You’re viewing a text-only version of this website that uses less data. View the main version of the website including all images and videos.
ਪੰਜਾਬੀ ਤੋਂ ਬਾਅਦ ਹਰਿਆਣਵੀ ਗੀਤ ਕਿਵੇਂ ਲੋਕਾਂ ਦੀ ਪਸੰਦ ਬਣ ਰਹੇ, ਕੀ ਇਹ ਪੰਜਾਬੀ ਇੰਡਸਟਰੀ ਨੂੰ ਪਿੱਛੇ ਛੱਡ ਦੇਣਗੇ?
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 8 ਮਿੰਟ
ਬਿੱਲਬੋਰਡ ਉੱਤੇ ਪਹਿਲੀ ਥਾਂ ਉੱਤੇ ਪਹੁੰਚਿਆ ਗੀਤ 'ਬੈਰਨ' ਤੇਜ਼ੀ ਨਾਲ ਨਵੇਂ ਮਿਆਰ ਸਿਰਜਦੇ ਹਰਿਆਣਵੀ ਗੀਤਾਂ ਵੱਲ ਆਪਣਾ ਧਿਆਨ ਖਿੱਚਦਾ ਹੈ।
ਚਾਹੇ ਉਹ ਸਪੋਟੀਫਾਈ ਹੋਵੇ ਜਾਂ ਯੂਟਿਊਬ, ਵੱਖ-ਵੱਖ ਪਲੈਟਫਾਰਮਜ਼ ਉੱਤੇ ਭਾਰਤ ਵਿੱਚ ਸਭ ਤੋਂ ਵੱਧ ਸੁਣੇ ਜਾ ਰਹੇ ਗੀਤਾਂ ਵਿੱਚ ਹਰਿਆਣਵੀ ਗੀਤ ਆਪਣੀ ਥਾਂ ਬਣਾ ਰਹੇ ਹਨ।
ਹਰਿਆਣਵੀ ਗੀਤਾਂ ਦੀ ਵੱਧ ਰਹੀ ਮਕਬੂਲੀਅਤ ਇਸਦੇ ਸੰਗੀਤ, ਵੀਡੀਓਜ਼ ਅਤੇ ਗੀਤਕਾਰੀ ਦੇ ਮਿਆਰ ਨੂੰ ਵੀ ਲਗਾਤਾਰ ਬਿਹਤਰ ਬਣਾ ਰਹੀ ਹੈ।
'52 ਗਜ ਕਾ ਦਾਮਨ' ਵਰਗੇ ਹਰਿਆਣਵੀ ਗੀਤਾਂ ਦੇ ਉਭਾਰ ਦੇ ਮੌਜੂਦਾ ਦੌਰ ਵਿੱਚ ਹੁਣ ਹਰ ਨਵੇਂ ਹਰਿਆਣਵੀ ਗੀਤ ਤੋਂ ਕੋਈ ਨਵਾਂ ਰਿਕਾਰਡ ਬਣਾਉਣ ਦੀ ਆਸ ਕੀਤੀ ਜਾਂਦੀ ਹੈ।
ਹਰਿਆਣਾ ਨਾਲ ਜੁੜੇ ਵੱਖ-ਵੱਖ ਕਲਾਕਾਰ ਅਤੇ ਇੰਡਸਟਰੀ ਨਾਲ ਜੁੜੇ ਲੋਕ ਇਹ ਕਹਿੰਦੇ ਆ ਰਹੇ ਹਨ ਕਿ ਪੰਜਾਬੀ ਸੰਗੀਤ ਤੋਂ ਬਾਅਦ ਗਲੋਬਲ ਪੱਧਰ ਉੱਤੇ ਆਪਣਾ ਅੰਦਾਜ਼ ਲੈ ਕੇ ਜਾਣ ਦੀ ਵਾਰੀ ਹੁਣ ਹਰਿਆਣਵੀ ਸੰਗੀਤ ਦੀ ਹੈ।
ਹਰਿਆਣਵੀ ਗੀਤ, ਗੰਨ ਕਲਚਰ ਅਤੇ ਬਿੱਲਬੋਰਡ ਤੱਕ ਦਾ ਸਫ਼ਰ
ਬਿੱਲਬੋਰਡ ਉੱਤੇ ਛਾਇਆ 'ਬੈਰਨ' ਗਾਣਾ 'ਬੰਜਾਰੇ' ਨਾਮ ਹੇਠ ਗਾਉਂਦੇ ਦੋ ਹਰਿਆਣਵੀ ਗਾਇਕਾਂ ਦਾ ਗੀਤ ਹੈ, ਸੁਮਿਤ ਅਤੇ ਅਨੁਜ ਇੰਡੀਪੈਂਡੈਂਟ ਕਲਾਕਾਰ ਹਨ। ਇੱਕ ਮੀਡੀਆ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੋਵਿਡ ਲੌਕਡਾਊਨ ਦੇ ਸਮੇਂ ਹੀ ਪੇਸ਼ੇਵਰ ਗਾਇਕੀ ਸ਼ੁਰੂ ਕੀਤੀ।
ਇਸ ਗੀਤ ਨੂੰ ਖ਼ਾਸ ਇਹ ਗੱਲ ਬਣਾਉਂਦੀ ਹੈ ਕਿ ਇਹ ਪ੍ਰਚਲਿਤ ਗੀਤਾਂ ਨਾਲੋਂ ਵੱਖਰਾ ਹੈ, ਜਿੱਥੇ ਪ੍ਰਚਲਿਤ ਗੀਤਾਂ ਵਿੱਚ ਅਪਰਾਧ, ਬੰਦੂਕਾਂ ਅਤੇ ਹਥਿਆਰਾਂ ਦਾ ਜ਼ਿਕਰ ਆਮ ਹੈ ਉੱਥੇ ਹੀ ਇਸ ਗੀਤ ਦਾ ਵਿਸ਼ਾ ਪਿਆਰ ਅਤੇ ਵਿਛੋੜਾ ਹੈ।
ਹੋਰ ਕਈ ਹਰਿਆਣਵੀ ਗੀਤਾਂ ਨੇ ਵੀ ਕਮਾਲ ਕਰਕੇ ਦਿਖਾਇਆ ਹੈ।
ਸਾਲ 2020 ਵਿੱਚ ਆਏ '52 ਗਜ ਕਾ ਦਾਮਨ' ਗੀਤ ਦੇ ਯੂਟਿਊਬ ਉੱਤੇ 1.7 ਬਿਲੀਅਨ ਵਿਊਜ਼ ਹਨ। ਇਹ ਗੀਤ ਰੇਣੁਕਾ ਪੰਵਾਰ ਨਾਮ ਦੀ ਗਾਇਕਾ ਨੇ ਗਾਇਆ ਹੈ।
ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀ ਅਦਾਕਾਰੀ ਵਾਲਾ ਇੱਕ ਹੋਰ ਗੀਤ 'ਚਟਕ ਮਟਕ' ਵੀ ਉਨ੍ਹਾਂ ਨੇ ਹੀ ਗਾਇਆ ਹੈ ਤੇ ਇਸਦੇ ਵੀ ਇੱਕ ਬਿਲੀਅਨ ਤੋਂ ਵੱਧ ਵਿਊਜ਼ ਹਨ।
ਦਿਲਚਸਪ ਗੱਲ ਇਹ ਵੀ ਹੈ ਕਿ ਇਨ੍ਹਾਂ ਦੋਵੇਂ ਗੀਤਾਂ ਦਾ ਵਿਸ਼ਾ ਔਰਤਾਂ ਅਤੇ ਉਨ੍ਹਾਂ ਦਾ ਪਹਿਰਾਵਾ ਹੈ, ਇਨ੍ਹਾਂ ਗੀਤਾਂ ਵਿੱਚ ਹਰਿਆਣਵੀ ਲੋਕਧਾਰਾ ਦੀ ਵੀ ਝਾਤ ਪੈਂਦੀ ਹੈ।
ਪਰ ਸਾਰੇ ਹਰਿਆਣਵੀ ਗੀਤ ਅਜਿਹੇ ਨਹੀਂ ਹਨ।
ਹਥਿਆਰ, ਮੈਕਸੀਕੋ, ਰਸ਼ੀਆ, ਬੰਡਾਨਾ ਇਹ ਸ਼ਬਦ ਜਿੱਥੇ ਸ਼ੁੱਭ, ਸਿੱਧੂ ਮੂਸੇਵਾਲਾ ਅਤੇ ਪੰਜਾਬੀ ਗਾਇਕਾਂ ਦੇ ਗਾਣਿਆਂ ਵਿੱਚ ਵਾਰ-ਵਾਰ ਸੁਣਨ ਨੂੰ ਮਿਲਦੇ ਹਨ, ਹਰਿਆਣਵੀ ਗੀਤਾਂ ਵਿੱਚ ਵੀ ਇਹੋ ਜਿਹੀ ਸ਼ਬਦਾਵਲੀ ਅਤੇ ਗੈਂਗਸਟਰਨੁਮਾ ਅੰਦਾਜ਼ ਸੁਣਨ ਨੂੰ ਮਿਲਦਾ ਹੈ।
ਹਰਿਆਣਾ ਵਿੱਚ ਵੀ ਕਾਸਟ ਪ੍ਰਾਈਡ (ਜਾਤ ਦਾ ਮਾਣ), ਪੈਸਾ, ਸ਼ੌਹਰਤ ਅਤੇ ਕਾਨੂੰਨ ਪ੍ਰਬੰਧ ਨੂੰ ਹੱਥ ਵਿੱਚ ਲੈਣ ਜਿਹੇ ਵਿਸ਼ਿਆਂ ਉੱਤੇ ਗੀਤਾਂ ਦੀ ਭਰਮਾਰ ਹੈ।
ਹਰਿਆਣਵੀ ਗਾਇਕਾਂ ਦੀ ਸੂਚੀ ਵਿੱਚ ਮਾਸੂਮ ਸ਼ਰਮਾ, ਢਾਂਡਾ ਨਿਓਲੀਵਾਲਾ, ਰੇਣੁਕਾ ਪੰਵਾਰ, ਗੁਲਜ਼ਾਰ ਚੰਨੀਵਾਲਾ, ਆਰਪੀ ਸਿੰਘ ਅਤੇ ਹੋਰ ਕਈ ਨਾਮ ਸ਼ਾਮਲ ਹਨ ਅਤੇ ਇਸ ਸੂਚੀ ਵਿੱਚ ਲਗਾਤਾਰ ਨਵੇਂ ਨਾਮ ਜੁੜ ਰਹੇ ਹਨ।
ਢਾਂਡਾ ਨਿਓਲੀਵਾਲਾ ਦੇ ਅੰਦਾਜ਼ ਨੂੰ ਉਨ੍ਹਾਂ ਦੇ ਫ਼ੈਨਜ਼ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨਾਲ ਵੀ ਜੋੜਕੇ ਦੇਖਦੇ ਹਨ।
ਢਾਂਡਾ ਨਿਓਲੀਵਾਲਾ ਅਤੇ ਹੋਰ ਹਰਿਆਣਵੀ ਗਾਇਕਾਂ ਵੱਲੋਂ ਵੀ ਸਮਾਜਿਕ ਵਿਸ਼ਿਆਂ ਉੱਤੇ ਗੀਤ ਗਾਏ ਜਾ ਚੁੱਕੇ ਹਨ।
ਕੁਝ ਮਹੀਨੇ ਪਹਿਲਾਂ ਹਰਿਆਣਾ ਪੁਲਿਸ ਵੱਲੋਂ 60 ਤੋਂ ਵੱਧ ਹਰਿਆਣਵੀ ਗੀਤਾਂ ਨੂੰ ਹਟਾ ਦਿੱਤਾ ਗਿਆ ਸੀ। ਇਸ ਦਾ ਕਾਰਨ ਇਨ੍ਹਾਂ ਗੀਤਾਂ ਵੱਲੋਂ ਗੰਨ ਕਲਚਰ ਨੂੰ ਪ੍ਰਮੋਟ ਕੀਤਾ ਜਾਣਾ ਦੱਸਿਆ ਗਿਆ ਸੀ।
ਇਸ ਮਗਰੋਂ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਨੇ ਏਐੱਨਆਈ ਖ਼ਬਰ ਏਜੰਸੀ ਨੂੰ ਦੱਸਿਆ ਸੀ ਕਿ ਉਹ ਪਹਿਲਾਂ ਪੰਜਾਬੀ ਗੀਤ ਸੁਣਿਆ ਕਰਦੇ ਸਨ ਜਿਨ੍ਹਾਂ ਵਿੱਚ ਹਥਿਆਰਾਂ ਦਾ ਜ਼ਿਕਰ ਹੁੰਦਾ ਸੀ। ਜੇਕਰ ਇਸ ਤਰ੍ਹਾਂ ਹਰਿਆਣਵੀ ਮਿਊਜ਼ਿਕ ਇੰਡਸਟ੍ਰੀ ਨਾਲ ਹੋਵੇਗਾ ਤਾਂ ਸਾਡੇ ਸਰੋਤੇ ਮੁੜ ਪੰਜਾਬੀ ਗੀਤ ਸੁਣਨ ਲੱਗ ਜਾਣਗੇ।
ਕਿਵੇਂ ਹੋਇਆ ਹਰਿਆਣਵੀ ਸੰਗੀਤ ਦਾ ਉਭਾਰ ?
ਹਰਿਆਣਵੀ ਸੰਗੀਤ ਦੇ ਉਭਾਰ ਦੀਆਂ ਤੰਦਾਂ ਗੁਆਂਢੀ ਸੂਬੇ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਨਾਲ ਵੀ ਜੁੜੀਆਂ ਹੋਈਆਂ ਹਨ।
ਪੰਜਾਬ ਵਿੱਚ ਜਿੱਥੇ ਪਿਛਲੇ ਕਈ ਦਹਾਕਿਆਂ ਤੋਂ ਰਿਕਾਰਡਡ ਮਿਊਜ਼ਿਕ ਟੇਪਸ ਵੀਡੀਓਜ਼ ਦਾ ਰੁਝਾਨ ਰਿਹਾ ਅਤੇ ਫਿਰ ਇਸ ਦੀ ਥਾਂ ਡਿਜੀਟਲ ਨੇ ਲੈ ਲਈ ਪਰ ਜਾਣਕਾਰਾਂ ਮੁਤਾਬਕ ਹਰਿਆਣਾ ਵਿੱਚ ਸੰਗੀਤ ਦੀ ਇਸ ਕਿਸਮ ਦੀ ਵਪਾਰਕਤਾ ਨਵਾਂ ਰੁਝਾਨ ਹੈ।
ਕੁਝ ਸਾਲ ਪਹਿਲਾਂ ਤੱਕ ਹਰਿਆਣਵੀ ਇੰਡਸਟਰੀ ਵਿੱਚ ਲਗਭਗ ਇੱਕੋ ਤਰ੍ਹਾਂ ਦੇ ਗੀਤਾਂ ਅਤੇ ਤਰਜ਼ਾਂ ਦਾ ਹੀ ਦਬਦਬਾ ਸੀ।
2017 ਤੋਂ ਹਰਿਆਣਵੀ ਮਿਊਜ਼ਿਕ ਇੰਡਸਟਰੀ ਨੂੰ ਆਪਣੇ ਪਲੈਟਫਾਰਮ ਲਈ ਕਵਰ ਕਰਦੇ ਆ ਰਹੇ ਪ੍ਰਵੀਨ ਫੋਗਾਟ ਦੱਸਦੇ ਹਨ ਕਿ ਕਰੀਬ 2016 ਤੋਂ ਪਹਿਲਾਂ ਤੱਕ ਕੋਈ ਹਰਿਆਣਵੀ ਮਿਊਜ਼ਿਕ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲੈਂਦਾ ਸੀ।
ਪਰ ਹੁਣ ਡਿਜੀਟਲ ਦੁਨੀਆਂ ਤੱਕ ਪਹੁੰਚ ਬਣਨ ਨਾਲ ਪਿੰਡਾਂ ਅਤੇ ਕਸਬਿਆਂ ਵਿੱਚ ਮਿਊਜ਼ਿਕ ਸਟੂਡੀਓਜ਼ ਪਹੁੰਚ ਗਏ ਹਨ ਅਤੇ ਲੋਕ ਸੰਗੀਤ ਅਤੇ ਹੋਰ ਕੰਟੈਂਟ ਬਣਾ ਰਹੇ ਹਨ।
ਉਹ ਦੱਸਦੇ ਹਨ, "2012 ਤੋਂ 2014 ਤੱਕ ਬਹੁਤ ਘੱਟ ਹਰਿਆਣਵੀ ਗਾਣੇ ਸਨ ਜਿਨ੍ਹਾਂ ਦਾ ਆਪਣਾ ਓਰੀਜਨਲ ਮਿਊਜ਼ਿਕ ਹੁੰਦਾ ਸੀ, ਨਹੀਂ ਤਾਂ ਬਹੁਤਾ ਸੰਗੀਤ ਪੰਜਾਬੀ ਜਾਂ ਸਾਊਥ ਦੇ ਮਿਊਜ਼ਿਕ ਨੂੰ ਰਿਮਿਕਸ ਕਰਕੇ ਹੀ ਬਣਾਇਆ ਜਾਂਦਾ ਸੀ।"
"ਸਭ ਤੋਂ ਪਹਿਲਾਂ ਹਰਿਆਣਾ ਦੇ ਰੋਹਤਕ ਵਿੱਚ ਹੀ ਸਟੂਡੀਓ ਹੁੰਦਾ ਸੀ। ਹੌਲੀ-ਹੌਲੀ ਕੁਝ ਨਵੇਂ ਡਾਇਰੈਕਟਰਜ਼ ਆਏ ਤਾਂ ਮਿਊਜ਼ਿਕ ਵਿੱਚ ਤਜਰਬੇ ਕੀਤੇ ਜਾਣ ਲੱਗੇ। ਇਸ ਦੇ ਨਾਲ ਹੀ ਡਿਜੀਟਲ ਦੌਰ ਆਉਣ ਨਾਲ ਕੁਝ ਗਾਣੇ ਬਾਹਰਲੇ ਸਰੋਤਿਆਂ ਤੱਕ ਪਹੁੰਚੇ। ਗਾਣਿਆਂ ਦੇ ਸਰੋਤੇ ਵਧਣ ਨਾਲ ਨਵਾਂ ਮਿਊਜ਼ਿਕ ਵੀ ਆਇਆ ਅਤੇ ਨਵੇਂ ਗਾਣੇ ਵੀ ਆਏ।"
ਅੱਜ-ਕੱਲ੍ਹ ਮੁਹਾਲੀ ਵਿੱਚ ਰਹਿੰਦੇ ਪ੍ਰਵੀਨ ਦੱਸਦੇ ਹਨ ਕਿ 2016-17 ਤੋਂ ਸੀਮਿਤ ਗਾਣਿਆਂ ਦੀਆਂ ਪਾਏਦਾਰ ਵੀਡੀਓਜ਼ ਵੀ ਬਣਨ ਲੱਗੀਆਂ ਹਾਲਾਂਕਿ 4-5 ਗਾਇਕ ਹੀ ਮੋਹਰੀ ਰਹੇ। 2020 ਵਿੱਚ ਲੌਕਡਾਊਨ ਲੱਗਣ ਤੋਂ ਬਾਅਦ ਪੇਂਡੂ ਹਰਿਆਣਾ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਡਿਜੀਟਲ ਪਲੇਟਫਾਰਮਜ਼ ਨਾਲ ਜੁੜੇ ਜਿਸ ਨੇ ਇੱਥੋਂ ਦੇ ਸੰਗੀਤ ਜਗਤ ਨੂੰ ਵੀ ਹੁਲਾਰਾ ਦਿੱਤਾ।
ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਹਰਿਆਣਾ ਦੀਆਂ ਸਮਾਨਤਾਵਾਂ ਬਾਰੇ ਉਹ ਦੱਸਦੇ ਹਨ, "ਪੰਜਾਬ ਦੇ ਵਾਂਗ ਹੀ ਹਰਿਆਣਾ ਦਾ ਵੀ ਡਾਇਸਪੋਰਾ ਹੈ ਅਤੇ ਆਸਟ੍ਰਲੀਆ, ਕੈਨੇਡਾ, ਯੂਕੇ ਵਿੱਚ ਵੀ ਹਰਿਆਣਵੀ ਗਾਣਿਆਂ ਦੇ ਸਰੋਤੇ ਵਧੇ ਹਨ। ਹਰਿਆਣਵੀ ਕਲਚਰ ਨੂੰ ਮੇਨਸਟ੍ਰੀਮ ਵਿੱਚ ਲਿਆਉਣ ਦਾ ਕੰਮ ਦੰਗਲ, ਸੁਲਤਾਨ ਜਿਹੀਆਂ ਹਿੰਦੀ ਫ਼ਿਲਮਾਂ ਨੇ ਕੀਤਾ। ਉੱਥੇ ਹੀ ਇੱਥੋਂ ਦੇ ਯੂ-ਟਿਊਬਰਜ਼ ਦੀ ਵੀ ਇਸ ਵਿੱਚ ਭੂਮਿਕਾ ਰਹੀ।"
ਪੰਜਾਬੀ ਅਤੇ ਹਰਿਆਣਵੀ ਕਲਾਕਾਰਾਂ ਵਿੱਚ ਕੋਲੈਬਜ਼
ਹਰਿਆਣਵੀ ਗੀਤਾਂ ਦੇ ਕਮਰਸ਼ੀਅਲ ਹੋਣ ਮਗਰੋਂ ਕਈ ਪੰਜਾਬ ਅਧਾਰਤ ਪ੍ਰੋਡਕਸ਼ਨ ਕੰਪਨੀਆਂ ਵੱਲੋਂ ਵੀ ਹਰਿਆਣਾ ਲਈ ਵੱਖਰੇ ਲੇਬਲ ਖੋਲ੍ਹੇ ਜਾ ਚੁੱਕੇ ਹਨ ਜੋ ਲਗਾਤਾਰ ਗੀਤ ਰਿਲੀਜ਼ ਕਰ ਰਹੇ ਹਨ।
ਹਾਲ ਹੀ ਵਿੱਚ ਪੰਜਾਬੀ ਗਾਇਕ ਕਾਕਾ ਨੇ ਵੀ ਹਰਿਆਣਵੀ ਗਾਇਕ ਜੈਰੀ ਨਾਲ ਕੋਲੈਬ ਕਰਕੇ ਗੀਤ ਗਾਇਆ ਹੈ, ਇਹ ਗੀਤ ਅੱਧਾ ਹਰਿਆਣਵੀ ਵਿੱਚ ਹੈ ਤੇ ਅੱਧਾ ਪੰਜਾਬੀ ਵਿੱਚ।
ਹਰਿਆਣਵੀ ਅਤੇ ਪੰਜਾਬੀ ਗਾਇਕਾਂ ਦੇ ਕੋਲੈਬਜ਼ ਬਾਰੇ ਪ੍ਰਵੀਨ ਫੋਗਾਟ ਕਹਿੰਦੇ ਹਨ ਕਿ ਪੰਜਾਬੀ ਸੰਗੀਤ ਆਪਣੇ ਸਿਖ਼ਰ ਦੇ ਨਜ਼ਦੀਕ ਪਹੁੰਚ ਚੁੱਕਾ ਹੈ ਅਤੇ ਹੁਣ ਹਰਿਆਣਵੀ ਗੀਤਾਂ ਦੀ ਵਾਰੀ ਹੈ। ਇਸੇ ਲਈ ਹੋਰ ਕਲਾਕਾਰ ਵੀ ਚਾਹੁੰਦੇ ਹਨ ਕਿ ਉਹ ਹਰਿਆਣਵੀ ਗੀਤਾਂ ਨਾਲ ਜੁੜ ਰਹੇ ਨਵੇਂ ਸਰੋਤਿਆਂ ਨੂੰ ਆਪਣੇ ਵੱਲ ਖਿੱਚ ਸਕਣ।
ਪਿਛਲੇ 10 ਸਾਲਾਂ ਤੋਂ ਹਰਿਆਣਵੀ ਮਿਊਜ਼ਿਕ ਇੰਡਸਟਰੀ ਵਿੱਚ ਕੰਮ ਕਰਦੇ ਆ ਰਹੇ ਕਲਾਕਾਰ ਰਜਤ ਸਿੰਘ ਦਾ ਕਹਿਣਾ ਹੈ ਕਿ ਹੁਣ ਕਲਾਕਾਰਾਂ ਨੂੰ ਵੱਡੇ ਲੇਬਲਜ਼ ਉੱਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੈ ਪਰ ਇਸ ਦੇ ਨਾਲ ਹੀ ਮੁਕਾਬਲੇ ਵਿੱਚ ਵੀ ਵਾਧਾ ਹੋਇਆ ਹੈ।
ਉਹ ਦੱਸਦੇ ਹਨ, "ਹਰਿਆਣਵੀ ਗੀਤ ਕਈ ਵਿਸ਼ਿਆਂ ਉੱਤੇ ਗਾਏ ਜਾ ਰਹੇ ਹਨ, ਪਰ ਗੰਨ ਕਲਚਰ ਜਾਂ ਬਦਮਾਸ਼ੀ ਵਾਲੇ ਗੀਤ ਵੀ ਪ੍ਰਸਿੱਧੀ ਹਾਸਲ ਕਰ ਰਹੇ ਹਨ ਅਤੇ ਟ੍ਰੈਂਡ ਵਿੱਚ ਆ ਰਹੇ ਹਨ ਪਰ ਇਸ ਦੇ ਨਾਲ ਹੀ ਰੋਮਾਂਟਿਕ ਗਾਣੇ ਵੀ ਮਸ਼ਹੂਰ ਹਨ ਅਤੇ ਲੋਕਾਂ ਨੂੰ ਜੋੜ ਰਹੇ ਹਨ।"
ਉਹ ਮੰਨਦੇ ਹਨ ਕਿ ਹਰਿਆਣਵੀ ਸੰਗੀਤ ਵਿੱਚ ਲੋਕ ਗੀਤਾਂ ਅਤੇ ਸੱਭਿਆਚਾਰਕ ਸੰਗੀਤ ਲਈ ਵੀ ਥਾਂ ਹੈ। ਸਾਹਿਤਕ ਲੇਖਣੀ ਵਾਲੇ ਗੀਤ ਵੀ ਹਰਿਆਣਵੀ ਇੰਡਸਟਰੀ ਵਿੱਚ ਹਨ ਪਰ ਉਨ੍ਹਾਂ ਦੇ ਵੱਖਰੇ ਸਰੋਤੇ ਹਨ।
ਹਰਿਆਣਾ ਤੋਂ ਬਾਹਰ ਵੀ ਬਾਲੀਵੁੱਡ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਹਰਿਆਣਵੀ ਗਾਇਕਾਂ ਲਈ ਜਿੱਥੇ ਮੌਕੇ ਵੱਧ ਰਹੇ ਹਨ ਉੱਥੇ ਹੀ ਮੁਕਾਬਲਾ ਅਤੇ ਵਪਾਰਕਤਾ ਵਧਣ ਕਰਕੇ ਚੁਣੌਤੀਆਂ ਵੀ ਹਨ।
'ਹਰਿਆਣਵੀ ਲੋਕ ਗਾਇਕੀ ਦੀਆਂ ਜੜ੍ਹਾਂ'
ਪੰਜਾਬ ਦੇ ਵਾਂਗ ਹੀ ਹਰਿਆਣਾ ਵਿੱਚ ਲੋਕ ਗਾਇਕੀ ਦੀਆਂ ਜੜ੍ਹਾਂ ਡੂੰਘੀਆਂ ਹਨ। ਹਾਲਾਂਕਿ ਪੰਜਾਬ ਵਿੱਚ ਸ਼ੁਰੂਆਤੀ ਸਮੇਂ ਦੀ ਗਾਇਕੀ ਤਵਿਆਂ ਜਾਂ ਕੈਸੇਟਸ ਦੇ ਰੂਪ ਵਿੱਚ ਸਾਂਭੀ ਗਈ ਪਰ ਹਰਿਆਣਾ ਵਿੱਚ ਇਹ ਦੌਰ ਇੰਨਾ ਅਸਰਦਾਰ ਨਹੀਂ ਰਿਹਾ।
ਹਰਿਆਣਾ ਦੀ ਲੋਕ ਗਾਇਕੀ ਨਾਲ ਜੁੜੇ ਵਿਸ਼ੇ ਉੱਤੇ ਖੋਜ-ਕਾਰਜ ਕਰ ਚੁੱਕੇ ਦੇਵੇਂਦਰ ਕੁਮਾਰ ਦੱਸਦੇ ਹਨ, "ਜਦੋਂ ਹਰਿਆਣਾ ਦੀ ਖੇਤੀ ਦੀ ਆਧੁਨਿਕਤਾ ਨਹੀਂ ਹੋਈ ਸੀ ਉਦੋਂ ਕਿਸਾਨ ਜਦੋਂ ਰਾਤਾਂ ਨੂੰ ਖ਼ੇਤਾਂ ਵਿੱਚ ਕੰਮ ਕਰਦੇ ਸਨ ਤਾਂ ਉਹ ਜਿਹੜੇ ਦੋ ਲਾਈਨਾਂ ਦੇ ਗੀਤ ਗਾਉਂਦੇ ਸਨ ਉਨ੍ਹਾਂ ਨੂੰ ਮਲਹੋਰ ਕਿਹਾ ਜਾਂਦਾ ਸੀ, ਉਸ ਵਿੱਚ ਪਿਆਰ ਅਤੇ ਵਿਛੋੜੇ ਦੀ ਗੱਲ ਹੁੰਦੀ ਸੀ ਪਰ ਹੌਲੀ-ਹੌਲੀ ਇਹ ਖ਼ਤਮ ਹੋ ਗਿਆ।"
ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਦੇਵੇਂਦਰ ਕੁਮਾਰ ਅੱਗੇ ਕਹਿੰਦੇ ਹਨ, "ਇਸੇ ਤਰ੍ਹਾਂ ਹਰਿਆਣਵੀ ਔਰਤਾਂ ਦੇ ਵੀ ਵੱਖਰੇ-ਵੱਖਰੇ ਮੌਕਿਆਂ, ਰਸਮਾਂ ਅਤੇ ਰੁੱਤਾਂ ਲਈ ਗੀਤ ਹੁੰਦੇ ਸਨ। ਇਨ੍ਹਾਂ ਗੀਤਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਹਨ ਜਿਵੇਂ ਬੱਚੇ ਦੇ ਜਨਮ ਸਮੇਂ ਗਾਇਆ ਜਾਣ ਵਾਲਾ 'ਜੱਚਾ' ਅਤੇ ਰੋਜ਼ਾਨਾ ਦੇ ਗੀਤ - 'ਜਕੜੀ'।"
ਉਨ੍ਹਾਂ ਅੱਗੇ ਦੱਸਿਆ, "'ਜਕੜੀ' ਗੀਤ ਹਰਿਆਣਵੀ ਔਰਤਾਂ ਦੇ ਰੂਟੀਨ ਦੇ ਗੀਤ ਸਨ ਜਿਸ ਵਿੱਚ ਉਹ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਬਾਰੇ ਆਪਣੀਆਂ ਤਕਲੀਫ਼ਾਂ ਗੀਤਾਂ ਰਾਹੀਂ ਬਿਆਨਦੀਆਂ ਸਨ। ਇਸ ਵਿੱਚ ਉਨ੍ਹਾਂ ਦੀ ਭਾਵਨਾ ਵੀ ਹੁੰਦੀ ਸੀ ਅਤੇ ਰੋਸ ਵੀ ਪਰ ਹੁਣ ਔਰਤਾਂ ਦੀ ਜ਼ਿੰਦਗੀ ਵਿੱਚ ਬਦਲਾਅ ਆਉਣ ਮਗਰੋਂ ਇਹ ਗੀਤ ਲੁਪਤ ਹੋ ਰਹੇ ਹਨ।"
ਉਹ ਦੱਸਦੇ ਹਨ ਕਿ ਹਰਿਆਣਾ ਵਿੱਚ 'ਰਾਂਝਾ' ਵੀ ਗਾਇਆ ਜਾਂਦਾ ਸੀ ਅਤੇ ਇਹ ਮੰਨਿਆ ਜਾਂਦਾ ਸੀ ਕਿ ਇਸ ਨੂੰ ਗਾਉਣ ਨਾਲ ਪਸ਼ੂ ਠੀਕ ਹੋ ਜਾਂਦੇ ਹਨ। ਉਹ ਦੱਸਦੇ ਹਨ ਕਿ ਇਹ ਕਿੱਸਾ ਪੰਜਾਬੀ ਵਿੱਚ ਵੱਖ-ਵੱਖ ਲਿਖ਼ਾਰੀਆਂ ਵੱਲੋਂ ਲਿਖੇ ਗਏ 'ਹੀਰ' ਦੇ ਕਿੱਸੇ ਨਾਲ ਮੇਲ ਖਾਂਦਾ ਸੀ।
ਦਿੱਲੀ ਦੇ ਕਮਲਾ ਨਹਿਰੂ ਕਾਲਜ ਵਿੱਚ ਇਤਿਹਾਸ ਪੜ੍ਹਾਉਂਦੇ ਨਰੇਸ਼ ਕੁਮਾਰ ਦੱਸਦੇ ਹਨ, "ਹਰਿਆਣਾ ਵਿੱਚ ਪਿਛਲੀ ਸਦੀ ਵਿੱਚ ਹੋਏ ਕਵੀ ਪੰਡਿਤ ਲਖਮੀ ਚੰਦ ਆਪਣੀ ਰਾਗਿਨੀ (ਹਰਿਆਣਵੀ ਲੋਕ ਗੀਤ) ਲਈ ਕਾਫ਼ੀ ਮੰਨੇ ਜਾਂਦੇ ਹਨ। ਹਰਿਆਣਾ ਵਿੱਚ ਮਹਾਭਾਰਤ ਨਾਲ ਜੁੜੀਆਂ ਥਾਵਾਂ ਹੋਣ ਕਰਕੇ ਇੱਥੇ ਕ੍ਰਿਸ਼ਨ ਭਗਵਾਨ ਨਾਲ ਜੁੜੇ ਗੀਤ ਵੀ ਕਾਫੀ ਗਾਏ ਜਾਂਦੇ ਹਨ।"
ਉਹ ਦੱਸਦੇ ਹਨ ਕਿ ਹਰਿਆਣਾ ਦੇ ਗੀਤਾਂ ਵਿੱਚ ਵੀ ਉਹੀ ਤਬਦੀਲੀਆਂ ਹੋਈਆਂ ਜੋ 1990ਵਿਆਂ ਤੋਂ ਪੰਜਾਬੀ ਗਾਣਿਆਂ ਵਿੱਚ ਹੋਈਆਂ ਅਤੇ ਗੀਤਾਂ ਵਿੱਚ ਜਾਤ, ਹਥਿਆਰਾਂ ਅਤੇ ਪੈਸੇ ਦਾ ਬੋਲਬਾਲਾ ਵਧਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ