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੱਡੀ ਮਾਤਰਾ ਵਿੱਚ ਚਿਕਨ ਦੇ ਪੰਜੇ ਦਰਾਮਦ (ਆਯਾਤ) ਕਰਦੇ ਹਨ।

ਸਾਲ 2022 ਵਿੱਚ, ਅਮਰੀਕਾ ਨੇ ਚੀਨ ਨੂੰ ਲਗਭਗ 1,33,700 ਮੈਟ੍ਰਿਕ ਟਨ ਚਿਕਨ ਦੇ ਪੰਜੇ ਬਰਾਮਦ (ਨਿਰਯਾਤ) ਕੀਤੇ ਸਨ।

ਚਿਕਨ ਦੇ ਪੰਜੇ, ਜਿਨ੍ਹਾਂ ਨੂੰ ਅਕਸਰ ਫਾਲਤੂ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ, ਦੁਨੀਆ ਦੇ ਹੋਰ ਹਿੱਸਿਆਂ ਵਿੱਚ ਇੰਨੇ ਕੀਮਤੀ ਕਿਉਂ ਹਨ? ਉਨ੍ਹਾਂ ਵਿੱਚ ਕਿਹੜੇ-ਕਿਹੜੇ ਪੋਸ਼ਕ ਤੱਤ ਪਾਏ ਜਾਂਦੇ ਹਨ?

ਚਿਕਨ ਦੇ ਪੰਜਿਆਂ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ

ਚਿਕਨ ਦੇ ਪੰਜੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚਿਕਨ ਦੇ ਪੰਜੇ ਚਮੜੀ, ਹੱਡੀਆਂ, ਮਾਸਪੇਸ਼ੀਆਂ ਅਤੇ ਕਨੈਕਟਿਵ ਟਿਸ਼ੂ ਨਾਲ ਬਣੇ ਹੁੰਦੇ ਹਨ

ਹਾਲਾਂਕਿ ਕਈ ਦੇਸ਼ਾਂ ਵਿੱਚ ਚਿਕਨ ਦੇ ਪੰਜਿਆਂ ਨੂੰ ਫਾਲਤੂ ਮੰਨਿਆ ਜਾਂਦਾ ਹੈ, ਪਰ ਅਮਰੀਕਾ ਦੇ ਨੈਸ਼ਨਲ ਇੰਸਟਿਟਿਊਟਸ ਆਫ਼ ਹੈਲਥ ਦੇ ਇੱਕ ਰਿਸਰਚ ਪੇਪਰ ਮੁਤਾਬਕ, ਇਨ੍ਹਾਂ ਵਿੱਚ ਕਈ ਜ਼ਰੂਰੀ ਪੋਸ਼ਕ ਤੱਤ ਅਤੇ ਸਿਹਤ ਲਈ ਫ਼ਾਇਦੇਮੰਦ ਗੁਣ ਪਾਏ ਜਾਂਦੇ ਹਨ।

ਅਮਰੀਕਾ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਬ੍ਰੌਇਲਰ ਚਿਕਨ ਇੰਡਸਟਰੀ ਹੈ, ਜਿਸਦਾ ਲਗਭਗ 15% ਉਤਪਾਦਨ ਹੋਰ ਦੇਸ਼ਾਂ ਨੂੰ ਭੇਜਿਆ ਜਾਂਦਾ ਹੈ। ਇਸ ਵਿੱਚ ਚਿਕਨ ਦੇ ਪੰਜਿਆਂ ਦਾ ਵੀ ਵੱਡਾ ਹਿੱਸਾ ਹੈ।

ਮਸ਼ਹੂਰ ਇੰਗਲਿਸ਼ ਫੁੱਟਬਾਲਰ ਐਂਡਰੋਸ ਟਾਊਨਸੈਂਡ ਨੇ ਇੱਕ ਵਾਰ ਬੀਬੀਸੀ ਨੂੰ ਦੱਸਿਆ ਸੀ, "ਚਿਕਨ ਦੇ ਪੰਜਿਆਂ ਦਾ ਸੁਆਦ ਬਿਲਕੁਲ ਚਿਕਨ ਵਿੰਗਜ਼ ਵਰਗਾ ਹੀ ਹੁੰਦਾ ਹੈ। ਇਨ੍ਹਾਂ ਵਿੱਚ ਮਾਸ ਘੱਟ ਹੁੰਦਾ ਹੈ ਅਤੇ ਇਹ ਉਨ੍ਹਾਂ ਤੋਂ ਵੀ ਵਧੀਆ ਲੱਗਦੇ ਹਨ। ਚੀਨ, ਦੱਖਣੀ ਅਫ਼ਰੀਕਾ ਅਤੇ ਪੁੁਰਤਗਾਲ ਵਰਗੇ ਦੇਸ਼ਾਂ ਵਿੱਚ ਇਨ੍ਹਾਂ ਨੂੰ ਬੜੇ ਸ਼ੌਂਕ ਨਾਲ ਖਾਇਆ ਜਾਂਦਾ ਹੈ। ਇਨ੍ਹਾਂ ਨੂੰ ਸਿਰਫ਼ 20 ਮਿੰਟ ਵਿੱਚ ਪਕਾਇਆ ਜਾ ਸਕਦਾ ਹੈ।"

ਚਿਕਨ ਦੇ ਪੰਜੇ ਚਮੜੀ, ਹੱਡੀਆਂ, ਮਾਸਪੇਸ਼ੀਆਂ ਅਤੇ ਕਨੈਕਟਿਵ ਟਿਸ਼ੂ ਨਾਲ ਬਣੇ ਹੁੰਦੇ ਹਨ। ਇੱਕ ਅਧਿਐਨ ਮੁਤਾਬਕ, ਇਨ੍ਹਾਂ ਦੀ ਬਣਤਰ ਵਿੱਚ ਲਗਭਗ 30-35% ਕੋਲਾਜਨ ਹੁੰਦਾ ਹੈ।

ਚਿਕਨ ਦੇ ਪੰਜਿਆਂ ਵਿੱਚ ਕੈਲੋਰੀ, ਪ੍ਰੋਟੀਨ, ਫੈਟ, ਕਾਰਬੋਹਾਈਡ੍ਰੇਟ ਅਤੇ ਕੈਲਸ਼ੀਅਮ, ਫਾਸਫੋਰਸ, ਵਿਟਾਮਿਨ A ਅਤੇ ਫੋਲੇਟ (ਵਿਟਾਮਿਨ ਬੀ9) ਵਰਗੇ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ।

ਡਾਕਟਰ ਸ੍ਰੀ ਵਿੱਦਿਆ - ਕਲੀਨਿਕਲ ਨਿਊਟ੍ਰਿਸ਼ਨਿਸਟ

ਚੇੱਨਈ ਦੇ ਕਲੀਨਿਕਲ ਨਿਊਟ੍ਰਿਸ਼ਨਿਸਟ ਅਤੇ ਡਾਕਟਰ ਸ੍ਰੀ ਵਿੱਦਿਆ ਦੱਸਦੇ ਹਨ, "ਚਿਕਨ ਦੇ ਪੰਜਿਆਂ ਵਿੱਚ ਮੌਜੂਦ ਕੁੱਲ ਪ੍ਰੋਟੀਨ ਦਾ ਲਗਭਗ 70% ਹਿੱਸਾ ਕੋਲਾਜਨ ਹੁੰਦਾ ਹੈ।"

ਕੋਲਾਜਨ ਇੱਕ ਅਜਿਹਾ ਪ੍ਰੋਟੀਨ ਹੈ ਜੋ ਇਨਸਾਨੀ ਸਰੀਰ ਵਿੱਚ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।

ਚਮੜੀ

ਹੱਡੀਆਂ

ਟੈਂਡਨਜ਼

ਕਾਰਟਿਲੇਜ

ਇਹ ਲਿਗਾਮੈਂਟਸ ਵਿੱਚ ਮੌਜੂਦ ਹੁੰਦਾ ਹੈ।

ਚਿਕਨ ਦੇ ਪੰਜੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਦੇ ਨੈਸ਼ਨਲ ਇੰਸਟਿਟਿਊਟਸ ਆਫ਼ ਹੈਲਥ ਦੇ ਇੱਕ ਰਿਸਰਚ ਪੇਪਰ ਮੁਤਾਬਕ, ਇਨ੍ਹਾਂ ਵਿੱਚ ਕਈ ਜ਼ਰੂਰੀ ਪੋਸ਼ਕ ਤੱਤ ਅਤੇ ਸਿਹਤ ਲਈ ਫ਼ਾਇਦੇਮੰਦ ਗੁਣ ਪਾਏ ਜਾਂਦੇ ਹਨ

ਪਰ ਜਿਵੇਂ-ਜਿਵੇਂ ਸਰੀਰ ਦੀ ਉਮਰ ਵੱਧਦੀ ਹੈ, ਕੁਦਰਤੀ ਕੋਲਾਜਨ ਦਾ ਉਤਪਾਦਨ ਘਟਦਾ ਜਾਂਦਾ ਹੈ।

ਡਾਕਟਰ ਸ੍ਰੀ ਵਿੱਦਿਆ ਕਹਿੰਦੇ ਹਨ, "ਇਨਸਾਨੀ ਸਰੀਰ ਚਿਕਨ ਦੇ ਪੰਜਿਆਂ ਵਿੱਚ ਮੌਜੂਦ ਕੋਲਾਜਨ ਨੂੰ ਆਸਾਨੀ ਨਾਲ ਸੋਖ ਸਕਦਾ ਹੈ। ਕੋਲਾਜਨ ਚਮੜੀ ਅਤੇ ਹੱਡੀਆਂ ਦੀ ਸਿਹਤ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ।"

ਉਨ੍ਹਾਂ ਸਮਝਾਇਆ, "ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਸਰੀਰ ਘੱਟ ਕੋਲਾਜਨ ਬਣਾਉਂਦਾ ਹੈ, ਜਿਸ ਕਾਰਨ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਝੁਰੜੀਆਂ ਪੈਣ ਲੱਗਦੀਆਂ ਹਨ। ਇਸਦਾ ਅਸਰ ਜੋੜਾਂ ਅਤੇ ਹੱਡੀਆਂ ਦੀ ਸਿਹਤ 'ਤੇ ਵੀ ਪੈਂਦਾ ਹੈ।"

ਡਾਕਟਰ ਸ੍ਰੀ ਵਿੱਦਿਆ ਦੱਸਦੇ ਹਨ ਕਿ ਚਿਕਨ ਦੇ ਪੰਜਿਆਂ ਵਿੱਚ ਪਾਇਆ ਜਾਣ ਵਾਲਾ ਕੋਲਾਜਨ ਅਤੇ ਜੈਲੈਟਿਨ ਚਮੜੀ, ਜੋੜਾਂ, ਹੱਡੀਆਂ ਅਤੇ ਅੰਤੜੀਆਂ ਦੀ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ।

ਓਸਟਿਓਆਰਥਰਾਈਟਿਸ ਨਾਲ ਪੀੜਤ ਲੋਕਾਂ 'ਤੇ ਕੀਤੇ ਗਏ ਅਧਿਐਨਾਂ ਦੀ ਸਮੀਖਿਆ ਵਿੱਚ ਪਾਇਆ ਗਿਆ ਕਿ ਕੋਲਾਜਨ ਲੈਣ ਨਾਲ ਜੋੜਾਂ ਦੇ ਅਕੜਾਅ ਵਿੱਚ ਆਰਾਮ ਮਿਲਦਾ ਹੈ।

ਡਾਕਟਰ ਸ੍ਰੀ ਵਿੱਦਿਆ ਕਹਿੰਦੇ ਹਨ, "ਚਿਕਨ ਦੇ ਪੰਜਿਆਂ ਵਿੱਚ ਮੌਜੂਦ ਪ੍ਰੋਟੀਨ, ਵਿਟਾਮਿਨ ਅਤੇ ਮਿਨਰਲ ਮਾਸਪੇਸ਼ੀਆਂ ਅਤੇ ਵਾਲਾਂ ਦੇ ਵਿਕਾਸ ਵਿੱਚ ਵੀ ਮਦਦ ਕਰਦੇ ਹਨ।"

ਇਨ੍ਹਾਂ ਨੂੰ ਕਿਵੇਂ ਖਾਧਾ ਜਾ ਸਕਦਾ ਹੈ?

ਡਾਕਟਰ ਸ੍ਰੀ ਵਿੱਦਿਆ
ਤਸਵੀਰ ਕੈਪਸ਼ਨ, ਡਾਕਟਰ ਸ੍ਰੀ ਵਿੱਦਿਆ ਦੱਸਦੇ ਹਨ ਕਿ ਚਿਕਨ ਦੇ ਪੰਜਿਆਂ ਵਿੱਚ ਪਾਇਆ ਜਾਣ ਵਾਲਾ ਕੋਲਾਜਨ ਅਤੇ ਜੈਲੈਟਿਨ ਚਮੜੀ, ਜੋੜਾਂ, ਹੱਡੀਆਂ ਅਤੇ ਅੰਤੜੀਆਂ ਦੀ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ

ਡਾਕਟਰ ਸ੍ਰੀ ਵਿੱਦਿਆ ਕਹਿੰਦੇ ਹਨ ਕਿ ਚਿਕਨ ਦੇ ਪੰਜਿਆਂ ਨੂੰ ਠੀਕ ਤਰੀਕੇ ਨਾਲ ਸਾਫ਼ ਕਰਨਾ ਬਹੁਤ ਜ਼ਰੂਰੀ ਹੈ।

ਉਹ ਚੇਤਾਵਨੀ ਦਿੰਦੇ ਹਨ ਕਿ "ਚਿਕਨ ਦੇ ਪੰਜਿਆਂ ਵਿੱਚ ਮਿੱਟੀ, ਮਲ, ਖੇਤ ਦਾ ਹੋਰ ਕਚਰਾ ਅਤੇ ਗੰਦਗੀ ਹੋ ਸਕਦੀ ਹੈ। ਉਨ੍ਹਾਂ ਨੂੰ ਠੀਕ ਤਰੀਕੇ ਨਾਲ ਸਾਫ਼ ਕੀਤੇ ਬਿਨਾਂ ਛੂਹਣ ਨਾਲ ਬੈਕਟੀਰੀਅਲ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ।"

ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ "ਪੰਜਿਆਂ ਨੂੰ ਸਿਰਫ਼ ਚੰਗੀ ਤਰ੍ਹਾਂ ਧੋਣਾ ਹੀ ਜ਼ਰੂਰੀ ਨਹੀਂ ਹੈ, ਸਗੋਂ ਉਨ੍ਹਾਂ ਦੀ ਬਾਹਰੀ ਚਮੜੀ ਨੂੰ ਹਟਾਉਣਾ ਅਤੇ ਉਨ੍ਹਾਂ ਨੂੰ ਸਹੀ ਤਾਪਮਾਨ 'ਤੇ ਪਕਾਉਣਾ ਵੀ ਜ਼ਰੂਰੀ ਹੈ। ਜੋ ਚਿਕਨ ਦੇ ਪੰਜੇ ਠੀਕ ਤਰ੍ਹਾਂ ਨਹੀਂ ਪਕਾਏ ਜਾਂਦੇ, ਉਨ੍ਹਾਂ ਵਿੱਚ ਸਾਲਮੋਨੇਲਾ ਅਤੇ ਕੈਂਪੀਲੋਬੈਕਟਰ ਵਰਗੇ ਬੈਕਟੀਰੀਆ ਹੋ ਸਕਦੇ ਹਨ।"

ਇੰਡੋਨੇਸ਼ੀਆ ਦੀ ਆਈਪੀਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਓਨੋ ਸੁਪਾਰਨੋ ਆਪਣੇ ਇੱਕ ਲੇਖ ਵਿੱਚ ਕਹਿੰਦੇ ਹਨ ਕਿ ਚਿਕਨ ਦੇ ਪੰਜਿਆਂ ਨੂੰ ਸੂਪ ਨਾਲ ਖਾਣਾ ਸਭ ਤੋਂ ਵਧੀਆ ਹੁੰਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਭੇਡ ਦੇ ਪੈਰ (ਖਰੋੜੇ) ਖਾਏ ਜਾਂਦੇ ਹਨ।

ਡਾਕਟਰ ਸ੍ਰੀ ਵਿੱਦਿਆ ਕਹਿੰਦੇ ਹਨ, "ਕਿਉਂਕਿ ਚਿਕਨ ਦੇ ਪੰਜਿਆਂ ਵਿੱਚ ਮੌਜੂਦ ਕੋਲਾਜਨ ਅਤੇ ਜੈਲੈਟਿਨ ਨੂੰ ਇਸ ਤਰ੍ਹਾਂ ਪਕਾਉਣਾ ਜ਼ਰੂਰੀ ਹੈ ਕਿ ਸਰੀਰ ਉਸਨੂੰ ਆਸਾਨੀ ਨਾਲ ਸੋਖ ਸਕੇ, ਇਸ ਲਈ ਉਨ੍ਹਾਂ ਨੂੰ ਸੂਪ ਬਣਾਕੇ ਖਾਣਾ ਸਭ ਤੋਂ ਵਧੀਆ ਹੁੰਦਾ ਹੈ। ਉਨ੍ਹਾਂ ਨੂੰ ਸ਼ੋਰਬੇ ਜਾਂ ਗ੍ਰੇਵੀ ਦੇ ਰੂਪ ਵਿੱਚ ਖਾਣਾ ਵੀ ਚੰਗਾ ਹੁੰਦਾ ਹੈ। ਪਰ ਉਨ੍ਹਾਂ ਨੂੰ ਤਲਣ ਤੋਂ ਬਚਣਾ ਚਾਹੀਦਾ ਹੈ।"

ਉਹ ਕਹਿੰਦੇ ਹਨ, "ਤਲੇ ਹੋਏ ਚਿਕਨ ਦੇ ਪੰਜੇ ਸਿਹਤ ਲਈ ਨੁਕਸਾਨਦਾਇਕ ਹੋ ਸਕਦੇ ਹਨ। ਉਨ੍ਹਾਂ ਵਿੱਚ ਸੈਚੁਰੇਟਡ ਫੈਟ, ਟ੍ਰਾਂਸ ਫੈਟ ਅਤੇ ਸੋਡਿਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਲਈ ਚੰਗੇ ਨਹੀਂ ਹੁੰਦੇ। ਉਹ ਦਿਲ ਲਈ ਖ਼ਤਰਨਾਕ ਹੋ ਸਕਦੇ ਹਨ।"

ਚਿਕਨ ਕਰੀ ਬਨਾਮ ਚਿਕਨ ਦੇ ਪੰਜੇ

ਡਾਕਟਰ ਅਰੁਣ ਕੁਮਾਰ

ਤਸਵੀਰ ਸਰੋਤ, Doctor Arunkumar/Facebook

ਤਸਵੀਰ ਕੈਪਸ਼ਨ, ਡਾਕਟਰ ਅਰੁਣ ਕੁਮਾਰ ਕਹਿੰਦੇ ਹਨ ਕਿ ਚਿਕਨ ਦੇ ਪੰਜਿਆਂ ਵਿੱਚ ਨਾ ਸਿਰਫ਼ ਕੋਲਾਜਨ ਅਤੇ ਜੈਲੈਟਿਨ ਹੁੰਦਾ ਹੈ, ਸਗੋਂ ਗਲਾਈਸਿਨ ਅਤੇ ਪ੍ਰੋਲਾਈਨ ਵਰਗੇ ਐਮੀਨੋ ਐਸਿਡ ਵੀ ਹੁੰਦੇ ਹਨ

ਤਮਿਲਨਾਡੂ ਦੇ ਈਰੋਡ ਦੇ ਡਾਇਟੀਸ਼ੀਅਨ ਡਾਕਟਰ ਅਰੁਣ ਕੁਮਾਰ ਕਹਿੰਦੇ ਹਨ, "ਚਿਕਨ ਦੇ ਪੰਜਿਆਂ ਵਿੱਚ ਆਮ ਤੌਰ 'ਤੇ ਚਿਕਨ ਦੇ ਮਾਸ ਦੇ ਮੁਕਾਬਲੇ ਪ੍ਰੋਟੀਨ ਘੱਟ ਹੁੰਦਾ ਹੈ। ਪਰ ਉਨ੍ਹਾਂ ਵਿੱਚ ਕੈਲੋਰੀ ਅਤੇ ਫੈਟ ਜ਼ਿਆਦਾ ਹੁੰਦਾ ਹੈ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।"

"ਉਦਾਹਰਨ ਵਜੋਂ, 100 ਗ੍ਰਾਮ ਚਿਕਨ ਬ੍ਰੈਸਟ ਵਿੱਚ 160 ਕੈਲੋਰੀ, 25 ਤੋਂ 27 ਗ੍ਰਾਮ ਪ੍ਰੋਟੀਨ ਅਤੇ 3 ਤੋਂ 5 ਗ੍ਰਾਮ ਫੈਟ ਹੁੰਦਾ ਹੈ। ਪਰ 100 ਗ੍ਰਾਮ ਚਿਕਨ ਲੈਗਜ਼ ਵਿੱਚ 200 ਤੋਂ 220 ਕੈਲੋਰੀ, 15-17 ਗ੍ਰਾਮ ਪ੍ਰੋਟੀਨ ਅਤੇ 14 ਤੋਂ 15 ਗ੍ਰਾਮ ਫੈਟ ਹੁੰਦਾ ਹੈ।''

ਉਹ ਦੱਸਦੇ ਹਨ ਕਿ ਨਾਲ ਹੀ, "ਚਿਕਨ ਦੇ ਪੰਜਿਆਂ ਵਿੱਚ ਨਾ ਸਿਰਫ਼ ਕੋਲਾਜਨ ਅਤੇ ਜੈਲੈਟਿਨ ਹੁੰਦਾ ਹੈ, ਸਗੋਂ ਗਲਾਈਸਿਨ ਅਤੇ ਪ੍ਰੋਲਾਈਨ ਵਰਗੇ ਐਮੀਨੋ ਐਸਿਡ ਵੀ ਹੁੰਦੇ ਹਨ।"

ਅਰੁਣ ਕੁਮਾਰ ਕਹਿੰਦੇ ਹਨ ਕਿ ਇਹੀ ਚੀਜ਼ਾਂ ਚਿਕਨ ਦੇ ਪੰਜਿਆਂ ਨੂੰ ਚਿਕਨ ਜਾਂ ਮੀਟ ਦੇ ਹੋਰ ਹਿੱਸਿਆਂ ਤੋਂ ਵੱਖਰਾ ਬਣਾਉਂਦੀਆਂ ਹਨ।

ਉਹ ਕਹਿੰਦੇ ਹਨ, "ਪਰ ਇਹ ਕੋਲਾਜਨ ਸਾਡੇ ਸਰੀਰ ਵਿੱਚ ਬਣਨ ਵਾਲੇ ਕੋਲਾਜਨ ਦਾ ਬਦਲ ਨਹੀਂ ਹੈ। ਭਾਵ, ਚਿਕਨ ਦੇ ਪੰਜਿਆਂ ਤੋਂ ਮਿਲਣ ਵਾਲਾ ਕੋਲਾਜਨ ਸਿੱਧਾ ਸਾਡੇ ਪੈਰਾਂ ਜਾਂ ਜੋੜਾਂ ਵਿੱਚ ਨਹੀਂ ਜਾਂਦਾ। ਅਸੀਂ ਜਿਸ ਕਿਸਮ ਦਾ ਵੀ ਪ੍ਰੋਟੀਨ ਖਾਂਦੇ ਹਾਂ, ਉਹ ਪੇਟ ਵਿੱਚ ਜਾ ਕੇ ਐਮੀਨੋ ਐਸਿਡ ਵਿੱਚ ਬਦਲ ਜਾਂਦੇ ਹਨ, ਜੋ ਖੂਨ ਵਿੱਚ ਮਿਲ ਜਾਂਦੇ ਹਨ। ਉਸ ਤੋਂ ਬਾਅਦ, ਸਾਡਾ ਸਰੀਰ ਉਨ੍ਹਾਂ ਐਮੀਨੋ ਐਸਿਡ ਦੀ ਵਰਤੋਂ ਕਰਕੇ ਕੋਲਾਜਨ ਬਣਾਉਂਦਾ ਹੈ।"

ਇਸੇ ਤਰ੍ਹਾਂ, ਅਰੁਣ ਕੁਮਾਰ ਇਹ ਵੀ ਕਹਿੰਦੇ ਹਨ ਕਿ ਕੋਲਾਜਨ ਲੈਣ ਦੇ ਨਾਲ-ਨਾਲ, ਤੁਹਾਨੂੰ ਚੰਗੇ ਪ੍ਰੋਟੀਨ ਵਾਲੀਆਂ ਚੀਜ਼ਾਂ ਵੀ ਖਾਣੀਆਂ ਚਾਹੀਦੀਆਂ ਹਨ।

ਉਹ ਸਲਾਹ ਦਿੰਦੇ ਹਨ ਕਿ "ਸਰੀਰ ਦੇ ਕੋਲਾਜਨ ਨੂੰ ਮਜ਼ਬੂਤ ਬਣਾਉਣ ਲਈ ਸਿਰਫ਼ ਮਟਨ ਲੈਗ ਜਾਂ ਚਿਕਨ ਲੈਗ ਦਾ ਸੂਪ ਪੀਣਾ ਹੀ ਕਾਫ਼ੀ ਨਹੀਂ ਹੈ, ਇਸਦੇ ਲਈ ਵਿਟਾਮਿਨ ਸੀ, ਜ਼ਿੰਕ ਅਤੇ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਖਾਣ ਦੇ ਨਾਲ-ਨਾਲ ਕਸਰਤ ਦੀ ਵੀ ਲੋੜ ਹੁੰਦੀ ਹੈ।''

ਚਿਕਨ ਦੇ ਪੰਜਿਆਂ ਤੋਂ ਇਲਾਵਾ, ਚਿਕਨ, ਬੀਫ਼ ਜਾਂ ਮੱਛੀ ਦੇ ਸੂਪ, ਮੱਛੀ ਦੀ ਖੱਲ ਅਤੇ ਸਿਰ, ਆਂਡੇ ਦੀ ਸਫ਼ੇਦੀ, ਅਤੇ ਚਿਕਨ ਦੀ ਗਰਦਨ ਅਤੇ ਕਾਰਟਿਲੇਜ ਵਿੱਚ ਵੀ ਕੋਲਾਜਨ ਪਾਇਆ ਜਾਂਦਾ ਹੈ।

ਇਨ੍ਹਾਂ ਨੂੰ ਕੌਣ ਖਾ ਸਕਦਾ ਹੈ ਤੇ ਕਿੰਨੀ ਮਾਤਰਾ ਵਿੱਚ?

ਚਿਕਨ ਦੇ ਪੰਜੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ ਸ੍ਰੀ ਵਿੱਦਿਆ ਕਹਿੰਦੇ ਹਨ, ਕੋਈ ਵੀ ਵਿਅਕਤੀ 100 ਤੋਂ 150 ਗ੍ਰਾਮ ਤੱਕ, ਯਾਨੀ 4-5 ਚਿਕਨ ਦੇ ਪੰਜਿਆਂ ਦਾ ਸੂਪ ਜਾਂ ਗ੍ਰੇਵੀ ਲੈ ਸਕਦਾ ਹੈ

ਡਾਕਟਰ ਸ੍ਰੀ ਵਿੱਦਿਆ ਕਹਿੰਦੇ ਹਨ, "ਚਿਕਨ ਦੇ ਪੰਜਿਆਂ ਵਿੱਚ ਮੌਜੂਦ ਫੋਲੇਟ (ਵਿਟਾਮਿਨ ਬੀ9) ਗਰਭਵਤੀ ਮਹਿਲਾਵਾਂ ਨੂੰ ਉਨ੍ਹਾਂ ਦੇ ਭਰੂਣ ਦੇ ਵਿਕਾਸ ਵਿੱਚ ਮਦਦ ਕਰ ਸਕਦਾ ਹੈ। ਪਰ ਇਸਨੂੰ ਸਹੀ ਮਾਤਰਾ ਵਿੱਚ ਖਾਣਾ ਜ਼ਰੂਰੀ ਹੈ।"

"ਕੋਈ ਵੀ ਵਿਅਕਤੀ 100 ਤੋਂ 150 ਗ੍ਰਾਮ ਤੱਕ, ਯਾਨੀ 4-5 ਚਿਕਨ ਦੇ ਪੰਜਿਆਂ ਦਾ ਸੂਪ ਜਾਂ ਗ੍ਰੇਵੀ ਲੈ ਸਕਦਾ ਹੈ।"

"ਇਹ ਗੱਲ ਸਭ 'ਤੇ ਲਾਗੂ ਹੁੰਦੀ ਹੈ। ਜਦੋਂ ਇਹ ਬੱਚਿਆਂ ਨੂੰ ਦਿੱਤਾ ਜਾਵੇ, ਤਾਂ ਉਨ੍ਹਾਂ ਨੂੰ ਇਸਨੂੰ ਚੰਗੀ ਤਰ੍ਹਾਂ ਚੱਬ ਕੇ ਖਾਣ ਦੀ ਹਦਾਇਤ ਦਿੱਤੀ ਜਾਣੀ ਚਾਹੀਦੀ ਹੈ। ਜਿਨ੍ਹਾਂ ਬੱਚਿਆਂ ਦੇ ਅਜੇ ਦੰਦ ਨਹੀਂ ਆਏ, ਜਾਂ ਜਿਨ੍ਹਾਂ ਵੱਡਿਆਂ ਦੇ ਦੰਦ ਨਹੀਂ ਹਨ, ਅਤੇ ਜਿਨ੍ਹਾਂ ਨੂੰ ਖਾਣਾ ਨਿਗਲਣ ਵਿੱਚ ਤਕਲੀਫ਼ ਹੁੰਦੀ ਹੈ, ਉਨ੍ਹਾਂ ਨੂੰ ਇਹ ਨਾ ਦੇਣਾ ਹੀ ਬਿਹਤਰ ਹੈ। ਇਹ ਗਲੇ ਵਿੱਚ ਫਸ ਸਕਦਾ ਹੈ ਅਤੇ ਦਮ ਘੁੱਟਣ ਦਾ ਕਾਰਨ ਬਣ ਸਕਦਾ ਹੈ। ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਇਸ ਖਾਣੇ ਵਿੱਚ ਫੈਟ ਦੀ ਮਾਤਰਾ ਥੋੜ੍ਹੀ ਜ਼ਿਆਦਾ ਹੁੰਦੀ ਹੈ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)