You’re viewing a text-only version of this website that uses less data. View the main version of the website including all images and videos.
ਵਿਨੇਸ਼ ਫੋਗਾਟ ਦੀ ਵਾਪਸੀ 'ਤੇ ਵਿਵਾਦ, ਮਾਂ ਬਣਨ ਤੋਂ ਬਾਅਦ ਕੁਸ਼ਤੀ ਮੈਟ ਤੋਂ ਲੈ ਕੇ ਸਿਸਟਮ ਤੱਕ ਟਕਰਾਅ
- ਲੇਖਕ, ਸੌਰਭ ਦੁੱਗਲ
- ਰੋਲ, ਬੀਬੀਸੀ ਸਹਿਯੋਗੀ
- ਪੜ੍ਹਨ ਦਾ ਸਮਾਂ: 10 ਮਿੰਟ
ਦੋ ਦਹਾਕਿਆਂ ਤੋਂ ਵੀ ਵੱਧ ਸਮਾਂ ਪਹਿਲਾਂ, ਜਦੋਂ ਹਰਿਆਣਾ ਦੇ ਪਿੰਡਾਂ ਵਿੱਚ ਕੋਚ ਮਹਾਵੀਰ ਸਿੰਘ ਫੋਗਾਟ ਨੇ ਫੋਗਾਟ ਭੈਣਾਂ ਨੂੰ ਕੁਸ਼ਤੀ ਨਾਲ ਜਾਣੂ ਕਰਵਾਇਆ ਸੀ, ਉਸ ਵੇਲੇ ਮਹਿਲਾ ਕੁਸ਼ਤੀ ਓਲੰਪਿਕ ਪ੍ਰੋਗਰਾਮ ਦਾ ਹਿੱਸਾ ਵੀ ਨਹੀਂ ਸੀ। ਫਿਰ ਵੀ ਇਸ ਪਰਿਵਾਰ ਨੇ ਇੱਕੋ ਸੁਪਨਾ ਸੰਜੋਇਆ ਹੋਇਆ ਸੀ- ਭਾਰਤ ਲਈ ਓਲੰਪਿਕ ਤਮਗਾ।
ਇਹ ਯਾਤਰਾ 2012 ਦੇ ਲੰਡਨ ਓਲੰਪਿਕ ਵਿੱਚ ਗੀਤਾ ਫੋਗਾਟ ਨਾਲ ਸ਼ੁਰੂ ਹੋਈ, ਜਿਸ ਤੋਂ ਬਾਅਦ ਬਬੀਤਾ ਅਤੇ ਫਿਰ ਵਿਨੇਸ਼ ਆਈ, ਜੋ ਫੋਗਾਟ ਕੁਸ਼ਤੀ ਵਿਰਾਸਤ ਦੀ ਸਭ ਤੋਂ ਮਜ਼ਬੂਤ ਪ੍ਰਤੀਕ ਬਣੀ।
ਪਰ ਦਹਾਕਿਆਂ ਦੀ ਕੁਰਬਾਨੀ, ਤਮਗਿਆਂ ਅਤੇ ਅੰਤਰਰਾਸ਼ਟਰੀ ਕਾਮਯਾਬੀ ਦੇ ਬਾਵਜੂਦ ਵੀ ਉਹ ਓਲੰਪਿਕ ਤਮਗਾ ਅਜੇ ਤੱਕ ਨਹੀਂ ਆ ਸਕਿਆ।
ਅੱਜ ਇਹ ਸੁਪਨਾ ਵਿਨੇਸ਼ ਦੀ ਵਾਪਸੀ ਰਾਹੀਂ ਜ਼ਿੰਦਾ ਹੈ, ਜੋ ਹੁਣ ਸਿਰਫ਼ ਕੁਸ਼ਤੀ ਤੱਕ ਸੀਮਤ ਨਹੀਂ ਰਹਿ ਗਿਆ, ਬਲਕਿ ਮਾਂ ਬਣਨ, ਵਿਰੋਧ ਅਤੇ ਪ੍ਰਣਾਲੀ ਨਾਲ ਜਾਰੀ ਲੜਾਈ ਦਾ ਪ੍ਰਤੀਕ ਬਣ ਗਿਆ ਹੈ।
ਤਿੰਨ ਵਾਰ ਦੀ ਓਲੰਪਿਕ ਖਿਡਾਰਨ ਅਤੇ ਹਰਿਆਣਾ ਦੇ ਜੁਲਾਨਾ ਹਲਕੇ ਤੋਂ ਕਾਂਗਰਸ ਵਿਧਾਇਕ ਵਿਨੇਸ਼ ਭਾਰਤੀ ਖੇਡਾਂ ਵਿੱਚ ਸਭ ਤੋਂ ਖ਼ਾਸ ਵਾਪਸੀਆਂ ਵਿੱਚੋਂ ਇੱਕ ਦੀ ਕੋਸ਼ਿਸ਼ ਕਰ ਰਹੀ ਹੈ।
ਜੁਲਾਈ 2025 ਵਿੱਚ ਉਹ ਮਾਂ ਬਣੀ। ਲਗਭਗ ਛੇ ਮਹੀਨੇ ਬਾਅਦ, ਜਦੋਂ ਉਹ ਆਪਣੇ ਨੰਨ੍ਹੇ ਜਿਹੇ ਪੁੱਤਰ ਨੂੰ ਦੁੱਧ ਪਿਲਾ ਰਹੀ ਸੀ, ਉਸ ਨੇ ਮੁਕਾਬਲੇ ਵਾਲੀ ਕੁਸ਼ਤੀ ਵਿੱਚ ਵਾਪਸੀ ਕਰਨ ਦਾ ਫ਼ੈਸਲਾ ਕੀਤਾ।
ਹਾਲਾਂਕਿ, ਉਸ ਦੀ ਇਹ ਵਾਪਸੀ ਬਿਲਕੁਲ ਵੀ ਆਸਾਨ ਨਹੀਂ ਰਹੀ।
ਤਾਜ਼ਾ ਟਕਰਾਅ
ਸਭ ਤੋਂ ਤਾਜ਼ਾ ਟਕਰਾਅ ਉਸ ਦਾ ਮਈ 10 ਤੋਂ 12 ਤੱਕ ਉੱਤਰ ਪ੍ਰਦੇਸ਼ ਦੇ ਗੋਂਡਾ ਵਿੱਚ ਹੋਣ ਵਾਲੇ ਰਾਸ਼ਟਰੀ ਰੈਂਕਿੰਗ ਟੂਰਨਾਮੈਂਟ ਵਿੱਚ ਸੰਭਾਵਿਤ ਭਾਗੀਦਾਰੀ ਨੂੰ ਲੈ ਕੇ ਸਾਹਮਣੇ ਆਇਆ। ਇਹ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਆਈ) ਦੇ ਸਾਬਕਾ ਮੁਖੀ ਅਤੇ ਛੇ ਵਾਰ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਆਪਣੇ ਸ਼ਹਿਰ ਹੈ, ਜਿਸ ਨੂੰ ਵਿਨੇਸ਼ ਨੇ ਭਲਵਾਨਾਂ ਦੇ ਪ੍ਰਦਰਸ਼ਨ ਦੌਰਾਨ ਖੁੱਲ੍ਹੇਆਮ ਚੁਣੌਤੀ ਦਿੱਤੀ ਸੀ।
ਟੂਰਨਾਮੈਂਟ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਜੇ ਗੋਂਡਾ ਵਿੱਚ ਉਸ ਨਾਲ ਕੋਈ ਵੀ ਅਣਚਾਹੀ ਘਟਨਾ ਵਾਪਰਦੀ ਹੈ ਤਾਂ ਇਸ ਲਈ ਬ੍ਰਿਜ ਭੂਸ਼ਣ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਜਿਸ ਨਾਲ ਉਸ ਅਤੇ ਕੁਸ਼ਤੀ ਸੰਸਥਾ ਦਰਮਿਆਨ ਤਣਾਅ ਫਿਰ ਤੋਂ ਫੈਲ ਗਿਆ।
ਭਾਰਤੀ ਕੁਸ਼ਤੀ ਸੰਘ (ਡਬਲਿਊਐੱਫਆਈ) ਨੇ ਓਲੰਪਿਕ ਕੁਸ਼ਤੀਬਾਜ਼ ਵਿਨੇਸ਼ ਫੋਗਾਟ ਨੂੰ ਇੱਕ ਸ਼ੋ-ਕਾਜ਼ ਨੋਟਿਸ ਵੀ ਜਾਰੀ ਕੀਤਾ ਸੀ ਅਤੇ ਉਸ ਨੂੰ 26 ਜੂਨ 2026 ਤੱਕ ਸਾਰੀਆਂ ਘਰੇਲੂ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਹੈ।
ਡਬਲਿਊਐੱਫਆਈ ਨੇ ਉਸ 'ਤੇ ਗੰਭੀਰ ਉਲੰਘਣਾਂ ਦੇ ਇਲਜ਼ਾਮ ਲਗਾਏ ਹਨ, ਜਿਨ੍ਹਾਂ ਵਿੱਚ ਪੈਰਿਸ ਓਲੰਪਿਕ ਦੌਰਾਨ ਤੈਅ ਵਜ਼ਨ ਸ਼੍ਰੇਣੀ ਪੂਰੀ ਨਾ ਕਰਨਾ, ਐਂਟੀ-ਡੋਪਿੰਗ ਨਿਯਮਾਂ ਦੀ ਉਲੰਘਣਾ ਅਤੇ ਉਸ ਦੀ ਰਿਟਾਇਰਮੈਂਟ ਤੇ ਵਾਪਸੀ ਨਾਲ ਸੰਬੰਧਿਤ ਨਿਯਮਾਂ ਦੀ ਉਲੰਘਣਾ ਸ਼ਾਮਲ ਹੈ।
ਵਿਨੇਸ਼ ਦੀ ਪ੍ਰਤੀਕਿਰਿਆ
ਡਬਲਿਊਐੱਫਆਈ ਦੇ ਉਸ ਨੋਟਿਸ ਵਿੱਚ ਉਸ ਦੀ ਵਾਪਸੀ ਸੰਬੰਧੀ ਦਿੱਤੀ ਗਈ ਟਾਈਮਲਾਈਨ ਦਾ ਜਵਾਬ ਦਿੰਦਿਆਂ ਵਿਨੇਸ਼ ਨੇ ਆਪਣੇ ਐਕਸ ਹੈਂਡਲ 'ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਕਿਹਾ:
"ਡਬਲਿਊਐੱਫਆਈ ਦੇ ਨੋਟਿਸ ਵਿੱਚ ਦਿੱਤੀ ਗਈ ਤਾਰੀਖ, ਭਾਵ 26 ਜੂਨ 2026 ਦੇ ਉਲਟ, ਮੈਨੂੰ 1 ਜਨਵਰੀ 2026 ਤੋਂ ਅਧਿਕਾਰਤ ਟ੍ਰੇਨਿੰਗ ਅਤੇ ਮੁਕਾਬਲਿਆਂ ਵਿੱਚ ਵਾਪਸੀ ਲਈ ਯੋਗ ਮੰਨਿਆ ਗਿਆ ਹੈ। ਮੈਨੂੰ ਇਸ ਸਬੰਧ ਵਿੱਚ ਇੰਟਰਨੈਸ਼ਨਲ ਟੈਸਟਿੰਗ ਏਜੰਸੀ (ਆਈਟੀਏ) ਤੋਂ ਅਧਿਕਾਰਤ ਪੁਸ਼ਟੀ ਮਿਲੀ ਹੈ, ਜੋ ਕਿ ਅੰਤਰਰਾਸ਼ਟਰੀ ਫੈਡਰੇਸ਼ਨ ਯੂਡਬਲਿਊਡਬਲਿਊ ਵੱਲੋਂ ਨਿਯੁਕਤ ਏਜੰਸੀ ਹੈ ਅਤੇ ਜੋ ਕੁਸ਼ਤੀ ਵਿੱਚ ਡੋਪਿੰਗ ਕੰਟ੍ਰੋਲ ਨੂੰ ਸੰਭਾਲਦੀ ਹੈ।"
"ਇਸ ਲਈ, ਮੈਂ 10–12 ਮਈ 2026 ਨੂੰ ਗੋਂਡਾ ਦੇ ਨੰਦਿਨੀ ਨਗਰ ਵਿੱਚ ਹੋਣ ਵਾਲੇ 2026 ਸੀਨੀਅਰ ਓਪਨ ਰੈਂਕਿੰਗ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਯੋਗ ਹਾਂ।"
2024 ਪੈਰਿਸ ਓਲੰਪਿਕ ਦੀ ਚੋਣ ਟ੍ਰਾਇਲਾਂ ਦੌਰਾਨ ਦੋ ਵਜ਼ਨ ਸ਼੍ਰੇਣੀਆਂ ਵਿੱਚ ਉਸ ਦੀ ਭਾਗੀਦਾਰੀ ਸਬੰਧੀ ਡਬਲਿਊਐੱਫਆਈ ਨੋਟਿਸ ਵਿੱਚ ਲਗਾਏ ਗਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਵਿਨੇਸ਼ ਨੇ ਕਿਹਾ:
"ਉਸ ਸਮੇਂ ਡਬਲਿਊਐੱਫਆਈ ਦੀ ਪ੍ਰਬੰਧਕ ਐਡ-ਹੌਕ ਕਮੇਟੀ ਨੂੰ ਨਿਸ਼ਚਤ ਤੌਰ 'ਤੇ ਮੇਰੀ ਐੱਨਆਈਐੱਸ ਪਟਿਆਲਾ ਵਿੱਚ ਹੋਈ ਚੋਣ ਟ੍ਰਾਇਲਾਂ ਦੌਰਾਨ ਦੋ ਵਜ਼ਨ ਸ਼੍ਰੇਣੀਆਂ ਵਿੱਚ ਭਾਗੀਦਾਰੀ ਬਾਰੇ ਪੂਰੀ ਜਾਣਕਾਰੀ ਸੀ ਅਤੇ ਉਸ ਸਮੇਂ ਉਨ੍ਹਾਂ ਵੱਲੋਂ ਕੋਈ ਇਤਰਾਜ਼ ਨਹੀਂ ਕੀਤਾ ਗਿਆ ਸੀ, ਜਦੋਂ ਮੈਨੂੰ ਇਸ ਦੀ ਆਗਿਆ ਦਿੱਤੀ ਗਈ ਸੀ।"
ਆਲੋਚਕਾਂ ਨੇ ਚੁੱਕੇ ਸਵਾਲ
ਸਾਬਕਾ ਰਾਸ਼ਟਰੀ ਕੁਸ਼ਤੀ ਕੋਚ ਅਤੇ ਭਾਰਤੀ ਕੁਸ਼ਤੀ ਸੰਘ (ਡਬਲਿਊਐੱਫਆਈ) ਦੀ ਕਾਰਜਕਾਰੀ ਕਮੇਟੀ ਦੇ ਸਾਬਕਾ ਮੈਂਬਰ ਪੀਆਰ ਸੋਂਧੀ ਨੇ ਫੈਡਰੇਸ਼ਨ ਦੇ ਨੋਟਿਸ ਦੀ ਟਾਈਮਿੰਗ 'ਤੇ ਸਵਾਲ ਉਠਾਇਆ।
ਉਨ੍ਹਾਂ ਕਿਹਾ, "ਜਦੋਂ ਵਿਨੇਸ਼ ਨੇ ਗੋਂਡਾ ਵਿੱਚ ਹੋਣ ਵਾਲੇ ਨੈਸ਼ਨਲ ਓਪਨ ਰੈਂਕਿੰਗ ਟੂਰਨਾਮੈਂਟ ਦੌਰਾਨ ਆਪਣੀ ਸੁਰੱਖਿਆ ਬਾਰੇ ਚਿੰਤਾ ਜਤਾਈ ਸੀ, ਤਾਂ ਡਬਲਿਊਐੱਫਆਈ ਦੇ ਪ੍ਰਧਾਨ ਸੰਜੈ ਸਿੰਘ ਨੇ ਖੁਦ ਕਿਹਾ ਸੀ ਕਿ ਵੈਨਿਊ ਨਹੀਂ ਬਦਲਿਆ ਜਾਵੇਗਾ।"
"ਉਨ੍ਹਾਂ ਨੇ ਇੱਥੋਂ ਤੱਕ ਆਪਣੀ ਨਿੱਜੀ ਗਾਰੰਟੀ ਵੀ ਦਿੱਤੀ ਸੀ ਕਿ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਮੁਕਾਬਲੇ ਵਿੱਚ ਕੋਈ ਪੱਖਪਾਤ ਨਹੀਂ ਹੋਵੇਗਾ। ਜਦੋਂ ਡਬਲਿਊਐੱਫਆਈ ਦੇ ਪ੍ਰਧਾਨ ਨੇ ਖੁਦ ਉਸ ਦੀ ਭਾਗੀਦਾਰੀ ਬਾਰੇ ਗੱਲ ਕੀਤੀ ਸੀ, ਤਾਂ ਫਿਰ ਇਹ ਛੇ ਮਹੀਨੇ ਵਾਲਾ ਨਿਯਮ ਅਚਾਨਕ ਕਿੱਥੋਂ ਆ ਗਿਆ, ਜੋ ਇਵੈਂਟ ਸ਼ੁਰੂ ਹੋਣ ਤੋਂ ਸਿਰਫ਼ ਕੁਝ ਦਿਨ ਪਹਿਲਾਂ ਨੋਟਿਸ ਵਿੱਚ ਆਇਆ?"
ਉਨ੍ਹਾਂ ਨੇ ਫੈਡਰੇਸ਼ਨ ਦੇ ਅੰਦਰੂਨੀ ਕੰਮਕਾਜ 'ਤੇ ਵੀ ਸਵਾਲ ਉਠਾਇਆ ਹੈ।
ਉਨ੍ਹਾਂ ਨੇ ਕਿਹਾ, "ਕੀ ਫੈਡਰੇਸ਼ਨ ਨੂੰ ਕੋਈ ਹੋਰ ਚਲਾ ਰਿਹਾ ਹੈ ਕਿ ਪ੍ਰਧਾਨ ਨੂੰ ਵੀ ਇਹ ਪਤਾ ਨਹੀਂ ਸੀ ਕਿ ਵਿਨੇਸ਼ ਗੋਂਡਾ ਇਵੈਂਟ ਵਿੱਚ ਹਿੱਸਾ ਲੈਣ ਲਈ ਯੋਗ ਹੈ ਜਾਂ ਨਹੀਂ? ਡਬਲਿਊਐੱਫਆਈ ਨੂੰ ਵੱਡੇ ਦਿਲ ਵਾਲਾ ਰਵੱਈਆ ਦਿਖਾਉਣਾ ਚਾਹੀਦਾ ਹੈ ਅਤੇ ਖਿਡਾਰੀ ਦਾ ਸਮਰਥਨ ਕਰਨਾ ਚਾਹੀਦਾ ਹੈ।"
"ਵਿਨੇਸ਼ ਤਿੰਨ ਵਾਰ ਦੀ ਓਲੰਪਿਅਨ ਹੈ ਅਤੇ ਉਸਨੂੰ ਸਨਮਾਨ ਮਿਲਣਾ ਚਾਹੀਦਾ ਹੈ। ਜੇ ਉਹ ਵਾਪਸੀ ਕਰਨਾ ਚਾਹੁੰਦੀ ਹੈ ਤਾਂ ਫੈਡਰੇਸ਼ਨ ਨੂੰ ਉਸਦਾ ਸਾਥ ਦੇਣਾ ਚਾਹੀਦਾ ਹੈ।"
ਵਿਨੇਸ਼ ਦੀ ਜਨਤਕ ਪਛਾਣ
ਉਹ ਪ੍ਰਦਰਸ਼ਨ ਪਹਿਲਾਂ ਹੀ ਉਸ ਦੀ ਜਨਤਕ ਪਛਾਣ ਨੂੰ ਬਦਲ ਚੁੱਕਿਆ ਸੀ। ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਅਤੇ ਆਪਣੀ ਭੈਣ ਸੰਗੀਤਾ ਫੋਗਾਟ ਦੇ ਨਾਲ ਮਿਲ ਕੇ, ਵਿਨੇਸ਼ ਨੇ ਫੈਡਰੇਸ਼ਨ ਦੀ ਲੀਡਰਸ਼ਿਪ ਦੇ ਖ਼ਿਲਾਫ਼ ਖੜ੍ਹ ਕੇ ਉਸ 'ਤੇ ਸ਼ੋਸ਼ਣ ਅਤੇ ਸੱਤਾ ਦੇ ਦੁਰਵਰਤੋਂ ਦੇ ਇਲਜ਼ਾਮ ਲਗਾਏ ਸਨ।
ਕਈ ਲੋਕ ਮੰਨਦੇ ਹਨ ਕਿ ਉਹ ਲੜਾਈ ਅਜੇ ਵੀ ਉਸ ਦੀ ਵਾਪਸੀ 'ਤੇ ਪਰਛਾਵੇ ਵਾਂਗ ਮੌਜੂਦ ਹੈ।
ਵਿਡੰਬਨਾ ਇਹ ਹੈ ਕਿ ਇਹ ਵਾਪਸੀ ਭਾਰਤੀ ਖੇਡ ਇਤਿਹਾਸ ਦੀ ਸਭ ਤੋਂ ਦਿਲ ਤੋੜ ਦੇਣ ਵਾਲੀਆਂ ਓਲੰਪਿਕ ਕਹਾਣੀਆਂ ਵਿੱਚੋਂ ਇੱਕ ਤੋਂ ਬਾਅਦ ਆ ਰਹੀ ਹੈ।
2016 ਦੇ ਰੀਓ ਓਲੰਪਿਕ ਵਿੱਚ ਕੁਆਰਟਰ ਫਾਈਨਲ ਦੌਰਾਨ ਗੋਡੇ ਦੀ ਗੰਭੀਰ ਸੱਟ ਨੇ ਉਹ ਦੌੜ ਖ਼ਤਮ ਕਰ ਦਿੱਤੀ ਜੋ ਪੱਕੇ ਤੌਰ 'ਤੇ ਤਮਗੇ ਵੱਲ ਵੱਧ ਰਹੀ ਸੀ।
ਟੋਕਿਓ ਵਿੱਚ, ਭਾਰਤ ਦੀ ਸਭ ਤੋਂ ਮਜ਼ਬੂਤ ਤਮਗਾ ਉਮੀਦਵਾਰਾਂ ਵਿੱਚੋਂ ਇੱਕ ਹੋਣ ਦੇ ਬਾਵਜੂਦ ਉਹ ਸ਼ੁਰੂ ਵਿੱਚ ਹੀ ਬਾਹਰ ਹੋ ਗਈ। ਫਿਰ ਆਇਆ ਪੈਰਿਸ 2024, ਜਿਸ ਦਾ ਆਉਣਾ ਮੰਨੋ ਤੈਅ ਸੀ।
ਵਿਨੇਸ਼ ਓਲੰਪਿਕ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਕੁਸ਼ਤੀਬਾਜ਼ ਬਣੀ। ਪਰ ਸੋਨੇ ਦੇ ਤਮਗੇ ਵਾਲੇ ਮੁਕਾਬਲੇ ਦੀ ਸਵੇਰ, ਵਜ਼ਨ ਮਾਪਣ ਦੌਰਾਨ ਥੋੜ੍ਹਾ ਜਿਹਾ ਵੱਧ ਵਜ਼ਨ ਪਾਏ ਜਾਣ ਕਾਰਨ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਉਹ ਬਿਨਾਂ ਤਮਗੇ ਦੇ ਘਰ ਵਾਪਸ ਆਈ।
ਟੁੱਟੇ ਹੋਏ ਮਨੋਬਲ ਵਿੱਚ ਵਿਨੇਸ਼ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ। ਉਸ ਨੇ ਰਾਜਨੀਤੀ ਵਿੱਚ ਕਦਮ ਰੱਖਿਆ, ਕਾਂਗਰਸ ਦੇ ਟਿਕਟ 'ਤੇ ਜੁਲਾਨਾ ਤੋਂ ਹਰਿਆਣਾ ਵਿਧਾਨ ਸਭਾ ਚੋਣ ਜਿੱਤੀ ਅਤੇ ਹਰਿਆਣਾ ਵਿਧਾਨ ਸਭਾ ਵਿੱਚ ਪਹੁੰਚਣ ਵਾਲੀ ਪਹਿਲੀ ਮਹਿਲਾ ਓਲੰਪਿਅਨ ਬਣੀ।
ਪਰ ਸੰਨਿਆਸ ਲੰਮਾ ਨਹੀਂ ਚੱਲਿਆ। ਅਧੂਰਾ ਪਰਿਵਾਰਕ ਮਿਸ਼ਨ ਉਸ ਨੂੰ ਮੁੜ ਮੈਟ 'ਤੇ ਖਿੱਚ ਲੈ ਆਇਆ।
ਉਸ ਦੀ ਵਾਪਸੀ ਨੇ ਇੱਕ ਵੱਡੀ ਕਮੀ ਵੀ ਸਾਹਮਣੇ ਰੱਖੀ ਹੈ, ਭਾਰਤੀ ਕੁਸ਼ਤੀ ਵਿੱਚ ਮਾਂ ਬਣਨ ਤੋਂ ਬਾਅਦ ਵਾਪਸੀ ਲਈ ਕੋਈ ਨੀਤੀ ਨਾ ਹੋਣਾ। ਜਿੱਥੇ ਕਈ ਅੰਤਰਰਾਸ਼ਟਰੀ ਪ੍ਰਣਾਲੀਆਂ ਵਿੱਚ ਬੱਚਾ ਹੋਣ ਤੋਂ ਬਾਅਦ ਰੈਂਕਿੰਗ ਸੁਰੱਖਿਆ ਅਤੇ ਢਾਂਚਾਗਤ ਸਹਾਇਤਾ ਦਿੱਤੀ ਜਾਂਦੀ ਹੈ, ਉੱਥੇ ਵਿਨੇਸ਼ ਨੂੰ ਲਗਭਗ ਸ਼ੁਰੂ ਤੋਂ ਹੀ ਦੁਬਾਰਾ ਸ਼ੁਰੂ ਕਰਨਾ ਪਿਆ ਹੈ।
ਚੁਣੌਤੀਆਂ ਕਾਫ਼ੀ ਵੱਡੀਆਂ ਹਨ। ਉਹ 57 ਕਿਲੋਗ੍ਰਾਮ ਵਰਗ ਵਿੱਚ ਵਾਪਸੀ ਕਰ ਰਹੀ ਹੈ, ਜਿੱਥੇ ਅੰਸ਼ੂ ਮਲਿਕ ਪਹਿਲਾਂ ਹੀ ਭਾਰਤ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਹੈ। ਬੱਚਾ ਹੋਣ ਤੋਂ ਬਾਅਦ ਨਵੇਂ ਵਜ਼ਨ ਵਰਗ ਵਿੱਚ ਮੁਕਾਬਲਾ ਕਰਨਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਵੱਡੀ ਚੁਣੌਤੀ ਹੈ।
ਨਿਯਮਕ ਰੁਕਾਵਟਾਂ ਵੀ ਹਨ। ਵਾਡਾ ਦੇ ਆਰਟੀਕਲ 5.6.1 ਅਨੁਸਾਰ, ਰਜਿਸਟਰਡ ਟੈਸਟਿੰਗ ਪੂਲ ਵਿੱਚ ਸ਼ਾਮਲ ਉਹ ਖਿਡਾਰੀ ਜੋ ਸੰਨਿਆਸ ਲੈ ਕੇ ਮੁੜ ਵਾਪਸੀ ਕਰਦੇ ਹਨ, ਉਨ੍ਹਾਂ ਨੂੰ ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਛੇ ਮਹੀਨੇ ਪਹਿਲਾਂ ਲਿਖਤੀ ਸੂਚਨਾ ਦੇਣੀ ਪੈਂਦੀ ਹੈ।
18 ਦਸੰਬਰ 2025 ਨੂੰ ਆਪਣੀ ਮੌਜੂਦਗੀ ਦੀ ਜਾਣਕਾਰੀ ਨਾ ਦੇਣ ਦੀ ਗ਼ਲਤੀ ਨੇ ਮਾਮਲੇ ਨੂੰ ਹੋਰ ਵੀ ਪੇਚੀਦਾ ਕਰ ਦਿੱਤਾ ਹੈ।
ਫਿਰ ਡਬਲਿਊਐੱਫਆਈ ਦੀ ਏਸ਼ੀਆਈ ਖੇਡਾਂ ਲਈ ਚੋਣ ਨੀਤੀ ਵੀ ਹੈ ਜੋ ਫਰਵਰੀ 2026 ਵਿੱਚ ਐਲਾਨੀ ਗਈ, ਜਦਕਿ ਖੇਡਾਂ ਸਤੰਬਰ ਵਿੱਚ ਹੋਣੀਆਂ ਹਨ। ਇਸ ਵਿੱਚ ਕਿਹਾ ਗਿਆ ਕਿ ਸਿਰਫ਼ ਤਿੰਨ ਖ਼ਾਸ ਟੂਰਨਾਮੈਂਟਾਂ- 2025 ਸੀਨੀਅਰ ਨੈਸ਼ਨਲਜ਼, 2026 ਫੈਡਰੇਸ਼ਨ ਕੱਪ ਅਤੇ 2026 ਅੰਡਰ-20 ਨੈਸ਼ਨਲਜ਼, ਦੇ ਤਮਗਾ ਜੇਤੂ ਹੀ ਟ੍ਰਾਇਲ ਲਈ ਯੋਗ ਹੋਣਗੇ।
ਕਿਉਂਕਿ ਇਸ ਦੌਰਾਨ ਵਿਨੇਸ਼ ਮਾਂ ਬਣਨ ਤੋਂ ਬਾਅਦ ਸਿਹਤਯਾਬ ਹੋ ਰਹੀ ਸੀ, ਇਸ ਲਈ ਉਹ ਇਹ ਮਾਪਦੰਡ ਪੂਰੇ ਨਹੀਂ ਕਰ ਸਕੀ।
ਆਲੋਚਕ ਕਹਿੰਦੇ ਹਨ ਕਿ ਇਹ ਨੀਤੀ ਘੱਟੋ-ਘੱਟ ਇੱਕ ਸਾਲ ਪਹਿਲਾਂ ਐਲਾਨੀ ਚਾਹੀਦੀ ਸੀ ਅਤੇ ਇਸ ਦੇ ਸਮੇਂ 'ਤੇ ਵੀ ਸਵਾਲ ਉਠਾਉਂਦੇ ਹਨ, ਕਿਉਂਕਿ ਵਿਨੇਸ਼ ਸਾਬਕਾ ਵਿਸ਼ਵ ਤਮਗਾ ਜੇਤੂ ਅਤੇ ਕਈ ਵਾਰ ਦੀ ਏਸ਼ੀਆਈ ਖੇਡਾਂ ਦੀ ਤਮਗਾ ਜੇਤੂ ਰਹੀ ਹੈ।
ਫਿਲਹਾਲ, 2026 ਦੀਆਂ ਏਸ਼ੀਆਈ ਖੇਡਾਂ ਉਸ ਦੀ ਪਹੁੰਚ ਤੋਂ ਬਾਹਰ ਲੱਗਦੀਆਂ ਹਨ। ਪਰ 2028 ਲੌਸ ਐਂਜਲਿਸ ਓਲੰਪਿਕ ਅਜੇ ਵੀ ਉਸ ਦੀ ਨਜ਼ਰ ਵਿੱਚ ਹੈ।
ਉਸ ਵੇਲੇ ਉਹ 33 ਸਾਲ ਦੀ ਹੋਵੇਗੀ, ਜੋ ਉੱਚ ਪੱਧਰੀ ਕੁਸ਼ਤੀ ਵਿੱਚ ਅਜੇ ਵੀ ਮੁਕਾਬਲੇਯੋਗ ਉਮਰ ਮੰਨੀ ਜਾਂਦੀ ਹੈ, ਤਿੰਨ ਓਲੰਪਿਕਾਂ ਦਾ ਤਜਰਬਾ ਅਤੇ ਵਾਰ-ਵਾਰ ਡਿੱਗ ਕੇ ਮੁੜ ਖੜ੍ਹ ਹੋਣ ਵਾਲੀ ਹਿੰਮਤ ਦੇ ਨਾਲ।
ਦਹਾਕਿਆਂ ਪਹਿਲਾਂ ਹਰਿਆਣਾ ਦੇ ਇੱਕ ਅਖਾੜੇ ਵਿੱਚ ਸ਼ੁਰੂ ਹੋਇਆ ਓਲੰਪਿਕ ਤਮਗੇ ਦਾ ਸੁਪਨਾ ਅਜੇ ਵੀ ਅਧੂਰਾ ਹੈ ਅਤੇ ਇੱਕ ਵਾਰ ਫਿਰ, ਇਸ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਵਿਨੇਸ਼ ਫੋਗਾਟ 'ਤੇ ਹੈ, ਜੋ ਉਮਰ, ਮਾਂ ਬਣਨ, ਨਿਯਮਾਂ ਅਤੇ ਇੱਕ ਅਜਿਹੀ ਪ੍ਰਣਾਲੀ ਨਾਲ ਲੜ ਰਹੀ ਹੈ ਜਿਸ ਨੂੰ ਉਹ ਮੰਨਦੀ ਹੈ ਕਿ ਕਦੇ ਵੀ ਉਸ ਦੇ ਨਾਲ ਪੂਰੀ ਤਰ੍ਹਾਂ ਨਹੀਂ ਖੜ੍ਹੀ ਹੋਈ।
ਕਦੋਂ-ਕਦੋਂ ਕੀ-ਕੀ ਹੋਇਆ
ਦਸੰਬਰ 2025, ਮਿਸਡ ਟੈਸਟ ਨੋਟਿਸ
ਇੰਟਰਨੈਸ਼ਨਲ ਟੈਸਟਿੰਗ ਏਜੰਸੀ (ਆਈਟੀਏ) ਨੇ ਰਿਪੋਰਟ ਕੀਤਾ ਕਿ ਵਿਨੇਸ਼ ਫੋਗਾਟ ਨੇ 18 ਦਸੰਬਰ 2025 ਨੂੰ ਆਉਟ-ਆਫ-ਕੰਪਟੀਸ਼ਨ ਡੋਪ ਟੈਸਟ ਮਿਸ ਕਰ ਦਿੱਤਾ, ਜੋ 12 ਮਹੀਨਿਆਂ ਵਿੱਚ ਉਸ ਦੀ ਪਹਿਲੀ "ਵੇਅਰਅਬਾਊਟਸ" ਨਾਕਾਮੀ ਸੀ। ਐਂਟੀ-ਡੋਪਿੰਗ ਨਿਯਮਾਂ ਅਨੁਸਾਰ, 12 ਮਹੀਨਿਆਂ ਵਿੱਚ ਇਸ ਤਰ੍ਹਾਂ ਦੀਆਂ ਤਿੰਨ ਨਾਕਾਮੀਆਂ ਮੁਅੱਤਲੀ ਤੱਕ ਲੈ ਜਾ ਸਕਦੀਆਂ ਹਨ।
ਇਸ ਘਟਨਾ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਖੇਡ ਪ੍ਰਣਾਲੀ ਨੂੰ ਪਹਿਲਾਂ ਹੀ ਉਸ ਦੀ ਵਾਪਸੀ ਦੀ ਯੋਜਨਾ ਬਾਰੇ ਪਤਾ ਸੀ, ਕਿਉਂਕਿ ਆਉਟ-ਆਫ-ਕੰਪਟੀਸ਼ਨ ਟੈਸਟ ਦੀ ਕੋਸ਼ਿਸ਼ ਕੀਤੀ ਗਈ ਸੀ।
ਫਰਵਰੀ 2026 — ਇੱਕ ਸੁਵਿਧਾਜਨਕ ਚੋਣ ਨੀਤੀ?
ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਫਰਵਰੀ 2026 ਵਿੱਚ ਆਪਣੀ ਏਸ਼ੀਆਈ ਖੇਡਾਂ ਦੀ ਚੋਣ ਨੀਤੀ ਦਾ ਐਲਾਨ ਕੀਤਾ, ਉਹ ਵੀ ਖੇਡਾਂ ਤੋਂ ਸਿਰਫ਼ ਸੱਤ ਮਹੀਨੇ ਪਹਿਲਾਂ। ਆਮ ਤੌਰ 'ਤੇ ਅਜਿਹੀਆਂ ਨੀਤੀਆਂ ਘੱਟੋ-ਘੱਟ ਇੱਕ ਸਾਲ ਪਹਿਲਾਂ ਆਉਣ ਦੀ ਉਮੀਦ ਕੀਤੀ ਜਾਂਦੀ ਹੈ, ਤਾਂ ਜੋ ਖਿਡਾਰੀ ਆਪਣੇ ਮੁਕਾਬਲੇ ਦੀ ਯੋਜਨਾ ਬਣਾ ਸਕਣ।
ਇਸ ਸਮੇਂ ਨੇ ਤਿੱਖੀ ਆਲੋਚਨਾ ਖਿੱਚੀ। ਵਿਨੇਸ਼ ਲਗਭਗ 18 ਮਹੀਨੇ ਤੱਕ ਰਿਟਾਇਰਮੈਂਟ ਅਤੇ ਮਾਂ ਬਣਨ ਕਾਰਨ ਮੁਕਾਬਲੇ ਤੋਂ ਬਾਹਰ ਰਹੀ ਸੀ, ਜਿਸ ਕਾਰਨ ਉਹ ਯੋਗਤਾ ਮਾਪਦੰਡ ਪੂਰੇ ਨਹੀਂ ਕਰ ਸਕੀ। ਉਸ ਦੇ ਬਾਹਰ ਕੱਢੇ ਜਾਣ ਨੇ ਉਸ ਲਈ ਏਸ਼ੀਆਈ ਖੇਡਾਂ ਵਿੱਚ ਭਾਗ ਲੈਣ ਦਾ ਦਰਵਾਜ਼ਾ ਲਗਭਗ ਬੰਦ ਕਰ ਦਿੱਤਾ, ਜਿੱਥੇ ਇੱਕ ਤਮਗਾ 2028 ਲੌਸ ਐਂਜਲਿਸ ਓਲੰਪਿਕ ਲਈ ਉਸ ਦਾ ਦਾਅਵਾ ਕਾਫ਼ੀ ਮਜ਼ਬੂਤ ਕਰ ਸਕਦਾ ਸੀ।
ਮਈ 2026, ਵੀਡੀਓ ਤੋਂ ਬਾਅਦ ਨੋਟਿਸ
ਮਈ 2026 ਵਿੱਚ, ਕੁਝ ਦਿਨ ਬਾਅਦ ਜਦੋਂ ਵਿਨੇਸ਼ ਨੇ ਮਹਿਲਾ ਕੁਸ਼ਤੀਬਾਜ਼ਾਂ ਦੇ ਪ੍ਰਦਰਸ਼ਨ ਅੰਦੋਲਨ ਨੂੰ ਮੁੜ ਰਾਸ਼ਟਰੀ ਚਰਚਾ ਵਿੱਚ ਲਿਆਉਂਦੀ ਇੱਕ ਜਨਤਕ ਵੀਡੀਓ ਜਾਰੀ ਕੀਤੀ, ਉਸ ਨੂੰ 18 ਦਸੰਬਰ ਵਾਲੀ "ਵੇਅਰਅਬਾਊਟਸ" ਨਾਕਾਮੀ ਸਬੰਧੀ ਅਧਿਕਾਰਤ ਨੋਟਿਸ ਦਿੱਤਾ ਗਿਆ।
ਮਿਸਡ ਟੈਸਟ ਅਤੇ ਨੋਟਿਸ ਦੇ ਵਿਚਕਾਰ ਪੰਜ ਮਹੀਨੇ ਦਾ ਅੰਤਰ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਸੰਬਰ 2025 ਦੇ ਮਾਮਲੇ 'ਤੇ ਕਾਰਵਾਈ ਮਈ 2026 ਵਿੱਚ ਹੀ ਕਿਉਂ ਸਾਹਮਣੇ ਆਈ, ਠੀਕ ਉਸ ਵੇਲੇ ਜਦੋਂ ਉਸ ਦੀ ਵਾਪਸੀ ਮੁੜ ਇੱਕ ਵੱਡਾ ਜਨਤਕ ਮੁੱਦਾ ਬਣ ਰਹੀ ਸੀ?
15 ਸਫ਼ਿਆਂ ਦਾ ਡਬਲਿਊਐੱਫਆਈ ਨੋਟਿਸ:
ਡਬਲਿਊਐੱਫਆਈ ਨੇ ਕਥਿਤ ਤੌਰ 'ਤੇ ਵਿਨੇਸ਼ ਨੂੰ 15 ਸਫ਼ਿਆਂ ਦਾ ਵਿਸਥਾਰਤ ਨੋਟਿਸ ਵੀ ਭੇਜਿਆ, ਜਿਸ ਵਿੱਚ ਪੈਰਿਸ 2024 ਓਲੰਪਿਕ ਦੌਰਾਨ ਉਸ ਦੀ ਅਯੋਗਤਾ ਦੀ ਘਟਨਾ ਅਤੇ ਓਲੰਪਿਕ ਟ੍ਰਾਇਲਾਂ ਦੌਰਾਨ ਦੋ ਵਜ਼ਨ ਵਰਗਾਂ ਵਿੱਚ ਭਾਗ ਲੈਣ ਸਮੇਤ ਕਈ ਮਸਲੇ ਉਠਾਏ ਗਏ।
ਆਲੋਚਕਾਂ ਨੇ ਸਵਾਲ ਕੀਤਾ ਹੈ ਕਿ ਪੈਰਿਸ ਓਲੰਪਿਕ ਨਾਲ ਸੰਬੰਧਤ ਮਸਲੇ ਲਗਭਗ ਦੋ ਸਾਲ ਬਾਅਦ ਦੁਬਾਰਾ ਕਿਉਂ ਉਠਾਏ ਜਾ ਰਹੇ ਹਨ ਅਤੇ ਕੀ ਇਹ ਉਸ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਹੀ ਸਾਹਮਣੇ ਆਏ, ਜਿਸ ਨਾਲ ਉਸ 'ਤੇ ਹੋਰ ਦਬਾਅ ਬਣਿਆ।
ਰਿਟਾਇਰਮੈਂਟ ਤੋਂ ਵਾਪਸੀ ਦਾ ਨਿਯਮ
ਯੂਨਾਈਟਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਦੇ ਐਂਟੀ-ਡੋਪਿੰਗ ਨਿਯਮਾਂ ਦੇ ਆਰਟੀਕਲ 5.7 ਦੇ ਤਹਿਤ, ਡਬਲਿਊਐੱਫਆਈ ਨੇ ਕਿਹਾ ਕਿ ਵਿਨੇਸ਼ 26 ਜੂਨ 2026 ਤੱਕ ਮੁਕਾਬਲੇ ਲਈ ਅਯੋਗ ਰਹੇਗੀ ਅਤੇ ਇਸ ਲਈ ਉਹ ਉਸ ਤਾਰੀਖ ਤੋਂ ਪਹਿਲਾਂ ਦੇਸੀ ਟੂਰਨਾਮੈਂਟਾਂ ਵਿੱਚ ਭਾਗ ਨਹੀਂ ਲੈ ਸਕਦੀ।
ਇਸ ਨਾਲ ਇੱਕ ਸਪੱਸ਼ਟ ਸਵਾਲ ਉੱਠਿਆ, ਜੇਕਰ ਉਹ ਅਯੋਗ ਸੀ, ਤਾਂ ਉਸ ਦੀ ਐਂਟਰੀ ਨੈਸ਼ਨਲ ਓਪਨ ਰੈਂਕਿੰਗ ਟੂਰਨਾਮੈਂਟ ਲਈ ਪਹਿਲਾਂ ਕਿਉਂ ਸਵੀਕਾਰ ਕੀਤੀ ਗਈ?
ਇਸ ਕ੍ਰਮ ਵਿੱਚ ਦੇਰੀ ਨਾਲ ਆਇਆ ਨੋਟਿਸ, ਦੇਰ ਨਾਲ ਆਈ ਚੋਣ ਨੀਤੀ ਅਤੇ ਉਸ ਦੀ ਟੂਰਨਾਮੈਂਟ ਐਂਟਰੀ ਨੂੰ ਪਹਿਲਾਂ ਮਨਜ਼ੂਰ ਕਰਕੇ ਬਾਅਦ ਵਿੱਚ ਸਵਾਲ ਕਰਨਾ ਨੇ ਸਮਾਜ ਦੇ ਇੱਕ ਹਿੱਸੇ ਵਿੱਚ ਇਹ ਧਾਰਨਾ ਹੋਰ ਡੂੰਘੀ ਕਰ ਦਿੱਤੀ ਹੈ ਕਿ ਵਿਨੇਸ਼ ਦੀ ਵਾਪਸੀ ਨੂੰ ਸਿਰਫ਼ ਕੁਸ਼ਤੀ ਮੈਟ ਤੱਕ ਸੀਮਤ ਨਾ ਰਹਿ ਕੇ ਵੱਧ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ