You’re viewing a text-only version of this website that uses less data. View the main version of the website including all images and videos.
ਅੱਜ ਦੇ ਮਾਪੇ ਪੁਰਾਣੇ ਸਮਿਆਂ ਦੇ ਮਾਪਿਆਂ ਨਾਲੋਂ ਵੱਧ ਥੱਕਿਆ ਕਿਉਂ ਮਹਿਸੂਸ ਕਰਦੇ ਹਨ, ਸਾਨੂੰ ਆਪਣੇ ਪੁਰਖ਼ਿਆਂ ਤੋਂ ਕੀ ਸਿੱਖਣ ਦੀ ਲੋੜ
- ਲੇਖਕ, ਅਮਾਂਡਾ ਰੁੱਗੇਰੀ
- ਰੋਲ, ਬੀਬੀਸੀ ਨਿਊਜ਼
- ਪੜ੍ਹਨ ਦਾ ਸਮਾਂ: 12 ਮਿੰਟ
ਪੁਰਾਣੇ ਸਮਿਆਂ ਵਿੱਚ ਮਾਪੇ ਸ਼ਾਇਦ ਨੀਂਦ ਘੱਟ ਹੋਣ ਕਾਰਨ ਇੰਨਾ ਨਹੀਂ ਥੱਕਦੇ ਸਨ। ਇਸ ਕਰਕੇ ਕੁਝ ਵਿਗਿਆਨੀ ਅੱਜ ਦੇ ਨਵੇਂ ਮਾਪਿਆਂ ਲਈ ਨੀਂਦ ਲੈਣ ਬਾਰੇ ਮੁੜ ਵਿਚਾਰ ਕਰ ਰਹੇ ਹਨ।
ਮਾਪੇ ਹੋਣਾ ਕਿੰਨਾ ਥਕਾਉਂਦਾ ਹੈ? ਜਦੋਂ ਇੱਕ ਵਿਅਕਤੀ ਨੇ ਇਹ ਸਵਾਲ ਰੈਡਿਟ ਦੇ ਮਾਪਿਆਂ ਵਾਲੇ ਫੋਰਮ 'ਤੇ ਪੁੱਛਿਆ, ਤਾਂ 400 ਤੋਂ ਵੱਧ ਜਵਾਬ ਆ ਗਏ ।
"ਬਹੁਤ ਜ਼ਿਆਦਾ। ਇਹ ਬਹੁਤ ਹੀ ਥਕਾਉਂਦਾ ਹੈ ਅਤੇ ਇਹ ਸੱਚਮੁੱਚ ਲਗਾਤਾਰ ਹੁੰਦਾ ਹੈ," ਇਹ ਇੱਕ ਵਿਅਕਤੀ ਨੇ ਲਿਖਿਆ, ਅਤੇ ਇਹੀ ਗੱਲ ਕਈ ਹੋਰ ਲੋਕਾਂ ਨੇ ਵੀ ਕਹੀ।
ਅੱਜਕੱਲ੍ਹ ਮਾਪੇ ਬਹੁਤ ਜ਼ਿਆਦਾ ਥੱਕੇ ਹੋਏ ਕਿਉਂ ਮਹਿਸੂਸ ਕਰਦੇ ਹਨ, ਇਸ ਦੇ ਕਈ ਕਾਰਨ ਹਨ ਅਤੇ ਇਹ ਸਾਰੇ ਨੀਂਦ ਨਾਲ ਹੀ ਸੰਬੰਧਿਤ ਨਹੀਂ ਹਨ।
ਮਿਸਾਲ ਵਜੋਂ, ਕਈ ਪਰਿਵਾਰ ਆਪਣੇ ਬੱਚਿਆਂ ਨੂੰ ਸਮੁਦਾਇਕ ਸਹਾਇਤਾ ਤੋਂ ਬਿਨਾਂ ਪਾਲਦੇ ਹਨ, ਜਦਕਿ ਮਾਪਿਆਂ ਨੂੰ ਅਕਸਰ ਕੰਮ ਅਤੇ ਬੱਚਿਆਂ ਦੀ ਦੇਖਭਾਲ ਦੋਵੇਂ ਇਕੱਠੇ ਸੰਭਾਲਣੇ ਪੈਂਦੇ ਹਨ।
ਇਸਦੇ ਨਾਲ ਹੀ, ਬੱਚੇ ਹੋਣ ਤੋਂ ਬਾਅਦ ਕਈ ਦੇਖਭਾਲ ਕਰਨ ਵਾਲਿਆਂ ਦੀ ਨੀਂਦ ਬਦਲ ਜਾਂਦੀ ਹੈ, ਭਾਵੇਂ ਇਹ ਰਾਤ ਨੂੰ ਬੱਚੇ ਨੂੰ ਦੁੱਧ ਪਿਆਉਣ ਕਾਰਨ ਹੋਵੇ ਜਾਂ ਛੋਟੇ ਬੱਚਿਆਂ ਦੇ ਸਵੇਰੇ 5 ਵਜੇ ਉੱਠ ਜਾਣ ਦੀ ਆਦਤ ਕਾਰਨ।
ਜਦਕਿ ਮਨੁੱਖਾਂ ਹੋਂਦ ਕਾਰਨ ਹੀ ਅਸੀਂ ਮਾਪੇ ਬਣਦੇ ਆ ਰਹੇ ਹਾਂ, ਇਸ ਕਰਕੇ ਇਹ ਸੋਚਣਾ ਸਧਾਰਣ ਲੱਗ ਸਕਦਾ ਹੈ ਕਿ ਮਾਪੇ ਹਜ਼ਾਰਾਂ ਸਾਲਾਂ ਤੋਂ ਨੀਂਦ ਦੀ ਘਾਟ ਦਾ ਸ਼ਿਕਾਰ ਰਹੇ ਹੋਣਗੇ।
ਪਰ ਜੋ ਸਬੂਤ ਸਾਡੇ ਕੋਲ ਹਨ, ਉਹ ਦਿਖਾਉਂਦੇ ਹਨ ਕਿ ਇਹ ਸ਼ਾਇਦ ਸਹੀ ਨਹੀਂ ਹੈ। ਤਾਂ ਫਿਰ ਸਾਡੇ ਪੁਰਖੇ ਕੀ ਅਜਿਹਾ ਵੱਖਰਾ ਕਰਦੇ ਸਨ ਅਤੇ ਕੀ ਅਸੀਂ ਉਨ੍ਹਾਂ ਤੋਂ ਕੁਝ ਸਿੱਖ ਸਕਦੇ ਹਾਂ?
ਮਾਪਿਆਂ ਨੂੰ ਅਸਲ ਵਿੱਚ ਕਿੰਨੀ ਨੀਂਦ ਮਿਲਦੀ ਹੈ?
ਰੋਜ਼ਾਨਾ ਗੱਲਬਾਤ ਵਿੱਚ, ਮਾਪੇ ਬਣਨਾ ਅਤੇ ਨੀਂਦ ਦੀ ਘਾਟ ਨੂੰ ਇੱਕੋ ਜਿਹਾ ਮੰਨਿਆ ਜਾਂਦਾ ਹੈ। ਪਰ ਬੱਚਾ ਹੋਣ ਤੋਂ ਬਾਅਦ ਮਾਪੇ ਅਸਲ ਵਿੱਚ ਕਿੰਨੀ ਨੀਂਦ ਗੁਆਉਂਦੇ ਹਨ, ਇਸ ਬਾਰੇ ਸਬੂਤ ਮਿਲੇ-ਜੁਲੇ ਹਨ ਅਤੇ ਇਹ ਸੱਭਿਆਚਾਰ 'ਤੇ ਨਿਰਭਰ ਕਰਦਾ ਹੈ।
ਉਦਾਹਰਨ ਲਈ, ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਜਰਮਨੀ ਵਿੱਚ ਪਹਿਲੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਨੂੰ ਜਿੰਨੀ ਨੀਂਦ ਉਨ੍ਹਾਂ ਨੂੰ ਗਰਭ ਧਾਰਨ ਤੋਂ ਪਹਿਲਾਂ ਮਿਲਦੀ ਸੀ, ਉਸ ਦੇ ਮੁਕਾਬਲੇ ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਤਿੰਨ ਮਹੀਨਿਆਂ ਵਿੱਚ ਹਰ ਰਾਤ ਔਸਤਨ ਇੱਕ ਘੰਟਾ ਘੱਟ ਨੀਂਦ ਮਿਲਦੀ ਹੈ।
ਉੱਥੇ ਹੀ ਪਿਤਾ ਨੂੰ ਲਗਭਗ ਇੱਕ ਤਿਹਾਈ ਘੰਟਾ ਘੱਟ ਨੀਂਦ ਮਿਲਦੀ ਹੈ। ਹਾਲਾਂਕਿ ਤਿੰਨ ਮਹੀਨਿਆਂ ਤੋਂ ਬਾਅਦ ਨੀਂਦ ਕੁਝ ਵੱਧ ਜਾਂਦੀ ਹੈ, ਪਰ ਛੇ ਸਾਲਾਂ ਬਾਅਦ ਵੀ ਦੋਵੇਂ ਮਾਪੇ ਆਪਣੀ ਪਹਿਲਾਂ ਵਾਲੀ ਨੀਂਦ ਪੂਰੀ ਤਰ੍ਹਾਂ ਵਾਪਸ ਨਹੀਂ ਲੈ ਸਕਦੇ।
ਪਰ ਜਨਮ ਤੋਂ ਬਾਅਦ ਦੇ ਸਮੇਂ ਵਿੱਚ ਮਾਪਿਆਂ ਅਤੇ ਆਮ ਲੋਕਾਂ ਵਿਚਕਾਰ ਫਰਕ ਉਨ੍ਹਾਂ ਵੱਡਾ ਨਹੀਂ ਹੁੰਦਾ ਜਿੰਨਾ ਤੁਸੀਂ ਸੋਚ ਸਕਦੇ ਹੋ।
ਲਗਭਗ 40,000 ਲੋਕਾਂ ਦੀ ਸ਼ਮੂਲੀਅਤ ਵਾਲੇ ਜਰਮਨੀ ਦੇ ਇਸ ਅਧਿਐਨ ਵਿੱਚ ਦੇਖਿਆ ਗਿਆ ਕਿ ਜਿਨ੍ਹਾਂ ਮਾਪਿਆਂ ਦੇ ਘੱਟੋ-ਘੱਟ ਇੱਕ ਬੱਚਾ ਛੇ ਸਾਲ ਤੋਂ ਛੋਟਾ ਸੀ, ਉਹ ਹਰ ਰਾਤ ਲਗਭਗ ਸੱਤ ਘੰਟੇ ਸੌਂਦੇ ਸਨ।
ਆਮ ਲੋਕਾਂ ਵਿੱਚ ਔਰਤਾਂ ਲਈ ਕੇਵਲ 10 ਮਿੰਟ ਅਤੇ ਮਰਦਾਂ ਲਈ 14 ਮਿੰਟ ਵੱਧ ਨੀਂਦ ਮਿਲਦੀ ਸੀ।
ਇਸਦੇ ਨਾਲ ਹੀ, 2024 ਵਿੱਚ ਅਮਰੀਕਾ ਵਿੱਚ ਕੀਤੇ ਇੱਕ ਸਰਵੇਖਣ ਦੇ ਅੰਕੜਿਆਂ ਨੇ ਦਿਖਾਇਆ ਕਿ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਮਾਪੇ ਔਸਤਨ ਹਰ ਰਾਤ ਅੱਠ ਤੋਂ ਨੌਂ ਘੰਟੇ ਬਿਸਤਰੇ ਵਿੱਚ ਰਹਿੰਦੇ ਹਨ, ਜੋ ਸਿਫਾਰਸ਼ੀ ਹੱਦ ਵਿੱਚ ਆਉਂਦਾ ਹੈ।
ਇਸੇ ਤਰ੍ਹਾਂ, ਫਰਾਂਸ ਵਿੱਚ 36 ਮਹੀਨਿਆਂ ਤੱਕ 400 ਤੋਂ ਵੱਧ ਜੋੜਿਆਂ 'ਤੇ ਕੀਤੇ ਅਧਿਐਨ ਮੁਤਾਬਕ, ਮਾਤਾ ਅਤੇ ਪਿਤਾ ਦੋਵੇਂ ਹਰ ਸਮੇਂ ਔਸਤਨ ਅੱਠ ਘੰਟੇ ਜਾਂ ਇਸ ਤੋਂ ਵੱਧ ਨੀਂਦ ਲੈਂਦੇ ਸਨ (ਹਾਲਾਂਕਿ ਕੁਝ ਲੋਕ ਹਰ ਰਾਤ ਸਿਰਫ਼ 4.25 ਘੰਟੇ ਹੀ ਸੌਂਦੇ ਸਨ, ਜਦਕਿ ਕੁਝ 12 ਘੰਟੇ ਤੱਕ ਵੀ ਸੌਂਦੇ ਸਨ)।
ਬੇਸ਼ਕ, ਇਹ ਜ਼ਿਆਦਾਤਰ ਲੋਕਾਂ ਵੱਲੋਂ ਦਿੱਤੀ ਜਾਣਕਾਰੀ 'ਤੇ ਆਧਾਰਿਤ ਹੈ, ਇਸ ਲਈ ਲੋਕ ਆਪਣੀ ਨੀਂਦ ਦਾ ਸਮਾਂ ਵੱਧ ਜਾਂ ਘੱਟ ਦੱਸ ਸਕਦੇ ਹਨ, ਜਿਵੇਂ ਕਿ ਉਹ ਗਿਣਤੀ ਉਸ ਵੇਲੇ ਤੋਂ ਕਰਦੇ ਹਨ ਜਦੋਂ ਉਹ ਬਿਸਤਰੇ 'ਤੇ ਗਏ, ਨਾ ਕਿ ਜਦੋਂ ਉਹ ਅਸਲ ਵਿੱਚ ਸੁੱਤੇ।
ਕੁੱਲ ਮਿਲਾ ਕੇ ਇਹ ਦਿਖਾਉਂਦਾ ਹੈ ਕਿ ਕਈ ਮਾਪੇ ਠੀਕ-ਠਾਕ ਨੀਂਦ ਲੈ ਰਹੇ ਹਨ, ਪਰ ਹਰ ਕਿਸੇ ਦੀ ਨੀਂਦ ਇੱਕੋ ਜਿਹੀ ਨਹੀਂ ਹੁੰਦੀ। ਜਦੋਂ ਵਿਗਿਆਨੀ ਅੱਜ ਦੇ ਸ਼ਿਕਾਰੀ ਸੰਗ੍ਰਹੀ ਸਮਾਜ (ਸ਼ਿਕਾਰ ਕਰਕੇ ਜੀਵਨ ਬਿਤਾਉਣ ਵਾਲੇ ਸਮਾਜਾਂ) ਦੇ ਨੀਂਦ ਦੇ ਤਰੀਕੇ ਵੇਖਦੇ ਹਨ, ਜਿਸ ਨਾਲ ਪਤਾ ਲੱਗਦਾ ਹੈ ਕਿ ਸਾਡੇ ਪੁਰਖੇ ਕਿਵੇਂ ਜੀਉਂਦੇ ਹੋਣਗੇ ਤਾਂ ਨਤੀਜੇ ਵੀ ਲਗਭਗ ਇਸੇ ਤਰ੍ਹਾਂ ਦੇ ਵੱਖਰੇ ਹੁੰਦੇ ਹਨ।
ਉਦਾਹਰਨ ਵਜੋਂ, ਤਿੰਨ ਅਜਿਹੇ ਸਮਾਜਾਂ ਦੇ ਇੱਕ ਅਧਿਐਨ ਵਿੱਚ ਮਿਲਿਆ ਕਿ ਵੱਡੇ ਲੋਕ (ਮਾਪਿਆਂ ਸਮੇਤ) ਰਾਤ ਨੂੰ 6.9 ਤੋਂ 8.5 ਘੰਟੇ ਤੱਕ ਬਿਸਤਰੇ ਵਿੱਚ ਰਹਿੰਦੇ ਸਨ। ਪਰ ਕਿਉਂਕਿ ਉਹ ਵਿੱਚ-ਵਿੱਚ ਜਾਗ ਜਾਂਦੇ ਸਨ, ਇਸ ਲਈ ਅਸਲ ਵਿੱਚ ਉਹ 5.7 ਤੋਂ 7.1 ਘੰਟੇ ਹੀ ਸੌਂਦੇ ਸਨ।
ਪਰ ਮਹੱਤਵਪੂਰਨ ਗੱਲ ਇਹ ਹੈ ਕਿ ਉਦਯੋਗਿਕ ਸਮਾਜਾਂ ਵਿੱਚ ਆਧੁਨਿਕ ਮਾਪੇ ਲਗਾਤਾਰ ਆਪਣੇ ਆਪ ਨੂੰ ਸ਼ਿਕਾਰੀ ਸਮਾਜਾਂ ਦੇ ਲੋਕਾਂ ਨਾਲੋਂ ਕਾਫ਼ੀ ਵੱਧ ਥੱਕਿਆ ਹੋਇਆ ਦੱਸਦੇ ਹਨ। ਵਿਗਿਆਨੀ ਇਸ ਗੱਲ ਦਾ ਕਾਰਨ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।
ਨੀਂਦ ਬਾਰੇ ਸੋਚ
ਸ਼ਿਕਾਰੀ-ਸੰਗ੍ਰਹੀ ਸਮਾਜਾਂ ਵਿੱਚ ਲਗਭਗ ਸਾਰੇ ਬਾਲਗ਼, ਜਿਨ੍ਹਾਂ ਵਿੱਚ ਕਈ ਮਾਪੇ ਵੀ ਸ਼ਾਮਲ ਹੁੰਦੇ ਹਨ, ਕਹਿੰਦੇ ਹਨ ਕਿ ਉਹ ਆਪਣੀ ਨੀਂਦ ਨਾਲ ਕਾਫ਼ੀ ਸੰਤੁਸ਼ਟ ਹਨ।
ਇਹ ਗੱਲ ਵਿਕਾਸੀ ਮਨੁੱਖ ਵਿਗਿਆਨੀ ਡੇਵਿਡ ਸੈਮਸਨ ਦੱਸਦੇ ਹਨ, ਜੋ ਟੋਰਾਂਟੋ ਯੂਨੀਵਰਸਿਟੀ ਦੀ ਸਲੀਪ ਐਂਡ ਹਿਊਮਨ ਇਵੋਲੂਸ਼ਨ ਲੈਬ ਦੇ ਡਾਇਰੈਕਟਰ ਹਨ ਅਤੇ "ਦਿ ਸਲੀਪਲੈਸ ਏਪ: ਦਿ ਸਟ੍ਰੇਂਜ ਐਂਡ ਅਨਐਕਸਪੈਕਟਡ ਸਟੋਰੀ ਆਫ ਹਾਉ ਸੋਸ਼ਲ ਸਲੀਪ ਮੇਡ ਅਸ ਹਿਊਮਨ" ਦੇ ਲੇਖਕ ਵੀ ਹਨ।
ਸੈਮਸਨ ਨੇ ਉੱਤਰੀ ਤਨਜ਼ਾਨੀਆ ਦੇ ਹਡਜ਼ਾ ਸਮਾਜ ਨਾਲ ਤਿੰਨ ਮਹੀਨੇ ਰਹਿ ਕੇ ਉਨ੍ਹਾਂ ਦੀ ਨੀਂਦ ਦਾ ਅਧਿਐਨ ਕੀਤਾ। ਉਹ ਕਹਿੰਦੇ ਹਨ, "ਜਦੋਂ ਤੁਸੀਂ ਹਡਜ਼ਾ ਲੋਕਾਂ ਨੂੰ ਪੁੱਛਦੇ ਹੋ, 'ਤੁਹਾਡੀ ਨੀਂਦ ਚੰਗੀ ਹੈ ਜਾਂ ਮਾੜੀ?', ਤਾਂ ਉਹ ਕਹਿੰਦੇ ਹਨ 'ਚੰਗੀ ਹੈ'।"
ਇਸਦੇ ਉਲਟ, ਜਦੋਂ ਆਧੁਨਿਕ ਉਦਯੋਗਿਕ ਸਮਾਜਾਂ ਦੇ ਮਾਪਿਆਂ ਤੋਂ ਉਨ੍ਹਾਂ ਦੀ ਨੀਂਦ ਦੀ ਗੁਣਵੱਤਾ ਬਾਰੇ ਪੁੱਛਿਆ ਜਾਂਦਾ ਹੈ, ਤਾਂ ਉਹ ਆਮ ਤੌਰ 'ਤੇ ਘੱਟ ਅੰਕ ਦਿੰਦੇ ਹਨ।
ਉਦਾਹਰਨ ਲਈ, ਜਰਮਨੀ ਦੇ ਅਧਿਐਨ ਵਿੱਚ ਮਾਵਾਂ ਨੇ ਆਪਣੀ ਨੀਂਦ ਨੂੰ 0 ਤੋਂ 10 ਦੇ ਪੈਮਾਨੇ 'ਤੇ 6.57 ਅੰਕ ਦਿੱਤੇ, ਜਦਕਿ ਪਿਤਾ ਨੇ 7.03। ਫਰਾਂਸ ਦੇ ਅਧਿਐਨ ਵਿੱਚ ਤਿੰਨ ਮਹੀਨੇ ਦੇ ਬੱਚਿਆਂ ਦੀਆਂ ਮਾਵਾਂ ਵਿੱਚੋਂ ਲਗਭਗ ਤਿੰਨ-ਚੌਥਾਈ ਨੇ ਕਿਹਾ ਕਿ ਉਨ੍ਹਾਂ ਨੂੰ ਲੋੜੀਂਦੀ ਨੀਂਦ ਨਹੀਂ ਮਿਲੀ।
ਇਹ ਗੱਲ ਨਹੀਂ ਕਿ ਆਧੁਨਿਕ ਮਾਪਿਆਂ ਦੀ ਜਾਗ ਜ਼ਿਆਦਾ ਵਾਰ ਖੁੱਲ੍ਹਦੀ ਹੈ। ਸੈਮਸਨ ਅਤੇ ਹੋਰਾਂ ਦੀ ਖੋਜ ਦਿਖਾਉਂਦੀ ਹੈ ਕਿ ਸ਼ਿਕਾਰੀ-ਸੰਗ੍ਰਹੀ ਸਮਾਜਾਂ ਦੇ ਲੋਕਾਂ ਦੀ ਅਕਸਰ ਰਾਤ ਨੂੰ ਸਾਡੇ ਨਾਲੋਂ ਵੱਧ ਅੱਖ ਖੁੱਲ੍ਹਦੀ ਹੈ।
ਯੂਕੇ ਦੇ ਡਰਹਾਮ ਇਨਫੈਂਸੀ ਐਂਡ ਸਲੀਪ ਸੈਂਟਰ ਦੀ ਡਾਇਰੈਕਟਰ ਹਨ ਅਤੇ "ਹਾਉ ਬੇਬੀਜ਼ ਸਲੀਪ: ਏ ਫੈਕਟਫੁਲ ਗਾਈਡ ਟੂ ਦਿ ਫਰਸਟ 365 ਡੇਜ਼ ਐਂਡ ਨਾਈਟਸ" ਕਿਤਾਬ ਦੀ ਲੇਖਿਕਾ ਹੇਲਨ ਬਾਲ ਦਾ ਕਹਿਣਾ ਹੈ ਕਿ ਇਸਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਅਸੀਂ "ਲਗਾਤਾਰ ਨੀਂਦ" ਦੇ ਵਿਚਾਰ 'ਤੇ ਧਿਆਨ ਨਹੀਂ ਦਿੰਦੇ ਸੀ।
ਇਹ ਵਿਚਾਰ ਅਜੇ ਵੀ ਦੁਨੀਆ ਭਰ ਵਿੱਚ ਇਕਸਾਰ ਨਹੀਂ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਮੈਕਸੀਕੋ ਦੇ ਦੋ ਪਿੰਡਾਂ ਅਤੇ ਮੈਕਸੀਕੋ ਸਿਟੀ ਵਿੱਚ ਕਿਸ਼ੋਰਾਂ ਦੀ ਨੀਂਦ ਦੀ ਤੁਲਨਾ ਕੀਤੀ। ਪਿੰਡਾਂ ਵਿੱਚ "ਇੱਕ ਹੀ ਵਾਰ ਲੰਮੀ ਨੀਂਦ ਸੌਣਾ" ਵਾਲਾ ਵਿਚਾਰ ਅਣਜਾਣ ਸੀ, ਜਦਕਿ ਮੈਕਸੀਕੋ ਸਿਟੀ ਵਿੱਚ ਇਹ ਜਾਣਿਆ-ਪਛਾਣਿਆ ਸੀ।
ਸਾਡੇ ਪੁਰਖਿਆਂ ਨੂੰ ਸ਼ਾਇਦ ਲਗਾਤਾਰ ਡੂੰਘੀ ਨੀਂਦ ਦੀ ਇੰਨੀ ਲੋੜ ਨਹੀਂ ਸੀ। ਹੇਲਨ ਬਾਲ ਕਹਿੰਦੇ ਹਨ, "ਉਨ੍ਹਾਂ 'ਤੇ ਨੌਂ ਤੋਂ ਪੰਜ ਜਾਂ ਅੱਠ ਤੋਂ ਪੰਜ ਦੀ ਨੌਕਰੀ ਦਾ ਦਬਾਅ ਨਹੀਂ ਸੀ, ਜਿਸ ਲਈ ਰਾਤ ਵਿੱਚ ਇੱਕ ਤੈਅ ਮਾਤਰਾ ਵਿੱਚ ਨੀਂਦ ਲੈਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਅਗਲੇ ਦਿਨ ਠੀਕ ਤਰ੍ਹਾਂ ਕੰਮ ਕਰ ਸਕਣ ਅਤੇ ਸੁਰੱਖਿਅਤ ਰਹਿ ਸਕਣ।"
"ਉਹ ਗੱਡੀਆਂ ਨਹੀਂ ਚਲਾਉਂਦੇ ਸਨ, ਨਾ ਹੀ ਭਾਰੀ ਮਸ਼ੀਨਾਂ ਚਲਾਉਂਦੇ ਸਨ। ਜੋ ਗੱਲਾਂ ਸਾਡੇ ਲਈ ਮਹੱਤਵਪੂਰਨ ਹਨ, ਉਹ ਉਨ੍ਹਾਂ ਲਈ ਮੁੱਦੇ ਨਹੀਂ ਸਨ।"
ਨੀਂਦ ਦਾ ਮਾਹੌਲ
ਪਰ ਇੱਕ ਹੋਰ ਤਰੀਕਾ ਵੀ ਸੀ ਜਿਸ ਵਿੱਚ ਪੁਰਾਣੇ ਸਮਿਆਂ ਦੇ ਮਾਪੇ ਨੀਂਦ ਨੂੰ ਅੱਜ ਦੇ ਸਾਡੇ ਤਰੀਕੇ ਨਾਲੋਂ ਵੱਖਰੇ ਢੰਗ ਨਾਲ ਲੈਂਦੇ ਸਨ।
ਜਦੋਂ ਸੈਮਸਨ ਹਡਜ਼ਾ ਲੋਕਾਂ ਨਾਲ ਰਹਿੰਦੇ ਸਨ, ਤਾਂ ਉਨ੍ਹਾਂ ਨੇ ਅਮਰੀਕਾ ਵਿੱਚ ਆਮ ਮਾਪਿਆਂ ਦੇ ਤਰੀਕਿਆਂ ਬਾਰੇ ਦੱਸਿਆ, ਜਿਵੇਂ ਕਿ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਸੌਣ ਲਈ ਪ੍ਰੇਰਿਤ ਕਰਨਾ।
ਸੈਮਸਨ ਕਹਿੰਦੇ ਹਨ, "ਉਹ ਮੈਨੂੰ ਇਸ ਤਰ੍ਹਾਂ ਦੇਖ ਰਹੇ ਸਨ ਜਿਵੇਂ ਮੈਂ ਪਾਗ਼ਲ ਹਾਂ। ਉਹ ਕਹਿੰਦੇ ਸਨ, 'ਕਿਉਂ? ਕਿਉਂ? ਕਿਉਂ?'… ਮੈਨੂੰ ਲੱਗਿਆ ਜਿਵੇਂ ਇਹ ਸਵਾਲ ਪੁੱਛਣਾ ਹੀ ਗ਼ਲਤ ਸੀ।"
ਹਡਜ਼ਾ ਸਮਾਜ ਵਿੱਚ ਮਾਵਾਂ, ਦੁਨੀਆ ਦੇ ਕਈ ਹੋਰ ਸੱਭਿਆਚਾਰਾਂ ਵਾਂਗ, ਆਪਣੇ ਬੱਚਿਆਂ ਨਾਲ ਹੀ ਸੌਂਦੀਆਂ ਹਨ ਅਤੇ ਰਾਤ ਵਿੱਚ ਹੀ ਦੁੱਧ ਪਿਆਉਂਦੀਆਂ ਹਨ। ਇਸਨੂੰ "ਬ੍ਰੈਸਟਸਲੀਪਿੰਗ" ਕਿਹਾ ਜਾਂਦਾ ਹੈ, ਜਿਸਦਾ ਨਾਮ ਮਨੁੱਖ ਵਿਗਿਆਨੀ ਜੇਮਜ਼ ਮੈਕਕੇਨਾ ਨੇ ਰੱਖਿਆ ਹੈ, ਜੋ ਅਮਰੀਕਾ ਦੇ ਇੰਡੀਆਨਾ ਰਾਜ ਵਿੱਚ ਨੋਟਰ ਡੇਮ ਯੂਨੀਵਰਸਿਟੀ ਦੇ ਮਦਰ-ਬੇਬੀ ਬਿਹੇਵਿਅਰਲ ਸਲੀਪ ਲੈਬ ਦੇ ਸਥਾਪਕ ਅਤੇ ਡਾਇਰੈਕਟਰ ਹਨ।
ਮੈਕਕੇਨਾ ਕਹਿੰਦੇ ਹਨ, "ਇਹ ਸਿਰਫ਼ ਬੱਚੇ ਦੀ ਨੀਂਦ ਜਾਂ ਮਾਂ ਦੀ ਨੀਂਦ ਨਹੀਂ ਹੁੰਦੀ, ਜਾਂ ਸਿਰਫ਼ ਦੁੱਧ ਪਿਆਉਣਾ ਜਾਂ ਨਾ ਪਿਆਉਣਾ ਨਹੀਂ ਹੁੰਦਾ, ਇਹ ਸਭ ਕੁਝ ਇਕੱਠੇ ਬਹੁਤ ਡੂੰਘੇ ਤੌਰ 'ਤੇ ਜੁੜਿਆ ਹੋਇਆ ਹੁੰਦਾ ਹੈ। ਮਾਂ ਦਾ ਸਰੀਰ ਹੀ ਬੱਚੇ ਲਈ ਇਕ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਹੈ।"
ਬ੍ਰੈਸਟਸਲੀਪਿੰਗ ਮਾਂ ਦੀ ਨੀਂਦ 'ਤੇ ਕਿਵੇਂ ਅਸਰ ਪਾਉਂਦੀ ਹੈ, ਇਸ ਬਾਰੇ ਨਤੀਜੇ ਮਿਲੇ-ਜੁਲੇ ਹਨ। ਪਰ ਕੁਝ ਖੋਜ ਦਰਸਾਉਂਦੀ ਹੈ ਕਿ ਇਹ ਨਵੇਂ ਮਾਪਿਆਂ ਨੂੰ ਕਿੰਨਾ ਆਰਾਮ ਮਿਲਿਆ ਮਹਿਸੂਸ ਹੁੰਦਾ ਹੈ, ਇਸ 'ਤੇ ਅਸਰ ਪਾਉਂਦੀ ਹੈ।
ਇੱਕ ਅਧਿਐਨ ਵਿੱਚ ਦੇਖਿਆ ਕਿ ਅਸਲ ਨੀਂਦ ਦੇ ਸਮੇਂ ਵਿੱਚ, ਔਸਤਨ, ਉਨ੍ਹਾਂ ਮਾਵਾਂ ਵਿੱਚ ਜ਼ਿਆਦਾ ਫਰਕ ਨਹੀਂ ਹੁੰਦਾ ਜੋ ਬੱਚੇ ਨਾਲ ਸੌਂਦੀਆਂ ਹਨ ਅਤੇ ਜੋ ਬੱਚੇ ਨਾਲ ਨਹੀਂ ਸੌਂਦੀਆਂ ।
ਬੱਚੇ ਨਾਲ ਸੌਣ ਵਾਲੀਆਂ ਮਾਵਾਂ ਰਾਤ ਵਿੱਚ ਕੁਝ ਵੱਧ ਵਾਰ ਜਾਗਦੀਆਂ ਹਨ, ਪਰ ਲੱਗਦਾ ਹੈ ਕਿ ਉਹ ਜ਼ਿਆਦਾ ਜਲਦੀ ਮੁੜ ਸੌਂ ਜਾਂਦੀਆਂ ਹਨ। ਇਸ ਦੀ ਬਜਾਏ, ਕੁਝ ਫਰਕ ਮਾਵਾਂ ਦੀ ਸੋਚ ਵਿੱਚ ਹੁੰਦਾ ਹੈ।
ਬਾਲ ਕਹਿੰਦੇ ਹਨ, "ਮਾਵਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਰਾਤ ਵਿੱਚ ਕਿੰਨੀ ਵਾਰ ਬੱਚੇ ਨੂੰ ਦੁੱਧ ਪਿਆਉਂਦੀਆਂ ਹਨ, ਜਾਂ ਕਿੰਨੀ ਵਾਰ ਉਹ ਬੱਚੇ ਨੂੰ ਚੈਕ ਕਰਦੀਆਂ ਹਨ।"
ਉਹ ਸ਼ਾਇਦ ਦੁੱਧ ਪਿਆਉਣ ਦੌਰਾਨ ਪੂਰੀ ਤਰ੍ਹਾਂ ਜਾਗੀਆਂ ਨਹੀਂ ਹੁੰਦੀਆਂ ਜਾਂ ਉਹ ਜਾਗਣ ਵਾਲੇ ਪਲ ਭੁੱਲ ਜਾਂਦੀਆਂ ਹਨ। ਇਹੀ ਗੱਲ ਹੋ ਸਕਦੀ ਹੈ ਜੋ ਉਨ੍ਹਾਂ ਨੂੰ ਅਗਲੇ ਦਿਨ ਆਪਣੇ ਆਪ ਨੂੰ ਵਧੇਰੇ ਤਾਜ਼ਾ ਮਹਿਸੂਸ ਕਰਵਾਉਂਦੀ ਹੈ।
ਇਹ ਗੱਲ ਉਸ ਖੋਜ ਨਾਲ ਮਿਲਦੀ ਹੈ ਜੋ ਦਿਖਾਉਂਦੀ ਹੈ ਕਿ ਅਸੀਂ ਆਪਣੀ ਨੀਂਦ ਨੂੰ ਕਿਵੇਂ ਦੇਖਦੇ ਹਾਂ, ਇਸ ਨਾਲ ਸਾਡੀ ਊਰਜਾ ਦੇ ਪੱਧਰ ਬਦਲ ਸਕਦੇ ਹਨ।
ਨੀਂਦ ਬਾਰੇ ਘੱਟ ਸਖ਼ਤ ਉਮੀਦਾਂ ਸਿਰਫ਼ ਸਾਨੂੰ ਰਾਤ ਨੂੰ ਆਰਾਮ ਕਰਨ ਵਿੱਚ ਹੀ ਮਦਦ ਨਹੀਂ ਕਰਦੀਆਂ, ਸਗੋਂ ਦਿਨ ਵਿੱਚ ਘੱਟ ਥਕਾਵਟ ਮਹਿਸੂਸ ਕਰਨ ਵਿੱਚ ਵੀ ਮਦਦ ਕਰ ਸਕਦੀਆਂ ਹਨ, ਭਾਵੇਂ ਅਸੀਂ ਪਿਛਲੀ ਰਾਤ ਕਿਵੇਂ ਵੀ ਸੁੱਤੇ ਹੋਈਏ।
ਜਿਹੜੀਆਂ ਮਾਵਾਂ ਬ੍ਰੈਸਟਸਲੀਪਿੰਗ ਕਰਦੀਆਂ ਹਨ ਉਹ ਫਾਰਮੂਲਾ ਜਾਂ ਪੰਪਿੰਗ ਦੀ ਥਾਂ ਦੁੱਧ ਪਿਆਉਂਦੀਆਂ ਹਨ, ਇਸ ਕਰਕੇ ਉਨ੍ਹਾਂ ਦੀ ਨੀਂਦ ਦੀ ਗੁਣਵੱਤਾ "ਪ੍ਰੋਲੈਕਟਿਨ" ਹਾਰਮੋਨ ਕਾਰਨ ਵੀ ਬਿਹਤਰ ਮਹਿਸੂਸ ਹੋ ਸਕਦੀ ਹੈ, ਜੋ ਦੁੱਧ ਪਿਆਉਣ ਦੌਰਾਨ ਵੱਧਦਾ ਹੈ ਅਤੇ ਮਾਵਾਂ ਨੂੰ ਉਨੀਂਦਰਾ ਕਰ ਸਕਦਾ ਹੈ।
ਇੱਕ ਅਧਿਐਨ ਵਿੱਚ 133 ਮਾਵਾਂ ਵਿੱਚ ਪਾਇਆ ਗਿਆ ਕਿ ਦੁੱਧ ਪਿਆਉਣ ਵਾਲੇ ਮਾਪਿਆਂ ਨੂੰ ਲਗਭਗ 40–45 ਮਿੰਟ ਵੱਧ ਨੀਂਦ ਮਿਲਦੀ ਹੈ, ਜਦਕਿ 120 ਮਾਵਾਂ 'ਤੇ ਹੋਏ ਹੋਰ ਅਧਿਐਨ ਵਿੱਚ ਪਾਇਆ ਗਿਆ ਕਿ ਜਿਹੜੀਆਂ ਮਾਵਾਂ ਸਿਰਫ਼ ਦੁੱਧ ਪਿਆਉਂਦੀਆਂ ਸਨ, ਉਨ੍ਹਾਂ ਨੂੰ ਜਨਮ ਤੋਂ ਇੱਕ ਮਹੀਨੇ ਬਾਅਦ ਹਰ ਰਾਤ ਲਗਭਗ 30 ਮਿੰਟ ਵੱਧ ਨੀਂਦ ਮਿਲਦੀ ਸੀ।
ਸੈਮਸਨ ਖ਼ੁਦ ਵੀ ਇਸ ਤਰੀਕੇ 'ਤੇ ਭਰੋਸਾ ਕਰਦੇ ਹਨ। ਉਹ ਅਤੇ ਉਨ੍ਹਾਂ ਦੀ ਪਤਨੀ ਆਪਣੀ ਧੀ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਨੀਂਦ ਲਈ ਉਦੋਂ ਸੰਘਰਸ਼ ਕਰਦੇ ਰਹੇ, ਜਦੋਂ ਤੱਕ ਉਨ੍ਹਾਂ ਨੇ ਉਹੀ ਬ੍ਰੈਸਟਸਲੀਪਿੰਗ ਅਜ਼ਮਾਈ ਜੋ ਉਨ੍ਹਾਂ ਨੇ ਹਡਜ਼ਾ ਲੋਕਾਂ ਨਾਲ ਵੇਖੀ ਸੀ ਅਤੇ ਸੁਰੱਖਿਅਤ ਤਰੀਕੇ ਨਾਲ ਬੱਚੇ ਬਿਸਤਰਾ ਸਾਂਝਾ ਕਰਨ ਲਈ ਸਿਹਤ ਨਿਯਮਾਂ ਦੀ ਪਾਲਣਾ ਕੀਤੀ।
ਸੈਮਸਨ ਕਹਿੰਦੇ ਹਨ, "ਸਾਡੀ ਪੂਰੀ ਜ਼ਿੰਦਗੀ ਬਦਲ ਗਈ। ਉਸਨੂੰ ਬੈਠਣ ਦੀ ਲੋੜ ਨਹੀਂ ਸੀ, ਉਸਨੂੰ ਪੂਰੀ ਤਰ੍ਹਾਂ ਜਾਗਣ ਦੀ ਲੋੜ ਨਹੀਂ ਸੀ, ਉਹ ਸਿਰਫ਼ ਜਾਣਦੀ ਸੀ ਕਿ ਹੁਣ ਬੱਚਾ ਦੁੱਧ ਪੀ ਰਿਹਾ ਹੈ ਅਤੇ ਫਿਰ ਤੁਰੰਤ ਮੁੜ ਸੌਂ ਜਾਂਦੀ ਸੀ। ਇਸ ਨੇ ਸਭ ਕੁਝ ਬਦਲ ਦਿੱਤਾ।"
ਸਾਰੇ ਅਧਿਐਨ ਇਹ ਨਹੀਂ ਦਿਖਾਉਂਦੇ ਕਿ ਬੱਚੇ ਦੇ ਨੇੜੇ ਸੌਣਾ ਮਾਪਿਆਂ ਦੀ ਨੀਂਦ ਨੂੰ ਸੁਧਾਰਦਾ ਹੈ।
ਉਦਾਹਰਨ ਲਈ, ਇੱਕ ਅਧਿਐਨ ਜਿਸ ਨੇ ਬੱਚੇ ਦੇ ਪਹਿਲੇ ਸਾਲ ਦੌਰਾਨ 139 ਪਰਿਵਾਰਾਂ ਨੂੰ ਫੌਲੋ ਕੀਤਾ, ਉਸ ਵਿੱਚ ਦੇਖਿਆ ਗਿਆ ਕਿ ਜਿਹੜੀਆਂ ਮਾਵਾਂ ਬੱਚੇ ਨਾਲ ਕਮਰਾ ਜਾਂ ਬਿਸਤਰਾ ਸਾਂਝਾ ਕਰਦੀਆਂ ਸਨ, ਉਨ੍ਹਾਂ ਦੀ ਨੀਂਦ ਵੱਧ ਟੁੱਟਦੀ ਸੀ, ਜਿਹੜੀਆਂ ਨਹੀਂ ਕਰਦੀਆਂ ਸਨ।
ਹਾਲਾਂਕਿ, ਉਨ੍ਹਾਂ ਦੇ ਬੱਚੇ ਜ਼ਿਆਦਾ ਨਹੀਂ ਜਾਗਦੇ ਸਨ। (ਬੇਸ਼ਕ, ਕਾਰਨ ਅਤੇ ਨਤੀਜੇ ਨੂੰ ਵੱਖ ਕਰਨਾ ਮੁਸ਼ਕਲ ਹੈ, ਇਹ ਵੀ ਹੋ ਸਕਦਾ ਹੈ ਕਿ ਜਿਹੜੀਆਂ ਮਾਵਾਂ ਜ਼ਿਆਦਾ ਸਾਵਧਾਨ ਜਾਂ ਚਿੰਤਤ ਹੁੰਦੀਆਂ ਹਨ, ਜੋ ਖ਼ੁਦ ਵੀ ਵੱਧ ਜਾਗਦੀਆਂ ਹਨ, ਉਹ ਆਪਣੇ ਬੱਚਿਆਂ ਨੂੰ ਨੇੜੇ ਰੱਖਣਾ ਪਸੰਦ ਕਰਦੀਆਂ ਹਨ, ਵੱਖ ਕਰਨ ਦੀ ਥਾਂ।)
ਸੁਚੇਤਤਾ ਫਰਕ ਪਾਉਂਦੀ ਹੈ
ਜਾਗਣ ਵੇਲੇ ਦੀ ਗੁਣਵੱਤਾ ਅਤੇ ਉਸ ਦੌਰਾਨ ਮਾਵਾਂ ਕਿੰਨੀਆਂ ਸੁਚੇਤ ਰਹਿੰਦੀਆਂ ਹਨ, ਇਸਦਾ ਵੀ ਅਸਰ ਪੈਂਦਾ ਹੈ।
ਉਦਾਹਰਨ ਲਈ, ਆਮ ਸਲਾਹ ਹੁੰਦੀ ਹੈ ਕਿ ਬੱਚੇ ਨੂੰ ਪੰਘੂੜੇ ਵਿੱਚ ਸਵਾਇਆ ਜਾਵੇ ਜਾਂ ਜੇ ਹੋ ਸਕੇ ਤਾਂ ਉਸ ਨੂੰ ਵੱਖਰੇ ਕਮਰੇ ਵਿੱਚ ਰੱਖਣਾ, ਬੱਚੇ ਨੂੰ ਦੁੱਧ ਪਿਆਉਂਦੇ ਜਾਂ ਫਿਰ ਸਵਾਉਂਦੇ ਸਮੇਂ ਪੂਰੀ ਤਰ੍ਹਾਂ ਚੁਸਤ ਰਹਿਣਾ (ਭਾਵੇਂ ਇਸ ਲਈ ਫੋਨ ਵੀ ਵੇਖਣਾ ਪਵੇ) ਅਤੇ ਉਸ ਦੀ ਜਾਗਣ ਤੇ ਖੁਰਾਕ ਦੇ ਸਮੇਂ ਨੂੰ ਲਿਖ ਕੇ ਰੱਖਣਾ।
ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਕਵੀਨਜ਼ਲੈਂਡ ਦੇ ਮੈਡੀਕਲ ਸਕੂਲ ਦੀ ਸੀਨੀਅਰ ਲੈਕਚਰਾਰ ਪਾਮੇਲਾ ਡਗਲਸ ਕਹਿੰਦੀ ਹਨ ਕਿ ਇਹ ਸਭ ਕੁਝ ਸਾਡੇ ਸ਼ਿਕਾਰੀ-ਸੰਗ੍ਰਹੀ ਪੁਰਖਿਆਂ ਨੇ ਕਦੇ ਨਹੀਂ ਕੀਤਾ ਸੀ। ਇਹ ਸਾਰੇ ਤਰੀਕੇ ਸਰੀਰ ਨੂੰ ਪੂਰੀ ਤਰ੍ਹਾਂ ਜਾਗਰੂਕ ਕਰ ਦਿੰਦੇ ਹਨ।
ਕੁਝ ਹਾਲਾਤਾਂ ਵਿੱਚ, ਇਹੀ ਮਕਸਦ ਹੁੰਦਾ ਹੈ। ਜੇ ਕੋਈ ਬੱਚੇ ਨਾਲ ਅਣਜਾਣੇ ਵਿੱਚ ਅਜਿਹੀ ਥਾਂ ਤੇ ਸੌਂ ਜਾਵੇ ਜੋ ਸਾਂਝੀ ਨੀਂਦ ਲਈ ਸੁਰੱਖਿਅਤ ਨਹੀਂ, ਜਿਵੇਂ ਸੋਫਾ ਜਾਂ ਕੁਰਸੀ ਤਾਂ ਅਚਾਨਕ ਬੱਚੇ ਦੀ ਮੌਤ ਦਾ ਖ਼ਤਰਾ 67 ਗੁਣਾ ਤੱਕ ਵੱਧ ਸਕਦਾ ਹੈ।
ਇਸ ਕਰਕੇ ਕੁਝ ਸਿਹਤ ਵਿਦਵਾਨ ਮਾਪਿਆਂ ਨੂੰ ਕਹਿੰਦੇ ਹਨ ਕਿ ਰਾਤ ਦੇ ਸਮੇਂ ਦੁੱਧ ਪਿਆਉਣ ਵੇਲੇ ਜਿੰਨਾ ਹੋ ਸਕੇ ਪੂਰੀ ਤਰ੍ਹਾਂ ਜਾਗਦੇ ਰਹੋ।
ਪਰ ਇਸਦਾ ਨੁਕਸਾਨ ਵੀ ਹੈ। ਕਈ ਵਾਰ ਮਾਪੇ ਫਿਰ ਵੀ ਇਨ੍ਹਾਂ ਅਸੁਰੱਖਿਅਤ ਥਾਵਾਂ 'ਤੇ ਸੌਂ ਜਾਂਦੇ ਹਨ। ਦੂਜੀ ਗੱਲ ਇਹ ਹੈ ਕਿ ਬੱਚੇ ਦੀ ਦੇਖਭਾਲ ਕਰਨ ਤੋਂ ਬਾਅਦ ਮੁੜ ਸੌਣਾ ਔਖਾ ਹੋ ਜਾਂਦਾ ਹੈ, ਇਸ ਨਾਲ ਨੀਂਦ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ।
ਮਾਪਿਆਂ ਅਤੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਅਤੇ ਨੀਂਦ ਬਾਰੇ ਵਧ ਰਹੀ ਖੋਜ ਨੂੰ ਧਿਆਨ ਵਿੱਚ ਰੱਖਦੇ ਹੋਏ, ਡਗਲਸ ਨੇ "ਪੋਸੰਮਜ਼" ਨਾਮ ਦਾ ਇੱਕ ਨੀਂਦ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਜਾਗਣ ਅਤੇ ਦੁੱਧ ਪਿਆਉਣ ਦੇ ਸਮੇਂ ਨੂੰ ਟ੍ਰੈਕ ਨਹੀਂ ਕਰਨਾ ਚਾਹੀਦਾ ਅਤੇ ਬੱਚਿਆਂ ਨੂੰ "ਦੁੱਧ ਪੀਂਦੇ-ਪੀਂਦੇ ਸੁੱਤਣ" ਦੇਣਾ ਚਾਹੀਦਾ ਹੈ।
ਨੀਂਦ ਦੀ ਘਾਟ… ਪਰ ਸਹਾਇਤਾ ਨਾਲ
ਯੂਨੀਵਰਸਿਟੀ ਆਫ ਕੈਲੀਫੋਰਨੀਆ-ਵਿਸ ਦੀ ਪ੍ਰੋਫੈਸਰ ਸਾਰਾ ਬਲੇਫਰ ਹਰਡੀ ਕਹਿੰਦੀ ਹੈ ਕਿ ਇਨਸਾਨਾਂ ਵਿੱਚ ਇੱਕ ਅਜੀਬ ਵਿਰੋਧਾਭਾਸ ਹੈ। ਹੋਰ ਜੀਵਾਂ ਨਾਲ ਤੁਲਨਾ ਕਰਕੇ ਸਾਡੇ ਬੱਚੇ ਬਹੁਤ ਅਧੂਰੇ ਵਿਕਸਿਤ ਜਨਮ ਲੈਂਦੇ ਹਨ ਅਤੇ ਉਨ੍ਹਾਂ ਨੂੰ ਸੰਭਾਲ ਲਈ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੁੰਦੀ ਹੈ।
ਫਿਰ ਵੀ ਸਾਡੇ ਪੁਰਖੇ ਕਈ ਹਜ਼ਾਰਾਂ ਸਾਲ ਇੱਕ ਅਜਿਹੇ ਮਾਹੌਲ ਵਿੱਚ ਰਹੇ ਜਿੱਥੇ ਖਾਣਾ ਹਾਸਲ ਕਰਨ ਲਈ ਬਹੁਤ ਸਮਾਂ ਅਤੇ ਊਰਜਾ ਲੱਗਦੀ ਸੀ।
ਪਰ ਅੱਜ ਨਾਲੋਂ ਵੱਖਰਾ ਇਹ ਸੀ ਕਿ ਉਨ੍ਹਾਂ ਕੋਲ ਮਦਦ ਬਹੁਤ ਸੀ, ਜਿਸ ਨਾਲ ਉਹ ਹਰ ਬੱਚੇ ਲਈ ਸਮਾਂ ਕੱਢ ਸਕਦੇ ਸਨ ਅਤੇ ਜਨਸੰਖਿਆ ਨੂੰ ਕਾਇਮ ਰੱਖ ਸਕਦੇ ਸਨ।
ਹਰਡੀ ਕਹਿੰਦੀ ਹੈ ਕਿ ਇਹ ਸੰਭਵ ਨਹੀਂ ਸੀ ਕਿ ਉਹ ਆਬਾਦੀ ਜੀਵਤ ਰਹਿੰਦੀ ਜਾਂ ਉਹ ਪ੍ਰਜਾਤੀ ਵਿਕਸਤ ਹੋ ਸਕਦੀ। ਉਨ੍ਹਾਂ ਦੇ ਅਨੁਸਾਰ, ਇਹ ਉਦੋਂ ਹੀ ਸੰਭਵ ਸੀ ਜੇ ਮਾਵਾਂ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਅਤੇ ਪਾਲਣ-ਪੋਸ਼ਣ ਵਿੱਚ ਸਿਰਫ਼ ਆਪਣੀ ਨਹੀਂ, ਸਗੋਂ ਹੋਰਾਂ ਦੀ ਮਦਦ ਵੀ ਮਿਲਦੀ ਰਹੀ ਹੋਵੇ।
ਇਹ "ਆਲੋਪੇਰੈਂਟਸ" (ਸਹਾਇਕ ਦੇਖਭਾਲ ਕਰਨ ਵਾਲੇ) ਵਿੱਚ ਹੋਰ ਰਿਸ਼ਤੇਦਾਰ ਸ਼ਾਮਲ ਹੁੰਦੇ ਸਨ, ਖ਼ਾਸ ਕਰਕੇ ਦਾਦੀਆਂ ਅਤੇ ਵੱਡੇ ਭੈਣ-ਭਰਾ, ਪਰ ਕਈ ਵਾਰ ਹੋਰ ਲੋਕ ਵੀ।
ਕੇਂਦਰੀ ਅਫਰੀਕਾ ਦੇ ਇਨ੍ਹਾਂ ਲੋਕਾਂ 'ਤੇ ਨਿਗਰਾਨੀ ਕਰਨ ਵਾਲੇ ਮਨੁੱਖ ਵਿਗਿਆਨੀਆਂ ਨੇ ਪਾਇਆ ਕਿ 18 ਹਫ਼ਤੇ ਦੇ ਬੱਚੇ ਆਪਣੇ ਸਮੇਂ ਦਾ 60% ਹਿੱਸਾ ਕਿਸੇ ਹੋਰ ਵਿਅਕਤੀ ਦੀ ਦੇਖਭਾਲ ਵਿੱਚ ਬਿਤਾਉਂਦੇ ਹਨ, ਨਾ ਕਿ ਸਿਰਫ਼ ਮਾਂ ਦੇ ਨਾਲ ਅਤੇ ਕਈ ਵਾਰ ਉਨ੍ਹਾਂ ਨੂੰ ਕਿਸੇ ਹੋਰ ਵੱਲੋਂ ਵੀ ਦੁੱਧ ਪਿਆਇਆ ਜਾਂਦਾ ਹੈ।
ਅੱਜ ਦੇ ਉਦਯੋਗਿਕ ਸਮਾਜਾਂ ਵਿੱਚ ਇਹ ਮਾਡਲ ਲਗਭਗ ਖ਼ਤਮ ਹੋ ਗਿਆ ਹੈ। ਇਸ ਦੀ ਥਾਂ ਸਭ ਤੋਂ ਨੇੜਲਾ ਬਦਲ ਭੁਗਤਾਨ ਵਾਲੀ ਬੱਚਾ-ਦੇਖਭਾਲ ਹੈ, ਜੋ ਆਪਣੇ ਨਾਲ ਆਰਥਿਕ ਸਣੇ ਕਈ ਹੋਰ ਤਣਾਅ ਵੀ ਲਿਆਉਂਦੀ ਹੈ।
ਅੱਜ ਕਈ ਪਰਿਵਾਰ "ਡਬਲ ਸ਼ਿਫਟ" ਕਰਦੇ ਹਨ, ਘਰ ਦੀ ਦੇਖਭਾਲ ਅਤੇ ਬਾਹਰ ਕੰਮ ਦੋਵੇਂ।
ਅਮਰੀਕਾ ਵਿੱਚ, ਬੱਚਿਆਂ ਵਾਲੇ ਪਰਿਵਾਰਾਂ ਵਿੱਚੋਂ 10 ਵਿੱਚੋਂ 5 ਤੋਂ ਵੱਧ ਪਰਿਵਾਰਾਂ ਵਿੱਚ ਦੋਵੇਂ ਮਾਪੇ ਕਮਾਉਂਦੇ ਹਨ, ਜਦਕਿ ਯੂਰਪੀ ਸੰਘ ਵਿੱਚ ਇਹ ਗਿਣਤੀ 10 ਵਿੱਚੋਂ 6 ਤੋਂ ਵੀ ਵੱਧ ਹੈ।
ਲਿੰਗ ਅਸਮਾਨਤਾ ਵੀ ਅਜੇ ਵੀ ਮੌਜੂਦ ਹੈ, ਜਿੱਥੇ ਜ਼ਿਆਦਾਤਰ ਘਰੇਲੂ ਕੰਮ ਅਤੇ ਬੱਚਿਆਂ ਦੀ ਦੇਖਭਾਲ ਅਜੇ ਵੀ ਔਰਤਾਂ 'ਤੇ ਹੀ ਰਹਿੰਦੀ ਹੈ, ਜਿਸ ਨਾਲ ਮਾਵਾਂ ਖ਼ਾਸ ਕਰਕੇ ਹੋਰ ਜ਼ਿਆਦਾ ਥੱਕਦੀਆਂ ਹਨ।
ਸ਼ਿਕਾਰੀ-ਸੰਗ੍ਰਹੀ ਸਮਾਜਾਂ ਨਾਲ ਤੁਲਨਾ ਕਰਦੇ ਹੋਏ, ਅੱਜਕੱਲ੍ਹ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣਾ ਅਤੇ ਉਨ੍ਹਾਂ ਦੇ ਵਿਚਕਾਰ ਉਮਰ ਦਾ ਅੰਤਰ ਘੱਟ ਹੋਣਾ ਆਮ ਗੱਲ ਹੈ।
ਮਨੁੱਖ ਵਿਗਿਆਨੀਆਂ, ਜਿਨ੍ਹਾਂ ਵਿੱਚ ਹਰਡੀ ਵੀ ਸ਼ਾਮਲ ਹਨ, ਨੇ ਪਾਇਆ ਹੈ ਕਿ ਸ਼ਿਕਾਰੀ-ਸੰਗ੍ਰਹੀ ਸਮਾਜਾਂ ਵਿੱਚ ਬੱਚੇ ਆਮ ਤੌਰ 'ਤੇ ਲਗਭਗ ਚਾਰ ਸਾਲ ਦੇ ਅੰਤਰ ਨਾਲ ਹੁੰਦੇ ਸਨ ਪਰ ਜਦੋਂ ਸਮਾਜ ਖੇਤੀਬਾੜੀ ਵਾਲੇ ਅਤੇ ਸਥਾਈ ਹੋ ਗਏ, ਉਦੋਂ ਮਾਵਾਂ ਜ਼ਿਆਦਾ ਤੇ ਜਲਦੀ ਬੱਚੇ ਜਨਮ ਦੇਣ ਲੱਗੀਆਂ।
ਇਸ ਲਈ ਸਾਡੇ ਪੁਰਾਣੇ ਸ਼ਿਕਾਰੀ-ਸੰਗ੍ਰਹੀ ਪੂਰਵਜਾਂ ਕੋਲ ਇੱਕ ਸਮੇਂ 'ਤੇ ਸਿਰਫ ਇੱਕ ਹੀ ਛੋਟਾ ਬੱਚਾ ਹੋਣ ਕਰਕੇ ਥਕਾਵਟ ਵੀ ਘੱਟ ਹੁੰਦੀ ਸੀ।
ਇਸ ਕਰਕੇ ਇਹ ਸੰਭਾਵਨਾ ਹੈ ਕਿ ਅੱਜ ਦੇ ਮਾਪਿਆਂ ਨੂੰ ਜੋ ਬਹੁਤ ਜ਼ਿਆਦਾ ਥਕਾਵਟ ਅਤੇ ਨੀਂਦ ਦੀ ਕਮੀ ਮਹਿਸੂਸ ਹੁੰਦੀ ਹੈ, ਉਹ ਸਿਰਫ ਨੀਂਦ ਦੀ ਕਮੀ ਕਾਰਨ ਨਹੀਂ, ਸਗੋਂ ਜੀਵਨ-ਸ਼ੈਲੀ ਅਤੇ ਸਮਾਜਿਕ ਬਦਲਾਅ ਕਾਰਨ ਹੈ।
ਫਿਰ ਵੀ, ਕੁਝ ਵਿਦਵਾਨ ਕਹਿੰਦੇ ਹਨ ਕਿ ਅਸੀਂ ਵਿਕਾਸੀ ਤੌਰ 'ਤੇ ਅਜਿਹੇ ਬਣੇ ਹਾਂ ਕਿ ਅਸੀਂ ਸ਼ੁਰੂਆਤੀ ਮਾਪੇ ਹੋਣ ਦੌਰਾਨ ਨੀਂਦ ਦੀ ਕਮੀ ਦੇ ਤਣਾਅ ਨੂੰ ਸਹਿਣ ਕਰ ਸਕੀਏ, ਕਿਉਂਕਿ ਇਹ ਸਾਡੀ ਜਾਤੀ ਦੇ ਬਚਾਅ ਲਈ ਇੱਕ "ਵਿਕਾਸੀ ਸਮਝੌਤਾ" ਸੀ ਪਰ ਸਾਡੇ ਆਲੇ-ਦੁਆਲੇ ਦੀ ਆਧੁਨਿਕ ਸੱਭਿਆਚ ਨੇ ਇਸ ਸਮਰੱਥਾ ਨੂੰ ਕਾਇਮ ਰੱਖਣਾ ਔਖਾ ਕਰ ਦਿੱਤਾ ਹੈ।
ਸੈਮਸਨ ਕਹਿੰਦੇ ਹਨ, "ਅਸੀਂ ਅਨੁਕੂਲ ਹੋਣ ਵਾਲੇ, ਲਚਕੀਲੇ ਹੋਣ ਵਾਲੇ ਅਤੇ ਸੰਕਟਾਂ ਨੂੰ ਸੰਭਾਲਣ ਵਾਲੇ ਬਣੇ ਹਾਂ। ਜ਼ਿੰਦਗੀ ਵਿੱਚ ਕੁਝ ਸਮੇਂ ਅਜਿਹੇ ਹੁੰਦੇ ਹਨ ਜਦੋਂ ਇਹ ਕਾਬਿਲ-ਏ-ਕਬੂਲ ਹੁੰਦਾ ਹੈ। ਤੁਸੀਂ ਲੰਬੀ ਉਮਰ ਦੇ ਟੀਚੇ ਤੋਂ ਹਟ ਕੇ ਮੌਜੂਦਾ ਜ਼ਰੂਰੀ ਕੰਮ 'ਤੇ ਧਿਆਨ ਦਿੰਦੇ ਹੋ ਅਤੇ ਮੇਰੇ ਵਿਚਾਰ ਵਿੱਚ ਬੱਚੇ ਪੈਦਾ ਕਰਨਾ ਉਨ੍ਹਾਂ ਵਿੱਚੋਂ ਇੱਕ ਹੈ।"
ਤਾਂ ਕੀ ਜ਼ਿੰਦਗੀ ਵਿੱਚ ਕੁਝ ਸਮੇਂ ਅਜਿਹੇ ਹੁੰਦੇ ਹਨ ਜਦੋਂ ਨੀਂਦ ਘੱਟ ਹੋਣਾ ਠੀਕ ਹੈ?
"ਵਿਕਾਸਾਤਮਕ ਮਨੁੱਖ ਵਿਗਿਆਨ ਦੇ ਨਜ਼ਰੀਏ ਨਾਲ, ਇਸਦਾ ਜਵਾਬ 100% ਹਾਂ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ