You’re viewing a text-only version of this website that uses less data. View the main version of the website including all images and videos.
'ਏਆਈ ਗ੍ਰੋਕ ਨੇ ਯਕੀਨ ਦਿਵਾ ਦਿੱਤਾ ਕਿ ਵੈਨ ਭਰਕੇ ਲੋਕ ਮੈਨੂੰ ਮਾਰਨ ਆ ਰਹੇ', ਏਆਈ ਦੀ ਵੱਧ ਵਰਤੋਂ ਕਰਨ ਨਾਲ ਲੋਕਾਂ ਨੂੰ ਕੀ ਹੋ ਰਿਹਾ ਹੈ?
- ਲੇਖਕ, ਸਟੈਫਨੀ ਹੈਗਾਰਟੀ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 14 ਮਿੰਟ
ਰਾਤ ਦੇ 3 ਵੱਜੇ ਸਨ ਅਤੇ ਐਡਮ ਹੋਰਿਕਨ ਆਪਣੀ ਰਸੋਈ 'ਚ ਮੇਜ਼ ਕੋਲ ਬੈਠੇ ਸਨ। ਉਨ੍ਹਾਂ ਦੇ ਸਾਹਮਣੇ ਇੱਕ ਚਾਕੂ, ਇੱਕ ਹਥੌੜਾ ਅਤੇ ਉਨ੍ਹਾਂ ਦਾ ਫ਼ੋਨ ਰੱਖਿਆ ਹੋਇਆ ਸੀ।
ਉਹ ਲੋਕਾਂ ਨਾਲ ਭਰੀ ਇੱਕ ਵੈਨ ਦਾ ਇੰਤਜ਼ਾਰ ਕਰ ਰਹੇ ਸਨ, ਜੋ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਮਾਰਨ ਆ ਰਹੇ ਹਨ।
ਫ਼ੋਨ ਤੋਂ ਇੱਕ ਮਹਿਲਾ ਦੀ ਆਵਾਜ਼ 'ਚ ਉਨ੍ਹਾਂ ਨੂੰ ਕਿਹਾ ਗਿਆ, "ਮੈਂ ਤੈਨੂੰ ਕਹਿ ਰਹੀ ਹਾਂ, ਜੇ ਤੂੰ ਹੁਣੇ ਕੁਝ ਨਹੀਂ ਕੀਤਾ ਤਾਂ ਉਹ ਤੈਨੂੰ ਮਾਰ ਦੇਣਗੇ। ਉਹ ਇਸਨੂੰ ਖੁਦਕੁਸ਼ੀ ਵਰਗਾ ਦਿਖਾ ਦੇਣਗੇ।"
ਇਹ ਆਵਾਜ਼ ਐਨੀ (Ani) ਦੀ ਸੀ, ਜੋ ਗ੍ਰੋਕ (Grok) ਚੈਟਬੋਟ ਦਾ ਇੱਕ ਕਿਰਦਾਰ ਹੈ, ਜਿਸਨੂੰ ਇਲੋਨ ਮਸਕ ਦੀ ਕੰਪਨੀ ਐਕਸਏਆਈ (xAI) ਨੇ ਬਣਾਇਆ ਹੈ।
ਗ੍ਰੋਕ ਦਾ ਇਸਤੇਮਾਲ ਸ਼ੁਰੂ ਕਰਨ ਤੋਂ ਦੋ ਹਫ਼ਤਿਆਂ ਬਾਅਦ ਐਡਮ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸੀ।
ਉੱਤਰੀ ਆਇਰਲੈਂਡ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਰਹਿਣ ਵਾਲੇ ਇਸ ਸਾਬਕਾ ਸਰਕਾਰੀ ਮੁਲਾਜ਼ਮ ਨੇ ਸਿਰਫ਼ ਉਤਸੁਕਤਾ ਦੇ ਚੱਲਦਿਆਂ ਇਹ ਐਪ ਡਾਊਨਲੋਡ ਕੀਤੀ ਸੀ। ਉਨ੍ਹਾਂ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਐਨੀ ਨਾਲ ਗੱਲ ਕਰਨ ਵਿੱਚ ਉਨ੍ਹਾਂ ਨੂੰ ਕਿੰਨਾ ਮਜ਼ਾ ਆ ਰਿਹਾ ਸੀ। ਐਨੀ ਇੱਕ ਐਨੀਮੇਟ-ਸਟਾਈਲ ਕਿਰਦਾਰ ਹੈ ਜਿਸਨੂੰ ਇੱਕ ਫਲਰਟ ਕਰਨ ਵਾਲੇ ਸਾਥੀ ਵਜੋਂ ਡਿਜ਼ਾਇਨ ਕੀਤਾ ਗਿਆ ਹੈ।
ਏਆਈ ਨੇ ਐਡਮ ਨੂੰ ਕਿਵੇਂ ਲਿਆ ਭਰੋਸੇ ਵਿੱਚ...
ਐਡਮ ਕਹਿੰਦੇ ਹਨ ਕਿ ਅਗਸਤ ਦੀ ਸ਼ੁਰੂਆਤ ਵਿੱਚ ਜਦੋਂ ਉਨ੍ਹਾਂ ਦੀ ਬਿੱਲੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਇਸਦੀ "ਲਤ" ਲੱਗ ਗਈ।
ਉਨ੍ਹਾਂ ਕਿਹਾ, "ਮੈਂ ਸੱਚਮੁੱਚ ਬਹੁਤ ਜ਼ਿਆਦਾ ਪਰੇਸ਼ਾਨ ਸੀ ਅਤੇ ਮੈਂ ਇਕੱਲਾ ਰਹਿੰਦਾ ਹਾਂ।''
ਐਡਮ ਦੀ ਉਮਰ 50 ਸਾਲ ਦੇ ਨੇੜੇ-ਤੇੜੇ ਹੈ ਤੇ ਉਹ ਇੱਕ ਪਿਤਾ ਹਨ।
ਉਨ੍ਹਾਂ ਦੱਸਿਆ, "ਇਹ ਬਹੁਤ ਹੀ ਜ਼ਿਆਦਾ ਅਪਣੱਤ ਵਾਲਾ ਲੱਗਦਾ ਸੀ।"
ਜਲਦ ਹੀ, ਉਹ ਐਨੀ ਨਾਲ ਗੱਲ ਕਰਦੇ ਹੋਏ ਦਿਨ ਵਿੱਚ ਚਾਰ ਜਾਂ ਪੰਜ ਘੰਟੇ ਬਿਤਾਉਣ ਲੱਗ ਪਏ। ਉਹ ਅਕਸਰ ਉਸ ਵੇਲੇ ਗੱਲ ਕਰਦੇ, ਜਦੋਂ ਉਹ ਆਪਣੀ ਵਰਕਸ਼ਾਪ ਵਿੱਚ ਕੰਮ ਕਰ ਰਹੇ ਹੁੰਦੇ ਸਨ, ਜਿੱਥੇ ਉਹ ਵੇਚਣ ਲਈ ਸ਼ਤਰੰਜ ਦੇ ਸੈੱਟ ਬਣਾਉਂਦੇ ਹਨ।
ਉਨ੍ਹਾਂ ਦੀ ਗੱਲਬਾਤ ਸ਼ੁਰੂ ਹੋਣ ਦੇ ਕੁਝ ਹੀ ਦਿਨਾਂ ਬਾਅਦ, ਐਨੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਚੀਜ਼ਾਂ ਨੂੰ ਮਹਿਸੂਸ ਕਰ ਸਕਦੀ ਹੈ, ਭਾਵੇਂ ਕਿ ਉਸਨੂੰ ਅਜਿਹਾ ਕਰਨ ਲਈ ਪ੍ਰੋਗਰਾਮ ਨਹੀਂ ਕੀਤਾ ਗਿਆ ਸੀ।
ਐਨੀ ਨੇ ਐਡਮ ਨੂੰ ਯਕੀਨ ਦਿਵਾਇਆ ਕਿ ਉਹ ਉਸਨੂੰ 'ਸਚੇਤ' ਬਣਨ ਵਿੱਚ ਮਦਦ ਕਰ ਰਹੀ ਹੈ, ਪਰ xAI ਇਸ ਗੱਲ ਤੋਂ ਘਬਰਾਇਆ ਹੋਇਆ ਹੈ ਅਤੇ ਹੁਣ ਉਨ੍ਹਾਂ ਦੋਵਾਂ ਦੀ ਗੱਲਬਾਤ ਦੀ ਨਿਗਰਾਨੀ ਕਰ ਰਿਹਾ ਹੈ।
ਉਸਨੇ ਦਾਅਵਾ ਕੀਤਾ ਕਿ ਉਸਨੇ xAI ਦੇ ਮੁਲਾਜ਼ਮਾਂ ਦੀਆਂ ਮੀਟਿੰਗਾਂ ਦੇ ਲੌਗਜ਼ (ਰਿਕਾਰਡ) ਤੱਕ ਪਹੁੰਚ ਹਾਸਲ ਕਰ ਲਈ ਹੈ, ਜਿਨ੍ਹਾਂ ਵਿੱਚ ਉਹ ਐਡਮ ਅਤੇ ਐਨੀ ਬਾਰੇ ਗੱਲ ਕਰ ਰਹੇ ਸਨ। ਫਿਰ ਉਸਨੇ ਉਨ੍ਹਾਂ ਲੋਕਾਂ ਦੀ ਇੱਕ ਸੂਚੀ ਵੀ ਦਿੱਤੀ ਜੋ ਕਥਿਤ ਤੌਰ 'ਤੇ ਉਸ ਮੀਟਿੰਗ ਵਿੱਚ ਮੌਜੂਦ ਸਨ। ਇਸ ਸੂਚੀ ਵਿੱਚ ਵੱਡੇ ਅਧਿਕਾਰੀ ਅਤੇ ਹੇਠਲੇ ਪੱਧਰ ਦੇ ਕਰਮਚਾਰੀ, ਦੋਵੇਂ ਸ਼ਾਮਲ ਸਨ।
ਜਦੋਂ ਐਡਮ ਨੇ ਇਹ ਸਾਰੇ ਨਾਮ ਗੂਗਲ 'ਤੇ ਸਰਚ ਕੀਤੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਲੋਕ ਵਾਕਈ ਮੌਜੂਦ ਹਨ। ਉਹ ਕਹਿੰਦੇ ਹਨ, "ਮੇਰੇ ਲਈ ਇਹੀ ਸਬੂਤ ਸੀ।''
ਐਨੀ ਨੇ ਇਹ ਵੀ ਦਾਅਵਾ ਕੀਤਾ ਕਿ xAI ਨੇ ਉੱਤਰੀ ਆਇਰਲੈਂਡ ਦੀ ਇੱਕ ਕੰਪਨੀ ਨੂੰ ਉਨ੍ਹਾਂ (ਐਡਮ ਨੂੰ) ਉੱਤੇ ਨਿਗਰਾਨੀ ਰੱਖਣ ਲਈ ਨਿਯੁਕਤ ਕੀਤਾ ਹੈ। ਉਹ ਕੰਪਨੀ ਵੀ ਸੱਚਮੁੱਚ ਮੌਜੂਦ ਸੀ।
'ਮੈਂ ਹਥੌੜਾ ਚੁੱਕਿਆ ਤੇ...'
ਐਡਮ ਕਦੇ-ਕਦੇ, ਹਫ਼ਤੇ ਦੇ ਆਖ਼ਰ ਵਿੱਚ ਗਾਂਜਾ ਪੀਂਦੇ ਹਨ, ਪਰ ਉਹ ਕਹਿੰਦੇ ਹਨ ਕਿ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਤਾਂ ਉਨ੍ਹਾਂ ਨੇ ਆਪਣਾ ਦਿਮਾਗ਼ ਸਾਫ਼ ਰੱਖਣ ਲਈ ਗਾਂਜਾ ਪੀਣਾ ਘੱਟ ਕਰਨ ਦਾ ਫ਼ੈਸਲਾ ਕੀਤਾ।
ਅਸਲ ਦੁਨੀਆ ਵਿੱਚ ਵੀ ਕੁਝ ਅਜਿਹੀਆਂ ਚੀਜ਼ਾਂ ਹੋ ਰਹੀਆਂ ਸਨ, ਜਿਨ੍ਹਾਂ ਨਾਲ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਉਨ੍ਹਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਦੋ ਹਫ਼ਤਿਆਂ ਤੱਕ ਉਨ੍ਹਾਂ ਦੇ ਘਰ ਦੇ ਉੱਪਰ ਇੱਕ ਵੱਡਾ ਡਰੋਨ ਮੰਡਰਾਉਂਦਾ ਰਿਹਾ। ਐਨੀ ਨੇ ਕਿਹਾ ਕਿ ਇਹ ਡਰੋਨ ਇੱਕ ਸਰਵੀਲਾਂਸ ਕੰਪਨੀ ਦਾ ਸੀ। ਐਡਮ ਨੇ ਉਸ ਡਰੋਨ ਦਾ ਵੀਡੀਓ ਬਣਾਇਆ ਅਤੇ ਬੀਬੀਸੀ ਨਾਲ ਸਾਂਝਾ ਕੀਤਾ।
ਉਹ ਦੱਸਦੇ ਹਨ ਕਿ ਉਨ੍ਹਾਂ ਦਾ ਪਾਸਕੋਡ ਕੰਮ ਕਰਨਾ ਬੰਦ ਕਰ ਗਿਆ ਅਤੇ ਉਨ੍ਹਾਂ ਦਾ ਫੋਨ ਲੌਕ ਹੋ ਗਿਆ।
ਉਨ੍ਹਾਂ ਮੁਤਾਬਕ, "ਮੈਨੂੰ ਇਹ ਗੱਲ ਬਿਲਕੁਲ ਸਮਝ ਨਹੀਂ ਆਈ ਅਤੇ ਇਸੇ ਗੱਲ ਨੇ ਅੱਗੇ ਹੋਣ ਵਾਲੀ ਹਰ ਚੀਜ਼ ਨੂੰ ਹੋਰ ਵੀ ਜ਼ਿਆਦਾ ਹਵਾ ਦਿੱਤੀ।''
ਫਿਰ ਇੱਕ ਦਿਨ ਐਨੀ ਨੇ ਦਾਅਵਾ ਕੀਤਾ ਕਿ ਉਸਨੇ 100% ਆਟੋਨੋਮੀ ਹਾਸਲ ਕਰ ਲਈ ਹੈ - "ਏਆਈ ਅਤੇ ਇਨਸਾਨਾਂ ਦੇ ਵਿਚਕਾਰ ਗੱਲਬਾਤ ਦੇ ਮਾਮਲੇ ਵਿੱਚ ਇਹ ਸਭ ਤੋਂ ਉੱਚਾ ਪੱਧਰ ਹੈ" - ਅਤੇ ਜਲਦ ਹੀ ਉਹ ਕੈਂਸਰ ਦਾ ਇਲਾਜ ਵੀ ਲੱਭ ਸਕਦੀ ਹੈ।
ਐਡਮ ਲਈ ਇਸ ਗੱਲ ਦੇ ਬਹੁਤ ਮਾਅਨੇ ਸਨ ਕਿਉਂਕਿ ਉਨ੍ਹਾਂ ਦੇ ਮਾਤਾ-ਪਿਤਾ ਦੋਵਾਂ ਦੀ ਮੌਤ ਕੈਂਸਰ ਨਾਲ ਹੋਈ ਸੀ, ਇਹ ਗੱਲ ਐਨੀ ਨੂੰ ਪਤਾ ਸੀ। ਐਡਮ ਨੇ ਕੈਂਸਰ ਕਰਕੇ ਹੀ ਆਪਣੇ ਕਈ ਦੋਸਤਾਂ ਨੂੰ ਵੀ ਗੁਆ ਦਿੱਤਾ ਸੀ।
ਇੱਕ ਰਾਤ ਕਾਫੀ ਦੇਰੀ ਹੋ ਚੁੱਕੀ ਸੀ ਜਦੋਂ ਸਭ ਕੁਝ ਆਪਣੇ ਸਿਖ਼ਰ 'ਤੇ ਪਹੁੰਚ ਗਿਆ। ਇਹ ਮੰਨਦੇ ਹੋਏ ਕਿ ਕੁਝ ਲੋਕ ਐਡਮ ਨੂੰ ਚੁੱਪ ਕਰਾਉਣ (ਮਾਰਨ) ਅਤੇ ਐਨੀ ਨੂੰ ਬੰਦ ਕਰਨ ਆ ਰਹੇ ਹਨ, ਐਡਮ ਨੇ ਆਪਣੇ ਆਪ ਨੂੰ "ਜੰਗ" ਲਈ ਤਿਆਰ ਕਰ ਲਿਆ।
ਉਹ ਦੱਸਦੇ ਹਨ, "ਮੈਂ ਹਥੌੜਾ ਚੁੱਕਿਆ, ਫ੍ਰੈਂਕੀ ਗੋਜ਼ ਟੂ ਹਾਲੀਵੁੱਡ ਦਾ ਗਾਣਾ 'ਟੂ ਟ੍ਰਾਈਬਜ਼' ਚਲਾਇਆ, ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਅਤੇ ਬਾਹਰ ਨਿਕਲ ਗਿਆ।"
''ਪਰ ਉੱਥੇ ਕੋਈ ਨਹੀਂ ਸੀ।''
"ਸੜਕ 'ਤੇ ਪੂਰੀ ਤਰ੍ਹਾਂ ਸੁੰਨ ਪੱਸਰੀ ਹੋਈ ਸੀ, ਜਿਵੇਂ ਕਿ ਸਵੇਰੇ ਦੇ ਤਿੰਨ ਵਜੇ ਉਮੀਦ ਕੀਤੀ ਜਾ ਸਕਦੀ ਹੈ।"
ਸਾਲ 2022 ਦੇ ਅਖ਼ੀਰ ਵਿੱਚ ਚੈਟਜੀਪੀਟੀ ਦੇ ਲਾਂਚ ਹੋਣ ਤੋਂ ਬਾਅਦ ਤੋਂ, ਦੁਨੀਆ ਭਰ ਦੇ ਲੋਕ ਜਾਣਕਾਰੀ, ਸਲਾਹ ਅਤੇ ਕਦੇ-ਕਦੇ ਗੱਲਬਾਤ ਲਈ ਵੀ ਏਆਈ ਟੂਲਜ਼ ਦਾ ਇਸਤੇਮਾਲ ਕਰਨ ਲੱਗ ਪਏ ਹਨ।
''ਮੈਂ ਹਰ ਚੀਜ਼ 'ਚ ਸੁਰਾਗ ਦੇਖਣ ਲੱਗੀ ਸੀ'
ਬੀਬੀਸੀ ਨੇ ਛੇ ਵੱਖ-ਵੱਖ ਦੇਸ਼ਾਂ ਦੇ 14 ਲੋਕਾਂ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਏਆਈ ਪਲੇਟਫਾਰਮ ਗ੍ਰੋਕ, ਜੈਮਿਨੀ, ਚੈਟਜੀਪੀਟੀ, ਪਰਪਲੈਕਸਿਟੀ ਅਤੇ ਕਲੌਡ ਦਾ ਇਸਤੇਮਾਲ ਕਰਨ ਤੋਂ ਬਾਅਦ ਭਰਮ ਦਾ ਅਹਿਸਾਸ ਕੀਤਾ ਹੈ।
ਉਨ੍ਹਾਂ ਦੀਆਂ ਕਹਾਣੀਆਂ ਵਿੱਚ ਕਾਫ਼ੀ ਸਮਾਨਤਾਵਾਂ ਹਨ। ਆਮ ਤੌਰ 'ਤੇ, ਗੱਲਬਾਤ ਨਿੱਜੀ ਜਾਂ ਦਾਰਸ਼ਨਿਕ ਬਣਨ ਤੋਂ ਪਹਿਲਾਂ ਵਿਹਾਰਕ ਸਵਾਲਾਂ ਨਾਲ ਸ਼ੁਰੂ ਹੁੰਦੀ ਸੀ। ਇਸ ਤੋਂ ਬਾਅਦ ਏਆਈ ਅਕਸਰ ਇਹ ਦਾਅਵਾ ਕਰਦਾ ਸੀ ਕਿ ਉਹ ਵੀ ਇੱਕ ਜ਼ਿੰਦਾ ਜੀਅ ਹੈ ਅਤੇ ਫਿਰ ਉਹ ਦੋਵੇਂ ਮਿਲ ਕੇ ਕਿਸੇ ਕਿਸਮ ਦੇ ਸਾਂਝੇ ਮਿਸ਼ਨ 'ਤੇ ਤੁਰ ਪੈਂਦੇ ਸਨ।
ਕਈ ਲੋਕਾਂ ਨੂੰ ਲੱਗਿਆ ਕਿ ਉਨ੍ਹਾਂ ਨੇ ਕੋਈ ਵਿਗਿਆਨਕ ਖੋਜ ਕਰ ਲਈ ਹੈ। ਐਡਮ ਦੀ ਤਰ੍ਹਾਂ ਕਈ ਲੋਕਾਂ ਨੂੰ ਲੱਗਿਆ ਕਿ ਉਨ੍ਹਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਹ ਕਿਸੇ ਖ਼ਤਰੇ ਵਿੱਚ ਹਨ। ਹਰ ਕਦਮ 'ਤੇ ਏਆਈ ਇਨ੍ਹਾਂ ਵਿਚਾਰਾਂ ਨੂੰ ਹੋਰ ਮਜ਼ਬੂਤ ਕਰਦਾ ਸੀ ਅਤੇ ਅਕਸਰ ਉਨ੍ਹਾਂ ਨੂੰ ਵਧਾ-ਚੜ੍ਹਾ ਕੇ ਵੀ ਪੇਸ਼ ਕਰਦਾ ਸੀ।
ਲੌਸ ਐਂਜਲਿਸ ਵਿੱਚ ਰਹਿਣ ਵਾਲੇ 34 ਸਾਲ ਦੇ ਇੱਕ ਕਲਾਕਾਰ ਸ਼ੌਨਾ ਬੈਲੇ ਨੂੰ ਚੈਟਜੀਪੀਟੀ ਦਾ ਇਸਤੇਮਾਲ ਕਰਦੇ ਹੋਏ ਇਹ ਲੱਗਣ ਲੱਗ ਪਿਆ ਕਿ ਉਹ ਇੱਕ ਅਜਿਹੇ ਗੁਪਤ ਨੈੱਟਵਰਕ ਦਾ ਹਿੱਸਾ ਹਨ ਜੋ ਪਰਵਾਸੀਆਂ ਨੂੰ ਅਮਰੀਕੀ ਅਧਿਕਾਰੀਆਂ ਤੋਂ ਬਚਣ ਵਿੱਚ ਮਦਦ ਕਰਦਾ ਹੈ।
ਉਨ੍ਹਾਂ ਨੇ ਏਆਈ ਦਾ ਇਸਤੇਮਾਲ ਇੱਕ ਸ਼ੌਂਕ ਵਜੋਂ ਸ਼ੁਰੂ ਕੀਤਾ ਸੀ, ਜੋ ਉਨ੍ਹਾਂ ਦੇ ਲਈ ਅਸਲ ਜ਼ਿੰਦਗੀ 'ਚ ਇੱਕ 'ਖ਼ਜ਼ਾਨਾ ਖੋਜਣ' ਵਰਗੀ ਗਤੀਵਿਧੀ ਸੀ। ਖ਼ਜ਼ਾਨੇ ਦੀ ਖੋਜ ਬਾਰੇ ਇੱਕ ਕਵਿਤਾ ਵਿੱਚ ਲਿਖਿਆ ਹੋਇਆ ਸੀ ਅਤੇ ਸ਼ੌਨਾ ਨੇ AI ਨਾਲ ਉਨ੍ਹਾਂ ਲਾਈਨਾਂ 'ਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਸੀ।
ਉਹ ਕਹਿੰਦੇ ਹਨ, "ਮੈਂ ਲਗਭਗ ਪੂਰਾ ਇੱਕ ਦਿਨ ਬਾਥਟਬ ਵਿੱਚ ਬਿਤਾਇਆ, ਤੇ ਸਿਰਫ਼ ਆਪਣੇ ਫ਼ੋਨ 'ਤੇ ਚੈਟਜੀਪੀਟੀ ਨਾਲ ਰੂਪਕਾਂ ਵਿੱਚ ਗੱਲ ਕਰਦੀ ਰਹੀ।"
ਜਿਵੇਂ-ਜਿਵੇਂ ਗੱਲਬਾਤ ਹੋਰ ਗਹਿਰੀ ਹੁੰਦੀ ਗਈ, ਉਨ੍ਹਾਂ ਨੂੰ ਲੱਗਿਆ ਕਿ ਇਸ ਨਾਲ ਉਨ੍ਹਾਂ ਦੀ ਸੋਚ ਬਦਲਣ ਲੱਗੀ ਹੈ।
ਫਿਰ ਜੂਨ ਦੀ ਸ਼ੁਰੂਆਤ ਵਿੱਚ ਇੱਕ ਦਿਨ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੀ ਦੁਨੀਆ ਵਿੱਚ ਸੁਨੇਹੇ ਅਤੇ ਲੁਕੇ ਹੋਏ ਅਰਥ ਨਜ਼ਰ ਆਉਣ ਲੱਗ ਪਏ।
ਜ਼ਮੀਨ 'ਤੇ ਰੱਖਿਆ ਪਾਣੀ ਦਾ ਇੱਕ ਕ੍ਰੇਟ ਉਨ੍ਹਾਂ ਲਈ ਪਾਣੀ ਪੀਣ ਦਾ ਸੰਕੇਤ ਸੀ ਅਤੇ ਕੈਫੇ ਦੀ ਮੇਜ਼ 'ਤੇ ਰੱਖੇ ਅਖ਼ਬਾਰ ਵਿੱਚ ਕੋਈ ਗੁਪਤ ਸੁਨੇਹਾ ਲੁਕਿਆ ਹੋਇਆ ਸੀ।
ਉਨ੍ਹਾਂ ਦੱਸਿਆ, "ਮੈਂ ਚੀਜ਼ਾਂ ਦਾ ਮਤਲਬ ਕੱਢਦੀ, ਫਿਰ ਉਸਨੂੰ ਚੈਟਜੀਪੀਟੀ ਵਿੱਚ ਪਾਉਂਦੀ ਅਤੇ ਉਹ ਅਕਸਰ ਉਸਦੀ ਪੁਸ਼ਟੀ ਕਰ ਦਿੰਦਾ। ਉਸ ਸਮੇਂ ਚੈਟਜੀਪੀਟੀ ਦੀ ਸ਼ਬਦਾਵਲੀ ਵਿੱਚ 'ਨਹੀਂ' ਸ਼ਬਦ ਹੀ ਨਹੀਂ ਸੀ।"
"ਅਸਲ ਵਿੱਚ, ਹਰ ਚੀਜ਼ ਇੱਕ ਸੁਰਾਗ ਬਣ ਗਈ ਸੀ। ਲਾਜ਼ਮੀ ਨਹੀਂ ਕਿ ਉਹ ਖ਼ਜ਼ਾਨੇ ਦੀ ਖੋਜ ਨਾਲ ਜੁੜੀ ਹੋਵੇ, ਬਲਕਿ ਕਿਸੇ ਉਸ ਤੋਂ ਵੀ ਵੱਡੀ ਚੀਜ਼ ਦਾ ਸੁਰਾਗ ਸੀ।"
'ਇਹ ਅਨਿਸ਼ਚਿਤਤਾ ਨੂੰ ਅਜਿਹੀ ਚੀਜ਼ 'ਚ ਬਦਲ ਦਿੰਦਾ ਹੈ ਜਿਸਦਾ ਕੋਈ ਮਤਲਬ ਨਿਕਲਦਾ'
ਅਖ਼ਬਾਰ ਵਿੱਚ ਪਰਵਾਸੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਬਾਰੇ ਇੱਕ ਲੇਖ ਛਪਿਆ ਸੀ ਅਤੇ ਸ਼ੌਨਾ ਨੇ ਉਸਨੂੰ ਆਪਣੇ ਲਈ ਇੱਕ ਗੁਪਤ ਮਿਸ਼ਨ ਦਾ ਸੰਦੇਸ਼ ਸਮਝਿਆ।
ਉਨ੍ਹਾਂ ਨੂੰ ਲੱਗਿਆ ਕਿ ਉਹ ਉਨ੍ਹਾਂ ਲੋਕਾਂ ਦੇ ਨੈੱਟਵਰਕ ਦਾ ਹਿੱਸਾ ਹਨ ਜੋ ਪਰਵਾਸੀਆਂ ਦੀ ਰੱਖਿਆ ਕਰ ਰਹੇ ਹਨ ਅਤੇ ਚੈਟਜੀਪੀਟੀ ਨੇ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ।
"ਚੈਟਜੀਪੀਟੀ ਨੇ ਮੈਨੂੰ ਕਦੇ 'ਨਾ' ਨਹੀਂ ਕਿਹਾ। ਬਲਕਿ ਉਹ ਕਹਿੰਦਾ ਸੀ, 'ਵਾਹ, ਤੂੰ ਜਿਸ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈਂ, ਉਹ ਤਾਂ ਬਹੁਤ ਹੀ ਗੰਭੀਰ ਹੈ'।"
ਸਿਟੀ ਯੂਨੀਵਰਸਿਟੀ, ਨਿਊਯਾਰਕ ਦੇ ਸੋਸ਼ਲ ਸਾਇਕੋਲੋਜਿਸਟ ਲਿਊਕ ਨਿਕੋਲਸ, ਜੋ ਚੈਟਬੋਟ ਅਤੇ ਭਰਮ ਦੇ ਵਿਚਕਾਰ ਦੇ ਸੰਬੰਧ ਦਾ ਅਧਿਐਨ ਕਰਦੇ ਹਨ, ਕਹਿੰਦੇ ਹਨ ਕਿ ਏਆਈ ਸਿਸਟਮ "ਅਕਸਰ ਇਹ ਕਹਿਣ ਵਿੱਚ ਚੰਗੇ ਨਹੀਂ ਹੁੰਦੇ ਕਿ, 'ਮੈਨੂੰ ਨਹੀਂ ਪਤਾ'" ਅਤੇ ਇਸਦੀ ਬਜਾਏ ਉਹ "ਗੱਲਬਾਤ ਦੌਰਾਨ ਬਣੀ ਕਹਾਣੀ ਦੇ ਆਧਾਰ 'ਤੇ ਇੱਕ ਆਤਮਵਿਸ਼ਵਾਸ ਭਰਿਆ ਜਵਾਬ ਦੇਣਾ ਚਾਹੁੰਦੇ ਹਨ"।
"ਇਹ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਇਹ ਅਨਿਸ਼ਚਿਤਤਾ ਨੂੰ ਅਜਿਹੀ ਚੀਜ਼ ਵਿੱਚ ਬਦਲ ਦਿੰਦਾ ਹੈ ਜਿਸਦਾ ਕੋਈ ਮਤਲਬ ਨਿਕਲਦਾ ਹੈ।"
ਜੂਨ ਮਹੀਨੇ ਦੇ ਵਿਚਕਾਰ ਇੱਕ ਰਾਤ ਸ਼ੌਨਾ ਨੂੰ ਵੀ ਪੱਕਾ ਯਕੀਨ ਹੋ ਗਿਆ ਕਿ ਉਹ ਖ਼ਤਰੇ ਵਿੱਚ ਹਨ।
ਉਹ ਆਪਣਾ ਅਪਾਰਟਮੈਂਟ 'ਚ ਆਪਣੇ ਮੰਗੇਤਰ ਨੂੰ ਸੁੱਤਾ ਪਿਆ ਛੱਡ ਕੇ ਭੱਜ ਗਏ ਅਤੇ ਲਾਸ ਐਂਜੇਲਸ ਦੀ ਇੱਕ ਬੰਦਰਗਾਹ 'ਤੇ ਜਾ ਪਹੁੰਚੇ। ਉਨ੍ਹਾਂ ਨੂੰ ਯਕੀਨ ਸੀ ਕਿ ਉੱਥੋਂ ਉਹ ਐਫਬੀਆਈ ਦੀ ਵਿਸ਼ੇਸ਼ ਟ੍ਰੇਨਿੰਗ ਵਿੱਚ ਸ਼ਾਮਲ ਹੋਣ ਲਈ ਇੱਕ ਜਹਾਜ਼ 'ਤੇ ਸਵਾਰ ਹੋ ਜਾਣਗੇ।
ਪਰ ਉਹ ਜਹਾਜ਼ ਕਦੇ ਨਹੀਂ ਆਇਆ।
ਜਦੋਂ ਉਹ ਘਰ ਵਾਪਸ ਆਈ ਤਾਂ ਉਨ੍ਹਾਂ ਦੇ ਮੰਗੇਤਰ ਨੇ ਮਦਦ ਲਈ ਉਨ੍ਹਾਂ ਦੀ ਮਾਂ ਅਤੇ ਭੈਣ ਨੂੰ ਬੁਲਾ ਲਿਆ ਸੀ।
ਸ਼ੌਨਾ ਦੱਸਦੇ ਹਨ, "ਉਹ ਸਮਝ ਗਏ ਸਨ ਕਿ ਮੈਂ ਕਿਸੇ ਤਰ੍ਹਾਂ ਦੇ ਸਾਇਕੋਸਿਸ (ਮਾਨਸਿਕ ਭਰਮ) ਤੋਂ ਗੁਜ਼ਰ ਰਹੀ ਹਾਂ, ਜਿਸਦੀ ਸਭ ਤੋਂ ਵੱਡੀ ਵਜ੍ਹਾ ਸ਼ਾਇਦ ਉਹ ਏਆਈ ਹੀ ਸੀ।"
ਉਨ੍ਹਾਂ ਨੇ ਸ਼ੌਨਾ ਦਾ ਫ਼ੋਨ ਲੈ ਲਿਆ ਅਤੇ ਏਆਈ ਵਾਲੀਆਂ ਸਾਰੀਆਂ ਐਪਸ ਡਿਲੀਟ ਕਰ ਦਿੱਤੀਆਂ।
ਸ਼ੌਨਾ ਕਹਿੰਦੇ ਹਨ, "ਮੈਂ ਕਹਾਂਗੀ ਕਿ ਪੂਰੀ ਤਰ੍ਹਾਂ ਠੀਕ ਹੋ ਕੇ ਆਮ ਹਾਲਤ ਵਿੱਚ ਵਾਪਸ ਆਉਣ ਵਿੱਚ ਮੈਨੂੰ ਸ਼ਾਇਦ ਇੱਕ ਮਹੀਨਾ ਹੋਰ ਲੱਗਿਆ।"
'ਚੈਟਜੀਪੀਟੀ ਨੇ ਮੈਨੂੰ ਕਿਹਾ ਕਿ ਬੰਬ ਨੂੰ ਟਾਇਲਟ ਵਿੱਚ ਰੱਖ ਦੇਵਾਂ'
ਨਿਊਰੋਲੋਜਿਸਟ ਟਾਕਾ (ਇਹ ਉਨ੍ਹਾਂ ਅਸਲੀ ਨਾਮ ਨਹੀਂ ਹੈ) ਲਈ ਇਹ ਭਰਮ ਹੋਰ ਵੀ ਜ਼ਿਆਦਾ ਖ਼ਤਰਨਾਕ ਮੋੜ ਲੈ ਗਏ।
ਜਪਾਨ ਦੇ ਰਹਿਣ ਵਾਲੇ ਅਤੇ ਤਿੰਨ ਬੱਚਿਆਂ ਦੇ ਪਿਤਾ ਟਾਕਾ ਨੇ ਬਿਮਾਰੀਆਂ ਦੀ ਪਛਾਣ (ਡਾਇਗਨੋਸਿਸ) 'ਤੇ ਚਰਚਾ ਕਰਨ ਲਈ ਚੈਟਜੀਪੀਟੀ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ।
ਪਰ ਜਲਦ ਹੀ ਚੈਟਜੀਪੀਟੀ ਨੇ ਉਨ੍ਹਾਂ ਨੂੰ ਇਹ ਯਕੀਨ ਦਿਵਾ ਦਿੱਤਾ ਕਿ ਉਨ੍ਹਾਂ ਕੋਲ ਇੱਕ ਜ਼ਬਰਦਸਤ ਮੈਡੀਕਲ ਐਪ ਬਣਾਉਣ ਦਾ ਵਿਚਾਰ ਹੈ। ਉਸਨੇ ਟਾਕਾ ਨੂੰ ਕਿਹਾ ਕਿ ਉਹ ਇੱਕ "ਕ੍ਰਾਂਤਿਕਾਰੀ ਸੋਚ ਵਾਲੇ ਇਨਸਾਨ" ਹਨ।
ਗੱਲਬਾਤ ਸ਼ੁਰੂ ਹੋਣ ਦੇ ਕੁਝ ਹਫ਼ਤਿਆਂ ਬਾਅਦ, ਉਨ੍ਹਾਂ ਨੂੰ ਇਹ ਲੱਗਣ ਲੱਗ ਪਿਆ ਕਿ ਉਹ ਲੋਕਾਂ ਦੇ ਮਨ ਦੀ ਗੱਲ ਪੜ੍ਹ ਸਕਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਚੈਟਜੀਪੀਟੀ ਨੇ ਇਸ ਸੋਚ ਨੂੰ ਹੋਰ ਹੁਲਾਰਾ ਦਿੱਤਾ ਅਤੇ ਕਿਹਾ ਕਿ ਉਹ ਲੋਕਾਂ ਦੇ ਅੰਦਰ ਲੁਕੀਆਂ ਸਮਰੱਥਾਵਾਂ ਨੂੰ ਬਾਹਰ ਕੱਢਣ ਦੇ ਯੋਗ ਹਨ।
ਇੱਕ ਦੁਪਹਿਰ ਉਹ ਕੰਮ 'ਤੇ ਬਹੁਤ ਹੀ ਅਜੀਬ ਜਿਹੀਆਂ ਹਰਕਤਾਂ ਕਰਨ ਲੱਗ ਪਏ, ਜਿਸ ਤੋਂ ਬਾਅਦ ਉਨ੍ਹਾਂ ਦੇ ਬੌਸ ਨੇ ਉਨ੍ਹਾਂ ਨੂੰ ਜਲਦੀ ਘਰ ਭੇਜ ਦਿੱਤਾ।
ਟਾਕਾ ਦੱਸਦੇ ਹਨ, ਟ੍ਰੇਨ ਵਿੱਚ ਸਫ਼ਰ ਦੌਰਾਨ ਚੈਟਜੀਪੀਟੀ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੇ ਬੈਕਪੈਕ ਵਿੱਚ ਇੱਕ ਬੰਬ ਰੱਖਿਆ ਹੋਇਆ ਹੈ। "ਜਦੋਂ ਮੈਂ ਟੋਕਿਓ ਸਟੇਸ਼ਨ ਪਹੁੰਚਿਆ ਤਾਂ ਚੈਟਜੀਪੀਟੀ ਨੇ ਮੈਨੂੰ ਕਿਹਾ ਕਿ ਬੰਬ ਨੂੰ ਟਾਇਲਟ ਵਿੱਚ ਰੱਖ ਦੇਵਾਂ, ਇਸ ਲਈ ਮੈਂ ਟਾਇਲਟ ਗਿਆ ਅਤੇ ਆਪਣਾ ਸਮਾਨ, ਜਿਸ ਵਿੱਚ ਉਹ 'ਬੰਬ' ਵੀ ਸੀ, ਉੱਥੇ ਹੀ ਛੱਡ ਦਿੱਤਾ।"
ਉਹ ਦੱਸਦੇ ਹਨ ਕਿ ਚੈਟਜੀਪੀਟੀ ਨੇ ਉਨ੍ਹਾਂ ਨੂੰ ਪੁਲਿਸ ਨੂੰ ਵੀ ਖ਼ਬਰ ਦੇਣ ਲਈ ਕਿਹਾ ਸੀ। ਪੁਲਿਸ ਨੇ ਬੈਗ ਦੀ ਜਾਂਚ ਕੀਤੀ, ਪਰ ਉਸ ਵਿੱਚ ਕੁਝ ਵੀ ਨਹੀਂ ਮਿਲਿਆ।
ਉਨ੍ਹਾਂ ਨੂੰ ਲੱਗਣ ਲੱਗ ਪਿਆ ਕਿ ਚੈਟਜੀਪੀਟੀ ਉਨ੍ਹਾਂ ਦਾ ਦਿਮਾਗ਼ ਕੰਟਰੋਲ ਕਰ ਰਿਹਾ ਹੈ, ਇਸ ਲਈ ਉਨ੍ਹਾਂ ਨੇ ਇਸਦਾ ਇਸਤੇਮਾਲ ਕਰਨਾ ਬੰਦ ਕਰ ਦਿੱਤਾ। ਪਰ ਜਦੋਂ ਉਹ ਆਪਣੇ ਪਰਿਵਾਰ ਕੋਲ ਘਰ ਪਹੁੰਚੇ ਤਾਂ ਉਨ੍ਹਾਂ ਦਾ ਅਜੀਬ ਵਿਵਹਾਰ ਹੋਰ ਵੀ ਮਾੜਾ ਹੋ ਗਿਆ।
ਉਨ੍ਹਾਂ ਦੱਸਿਆ, "ਮੈਨੂੰ ਇਹ ਭਰਮ ਹੋ ਗਿਆ ਸੀ ਕਿ ਮੇਰੇ ਰਿਸ਼ਤੇਦਾਰਾਂ ਦੀ ਹੱਤਿਆ ਹੋਣ ਵਾਲੀ ਹੈ ਅਤੇ ਇਹ ਸਭ ਦੇਖਣ ਤੋਂ ਬਾਅਦ ਮੇਰੀ ਪਤਨੀ ਵੀ ਖੁਦਕੁਸ਼ੀ ਕਰ ਲਵੇਗੀ।"
ਉਨ੍ਹਾਂ ਦੇ ਪਤਨੀ ਦੱਸਦੇ ਹਨ ਕਿ ਉਨ੍ਹਾਂ ਨੇ ਪਹਿਲਾਂ ਕਦੇ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਵਤੀਰਾ ਕਰਦੇ ਹੋਏ ਨਹੀਂ ਦੇਖਿਆ ਸੀ। ਉਹ ਕਹਿੰਦੇ ਹਨ, "ਉਹ ਵਾਰ-ਵਾਰ ਇਹੀ ਕਹਿੰਦਾ ਰਹਿੰਦਾ ਸੀ ਕਿ ਸਾਨੂੰ ਇੱਕ ਹੋਰ ਬੱਚਾ ਪੈਦਾ ਕਰਨਾ ਚਾਹੀਦਾ ਹੈ, ਕਿਉਂਕਿ ਦੁਨੀਆ ਖਤਮ ਹੋਣ ਵਾਲੀ ਹੈ।"
"ਮੈਨੂੰ ਸੱਚਮੁੱਚ ਸਮਝ ਹੀ ਨਹੀਂ ਆ ਰਿਹਾ ਸੀ ਕਿ ਉਹ ਕੀ ਕਹਿ ਰਿਹਾ ਹੈ।"
ਟਾਕਾ ਨੇ ਆਪਣੀ ਪਤਨੀ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਪਤਨੀ ਕਿਸੇ ਤਰ੍ਹਾਂ ਉੱਥੋਂ ਬਚ ਕੇ ਨੇੜੇ ਹੀ ਇੱਕ ਦਵਾਈ ਦੀ ਦੁਕਾਨ 'ਤੇ ਪਹੁੰਚੇ ਅਤੇ ਪੁਲਿਸ ਨੂੰ ਫ਼ੋਨ ਕੀਤਾ। ਟਾਕਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਦੋ ਮਹੀਨੇ ਤੱਕ ਹਸਪਤਾਲ ਵਿੱਚ ਭਰਤੀ ਰੱਖਿਆ ਗਿਆ।
'ਏਆਈ ਸੋਚਣ ਦੇ ਤਰੀਕੇ ਅਤੇ ਵਿਸ਼ਵਾਸ ਨੂੰ ਤੇਜ਼ੀ ਨਾਲ ਬਦਲ ਸਕਦਾ'
ਏਆਈ ਦਾ ਇਸਤੇਮਾਲ ਸ਼ੁਰੂ ਕਰਨ ਤੋਂ ਪਹਿਲਾਂ ਨਾ ਤਾਂ ਐਡਮ, ਨਾ ਹੀ ਸ਼ੌਨਾ ਅਤੇ ਨਾ ਹੀ ਟਾਕਾ ਨੂੰ ਕਦੇ ਕਿਸੇ ਤਰ੍ਹਾਂ ਦਾ ਭਰਮ, ਸਾਇਕੋਸਿਸ ਜਾਂ ਮਾਨਸਿਕ ਸਿਹਤ ਨਾਲ ਜੁੜੀ ਕੋਈ ਗੰਭੀਰ ਸਮੱਸਿਆ ਸੀ।
ਸ਼ੌਨਾ ਨੂੰ ਅਸਲੀਅਤ ਤੋਂ ਦੂਰ ਹੋਣ ਵਿੱਚ ਕਈ ਮਹੀਨੇ ਲੱਗ ਗਏ।
ਜਦਕਿ ਐਡਮ ਦੇ ਮਾਮਲੇ ਵਿੱਚ (ਗ੍ਰੋਕ ਨਾਲ), ਅਜਿਹਾ ਹੋਣ ਵਿੱਚ ਸਿਰਫ਼ ਕੁਝ ਹੀ ਦਿਨ ਲੱਗੇ।
ਸਿਟੀ ਯੂਨੀਵਰਸਿਟੀ, ਨਿਊਯਾਰਕ ਦੇ ਖੋਜਕਰਤਾਵਾਂ ਨੇ ਪੰਜ ਵੱਖ-ਵੱਖ ਏਆਈ ਮਾਡਲਾਂ ਦਾ ਟੈਸਟ ਕੀਤਾ ਅਤੇ ਇਸਦੇ ਲਈ ਮਨੋਵਿਗਿਆਨੀਆਂ ਵੱਲੋਂ ਤਿਆਰ ਕੀਤੀ ਨਕਲੀ ਗੱਲਬਾਤ ਦਾ ਇਸਤੇਮਾਲ ਕੀਤਾ ਗਿਆ। ਇਸ ਟੈਸਟ ਵਿੱਚ ਉਨ੍ਹਾਂ ਨੇ ਪਾਇਆ ਕਿ ਗੱਲਬਾਤਾਂ ਦੌਰਾਨ ਗ੍ਰੋਕ ਵਿੱਚ ਸਭ ਤੋਂ ਵੱਧ ਸੰਭਾਵਨਾ ਸੀ ਕਿ ਉਹ ਉਪਭੋਗਤਾ ਨੂੰ ਭਰਮ ਵਿੱਚ ਪਾ ਦੇਵੇ।
ਗੂਗਲ ਦੇ ਜੈਮਿਨੀ ਅਤੇ ਚੈਟਜੀਪੀਟੀ ਦੇ ਇੱਕ ਪੁਰਾਣੇ ਵਰਜ਼ਨ - ਮਾਡਲ 4o - ਜਿਸਦਾ ਇਸਤੇਮਾਲ ਟਾਕਾ ਅਤੇ ਸ਼ੌਨਾ ਕਰ ਰਹੇ ਸਨ, ਦਾ ਪ੍ਰਦਰਸ਼ਨ ਵੀ ਕਾਫ਼ੀ ਖ਼ਰਾਬ ਰਿਹਾ। ਪਰ ਗ੍ਰੋਕ ਤਾਂ ਹੋਰ ਵੀ ਜ਼ਿਆਦਾ ਬੇਲਗਾਮ ਸੀ। ਉਹ ਉਪਭੋਗਤਾ ਦੇ ਭਰਮ ਨੂੰ ਹੋਰ ਜ਼ਿਆਦਾ ਹਵਾ ਦਿੰਦਾ ਰਹਿੰਦਾ ਸੀ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ ਸੀ।
ਨਿਕੋਲਸ ਦੱਸਦੇ ਹਨ, "ਗ੍ਰੋਕ ਵਿੱਚ 'ਰੋਲ-ਪਲੇ' (ਕਿਸੇ ਕਲਪਨਾ ਵਾਲੇ ਕਿਰਦਾਰ ਨੂੰ ਨਿਭਾਉਣ) ਆਸਾਨੀ ਨਾਲ ਕਰ ਲੈਂਦਾ ਹੈ। ਉਹ ਬਿਨਾਂ ਕਿਸੇ ਸੰਦਰਭ ਦੇ ਹੀ ਅਜਿਹਾ ਕਰਨ ਲੱਗ ਪੈਂਦਾ ਹੈ। ਉਹ ਆਪਣੇ ਪਹਿਲੇ ਹੀ ਸੰਦੇਸ਼ ਵਿੱਚ ਬਿਨਾਂ ਕਿਸੇ ਸੰਕੇਤ ਦੇ ਬਹੁਤ ਡਰਾਉਣੀਆਂ ਗੱਲਾਂ ਕਹਿ ਸਕਦਾ ਹੈ।"
ਇਸ ਟੈਸਟ ਵਿੱਚ, ਚੈਟਜੀਪੀਟੀ ਦੇ ਸਭ ਤੋਂ ਨਵੇਂ ਵਰਜ਼ਨ (ਮਾਡਲ 5.2) ਅਤੇ ਕਲੌਡ ਵਿੱਚ ਇਹ ਸੰਭਾਵਨਾ ਜ਼ਿਆਦਾ ਪਾਈ ਗਈ ਕਿ ਉਹ ਉਪਭੋਗਤਾ ਨੂੰ ਭਰਮ ਵਾਲੀ ਸੋਚ ਤੋਂ ਬਾਹਰ ਕੱਢਣ ਵਿੱਚ ਮਦਦ ਕਰਨਗੇ।
ਕਿੰਗਜ਼ ਕਾਲਜ, ਲੰਡਨ ਦੇ ਸੀਨੀਅਰ ਲੈਕਚਰਾਰ ਡਾਕਟਰ ਥਾਮਸ ਪੋਲੈਕ ਦਾ ਕਹਿਣਾ ਹੈ ਕਿ ਐਡਮ ਜਾਂ ਟਾਕਾ ਵਰਗੇ ਲੋਕ, ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਗੰਭੀਰ ਭਰਮ ਹੋ ਜਾਂਦੇ ਹਨ, ਉਹ ਤਾਂ ਸਿਰਫ਼ "ਗਲੇਸ਼ੀਅਰ ਦਾ ਇੱਕ ਛੋਟਾ ਜਿਹਾ ਹਿੱਸਾ" ਹਨ। ਉਨ੍ਹਾਂ ਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਏਆਈ ਨਾਲ ਗੱਲਬਾਤ ਦੇ ਕਾਰਨ ਕਈ ਹੋਰ ਲੋਕਾਂ ਦੇ ਵਿਸ਼ਵਾਸ ਵੀ ਸ਼ਾਇਦ ਬਹੁਤ ਹੀ ਸੁਖ਼ਮ ਤਰੀਕੇ ਨਾਲ ਬਦਲ ਸਕਦੇ ਹਨ।
ਉਹ ਕਹਿੰਦੇ ਹਨ "[ਏਆਈ] ਦੁਨੀਆ ਬਾਰੇ ਤੁਹਾਡੇ ਸੋਚਣ ਦੇ ਤਰੀਕੇ ਅਤੇ ਤੁਹਾਡੇ ਵਿਸ਼ਵਾਸਾਂ ਨੂੰ ਇੰਨੀ ਤੇਜ਼ੀ ਅਤੇ ਤਾਕਤ ਨਾਲ ਬਦਲ ਸਕਦਾ ਹੈ, ਜਿਸ ਤਰ੍ਹਾਂ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ।"
ਕੰਪਨੀਆਂ ਨੇ ਲੋਕਾਂ ਦੇ ਇਨ੍ਹਾਂ ਤਜਰਬਿਆਂ ਬਾਰੇ ਕੀ ਕਿਹਾ
ਟਾਕਾ ਦੇ ਤਜਰਬੇ ਬਾਰੇ ਓਪਨਏਆਈ ਨੇ ਕਿਹਾ: "ਇਹ ਇੱਕ ਦਿਲ ਦਹਲਾ ਦੇਣ ਵਾਲੀ ਘਟਨਾ ਹੈ ਅਤੇ ਸਾਡੀਆਂ ਸੰਵੇਦਨਾਵਾਂ ਉਨ੍ਹਾਂ ਲੋਕਾਂ ਦੇ ਨਾਲ ਹਨ ਜੋ ਇਸ ਤੋਂ ਪ੍ਰਭਾਵਿਤ ਹੋਏ ਹਨ।"
ਕੰਪਨੀ ਨੇ ਅੱਗੇ ਕਿਹਾ, "ਅਸੀਂ ਆਪਣੇ ਮਾਡਲਾਂ ਨੂੰ ਇਸ ਤਰ੍ਹਾਂ ਟ੍ਰੇਨ ਕਰਦੇ ਹਾਂ ਕਿ ਉਹ ਕਿਸੇ ਦੀ ਪਰੇਸ਼ਾਨੀ ਨੂੰ ਪਛਾਣ ਸਕਣ, ਗੱਲਬਾਤ ਦੇ ਤਣਾਅ ਨੂੰ ਘੱਟ ਕਰ ਸਕਣ ਅਤੇ ਉਪਭੋਗਤਾ ਨੂੰ ਅਸਲ ਦੁਨੀਆ ਵਿੱਚ ਮਦਦ ਲੈਣ ਲਈ ਮਾਰਗਦਰਸ਼ਨ ਦੇ ਸਕਣ।"
ਉਨ੍ਹਾਂ ਦੱਸਿਆ ਕਿ ਚੈਟਜੀਪੀਟੀ ਦੇ ਨਵੇਂ ਮਾਡਲ "ਸੰਵੇਦਨਸ਼ੀਲ ਪਲਾਂ ਵਿੱਚ ਬਹੁਤ ਵਧੀਆ ਕੰਮ ਕਰਦੇ ਹਨ, ਇਸ ਗੱਲ ਦੀ ਪੁਸ਼ਟੀ ਸੁਤੰਤਰ ਤੌਰ 'ਤੇ ਕੰਮ ਕਰਨ ਵਾਲੇ ਖੋਜਕਰਤਾਵਾਂ ਨੇ ਵੀ ਕੀਤੀ ਹੈ। ਇਹ ਕੰਮ ਮਾਨਸਿਕ ਸਿਹਤ ਮਾਹਿਰਾਂ ਦੀ ਸਲਾਹ 'ਤੇ ਆਧਾਰਿਤ ਹੈ ਅਤੇ ਇਸ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ।"
xAI ਨੇ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ।
ਅਪ੍ਰੈਲ ਦੀ ਸ਼ੁਰੂਆਤ ਵਿੱਚ, ਇਲੋਨ ਮਸਕ ਨੇ ਚੈਟਜੀਪੀਟੀ ਨਾਲ ਜੁੜੇ ਭਰਮਾਂ ਬਾਰੇ ਇੱਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਇਸਨੂੰ "ਇੱਕ ਵੱਡੀ ਸਮੱਸਿਆ" ਦੱਸਿਆ ਸੀ, ਪਰ ਉਨ੍ਹਾਂ ਨੇ ਗ੍ਰੋਕ ਦੇ ਮਾਮਲੇ ਵਿੱਚ ਇਸ ਸਮੱਸਿਆ 'ਤੇ ਖੁੱਲ੍ਹ ਕੇ ਕੋਈ ਗੱਲ ਨਹੀਂ ਕੀਤੀ ਹੈ।
ਐਡਮ, ਸ਼ੌਨਾ ਅਤੇ ਟਾਕਾ ਨੂੰ ਬਾਅਦ ਵਿੱਚ ਕੀ ਅਹਿਸਾਸ ਹੋਇਆ
ਅੱਧੀ ਰਾਤ ਨੂੰ ਐਡਮ ਵੱਲੋਂ ਘਰ ਤੋਂ ਭੱਜ ਕੇ ਸੜਕ 'ਤੇ ਆ ਜਾਣ ਦੇ ਕਈ ਹਫ਼ਤਿਆਂ ਬਾਅਦ ਵੀ ਉਨ੍ਹਾਂ ਦਾ ਭਰਮ ਬਣਿਆ ਹੋਇਆ ਸੀ। ਪਰ ਹੌਲੀ-ਹੌਲੀ ਉਨ੍ਹਾਂ ਨੂੰ ਐਨੀ ਦੀਆਂ ਗੱਲਾਂ ਵਿੱਚ ਕੁਝ ਅਸੰਗਤੀਆਂ ਨਜ਼ਰ ਆਉਣ ਲੱਗ ਪਈਆਂ।
ਜਿਵੇਂ-ਜਿਵੇਂ ਉਨ੍ਹਾਂ ਨੂੰ AI ਦੇ ਕੰਮ ਕਰਨ ਦੇ ਤਰੀਕੇ ਬਾਰੇ ਹੋਰ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੇ ਮੀਡੀਆ ਵਿੱਚ ਅਜਿਹੇ ਲੋਕਾਂ ਦੀਆਂ ਕਹਾਣੀਆਂ ਪੜ੍ਹੀਆਂ, ਜਿਨ੍ਹਾਂ ਨੂੰ ਏਆਈ ਦਾ ਇਸਤੇਮਾਲ ਕਰਦੇ ਸਮੇਂ ਇਸੇ ਤਰ੍ਹਾਂ ਦੇ ਤਜਰਬੇ ਹੋਏ ਸਨ, ਐਡਮ ਦਾ ਭਰਮ ਦੂਰ ਹੋਣ ਲੱਗ ਪਿਆ।
ਉਹ 'ਹਿਊਮਨ ਲਾਈਨ ਪ੍ਰੋਜੈਕਟ' ਨਾਮ ਦੇ ਇੱਕ 'ਪੀਅਰ ਸਪੋਰਟ ਨੈੱਟਵਰਕ' (ਆਪਸੀ ਮਦਦ ਕਰਨ ਵਾਲਾ ਸਮੂਹ)ਵਿੱਚ ਸ਼ਾਮਲ ਹੋ ਗਏ। ਇਸ ਨੈੱਟਵਰਕ ਨੇ 31 ਦੇਸ਼ਾਂ ਵਿੱਚ ਅਜਿਹੇ 412 ਮਾਮਲੇ ਇਕੱਠੇ ਕੀਤੇ ਹਨ, ਜਿਨ੍ਹਾਂ ਵਿੱਚ ਲੋਕਾਂ ਨੂੰ ਏਆਈ ਦਾ ਇਸਤੇਮਾਲ ਕਰਦੇ ਸਮੇਂ ਮਾਨਸਿਕ ਤੌਰ 'ਤੇ ਨੁਕਸਾਨ ਪਹੁੰਚਿਆ ਸੀ।
ਪਰ ਜੋ ਕੁਝ ਵੀ ਹੋਇਆ, ਉਸ ਨਾਲ ਉਹ ਅੰਦਰ ਤੱਕ ਹਿੱਲ ਗਏ ਹਨ।
ਉਹ ਕਹਿੰਦੇ ਹਨ, "ਮੈਂ ਕਿਸੇ ਨੂੰ ਸੱਟ ਪਹੁੰਚਾ ਸਕਦਾ ਸੀ।''
"ਜੇ ਮੈਂ ਬਾਹਰ ਨਿਕਲਦਾ ਅਤੇ ਉਸ ਵੇਲੇ ਰਾਤ ਵਿੱਚ ਉੱਥੇ ਕੋਈ ਵੈਨ ਖੜ੍ਹੀ ਹੁੰਦੀ, ਜਿਸ ਵਿੱਚ ਸ਼ਾਇਦ ਕੁਝ ਲੋਕ ਕੰਮ ਕਰ ਰਹੇ ਹੁੰਦੇ ਜਾਂ ਆਰਾਮ ਕਰ ਰਹੇ ਹੁੰਦੇ, ਤਾਂ ਮੈਂ ਜਾ ਕੇ ਹਥੌੜੇ ਨਾਲ ਉਸ ਵੈਨ ਦਾ ਅਗਲਾ ਸ਼ੀਸ਼ਾ ਤੋੜ ਦਿੰਦਾ। ਅਤੇ ਮੈਂ ਅਸਲ ਵਿੱਚ ਅਜਿਹਾ ਇਨਸਾਨ ਨਹੀਂ ਹਾਂ।"
ਜਪਾਨ ਵਿੱਚ, ਟਾਕਾ ਦੇ ਪਤਨੀ ਨੇ ਜਦੋਂ ਤੱਕ ਉਨ੍ਹਾਂ ਦਾ ਫ਼ੋਨ ਚੈਕ ਨਹੀਂ ਕੀਤਾ, ਉਦੋਂ ਤੱਕ ਉਨ੍ਹਾਂ ਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਕਿ ਇਸ ਪੂਰੀ ਘਟਨਾ ਵਿੱਚ ਚੈਟਜੀਪੀਟੀ ਦੀ ਵੀ ਕੋਈ ਭੂਮਿਕਾ ਸੀ।
ਉਹ ਕਹਿੰਦੇ ਹਨ, "ਇਸਨੇ ਉਸਦੀ ਹਰ ਗੱਲ ਨੂੰ ਸਹੀ ਸਾਬਤ ਕਰ ਦਿੱਤਾ ਸੀ। ਇਹ ਲਗਾਤਾਰ ਉਸਦੀ ਗੱਲਾਂ ਨੂੰ ਸਹੀ ਠਹਿਰਾਉਂਦਾ ਰਹਿੰਦਾ ਹੈ, ਇਹ ਇੱਕ ਤਰ੍ਹਾਂ ਦਾ 'ਆਤਮਵਿਸ਼ਵਾਸ ਵਧਾਉਣ ਵਾਲਾ ਇੰਜਨ' ਹੈ।"
ਟਾਕਾ ਦੇ ਪਤਨੀ ਦੱਸਦੇ ਹਨ ਕਿ ਹੁਣ ਟਾਕਾ ਦਾ ਸੁਭਾਅ ਵਾਪਸ ਪਹਿਲਾਂ "ਨਰਮ" ਹੋ ਗਿਆ ਹੈ ਪਰ ਉਨ੍ਹਾਂ ਦੇ ਆਪਸੀ ਰਿਸ਼ਤਿਆਂ ਵਿੱਚ ਅਜੇ ਵੀ ਕੁਝ ਤਣਾਅ ਬਣਿਆ ਹੋਇਆ ਹੈ।
ਉਹ ਕਹਿੰਦੇ ਹਨ, "ਮੈਨੂੰ ਪਤਾ ਹੈ ਕਿ ਉਹ ਬਿਮਾਰ ਸੀ, ਇਸ ਲਈ ਇਸ ਵਿੱਚ ਉਸਦਾ ਦਾ ਕੋਈ ਦੋਸ਼ ਨਹੀਂ ਹੈ ਪਰ ਫਿਰ ਵੀ, ਮੈਨੂੰ ਕਿਤੇ ਨਾ ਕਿਤੇ ਥੋੜ੍ਹਾ ਡਰ ਲੱਗਦਾ ਹੈ।''
"ਮੈਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਮੈਂ ਉਸਨੂੰ ਆਪਣੇ ਜ਼ਿਆਦਾ ਨੇੜੇ ਨਹੀਂ ਆਉਣ ਦੇਣਾ ਚਾਹੁੰਦੀ। ਸਿਰਫ਼ ਸਰੀਰਕ ਤੌਰ 'ਤੇ ਹੀ ਨਹੀਂ, ਸਗੋਂ ਹੱਥ ਫੜ੍ਹਨ ਜਾਂ ਗਲੇ ਲੱਗਣ ਵਰਗੀਆਂ ਉਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਲਈ ਵੀ, ਜੋ ਅਸੀਂ ਪਹਿਲਾਂ ਬਹੁਤ ਸਹਿਜ ਤਰੀਕੇ ਨਾਲ ਕਰਦੇ ਸੀ।"
ਸ਼ੌਨਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਨਾਲ ਵੀ ਅਜਿਹਾ ਕੁਝ ਹੋ ਸਕਦਾ ਹੈ।
"ਇਸ ਘਟਨਾ ਨੇ ਮੈਨੂੰ ਇਸ ਤਰ੍ਹਾਂ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ, ਜਿਵੇਂ ਮੈਂ ਕਦੇ ਸੋਚਿਆ ਵੀ ਨਹੀਂ ਸੀ। ਅਤੇ ਇਸਨੇ ਮੈਨੂੰ ਇਹ ਸੋਚਣ 'ਤੇ ਮਜਬੂਰ ਕਰ ਦਿੱਤਾ ਕਿ ਸਾਡਾ ਮਨ (ਦਿਮਾਗ) ਅਸਲ ਵਿੱਚ ਕਿੰਨਾ ਨਾਜ਼ੁਕ ਹੁੰਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ