You’re viewing a text-only version of this website that uses less data. View the main version of the website including all images and videos.
ਪ੍ਰਾਚੀ ਜਿਸ ਨੂੰ ਦਸਵੀਂ 'ਚ ਟੌਪ ਕਰਨ 'ਤੇ ਵੀ ਟ੍ਰੋਲਿੰਗ ਝੱਲਣੀ ਪਈ ਸੀ, ਹੁਣ 12ਵੀਂ 'ਚ 91% ਲਿਆਉਣ ਮਗਰੋਂ ਕੀ ਸੋਚਦੀ
- ਲੇਖਕ, ਨੀਤੂ ਸਿੰਘ
- ਰੋਲ, ਸੀਤਾਪੁਰ ਤੋਂ ਬੀਬੀਸੀ ਹਿੰਦੀ ਲਈ
- ਪੜ੍ਹਨ ਦਾ ਸਮਾਂ: 8 ਮਿੰਟ
ਉੱਤਰ ਪ੍ਰਦੇਸ਼ ਦੇ ਸੀਤਾਪੁਰ ਦੀ ਪ੍ਰਾਚੀ ਨਿਗਮ ਤੁਹਾਨੂੰ ਯਾਦ ਹੈ ? ਦੋ ਸਾਲ ਪਹਿਲਾਂ ਪ੍ਰਾਚੀ ਨਿਗਮ ਦਸਵੀਂ ਦੀ ਪ੍ਰੀਖਿਆ ਵਿੱਚ ਯੂ.ਪੀ. ਬੋਰਡ ਦੀ ਟੌਪਰ ਸੀ। ਪਰ ਉਦੋਂ ਉਨ੍ਹਾਂ ਦੇ ਨੰਬਰਾਂ ਤੋਂ ਜ਼ਿਆਦਾ ਚਰਚਾ ਉਨ੍ਹਾਂ ਦੀ ਦਿੱਖ ਬਾਰੇ ਹੋ ਰਹੀ ਸੀ।
ਬੀਬੀਸੀ ਨਿਊਜ਼ ਹਿੰਦੀ ਨੇ ਉਸ ਵੇਲੇ ਜਦੋਂ ਪ੍ਰਾਚੀ ਨਾਲ ਗੱਲ ਕੀਤੀ ਸੀ, ਤਾਂ ਉਨ੍ਹਾਂ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਟੌਪਰ ਹੋਣ ਦੇ ਬਾਅਦ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਗਿਆ।
ਅਜਿਹੇ ਵਿੱਚ ਜਦੋਂ ਇਸ ਸਾਲ ਯੂ.ਪੀ. ਬੋਰਡ ਦੀ ਬਾਰ੍ਹਵੀਂ ਦਾ ਨਤੀਜਾ ਆਇਆ, ਤਾਂ ਮੈਨੂੰ ਇਹ ਜਾਣਨ ਵਿੱਚ ਦਿਲਚਸਪੀ ਹੋਈ ਕਿ ਇਸ ਵਾਰ ਪ੍ਰਾਚੀ ਦਾ ਰਿਜ਼ਲਟ ਕਿਵੇਂ ਰਿਹਾ ?
ਜਿਸ ਤਰ੍ਹਾਂ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਗਿਆ ਸੀ, ਉਸ ਨੂੰ ਦੇਖਦਿਆਂ ਮੇਰੇ ਮਨ ਵਿੱਚ ਇਹ ਸਵਾਲ ਵੀ ਸੀ ਕਿ ਉਨ੍ਹਾਂ ਨੇ ਉਸ ਨਾਲ ਕਿਵੇਂ ਤਾਲਮੇਲ ਬਿਠਾਇਆ ਅਤੇ ਕਿਵੇਂ ਅੱਗੇ ਦੀ ਪੜ੍ਹਾਈ ਕੀਤੀ।
ਇਹੀ ਜਾਣਨ ਲਈ ਬੀਤੀ 26 ਅਪ੍ਰੈਲ ਨੂੰ ਮੈਂ ਇੱਕ ਵਾਰ ਫਿਰ ਪ੍ਰਾਚੀ ਦੇ ਘਰ ਪਹੁੰਚੀ।
ਦੁਪਹਿਰ ਦੇ ਕਰੀਬ 12 ਵਜ ਰਹੇ ਸਨ, ਪਰ ਸੀਤਾਪੁਰ ਵਿਚ ਪ੍ਰਾਚੀ ਦੇ ਘਰ ਵਿੱਚ ਸੰਨਾਟਾ ਸੀ। ਦੋ ਸਾਲ ਪਹਿਲਾਂ ਜਿਹੀ ਰਿਜ਼ਲਟ ਵਾਲੀ ਚਹਿਲ-ਪਹਿਲ ਨਹੀਂ ਸੀ। ਕਾਰਨ ਤਾਂ ਇਹੀ ਸੀ ਕਿ ਇਸ ਵਾਰ ਪ੍ਰਾਚੀ ਨੇ ਬੋਰਡ ਵਿੱਚ ਟੌਪ ਨਹੀਂ ਕੀਤਾ ਸੀ। ਹਾਲਾਂਕਿ, ਉਨ੍ਹਾਂ ਨੇ ਬਾਰ੍ਹਵੀਂ ਵਿੱਚ 91.20 ਫ਼ੀਸਦੀ ਅੰਕ ਹਾਸਿਲ ਕੀਤੇ ਹਨ।
ਦਸਵੀਂ ਵਿੱਚ ਟੌਪ ਕਰਨ ਬਾਅਦ ਪ੍ਰਾਚੀ 'ਤੇ ਬਾਰ੍ਹਵੀਂ ਵਿੱਚ ਵੀ ਟੌਪ ਕਰਨ ਜਿਹਾ ਦਬਾਅ ਤਾਂ ਨਹੀਂ ਸੀ, ਇਹ ਸਵਾਲ ਪੁੱਛੇ ਜਾਣ 'ਤੇ 19 ਸਾਲਾ ਪ੍ਰਾਚੀ ਨੇ ਬੜੀ ਸਹਿਜਤਾ ਨਾ ਜਵਾਬ ਦਿੱਤਾ, "ਦੇਖੋ ਇਸ ਵਾਰ ਤਾਂ ਕੋਈ ਮਿਲਣ ਨਹੀਂ ਆਇਆ। ਇੰਟਰ ਵਿੱਚ 91.20 ਫ਼ੀਸਦੀ ਆਏ ਹਨ। ਸਾਰੇ ਵਿਸ਼ਿਆਂ ਵਿੱਚ ਚੰਗੇ ਨੰਬਰ ਸਨ ਪਰ ਅੰਗਰੇਜ਼ੀ ਵਿੱਚ 73 ਰਹਿ ਗਏ। ਨੰਬਰ ਤਾਂ ਚੰਗੇ ਹਨ ਪਰ ਰਿਜ਼ਲਟ ਥੋੜ੍ਹਾ ਡਾਊਨ ਰਿਹਾ। ਕਰੀਬ ਪੰਜ ਫ਼ੀਸਦੀ ਅੰਕਾਂ ਦਾ ਫ਼ਰਕ ਰਿਹਾ।"
ਨੰਬਰ ਚੰਗੇ ਹਨ ਪਰ ਜ਼ਾਹਿਰ ਹੈ ਕਿ ਪ੍ਰਾਚੀ ਦੀਆਂ ਉਮੀਦਾਂ ਤੋਂ ਘੱਟ ਹਨ। ਪ੍ਰਾਚੀ ਨੂੰ ਇਸ ਗੱਲ ਦਾ ਮਲਾਲ ਵੀ ਹੈ ਕਿ ਉਹ ਯੂ.ਪੀ. ਬੋਰਡ ਵਿੱਚ ਪਹਿਲੇ ਦਸ ਵਿਦਿਆਰਥੀਆਂ ਵਿੱਚ ਆਪਣੀ ਥਾਂ ਨਹੀਂ ਬਣਾ ਸਕੀ।
ਦੋ ਸਾਲ ਪਹਿਲਾਂ ਪ੍ਰਾਚੀ ਨੇ ਦਸਵੀਂ ਦੀ ਪ੍ਰੀਖਿਆ ਵਿੱਚ ਤਕਰਬੀਨ 55 ਲੱਖ ਵਿਦਿਆਰਥੀਆਂ ਵਿੱਚ ਯੂ.ਪੀ. ਬੋਰਡ ਵਿੱਚ ਟੌਪ ਕੀਤਾ ਸੀ ਜਿਸ ਨੂੰ ਦੇਸ਼ ਦੇ ਸਭ ਤੋਂ ਔਖੇ ਬੋਰਡਾਂ ਵਿੱਚੋ ਮੰਨਿਆ ਜਾਂਦਾ ਹੈ। ਪਰ ਉਸ ਦੀ ਚਰਚਾ ਟੌਪ ਕਰਨ ਤੋਂ ਕਿਤੇ ਜ਼ਿਆਦਾ ਉਸ ਦੇ ਚਿਹਰੇ ਦੇ ਵਾਲਾਂ ਕਰਕੇ ਹੋ ਰਹੀ ਸੀ। ਉਸ ਨੂੰ ਕਾਫ਼ੀ ਟ੍ਰੋਲ ਕੀਤਾ ਗਿਆ ਸੀ।
ਉਸ ਨੇ ਉਸ ਵੇਲੇ ਬੀਬੀਸੀ ਨਿਊਜ਼ ਹਿੰਦੀ ਨਾਲ ਗੱਲ ਕਰਦਿਆਂ ਕਿਹਾ ਸੀ, "ਇਸ ਟ੍ਰੋਲਿੰਗ ਅਤੇ ਭੀੜ ਨੂੰ ਦੇਖ ਕੇ ਸੋਚਦੀ ਹਾਂ ਕਿ ਮੇਰੇ ਇੱਕ-ਦੋ ਨੰਬਰ ਘੱਟ ਆਉਂਦੇ ਤਾਂ ਚੰਗਾ ਰਹਿੰਦਾ। ਮੈਂ ਟੌਪ ਨਾ ਕਰਦੀ ਤਾਂ ਲੋਕਾਂ ਦਾ ਧਿਆਨ ਮੇਰੀ ਸ਼ਕਲ ਵੱਲ ਨਾ ਜਾਂਦਾ। ਮੈਨੂੰ ਆਪਣੇ ਚਿਹਰੇ ਦੇ ਵਾਲਾਂ ਦਾ ਅਹਿਸਾਸ ਪਹਿਲੀ ਵਾਰ ਹਾਈ ਸਕੂਲ ਬੋਰਡ ਵਿੱਚ ਟੌਪ ਕਰਨ 'ਤੇ ਹੀ ਟ੍ਰੋਲ ਕਰਨ ਵਾਲਿਆਂ ਨੇ ਕਰਵਾਇਆ। "
ਇਲਾਜ ਦੀਆਂ ਚੁਣੌਤੀਆਂ
ਪ੍ਰਾਚੀ ਦੇ ਚਿਹਰੇ 'ਤੇ ਵਾਲਾਂ ਦੀ ਗ੍ਰੋਥ ਨੌਵੀਂ ਕਲਾਸ ਤੋਂ ਜ਼ਿਆਦਾ ਹੋ ਗਈ ਸੀ। ਜਿਸ ਨੂੰ ਡਾਕਟਰ ਨੇ ਹਾਰਮੋਨਲ ਅਸੰਤੁਲਨ ਦੱਸਿਆ ਸੀ। ਟ੍ਰੋਲਿੰਗ ਦੇ ਦੋ ਮਹੀਨਿਆਂ ਬਾਅਦ ਪ੍ਰਾਚੀ ਨੇ ਚਿਹਰੇ ਦਾ ਇਲਾਜ ਵੀ ਕਰਵਾਇਆ। ਹੁਣ ਉਸ ਦੇ ਚਿਹਰੇ 'ਤੇ ਪਹਿਲਾਂ ਜਿਹੇ ਵਾਲ ਨਹੀਂ ਹਨ। ਇਹ ਸਿਰਫ਼ ਇਲਾਜ ਨਹੀਂ ਬਲਕਿ ਇੱਕ ਮਾਨਸਿਕ ਸਫਰ ਵੀ ਸੀ- ਖੁਦ ਨੂੰ ਸਵੀਕਾਰ ਕਰਨ ਅਤੇ ਬਦਲਣ ਦੇ ਵਿਚਕਾਰ ਦਾ।
ਪ੍ਰਾਚੀ ਇਸ ਅਨੁਭਵ ਬਾਰੇ ਦੱਸਦੀ ਹੈ, "ਪਹਿਲਾਂ ਨਹੀਂ ਸੋਚਿਆ ਸੀ ਕਿ ਇੰਨੀ ਜਲਦੀ ਇਲਾਜ ਕਰਵਾਵਾਂਗੇ। ਅਪ੍ਰੈਲ ਵਿੱਚ ਰਿਜ਼ਲਟ ਆਇਆ ਅਤੇ ਜੂਨ ਵਿੱਚ ਇਲਾਜ ਸ਼ੁਰੂ ਕਰ ਦਿੱਤਾ।"
ਉਸ ਨੇ ਕਿਹਾ, "'ਟ੍ਰੋਲਿੰਗ ਦੌਰਾਨ ਲਖਨਊ ਦੇ ਇੱਕ ਡਾਕਟਰ ਨੇ ਛੇ-ਸੱਤ ਰਾਊਂਡ ਮੁਫਤ ਇਲਾਜ ਕੀਤਾ। ਉਦੋਂ ਹਰ ਮਹੀਨੇ ਜਾਂਦੀ ਸੀ। ਹੁਣ ਇੱਕ ਵਾਰ ਜਾਣ ਦੇ ਕਰੀਬ ਦਸ ਹਜ਼ਾਰ ਰੁਪਏ ਖਰਚ ਹੁੰਦੇ ਹਨ ਇਸ ਲਈ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਜਾਂਦੀ ਹਾਂ। ਹੁਣ ਤੱਕ ਕਰੀਬ ਡੇਢ ਲੱਖ ਰੁਪਏ ਖਰਚ ਹੋ ਗਏ ਹਨ। ਹਾਲੇ ਦਸ ਦਿਨ ਪਹਿਲਾਂ ਹੇਅਰ ਰਿਮੂਵ ਕਰਵਾ ਕੇ ਆਈ ਹਾਂ।"
ਪ੍ਰਾਚੀ ਲਈ ਇਹ ਸਿਰਫ਼ ਇਲਾਜ ਨਹੀਂ ਸੀ ਬਲਕਿ ਖੁਦ ਨੂੰ ਉਸ ਦੌਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਵੀ ਸੀ। ਕੀ ਤੁਹਾਡੇ ਮੇਕਓਵਰ ਨਾਲ ਲੋਕਾਂ ਦੇ ਵਤੀਰੇ ਵਿੱਚ ਕੋਈ ਫਰਕ ਪਿਆ ? ਇਸ 'ਤੇ ਪ੍ਰਾਚੀ ਨੇ ਮੁਸਕਰਾਉਂਦੇ ਹੋਏ ਕਿਹਾ, "ਕਿਸੇ ਨੂੰ ਪਹਿਲਾਂ ਵੀ ਕੋਈ ਫਰਕ ਨਹੀਂ ਪੈਂਦਾ ਸੀ ਅਤੇ ਹੁਣ ਵੀ ਨਹੀਂ।"
ਪ੍ਰਾਚੀਨ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਵਿੱਚ ਮਹਿਮੂਦਬਾਦ ਬਲੌਕ ਦੇ ਭੱਠਾ ਮੁਹੱਲੇ ਵਿੱਚ ਰਹਿੰਦੀ ਹੈ। ਇਸ ਸਾਲ ਬਾਰ੍ਹਵੀਂ ਵਿੱਚ ਪ੍ਰਾਚੀ ਨੇ 500 ਅੰਕਾਂ ਵਿੱਚੋਂ 456 ਅੰਕ ਹਾਸਿਲ ਕੀਤੇ ਹਨ। ਉਨ੍ਹਾਂ ਨੇ ਗਣਿਤ ਵਿੱਚ 99, ਕੈਮਿਸਟਰੀ ਵਿੱਚ 95, ਹਿੰਦੀ ਵਿੱਚ 96, ਫਿਜ਼ਿਕਸ ਵਿੱਚ 93 ਅਤੇ ਅੰਗਰੇਜ਼ੀ ਵਿੱਚ 73 ਅੰਕ ਹਾਸਿਲ ਕੀਤੇ।
ਪ੍ਰਾਚੀ ਇੰਸਟਾਗ੍ਰਾਮ 'ਤੇ ਆਪਣੀ ਪੁਰਾਣੀ ਫੋਟੋ ਦੀਆਂ ਪੋਸਟਾਂ ਦਿਖਾਉਂਦਿਆਂ ਬੋਲੀ, "ਮੇਰੀ ਫ਼ੀਡ ਵਿੱਚ ਮੇਰੀ ਪੁਰਾਣੀ ਫੋਟੋ ਦਿਖਾਈ ਦੇ ਰਹੀ ਹੈ। ਮੇਰੀ ਫੋਟੋ ਅਤੇ ਕੱਪੜਿਆਂ ਨੂੰ ਐਡਿਟ ਕਰਕੇ ਜਿਸ ਨੂੰ ਜੋ ਸਮਝ ਆ ਰਿਹਾ ਹੈ ਲਿਖ-ਬੋਲ ਕੇ ਬਸ ਸ਼ੇਅਰ ਕਰ ਰਿਹਾ ਹੈ।"
ਲੋਕਾਂ ਦੀਆਂ ਗੱਲਾਂ ਦਾ ਕਿੰਨਾ ਅਸਰ ?
“ਇਸ ਵਾਰ ਲੋਕ ਟ੍ਰੋਲ ਤਾਂ ਨਹੀਂ ਕਰ ਰਹੇ ਬਸ ਮੇਰੇ ਨੰਬਰਾਂ ਦੀ ਚਰਚਾ ਕਰ ਰਹੇ ਹਨ। ਪਰ ਉਸ ਵਿੱਚ ਜੋ ਕੁਮੈਂਟ ਆ ਰਹੇ ਹਨ ਉਹ ਬਹੁਤ ਭੱਦੇ ਹਨ। ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਲੋਕ ਕੀ-ਕੀ ਲਿਖ ਰਹੇ ਹਨ।”
ਤੁਸੀਂ ਇਲਾਜ ਕਰਵਾਇਆ ਹੈ, ਪਰ ਲੋਕ ਤੁਹਾਡੀ ਪੁਰਾਣੀ ਫੋਟੋ ਹੀ ਸ਼ੇਅਰ ਕ ਰਹੇ ਹਨ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?
ਇਸ ਸਵਾਲ ਦੇ ਜਵਾਬ ਵਿੱਚ ਪ੍ਰਾਚੀ ਨੇ ਕਿਹਾ, " ਲੋਕਾਂ ਕੋਲ ਮੇਰੀ ਨਵੀਂ ਫੋਟੋ ਨਹੀਂ ਹੈ ਕਿਉਂਕਿ ਮੈਂ ਸੋਸ਼ਲ ਮੀਡੀਆ 'ਤੇ ਐਕਟਿਵ ਨਹੀਂ ਹਾਂ। ਲੋਕ ਵਿਊਜ਼ ਲਈ ਪੁਰਾਣੀ ਫੋਟੋ ਵਰਤ ਰਹੇ ਹਨ ਕਿਉਂਕਿ ਨਵੀਂ ਫੋਟੋ ਤੋਂ ਵਿਊ ਨਹੀਂ ਮਿਲਣਗੇ।"
ਪ੍ਰਾਚੀ ਮੀਡੀਆ ਅਤੇ ਸੋਸ਼ਲ ਮੀਡੀਆ ਇੰਨਫਲਿਉਐਂਸਰਜ਼ ਤੋਂ ਨਰਾਜ਼ਗੀ ਜ਼ਾਹਿਰ ਕਰਦਿਆਂ ਕਹਿੰਦੀ ਹੈ, "ਇਸ ਵਾਰ ਮੈਂ ਟੌਪ ਨਹੀਂ ਕੀਤਾ ਫਿਰ ਵੀ ਮੇਰੀ ਫੋਟੋ ਖੂਬ ਸ਼ੇਅਰ ਹੋ ਰਹੀ ਹੈ। ਲੋਕ ਵਿਊਜ਼ ਲਈ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਨ। ਬਹੁਤ ਸਾਰੇ ਮੀਡੀਆ ਵਾਲਿਆਂ ਨੂੰ ਸਵਾਲ ਪੁੱਛਣ ਦੀ ਤਮੀਜ਼ ਨਹੀਂ ਹੁੰਦੀ।”
“ਵਾਰ-ਵਾਰ ਇੱਕ ਹੀ ਸਵਾਲ ਟ੍ਰੋਲਿੰਗ ਨਾਲ ਜੁੜਿਆ ਹੋਇਆ। ਮੈਂ ਤਾਂ ਇਹ ਸਭ ਕਦੋਂ ਦੀ ਭੁੱਲ ਚੁੱਕੀ ਹਾਂ ਪਰ ਸੋਸ਼ਲ ਮੀਡੀਆ ਮੈਨੂੰ ਵਾਰ-ਵਾਰ ਯਾਦ ਦਿਵਾਉਂਦਾ ਹੈ ਕਿ ਕਦੇ ਮੇਰੇ ਚਿਹਰੇ 'ਤੇ ਵਾਲ ਵਧੇ ਸੀ। ਇਹ ਚੰਗੀ ਗੱਲ ਨਹੀਂ ਹੈ। ਸਭ ਦਾ ਨਿੱਜੀ ਜੀਵਨ ਹੈ, ਨਿੱਜੀ ਜ਼ਿੰਦਗੀ ਹੈ।"
ਉਨ੍ਹਾਂ ਦੀ ਨਰਾਜ਼ਗੀ ਬੀਤੇ ਅਨੁਭਵਾਂ ਤੋਂ ਹੈ ਜੋ ਸਿੱਧੇ ਸਵਾਲ ਖੜ੍ਹੇ ਕਰਦੀ ਹੈ ਅਤੇ ਸ਼ੀਸ਼ਾ ਵੀ ਦਿਖਾਉਂਦੀ ਹੈ। ਹਾਲਾਂਕਿ ਉਹ ਇਹ ਵੀ ਕਹਿੰਦੀ ਹੈ ਕਿ ਉਨ੍ਹਾਂ ਨੇ ਖ਼ੁਦ ਨੂੰ ਇਸ ਤੋਂ ਬਾਹਰ ਕੱਢਣਾ ਸਿੱਖ ਲਿਆ ਹੈ।
ਟ੍ਰੋਲਿੰਗ ਦਾ ਇਨ੍ਹਾਂ ਦੋ ਸਾਲਾਂ ਵਿੱਚ ਤੁਹਾਡੇ 'ਤੇ ਕੀ ਅਸਰ ਪਿਆ? ਇਸ 'ਤੇ ਪ੍ਰਾਚੀ ਨੇ ਮੁਸਕਰਾਉਂਦਿਆਂ ਕਿਹਾ, "ਮੈਨੂੰ ਕੋਈ ਫਰਕ ਨਹੀਂ ਪਿਆ। ਟ੍ਰੋਲਿੰਗ ਤੋਂ ਬਾਅਦ ਬਹੁਤ ਫੇਮ ਮਿਲਿਆ। ਘੁੰਮਣ ਨੂੰ ਬਹੁਤ ਮਿਲਿਆ, ਸਨਮਾਨ ਵੀ ਮਿਲਿਆ। ਹੁਣ ਵੀ ਬਾਹਰ ਕਿਤੇ ਜਾਂਦੀ ਹਾਂ ਤਾਂ ਲੋਕ ਦੂਰੋਂ ਹੀ ਪਛਾਣ ਲੈਂਦੇ ਹਨ।"
ਦਿਲਚਸਪ ਇਹ ਹੈ ਕਿ ਜਿਸ ਟ੍ਰੋਲਿੰਗ ਨੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ, ਉਸੇ ਨੇ ਨਵੇਂ ਅਨੁਭਵ ਵੀ ਦਿੱਤੇ। ਫੇਮ ਅਤੇ ਅਸਹਿਜਤਾ ਦੋਹੇਂ ਇਸ ਕਹਾਣੀ ਦੇ ਹਿੱਸੇ ਹਨ।
ਪ੍ਰਾਚੀ ਦੋ ਭੈਣਾਂ ਅਤੇ ਇੱਕ ਭਰਾ ਵਿੱਚੋਂ ਸਭ ਤੋਂ ਵੱਡੀ ਹੈ। ਉਸ ਦੇ ਪਿਤਾ ਨਗਰ ਨਿਗਮ ਵਿੱਚ ਕੰਮ ਕਰਦੇ ਹਨ ਅਤੇ ਮਾਂ ਘਰ ਸੰਭਾਲਦੀ ਹੈ। ਪ੍ਰਾਚੀਨ ਕਹਿੰਦੀ ਹੈ, "ਕਿਸੇ ਨੂੰ ਵੀ ਟ੍ਰੋਲ ਨਹੀਂ ਕਰਨਾ ਚਾਹੀਦਾ। ਮੈਂ ਸੋਚਦੀ ਹੀ ਨਹੀਂ ਪਰ ਬਹੁਤ ਬੱਚੇ ਦਿਮਾਗ਼ 'ਤੇ ਲੈ ਲੈਂਦੇ ਹਨ।"
ਪ੍ਰਾਚੀ ਭਾਵੇਂ ਹੀ ਇਹ ਗੱਲ ਵਾਰ-ਵਾਰ ਕਹਿ ਰਹੀ ਹੋਵੇ ਕਿ ਉਸ ਉੱਤੇ ਟ੍ਰੋਲਿੰਗ ਦਾ ਕੋਈ ਅਸਰ ਨਹੀਂ ਪਿਆ ਪਰ ਇਹ ਵੀ ਸੱਚ ਹੈ ਕਿ ਹੁਣ ਉਹ ਕਿਸੇ ਵੀ ਮੀਡੀਆ ਹਾਊਸ ਨਾਲ ਗੱਲ ਕਰਨ ਵਿੱਚ ਬਿਲਕੁਲ ਦਿਲਚਸਪੀ ਨਹੀਂ ਰੱਖਦੀ। ਸੋਸ਼ਲ ਮੀਡੀਆ ਅਤੇ ਮੀਡੀਆ ਦੇ ਵਤੀਰੇ ਨੂੰ ਲੈ ਕੇ ਉਸ ਦੇ ਮਨ ਵਿੱਚ ਸਪਸ਼ਟ ਨਰਾਜ਼ਗੀ ਹੈ।
ਮੀਡੀਆ ਦੇ ਰਵੱਈਏ 'ਤੇ ਪ੍ਰਾਚੀ ਦਾ ਸਵਾਲ
ਉਹ ਕਹਿੰਦੀ ਹੈ, " ਮੈਨੂੰ ਸੋਸ਼ਲ ਮੀਡੀਆ 'ਤੇ ਆਉਣ ਦੀ ਬਿਲਕੁਲ ਇੱਛਾ ਨਹੀਂ ਹੈ। ਲੋਕ ਸਿਰਫ਼ ਵਿਊਜ਼ ਲਈ ਸੋਸ਼ਲ ਮੀਡੀਆ ਚਲਾ ਰਹੇ ਹਨ। ਮੀਡੀਆ ਨੂੰ ਚੰਗੇ ਮੁੱਦਿਆਂ ਬਾਰੇ ਗੱਲ ਕਰਨੀ ਚਾਹੀਦੀ ਹੈ। ਜਿਵੇਂ ਕਿ ਸਿੱਖਿਆ, ਸਿਹਤ, ਪਰ ਇਨ੍ਹਾਂ ਮੁੱਦਿਆਂ ਤੋਂ ਵਿਊਜ਼ ਕਿੱਥੋਂ ਮਿਲਣਗੇ, ਇਸ ਲਈ ਅਜਿਹੀ ਚੀਜ਼ ਚੁਕਦੇ ਹਨ ਜਿੱਥੋਂ ਵਿਊਜ਼ ਮਿਲਣ।"
ਪ੍ਰਾਚੀ ਦੀ ਮਾਂ ਮਮਤਾ ਨਿਗਮ ਨੇ ਬੀਬੀਸੀ ਨਿਊਜ਼ ਹਿੰਦੀ ਨਾਲ ਗੱਲ ਕਰਦਿਆਂ ਕਿਹਾ, "ਚੰਗੀ ਗੱਲ ਹੈ ਕਿ ਮੇਰੀ ਧੀ ਜ਼ਿਆਦਾ ਨਹੀਂ ਸੋਚਦੀ ਪਰ ਫਿਰ ਵੀ ਇੱਕੋ ਗੱਲ ਨੂੰ ਜਦੋਂ ਬਹੁਤ ਲੋਕ ਕਹਿੰਦੇ ਹਨ ਅਸਰ ਤਾਂ ਪੈਂਦਾ ਹੀ ਹੈ। ਜੇ ਮੀਡੀਆ ਇੰਨਾ ਟ੍ਰੋਲ ਨਾ ਕਰਦਾ ਤਾਂ ਸ਼ਾਇਦ ਅੱਜ ਇਹ ਨੌਬਤ ਨਾ ਆਉਂਦੀ ਕਿ ਅਸੀਂ ਮੀਡੀਆ ਨਾਲ ਗੱਲ ਕਰਨ ਦੀ ਇੱਛਾ ਨਾ ਰੱਖਦੇ। ਹਾਈ ਸਕੂਲ ਵਿੱਚ ਤਾਂ ਉਸ ਦੇ ਯੂ.ਪੀ. ਟੌਪ ਹੋਣ 'ਤੇ ਅਸੀਂ ਬਹੁਤ ਖੁਸ਼ ਸੀ ਇਸ ਲਈ ਅਸੀਂ ਮੀਡੀਆ ਨਾਲ ਗੱਲ ਕੀਤੀ ਪਰ ਬਾਅਦ ਵਿੱਚ ਲੋਕ ਸਿਰਫ਼ ਉਸ ਦੇ ਚਿਹਰੇ ਦੇ ਵਾਲਾਂ ਬਾਰੇ ਗੱਲ ਕਰਦੇ ਹਨ।"
ਪਰ ਇਸ ਸਭ ਦੇ ਵਿਚਕਾਰ ਪ੍ਰਾਚੀ ਦਾ ਮਿਲਣਸਾਰ ਸੁਭਾਅ ਨਹੀਂ ਬਦਲਿਆ। ਉਹ ਕਹਿੰਦੀ ਹੈ, "ਜਿਸ ਨਾਲ ਵੀ ਗੱਲ ਕਰਦੀ ਹਾਂ ਦੋਸਤਾਨਾ ਰਵੱਈਏ ਨਾ ਕਰਦੀ ਹਾਂ। ਮੈਨੂੰ ਕਿਸੇ ਨੂੰ ਠੇਸ ਪਹੁੰਚਾਉਣਾ, ਕਿਸੇ ਦਾ ਦਿਲ ਦੁਖਾਉਣਾ ਪਸੰਦ ਨਹੀਂ ਹੈ"
ਪ੍ਰਾਚੀ ਆਪਣੇ ਭਵਿੱਖ ਦੀ ਯੋਜਨਾ ਸਾਂਝਾ ਕਰਨ ਤੋਂ ਬਚਦਿਆਂ ਕਹਿੰਦੀ ਹੈ, "ਪਿਛਲੀ ਵਾਰ ਮੈਂ ਕਹਿ ਦਿੱਤਾ ਸੀ ਕਿ ਆਈਆਈਟੀ ਜੇਈਈ ਦੀ ਪ੍ਰੀਖਿਆ ਪਾਸ ਕਰਕੇ ਇੰਜੀਨੀਅਰ ਬਣਨਾ ਚਾਹੁੰਦੀ ਹਾਂ। ਇਸ ਵਾਰ ਜਦੋਂ ਟੌਪ ਨਹੀਂ ਕਰ ਸਕੀ ਤਾਂ ਬਹੁਤ ਲੋਕਾਂ ਨੇ ਲਿਖਿਆ ਕਿ ਇੰਜੀਨੀਅਰ ਬਣਨ ਦੀ ਤਿਆਰੀ ਕਰ ਰਹੀ ਸੀ ਇਸੇ ਲਈ ਟੌਪ ਨਹੀਂ ਕਰ ਸਕਦੀ ਜਦਕਿ ਇਹ ਸੱਚ ਨਹੀਂ ਹੈ।"
ਉਸ ਨੇ ਕਿਹਾ, "ਸੁਫਨੇ ਤਾਂ ਬਦਲ ਸਕਦੇ ਹਨ। ਮੈਂ ਨਹੀਂ ਚਾਹੁੰਦੀ ਕਿ ਹੁਣ ਮੈਂ ਕਿਸੇ ਨੂੰ ਦੱਸਾਂ ਕਿ ਮੇਰਾ ਕੀ ਸੁਫਨਾ ਹੈ? ਬਸ ਇੱਕ ਚੰਗੀ ਨੌਕਰੀ ਮਿਲੇ ਜੋ ਮੈਂ ਸੋਚ ਰਹੀ ਹਾਂ। ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਾਂ।"
ਕੀ ਤੁਹਾਨੂੰ ਲਗਦਾ ਹੈ ਕਿ ਨੰਬਰ ਭਵਿੱਖ ਵਿੱਚ ਜ਼ਰੂਰੀ ਹਨ? ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੀ ਹੈ, "ਜੇ ਤੁਸੀਂ ਸਿੱਖਿਆ ਦੇ ਖੇਤਰ ਵਿੱਚ ਜਾ ਰਹੇ ਹੋ ਤਾਂ ਨੰਬਰ ਜ਼ਰੂਰੀ ਹਨ। ਲੋਕ ਨੰਬਰ ਹੀ ਦੇਖਦੇ ਹਨ।"
ਹਾਲਾਂਕਿ ਉਨ੍ਹਾਂ ਦੇ ਬਾਰ੍ਹਵੀਂ ਦੇ ਅੰਕਾਂ ਤੋਂ ਪਰਿਵਾਰ ਸੰਤੁਸ਼ਟ ਹੈ।
ਉਨ੍ਹਾਂ ਦੀ ਨਾਂ ਮਮਤਾ ਨਿਗਮ ਕਹਿੰਦੀ ਹੈ, "ਮੈਂ ਤਾਂ ਇਸ ਵਾਰ ਵੀ ਉਹਦੇ ਨੰਬਰਾਂ ਤੋਂ ਬਹੁਤ ਖੁਸ਼ ਹਾਂ। ਸਾਨੂੰ ਕੋਈ ਫਰਕ ਨਹੀਂ ਪਿਆ ਕਿ ਉਸ ਨੇ ਟੌਪ ਕਿਉਂ ਨਹੀਂ ਕੀਤਾ। ਹਰ ਵਾਰ ਉਹੀ ਟੌਪ ਕਰੇ ਇਹ ਜ਼ਰੂਰੀ ਤਾਂ ਨਹੀਂ। ਸਭ ਨੂੰ ਮੌਕਾ ਮਿਲਣਾ ਚਾਹੀਦਾ ਹੈ, ਇਸ ਵਾਰ ਸਾਡੇ ਨੇੜੇ ਦੀਆਂ ਹੀ ਦੋ ਕੁੜੀਆਂ ਨੇ ਹਾਈ ਸਕੂਲ ਟੌਪ ਕੀਤਾ ਹੈ ਪਰ ਉਨ੍ਹਾਂ ਦੇ ਘਰ ਮੀਡੀਆ ਦੀ ਓਨੀ ਭੀੜ ਨਹੀਂ , ਜਿੰਨੀ ਦੋ ਸਾਲ ਪਹਿਲਾਂ ਸਾਡੇ ਸੀ। ਭੀੜ ਹੋਣ ਦਾ ਕਾਰਨ ਪ੍ਰਾਚੀ ਦੇ ਚਿਹਰੇ 'ਤੇ ਵਾਲ ਹੋਣਾ ਸੀ।"
ਪ੍ਰਾਚੀ ਦੇ ਪਿਤਾ ਚੰਦਰ ਪ੍ਰਕਾਸ਼ ਨਿਗਮ ਕਹਿੰਦੇ ਹਨ, "ਮੈਨੂੰ ਦੋ ਸਾਲ ਪਹਿਲਾਂ ਵੀ ਟ੍ਰੋਲਰਜ਼ ਤੋਂ ਕੋਈ ਫਰਕ ਨਹੀਂ ਪੈਂਦਾ ਅਤੇ ਨਾ ਹੀ ਮੇਰੀ ਬੇਟੀ ਨੂੰ। ਜੇ ਸਾਨੂੰ ਫਰਕ ਪੈਂਦਾ ਤਾਂ ਬੇਟੀ ਦੇ ਅੱਜ ਜਿੰਨੇ ਨੰਬਰ ਆਏ ਹਨ, ਉਹ ਨਾ ਆਏ ਹੁੰਦੇ। ਬਸ ਇਹੀ ਹੈ ਕਿ ਇਸ ਵਾਰ ਘਰ ਵਿੱਚ ਭੀੜ ਨਹੀਂ ਹੈ। ਉਹ ਪੜ੍ਹਾਈ 'ਤੇ ਧਿਆਨ ਦੇਣਾ ਚਾਹੁੰਦੀ ਹੈ ਇਸ ਲਈ ਅਸੀਂ ਸਾਰੇ ਮੀਡੀਆ ਤੋਂ ਹੁਣ ਦੂਰ ਰਹਿਣਾ ਚਾਹੁੰਦੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ