ਲਾਹੌਰ ’ਚ ਬਣੇ 17ਵੀਂ ਸਦੀ ਦੇ 'ਸੁਪਰਕੰਪਿਊਟਰ' ਦੀ ਕਹਾਣੀ ਜੋ ਰਿਕਾਰਡ ਕੀਮਤ 'ਤੇ ਨੀਲਾਮ ਹੋਇਆ

    • ਲੇਖਕ, ਨਿਖਿਲ ਈਨਾਮਦਾਰ
  • ਪੜ੍ਹਨ ਦਾ ਸਮਾਂ: 6 ਮਿੰਟ

17ਵੀਂ ਸਦੀ ਦਾ ਪਿੱਤਲ ਦਾ ਬਣਿਆ ਇੱਕ ਸ਼ਾਨਦਾਰ ਐਸਟ੍ਰੋਲੇਬ ਜਾਂ ਕਹਿ ਲਓ ਹੱਥ 'ਚ ਫੜ੍ਹਿਆ ਜਾ ਸਕਣ ਵਾਲਾ ਖਗੋਲੀ ਕੰਪਿਊਟਰ ਜੋ ਕਦੇ ਭਾਰਤ ਦੇ ਜੈਪੁਰ ਰਾਜਘਰਾਣੇ ਦੇ ਸੰਗ੍ਰਹਿ ਦਾ ਹਿੱਸਾ ਸੀ, ਉਸ ਨੂੰ ਲੰਡਨ 'ਚ 2 ਮਿਲੀਅਨ ਯੂਰੋ (2.75 ਮਿਲੀਅਨ ਡਾਲਰ) ਤੋਂ ਵੱਧ 'ਚ ਨੀਲਾਮ ਕੀਤਾ ਗਿਆ।

ਨੀਲਾਮੀ ਕਰਵਾਉਣ ਵਾਲੀ ਸੰਸਥਾ ਸੋਥਬਾਏ ਦੇ ਇੱਕ ਨੁਮਾਇੰਦੇ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਦੇ ਨਾਲ ਹੀ ਇਸਲਾਮੀ ਦੁਨੀਆ ਦੇ ਖਗੋਲੀ ਯੰਤਰਾਂ ਦੀ ਨੀਲਾਮੀ 'ਚ ਇੱਕ ਨਵਾਂ ਰਿਕਾਰਡ ਸਥਾਪਿਤ ਹੋ ਚੁੱਕਿਆ ਹੈ। ਇਸ ਹਫਤੇ ਇਸ ਯੰਤਰ ਦੀ ਲੰਡਨ ਦੇ ਨੀਲਾਮੀ ਹਾਊਸ ਦੀ ਗੈਲਰੀ 'ਚ ਪ੍ਰਦਰਸ਼ਨੀ ਲਗਾਈ ਗਈ ਸੀ।

ਸੋਥਬਾਏ ਦੇ ਇਸਲਾਮਿਕ ਅਤੇ ਭਾਰਤੀ ਕਲਾ ਵਿਭਾਗ ਦੇ ਮੁਖੀ ਬੈਨੇਡਿਕਟ ਕਾਰਟਰ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਯੰਤਰ "ਸ਼ਾਇਦ ਆਪਣੇ ਕਿਸਮ ਦਾ ਸਭ ਤੋਂ ਵੱਡਾ ਮੌਜੂਦਾ ਯੰਤਰ" ਹੈ ਅਤੇ ਇਸਨੂੰ ਪਹਿਲਾਂ ਕਦੇ ਵੀ ਜਨਤਕ ਤੌਰ 'ਤੇ ਪ੍ਰਦਰਸ਼ਿਤ ਨਹੀਂ ਕੀਤਾ ਗਿਆ ਸੀ।

ਕਦੇ ਜੈਪੁਰ ਦੇ ਰਾਜਸੀ ਸੰਗ੍ਰਹਿ ਦਾ ਹਿੱਸਾ ਸੀ ਇਹ ਯੰਤਰ

ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਯੰਤਰ ਜੈਪੁਰ ਦੇ ਮਹਾਰਾਜਾ ਸਵਾਈ ਮਾਨ ਸਿੰਘ ਦੂਜੇ ਦੇ ਰਾਜਸੀ ਸੰਗ੍ਰਹਿ ਦਾ ਹਿੱਸਾ ਸੀ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦੀ ਪਤਨੀ ਮਹਾਰਾਣੀ ਗਾਇਤਰੀ ਦੇਵੀ ਨੂੰ ਮਿਲਿਆ ਜੋ ਆਪਣੇ ਸਮੇਂ ਦੀ ਸਭ ਤੋਂ ਖੂਬਸੂਰਤ ਮਹਿਲਾਵਾਂ 'ਚ ਸ਼ੁਮਾਰ ਸਨ। ਬਾਅਦ ਵਿੱਚ ਇਹ ਯੰਤਰ ਉਮਰ ਭਰ ਮਹਾਰਾਣੀ ਦੇ ਨਿੱਜੀ ਸੰਗ੍ਰਹਿ ਦਾ ਹਿੱਸਾ ਰਿਹਾ।

ਐਸਟ੍ਰੋਲੇਬ ਧਾਤੂ ਦੇ ਬਣੇ ਗੋਲ ਆਕਾਰ ਦੇ ਯੰਤਰ ਹੁੰਦੇ ਹਨ ਜਿਨ੍ਹਾਂ ਵਿੱਚ ਕਈ ਪਰਤਾਂ ਹੁੰਦੀਆਂ ਹਨ ਅਤੇ ਇਹ ਆਪਸ ਵਿੱਚ ਜੁੜੀਆਂ ਹੁੰਦੀਆਂ ਹਨ। ਇਨ੍ਹਾਂ ਦੀ ਵਰਤੋਂ ਇਤਿਹਾਸਕ ਤੌਰ 'ਤੇ ਸਮਾਂ ਦੱਸਣ, ਤਾਰਿਆਂ ਦੀ ਸਥਿਤੀ ਦਾ ਪਤਾ ਲਗਾਉਣ, ਮੱਕਾ ਦੀ ਦਿਸ਼ਾ ਪਤਾ ਕਰਨ ਅਤੇ ਖਗੋਲੀ ਗਤੀਵਿਧੀਆਂ ਨੂੰ ਸਮਝਣ ਲਈ ਕੀਤੀ ਜਾਂਦੀ ਸੀ।

ਆਕਸਫੋਰਡ ਸੈਂਟਰ ਫ਼ਾਰ ਹਿਸਟਰੀ ਆਫ਼ ਸਾਇੰਸ, ਮੈਡੀਸਨ ਐਂਡ ਟੈਕਨਾਲੋਜੀ ਦੇ ਡਾ. ਫੈਡੇਰਿਕਾ ਗਿਗਾਂਤੇ ਕਹਿੰਦੇ ਹਨ, "ਇਹ ਅਸਲ ਵਿੱਚ ਤਿੰਨ-ਆਯਾਮੀ ਬ੍ਰਹਿਮੰਡ ਦਾ ਦੋ-ਆਯਾਮੀ ਪ੍ਰਤੀਰੂਪ ਹੁੰਦੇ ਹਨ। ਮੈਂ ਇਨ੍ਹਾਂ ਦੀ ਤੁਲਨਾ ਆਧੁਨਿਕ ਸਮਾਰਟਫੋਨਾਂ ਨਾਲ ਕਰਦੀ ਹਾਂ ਕਿਉਂਕਿ ਇਨ੍ਹਾਂ ਨਾਲ ਬਹੁਤ ਕੁਝ ਕੀਤਾ ਜਾ ਸਕਦਾ ਹੈ।"

ਉਨ੍ਹਾਂ ਨੇ ਕਿਹਾ, "ਤੁਸੀਂ ਇਸ ਨਾਲ ਸੂਰਜ ਚੜ੍ਹਨ ਅਤੇ ਡੁੱਬਣ ਦਾ ਸਮਾਂ, ਕਿਸੇ ਇਮਾਰਤ ਦੀ ਉਚਾਈ, ਖੂਹ ਦੀ ਡੂੰਘਾਈ, ਦੂਰੀਆਂ ਅਤੇ ਇੱਥੋਂ ਤੱਕ ਕਿ ਭਵਿੱਖਵਾਣੀ ਵੀ ਕਰ ਸਕਦੇ ਹੋ। ਪੰਚਾਂਗ ਦੇ ਨਾਲ-ਨਾਲ ਕਦੇ-ਕਦੇ ਇਨ੍ਹਾਂ ਦੀ ਵਰਤੋਂ ਕੁੰਡਲੀਆਂ ਬਣਾਉਣ ਲਈ ਵੀ ਕੀਤੀ ਜਾਂਦੀ ਸੀ।"

ਲਾਹੌਰ ਸਕੂਲ ਨਾਲ ਇਸ ਯੰਤਰ ਦਾ ਸਬੰਧ

ਐਸਟ੍ਰੋਲੇਬ ਪਹਿਲੀ ਵਾਰ ਦੂਜੀ ਸਦੀ ਈਸਾ ਪੂਰਵ ਵਿੱਚ ਪ੍ਰਾਚੀਨ ਯੂਨਾਨ ਵਿੱਚ ਵਿਕਸਿਤ ਕੀਤੇ ਗਏ ਸਨ ਅਤੇ 8ਵੀਂ ਸਦੀ ਤੱਕ ਇਹ ਇਸਲਾਮੀ ਦੁਨੀਆ 'ਚ ਪ੍ਰਚਲਿਤ ਹੋਏ। ਆਉਂਦੀਆਂ ਸਦੀਆਂ 'ਚ ਇਸ ਦੇ ਉਤਪਾਦਨ ਕੇਂਦਰ ਇਰਾਨ, ਈਰਾਨ, ਉੱਤਰੀ ਅਫਰੀਕਾ ਅਤੇ ਅਲ-ਐਂਡਾਲਸ (ਮੌਜੂਦਾ ਸਪੇਨ) ਤੱਕ ਫੈਲੇ।

ਇਹ ਖਾਸ ਯੰਤਰ 17ਵੀਂ ਸਦੀ ਦੀ ਸ਼ੁਰੂਆਤ ਵਿੱਚ ਲਾਹੌਰ (ਹੁਣ ਪਾਕਿਸਤਾਨ) ਵਿੱਚ ਬਣਾਇਆ ਗਿਆ ਸੀ ਜੋ ਉਸ ਵੇਲੇ ਮੁਗਲ ਦੁਨੀਆ ਵਿੱਚ ਐਸਟ੍ਰੋਲੇਬ ਬਣਾਉਣ ਦਾ ਇੱਕ ਪ੍ਰਮੁੱਖ ਕੇਂਦਰ ਬਣ ਚੁੱਕਾ ਸੀ। ਇਹ ਯੰਤਰ ਦੋ ਭਰਾਵਾਂ — ਕਾਇਮ ਮੁਹੰਮਦ ਅਤੇ ਮੁਹੰਮਦ ਮੁਕੀਮ — ਵੱਲੋਂ ਇੱਕ ਅਮੀਰ ਮੁਗਲ ਲਈ ਤਿਆਰ ਕੀਤਾ ਗਿਆ ਸੀ।

ਇਹ ਦੋਵੇਂ "ਲਾਹੌਰ ਸਕੂਲ" ਨਾਲ ਸੰਬੰਧਤ ਸਨ ਜੋ ਉਸ ਸਮੇਂ ਐਸਟ੍ਰੋਲੇਬ ਬਣਾਉਣ ਦੇ ਸਭ ਤੋਂ ਮਸ਼ਹੂਰ ਕੇਂਦਰਾਂ ਵਿੱਚੋਂ ਇੱਕ ਸੀ। ਇਹ ਹੁਨਰ ਇੱਕ ਹੀ ਪਰਿਵਾਰ ਵਿੱਚ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦਾ ਰਿਹਾ।

ਹੁਣ ਤੱਕ ਦੋਵੇਂ ਭਰਾਵਾਂ ਵੱਲੋਂ ਸਾਂਝੇ ਤੌਰ 'ਤੇ ਬਣਾਏ ਗਏ ਸਿਰਫ਼ ਦੋ ਐਸਟ੍ਰੋਲੇਬਾਂ ਬਾਰੇ ਹੀ ਜਾਣਕਾਰੀ ਹੈ। ਦੂਜਾ, ਛੋਟੇ ਆਕਾਰ ਦਾ ਐਸਟ੍ਰੋਲੇਬ ਇਰਾਕ ਦੇ ਇੱਕ ਅਜਾਇਬ ਘਰ 'ਚ ਰੱਖਿਆ ਗਿਆ ਹੈ।

ਇਹ ਐਸਟ੍ਰੋਲੇਬ ਆਕਾ ਅਫ਼ਜ਼ਲ ਵੱਲੋਂ ਬਣਵਾਇਆ ਗਿਆ ਸੀ, ਜੋ ਉਸ ਸਮੇਂ ਲਾਹੌਰ ਦਾ ਪ੍ਰਸ਼ਾਸਨ ਸੰਭਾਲਦਾ ਸੀ। ਈਰਾਨ ਦੇ ਇਸਫਹਾਨ ਨਾਲ ਸਬੰਧ ਰੱਖਣ ਵਾਲਾ ਇਹ ਸ਼ਖਸ਼ ਜਹਾਂਗੀਰ ਅਤ ਸ਼ਾਹਜਹਾਂ ਦੇ ਰਾਜ ਸਮੇਂ ਕਈ ਉੱਚੇ ਅਹੁਦਿਆਂ 'ਚ ਤੈਨਾਤ ਰਹਿ ਚੁੱਕਿਆ ਸੀ। ਇਸ ਯੰਤਰ ਦਾ ਵਿਸ਼ਾਲ ਆਕਾਰ ਅਤੇ ਸ਼ਾਨ-ਓ-ਸ਼ੌਕਤ ਇਸ ਦੇ ਸਰਪ੍ਰਸਤ ਦੀ ਹੈਸੀਅਤ ਨੂੰ ਦਰਸਾਉਂਦੀ ਹੈ।

ਕਾਰਟਰ ਦੱਸਦੇ ਹਨ, "ਇਸ ਦਾ ਭਾਰ 8.3 ਕਿਲੋਗ੍ਰਾਮ, ਵਿਆਸ ਕਰੀਬ 30 ਸੈਂਟੀਮੀਟਰ ਅਤੇ ਉਚਾਈ ਲਗਭਗ 46 ਸੈਂਟੀਮੀਟਰ ਹੈ ਜੋ 17ਵੀਂ ਸਦੀ ਦੇ ਆਮ ਭਾਰਤੀ ਐਸਟ੍ਰੋਲੇਬ ਤੋਂ ਕਰੀਬ ਚਾਰ ਗੁਣਾ ਵੱਧ ਹੈ।"

ਉਨ੍ਹਾਂ ਨੇ ਕਿਹਾ, "ਇਸ ਵਿੱਚ ਇੱਕ ਵਿਲੱਖਣ ਸੰਸਕ੍ਰਿਤਿਕ ਮਿਲਾਪ ਵੀ ਹੈ। ਤਾਰਿਆਂ ਦੇ ਸੰਕੇਤਕਾਂ 'ਤੇ ਉਨ੍ਹਾਂ ਦੇ ਫ਼ਾਰਸੀ ਨਾਂਵਾਂ ਦੇ ਨਾਲ-ਨਾਲ ਦੇਵਨਾਗਰੀ ਲਿਪੀ ਵਿੱਚ ਸੰਸਕ੍ਰਿਤ ਨਾਮ ਵੀ ਉਕੇਰੇ ਹੋਏ ਹਨ।"

ਸੋਥਬਾਏ ਮੁਤਾਬਕ, ਇਸ ਯੰਤਰ 'ਤੇ 94 ਸ਼ਹਿਰਾਂ ਦੇ ਨਾਮ ਉਨ੍ਹਾਂ ਦੇ ਦੇਸ਼ਾਂਤਰ (ਲੌਂਗੀਟਿਊਡ) ਅਤੇ ਅਕਸ਼ਾਂਸ਼ (ਲੈਟੀਟਿਊਡ) ਸਮੇਤ ਦਰਜ ਹਨ। ਇਸ ਵਿੱਚ 38 ਸਟਾਰ ਪੁਆਇੰਟਰ ਹਨ, ਜੋ ਸੁੰਦਰ ਫੁੱਲਦਾਰ ਨੱਕਾਸ਼ੀ ਨਾਲ ਜੁੜੇ ਹੋਏ ਹਨ। ਇਸ ਵਿੱਚ ਪੰਜ ਸਟੀਕ ਕੈਲੀਬ੍ਰੇਟੇਡ ਪਲੇਟਾਂ ਅਤੇ ਡਿਗਰੀ ਵਿਭਾਜਨ ਵੀ ਹਨ ਜੋ ਇੰਨੇ ਬਰੀਕ ਹਨ ਕਿ ਉਨ੍ਹਾਂ ਨੂੰ ਇੱਕ ਡਿਗਰੀ ਦੇ ਇੱਕ ਤਿਹਾਈ ਤੱਕ ਵੰਡਿਆ ਜਾ ਸਕਦਾ ਹੈ।

ਕਾਰਟਰ ਦੱਸਦੇ ਹਨ, ਇਸ ਬਰੀਕ ਨੱਕਾਸ਼ੀ ਤੋਂ ਲਾਹੌਰ ਸਕੂਲ ਦੀ ਅਸਧਾਰਨ ਕਾਰੀਗਰੀ ਦਾ ਪਤਾ ਲੱਗਦਾ ਹੈ ਜੋ ਆਪਣੇ ਸਮੇਂ ਦੀ ਸਭ ਤੋਂ ਨਿਖਰੀ ਹੋਈ ਕਾਰੀਗਰੀ ਮੰਨੀ ਜਾਂਦੀ ਸੀ।

ਇਹ ਤਕਨੀਕੀ ਸਟੀਕਤਾ, ਵਰਤੋਂਯੋਗਤਾ ਅਤੇ ਕਲਾਤਮਕ ਸੁੰਦਰਤਾ ਦਾ ਐਸਾ ਮਿਲਾਪ ਸੀ, ਜਿਸ ਨੇ ਇਸਨੂੰ ਮੱਧ-ਪੂਰਬ ਦੇ ਪਹਿਲਾਂ ਬਣੇ ਐਸਟ੍ਰੋਲੇਬਾਂ ਤੋਂ ਵੱਖਰਾ ਬਣਾਇਆ, ਜੋ ਸ਼ਾਇਦ ਕੇਵਲ ਕਾਰਗੁਜ਼ਾਰੀ ਤੱਕ ਹੀ ਸੀਮਿਤ ਰਹਿੰਦੇ ਸਨ।

ਇਹ ਯੰਤਰ ਮੁਗਲ ਦਰਬਾਰ ਦੀ ਵੱਡੀ ਵਿਗਿਆਨਕ ਸੋਚ ਨੂੰ ਵੀ ਦਰਸਾਉਂਦੀ ਹੈ, ਜਿੱਥੇ ਸ਼ਾਸਕਾਂ ਅਤੇ ਦਰਬਾਰੀਆਂ ਵਿੱਚ ਖਗੋਲ ਵਿਗਿਆਨ ਅਤੇ ਜੋਤਿਸ਼ ਵਿੱਦਿਆ ਵਿੱਚ ਹੋ ਰਹੀ ਤਰੱਕੀ ਪ੍ਰਤੀ ਖਾਸ ਦਿਲਚਸਪੀ ਪਾਈ ਜਾਂਦੀ ਸੀ।

ਇਸ ਯੰਤਰ ਦੀ ਨੀਲਾਮੀ ਨੇ ਤੋੜੇ ਰਿਕਾਰਡ

ਗਿਗਾਂਤੇ ਨੇ ਕਿਹਾ, "ਇਹ ਸਿਰਫ਼ ਵੱਡਾ, ਸੁੰਦਰ ਅਤੇ ਭਾਰੀ ਹੀ ਨਹੀਂ, ਬਲਕਿ ਇੰਨਾ ਸਟੀਕ ਵੀ ਹੈ ਕਿ ਇਹ ਤੁਹਾਨੂੰ ਕਿਸੇ ਆਕਾਸ਼ੀ ਪਿੰਡ ਦੀ ਉਚਾਈ ਦਾ ਬਿਲਕੁੱਲ ਸਹੀ ਡਿਗਰੀ ਤੱਕ ਹਿਸਾਬ ਦੇ ਸਕਦਾ ਹੈ।"

ਉਨ੍ਹਾਂ ਦੇ ਅਨੁਸਾਰ, ਇਸ ਵਰਗਾ ਇੱਕ ਹੋਰ ਯੰਤਰ ਸ਼ਾਇਦ ਫ਼ਾਰਸ ਦੇ ਸ਼ਾਹ ਅੱਬਾਸ ਦੂਜੇ ਲਈ ਬਣਾਇਆ ਗਿਆ ਹੋਵੇ।

ਸੋਥਬਾਏ ਨੇ ਨੀਲਾਮੀ ਤੋਂ ਪਹਿਲਾਂ ਕਿਹਾ ਸੀ ਕਿ ਇਸ ਯੰਤਰ ਦੀ ਬਿਹਤਰੀਨ ਹਾਲਤ ਅਤੇ ਰਾਜਸੀ ਪਿਛੋਕੜ ਕਾਰਨ ਅਜਾਇਬਘਰਾਂ ਅਤੇ ਸੰਗ੍ਰਹਿਕਾਰਾਂ ਵਿੱਚ ਇਸ ਨੂੰ ਖਰੀਦਣ ਲਈ ਖਾਸ ਰੂਚੀ ਦੇਖਣ ਨੂੰ ਮਿਲੇਗੀ।

ਇਸ ਨੇ 2014 ਵਿੱਚ ਨੀਲਾਮ ਹੋਏ ਓਟੋਮਨ ਸਲਤਨਤ ਦੇ ਸੁਲਤਾਨ ਬਾਏਜ਼ਿਦ ਦੂਜੇ ਲਈ ਬਣੇ ਇੱਕ ਛੋਟੇ ਐਸਟ੍ਰੋਲੇਬ ਦਾ ਰਿਕਾਰਡ ਤੋੜ ਦਿੱਤਾ, ਜੋ ਤਕਰੀਬਨ ਇੱਕ ਮਿਲੀਅਨ ਯੂਰੋ ਵਿੱਚ ਵਿਕਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)