ਨਵੀਂ ਤਕਨੀਕ ਕਿਵੇਂ ਉਨ੍ਹਾਂ ਮਰਦਾਂ ’ਚ ਸ਼ੁਕਰਾਣੂ ਲੱਭ ਸਕਦੀ ਜਿਨ੍ਹਾਂ ਨੂੰ ਪਹਿਲਾਂ ਬਾਂਝ ਦੱਸਿਆ ਗਿਆ ਸੀ

    • ਲੇਖਕ, ਕਰੁਪਾ ਪਾਧਿਯ
    • ਰੋਲ, ਬੀਬੀਸੀ ਫਿਊਚਰ
  • ਪੜ੍ਹਨ ਦਾ ਸਮਾਂ: 10 ਮਿੰਟ

ਇੱਕ ਨਵੀਂ ਏਆਈ ਵਾਲੀ ਤਕਨੀਕ ਉਨ੍ਹਾਂ ਮਰਦਾਂ ਵਿੱਚ ਸਪਰਮ ਸੈੱਲਾਂ ਦਾ ਪਤਾ ਲਗਾ ਰਹੀ ਹੈ, ਜਿਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਵਿੱਚ ਬਿਲਕੁਲ ਵੀ ਸਪਰਮ ਨਹੀਂ ਹਨ। ਇਹ ਤਕਨੀਕ ਉਨ੍ਹਾਂ ਜੋੜਿਆਂ ਨੂੰ ਮਾਂ-ਬਾਪ ਬਣਨ ਅਤੇ ਬੱਚੇ ਦੀ ਖੁਸ਼ੀ ਪ੍ਰਾਪਤ ਕਰਨ ਦਾ ਇੱਕ ਹੋਰ ਮੌਕਾ ਦੇ ਰਹੀ ਹੈ, ਜੋ ਸਾਲਾਂ ਤੋਂ ਬੱਚੇ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਇਹ ਨਵੰਬਰ 2025 ਦੀ ਸ਼ੁਰੂਆਤ ਸੀ, ਪੇਨੇਲੋਪ ਅਮਰੀਕਾ ਦੇ ਨਿਊ ਜਰਸੀ ਵਿੱਚ ਕੰਮ ਤੋਂ ਘਰ ਵਾਪਸ ਆ ਰਹੇ ਸਨ ਅਤੇ ਇਸੇ ਵੇਲੇ ਉਨ੍ਹਾਂ ਨੂੰ ਇੱਕ ਫੋਨ ਕਾਲ ਆਈ। ਇਹ ਫੋਨ ਕਾਲ ਉਨ੍ਹਾਂ ਦੇ ਡਾਕਟਰ ਦੀ ਸੀ, ਜੋ ਉਨ੍ਹਾਂ ਨੂੰ ਉਹ ਖ਼ਬਰ ਦੇਣ ਲਈ ਫੋਨ ਕਰ ਰਹੇ ਸਨ, ਜਿਸਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਢਾਈ ਸਾਲ ਦੀਆਂ ਤਕਲੀਫ਼ਦੇਹ ਕੋਸ਼ਿਸ਼ਾਂ ਤੋਂ ਬਾਅਦ ਆਖ਼ਿਰਕਾਰ ਪੇਨੇਲੋਪ ਗਰਭਵਤੀ ਹੋ ਗਏ ਸਨ।

ਕਈ ਟੈਸਟਾਂ ਤੋਂ ਬਾਅਦ, ਪੇਨੇਲੋਪ ਅਤੇ ਉਨ੍ਹਾਂ ਦੇ ਪਤੀ ਸੈਮੂਅਲ ਨੂੰ ਪਤਾ ਲੱਗਿਆ ਕਿ ਸੈਮੂਅਲ ਨੂੰ ਕਲਾਈਨਫੈਲਟਰ ਸਿੰਡਰੋਮ ਹੈ। ਇਹ ਇੱਕ ਜੈਨੇਟਿਕ ਬੀਮਾਰੀ ਹੈ, ਜੋ ਉਹਨਾਂ ਮਰਦਾਂ ਨੂੰ ਹੁੰਦੀ ਹੈ, ਜੋ ਇੱਕ ਜ਼ਿਆਦਾ ਐਕਸ (X) ਕਰੋਮੋਸੋਮ ਨਾਲ ਪੈਦਾ ਹੁੰਦੇ ਹਨ। ਅਕਸਰ ਇਸ ਬੀਮਾਰੀ ਦਾ ਪਤਾ ਉਦੋਂ ਤੱਕ ਨਹੀਂ ਲੱਗਦਾ, ਜਦੋਂ ਤੱਕ ਉਹ ਵੱਡੇ ਨਹੀਂ ਹੋ ਜਾਂਦੇ।

ਕਲਾਈਨਫੈਲਟਰ ਸਿੰਡਰੋਮ ਵਾਲੇ ਜ਼ਿਆਦਾਤਰ ਲੋਕਾਂ ਦੇ ਇਜੈਕੂਲੇਟ ਵਿੱਚ ਬਹੁਤ ਘੱਟ ਜਾਂ ਬਿਲਕੁਲ ਵੀ ਸਪਰਮ ਨਹੀਂ ਬਣਦੇ। ਇਸ ਸਥਿਤੀ ਨੂੰ ਐਜ਼ੋਸਪਰਮੀਆ ਕਿਹਾ ਜਾਂਦਾ ਹੈ। ਲਗਭਗ 10% ਬਾਂਝ ਮਰਦਾਂ ਨੂੰ ਐਜ਼ੋਸਪਰਮੀਆ ਦੀ ਸਮੱਸਿਆ ਹੁੰਦੀ ਹੈ।

ਡਾਕਟਰ ਦੀ ਕਾਲ ਤੋਂ ਬਾਅਦ ਖੁਸ਼ੀ ਅਤੇ ਹੈਰਾਨੀ ਨਾਲ ਭਰੀ ਪੇਨੇਲੋਪ ਨੇ ਉਸ ਸ਼ਾਮ ਸੈਮੂਅਲ ਦੇ ਘਰ ਵਾਪਸ ਆਉਣ ਤੱਕ ਇੰਤਜ਼ਾਰ ਕੀਤਾ ਤਾਂ ਜੋ ਉਨ੍ਹਾਂ ਨੂੰ ਇਹ ਖੁਸ਼ਖਬਰੀ ਸੁਣਾ ਸਕਣ।

(ਨਿੱਜਤਾ ਦਾ ਧਿਆਨ ਰੱਖਦੇ ਹੋਏ ਇਸ ਰਿਪੋਰਟ ਵਿੱਚ ਦੋਹਾਂ ਦੇ ਨਾਮ ਬਦਲੇ ਹੋਏ ਹਨ।)

ਪੇਨੇਲੋਪ ਕਹਿੰਦੇ ਹਨ, "ਉਨ੍ਹਾਂ ਦੀਆਂ ਭਾਵਨਾਵਾਂ ਉਮੜ ਪਈਆਂ। ਉਹ ਰੋ ਪਏ... ਕਿਉਂਕਿ ਆਖ਼ਿਰਕਾਰ ਉਹ ਉਸ ਮਕਾਮ ਤੱਕ ਪਹੁੰਚ ਗਏ ਸਨ। ਇਸ ਲਈ ਬਹੁਤ ਜ਼ਿਆਦਾ ਕੋਸ਼ਿਸ਼ਾਂ, ਸਮਾਂ ਅਤੇ ਰਿਸਰਚ ਕਰਨੀ ਪਈ ਸੀ। ਅਤੇ ਇਹ ਗੱਲ ਕਿ ਸਾਡੇ ਕੋਲ ਸਿਰਫ਼ ਇੱਕ ਹੀ ਐਂਬ੍ਰਿਓ (ਭਰੂਣ) ਸੀ ਅਤੇ ਉਹ ਸਫਲ ਰਿਹਾ, ਸਾਨੂੰ ਲੱਗਿਆ ਜਿਵੇਂ ਅਸੀਂ ਸੱਤਵੇਂ ਆਸਮਾਨ 'ਤੇ ਹੋਈਏ।"

'ਸਟਾਰ' ਤਕਨੀਕ

ਉਨ੍ਹਾਂ ਦੀ ਪ੍ਰੈਗਨੈਂਸੀ ਇੱਕ ਨਵੀਂ ਤਕਨੀਕ ਨਾਲ ਹੀ ਸੰਭਵ ਹੋ ਸਕੀ। ਇਸ ਤਕਨੀਕ ਨੂੰ 'ਸਟਾਰ' (ਸਪਰਮ ਟਰੈਕ ਐਂਡ ਰਿਕਵਰੀ - Sperm Track and Recovery) ਸਿਸਟਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸਨੂੰ ਕੋਲੰਬੀਆ ਯੂਨੀਵਰਸਿਟੀ ਨੇ ਐਜ਼ੋਸਪਰਮੀਆ ਨਾਲ ਪੀੜਤ ਮਰਦਾਂ ਵਿੱਚ ਸ਼ੁਕਰਾਣੂ (ਸਪਰਮ) ਦਾ ਪਤਾ ਲਗਾਉਣ ਲਈ ਵਿਕਸਿਤ ਕੀਤਾ ਹੈ।

ਇਹ ਸਿਸਟਮ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕਰਕੇ ਉਹਨਾਂ ਕੁਝ "ਲੁਕੇ ਹੋਏ" ਸ਼ੁਕਰਾਣੂ (ਸਪਰਮ) ਦੀ ਪਹਿਚਾਣ ਕਰਨ ਅਤੇ ਉਹਨਾਂ ਦਾ ਪਤਾ ਲਗਾਉਣ ਵਿੱਚ ਮਦਦ ਕਰਦਾ ਹੈ, ਜੋ ਇਸ ਬੀਮਾਰੀ ਨਾਲ ਪੀੜਤ ਮਰਦਾਂ ਵਿੱਚ ਹੋ ਸਕਦੇ ਹਨ।

ਸੈਮੂਅਲ ਕਹਿੰਦੇ ਹਨ, "ਮੈਂ ਬਹੁਤ ਡਰਿਆ ਹੋਇਆ ਸੀ। ਮੈਨੂੰ ਲੱਗਦਾ ਸੀ ਕਿ ਮੈਂ ਕਦੇ ਆਪਣਾ ਬੱਚਾ ਪੈਦਾ ਨਹੀਂ ਕਰ ਸਕਾਂਗਾ, ਜੋ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਹੈ।"

ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦਾ ਆਪਣਾ ਬਾਇਲੋਜਿਕਲ ਬੱਚਾ ਹੋਣ ਦੀ ਸੰਭਾਵਨਾ ਸਿਰਫ਼ 20% ਹੈ "ਅਤੇ ਇਹ ਮੇਰੇ ਲਈ ਇੱਕ ਬਹੁਤ ਵੱਡਾ ਝਟਕਾ ਸੀ।"

ਬਾਂਝਪਨ, ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਬੱਚੇ ਪੈਦਾ ਕਰਨ ਦੀ ਉਮਰ ਵਾਲੇ ਹਰ ਛੇ ਵਿੱਚੋਂ ਲਗਭਗ ਇੱਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਵਾਰ ਪਿਤਾ ਬਣਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਮਾਮਲਿਆਂ ਵਿਚੋਂ 50% ਤੱਕ ਮਾਮਲਿਆਂ ਵਿੱਚ ਮਰਦਾਂ ਦਾ ਬਾਂਝਪਨ ਇੱਕ ਕਾਰਣ ਹੁੰਦਾ ਹੈ, ਅਤੇ ਸਾਰੇ ਮਰਦਾਂ ਵਿੱਚੋਂ 1% ਐਜ਼ੋਸਪਰਮਿਕ ਹੁੰਦੇ ਹਨ।

ਇਸਦਾ ਮਤਲਬ ਹੈ ਕਿ ਦੁਨੀਆ ਭਰ ਵਿੱਚ ਲੱਖਾਂ ਮਰਦਾਂ ਦੇ ਸਪਰਮ ਕਾਊਂਟ ਇੰਨੇ ਘੱਟ ਹੋ ਸਕਦੇ ਹਨ ਕਿ ਉਨ੍ਹਾਂ ਦੇ ਇੱਕਲੇ-ਇੱਕਲੇ ਸ਼ੁਕਰਾਣੂ (ਸਪਰਮ) ਨੂੰ ਲੱਭਣਾ ਇੰਨਾ ਮੁਸ਼ਕਲ ਹੁੰਦਾ ਹੈ ਕਿ ਉਨ੍ਹਾਂ ਨੂੰ ਐਜ਼ੋਸਪਰਮਿਕ ਮੰਨਿਆ ਜਾਂਦਾ ਹੈ। ਪਰ ਉਨ੍ਹਾਂ ਦੇ ਛੁਪੇ ਹੋਏ ਸ਼ੁਕਰਾਣੂਆਂ ਨੂੰ ਲੱਭਣ ਵਿੱਚ ਏਆਈ ਦੀ ਸਮਰਥਾ ਉਨ੍ਹਾਂ ਲੋਕਾਂ ਨੂੰ ਉਮੀਦ ਦੇ ਸਕਦੀ ਹੈ, ਜੋ ਮਾਤਾ-ਪਿਤਾ ਬਣਨ ਦੀ ਉਮੀਦ ਕਰ ਰਹੇ ਹਨ।

ਬਾਂਝਪਣ ਝੱਲ ਰਹੇ ਲੋਕਾਂ ਲਈ ਉਮੀਦ ਦੀ ਕਿਰਨ

ਪੰਜ ਸਾਲ ਦੇ ਵਿਕਾਸ ਤੋਂ ਬਾਅਦ, ਸਟਾਰ ਸਿਸਟਮ ਦਾ ਇਸਤੇਮਾਲ ਕਰਕੇ ਪਿਛਲੇ ਸਾਲ ਦੇ ਅਖੀਰ ਵਿੱਚ ਪੈਦਾ ਹੋਇਆ ਪਹਿਲਾ ਬੱਚਾ ਇੱਕ ਅਜਿਹੇ ਜੋੜੇ ਲਈ ਖੁਸ਼ੀਆਂ ਲੈਕੇ ਆਇਆ, ਜੋ ਲਗਭਗ ਦੋ ਦਹਾਕਿਆਂ ਤੋਂ ਬਾਂਝਪਨ ਨਾਲ ਜੂਝ ਰਿਹਾ ਸੀ ਅਤੇ ਆਖ਼ਿਰਕਾਰ ਉਨ੍ਹਾਂ ਨੂੰ ਦੀ ਘਰ ਕਿਲਕਾਰੀਆਂ ਗੂੰਜੀਆਂ।

ਇਹ ਇੱਕ ਅਜਿਹਾ ਪਲ ਹੈ ਜਿਸਨੂੰ ਕੋਲੰਬੀਆ ਯੂਨੀਵਰਸਿਟੀ ਫਰਟਿਲਿਟੀ ਸੈਂਟਰ ਦੇ ਨਿਰਦੇਸ਼ਕ ਜ਼ੇਵ ਵਿਲੀਅਮਜ਼ ਅਤੇ ਉਨ੍ਹਾਂ ਦੀ ਟੀਮ ਲਈ ਯਾਦਗਾਰੀ ਹੈ।

ਉਨ੍ਹਾਂ ਕਿਹਾ, "ਹਰ ਕੋਈ ਖੁਸ਼ੀ ਨਾਲ ਝੂਮ ਰਿਹਾ ਸੀ। ਬਹੁਤ ਘੱਟ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿੱਥੇ ਕੀਤੀ ਗਈ ਸਾਰੀ ਮਿਹਨਤ ਦਾ ਇਨਾਮ ਇੰਨਾ ਅਦਭੁਤ ਅਤੇ ਖ਼ਾਸ ਹੁੰਦਾ ਹੈ। ਹੁਣ ਇੱਕ ਬੱਚੀ ਹੈ ਅਤੇ ਜੇ ਰੱਬ ਨੇ ਚਾਹਿਆ ਤਾਂ ਉਮੀਦ ਹੈ ਕਿ ਹੋਰ ਵੀ ਬਹੁਤ ਸਾਰੇ ਬੱਚੇ ਹੋਣਗੇ।"

ਪਹਿਲੇ 'ਸਟਾਰ' ਬੱਚੇ ਦੇ ਆਉਣ ਤੋਂ ਬਾਅਦ ਤੋਂ, ਇਸ ਤਕਨੀਕ ਦਾ ਇਸਤੇਮਾਲ ਫਰਟਿਲਿਟੀ ਸੈਂਟਰ ਵਿੱਚ ਨਿਯਮਿਤ ਤੌਰ 'ਤੇ ਕੀਤਾ ਜਾ ਰਿਹਾ ਹੈ ਅਤੇ ਪਿਤਾ ਬਣਨ ਦੀ ਉਮੀਦ ਰੱਖਣ ਵਾਲੇ ਲੋਕਾਂ ਦੀ ਵੇਟਿੰਗ ਲਿਸਟ ਸੈਂਕੜਿਆਂ ਤੱਕ ਪਹੁੰਚ ਗਈ ਹੈ, ਜਿਸ ਵਿੱਚ ਦੁਨੀਆ ਭਰ ਤੋਂ ਲੋਕ ਸ਼ਾਮਲ ਹਨ।

ਇਸ ਤਕਨੀਕ ਦਾ ਇਸਤੇਮਾਲ ਕਰਨ ਵਾਲੇ ਹਾਲੀਆ 175 ਮਰੀਜ਼ਾਂ ਦੇ ਆਧਾਰ 'ਤੇ ਵਿਲੀਅਮਜ਼ ਕਹਿੰਦੇ ਹਨ ਕਿ ਉਨ੍ਹਾਂ ਨੂੰ ਲਗਭਗ 30% ਮਾਮਲਿਆਂ ਵਿੱਚ ਸਪਰਮ ਮਿਲ ਰਹੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਆਪਣੇ ਸ਼ੁਕਰਾਣੂ ਦਾ ਇਸਤੇਮਾਲ ਕਰਕੇ ਬੱਚਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

ਵਿਲੀਅਮਜ਼ ਦੇ ਅਨੁਸਾਰ, ਅੱਗੇ ਦੇ ਹੋਰ ਟੈਸਟਾਂ ਦੀ ਗੱਲ ਕਰੀਏ ਤਾਂ ਇੱਕ ਸਿਖਲਾਈ ਪ੍ਰਾਪਤ ਮਨੁੱਖੀ ਟੈਕਨੀਸ਼ੀਅਨ ਦੁਆਰਾ ਕੀਤੀ ਗਈ ਮੈਨੁਅਲ ਖੋਜ ਦੇ ਮੁਕਾਬਲੇ, ਸਟਾਰ ਤਕਨੀਕ 40 ਗੁਣਾ ਵੱਧ ਸ਼ੁਕਰਾਣੂ ਲੱਭਣ ਵਿੱਚ ਸਮਰੱਥ ਸੀ।

ਆਮ ਤੌਰ 'ਤੇ ਇੱਕ ਸੀਮਨ ਸੈਂਪਲ (ਵੀਰਜ ਕੇ ਇੱਕ ਨਮੂਨੇ) ਵਿੱਚ ਪ੍ਰਤੀ ਮਿਲੀਲੀਟਰ ਲੱਖਾਂ ਸ਼ੁਕਰਾਣੂ ਹੁੰਦੇ ਹਨ। ਸੈਂਪਲ ਤੋਂ ਇੱਕ ਛੋਟੀ ਜਿਹੀ ਬੂੰਦ ਨੂੰ ਮਾਈਕ੍ਰੋਸਕੋਪ ਦੇ ਹੇਠਾਂ ਜਾਂਚਿਆ ਜਾਂਦਾ ਹੈ ਤਾਂ ਜੋ ਸਪਰਮ ਕਾਊਂਟ (ਸ਼ੁਕਰਾਣੂਆਂ ਦੀ ਗਿਣਤੀ) ਦਾ ਅੰਦਾਜ਼ਾ ਲਗਾਇਆ ਜਾ ਸਕੇ, ਅਤੇ ਨਾਲ ਹੀ ਇਹ ਵੀ ਦੇਖਿਆ ਜਾ ਸਕੇ ਕਿ ਸ਼ੁਕ੍ਰਣੀ ਗਤੀਸ਼ੀਲ ਅਤੇ ਸਿਹਤਮੰਦ ਹਨ ਜਾਂ ਨਹੀਂ।

ਪਰ ਐਜ਼ੋਸਪਰਮਿਕ ਨਮੂਨੇ ਵਿੱਚ, ਪੂਰੇ ਸੈਂਪਲ ਵਿੱਚ ਸ਼ਾਇਦ ਸਿਰਫ਼ ਇੱਕ ਹੀ ਸ਼ੁਕਰਾਣੂ ਮੌਜੂਦ ਹੋਵੇ। ਹਾਲਾਂਕਿ ਕੁਝ ਮਾਮਲਿਆਂ ਵਿੱਚ ਇੱਕ ਵੀ ਨਹੀਂ ਹੁੰਦਾ। ਨਮੂਨੇ ਨੂੰ ਇੱਕ-ਇੱਕ ਕਰਕੇ, ਇੱਕ-ਇੱਕ ਛੋਟੀ ਬੂੰਦ ਕਰਕੇ ਛਾਂਟਣਾ ਅਵਿਆਵਹਾਰਿਕ ਹੁੰਦਾ ਹੈ।

ਵਿਲੀਅਮਜ਼ ਨੂੰ ਸਾਲ 2020 ਵਿੱਚ 'ਸਟਾਰ ਸਿਸਟਮ' (Star system) ਦਾ ਵਿਚਾਰ ਉਸ ਵੇਲੇ ਆਇਆ, ਜਦੋਂ ਉਨ੍ਹਾਂ ਨੇ ਪੜ੍ਹਿਆ ਕਿ ਨਵੇਂ ਤਾਰੇ ਲੱਭਣ ਲਈ ਏਆਈ ਤਕਨੀਕ ਦਾ ਇਸਤੇਮਾਲ ਕਿਵੇਂ ਕੀਤਾ ਜਾ ਰਿਹਾ ਹੈ।

ਆਧੁਨਿਕ ਟੈਲੀਸਕੋਪ ਰਾਤ ਦੇ ਆਸਮਾਨ ਦਾ ਇੰਨਾ ਵੱਧ ਡੇਟਾ ਇਕੱਠਾ ਕਰਦੇ ਹਨ ਕਿ ਮਨੁੱਖੀ ਖਗੋਲ ਵਿਗਿਆਨੀਆਂ ਲਈ ਉਨ੍ਹਾਂ ਚੀਜ਼ਾਂ ਦਾ ਵਿਸ਼ਲੇਸ਼ਣ ਕਰਨਾ ਲਗਭਗ ਨਾਮੁਮਕਿਨ ਅਤੇ ਬਹੁਤ ਸਮਾਂ ਲੈਣ ਵਾਲਾ ਕੰਮ ਹੁੰਦਾ ਹੈ, ਜਿਨ੍ਹਾਂ ਨੂੰ ਪਹਿਲਾਂ ਕਦੇ ਨਾ ਦੇਖਿਆ ਗਿਆ ਹੋਵੇ। ਪਰ ਮਸ਼ੀਨ ਲਰਨਿੰਗ ਐਲਗੋਰਿਦਮ ਦੀ ਮਦਦ ਨਾਲ ਇਹ ਕੰਮ ਮਿੰਟਾਂ ਵਿੱਚ ਕੀਤਾ ਜਾ ਸਕਦਾ ਹੈ।

ਵਿਲੀਅਮਜ਼ ਕਹਿੰਦੇ ਹਨ, "ਆਸਮਾਨ ਦੀ ਉਹ ਤਸਵੀਰ ਸਾਨੂੰ ਕਾਫ਼ੀ ਹੱਦ ਤੱਕ ਉਹੋ-ਜਿਹੀ ਲੱਗੀ, ਜਿਹੋ-ਜਿਹੀ ਅਸੀਂ ਲੱਭ ਰਹੇ ਸੀ ਅਤੇ ਜਿਹੋ-ਜਿਹੀ ਅਸੀਂ ਉਨ੍ਹਾਂ ਮਰਦਾਂ ਵਿੱਚ ਵੇਖਦੇ ਹਾਂ, ਜਿਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਸਰੀਰ ਵਿੱਚ ਕੋਈ ਵੀ ਸ਼ੁਕਰਾਣੂ ਨਹੀਂ ਹੈ।"

ਉਨ੍ਹਾਂ ਨੇ ਸੋਚਣਾ ਸ਼ੁਰੂ ਕੀਤਾ ਕਿ ਕੀ ਇਸੇ ਤਰ੍ਹਾਂ ਦੀ ਤਕਨੀਕ ਦੀ ਵਰਤੋਂ ਕਰਕੇ ਸ਼ੁਕਰਾਣੂਆਂ ਦੀ ਪਹਿਚਾਣ ਅਤੇ ਉਨ੍ਹਾਂ ਨੂੰ ਵੱਖ ਕਰਨ ਦਾ ਕੰਮ ਵੀ ਕੀਤਾ ਜਾ ਸਕਦਾ ਹੈ।

ਉਹ ਅਤੇ ਉਨ੍ਹਾਂ ਦੀ ਟੀਮ ਪਹਿਲਾਂ ਹੀ ਇੱਕ ਹਾਈ-ਪਾਵਰਡ ਇਮੇਜਿੰਗ ਤਕਨੀਕ ਦੀ ਵਰਤੋਂ ਕਰ ਰਹੇ ਸਨ, ਜਿਸਦਾ ਇਸਤੇਮਾਲ ਸੈਂਪਲ/ਨਮੂਨੇ ਨੂੰ ਸਕੈਨ ਕਰਨ ਲਈ ਕੀਤਾ ਜਾ ਸਕਦਾ ਸੀ। ਚੁਣੌਤੀ ਇਹ ਸੀ ਕਿ ਹਰ ਸਕਿੰਟ ਸੈਂਕੜੇ ਤਸਵੀਰਾਂ ਦਾ ਰੀਅਲ-ਟਾਈਮ ਵਿਸ਼ਲੇਸ਼ਣ ਕੀਤਾ ਜਾਵੇ, ਤਾਂ ਜੋ ਉਨ੍ਹਾਂ ਵਿੱਚ ਮੌਜੂਦ ਕਿਸੇ ਵੀ ਸ਼ੁਕਰਾਣੂ ਦਾ ਪਤਾ ਲਗਾਇਆ ਜਾ ਸਕੇ ਅਤੇ ਉਸਨੂੰ ਅਲੱਗ ਕੀਤਾ ਜਾ ਸਕੇ।

ਵਿਲੀਅਮਜ਼ ਅਤੇ ਉਨ੍ਹਾਂ ਦੇ ਸਾਥੀ 'ਮਾਈਕ੍ਰੋਫਲੂਇਡ ਚਿਪਸ' ਦੀ ਵਰਤੋਂ ਕਰਦੇ ਹਨ। ਇਹ ਕੱਚ ਜਾਂ ਪਾਲੀਮਰ ਨਾਲ ਬਣੀਆਂ ਅਜਿਹੀਆਂ ਚਿੱਪਾਂ ਹੁੰਦੀਆਂ ਹਨ, ਜਿਨ੍ਹਾਂ 'ਤੇ ਇਨਸਾਨੀ ਵਾਲ ਜਿੰਨੇ ਪਤਲੇ ਚੈਨਲਾਂ ਦੀ ਇੱਕ ਲੜੀ ਬਣੀ ਹੁੰਦੀ ਹੈ। ਫਿਰ ਸ਼ੁਕਰਾਣੂ ਦਾ ਨਮੂਨਾ ਇਨ੍ਹਾਂ ਚੈਨਲਾਂ ਵਿੱਚੋਂ ਲੰਘਦਾ ਹੈ ਅਤੇ ਇਮੇਜਰ ਦੀ ਮਦਦ ਨਾਲ ਇਸਨੂੰ ਸਕੈਨ ਕੀਤਾ ਜਾਂਦਾ ਹੈ।

ਇੱਕ ਮਸ਼ੀਨ ਲਰਨਿੰਗ ਐਲਗੋਰਿਦਮ ਤਸਵੀਰਾਂ ਵਿੱਚ ਮੌਜੂਦ ਕਿਸੇ ਵੀ ਸ਼ੁਕਰਾਣੂ ਕੋਸ਼ਿਕਾ ਦਾ ਰੀਅਲ-ਟਾਈਮ ਵਿੱਚ ਪਤਾ ਲਗਾ ਲੈਂਦਾ ਹੈ, ਤਾਂ ਜੋ ਉਨ੍ਹਾਂ ਨੂੰ ਬਹੁਤ ਹੀ ਸਾਵਧਾਨੀ ਨਾਲ ਵੱਖ ਕੀਤਾ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਨਸ਼ਟ ਨਾ ਹੋਣ।

ਵਿਲੀਅਮਜ਼ ਕਹਿੰਦੇ ਹਨ, "ਜਿਵੇਂ-ਜਿਵੇਂ ਨਮੂਨਾ ਅੱਗੇ ਵੱਧਦਾ ਹੈ, ਅਸੀਂ ਹਰ ਸਕਿੰਟ ਉਸ ਦੀਆਂ 300 ਤਸਵੀਰਾਂ ਲੈਂਦੇ ਹਾਂ। ਸਾਨੂੰ ਜੋ ਕੁਝ ਵੀ ਦਿਖਾਈ ਦਿੰਦਾ ਹੈ, ਉਸ ਵਿੱਚੋਂ ਜ਼ਿਆਦਾਤਰ ਤਾਂ ਸਿਰਫ਼ ਮਲਬਾ ਅਤੇ ਟੁਕੜੇ ਹੁੰਦੇ ਹਨ। ਅਜਿਹਾ ਨਹੀਂ ਹੈ ਕਿ ਉਹ ਤਰਲ ਪਦਾਰਥ ਪੂਰੀ ਤਰ੍ਹਾਂ ਖਾਲੀ ਹੋਵੇ। ਅਤੇ ਤੁਸੀਂ ਇਸ ਸਾਰੇ ਮਲਬੇ ਅਤੇ ਕੋਸ਼ਿਕਾਵਾਂ ਦੇ ਟੁਕੜਿਆਂ ਦੇ ਵੱਡੇ ਸਮੁੰਦਰ ਵਿੱਚੋਂ ਉਸ ਬਹੁਤ ਹੀ ਦੁਰਲੱਭ ਸ਼ੁਕਰਾਣੂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ।"

ਵਿਲੀਅਮਜ਼ ਦੱਸਦੇ ਹਨ ਕਿ 'ਸਟਾਰ ਮੈਥਡ' ਨੇ 100% ਸੰਵੇਦਨਸ਼ੀਲਤਾ (sensitivity) ਹਾਸਲ ਕਰ ਲਈ ਹੈ। ਇਸਦਾ ਮਤਲਬ ਇਹ ਹੈ ਕਿ ਜੇ ਕਿਸੇ ਸੈਂਪਲ ਵਿੱਚ ਸਿਰਫ਼ ਇੱਕ ਵੀ ਸ਼ੁਕਰਾਣੂ ਮੌਜੂਦ ਹੋਵੇ, ਤਾਂ ਇਹ ਉਸਨੂੰ ਵੀ ਲੱਭ ਸਕਦਾ ਹੈ।

ਉਹ ਕਹਿੰਦੇ ਹਨ, "ਇਹ ਉਨ੍ਹਾਂ ਚੀਜ਼ਾਂ ਨੂੰ ਵੀ ਲੱਭ ਲੈਂਦਾ ਹੈ, ਜਿਨ੍ਹਾਂ ਨੂੰ ਅਸੀਂ ਪਹਿਲਾਂ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ ਸੀ।"

ਇੱਕ ਵਾਰ ਪਹਿਚਾਣ ਹੋ ਜਾਣ ਤੋਂ ਬਾਅਦ, ਇੱਕ ਰੋਬੋਟਿਕ ਸਿਸਟਮ ਸ਼ੁਕਰਾਣੂ ਕੋਸ਼ਿਕਾ (ਜਾਂ ਕੋਸ਼ਿਕਾਵਾਂ) ਦਾ ਪਤਾ ਲੱਗਣ ਦੇ ਕੁਝ ਮਿਲੀਸੈਕੰਡਾਂ ਅੰਦਰ ਹੀ ਉਨ੍ਹਾਂ ਨੂੰ ਬਾਹਰ ਕੱਢ ਲੈਂਦਾ ਹੈ। ਵਿਲੀਅਮਜ਼ ਕਹਿੰਦੇ ਹਨ, "ਮਾਈਕ੍ਰੋਫਲੂਇਡ ਚਿਪ 'ਤੇ ਲੱਗਿਆ ਰੋਬੋਟਿਕ ਸਿਸਟਮ ਉਸ ਤਰਲ ਪਦਾਰਥ ਦੇ ਬਹੁਤ ਹੀ ਛੋਟੇ ਹਿੱਸੇ ਨੂੰ ਵੱਖ ਕਰ ਦਿੰਦਾ ਹੈ, ਜਿਸ ਵਿੱਚ ਸ਼ੁਕਰਾਣੂ ਮੌਜੂਦ ਹੁੰਦੇ ਹਨ।"

"ਅਖੀਰ ਵਿੱਚ ਤੁਹਾਡੇ ਕੋਲ ਇੱਕ ਅਜਿਹੀ ਟਿਊਬ ਰਹਿ ਜਾਂਦੀ ਹੈ, ਜੋ ਵੀਰਜ (seminal fluid) ਨਾਲ ਤਾਂ ਭਰੀ ਹੁੰਦੀ ਹੈ, ਪਰ ਉਸ ਵਿੱਚ ਕੋਈ ਸ਼ੁਕਰਾਣੂ ਨਹੀਂ ਹੁੰਦਾ ਅਤੇ ਨਾਲ ਹੀ ਤੁਹਾਡੇ ਕੋਲ ਤਰਲ ਦੀ ਇੱਕ ਬਹੁਤ ਹੀ ਛੋਟੀ ਬੂੰਦ ਹੁੰਦੀ ਹੈ, ਜਿਸ ਵਿੱਚ ਸਾਰੇ ਸ਼ੁਕਰਾਣੂ ਮੌਜੂਦ ਹੁੰਦੇ ਹਨ।"

ਕਲਾਈਨਫੈਲਟਰ ਸਿੰਡਰੋਮ

ਸੈਮੂਅਲ ਦੇ ਮਾਮਲੇ ਵਿੱਚ, ਇੱਕ ਚੁਣੌਤੀ ਹੋਰ ਸੀ ਅਤੇ ਇਹ ਸਟਾਰ ਸਿਸਟਮ ਲਈ ਵੀ ਪਹਿਲੀ ਵਾਰ ਸੀ, ਇਹ ਸਮੱਸਿਆ ਸੀ ਕਲਾਈਨਫੈਲਟਰ ਸਿੰਡਰੋਮ। ਇਸ ਸਮੱਸਿਆ ਕਾਰਨ ਇਜੈਕੂਲੇਟ (ਵੀਰਜ) ਵਿੱਚ ਕੋਈ ਸ਼ੁਕਰਾਣੂ ਨਹੀਂ ਹੁੰਦਾ। ਇਸ ਲਈ, ਸੈਮੂਅਲ ਦੇ ਮਾਮਲੇ ਵਿੱਚ ਸ਼ੁਕਰਾਣੂ ਲੱਭਣ ਲਈ, ਯੂਰੋਲੋਜਿਸਟ ਨੂੰ ਟੈਸਟਿਕਲ ਦੇ ਅੰਦਰੋਂ ਜਾਂਚ ਕਰਨੀ ਪਈ। ਸੈਮੂਅਲ ਨੇ ਕਾਰਨੇਲ ਮੈਡੀਕਲ ਸੈਂਟਰ ਵਿਖੇ ਇੱਕ ਸਫਲ ਟੈਸਟੀਕੂਲਰ ਐਕਸਟਰੈਕਸ਼ਨ ਸਰਜਰੀ ਦੀ ਤਿਆਰੀ ਵਿੱਚ ਨੌਂ ਮਹੀਨਿਆਂ ਲਈ ਹਾਰਮੋਨ ਥੈਰੇਪੀ ਲਈ।

ਕਾਰਨੇਲ ਮੈਡੀਕਲ ਸੈਂਟਰ ਦੇ ਮਾਹਿਰ ਇਨਸਾਨੀ ਅੱਖ ਨਾਲ ਕੋਈ ਵੀ ਸ਼ੁਕਰਾਣੂ ਨਹੀਂ ਵੇਖ ਸਕੇ, ਇਸ ਲਈ ਸੈਮੂਅਲ ਇਸ ਗੱਲ 'ਤੇ ਰਾਜ਼ੀ ਹੋ ਗਏ ਕਿ ਸੈਂਪਲ ਨੂੰ ਜਾਂਚ ਲਈ ਕੋਲੰਬੀਆ ਵਿੱਚ ਵਿਲੀਅਮਜ਼ ਦੀ ਟੀਮ ਕੋਲ ਭੇਜਿਆ ਜਾਵੇ।

ਕਾਰਨੇਲ ਮੈਡੀਕਲ ਸੈਂਟਰ ਦੇ ਮੈਡੀਕਲ ਅਤੇ ਲੈਬੋਰੇਟਰੀ ਨਿਰਦੇਸ਼ਕ ਐਰਿਕ ਫੋਰਮਨ, ਜਿਨ੍ਹਾਂ ਨੇ ਇਸ ਪ੍ਰਕਿਰਿਆ ਦੀ ਦੇਖਭਾਲ ਕੀਤੀ, ਕਹਿੰਦੇ ਹਨ, "ਸਰਜਰੀ ਤੋਂ ਮਿਲੇ ਟਿਸ਼ੂ ਨੂੰ ਸਾਡੀ ਐਂਡਰੋਲੋਜੀ ਲੈਬੋਰੇਟਰੀ ਵਿੱਚ ਭੇਜਿਆ ਗਿਆ, ਜਿੱਥੇ ਉਸਨੂੰ ਸਟਾਰ ਸਿਸਟਮ ਦੀ ਪ੍ਰਕਿਰਿਆ ਲਈ ਤਿਆਰ ਕੀਤਾ ਗਿਆ।"

ਉਸੇ ਸਮੇਂ, ਪੇਨੇਲੋਪ ਦੀ ਐਗ ਰਿਟਰੀਵਲ ਪ੍ਰਕਿਰਿਆ ਚੱਲ ਰਹੀ ਸੀ। ਆਮ ਤੌਰ 'ਤੇ, ਉਸੇ ਦਿਨ ਤਾਜ਼ਾ ਸ਼ੁਕਰਾਣੂ ਦਾ ਸੈਂਪਲ ਦਿੱਤਾ ਜਾਂਦਾ ਹੈ, ਕਿਉਂਕਿ ਇਸ ਨਾਲ ਫਰਟੀਲਾਈਜ਼ੇਸ਼ਨ ਦੀ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ। ਉਹ ਜਿਵੇਂ ਸਮੇਂ ਨਾਲ ਦੌੜ ਲੱਗਾ ਰਹੇ ਸਨ।

ਸਟਾਰ ਸਿਸਟਮ ਸੈਮੂਅਲ ਦੇ ਸੈਂਪਲ ਵਿੱਚੋਂ ਅੱਠ ਸ਼ੁਕਰਾਣੂ ਅਲੱਗ ਕਰਨ ਵਿੱਚ ਕਾਮਯਾਬ ਹੋਇਆ, ਜਿਨ੍ਹਾਂ ਨੂੰ ਬਾਅਦ ਵਿੱਚ ਪੇਨੇਲੋਪ ਦੇ ਐਗਜ਼ (ਅੰਡਾਣੂਆਂ) ਵਿੱਚ ਇੰਜੈਕਟ ਕੀਤਾ ਗਿਆ। ਉਨ੍ਹਾਂ ਵਿੱਚੋਂ ਇੱਕ ਪੂਰੀ ਤਰ੍ਹਾਂ ਬਲਾਸਟੋਸਿਸਟ ਵਿੱਚ ਬਦਲ ਗਿਆ, ਜੋ ਭਰੂਣ ਦਾ ਇੱਕ ਵਧੇਰੇ ਵਿਕਸਿਤ ਪੜਾਅ ਹੁੰਦਾ ਹੈ।

ਉਨ੍ਹਾਂ ਦਾ ਬੱਚਾ, ਜੋ ਸ਼ਾਇਦ ਸਟਾਰ ਸਿਸਟਮ ਦੀ ਮਦਦ ਨਾਲ ਪੈਦਾ ਹੋਣ ਵਾਲਾ ਪਹਿਲਾ ਮੁੰਡਾ ਹੋਵੇਗਾ, ਜੁਲਾਈ ਦੇ ਅਖੀਰ ਵਿੱਚ ਜਨਮ ਲਵੇਗਾ। ਇਹ ਇੱਕ ਅਜਿਹੀ ਚੀਜ਼ ਹੈ ਜਿਸ ਬਾਰੇ ਉਨ੍ਹਾਂ ਨੂੰ ਕਦੇ ਯਕੀਨ ਨਹੀਂ ਸੀ ਕਿ ਉਹ ਇੱਥੋਂ ਤੱਕ ਪਹੁੰਚ ਸਕਣਗੇ।

ਪੇਨੇਲੋਪ ਕਹਿੰਦੇ ਹਨ, "ਹੁਣ ਇਹ ਸਭ ਸੱਚ ਲੱਗਣ ਲੱਗ ਪਿਆ ਹੈ, ਖ਼ਾਸ ਕਰਕੇ ਇਸ ਲਈ ਕਿਉਂਕਿ ਮੈਨੂੰ ਬੱਚੇ ਦੀ ਹਰਕਤ ਮਹਿਸੂਸ ਹੋ ਰਹੀ ਹੈ। ਅਸੀਂ ਆਪਣਾ ਐਨਾਟਮੀ ਸਕੈਨ ਕਰਵਾਇਆ ਅਤੇ ਸਭ ਕੁਝ ਬਹੁਤ ਚੰਗਾ ਲੱਗ ਰਿਹਾ ਹੈ।"

ਹੋਰ ਕਿਵੇਂ ਮਦਦਗਾਰ ਸਾਬਿਤ ਹੋ ਰਹੀ ਏਆਈ

ਪ੍ਰਜਨਣ ਸਬੰਧੀ ਇਲਾਜ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਏਆਈ ਦਾ ਇਸਤੇਮਾਲ ਸਿਰਫ਼ ਦੁਰਲੱਭ ਸ਼ੁਕਰਾਣੂ ਕੋਸ਼ਿਕਾਵਾਂ ਨੂੰ ਲੱਭਣ ਤੱਕ ਹੀ ਸੀਮਿਤ ਨਹੀਂ ਹੈ।

ਉਦਾਹਰਨ ਵਜੋਂ, ਆਈਵੀਐਫ ਦੀ ਇੱਕ ਜ਼ਰੂਰੀ ਪ੍ਰਕਿਰਿਆ ਓਵੇਰੀਅਨ ਸਟੀਮੂਲੇਸ਼ਨ – ਜੋ ਓਵਰੀਜ਼ ਨੂੰ ਕਈ ਐਗ (ਅੰਡਾਣੂ) ਬਣਾਉਣ ਵਿੱਚ ਮਦਦ ਕਰਦੀ ਹੈ – ਵਿੱਚ ਮਸ਼ੀਨ ਲਰਨਿੰਗ ਦੀ ਮਦਦ ਨਾਲ ਹਾਰਮੋਨ ਗੋਨਾਡੋਟ੍ਰੋਪਿਨ ਦੀ ਵਧੇਰੇ ਪਰਸਨਲਾਈਜ਼ਡ ਡੋਜ਼ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸੇ ਤਰ੍ਹਾਂ, ਡੀਪ ਲਰਨਿੰਗ ਟੂਲ ਹੋਰ ਸਟੀਕ ਅਤੇ ਕੰਮ ਦੇ ਗੈਮੇਟ ਅਤੇ ਭਰੂਣ ਚੁਣਨ ਵਿੱਚ ਮਦਦ ਕਰ ਰਹੇ ਹਨ।

ਪਰ ਲੰਬੇ ਸਮੇਂ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਲਈ, ਮਾਹਿਰ ਇਸ ਗੱਲ ਨਾਲ ਸਹਿਮਤ ਹਨ ਕਿ ਵੱਡੇ ਪੱਧਰ 'ਤੇ ਹੋਰ ਕਲਿਨਿਕਲ ਟ੍ਰਾਇਲਜ਼ ਦੀ ਲੋੜ ਹੈ। ਨਾਲ ਹੀ ਕਹਿੰਦੇ ਹਨ ਕਿ ਇਸ ਗੱਲ 'ਤੇ ਵੀ ਸਪਸ਼ਟਤਾ ਹੋਣੀ ਚਾਹੀਦੀ ਹੈ ਕਿ ਸੰਵੇਦਨਸ਼ੀਲ ਮੈਡੀਕਲ ਡੇਟਾ, ਨਿੱਜਤਾ, ਜਵਾਬਦੇਹੀ ਅਤੇ ਮਾਲਕੀ ਹੱਕ ਨਾਲ ਜੁੜੇ ਵਿਵਾਦਾਂ ਨੂੰ ਕਿਵੇਂ ਸੰਭਾਲਿਆ ਜਾਵੇ।

ਏਆਈ ਨਾਲ ਜੁੜੀਆਂ ਨਵੀਆਂ-ਨਵੀਆਂ ਖੋਜਾਂ ਨਾਲ ਆਉਣ ਵਾਲੇ 'ਖੁਸ਼ਹਾਲ ਅੰਤ' ਬਾਰੇ ਵਧਾ-ਚੜ੍ਹਾ ਕੇ ਕੀਤੇ ਜਾਣ ਵਾਲੇ ਦਾਅਵਿਆਂ ਨੂੰ ਲੈ ਕੇ ਵੀ ਚਿੰਤਾਵਾਂ ਹਨ।

ਯੂਕੇ ਦੀ ਵਾਰਵਿਕ ਯੂਨੀਵਰਸਿਟੀ ਵਿੱਚ ਪ੍ਰਸੂਤੀ ਵਿਗਿਆਨ ਦੇ ਪ੍ਰੋਫੈਸਰ, ਸਿਓਭਾਨ ਕਵੇਨਬੀ ਕਹਿੰਦੇ ਹਨ, "ਜਿਨ੍ਹਾਂ ਜੋੜਿਆਂ ਨੂੰ ਗਰਭਧਾਰਣ ਕਰਨ ਵਿੱਚ ਲੰਮਾ ਸਮਾਂ ਲੱਗਦਾ ਹੈ, ਉਹ ਬੱਚੇ ਲਈ ਬਹੁਤ ਜ਼ਿਆਦਾ ਬੇਚੈਨ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਅਜਿਹੇ ਮਹਿੰਗੇ ਇਲਾਜ ਵੇਚੇ ਜਾਣ ਦਾ ਖਤਰਾ ਰਹਿੰਦਾ ਹੈ, ਜਿਨ੍ਹਾਂ ਦੀ ਉਪਯੋਗਤਾ ਸਾਬਤ ਨਹੀਂ ਹੋਈ ਹੈ।"

ਉਹ ਅੱਗੇ ਕਹਿੰਦੇ ਹਨ, "ਇਹ ਬਹੁਤ ਹੀ ਰੋਮਾਂਚਕ ਗੱਲ ਹੈ ਕਿ ਗੰਭੀਰ 'ਮੇਲ ਫੈਕਟਰ ਸਬਫਰਟਿਲਿਟੀ' (ਮਰਦਾਂ ਵਿੱਚ ਪ੍ਰਜਨਣ ਸਮਰੱਥਾ ਦੀ ਘਾਟ) ਲਈ ਇੱਕ ਨਵਾਂ ਹੱਲ ਵਿਕਸਿਤ ਕਰਨ ਲਈ ਅਧੁਨਿਕ ਇਮੇਜਿੰਗ, ਇੰਜੀਨੀਅਰਿੰਗ ਅਤੇ ਏਆਈ ਨੂੰ ਇੱਕੋ ਨਾਲ ਲਿਆਂਦਾ ਗਿਆ ਹੈ।"

"ਇੱਕ ਸਫਲ ਗਰਭਧਾਰਣ ਇੱਕ ਮਹੱਤਵਪੂਰਨ ਸ਼ੁਰੂਆਤ ਹੈ। ਹਾਲਾਂਕਿ, ਇਸ ਨਵੇਂ ਇਲਾਜ ਦੀ ਉਪਯੋਗਤਾ ਦਾ ਪੂਰਾ ਮੁਲਾਂਕਣ ਕਰਨ ਤੋਂ ਪਹਿਲਾਂ, ਹੋਰ ਮਰੀਜ਼ਾਂ 'ਤੇ ਅੱਗੇ ਹੋਰ ਖੋਜ ਕਰਨ ਦੀ ਲੋੜ ਹੈ।"

ਪਰ ਸੈਮੂਅਲ ਲਈ, ਇਹ ਸੰਭਾਵਨਾ ਕਿ ਏਆਈ-ਅਧਾਰਿਤ ਇਹ ਤਕਨੀਕ ਭਵਿੱਖ ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਆਪਣੇ ਪਰਿਵਾਰ ਨੂੰ ਹੋਰ ਵਧਾਉਣ ਵਿੱਚ ਮਦਦ ਕਰ ਸਕਦੀ ਹੈ, ਬਹੁਤ ਹੀ ਆਕਰਸ਼ਕ ਹੈ।

ਉਹ ਕਹਿੰਦੇ ਹਨ, "ਬੇਸ਼ਕ, ਹੁਣ ਅਸੀਂ ਥੋੜ੍ਹੇ ਲਾਲਚੀ ਹੋ ਰਹੇ ਹਾਂ ਅਤੇ ਉਮੀਦ ਹੈ ਕਿ ਭਵਿੱਖ ਵਿੱਚ ਅਸੀਂ ਇੱਕ ਹੋਰ ਬੱਚਾ ਚਾਹਾਂਗੇ, ਪਰ ਇਹ ਇੱਕ ਅਜਿਹੀ ਚੀਜ਼ ਹੈ ਜਿਸ ਵਿੱਚੋਂ ਸਾਨੂੰ ਮੁੜ ਲੰਘਣਾ ਪਵੇਗਾ, ਕਿਉਂਕਿ ਸਾਡੇ ਕੋਲ ਐਗਜ਼ ਤੋਂ ਇਲਾਵਾ ਹੋਰ ਕੁਝ ਵੀ ਰਿਜ਼ਰਵ ਵਿੱਚ ਨਹੀਂ ਹੈ।

ਪਰ ਉਹ ਇਹ ਵੀ ਕਹਿੰਦੇ ਹਨ ਕਿ ਹੁਣ ਉਨ੍ਹਾਂ ਕੋਲ ਉਮੀਦ ਹੈ, ਜਦਕਿ ਪਹਿਲਾਂ ਉਹ ਵੀ ਨਹੀਂ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)