You’re viewing a text-only version of this website that uses less data. View the main version of the website including all images and videos.
ਮੈਜਿਕ ਮਸ਼ਰੂਮ ਤਕਨੀਕ ਕੀ ਹੈ, ਜੋ ਸਿਗਰਟ ਛੱਡਣ 'ਚ ਮਦਦਗਾਰ ਸਾਬਿਤ ਹੋ ਸਕਦੀ ਹੈ
- ਲੇਖਕ, ਰੇਚਲ ਨੂਵਰ
- ਪੜ੍ਹਨ ਦਾ ਸਮਾਂ: 9 ਮਿੰਟ
ਨਿਕੋਟੀਨ ਦੀ ਲਤ ਆਸਾਨੀ ਨਾਲ ਨਹੀਂ ਜਾਂਦੀ ਪਰ ਨਵੀਂ ਖੋਜ ਦੱਸਦੀ ਹੈ ਕਿ ਸਾਈਕੇਡੈਲਿਕ ਦਵਾਈਆਂ ਲੋਕਾਂ ਦੇ ਨਜ਼ਰੀਏ 'ਚ ਅਜਿਹੇ ਬਦਲਾਅ ਲਿਆਉਂਦੀਆਂ ਹਨ ਜੋ ਸਿਗਰਟ ਛੱਡਣ 'ਚ ਮਦਦਗਾਰ ਹੋ ਸਕਦੇ ਹਨ।
ਤੰਬਾਕੂ ਦੀ ਆਦਤ ਛੱਡਣਾ ਸਭ ਤੋਂ ਵੱਧ ਮੁਸ਼ਕਿਲ ਹੈ। ਇਸ 'ਚ ਮੌਜੂਦ ਨੀਕੋਟੀਨ, ਕੋਕੀਨ ਅਤੇ ਹੈਰੋਇਨ ਜਾਂ ਸ਼ਾਇਦ ਇਨ੍ਹਾਂ ਤੋਂ ਵੀ ਵੱਧ ਲਤ ਲਾਉਣ ਵਾਲਾ ਮੰਨਿਆ ਜਾਂਦਾ ਹੈ। ਸਰਵੇਖਣਾਂ ਮੁਤਾਬਕ, ਲਗਭਗ 70% ਨੌਜਵਾਨ ਸਿਗਰਟ ਛੱਡਣਾ ਚਾਹੁੰਦੇ ਹਨ। ਹਰ ਸਾਲ ਸਿਗਰਟ ਛੱਡਣ ਦੀ ਕੋਸ਼ਿਸ਼ ਕਰਨ ਵਾਲੇ ਦਸ ਲੋਕਾਂ 'ਚੋਂ ਮੁਸ਼ਕਿਲ ਨਾਲ ਇੱਕ ਜਾਂ ਇਸ ਤੋਂ ਘੱਟ ਕਾਮਯਾਬ ਹੋ ਪਾਉਂਦੇ ਹਨ।
ਹਾਲਾਂਕਿ ਹੁਣ ਅਜਿਹੇ ਸਬੂਤ ਵੱਧ ਰਹੇ ਹਨ ਕਿ ਕੁਝ ਸਾਈਕੇਡੈਲਿਕ ਦਵਾਈਆਂ ਲੋਕਾਂ ਨੂੰ ਸਿਗਰਟ ਛੱਡਣ ਵਿੱਚ ਮਦਦਗਾਰ ਹੋ ਸਕਦੀਆਂ ਹਨ। 2017 ਦੇ ਇੱਕ ਸਰਵੇਖਣ ਵਿੱਚ 781 ਲੋਕਾਂ ਨੇ ਕਿਹਾ ਕਿ ਐਲਐਸਡੀ, ਮੈਜਿਕ ਮਸ਼ਰੂਮ ਜਾਂ ਹੋਰ ਸਾਈਕੇਡੈਲਿਕ ਦਵਾਈਆਂ ਦੇ ਸੇਵਨ ਨਾਲ ਉਨ੍ਹਾਂ ਨੂੰ ਸਿਗਰਟ ਪੀਣਾ ਘਟਾਉਣ ਜਾਂ ਛੱਡਣ 'ਚ ਮਦਦ ਮਿਲੀ।
ਪਰ ਅਜਿਹਾ ਕਿਉਂ ? ਇਸਦਾ ਹੱਲ ਮਨੋਵਿਗਿਆਨ ਨਾਲ ਜੁੜਿਆ ਜਾਪਦਾ ਹੈ। ਤਕਰੀਬਨ ਉਹ ਸਾਰੇ ਲੋਕ ਜੋ ਨੀਕੋਟੀਨ ਦੀ ਆਦਤ ਛੱਡਣ 'ਚ ਕਾਮਯਾਬ ਹੋਏ, ਉਨ੍ਹਾਂ ਨੇ ਇਹ ਗੱਲ ਸਾਂਝੀ ਕੀਤੀ ਕਿ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਤਰਜੀਹਾਂ ਅਤੇ ਮੁੱਲ ਬਦਲ ਗਏ ਹਨ ਅਤੇ ਖਾਸ ਤੌਰ 'ਤੇ ਇਹ ਅਹਿਸਾਸ ਕਿ ਸਿਗਰਟ ਪੀਣਾ ਹੁਣ ਉਨ੍ਹਾਂ ਲਈ ਲਾਭਕਾਰੀ ਨਹੀਂ ਰਿਹਾ।
ਅਮਰੀਕਾ ਦੀ ਜੌਨਸ ਹੋਪਕਿਨਸ ਯੂਨੀਵਰਸਿਟੀ ਦੇ ਮਨੋਚਿਕਿਤਸਾ ਅਤੇ ਵਿਹਾਰਕ ਵਿਗਿਆਨ ਦੇ ਪ੍ਰੋਫੈਸਰ ਅਤੇ ਅਧਿਐਨ ਦੇ ਮੁੱਖ ਲੇਖਕ ਮੈਥਿਊ ਜੌਹਨਸਨ ਕਹਿੰਦੇ ਹਨ, "ਇਹ ਤਜਰਬਾ ਇੰਨਾ ਡੂੰਘਾ ਸੀ ਕਿ ਇਸ ਨੇ ਸਿਗਰਟ ਛੱਡਣ ਦੀ ਪਹਿਲਾਂ ਅਸੰਭਵ ਲੱਗਣ ਵਾਲੀ ਮਨੋਵਿਗਿਆਨਕ ਚੁਣੌਤੀ ਨੂੰ ਪਿੱਛੇ ਛੱਡ ਦਿੱਤਾ।"
ਅਤੇ ਇਹ ਸਿਰਫ਼ ਕਹਾਣੀਆਂ ਨਹੀਂ ਹਨ ਬਲਕਿ ਪ੍ਰਯੋਗਸ਼ਾਲਾਵਾਂ 'ਚ ਕੀਤੇ ਗਏ ਅਧਿਐਨਾਂ ਤੋਂ ਵੀ ਅਜਿਹੇ ਹੀ ਨਤੀਜੇ ਸਾਹਮਣੇ ਆਏ ਹਨ।
ਮਾਰਚ 2026 ਵਿੱਚ ਜੌਹਨਸਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਹੁਣ ਤੱਕ ਦੇ ਸਭ ਤੋਂ ਮਜ਼ਬੂਤ ਸਬੂਤਾਂ ਦੇ ਆਧਾਰ 'ਤੇ ਇੱਕ ਅਧਿਐਨ ਪ੍ਰਕਾਸ਼ਿਤ ਕੀਤਾ ਜਿਸ ਮੁਤਾਬਕ ਗੱਲਬਾਤ ਅਧਾਰਿਤ ਥੈਰੇਪੀ ਦੇ ਨਾਲ ਜੇਕਰ ਸਾਈਲੋਸਿਬਨ (ਮੈਜਿਕ ਮਸ਼ਰੂਮ 'ਚ ਇਸਤੇਮਾਲ ਹੋਣ ਵਾਲਾ ਮੁੱਖ ਪਦਾਰਥ) ਦਿੱਤੀ ਜਾਵੇ ਤਾਂ ਇਹ ਨੀਕੋਟੀਨ ਪੈਚੇਜ਼ ਨਾਲ ਦਿੱਤੀ ਥੈਰੇਪੀ ਨਾਲੋਂ ਸਿਰਗਟ ਛੱਡਣ 'ਚ ਕਿਤੇ ਵੱਧ ਅਸਰਦਾਰ ਸਾਬਤ ਹੁੰਦੀ ਹੈ।
ਛੇ ਮਹੀਨਿਆਂ ਤੱਕ ਚੱਲੇ ਇਲਾਜ ਦੌਰਾਨ, ਉਹ 42 ਲੋਕ ਜਿਨ੍ਹਾਂ ਨੂੰ ਸਾਈਲੋਸਿਬਨ ਦਿੱਤਾ ਗਿਆ, ਉਨ੍ਹਾਂ 'ਚ ਸਿਗਰਟ ਛੱਡਣ ਦੀ ਸੰਭਾਵਨਾ ਨੀਕੋਟੀਨ ਪੈਚ ਗਰੁੱਪ 'ਚ ਸ਼ਾਮਿਲ ਲੋਕਾਂ ਦੇ ਮੁਕਾਬਲੇ ਛੇ ਗੁਣਾ ਵੱਧ ਸੀ।
ਸਾਈਕੇਡੈਲਿਕ ਦਵਾਈਆਂ ਅਜੇ ਵੀ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਗੈਰ-ਕਾਨੂੰਨੀ ਹਨ ਅਤੇ ਉਨ੍ਹਾਂ 'ਤੇ ਹੋਣ ਵਾਲੀ ਖੋਜ ਜਾਂ ਕਲੀਨੀਕਲ ਟ੍ਰਾਇਲਸ 'ਤੇ ਸਖਤ ਕੰਟਰੋਲ ਹੈ। ਫਿਰ ਵੀ, ਵੱਧ ਰਹੇ ਸਬੂਤ ਦਰਸਾਉਂਦੇ ਹਨ ਕਿ ਇਹ ਮਨੋਵਿਗਿਆਨਕ ਬਿਮਾਰੀਆਂ ਅਤੇ ਨਸ਼ਿਆਂ ਦੇ ਇਲਾਜ ਵਿੱਚ ਮਦਦਗਾਰ ਹੋ ਸਕਦੀਆਂ ਹਨ।
ਅਮਰੀਕਾ ਦੀ ਵਿਸਕੋਨਸਿਨ ਯੂਨੀਵਰਸਿਟੀ, ਮੈਡੀਸਨ ਵਿੱਚ ਕਲੀਨੀਕਲ ਮਨੋਵਿਗਿਆਨ ਦੇ ਪ੍ਰੋਫੈਸਰ ਮੇਗਨ ਪਾਈਪਰ, ਜੋ ਇਸ ਖੋਜ ਦਾ ਹਿੱਸਾ ਨਹੀਂ ਸਨ, ਕਹਿੰਦੇ ਹਨ, "ਅਮਰੀਕਾ ਵਿੱਚ ਪਿਛਲੇ 20 ਸਾਲਾਂ ਤੋਂ ਸਿਗਰਟ ਛੱਡਣ ਲਈ ਕੋਈ ਨਵੀਂ ਦਵਾਈ ਨਹੀਂ ਆਈ ਹੈ, ਇਸ ਲਈ ਅਜਿਹੀਆਂ ਸੰਭਾਵਨਾਵਾਂ ਕਾਫ਼ੀ ਉਤਸ਼ਾਹਜਨਕ ਹਨ।"
ਉਹ ਅੱਗੇ ਕਹਿੰਦੇ ਹਨ ਕਿ ਸਿਗਰਟ ਪੀਣਾ ਦੁਨੀਆ ਭਰ ਵਿੱਚ ਰੋਕੀਆਂ ਜਾ ਸਕਣ ਵਾਲੀਆਂ ਮੌਤਾਂ ਅਤੇ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਹੈ, ਇਸ ਲਈ "ਲੋਕਾਂ ਨੂੰ ਸਿਗਰਟ ਛੱਡਣ ਵਿੱਚ ਮਦਦ ਲਈ ਸਾਨੂੰ ਹੋਰ ਸਾਧਨਾਂ ਦੀ ਲੋੜ ਹੈ।"
ਹਾਲਾਂਕਿ, ਇਹ ਪੂਰੀ ਤਰ੍ਹਾਂ ਸਪਸ਼ੱਟ ਨਹੀਂ ਹੈ ਕਿ ਮੈਜਿਕ ਮਸ਼ਰੂਮ ਸਿਗਰਟ ਛੱਡਣ ਵਿੱਚ ਕਿਵੇਂ ਮਦਦ ਕਰਦੇ ਹਨ। ਵਿਗਿਆਨੀ ਇਹ ਵੀ ਸਵਾਲ ਕਰ ਰਹੇ ਹਨ ਕਿ ਕੀ ਇਹ ਨਤੀਜੇ ਵੱਖ-ਵੱਖ ਉਮਰ ਵਰਗ ਅਤੇ ਮਨੋਵਿਗਿਆਨ ਨਾਲ ਜੁੜੀ ਵੱਡੀ ਆਬਾਦੀ 'ਤੇ ਇੱਕੋ ਜਿਹੇ ਹੋਣਗੇ ਅਤੇ ਇਸ ਦੇ ਪਿੱਛੇ ਅਸਲ ਮਨੋਵਿਗਿਆਨਕ ਜਾਂ ਜੈਵਿਕ ਕਾਰਨ ਕੀ ਹਨ।
ਜੌਹਨਸਨ ਕਹਿੰਦੇ ਹਨ, "ਸਾਨੂੰ ਅਜੇ ਇਹ ਪੂਰੀ ਤਰ੍ਹਾਂ ਨਹੀਂ ਪਤਾ ਕਿ ਇਹ ਕਿਵੇਂ ਕੰਮ ਕਰਦਾ ਹੈ, ਹਾਲਾਂਕਿ ਕਿਸੇ ਚੀਜ਼ ਨੂੰ ਮਨਜ਼ੂਰੀ ਮਿਲਣ ਲਈ ਹਮੇਸ਼ਾ ਇਹ ਜਾਣਨਾ ਜ਼ਰੂਰੀ ਨਹੀਂ ਹੁੰਦਾ ਕਿ ਉਹ ਕਿਵੇਂ ਕੰਮ ਕਰਦੀ ਹੈ।"
ਨਸ਼ਿਆਂ ਦੇ ਇਲਾਜ ਲਈ ਸਾਈਕੇਡੈਲਿਕਸ ਦਾ ਇਸਤੇਮਾਲ
ਵੱਖ-ਵੱਖ ਕਿਸਮ ਦੇ ਨਸ਼ਿਆਂ ਦੇ ਇਲਾਜ ਲਈ ਸਾਈਕੇਡੈਲਿਕ ਦਵਾਈਆਂ ਦੀ ਸੰਭਾਵੀ ਸਮਰੱਥਾ ਲੰਬੇ ਸਮੇਂ ਤੋਂ ਖੋਜ ਦਾ ਵਿਸ਼ਾ ਰਹੀ ਹੈ। 1950 ਦੇ ਦੌਰ 'ਚ ਖੋਜਕਰਤਾ ਐਲਐਸਡੀ ਦਾ ਇਸਤੇਮਾਲ ਸ਼ਰਾਬ ਦੀ ਆਦਤ ਛੁਡਾਉਣ ਲਈ ਕਰਦੇ ਸਨ ਅਤੇ ਕਈ ਕੇਸਾਂ 'ਚ ਕਾਮਯਾਬੀ ਵੀ ਹਾਸਲ ਹੁੰਦੀ ਸੀ। ਐਮਡੀਐਮਏ ਨੇ ਵੀ ਕਈ ਕਲੀਨੀਕਲ ਟ੍ਰਾਇਲ 'ਚ ਹਿੱਸਾ ਲੈਣ ਵਾਲਿਆਂ ਦੀ ਸ਼ਰਾਬ ਛੁਡਾਉਣ ਜਾਂ ਘੱਟ ਕਰਨ 'ਚ ਮਦਦ ਕੀਤੀ ।
ਕਈ ਕਿੱਸਿਆਂ ਅਤੇ ਸ਼ੁਰੂਆਤੀ ਅਧਿਐਨਾਂ ਮੁਤਾਬਕ ਇਹ ਸਾਹਮਣੇ ਆਇਆ ਕਿ ਮੱਧ ਅਫਰੀਕਾ ਦੇ ਇਬੋਗਾ ਬੂਟੇ ਤੋਂ ਮਿਲਣ ਵਾਲਾ ਮਨੋਵਿਗਿਆਨਕ ਤੱਤ ਇਬੋਗੇਨ, ਓਪੀਓਡ ਨਸ਼ਿਆਂ ਨੂੰ ਪੂਰੀ ਤਰ੍ਹਾਂ ਛੱਡਣ ਜਾਂ ਇਸਨੂੰ ਘਟਾਉਣ ਕਾਰਨ ਪੈਦਾ ਹੋਣ ਵਾਲੇ ਲੱਛਣਾਂ ਨੂੰ ਘੱਟ ਕਰਨ 'ਚ ਮਦਦਗਾਰ ਹੋ ਸਕਦੇ ਹਨ।
ਸਾਈਕੇਡੈਲਿਕ ਮੈਡੀਸਨ ਐਸੋਸੀਏਸ਼ਨ ਦੇ ਐਗਜ਼ੀਕਿਊਟਿਵ ਡਾਇਰੈਕਟਰ ਲਿਨ ਮੈਰੀ ਮੋਰਸਕੀ ਕਹਿੰਦੇ ਹਨ, "ਜਦੋਂ ਰੋਕੀ ਜਾ ਸਕਣ ਵਾਲੀ ਮੌਤ ਦਰ ਦੀ ਗੱਲ ਕਰੀਏ ਤਾਂ ਜੌਹਨਸਨ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਿਗਰਟ ਦੀ ਲਤ ਛੁਡਾਉਣ ਲਈ ਸਾਈਲੋਸਿਬਨ 'ਤੇ ਕੀਤੀ ਗਈ ਇਹ ਰਿਸਰਚ ਇਸ ਖੇਤਰ 'ਚ ਬਹੁਤ ਅਹਿਮੀਅਤ ਰੱਖਦੀ ਹੈ।"
ਜੌਹਨਸਨ, ਜੋ ਇਸ ਟ੍ਰਾਇਲ ਦੇ ਮੁੱਖ ਖੋਜਕਰਤਾ ਹਨ, ਉਨ੍ਹਾਂ ਦੀ ਸਾਲ 2006 ਵਿੱਚ ਸਿਗਰਟ ਛੁਡਾਉਣ ਦੇ ਖੇਤਰ ਵਿੱਚ ਦਿਲਚਸਪੀ ਬਣੀ। ਉਹ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਦੇ ਸਨ ਕਿ ਸਾਈਕੇਡੈਲਿਕ ਅਨੁਭਵ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਣ ਅਨੁਭਵਾਂ ਵਿੱਚੋਂ ਇੱਕ ਸੀ ਪਰ ਇੱਕ ਵਿਗਿਆਨੀ ਹੋਣ ਦੇ ਨਾਤੇ, ਉਹ ਇਸ ਗੱਲ ਨੂੰ ਵਿਗਿਆਨਕ ਢੰਗ ਨਾਲ ਮਾਪਣਾ ਚਾਹੁੰਦੇ ਸਨ।
ਉਹ ਕਹਿੰਦੇ ਹਨ, "ਗੱਲਾਂ ਤਾਂ ਗੱਲਾਂ ਹੁੰਦੀਆਂ ਹਨ। ਮੈਂ ਦਰਅਸਲ ਮਨੁੱਖੀ ਵਿਵਹਾਰ 'ਚ ਹੋਣ ਵਾਲੇ ਬਦਲਾਵਾਂ ਨੂੰ ਲੈਕੇ ਦਿਲਚਸਪੀ ਰੱਖਦਾ ਸੀ।"
ਬਾਕੀ ਨਸ਼ਿਆਂ ਦੀ ਥਾਂ ਉਨ੍ਹਾਂ ਨੇ ਸਿਗਰਟਨੋਸ਼ੀ ਨੂੰ ਇਸ ਲਈ ਚੁਣਿਆ ਕਿਉਂਕਿ ਬਾਕੀ ਨਸ਼ਿਆਂ ਦੇ ਮੁਕਾਬਲੇ ਸਿਰਗਟਨੋਸ਼ੀ ਦੇ ਪ੍ਰਭਾਵ ਮਹਿਜ਼ ਸਾਹ ਜਾਂ ਯੂਰਿਨ ਟੈਸਟ ਵਰਗੇ ਸਸਤੇ ਅਤੇ ਸਹੀ ਨਤੀਜੇ ਦੇਣ ਵਾਲੇ ਟੈਸਟਾਂ ਜ਼ਰੀਏ ਮਾਪੇ ਜਾ ਸਕਦੇ ਸਨ।
ਉਹ ਸਾਈਕੇਡੈਲਿਕ ਦਵਾਈਆਂ ਨੂੰ ਅਜਿਹੀ ਲਤ 'ਤੇ ਅਜ਼ਮਾਉਣਾ ਚਾਹੁੰਦੇ ਸਨ, ਜਿਸ ਵਿੱਚ ਜ਼ਿੰਦਗੀ ਦੇ ਸਭ ਤੋਂ ਮਾੜੇ ਦੌਰ ਨਾਲ ਜੁੜੀ ਭਾਵਨਾਤਮਕ ਪੀੜਾ ਜਾਂ ਸਦਮਾ ਸ਼ਾਮਲ ਨਾ ਹੋਵੇ, ਸਗੋਂ ਅਜਿਹੀ ਆਦਤ ਹੋਵੇ ਜੋ ਉਨੀ ਹੀ ਲਤ ਲਗਾਉਣ ਵਾਲੀ ਹੋਵੇ ਅਤੇ ਰੋਜ਼ਾਨਾ ਜੀਵਨ ਦਾ ਸਧਾਰਣ ਹਿੱਸਾ ਬਣ ਚੁੱਕੀ ਹੋਵੇ, ਜਿਸ ਕਾਰਨ ਇਸ ਨੂੰ ਛੱਡਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ।
ਸਿਗਰਟ ਛੁਡਾਉਣ ਲਈ ਸਾਈਲੋਸਿਬਨ 'ਤੇ ਸ਼ੁਰੂਆਤੀ ਅਧਿਐਨ ਕਰਵਾਉਣ ਲਈ ਫੰਡਾਂ ਦੀ ਘਾਟ ਕਾਰਨ ਜੌਹਨਸਨ ਨੂੰ ਸਾਲਾਂ ਲੱਗ ਗਏ। 2014 'ਚ ਪ੍ਰਕਾਸ਼ਿਤ ਹੋਏ ਛੋਟੇ ਅਧਿਐਨ 'ਚ ਮਹਿਜ਼ 15 ਲੋਕ ਸ਼ਾਮਿਲ ਸਨ ਜੋ ਔਸਤਨ 31 ਸਾਲਾਂ ਤੋਂ ਸਿਗਰਟ ਪੀ ਰਹੇ ਸਨ ਅਤੇ ਕਈ ਵਾਰ ਆਪਣੀ ਇਹ ਆਦਤ ਛੱਡਣ ਦੀ ਕੋਸ਼ਿਸ਼ ਕਰ ਚੁੱਕੇ ਸਨ।
ਜੌਹਨਸਨ ਮੁਤਾਬਕ, ਸਾਈਕੇਡੈਲਿਕ 'ਤੇ ਆਧਾਰਿਤ ਇਲਾਜ ਤੋਂ ਬਾਅਦ ਜਿਸ ਵਿੱਚ ਮਰੀਜ਼ਾਂ ਨੂੰ 15 ਹਫ਼ਤਿਆਂ ਦੇ ਇਕ ਯੋਜਨਾਬੱਧ ਪ੍ਰਕਿਰਿਆ ਤਹਿਤ ਕੌਗਨੀਟਿਵ ਬਿਹੇਵਿਅਰਲ ਥੈਰਪੀ ਦੇ ਨਾਲ ਤਿੰਨ ਵਾਰ ਸਾਈਲੋਸਿਬਨ ਦਿੱਤਾ ਗਿਆ, ਜਿਸ ਤੋਂ ਬਾਅਦ ਇੱਕ ਮਰੀਜ਼ ਨੇ ਦੱਸਿਆ ਕਿ ਉਸਨੂੰ ਤੰਬਾਕੂ ਛੱਡਣ ਸਮੇਂ ਇਸ ਦੇ ਕੋਈ ਮਾਰੂ ਲੱਛਣ ਮਹਿਸੂਸ ਨਹੀਂ ਹੋਏ ਜਦੋਂਕਿ ਇੱਕ ਹੋਰ ਮਰੀਜ਼ ਨੂੰ ਅਜਿਹਾ ਮਹਿਸੂਸ ਹੋਇਆ ਕਿ ਜਿਵੇਂ ਉਸ ਦੇ ਦਿਮਾਗ ਨੂੰ ਮੁੜ ਸਿਰਜ ਦਿੱਤਾ ਗਿਆ ਹੈ ਅਤੇ ਜਿਸ ਤੋਂ ਬਾਅਦ ਸਿਗਰਟ ਨੂੰ ਹੱਥ ਲਾਉਣਾ ਵੀ ਸੰਭਵ ਨਹੀ ਹੈ।
ਦੋ ਤੋਂ ਤਿੰਨ ਸਾਈਲੋਸਿਬਨ ਅਤੇ ਸਹਾਇਕ ਥੈਰੇਪੀ ਸੈਸ਼ਨਾਂ ਤੋਂ ਛੇ ਮਹੀਨੇ ਬਾਅਦ, 80% ਹਿੱਸੇਦਾਰੀ ਸਿਗਰਟ ਤੋਂ ਦੂਰ ਸਨ। ਇਸਦੇ ਮੁਕਾਬਲੇ, ਸਿਗਰਟ ਛੱਡਣ ਲਈ ਇਸਤੇਮਾਲ ਹੋਰ ਵਿਹਾਰਕ ਅਤੇ ਦਵਾਈ-ਅਧਾਰਿਤ ਥੈਰੇਪੀਜ਼ ਵਿੱਚ ਸਫਲਤਾ ਦਰ ਮਹਿਜ਼ 35 ਫੀਸਦ ਦਰਜ ਕੀਤੀ ਗਈ।
ਇੰਝ ਜਾਪ ਰਿਹਾ ਸੀ ਕਿ ਇਹ ਵਿਚਾਰ ਉਮੀਦਾਂ 'ਤੇ ਖਰਾ ਉਤਰ ਸਕਦਾ ਸੀ।
ਇੱਕ ਸੰਭਾਵੀ ਰਾਹ
ਤਾਜ਼ਾ ਅਧਿਐਨ ਵਿੱਚ, ਜੌਹਨਸਨ ਅਤੇ ਉਨ੍ਹਾਂ ਦੇ ਸਾਥੀਆਂ ਨੇ 82 ਹਿੱਸੇਦਾਰਾਂ ਨੂੰ ਸ਼ਾਮਿਲ ਕੀਤਾ ਅਤੇ ਉਨ੍ਹਾਂ ਨੂੰ ਬੇਤਰਤੀਬੀ ਨਾਲ ਦੋ ਸਮੂਹਾਂ ਵਿੱਚ ਵੰਡਿਆ। ਇੱਕ ਸਮੂਹ ਨੂੰ ਸਾਈਲੋਸਿਬਨ ਦੀ ਉੱਚ ਖੁਰਾਕ ਦਿੱਤੀ ਗਈ , ਜਿਸ ਵਿੱਚ ਸਰੀਰ ਦੇ ਭਾਰ ਅਨੁਸਾਰ ਲਗਭਗ 30 ਮਿਲੀਗ੍ਰਾਮ ਦਵਾਈ ਵਾਲਾ ਕੈਪਸੂਲ ਸੀ ਜਦੋਂਕਿ ਦੂਜੇ ਸਮੂਹ ਨੂੰ ਕਈ ਹਫ਼ਤਿਆਂ ਤੱਕ ਨਿਕੋਟੀਨ ਪੈਚ ਲਗਾਉਣ ਲਈ ਦਿੱਤਾ ਗਿਆ।
ਸਾਈਕੇਡੈਲਿਕ ਅਨੁਭਵ ਦੌਰਾਨ, ਕੁਝ ਲੋਕਾਂ ਨੇ ਆਪਣੀ ਸਿਗਰਟ ਪੀਣ ਦੀ ਆਦਤ ਬਾਰੇ ਗੰਭੀਰਤਾ ਨਾਲ ਸੋਚਿਆ, ਜਦੋਂਕਿ ਕੁਝ ਨੇ ਅਜਿਹਾ ਨਹੀਂ ਕੀਤਾ। ਇਸ ਤੋਂ ਬਾਅਦ, ਸਾਰੇ ਹਿੱਸੇਦਾਰਾਂ ਨੂੰ 13 ਹਫ਼ਤਿਆਂ ਦੌਰਾਨ ਕੌਗਨੀਟਿਵ ਬਿਹੇਵਿਅਰਲ ਥੈਰੇਪੀ ਦੇ 10 ਸੈਸ਼ਨ ਵੀ ਦਿੱਤੇ ਗਏ, ਜੋ ਲਗਭਗ ਹਰ ਹਫ਼ਤੇ ਹੁੰਦੇ ਸਨ ਅਤੇ ਜਿਨ੍ਹਾਂ ਵਿੱਚ ਉਹ ਥੈਰੇਪਿਸਟ ਨਾਲ ਸਿਗਰਟ ਛੱਡਣ ਬਾਰੇ ਗੱਲਬਾਤ ਕਰਦੇ ਸਨ।
ਛੇ ਮਹੀਨੇ ਬਾਅਦ, ਸਾਈਲੋਸਿਬਨ ਗਰੁੱਪ ਦੇ 52% ਹਿੱਸੇਦਾਰ ਅਜੇ ਵੀ ਸਿਗਰਟ ਤੋਂ ਦੂਰ ਸਨ, ਜਦੋਂਕਿ ਨਿਕੋਟੀਨ ਪੈਚ ਵਾਲੇ ਗਰੁੱਪ ਵਿੱਚ ਇਹ ਦਰ 25% ਸੀ।
ਕੈਨੇਡਾ ਦੀ ਟੋਰਾਂਟੋ ਯੂਨੀਵਰਸਿਟੀ ਦੇ ਕਲੀਨੀਕਲ ਮਨੋਵਿਗਿਆਨੀ ਅਤੇ ਸਹਾਇਕ ਪ੍ਰੋਫੈਸਰ ਡੋਮੀਨਿਕ ਮੋਰੀਸਾਨੋ, ਜੋ ਇਸ ਖੋਜ ਦਾ ਹਿੱਸਾ ਨਹੀਂ ਸਨ, ਉਨ੍ਹਾਂ ਨੇ ਇਸ ਨਵੇਂ ਅਧਿਐਨ ਦੇ ਨਤੀਜਿਆਂ ਨੂੰ "ਬੇਹੱਦ ਦਿਲਚਸਪ" ਦੱਸਿਆ।
ਉਹ ਕਹਿੰਦੇ ਹਨ, "ਰਵਾਇਤੀ ਇਲਾਜਾਂ ਨਾਲ ਸਿਗਰਟ ਦੀ ਆਦਤ ਛੁਡਾਉਣਾ ਕਾਫ਼ੀ ਮੁਸ਼ਕਲ ਮੰਨਿਆ ਜਾਂਦਾ ਹੈ। ਜੌਹਨਸਨ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੇ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ, ਉਹ ਅਨੁਮਾਨ ਲਗਾਉਂਦੇ ਹਨ ਕਿ ਸਾਇਲੋਸਿਬਨ-ਸਹਾਇਕ ਥੈਰਪੀ ਲੋਕਾਂ ਨੂੰ ਰਾਹਤ ਪਹੁੰਚਾਉਣ ਦਾ ਇੱਕ ਮਹੱਤਵਪੂਰਣ ਸਾਧਨ ਬਣ ਸਕਦੀ ਹੈ।"
ਪਾਈਪਰ ਵੀ ਸਹਿਮਤ ਹਨ ਕਿ ਇਸ ਨਵੇਂ ਅਧਿਐਨ ਦੇ ਨਤੀਜੇ "ਪ੍ਰਭਾਵਸ਼ਾਲੀ" ਅਤੇ "ਉਮੀਦਜਨਕ" ਹਨ।
ਹਾਲਾਂਕਿ, ਉਹ ਕਹਿੰਦੇ ਹਨ ਕਿ ਇਨ੍ਹਾਂ ਨਤੀਜਿਆਂ ਨੂੰ ਵੱਡੇ ਅਤੇ ਹੋਰ ਵੱਖ-ਵੱਖ ਪਿਛੋਕੜ ਵਾਲੇ ਲੋਕਾਂ ਦੇ ਸਮੂਹ ਵਿੱਚ ਦੁਬਾਰਾ ਪਰਖਣ ਦੀ ਲੋੜ ਹੋਵੇਗੀ। ਉਹ ਕਹਿੰਦੇ ਹਨ, "ਇਹ ਇੱਕ ਛੋਟਾ ਸ਼ੁਰੂਆਤੀ ਟ੍ਰਾਇਲ ਸੀ, ਜਿਸ ਵਿੱਚ ਜ਼ਿਆਦਾਤਰ ਉੱਚ-ਸਿੱਖਿਆ ਪ੍ਰਾਪਤ ਉਹ ਲੋਕ ਸ਼ਾਮਿਲ ਸਨ ਜੋ ਪਹਿਲਾਂ ਸਾਈਕੇਡੈਲਿਕ ਦਵਾਈਆਂ ਦਾ ਸੇਵਨ ਕਰ ਚੁੱਕੇ ਸਨ। ਇਹ ਅਜੇ ਸਪਸ਼ੱਟ ਨਹੀਂ ਹੈ ਕਿ ਕੀ ਸਾਈਲੋਸਿਬਨ ਸਿਗਰਟ ਪੀਣ ਵਾਲੇ ਹਰ ਸ਼ਖਸ ਲਈ ਉਨਾ ਹੀ ਪ੍ਰਭਾਵਸ਼ਾਲੀ ਹੋਵੇਗਾ।"
ਜੌਹਨਸਨ ਕਹਿੰਦੇ ਹਨ, ਕਿਉਂਕਿ ਇਹ ਇੱਕ ਛੋਟਾ ਅਤੇ ਸ਼ੁਰੂਆਤੀ ਅਧਿਐਨ ਸੀ, ਇਸ ਲਈ ਇਹ ਵੀ ਅਜੇ ਸਪਸ਼ੱਟ ਨਹੀਂ ਕਿ ਸਾਈਲੋਸਿਬਨ ਲੈਣ ਤੋਂ ਬਾਅਦ ਸਿਗਰਟ ਛੱਡਣ ਵਾਲੇ ਲੋਕ ਲੰਬੇ ਸਮੇਂ ਲਈ ਇਸ ਆਦਤ ਤੋਂ ਦੂਰ ਰਹਿਣਗੇ ਜਾਂ ਨਹੀਂ। ਕੀ ਇਹ ਉਮੀਦਜਨਕ ਨਤੀਜੇ ਵੱਡੇ ਅਧਿਐਨਾਂ ਵਿੱਚ ਵੀ ਦੁਹਰਾਏ ਜਾ ਸਕਣਗੇ ਜਾਂ ਕੀ ਇਸ ਨਾਲ ਜੁੜੇ ਕੋਈ ਖਤਰੇ ਜਾਂ ਸਾਈਡ ਇਫੈਕਟ ਹਨ ਜੋ ਅਜੇ ਸਾਹਮਣੇ ਨਹੀਂ ਆਏ।"
ਜੌਹਨਸਨ ਅਤੇ ਉਨ੍ਹਾਂ ਦੇ ਸਾਥੀ ਇਸ ਸਮੇਂ ਅਜਿਹਾ ਹੀ ਇੱਕ ਅਗਲਾ ਅਧਿਐਨ ਕਰ ਰਹੇ ਹਨ, ਜਿਸ 'ਚ ਵੱਖ-ਵੱਖ ਥਾਂਵਾਂ 'ਤੇ ਇੱਕ ਵੱਡੇ ਗਰੁੱਪ ਉੱਤੇ ਅਜਿਹੇ ਟ੍ਰਾਇਲ ਕੀਤੇ ਜਾ ਰਹੇ ਹਨ। ਇਹ ਅਧਿਐਨ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਵੱਲੋਂ ਚਾਰ ਮਿਲੀਅਨ ਡਾਲਰ ਦਾ ਫੰਡ ਦਿੱਤੇ ਜਾਣ ਤੋਂ ਬਾਅਦ ਸੰਭਵ ਹੋ ਪਾਈ ਹੈ। ਇਹ ਪਹਿਲੀ ਅਮਰੀਕੀ ਸਰਕਾਰ ਹੈ ਜਿਸ ਨੇ ਪਿਛਲੇ 50 ਸਾਲਾਂ ਦੌਰਾਨ ਸਾਈਕੇਡੈਲਿਕ ਡਰੱਗ ਦੇ ਪ੍ਰਭਾਵਾਂ ਦਾ ਅਧਿਐਨ ਕਰਨ ਲਈ ਫੰਡ ਜਾਰੀ ਕੀਤੇ ਹਨ।
ਇਸ ਅਧਿਐਨ ਦੇ ਭਾਗੀਦਾਰਾਂ ਨੂੰ ਸਾਈਲੋਸਿਬਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਜੌਹਨਸਨ ਦਾ ਮੰਨਣਾ ਹੈ ਕਿ ਹਾਲ ਹੀ 'ਚ ਕੀਤੇ ਅਧਿਐਨ 'ਚ ਇੱਕ ਡੋਜ਼ ਦੇਣ ਦੇ ਮੁਕਾਬਲੇ ਦੋ ਡੋਜ਼ ਨਾਲ ਬਿਹਤਰ ਨਤੀਜੇ ਸਾਹਮਣੇ ਆ ਸਕਦੇ ਹਨ।
ਜੌਹਨਸਨ ਅਤੇ ਉਨ੍ਹਾਂ ਦੇ ਸਾਥੀ ਅਧਿਐਨ 'ਚ ਹਿੱਸਾ ਲੈਣ ਵਾਲਿਆਂ ਦੇ ਦਿਮਾਗ ਦੀ ਇਮੇਜਿੰਗ ਨਾਲ ਜੁੜੇ ਡਾਟਾ ਦਾ ਵੀ ਵਿਸ਼ਲੇਸ਼ਣ ਕਰ ਰਹੇ ਹਨ ਤਾਂ ਜੋ ਉਹ ਅਜਿਹੇ ਪੈਟਰਨ ਨੂੰ ਸਮਝ ਸਕਣ ਜੋ ਸਿਗਰਟ ਛੱਡਣ ਦੀ ਸੰਭਾਵਨਾ ਬਾਰੇ ਸੰਕੇਤ ਦੇ ਸਕਦੇ ਹਨ।
ਜੌਹਨਸਨ ਮੁਤਾਬਕ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਬਦਲਾਅ ਦੇ ਕੇਂਦਰ ਵਿੱਚ "ਵਿਹਾਰਕ ਲਚਕੀਲਾਪਨ" ਹੈ। ਜੌਹਸਨ ਕਹਿੰਦੇ ਹਨ, "ਜੇ ਤੁਸੀਂ ਲੰਬੇ ਸਮੇਂ ਤੋਂ ਕਿਸੇ ਇੱਕ ਹੀ ਆਦਤ ਜਾਂ ਪੈਟਰਨ ਵਿੱਚ ਫਸੇ ਹੋਏ ਹੋ ਤਾਂ ਇਹ ਤੁਹਾਨੂੰ ਉਸ ਤੋਂ ਬਾਹਰ ਕੱਢ ਸਕਦਾ ਹੈ। ਇਹ ਕੋਈ ਗਾਰੰਟੀ ਨਹੀਂ ਪਰ ਇਸ ਤੋਂ ਨਿਕਲਣ ਦਾ ਇੱਕ ਸੰਭਾਵੀ ਰਾਹ ਜ਼ਰੂਰ ਹੋ ਸਕਦਾ ਹੈ।"
ਇਹ ਕਿਵੇਂ ਕੰਮ ਕਰ ਸਕਦਾ ਹੈ?
ਅਮਰੀਕਾ ਦੇ ਬਰਕਲੇ ਵਿੱਚ ਸਥਿਤ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਨਿਊਰੋਵਿਗਿਆਨੀ ਗੁਲ ਡੋਲੇਨ ਕਹਿੰਦੇ ਹਨ ਕਿ ਇਹ ਨਵੇਂ ਨਤੀਜੇ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ 2023 ਵਿੱਚ ਕੀਤੀ ਗਈ ਖੋਜ ਨਾਲ ਮਿਲਦੇ ਹਨ। ਉਸ ਖੋਜ ਵਿੱਚ ਪਤਾ ਲੱਗਿਆ ਸੀ ਕਿ ਸਾਈਕੇਡੈਲਿਕ ਦਵਾਈਆਂ ਦਿਮਾਗ ਵਿੱਚ "ਕ੍ਰਿਟਿਕਲ ਪੀਰੀਅਡ" ਜਾਂ ਮਹੱਤਵਪੂਰਣ ਸਮੇਂ ਨੂੰ ਦੁਬਾਰਾ ਖੋਲ੍ਹ ਸਕਦੀਆਂ ਹਨ — ਇਹ ਉਹ ਸੀਮਿਤ ਦੌਰ ਹੁੰਦਾ ਹੈ ਜਦੋਂ ਦਿਮਾਗ ਬਹੁਤ ਵੱਧ ਸੰਵੇਦਨਸ਼ੀਲ ਅਤੇ ਬਦਲਾਅ ਲਈ ਤਿਆਰ ਹੁੰਦਾ ਹੈ। ਆਮ ਤੌਰ 'ਤੇ ਇਹ ਦੌਰ ਬਚਪਨ ਤੱਕ ਹੀ ਸੀਮਿਤ ਰਹਿੰਦਾ ਹੈ, ਜਦੋਂ ਵਿਅਕਤੀ ਨਵੀਆਂ ਚੀਜ਼ਾਂ ਸਿੱਖਣ ਲਈ ਸਭ ਤੋਂ ਵੱਧ ਤਿਆਰ ਹੁੰਦਾ ਹੈ।"
ਡੋਲੇਨ ਦੇ ਅਨੁਸਾਰ, ਅਜਿਹੇ ਕੇਸ 'ਚ ਸਾਈਲੋਸਿਬਨ "ਕੌਗਨੀਟਿਵ ਬਿਹੇਵਿਅਰਲ ਥੈਰਪੀ" ਰਾਹੀਂ ਸਿਗਰਟ ਨਾਲ ਜੁੜੀਆਂ ਨਵੀਆਂ ਆਦਤਾਂ ਨੂੰ ਅਪਣਾਉਣ ਦੇ ਮੌਕੇ ਪੈਦਾ ਕਰਦਾ ਹੈ। ਆਖ਼ਿਰਕਾਰ, ਇਲਾਜ ਦੇ ਲੰਬੇ ਸਮੇਂ ਤੱਕ ਰਹਿਣ ਵਾਲੇ ਪ੍ਰਭਾਵ ਸੰਭਵ ਤੌਰ 'ਤੇ ਦਿਮਾਗ ਦੇ ਪੁਰਾਣੇ ਪੈਟਰਨਾਂ ਨੂੰ ਦੁਬਾਰਾ ਢਾਲਣ ਦਾ ਨਤੀਜਾ ਹੁੰਦੇ ਹਨ।
ਇਸੇ ਤਰ੍ਹਾਂ, ਮੋਰੀਸਾਨੋ ਦਾ ਮੰਨਣਾ ਹੈ ਕਿ ਸਾਈਲੋਸਿਬਨ ਨਾਲ ਇਲਾਜ ਕਰਨ ਵਾਲੇ ਥੈਰੇਪਿਸਟ ਸਿਗਰਟ ਛੁਡਵਾਉਣ ਲਈ ਹੋਰ ਤਰੀਕਿਆਂ ਨੂੰ ਵੀ ਸ਼ਾਮਲ ਕਰਕੇ ਦਵਾਈ ਦੇ "ਨਿਊਰੋਪਲਾਸਟਿਕ" ਪ੍ਰਭਾਵਾਂ ਦਾ ਹੋਰ ਵਧੀਆ ਲਾਭ ਲੈ ਸਕਦੇ ਹਨ। ਇਸ ਨਾਲ ਉਹਨਾਂ ਮਰੀਜ਼ਾਂ ਦੇ ਨਤੀਜੇ ਵੀ ਸੁਧਰ ਸਕਦੇ ਹਨ ਜਿਨ੍ਹਾਂ 'ਤੇ ਹੁਣ ਤੱਕ ਸਾਈਕੇਡੈਲਿਕਸ ਦਾ ਵੱਡਾ ਅਸਰ ਨਹੀਂ ਹੋਇਆ।
ਉਦਾਹਰਨ ਵਜੋਂ, ਕਸਰਤ, ਮੈਡੀਟੇਸ਼ਨ ਅਤੇ ਧਿਆਨ ਵਰਗੀਆਂ ਤਕਨੀਕਾਂ ਕੁਝ ਲੋਕਾਂ ਨੂੰ ਸਿਗਰਟ ਛੱਡਣ ਵਿੱਚ ਮਦਦਗਾਰ ਸਾਬਤ ਹੋਈਆਂ ਹਨ। ਮੋਰੀਸਾਨੋ ਕਹਿੰਦੇ ਹਨ ਕਿ ਇਹ ਤਰੀਕੇ ਮਰੀਜ਼ ਦੇ ਸਾਈਲੋਸਿਬਨ ਸੈਸ਼ਨ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਦੀ ਮਨੋਚਿਕਿਤਸਾ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ।
ਉਹ ਕਹਿੰਦੇ ਹਨ, "ਨਸ਼ਾ ਇੱਕ ਜਟਿਲ ਸਮੱਸਿਆ ਹੈ, ਜਿਸ ਨੂੰ ਕਈ ਕਾਰਕ ਹੋਰ ਗੰਭੀਰ ਬਣਾਉਂਦੇ ਹਨ ਅਤੇ ਕਿਸੇ ਵੀ ਸਫਲ ਇਲਾਜ ਵਿੱਚ ਵੀ ਕਈ ਤੱਤਾਂ ਦਾ ਮਿਲਾਪ ਹੋਣਾ ਲਾਜ਼ਮੀ ਹੈ। ਅੱਜ ਦੀ ਜਟਿਲ ਦੁਨੀਆ ਵਿੱਚ, ਸਾਨੂੰ ਉਨ੍ਹਾਂ ਲੋਕਾਂ ਦੀ ਮਦਦ ਲਈ ਹੋਰ ਰਚਨਾਤਮਕ ਤਰੀਕੇ ਅਪਣਾਉਣੇ ਪੈਣਗੇ ਜੋ ਸੰਘਰਸ਼ ਕਰ ਰਹੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ