You’re viewing a text-only version of this website that uses less data. View the main version of the website including all images and videos.
ਨਾਸਿਕ ਟੀਸੀਐਸ ਕੇਸ: ਧਰਮ ਪਰਿਵਰਤਨ ਦੇ ਇਲਜ਼ਾਮ ਅਤੇ ਜਾਂਚ 'ਤੇ ਉੱਠ ਰਹੇ ਸਵਾਲ
- ਲੇਖਕ, ਆਸ਼ਯ ਯੇਗੜੇ ਅਤੇ ਮਿਉਰੇਸ਼ ਕੋਨਰ
- ਰੋਲ, ਬੀਬੀਸੀ ਮਰਾਠੀ
- ਪੜ੍ਹਨ ਦਾ ਸਮਾਂ: 8 ਮਿੰਟ
ਨਾਸਿਕ ਟੀਸੀਐਸ ਕੇਸ ਦੇ ਇੱਕ ਮੁਲਜ਼ਮ ਦੀ ਪਤਨੀ ਨੇ ਸਵਾਲ ਚੁੱਕਿਆ, "ਕੀ ਮੇਰੇ ਪਤੀ ਨੇ ਕੋਈ ਬੰਬ ਬਲਾਸਟ ਕੀਤਾ ਹੈ? ਇੱਕੋ ਰਾਤ ਵਿੱਚ ਅੱਠ ਸ਼ਿਕਾਇਤ ਕਿਉਂ ਦਰਜ ਹੋਈਆਂ ਅਤੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਿਉਂ ਕੀਤਾ ਗਿਆ?"
ਨਾਸਿਕ ਜ਼ਿਲ੍ਹਾ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਆਪਣੇ ਪਤੀ (ਜੋ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ) ਨੂੰ ਦੇਖਣ ਆਈ ਇਹ ਮਹਿਲਾ ਸਾਰੀ ਸਥਿਤੀ ਬਾਰੇ ਦੁਚਿੱਤੀ ਵਿੱਚ ਸੀ।
ਸੁਣਵਾਈ ਅਧੀਨ ਐਫਆਈਆਰ ਨੰਬਰ 166 ਵਿੱਚ ਮੁਲਜ਼ਮ ਸ਼ਾਹਰੁਖ ਕੁਰੇਸ਼ੀ ਦੇ ਪਿਤਾ ਸ਼ੌਕਤ ਕੁਰੇਸ਼ੀ ਰਿਸ਼ਤੇਦਾਰਾਂ ਦੀ ਭੀੜ ਵਿੱਚ ਇੰਤਜ਼ਾਰ ਕਰ ਰਹੇ ਸਨ। ਅਸੀਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ।
ਸਿੰਚਾਈ ਵਿਭਾਗ ਤੋਂ ਸੇਵਾ ਮੁਕਤ ਹੋਏ ਸ਼ੌਕਤ ਕੁਰੇਸ਼ੀ ਕਹਿੰਦੇ ਹਨ, "ਮੈਨੂੰ ਨਹੀਂ ਲਗਦਾ ਮੇਰੇ ਬੇਟੇ ਨੇ ਅਜਿਹਾ ਕੁਝ ਕੀਤਾ ਹੋ ਸਕਦਾ ਹੈ। ਪਰ ਰਿਹਾਈ ਤੱਕ, ਆਪਣੇ ਬੇਟੇ ਲਈ ਮੇਰਾ ਇੱਥੇ ਆਉਣਾ ਜ਼ਰੂਰੀ ਹੈ। ਜੇ ਸ਼ਾਹਰੁਖ ਦੋਸ਼ੀ ਹੈ ਤਾਂ ਅਦਾਲਤ ਕਾਰਵਾਈ ਕਰੇਗੀ ਪਰ ਜੋ ਕੁਝ ਮੀਡੀਆ ਵਿੱਚ ਚੱਲ ਰਿਹਾ ਹੈ, ਉਹ ਬਰਦਾਸ਼ਤ ਨਹੀਂ ਹੁੰਦਾ।"
ਉਸ ਦਿਨ ਸੁਣਵਾਈ ਤਿੰਨ ਘੰਟੇ ਤੱਕ ਚੱਲੀ। ਮੁਲਜ਼ਮਾਂ ਦੇ ਰਿਸ਼ਤੇਦਾਰ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਤੈਨਾਤ ਕੀਤੇ ਗਏ ਪੁਲਿਸ ਅਫਸਰ ਤਿੰਨ ਘੰਟਿਆਂ ਤੱਕ ਇੱਕੋ ਥਾਂ ਖੜ੍ਹੇ ਰਹੇ।
ਇਸ ਕੇਸ ਨੇ ਨਾਮੀ ਮਲਟੀਨੈਸ਼ਨਲ ਕੰਪਨੀ ਟੀਸੀਐਸ(ਟਾਟਾ ਕੰਸਲਟੈਂਸੀ ਸਰਵਿਸ) ਦਾ ਨਾਮ ਸੁਰਖੀਆਂ ਵਿੱਚ ਲਿਆਂਦਾ ਹੈ। ਇਹ ਭਾਰਤ ਦੇ ਆਈਟੀ ਖੇਤਰ ਵਿੱਚ ਵੱਡੀ ਸੰਸਥਾ ਹੈ ਅਤੇ ਦੇਸ਼ ਭਰ ਤੋਂ ਹਜ਼ਾਰਾਂ ਲੋਕ ਇੱਥੇ ਕੰਮ ਕਰਦੇ ਹਨ।
ਇਸ ਕੇਸ ਵਿੱਚ ਲੱਗੇ ਇਲਜ਼ਾਮਾਂ ਬਾਰੇ ਬਹੁਤ ਤਰ੍ਹਾਂ ਦੀ ਸ਼ਬਦਾਵਲੀ ਜਿਵੇਂ ਕਿ ਕਥਿਤ 'ਧਰਮ ਪਰਿਵਰਤਨ' ਰਿਪੋਰਟਿੰਗ ਅਤੇ ਕੇਸ ਬਾਰੇ ਚਰਚਾਵਾਂ ਵਿੱਚ ਆਮ ਤੌਰ 'ਤੇ ਵਰਤੀ ਗਈ ਸੀ। ਕਈਆਂ ਨੇ ਇਸ ਨੂੰ ਦੇਸ਼ ਤੋਂ ਬਾਹਰਲੇ ਕੁਝ ਵਿਅਕਤੀਆਂ ਨਾਲ ਵੀ ਜੋੜਿਆ, ਜਿਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਅਣਜਾਣ ਹਨ।
ਪਰ ਇਨ੍ਹਾਂ ਸਾਰੀਆਂ ਥਿਊਰੀਆਂ ਅਤੇ ਇਲਜ਼ਾਮਾਂ ਤੋਂ ਪਰ੍ਹੇ, ਤੱਥ ਕੀ ਹਨ? ਪੁਲਿਸ ਨੇ ਜਾਂਚ ਦੌਰਾਨ ਅਤੇ ਅਦਾਲਤ ਵਿੱਚ ਕੀ ਕਿਹਾ ਹੈ?
ਮਾਮਲੇ ਵਿੱਚ ਐਫਆਈਆਰਜ਼ ਦਰਜ ਹੋਣ ਤੋਂ ਇੱਕ ਮਹੀਨਾ ਬਾਅਦ, ਕੁਝ ਸਮਾਜਿਕ ਸੰਸਥਾਵਾਂ, ਮੁਲਜ਼ਮਾਂ ਦੇ ਰਿਸ਼ਤੇਦਾਰਾਂ ਅਤੇ ਵਕੀਲਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਹੁਣ ਤੱਕ ਹੋਈ ਘਟਨਾਵਾਂ ਦਾ ਕ੍ਰਮ
ਇਸ ਕੇਸ ਦੀ ਸ਼ੁਰੂਆਤ 26 ਮਾਰਚ ਤੋਂ ਹੋਈ। ਨਾਸਿਕ ਦੇ ਇੰਦਰਾਨਗਰ ਖੇਤਰ ਦੇ ਅਸ਼ੋਕਾ ਬਿਜ਼ਨਸ ਇਨਕਲੇਵ ਵਿੱਚ ਸਥਿਤ ਟੀਸੀਐਸ ਦਫ਼ਤਰ ਵਿਚ ਕੰਮ ਕਰਦੀ 23 ਸਾਲਾ ਔਰਤ ਨੇ ਤਿੰਨ ਕਰਮਚਾਰੀਆਂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ।
ਸ਼ਿਕਾਇਤ ਦੇ ਅਧਾਰ 'ਤੇ ਦਾਨਿਸ਼ ਸ਼ੇਖ, ਤੌਸਿਫ ਅੱਤਰ ਅਤੇ ਨੀਡਾ ਖਾਨ ਖ਼ਿਲਾਫ਼ ਵਿਆਹ ਦਾ ਝਾਂਸਾ ਦੇ ਕੇ ਧੋਖਾ ਦੇਣ, ਛੇੜਛਾੜ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕੀਤਾ ਗਿਆ।
ਨਾਸਿਕ ਦੇ ਪੁਲਿਸ ਕਮਿਸ਼ਨਰ ਸੰਦੀਪ ਕਾਰਨਿਕ ਨੇ ਬੀਬੀਸੀ ਮਰਾਠੀ ਨੂੰ ਦੱਸਿਆ, "ਕੇਸ ਵਿੱਚ ਪਹਿਲੀ ਸ਼ਿਕਾਇਤ ਦਰਜ ਕਰਵਾਉਣ ਆਈ ਪੀੜਤ ਮਹਿਲਾ ਬਹੁਤ ਡਰੀ ਹੋਈ ਸੀ ਅਤੇ ਸ਼ਿਕਾਇਤ ਦੇਣ ਦੀ ਮਾਨਸਿਕ ਸਥਿਤੀ ਵਿੱਚ ਨਹੀਂ ਸੀ। ਪੁਲਿਸ ਨੇ ਉਸ ਨੂੰ ਭਰੋਸਾ ਦਵਾਇਆ, ਹੌਂਸਲਾ ਦਿੱਤਾ ਅਤੇ ਫਿਰ ਉਸ ਨੇ ਸ਼ਿਕਾਇਤ ਦਰਜ ਕਰਵਾਈ।"
26 ਮਾਰਚ ਨੂੰ ਦਰਜ ਹੋਈ ਪਹਿਲੀ ਐਫਆਈਆਰ ਤੋਂ ਬਾਅਦ, 2 ਅਤੇ 3 ਅਪ੍ਰੈਲ ਨੂੰ ਅੱਠ ਹੋਰ ਐਫਆਈਆਰਜ਼ ਦਰਜ ਹੋਈਆਂ। ਇਹ ਐਫਆਈਆਰਜ਼, ਨਾਸਿਕ ਦੇ ਮੁੰਬਈ ਨਾਕਾ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾਈਆਂ ਗਈਆਂ।
ਇਨ੍ਹਾਂ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਇਹ ਘਟਨਾਵਾਂ ਟੀਸੀਐਸ ਕੰਪਨੀ ਦੇ ਦਫ਼ਤਰ ਵਿੱਚ ਪਿਛਲੇ ਚਾਰ ਸਾਲਾਂ 2022 ਤੋਂ ਲੈ ਕੇ 2026 ਦੌਰਾਨ ਵਾਪਰੀਆਂ।
ਹੁਣ, ਇਨ੍ਹਾਂ ਨੌ ਕੇਸਾਂ ਦੀ ਸੁਣਵਾਈ ਨਾਸਿਕ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਵਿੱਚ ਵੱਖ-ਵੱਖ ਦਿਨਾਂ 'ਤੇ ਹੋ ਰਹੀ ਹੈ।
ਕੀ ਧਰਮ ਪਰਿਵਰਤਨ ਦੀਆਂ ਕੋਸ਼ਿਸ਼ਾਂ ਹੋਈਆਂ ?
ਇਸ ਕੇਸ ਵਿੱਚ ਸਭ ਤੋਂ ਵੱਧ ਸੰਵੇਦਨਸ਼ੀਲ ਅਤੇ ਗੰਭੀਰ ਇਲਜ਼ਾਮ ਧਰਮ ਪਰਿਵਰਤਨ ਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦਾ ਇਰਾਦਾ ਸਾਂਝੀ ਕੋਸ਼ਿਸ਼ ਜ਼ਰੀਏ ਧਰਮ ਪਰਿਵਰਤਨ ਕਰਵਾਉਣ ਦਾ ਸੀ। ਇਨ੍ਹਾਂ ਇਲਜ਼ਾਮਾਂ ਤੋਂ ਅੱਗੇ, ਕੁਝ ਮੀਡੀਆ ਰਿਪੋਰਟਾਂ ਵਿੱਚ ਇਸ ਘਟਨਾ ਦੀ ਵਿਆਖਿਆ ਕਰਨ ਲਈ ਕਈ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਹੈ।
ਕੁਝ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਇਸ ਕੇਸ ਨੂੰ ਆਰਗੇਨਾਈਜ਼ਡ ਕਨਵਰਜ਼ਨਜ਼ (ਧਰਮ ਪਰਿਵਰਤਨ) ਨਾਲ ਜੋੜ ਕੇ ਦੇਖਿਆ ਗਿਆ, ਜਦਕਿ ਕਈ ਥਾਈਂ ਕਿਹਾ ਗਿਆ ਕਿ ਇਸ ਪਿੱਛੇ ਕੋਈ ਕੌਮਾਂਤਰੀ ਗਿਰੋਹ ਹੋ ਸਕਦਾ ਹੈ।
ਪੁਲਿਸ ਕਮਿਸ਼ਨਰ ਸੰਦੀਪ ਕਾਰਨਿਕ ਨੇ ਕਿਹਾ, "ਰਜਿਸਟਰ ਹੋਏ ਨੌ ਗੰਭੀਰ ਕੇਸਾਂ ਵਿੱਚ, ਧਰਮ ਪਰਿਵਰਤਨ ਦੀ ਕੋਸ਼ਿਸ਼, ਧਾਰਮਿਕ ਭਾਵਨਾਵਾਂ ਨੂੰ ਠੇਸ, ਕੰਮ ਕਰਨ ਦੀ ਥਾਂ 'ਤੇ ਜਿਣਸੀ ਸੋਸ਼ਣ ਦੇ ਸਿਰਲੇਖ ਹੇਠ ਐਫਆਈਆਰਜ਼ ਦਰਜ ਹੋਈਆਂ ਹਨ।"
ਪਰ ਹੁਣ ਸਵਾਲ ਪੁੱਛਿਆ ਜਾ ਰਿਹਾ ਹੈ , ਖਾਸ ਕਰਕੇ ਮੁਲਜ਼ਮਾਂ ਦੇ ਵਕੀਲਾਂ ਵੱਲੋਂ ਕਿ ਇਹ ਕੀ ਹੈ ? ਐਫਆਈਆਰ ਵਿੱਚ ਕਥਿਤ ਧਰਮ ਪਰਿਵਰਤਨ ਦਾ ਜ਼ਿਕਰ ਕਿਉਂ ਨਹੀਂ ਹੈ?
ਮੁਲਜ਼ਮਾਂ ਦੇ ਵਕੀਲ ਰਾਹੁਲ ਕਸਲੀਵਾਲ ਕਹਿੰਦੇ ਹਨ, "ਇਸ ਕੇਸ ਦੀ ਕੋਈ ਐਫਆਈਆਰ ਧਰਮ ਪਰਿਵਰਤਨ ਬਾਰੇ ਨਹੀਂ ਹੈ। ਕੁਝ ਥਾਂਵਾਂ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਲਗਾਈ ਗਈ ਹੈ, ਪਰ ਧਰਮ ਪਰਿਵਰਤਨ ਦਾ ਜ਼ਿਕਰ ਨਹੀਂ ਹੈ।"
ਮੁਲਜ਼ਮਾਂ ਦੇ ਇੱਕ ਹੋਰ ਵਕੀਲ ਬਾਬਾ ਸਈਅਦ ਕਹਿੰਦੇ ਹਨ, "ਇੱਥੋਂ ਤੱਕ ਕਿ ਪੁਲਿਸ ਦੀ ਰਿਮਾਂਡ ਰਿਪੋਰਟ ਵਿੱਚ ਵਿੱਚ ਵੀ ਜ਼ਬਰਦਸਤੀ ਧਰਮ ਪਰਿਵਰਤਨ ਦੀ ਕੋਸ਼ਿਸ਼ ਜਾਂ ਅਸਲ ਵਿੱਚ ਧਰਮ ਪਰਿਵਰਤਨ ਬਾਰੇ ਕੋਈ ਸਪਸ਼ਟ ਜ਼ਿਕਰ ਨਹੀਂ। ਇਸ ਲਈ, ਕਿਸ ਅਧਾਰ 'ਤੇ ਇਹ ਮਸਲਾ ਲਿਆਂਦਾ ਜਾ ਰਿਹਾ ਹੈ?"
ਜਦੋਂ ਬੀਬੀਸੀ ਮਰਾਠੀ ਨੇ ਕੇਸ ਦੀ ਐਫਆਈਆਰ ਪੜ੍ਹੀ ਤਾਂ 'ਧਰਮ ਪਰਿਵਰਤਨ' ਦਾ ਸਪਸ਼ਟ ਜ਼ਿਕਰ ਨਹੀਂ ਮਿਲਿਆ।
ਹੁਣ ਕੁਝ ਸੰਸਥਾਵਾਂ ਅੱਗੇ ਆ ਰਹੀਆਂ ਹਨ ਅਤੇ ਇਸੇ ਤਰ੍ਹਾਂ ਦੇ ਸਵਾਲ ਚੁੱਕ ਰਹੀਆਂ ਹਨ। ਸ਼ੁੱਕਰਵਾਰ ਨੂੰ ਮੁੰਬਈ ਵਿੱਚ, ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਸਿਵਲ ਰਾਈਟਸ ਨਾਮੀ ਸੰਸਥਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ।
ਇਸ ਸੰਸਥਾ ਤੋਂ ਪੰਜ ਲੋਕ ਨਾਸਿਕ ਗਏ ਸਨ ਅਤੇ ਉਨ੍ਹਾਂ ਨੇ ਇੱਕ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਵਿਚ ਦਾਅਵਾ ਹੈ ਕਿ ਇੱਥੇ ਧਰਮ ਪਰਿਵਰਤਨ ਦੀਆਂ ਕੋਸ਼ਿਸ਼ਾਂ ਦਾ ਕੋਈ ਸਬੂਤ ਨਹੀਂ ਹੈ।
ਸੰਸਥਾ ਦੇ ਕੌਮੀ ਸਕੱਤਰ ਨਦੀਮ ਖਾਨ ਕਹਿੰਦੇ ਹਨ, "ਜੇ ਇਹ ਧਰਮ ਪਰਿਵਰਤਨ ਦਾ ਮਾਮਲਾ ਹੈ ਤਾਂ ਚਾਰ ਸਾਲਾਂ ਅੰਦਰ ਕੋਈ ਸ਼ਖਸ ਤਾਂ ਹੋਵੇਗਾ ਜਿਸ ਦਾ ਧਰਮ ਬਦਲਿਆ ਗਿਆ ਹੋਵੇ। ਪਰ ਅਜਿਹਾ ਕੋਈ ਵੀ ਕੇਸ ਨਹੀਂ ਮਿਲਿਆ। ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇਹ ਇੱਕ ਵੱਕਾਰੀ ਸੰਸਥਾ ਟੀਸੀਐਸ ਵਿੱਚ ਹੋ ਰਿਹਾ ਸੀ। ਇਹ ਹੈਰਾਨਗੀ ਭਰਿਆ ਲਗਦਾ ਹੈ ਕਿ ਇਨ੍ਹਾਂ ਚਾਰ ਸਾਲਾਂ ਵਿੱਚ ਕੰਪਨੀ ਤੋਂ ਕੋਈ ਇੱਕ ਕਰਮਚਾਰੀ ਵੀ ਸਾਹਮਣੇ ਨਹੀਂ ਆਇਆ।"
ਪੁਲਿਸ ਕੋਲ ਸ਼ਿਕਾਇਤ ਕਿਵੇਂ ਪਹੁੰਚੀ ਸੀ?
ਇਸ ਬਾਰੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਹਨ। ਪੁਲਿਸ ਦੀ ਇੱਕ ਟੀਮ ਕੁਝ ਸਮੇਂ ਲਈ ਟੀਸੀਐਸ ਕੰਪਨੀ ਵਿੱਚ ਗਈ ਸੀ ਅਤੇ ਉਹ ਸ਼ਿਕਾਇਤਕਰਤਾਵਾਂ ਨੂੰ ਸਾਹਮਣੇ ਲਿਆਏ। ਪਰ ਇਸ ਸਭ ਤੋਂ ਪਹਿਲਾਂ, ਇੱਕ ਹੋਰ ਸ਼ਖਸ, ਜਿਸ ਦਾ ਸ਼ਿਕਾਇਤਕਰਤਾਵਾਂ ਨਾਲ ਕੋਈ ਸਬੰਧ ਨਹੀਂ, ਨੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਦਿੱਤੀ ਸੀ, ਇਹ ਵੀ ਖ਼ਬਰਾਂ ਆਈਆਂ।
ਨਾਸਿਕ ਪੁਲਿਸ ਕਮਿਸ਼ਨਰ ਸੰਦੀਪ ਕਾਰਨਿਕ ਮੁਤਾਬਕ, ਸ਼ੁਰੂਆਤੀ ਸ਼ਿਕਾਇਤ ਤੋਂ ਬਾਅਦ ਸਾਦੇ ਕੱਪੜਿਆਂ ਵਿੱਚ ਮਹਿਲਾ ਪੁਲਿਸ ਮੁਲਾਜ਼ਮਾਂ ਟੀਸੀਐਸ ਦਫ਼ਤਰ ਗਈਆਂ, ਕੁਝ ਮਹਿਲਾਵਾਂ ਨਾਲ ਗੱਲ ਕੀਤੀ ਅਤੇ ਅੱਗੇ ਆਉਣ ਲਈ ਹਿੰਮਤ ਦਿੱਤੀ ਜਿਸ ਤੋਂ ਬਾਅਦ ਸ਼ਿਕਾਇਤਾਂ ਮਿਲੀਆਂ। ਫਿਰ ਪਹਿਲੀ ਐਫਆਈਆਰ 26 ਮਾਰਚ ਨੂੰ ਦਰਜ ਹੋਈ।
ਇਸ ਮਾਮਲੇ ਵਿੱਚ ਆਏ ਇੱਕ ਜਨਤਕ ਬਿਆਨ ਵਿੱਚ ਟੀਸੀਐਸ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਹਨ, ਉਨ੍ਹਾਂ ਬਾਰੇ ਕੋਈ ਸ਼ਿਕਾਇਤ ਅੰਦਰੂਨੀ ਕਮੇਟੀ ਕੋਲ ਨਹੀਂ ਆਈ।
ਟੀਸੀਐਸ ਨੇ 17 ਅਪ੍ਰੈਲ ਨੂੰ ਜਾਰੀ ਬਿਆਨ ਵਿੱਚ ਕਿਹਾ, "ਸਿਸਟਮਜ਼ ਅਤੇ ਨਾਸਿਕ ਦਫ਼ਤਰ ਨਾਲ ਸਬੰਧਤ ਰਿਕਾਰਡ ਨੂੰ ਦੇਖਦਿਆਂ, ਸਾਡੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਿਸ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ, ਉਨ੍ਹਾਂ ਬਾਰੇ ਸਾਡੀ ਐਥਿਕਸ ਜਾਂ POSH ਕਮੇਟੀ ਕੋਲ ਕੋਈ ਸ਼ਿਕਾਇਤ ਨਹੀਂ ਆਈ।"
ਪੁਲਿਸ ਕਮਿਸ਼ਨਰ ਨੇ ਕਿਹਾ, "ਕਿਉਂਕਿ ਮੁਲਜ਼ਮ ਟੀਮ ਦੀ ਅਗਵਾਈ ਕਰ ਰਹੇ ਸਨ ਅਤੇ ਪੀੜਤਾਂ ਤੋਂ ਉਪਰਲੇ ਰੈਂਕ 'ਤੇ ਕੰਮ ਕਰ ਰਹੇ ਸਨ ਤਾਂ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੀੜਤਾਂ ਨੇ ਕਈ ਸਾਲਾਂ ਤੱਕ ਇਸ ਨੂੰ ਬਰਦਾਸ਼ਤ ਕੀਤਾ ਹੋਵੇ।"
ਪਰ ਫਿਰ, ਇੱਕੋ ਰਾਤ ਵਿੱਚ ਇੰਨੀਆਂ ਸ਼ਿਕਾਇਤਾਂ ਕਿਵੇਂ ਦਰਜ ਹੋ ਗਈਆਂ, ਅਜਿਹੇ ਸਵਾਲ ਪੁੱਛੇ ਜਾ ਰਹੇ ਹਨ।
ਮੁਲਜ਼ਮਾਂ ਦੇ ਵਕੀਲ ਬਾਬਾ ਸਈਅਦ ਨੇ ਕਿਹਾ, "2 ਤੋਂ 3 ਅਪ੍ਰੈਲ ਦੇ ਵਿਚਕਾਰ ਕੁਝ ਘੰਟਿਆਂ ਦੇ ਸਮੇਂ ਦੌਰਾਨ ਕੁੱਲ ਅੱਠ ਐਫਆਈਆਰਜ਼ ਦਰਜ ਹੋ ਗਈਆਂ। ਉਸੇ ਦਿਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਇਸ ਲਈ ਬਿਲਕੁਲ ਸ਼ੱਕ ਪੈਦਾ ਹੁੰਦੇ ਹਨ।"
ਅਸੀਂ ਨਾਸਿਕ ਪੁਲਿਸ ਨੂੰ ਇਸ ਬਾਰੇ ਪੁੱਛਿਆ। ਜਾਂਚ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਕਿਉਂਕਿ ਇਲਜ਼ਾਮ ਗੰਭੀਰ ਸਨ, ਤੁਰੰਤ ਕਾਰਵਾਈ ਕੀਤੀ ਗਈ।
ਨਾਸਿਕ ਦੇ ਇੱਕ ਸੀਨੀਅਰ ਪੱਤਰਕਾਰ ਨਿਰੰਜਨ ਤਾਕਲੇ ਕਹਿੰਦੇ ਹਨ, "ਸਾਡੀ ਜਾਣਕਾਰੀ ਮੁਤਾਬਕ, ਇੱਕ ਸਿਆਸੀ ਪਾਰਟੀ ਨਾਲ ਜੁੜੇ ਕਾਰਕੁਨ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਧਿਆਨ ਵਿੱਚ ਆਇਆ ਹੈ ਕਿ ਇੱਕ ਹਿੰਦੂ ਔਰਤ, ਰਮਜ਼ਾਨ ਦੇ ਮਹੀਨੇ ਰੋਜ਼ਾ ਰੱਖਦੀ ਹੈ। ਪੁਲਿਸ ਨੇ ਉਸ ਸ਼ਿਕਾਇਤ ਦੇ ਅਧਾਰ 'ਤੇ ਜਾਂਚ ਸ਼ੁਰੂ ਕੀਤੀ। ਕਿਸ ਕਾਨੂੰਨ ਤਹਿਤ ਇੱਕ ਵਿਅਕਤੀ ਇਹ ਸ਼ਿਕਾਇਤ ਕਰ ਸਕਦਾ ਹੈ? ਅਜਿਹਾ ਕੋਈ ਕਾਨੂੰਨ ਨਹੀਂ ਹੈ।"
ਨੀਡਾ ਖਾਨ ਖ਼ਿਲਾਫ਼ ਕੀ ਇਲਜ਼ਾਮ ਲਗਾਏ ਗਏ?
ਨਾਸਿਕ ਦੇ ਟੀਸੀਐਸ ਕੇਸ ਵਿੱਚ ਨੀਡਾ ਖਾਨ ਦੇ ਨਾਮ ਦਾ ਖਾਸ ਤੌਰ 'ਤੇ ਜ਼ਿਕਰ ਹੋ ਰਿਹਾ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਉਸ ਨੂੰ ਇਸ ਪੂਰੇ ਕੇਸ ਦਾ 'ਮਾਸਟਰਮਾਈਂਡ' ਦੱਸਿਆ ਗਿਆ। ਇਸ ਵੇਲੇ, ਨੀਡਾ ਖਾਨ ਦੀ ਅਗਾਊਂ ਜ਼ਮਾਨਤ ਬਾਰੇ ਅਰਜ਼ੀ ਅਦਾਲਤ ਵਿੱਚ ਪੈਂਡਿੰਗ ਹੈ ਅਤੇ ਪੁਲਿਸ ਨੀਡਾ ਖਾਨ ਨੂੰ ਲੱਭ ਰਹੀ ਹੈ।
ਹਾਲਾਂਕਿ, ਪੁਲਿਸ ਕੋਲ ਰਜਿਸਟਰ ਐਫਆਈਆਰ ਮੁਤਾਬਕ ਵੱਖਰੀ ਤਸਵੀਰ ਦਿਸ ਰਹੀ ਹੈ।ਇਨ੍ਹਾਂ ਨੌ ਕੇਸਾਂ ਵਿੱਚ, ਨੀਡਾ ਖਾਨ ਨੂੰ ਸਿਰਫ਼ ਇੱਕ ਐਫਆਈਆਰ ਵਿੱਚ ਸਹਿ-ਮੁਲਜ਼ਮ ਲਿਖਿਆ ਗਿਆ ਹੈ। 26 ਮਾਰਚ ਨੂੰ ਦਰਜ ਹੋਈ ਇਸ ਐਫਆਈਆਰ ਵਿੱਚ, ਉਸ ਖ਼ਿਲਾਫ਼ ਪੀੜਤ ਮਹਿਲਾ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ਸਨ।
ਉਸ ਦੇ ਵਕੀਲ ਬਾਬਾ ਸਈਅਦ ਕਹਿੰਦੇ ਹਨ, "ਨੀਡਾ ਖਾਨ ਸਿਰਫ਼ ਇੱਕ ਕੇਸ ਵਿੱਚ ਮੁਲਜ਼ਮ ਹੈ। ਬਾਕੀ ਅੱਠ ਐਫਆਈਆਰ ਵਿੱਚ ਕਿਤੇ ਵੀ ਉਸ ਦਾ ਜ਼ਿਕਰ ਨਹੀਂ ਹੈ। ਬਾਕੀ ਕੇਸਾਂ ਵਿੱਚ ਉਹ ਸਹਿ-ਮੁਲਜ਼ਮ ਵੀ ਨਹੀਂ ਹੈ। ਫਿਰ ਵੀ ਕਿਸ ਅਧਾਰ 'ਤੇ ਨੀਡਾ ਖਾਨ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ, ਇਹ ਸਮਝ ਤੋਂ ਬਾਹਰ ਹੈ।"
ਨਾਸਿਕ ਪੁਲਿਸ ਕਮਿਸ਼ਨਰ ਸੰਦੀਪ ਕਾਰਨਿਕ ਨੇ ਬੀਬੀਸੀ ਮਰਾਠੀ ਨੂੰ ਦੱਸਿਆ, " ਕੇਸ ਵਿੱਚ ਕੁੱਲ ਨੌ ਮੁਲਜ਼ਮ ਹਨ। ਉਨ੍ਹਾ ਵਿੱਚੋਂ ਦੋ ਮਹਿਲਾਵਾਂ ਹਨ ਅਤੇ ਨੀਡਾ ਖਾਨ ਇੱਕ ਕੇਸ ਵਿੱਚ ਮੁਲਜ਼ਮ ਹੈ। ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਹੈ।"
ਇਸੇ ਵਿਚਕਾਰ, ਆਪਣੇ ਬਿਆਨ ਵਿੱਚ ਟੀਸੀਐਸ ਨੇ ਨੀਡਾ ਖਾਨ ਦੀ ਭੂਮਿਕਾ ਬਾਰੇ ਸਪਸ਼ਟ ਕੀਤਾ। ਬਿਆਨ ਮੁਤਾਬਕ, ਖ਼ਬਰਾਂ ਵਿੱਚ ਉਸ ਨੂੰ 'ਐਚ.ਆਰ' ਮੈਨੇਜਰ ਦੱਸਿਆ ਗਿਆ ਜਦਕਿ ਉਹ ਅਸਲ ਵਿੱਚ ਪ੍ਰੋਸੈੱਸ ਐਸੋਸੀਏਟ ਵਜੋਂ ਕੰਮ ਕਰ ਰਹੀ ਸੀ ਅਤੇ ਉਸ ਕੋਲ ਕੋਈ ਲੀਡਰਸ਼ਿਪ ਜ਼ਿੰਮੇਵਾਰੀ ਨਹੀਂ ਸੀ।
ਇਸ ਕੇਸ ਕਾਰਨ, ਨੀਡਾ ਖਾਨ ਨੂੰ ਟੀਸੀਐਸ ਵੱਲੋਂ ਮੁਅੱਤਲ ਕੀਤਾ ਜਾ ਚੁੱਕਾ ਹੈ।
'ਬਹੁਤ ਹੀ ਗੈਰ-ਜ਼ਿੰਮੇਵਾਰ ਰਿਪੋਰਟਿੰਗ'
ਇਸ ਪੂਰੇ ਕੇਸ ਵਿੱਚ ਜਿਸ ਤਰ੍ਹਾਂ ਕੁਝ ਮੀਡੀਆ ਵੱਲੋਂ ਰਿਪੋਰਟਿੰਗ ਹੋਈ, ਉਸ ਬਾਰੇ ਗੰਭੀਰ ਚਰਚਾ ਹੋ ਰਹੀ ਹੈ। ਕੁਝ ਖ਼ਬਰਾਂ ਅਜਿਹੀਆਂ ਵੀ ਆਈਆਂ ਜਿਨ੍ਹਾਂ ਵਿੱਚ ਪੁਲਿਸ ਜਾਂ ਅਦਾਲਤ ਦੀ ਕਾਰਵਾਈ ਬਾਰੇ ਕੋਈ ਜ਼ਿਕਰ ਨਹੀਂ ਸੀ।
ਖ਼ੁਦ ਇੱਕ ਪੱਤਰਕਾਰ ਰਹੀ, ਸਮਾਜਿਕ ਕਾਰਕੁਨ ਟੀਸਟਾ ਸੇਤਲਾਵਾਦ ਨੇ ਵੀ ਮੁੰਬਈ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਕੇਸ ਦੀ ਰਿਪੋਰਟਿੰਗ ਬਾਰੇ ਨਾਖੁਸ਼ੀ ਜ਼ਾਹਿਰ ਕੀਤੀ।
ਉਨ੍ਹਾਂ ਨੇ ਕਿਹਾ, "ਜਿਣਸੀ ਸ਼ੋਸ਼ਣ ਨੂੰ ਕਿਸੇ ਧਰਮ ਜਾਂ ਲਿੰਗ ਨਾਲ ਨਹੀਂ ਜੋੜਿਆ ਜਾ ਸਕਦਾ। ਅਜਿਹਾ ਸੋਸ਼ਣ 'ਪਾਵਰ ਆਫ ਕੰਟਰੋਲ' ਕਾਰਨ ਹੁੰਦਾ ਹੈ। ਇਸ ਨੂੰ ਧਾਰਮਿਕ ਰੰਗਤ ਕਿਉਂ ਦਿੱਤੀ ਗਈ, ਇਹ ਮੇਰਾ ਸਵਾਲ ਹੈ। ਇਹ ਸਵਾਲ, ਪੁਲਿਸ,ਸਰਕਾਰ ਅਤੇ ਜ਼ਿਆਦਾਤਰ ਮੀਡੀਆ ਤੋਂ ਹੈ।"
ਸੇਤਲਾਵਾਦ ਨੇ ਅੱਗੇ ਕਿਹਾ, "ਮੀਡੀਆ ਵਿੱਚ ਗੈਰ-ਜ਼ਿੰਮੇਵਾਰੀ ਵਾਲੀ ਅਤੇ ਗੈਰ-ਸੰਵਿਧਾਨਕ ਰਿਪੋਰਟਿੰਗ ਵਧ ਰਹੀ ਹੈ। ਉਸੇ ਵੇਲੇ, ਮਹਾਰਾਸ਼ਟਰ ਦੀ ਸਿਆਸੀ ਲੀਡਰਸ਼ਿਪ ਵੱਲੋਂ ਨਿਭਾਈ ਗਈ ਭੂਮਿਕਾ ਵੀ ਗੈਰ-ਜ਼ਿੰਮੇਵਾਰੀ ਵਾਲੀ ਹੈ। ਇਹ ਪੂਰੀ ਤਰ੍ਹਾਂ ਧਰੁਵੀਕਰਨ ਦੀ ਕੋਸ਼ਿਸ਼ ਹੈ।"
ਕੁੱਲ ਮਿਲਾ ਕੇ, ਇਸ ਪੂਰੇ ਕੇਸ ਵਿੱਚ ਸੱਚ ਸਾਹਮਣੇ ਆਉਣਾ ਹਾਲੇ ਬਾਕੀ ਹੈ ਅਤੇ ਉਸ ਤੋਂ ਪਹਿਲਾਂ ਕਿਸੇ ਨਤੀਜੇ 'ਤੇ ਪਹੁੰਚਣਾ ਮੁਸ਼ਕਿਲ ਹੈ।
ਪਰਵੀਨ ਠਾਕਰੇ ਤੋਂ ਮਿਲੀਆਂ ਇਨਪੁਟਸ ਨਾਲ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ