You’re viewing a text-only version of this website that uses less data. View the main version of the website including all images and videos.
ਆਈਪੀਐੱਲ ਦੀ ਸਭ ਤੋਂ ਮਜ਼ਬੂਤ ਮੰਨੀ ਜਾਣ ਵਾਲੀ ਪੰਜਾਬ ਕਿੰਗਜ਼ ਤੋਂ ਕਿੱਥੇ ਗ਼ਲਤੀ ਹੋਈ, ਕੀ ਪੰਜਾਬ ਪਲੇਅਆਫ 'ਚ ਥਾਂ ਬਣਾ ਸਕੇਗੀ?
- ਲੇਖਕ, ਬਰਿੰਦਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 8 ਮਿੰਟ
ਆਈਪੀਐੱਲ ਦੇ 19ਵੇਂ ਸੀਜ਼ਨ ਦੇ ਸ਼ੁਰੂਆਤੀ ਮੈਚਾਂ ਵਿੱਚ ਦਬਦਬਾ ਰੱਖਣ ਵਾਲੀ ਪੰਜਾਬ ਕਿੰਗਜ਼ ਇੱਕ ਜਾਂ ਦੋ ਨਹੀਂ ਸਗੋਂ ਲਗਾਤਾਰ ਆਪਣੇ ਤਿੰਨ ਮੈਚ ਹਾਰ ਚੁੱਕੀ ਹੈ।
ਪੰਜਾਬ ਇਨ੍ਹਾਂ ਤਿੰਨ ਮੈਚਾਂ ਤੋਂ ਪਹਿਲਾਂ ਇਕਲੌਤੀ ਅਜਿਹੀ ਟੀਮ ਸੀ, ਜੋ ਟੂਰਨਾਮੈਂਟ ਵਿੱਚ ਅਜੇਤੂ ਬਣੀ ਹੋਈ ਸੀ ਅਤੇ ਪੁਆਇੰਟ ਟੇਬਲ ਦੇ ਟੌਪ ਉਪਰ ਸਥਿਤੀ ਸੀ ਪਰ ਹੁਣ ਹਾਰ ਦੀ ਹੈਟ੍ਰਿਕ ਲਗਾ ਕੇ ਉਸ ਦੀ ਪੁਜ਼ੀਸ਼ਨ ਖਿੱਸਕ ਕੇ ਥੱਲੇ ਆ ਗਈ ਹੈ।
ਇਸ ਸੀਜ਼ਨ ਵਿੱਚ ਪੰਜਾਬ ਨੇ ਸ਼ੁਰੂਆਤੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਇੰਝ ਲੱਗ ਰਿਹਾ ਸੀ ਕਿ ਪੰਜਾਬ ਨੂੰ ਮੁਸ਼ਕਲ ਨਾਲ ਹੀ ਕੋਈ ਹਰਾ ਸਕਦਾ ਹੈ ਤੇ 'ਸਰਪੰਚ' ਸ਼੍ਰੇਅਸ ਅਈਅਰ ਆਪਣੀ ਟੀਮ ਨਾਲ ਪੁਆਇੰਟ ਟੇਬਲ ਦੇ ਟੌਪ ਉਪਰ ਰਹਿ ਕੇ ਲੀਡ ਕਰ ਰਹੇ ਸਨ।
ਪਰ ਜਿਸ ਟੀਮ ਨੂੰ ਸਭ ਤੋਂ ਮਜ਼ਬੂਤ ਮੰਨਿਆ ਜਾ ਰਿਹਾ ਸੀ, ਉਸ ਤੋਂ ਕਿੱਥੇ ਗਲਤੀ ਹੋਈ ਕਿ ਇੱਕ ਹਾਰ ਤੋਂ ਬਾਅਦ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਤੇ ਟੀਮ ਕੋਲ ਕਿਹੜੇ ਬਦਲ ਹਨ?
ਪੰਜਾਬ ਕਿੰਗਜ਼ ਦੀ ਹੁਣ ਤੱਕ ਦੀ ਸਥਿਤੀ
ਪੰਜਾਬ ਕਿੰਗਜ਼ ਦੇ ਫੈਨਜ਼ ਜਿੱਥੇ ਕਿਤੇ ਨਾ ਕਿਤੇ ਟੀਮ ਦੇ ਮੌਜੂਦਾ ਪ੍ਰਦਰਸ਼ਨ ਨੂੰ ਲੈ ਕੇ ਨਿਰਾਸ਼ ਦਿਖਾਈ ਦੇ ਰਹੇ ਹਨ, ਉੱਥੇ ਹੀ ਖੇਡ ਮਾਹਰ ਪੰਜਾਬ ਵੱਲੋਂ ਦੁਹਰਾਈਆਂ ਜਾ ਰਹੀਆਂ ਗਲਤੀਆਂ ਨੂੰ ਲੈ ਕੇ ਚਿੰਤਾ ਜਤਾ ਰਹੇ ਹਨ।
ਪੰਜਾਬ ਕਿੰਗਜ਼ ਹੁਣ ਤੱਕ 10 ਮੈਚਾਂ ਵਿੱਚੋਂ ਛੇ ਜਿੱਤ ਕੇ ਤਿੰਨ ਮੈਚ ਹਾਰ ਚੁੱਕੀ ਹੈ ਅਤੇ ਇੱਕ ਮੈਚ ਰੱਦ ਹੋ ਗਿਆ ਸੀ। ਟੀਮ ਦੇ ਹੁਣ ਤੱਕ ਕੁੱਲ 13 ਅੰਕ ਹਨ।
ਪੰਜਾਬ ਨੇ ਪਹਿਲਾਂ ਲਗਾਤਾਰ ਛੇ ਜਿੱਤਾਂ ਹਾਸਲ ਕੀਤੀਆਂ। ਇਨ੍ਹਾਂ ਵਿੱਚੋਂ ਉਸ ਨੇ ਪੰਜ ਮੈਚ ਚੇਜ਼ ਕਰਕੇ ਜਿੱਤੇ ਹਨ।
ਪੰਜਾਬ ਦੇ ਹੁਣ ਚਾਰ ਮੈਚ ਬਾਕੀ ਹਨ, ਜਿਨ੍ਹਾਂ ਵਿੱਚ 11 ਮਈ ਨੂੰ ਦਿੱਲੀ ਕੈਪੀਟਲਜ਼ ਨਾਲ, 14 ਮਈ ਨੂੰ ਮੁੰਬਈ ਇੰਡੀਅਨਜ਼ ਨਾਲ, 17 ਮਈ ਨੂੰ ਪਿਛਲੀ ਵਾਰ ਦੀ ਟੂਰਨਾਮੈਂਟ ਜੇਤੂ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਪੰਜਾਬ ਕਿੰਗਜ਼ ਭਿੜੇਗੀ। ਇਹ ਤਿੰਨੇ ਮੈਚ ਧਰਮਸ਼ਾਲਾ ਵਿੱਚ ਖੇਡੇ ਜਾਣੇ ਹਨ।
ਚੌਥਾ ਮੈਚ 23 ਮਈ ਨੂੰ ਲਖਨਊ ਸੁਪਰ ਜਾਇੰਟਸ ਨਾਲ ਉਸ ਦੇ ਹੀ ਹੋਮ ਗ੍ਰਾਉਂਡ ਵਿੱਚ ਹੋਵੇਗਾ।
ਪੰਜਾਬ ਕਿੰਗਜ਼ ਬੰਗਲੁਰੂ ਨੂੰ ਛੱਡ ਕੇ ਬਾਕੀ ਤਿੰਨੇ ਟੀਮਾਂ ਨੂੰ ਇਸ ਸੀਜ਼ਨ ਵਿੱਚ ਇੱਕ-ਇੱਕ ਵਾਰ ਹਰਾ ਚੁੱਕੀ ਹੈ।
ਪੰਜਾਬ ਕੋਲ ਇਸ ਸਮੇਂ 13 ਅੰਕ ਹਨ ਤੇ ਉਸ ਨੂੰ ਪਲੇਅਆਫ ਵਿੱਚ ਸ਼ਾਮਲ ਹੋਣ ਲਈ ਘੱਟੋ-ਘੱਟ ਦੋ ਮੈਚ ਜਿੱਤਣੇ ਲਾਜ਼ਮੀ ਹਨ।
ਪੰਜਾਬ ਦਾ ਪਿਛਲੇ ਸੀਜ਼ਨ ਦੇ ਮੁਕਾਬਲੇ ਇਸ ਵਾਰ ਆਪਣੇ ਹੋਮ ਗਰਾਉਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਇਸ ਨੇ ਹੋਮ ਗਰਾਉਂਡ ਵਿੱਚ ਖੇਡੇ ਚਾਰ ਮੈਚਾਂ ਵਿੱਚੋਂ ਤਿੰਨ ਜਿੱਤੇ ਹਨ ਅਤੇ ਧਰਮਸ਼ਾਲਾ ਦਾ ਮੈਦਾਨ ਕਿਤੇ ਨਾ ਕਿਤੇ ਉਸ ਦੇ ਹੱਕ ਵਿੱਚ ਭੁਗਤ ਸਕਦਾ।
ਓਪਨਰ ਸਭ ਤੋਂ ਵੱਡੀ ਤਾਕਤ ਤੇ ਕਮਜ਼ੋਰੀ
ਪੰਜਾਬ ਕਿੰਗਜ਼ ਦੀ ਓਪਨਰ ਜੋੜੀ ਪ੍ਰਭਸਿਮਰਨ ਸਿੰਘ ਤੇ ਪ੍ਰਿਯਾਂਸ਼ ਆਰਿਆ ਟੀਮ ਦੀ ਵੱਡੀ ਤਾਕਤ ਮੰਨੇ ਜਾਂਦੇ ਹਨ।
ਇਹ ਦੋਵੇਂ ਖਿਡਾਰੀ ਪਾਵਰਪਲੇਅ ਵਿੱਚ ਚੰਗੀਆਂ ਦੌੜਾਂ ਬਣਾ ਕੇ ਪੰਜਾਬ ਨੂੰ ਜਿੱਤ ਵੱਲ ਵਧਾਉਂਦੇ ਹਨ। ਪ੍ਰਭਸਿਮਰਨ ਤੇ ਪ੍ਰਿਯਾਂਸ਼ ਆਰਿਆ ਦੀ ਖਾਸੀਅਤ ਇਹ ਵੀ ਹੈ ਕਿ ਜੇ ਦੋਵਾਂ ਵਿੱਚੋਂ ਇੱਕ ਬੱਲੇਬਾਜ਼ੀ ਜਲਦ ਵਿਕਟ ਗੁਆ ਦਿੰਦਾ ਤਾਂ ਦੂਜਾ ਉਹ ਘਾਟ ਨੂੰ ਪੂਰੀ ਕਰਕੇ ਟੀਮ ਦੀ ਝੋਲੀ ਚੰਗੇ ਰਨ ਪਾਉਂਦਾ।
ਪਰ ਤਾਕਤ ਨਾਲ ਕਿਤੇ ਨਾ ਕਿਤੇ ਇਹ ਓਪਨਰ ਜੋੜੀ ਟੀਮ ਲਈ ਕਮਜ਼ੋਰੀ ਵੀ ਸਾਬਿਤ ਹੋਈ ਹੈ।
ਜਦੋਂ ਦੋਵੇਂ ਓਪਨਰ ਬੱਲੇਬਾਜ਼ ਜਲਦ ਆਊਟ ਹੋ ਜਾਂਦੇ ਹਨ ਤਾਂ ਟੀਮ ਦਾ ਮਿਡਲ ਆਰਡਰ ਖਿੰਡਦਾ ਦਿਖਾਈ ਦਿੰਦਾ ਤੇ ਵਿਕਟਾਂ ਸੰਭਲਣ ਦੀ ਬਜਾਏ ਜਲਦੀ ਡਿੱਗਦੀਆਂ ਹਨ।
ਸੋ ਕਿਸੇ ਵੀ ਟੀਮ ਦੀਆਂ ਜੇ ਪਾਵਰਪਲੇਅ ਵਿੱਚ ਹੀ ਵਿਕਟਾਂ ਜਲਦੀ ਚਲੀਆਂ ਜਾਣ ਤਾਂ ਉਸਦਾ ਮੁਕਾਬਲਾ ਜਿੱਤਣਾ ਕਿਤੇ ਨਾ ਕਿਤੇ ਮੁਸ਼ਕਲ ਹੋ ਜਾਂਦਾ।
ਸਟਾਰ ਸਪੋਰਟਸ 'ਤੇ ਹੈਦਰਾਬਾਦ ਤੇ ਪੰਜਾਬ ਦੇ ਮੈਚ ਮਗਰੋਂ ਖੇਡ ਮਾਹਰ ਅਕਾਸ਼ ਚੋਪੜਾ ਨੇ ਕਿਹਾ ਕਿ ਜੇ ਤੁਹਾਨੂੰ ਟੂਰਨਾਮੈਂਟ ਦੇ ਇਸ ਪੜਾਅ ਉਪਰ ਆ ਕੇ ਇੱਕ ਹਾਰ ਵੀ ਮਿਲਦੀ ਹੈ ਤਾਂ ਉਹ ਤੁਹਾਡੇ ਲਈ ਬਹੁਤ ਕੌੜੀ ਸਾਬਿਤ ਹੋਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਜੇ ਟੀਮ ਪਾਵਰਪਲੇਅ ਵਿੱਚ ਹੀ 2 ਤੋਂ ਤਿੰਨ ਵਿਕਟਾਂ ਗੁਆ ਲੈਂਦੀ ਹੈ ਤਾਂ ਉਹ 75 ਫ਼ੀਸਦ ਮੈਚ ਤੋਂ ਪਿੱਛੜ ਜਾਂਦੀ ਹੈ।
ਸਾਬਕਾ ਭਾਰਤੀ ਕ੍ਰਿਕਟਰ ਤੇ ਖੇਡ ਮਾਹਰ ਸਰਨਦੀਪ ਸਿੰਘ ਦਾ ਵੀ ਇਹੀ ਕਹਿਣਾ ਹੈ ਕਿ ਪੰਜਾਬ ਦੇ ਓਪਨਰ ਤਾਕਤ ਦੇ ਨਾਲ ਸਭ ਤੋਂ ਵੱਡੀ ਕਮਜ਼ੋਰੀ ਵੀ ਹਨ।
ਉਹ ਕਹਿੰਦੇ ਹਨ ਕਿ ਜੇ ਓਪਨਰ ਪਹਿਲਾਂ ਹੀ ਆਊਟ ਹੋ ਜਾਂਦੇ ਹਨ ਤਾਂ ਟੀਮ ਮੁਸ਼ਕਲ ਵਿੱਚ ਆ ਜਾਂਦੀ ਹੈ।
"ਜਦੋਂ ਪ੍ਰਭਸਿਮਰਨ ਤੇ ਪ੍ਰਿਯਾਂਸ਼ ਆਊਟ ਹੋ ਜਾਂਦੇ ਹਨ ਤਾਂ ਸਾਰਾ ਦਬਾਅ ਕਪਤਾਨ ਅਈਅਰ ਉਪਰ ਆ ਜਾਂਦਾ ਤੇ ਸ਼੍ਰੇਅਸ਼ ਅਈਅਰ ਵੀ ਉਦੋਂ ਜ਼ਿਆਦਾ ਚੰਗਾ ਕਰਦਾ ਜਦੋਂ ਉਪਰੋ ਰਨ ਬਣਦੇ ਹਨ।"
ਮਾੜੀ ਫਿਲਡਿੰਗ ਤੇ ਗੇਂਦਬਾਜ਼ੀ
ਪੰਜਾਬ ਕਿੰਗਜ਼ ਨੇ ਹੁਣ ਤੱਕ ਮੈਦਾਨ ਵਿੱਚ ਜਿਵੇਂ ਦੀ ਫਿਲਡਿੰਗ ਕੀਤੀ ਹੈ, ਉਸ ਦਾ ਆਈਪੀਐੱਲ ਦੀਆਂ ਬਾਕੀ ਟੀਮਾਂ ਨਾਲੋਂ ਫਿਲਡਿੰਗ ਵਿੱਚ ਸਭ ਤੋਂ ਮਾੜਾ ਪ੍ਰਦਰਸ਼ਨ ਗਿਣਿਆ ਜਾਣ ਲੱਗਾ ਹੈ।
ਆਪਣੇ ਪਿਛਲੇ ਮੈਚ ਵਿੱਚ ਹੈਦਰਾਬਾਦ ਖ਼ਿਲਾਫ਼ ਪੰਜਾਬ ਦੇ ਖਿਡਾਰੀਆਂ ਨੇ ਕਈ ਕੈਚ ਛੱਡੇ, ਜਿਸ ਨੂੰ ਉਨ੍ਹਾਂ ਦੀ ਹਾਰ ਦਾ ਅਹਿਮ ਕਾਰਨ ਵੀ ਮੰਨਿਆ ਗਿਆ ਹੈ।
ਇਸ ਮੈਚ ਤੋਂ ਬਾਅਦ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਛੱਡੇ ਹੋਏ ਕੈਚਾਂ ਨੂੰ 'ਸਭ ਤੋਂ ਵੱਡਾ ਝਟਕਾ' ਦੱਸਿਆ ਸੀ। ਮੈਚ ਤੋਂ ਬਾਅਦ ਬ੍ਰਾਡਕਾਸਟਰ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਸੀ ਕਿ ਜੇ ਕੈਚ ਫੜ ਲਏ ਗਏ ਹੁੰਦੇ ਤਾਂ ਪੰਜਾਬ ਨੂੰ 30-40 ਦੌੜਾਂ ਘੱਟ ਦਾ ਪਿੱਛਾ ਕਰਨਾ ਪੈਣਾ ਸੀ।
ਇਸ ਮੈਚ ਵਿੱਚ ਹੈਦਰਾਬਾਦ ਨੇ 235 ਦੌੜਾਂ ਬਣਾਈਆਂ ਸਨ। ਹੁਣ ਤੱਕ ਪੰਜਾਬ ਟੀਚਾ ਸਫਲਤਾਪੂਰਵਕ ਹਾਸਲ ਕਰਨ ਲਈ ਜਾਣੀ ਜਾਂਦੀ ਹੈ ਪਰ ਪੰਜਾਬ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ ਸਿਰਫ 202 ਦੌੜਾਂ ਹੀ ਬਣਾ ਸਕੀ ਅਤੇ ਹੈਦਰਾਬਾਦ ਇਹ ਮੈਚ ਜਿੱਤ ਗਈ।
ਇਸ ਮੈਚ ਵਿੱਚ ਯੁਜ਼ਵਿੰਦਰ ਚਾਹਲ ਦੀਆਂ ਗੇਂਦਾਂ ਉਪਰ ਪੰਜਾਬ ਦੇ ਫਿਲਡਰਾਂ ਨੇ ਤਿੰਨ ਕੈਚ ਛੱਡੇ। ਇਸ ਮੁਕਾਬਲੇ ਵਿੱਚ ਇਸ਼ਾਨ ਕਿਸ਼ਨ ਤੇ ਹੇਨਰਿਕ ਕਲਾਸੇਨ ਨੂੰ ਜੀਵਨਦਾਨ ਮਿਲੇ, ਜੋ ਬਾਅਦ ਵਿੱਚ ਪੰਜਾਬ ਲਈ ਮਹਿੰਗੇ ਸਾਬਿਤ ਹੋਏ। ਇਸ਼ਾਨ ਨੇ 55 ਅਤੇ ਕਲਾਸੇਨ ਨੇ 69 ਦੌੜਾਂ ਬਣਾਈਆਂ।
ਐੱਸਆਰਐੱਚ ਦੀ ਪਾਰੀ ਦੌਰਾਨ ਮੈਦਾਨ ਉਪਰ ਪੰਜਾਬ ਦੇ ਕੋਚ ਰਿੱਕੀ ਪੋਂਟਿੰਗ ਨੇ ਕਿਹਾ, "ਅਸੀਂ ਇਸ ਸੀਜ਼ਨ ਵਿੱਚ ਹੁਣ ਤੱਕ ਕਈ ਕੈਚ ਛੱਡੇ ਹਨ। ਲੜਕਿਆਂ ਨੇ ਅਸਾਧਾਰਨ ਮਿਹਨਤ ਕੀਤੀ ਹੈ ਅਤੇ ਤੁਸੀਂ ਜਾਣਦੇ ਹੋ ਵਿਚਾਰੇ ਸ਼ਸ਼ਾਂਕ ਨੂੰ, ਅਜਿਹਾ ਲੱਗਦਾ ਜਿਵੇਂ ਗੇਂਦ ਹਰ ਜਗ੍ਹਾ ਉਸਦਾ ਪਿੱਛਾ ਕਰ ਰਹੀ ਹੈ।"
ਕੈਚਾਂ ਸਬੰਧੀ ਈਐੱਸਪੀਐੱਨਕ੍ਰਿਕਇੰਫੋ ਦੇ ਅੰਕੜਿਆਂ ਮੁਤਾਬਕ ਪੰਜਾਬ ਕਿੰਗਜ਼ ਨੇ ਇਸ ਸੀਜ਼ਨ ਵਿੱਚ ਹੁਣ ਤੱਕ 56 ਮੌਕਿਆਂ ਵਿੱਚੋਂ 16 ਮੌਕੇ ਗੁਆਏ ਹਨ। ਉਨ੍ਹਾਂ ਦੀ ਕੈਚ ਲੈਣ ਦੀ ਕੁਸ਼ਲਤਾ 71.43% ਹੈ, ਜੋ ਕਿ ਦਸ ਟੀਮਾਂ ਵਿੱਚੋਂ ਸਭ ਤੋਂ ਮਾੜੀ ਹੈ।
ਇਨ੍ਹਾਂ 16 ਕੈਚਾਂ ਵਿੱਚੋਂ 8 ਕੈਚ ਯੁਜ਼ਵਿੰਜਰ ਚਾਹਲ ਦੀ ਗੇਂਦ ਉਪਰ ਛੱਡੇ ਗਏ ਹਨ, ਜੇਕਰ ਇਹ ਕੈਚ ਹੁੰਦੇ ਤਾਂ ਚਾਹਲ ਸ਼ਾਇਦ ਆਈਪੀਐੱਲ ਦੇ ਇਸ ਸੀਜ਼ਨ ਵਿੱਚ ਟੌਪ ਦੇ ਗੇਂਦਬਾਜ਼ਾਂ ਵਿੱਚ ਸ਼ੁਮਾਰ ਹੋ ਜਾਂਦੇ ਪਰ ਅਜਿਹਾ ਨਹੀਂ ਹੋਇਆ।
ਸਰਨਦੀਪ ਸਿੰਘ ਕਹਿੰਦੇ ਹਨ ਕਿ ਪੰਜਾਬ ਬੱਲੇਬਾਜ਼ੀ ਵਿੱਚ ਤਾਂ ਚੰਗਾ ਕਰ ਹੀ ਰਹੀ ਸੀ ਅਤੇ ਗੇਂਦਬਾਜ਼ ਵੀ ਵਾਪਸੀ ਕਰ ਰਹੇ ਹਨ ਪਰ ਹੁਣ ਸਭ ਤੋਂ ਵੱਡੀ ਦਿੱਕਤ ਫਿਲਡਿੰਗ ਵਿੱਚ ਆ ਰਹੀ ਹੈ, ਜੋ ਟੀਮ ਲਈ ਚੰਗੀ ਖਬਰ ਨਹੀਂ ਹੈ।
ਉਹ ਕਹਿੰਦੇ ਹਨ, "ਟੀਮ ਬੈਲੇਂਸ ਹੋ ਰਹੀ ਹੈ ਪਰ ਫਿਲਡਿੰਗ ਦਾ ਮਾੜਾ ਹਾਲ ਹੈ। ਸ਼ਸ਼ਾਂਕ ਨੇ ਤਾਂ ਕੈਚ ਛੱਡਣ ਦੀ ਆਦਤ ਹੀ ਬਣਾ ਲਈ ਹੈ। ਪਿਛਲਾ ਮੈਚ ਪੰਜਾਬ ਜਿੱਤ ਸਕਦੀ ਸੀ, ਜਿਸਦੀ ਹਾਰ ਦਾ ਮੁੱਖ ਕਾਰਨ ਫਿਲਡਿੰਗ ਰਹੀ ਹੈ। ਟੀਮ ਹਰ ਵਾਰ ਨਹੀਂ 200 ਤੋਂ ਵੱਧ ਚੇਜ਼ ਕਰ ਸਕਦੀ। ਪਹਿਲਾਂ ਤੁਹਾਡੀ ਗੇਂਦਬਾਜ਼ੀ ਕਮਜ਼ੋਰ ਸੀ, ਜਦੋਂ ਗੇਂਦਬਾਜ਼ਾਂ ਨੇ ਵਾਪਸੀ ਕੀਤੀ ਤਾਂ ਫਿਲਡਿੰਗ ਵਿੱਚ ਹੁਣ ਲਗਾਤਾਰ ਕੈਚ ਛੱਡ ਰਹੇ ਹਨ।"
ਸਰਨਦੀਪ ਕਹਿੰਦੇ ਹਨ ਕਿ ਪੰਜਾਬ ਹੁਣ ਉਸ ਪੜਾਅ ਵਿੱਚ ਹੈ ਕਿ ਇਨ੍ਹਾਂ ਕੋਲ ਹਾਰ ਦੀ ਗੁਜਾਇੰਸ਼ ਨਹੀਂ ਹੈ ਤੇ ਕਿਸੇ ਵੀ ਹਾਲਤ ਵਿੱਚ ਦੋ ਮੈਚ ਜਿੱਤਣੇ ਪੈਣਗੇ।
"ਟੀਮ ਨੂੰ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫਿਲਡਿੰਗ ਤਿੰਨਾਂ ਦੇ ਸੁਮੇਲ ਨਾਲ ਖੇਡਣਾ ਪਵੇਗਾ।"
ਅਕਾਸ਼ ਚੋਪੜਾ ਨੇ ਕਿਹਾ ਸੀ, "ਪੰਜਾਬ ਕਿੰਗਜ਼ ਦੀ ਬੱਲੇਬਾਜ਼ੀ ਚੰਗੀ ਹੈ ਤੇ ਗੇਂਦਬਾਜ਼ੀ ਸ਼ੁਰੂ ਤੋਂ ਹੀ ਚਿੰਤਾ ਦਾ ਵਿਸ਼ਾ ਬਣੀ ਹੋਈ ਪਰ ਜੇ ਤੁਸੀਂ ਫਿਲਡਿੰਗ ਵੀ ਚੰਗੀ ਨਹੀਂ ਕਰਦੇ ਤਾਂ ਟੀਮ ਲਈ ਹੋਰ ਵੀ ਨੁਕਸਾਨਦਾਇਕ ਹੈ। ਚੰਗੇ ਫਿਲਡਰ ਵੀ ਕੈਚ ਛੱਡ ਰਹੇ ਹਨ, ਬੇਸ਼ੱਕ ਸ਼ਸ਼ਾਂਕ ਨੇ ਕਈ ਕੈਚ ਛੱਡੇ ਤੇ ਉਨ੍ਹਾਂ ਦਾ ਮਜ਼ਾਕ ਵੀ ਬਣਿਆ ਪਰ ਪਿਛਲੇ ਸੀਜ਼ਨ ਵਿੱਚ ਉਨ੍ਹਾਂ ਨੇ ਬਹੁਤ ਸ਼ਾਨਦਾਰ ਫਿਲਡਿੰਗ ਕੀਤੀ ਸੀ। ਗੇਂਦਬਾਜ਼ੀ ਪਹਿਲਾਂ ਹੀ ਕਮਜ਼ੋਰ ਹੈ ਪਰ ਜੇ ਫਿਲਡਿੰਗ ਪੱਖ ਵੀ ਇਸੇ ਤਰ੍ਹਾਂ ਕਮਜ਼ੋਰ ਰਿਹਾ ਤਾਂ ਉਹ ਤੁਹਾਨੂੰ ਅੱਗੇ ਪ੍ਰੇਸ਼ਾਨ ਕਰੇਗਾ।"
ਬੈਂਚ 'ਤੇ ਬੈਠੇ ਖਿਡਾਰੀ ਕਿੰਨੇ ਅਹਿਮ
ਪੰਜਾਬ ਕਿੰਗਜ਼ ਕੋਲ ਕੁਝ ਅਨਕੈਪਡ ਖਿਡਾਰੀ ਅਜਿਹੇ ਵੀ ਹਨ, ਜੋ ਪਹਿਲੇ 11 ਵਿੱਚ ਨਹੀਂ ਹਨ ਪਰ ਬੈਂਚ ਉਪਰ ਬੈਠੇ ਹਨ। ਇਨ੍ਹਾਂ ਵਿੱਚ ਗੇਂਦਬਾਜ਼ ਹਰਪ੍ਰੀਤ ਬਰਾੜ ਤੇ ਯਸ਼ ਠਾਕੁਰ ਅਜਿਹੇ ਨਾਮ ਹਨ, ਜਿਨ੍ਹਾਂ ਦਾ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ।
ਪੰਜਾਬ ਨੇ ਹਾਲਾਂਕਿ ਪਿਛਲੇ ਮੈਚਾਂ ਵਿੱਚ ਕੁਝ ਤਬਦੀਲੀ ਕਰਕੇ ਸੁਰਿਆਸ਼ ਸ਼ੇਡਗੇ ਨੂੰ ਲਿਆਂਦਾ, ਜਿਨ੍ਹਾਂ ਨੇ ਚੰਗੀ ਬੱਲੇਬਾਜ਼ੀ ਕਰਕੇ ਕੋਚ ਤੇ ਕਪਤਾਨ ਨੂੰ ਖੁਸ਼ ਕੀਤਾ ਤੇ ਕਿਤੇ ਨਾ ਕਿਤੇ ਉਨ੍ਹਾਂ ਨੇ ਆਪਣੀ ਥਾਂ ਵੀ ਟੀਮ ਵਿੱਚ ਬਣਾ ਲਈ ਹੈ।
ਪੰਜਾਬ ਕਿੰਗਜ਼ ਆਪਣੀ ਗੇਂਦਬਾਜ਼ੀ ਨੂੰ ਲੈ ਕੇ ਕਿਤੇ ਨਾ ਕਿਤੇ ਡਗਮਗਾ ਰਹੀ ਹੈ।
ਸਰਨਦੀਪ ਕਹਿੰਦੇ ਹਨ, "ਪੰਜਾਬ ਨੂੰ ਟੀਮ ਵਿੱਚ ਬਦਲਾਅ ਕਰਨ ਦੀ ਵੀ ਜ਼ਰੂਰਤ ਹੈ ਕਿਉਂਕਿ ਮਾਰਕੋ ਜੇਨਸਨ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਰਹੇ ਤੇ ਬਾਹਰ ਬੈਠੇ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੀਦਾ ਹੈ। ਮਾਰਕੋ ਦੀ ਥਾਂ 'ਤੇ ਯਸ਼ ਠਾਕੁਰ ਨੂੰ ਮੌਕਾ ਦੇਣਾ ਚਾਹੀਦਾ ਹੈ। ਉਸ ਦੇ ਨਾਲ ਹੀ ਅਜ਼ਮਤੁੱਲਾ ਉਮਰਜ਼ਈ ਨੂੰ ਵੀ ਟੀਮ ਵਿੱਚ ਲਿਆਉਣਾ ਚਾਹੀਦਾ ਹੈ। ਪਿਛਲੇ ਸੀਜ਼ਨ ਵਿੱਚ ਵੀ ਉਮਰਜ਼ਈ ਨੇ ਧਰਮਸ਼ਾਲਾ ਵਿੱਚ ਚੰਗੀਆਂ ਵਿਕਟਾਂ ਕੱਢੀਆਂ ਸਨ ਤੇ ਉਹ ਬੱਲੇਬਾਜ਼ੀ ਵੀ ਚੰਗੀ ਕਰਦਾ ਹੈ।"
ਉਹ ਕਹਿੰਦੇ ਹਨ ਕਿ ਪੰਜਾਬ ਨੂੰ ਦੋ-ਤਿੰਨ ਚੇਂਜ ਕਰਨੇ ਪੈਣਗੇ ਤੇ ਜੇ ਅਜੇ ਵੀ ਬਦਲਾਅ ਨਾ ਕੀਤਾ ਤਾਂ ਟੀਮ ਦੌੜ ਵਿੱਚੋਂ ਵੀ ਬਾਹਰ ਹੋ ਸਕਦੀ ਹੈ।
"ਕੋਚ ਰਿੱਕੀ ਪੋਂਟਿੰਗ ਵਿਦੇਸ਼ੀ ਖਿਡਾਰੀਆਂ ਉਪਰ ਜ਼ਿਆਦਾ ਜ਼ੋਰ ਦਿੰਦੇ ਹਨ ਪਰ ਵਿਜੈ ਹਜ਼ਾਰੇ ਟਰਾਫੀ ਵਿੱਚ ਯਸ਼ ਠਾਕੁਰ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ, ਉਸ ਦਾ ਫਾਇਦਾ ਲੈਣਾ ਚਾਹੀਦਾ।"
ਸਾਬਕਾ ਭਾਰਤੀ ਕ੍ਰਿਕਟਰ ਰਾਹੁਲ ਸ਼ਰਮਾ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਪ੍ਰੀਤ ਬਰਾੜ ਪੂਰੀ ਤਿਆਰੀ ਨਾਲ ਇਸ ਸੀਜ਼ਨ ਵਿੱਚ ਆਇਆ ਹੈ।
"ਉਸ ਨੂੰ ਅਜੇ ਤੱਕ ਇੱਕ ਮੌਕਾ ਮਿਲਿਆ ਹੈ ਤੇ ਉਮੀਦ ਹੈ ਕਿ ਅੱਗੇ ਹੋਰ ਵੀ ਮੌਕੇ ਮਿਲਣਗੇ ਤੇ ਹੋਰ ਵਧੀਆ ਕਰੇਗਾ। ਗੇਂਦਬਾਜ਼ੀ ਵਿੱਚ ਪੰਜਾਬ ਨੂੰ ਯਸ਼ ਠਾਕੁਰ ਨੂੰ ਵੀ ਖਿਡਾਉਣਾ ਚਾਹੀਦਾ, ਉਸ ਕੋਲ ਕਾਫੀ ਵੈਰੀਏਸ਼ਨ ਹੈ। ਉਹ ਚੰਗੀ ਯਾਰਕਰ ਤੇ ਬਾਊਂਸਰ ਮਾਰਦਾ ਤੇ ਉਸ ਦਾ ਘਰੇਲੂ ਕ੍ਰਿਕਟ ਵਿੱਚ ਚੰਗਾ ਪ੍ਰਦਰਸ਼ਨ ਰਿਹਾ ਹੈ।"
ਰਾਹੁਲ ਸ਼ਰਮਾ ਇਹ ਵੀ ਕਹਿੰਦੇ ਹਨ ਕਿ ਆਈਪੀਐੱਲ ਭਾਰਤੀ ਖਿਡਾਰੀਆਂ ਲਈ ਜ਼ਿਆਦਾ ਪ੍ਰਭਾਵਸ਼ਾਲੀ ਹੈ।
"ਵਿਦੇਸ਼ੀ ਖਿਡਾਰੀਆਂ ਦੀ ਥਾਂ ਭਾਰਤੀ ਮੈਚ ਵਿੱਚ ਜ਼ਿਆਦਾ ਜਾਨ ਮਾਰਦੇ ਹਨ ਕਿਉਂਕਿ ਉਹ ਇਹ ਧਿਆਨ ਵਿੱਚ ਰੱਖਦੇ ਹਨ ਕਿ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕਰਕੇ ਟੀਮ ਵਿੱਚ ਥਾਂ ਬਣਾਉਣੀ ਹੈ। ਵਿਦੇਸ਼ੀ ਗੇਂਦਬਾਜ਼ਾਂ ਨੂੰ ਜੇ ਰਨ ਪੈ ਵੀ ਰਹੇ ਹਨ ਤਾਂ ਉਹ ਜ਼ਿਆਦਾ ਸੋਚਦੇ ਨਹੀਂ ਪਰ ਅਨਕੈਪਡ ਖਿਡਾਰੀ ਸੋਚ ਵਿਚਾਰ ਕਰਦਾ ਕਿ ਉਸ ਨੇ ਟੀਮ ਲਈ ਚੰਗਾ ਕਰਨਾ ਤੇ ਜ਼ਿਆਦਾ ਦੌੜਾਂ ਨਹੀਂ ਦੇਣੀਆਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ