ਪੰਜਾਬ ਬਿਜਲੀ ਦੀ ਸਪਲਾਈ ਕਿਹੜੇ ਸਰੋਤਾਂ ਤੋਂ ਪੂਰੀ ਕਰਦਾ ਹੈ, ਸਰਕਾਰ ਲੰਬੇ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦੇਣ ਲਈ ਕਿਹੜੇ ਇੰਤਜ਼ਾਮਾਂ ਦੇ ਦਾਅਵੇ ਕਰ ਰਹੀ

    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 5 ਮਿੰਟ

ਪੰਜਾਬ ਵਿੱਚ ਬਿਜਲੀ ਦੇ ਲੰਬੇ ਕੱਟਾਂ ਨੂੰ ਲੈ ਕੇ ਕਈ ਖੇਤਰਾਂ ਵਿੱਚ ਲੋਕਾਂ ਵਿੱਚ ਰੋਹ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐੱਸਪੀਸੀਐੱਲ) ਵੱਲੋਂ ਯੋਜਨਾਬੱਧ 4-4 ਘੰਟਿਆਂ ਦੇ ਕੱਟ ਲਾਏ ਜਾ ਰਹੇ ਹਨ।

ਇਸ ਤੋਂ ਪਹਿਲਾਂ ਪੀਐੱਸਪੀਸੀਐੱਲ ਨੇ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਮੁਹਾਲੀ ਅਤੇ ਬਠਿੰਡਾ ਵਿੱਚ 8 ਤੋਂ 10 ਘੰਟਿਆਂ ਦੇ ਯੋਜਨਾਬੱਧ ਕੱਟ ਲਾਉਣ ਦਾ ਐਲਾਨ ਕੀਤਾ ਸੀ।

ਲੋਕਾਂ ਵੱਲੋਂ ਇਸ ਦਾ ਕਾਫੀ ਵਿਰੋਧ ਕੀਤਾ ਗਿਆ, ਜਿਸ ਮਗਰੋਂ ਪੀਐੱਸਪੀਸੀਐੱਲ ਨੇ ਕੱਟਾਂ ਦਾ ਸਮਾਂ ਘਟਾ ਕੇ ਚਾਰ ਘੰਟੇ ਕਰ ਦਿੱਤਾ ਹੈ। ਕਾਰਪੋਰੇਸ਼ਨ ਨੇ ਦਾਅਵਾ ਕੀਤਾ ਸੀ ਕਿ ਇਹ ਕੱਟ ਰੱਖ-ਰਖਾਅ ਅਤੇ ਨਵੇਂ ਕੰਮਾਂ ਲਈ ਲਗਾਏ ਜਾਣੇ ਹਨ।

ਇਸੇ ਦੌਰਾਨ ਲੋਕਾਂ ਦੇ ਰੋਹ ਤੋਂ ਬਿਨਾਂ ਸਿਆਸਤ ਵੀ ਗਰਮਾਈ ਹੋਈ ਹੈ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਇਸ ਮੁੱਦੇ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਣੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਈ ਸਵਾਲ ਖੜ੍ਹੇ ਕੀਤੇ ਸਨ।

ਵਿਰੋਧੀ ਪਾਰਟੀਆਂ ਨੇ ਇਲਜ਼ਾਮ ਲਗਾਏ ਸਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਥਿਤ ਕੁਸ਼ਾਸਨ ਨੇ ਬਿਜਲੀ ਸਰਪਲੱਸ ਸੂਬੇ ਵਿੱਚ ਬਿਜਲੀ ਦੀ ਘਾਟ ਕਰ ਦਿੱਤੀ ਹੈ।

ਇਸ ਸਭ ਦੇ ਦਰਮਿਆਨ ਸਵਾਲ ਉੱਠ ਰਹੇ ਹਨ ਕਿ ਪੰਜਾਬ ਸੱਚਮੁੱਚ ਬਿਜਲੀ ਸਰਪਲੱਸ ਸੂਬਾ ਰਿਹਾ ਹੈ। ਇਸ ਸਵਾਲ ਅਤੇ ਹੋਰ ਸਵਾਲਾਂ ਦੇ ਜਵਾਬ ਇਸ ਰਿਪੋਰਟ ਵਿੱਚ ਪੇਸ਼ ਹਨ।

ਪੰਜਾਬ ਵਿੱਚ ਬਿਜਲੀ ਦੀ ਪੈਦਾਵਾਰ ਕਿੱਥੋਂ-ਕਿੱਥੋਂ ਹੁੰਦੀ ਹੈ?

ਪੰਜਾਬ ਵਿੱਚ ਬਿਜਲੀ ਦੀ ਮੰਗ ਪੂਰੀ ਕਰਨ ਲਈ ਵੱਖ-ਵੱਖ ਤਰੀਕਿਆਂ ਰਾਹੀਂ ਬਿਜਲੀ ਪੈਦਾ ਹੁੰਦੀ ਹੈ। ਪੀਐੱਸਪੀਸੀਐੱਲ ਦੀ ਹਾਈਡਰੋ ਪ੍ਰੋਜੈਕਟ, ਥਰਮਲ ਪਲਾਂਟ, ਬੀਬੀਐੱਮਬੀ ਦੇ ਉਤਪਾਦਨ ਵਿੱਚ ਹਿੱਸਾ, ਕੇਂਦਰੀ ਪੂਲ ਵਿੱਚ ਹਿੱਸਾ, ਸੁਤੰਤਰ ਬਿਜਲੀ ਉਤਪਾਦਕ (ਆਈਪੀਪੀ) ਥਰਮਲ ਪਲਾਂਟ, ਪੇਡਾ ਅਤੇ ਊਰਜਾ ਦੇ ਨਵੇਂ ਅਤੇ ਨਵਿਆਉਣਯੋਗ ਸਰੋਤ (ਐੱਨਆਰਐੱਸਈ) ਪ੍ਰਾਜੈਕਟਾਂ ਤੋਂ ਉਤਪਾਦਨ ਸ਼ਾਮਲ ਹੈ।

ਇਹਨਾਂ ਵਿੱਚੋਂ ਬਿਜਲੀ ਪੈਦਾ ਕਰਨ ਦੇ ਕਈ ਸਰੋਤ ਪੀਐੱਸਪੀਸੀਐੱਲ ਦੇ ਆਪਣੇ ਹਨ ਜਦਕਿ ਕਾਰਪੋਰੇਸ਼ਨ ਕਈ ਸਰੋਤਾਂ ਤੋਂ ਪੈਦਾ ਹੋਈ ਬਿਜਲੀ ਖ਼ਰੀਦਦੀ ਹੈ।

ਪੰਜਾਬ ਕੋਲ ਕਿੰਨੀ ਬਿਜਲੀ ਹੈ?

ਪੀਐੱਸਪੀਸੀਐੱਲ ਦੇ ਅੰਕੜਿਆਂ ਮੁਤਾਬਕ ਪੰਜਾਬ ਕੋਲ ਬਿਜਲੀ ਉਤਪਾਦਨ ਦੀ ਆਮ ਦਿਨਾਂ ਵਿੱਚ ਔਸਤਨ ਸਮਰੱਥਾ 14,747 ਮੈਗਾਵਾਟ ਤੋਂ ਵੱਧ ਦੀ ਹੈ। ਹਾਲਾਂਕਿ ਗਰਮੀ ਦੇ ਦਿਨਾਂ ਵਿੱਚ ਜਦੋਂ ਬਿਜਲੀ ਦੀ ਖਪਤ ਵੱਧਦੀ ਹੈ ਤਾਂ ਕਾਰਪੋਰੇਸ਼ਨ ਵਾਧੂ ਬਿਜਲੀ ਖਰੀਦ ਕੇ ਮੰਗ ਦੀ ਪੂਰਤੀ ਕਰਦਾ ਹੈ।

ਹਾਈਡਰੋ ਪ੍ਰੋਜੈਕਟ ਤੋਂ 2156 ਮੈਗਾਵਾਟ, ਕਾਰਪੋਰੇਸ਼ਨ ਦੇ ਆਪਣੇ ਥਰਮਲ ਪਲਾਂਟਾਂ ਤੋਂ 2300 ਮੈਗਾਵਾਟ, ਸੁਤੰਤਰ ਬਿਜਲੀ ਉਤਪਾਦਕ (ਆਈਪੀਪੀ) ਥਰਮਲ ਪਲਾਂਟ ਤੋਂ 3380 ਮੈਗਾਵਾਟ, ਬੀਬੀਐੱਮਬੀ ਤੋਂ ਸ਼ੇਅਰ 1141 ਮੈਗਾਵਾਟ, ਕੇਂਦਰੀ ਪੂਲ ਦੇ ਸ਼ੇਅਰ ਵਿੱਚੋਂ 4128 ਮੈਗਾਵਾਟ ਪੇਡਾ ਅਤੇ ਊਰਜਾ ਦੇ ਨਵੇਂ ਅਤੇ ਨਵਿਆਉਣਯੋਗ ਸਰੋਤ (ਐੱਨਆਰਐੱਸਈ) ਪ੍ਰਾਜੈਕਟਾਂ ਤੋਂ 2783 ਮੈਗਾਵਾਟ ਬਿਜਲੀ ਦਾ ਉਤਪਾਦਨ ਹੁੰਦਾ ਹੈ।

ਪੀਐੱਸਪੀਸੀਐੱਲ ਵੱਲੋਂ ਆਪਣੀ ਅਧਿਕਾਰਤ ਵੈਬਸਾਈਟ ਉੱਤੇ ਇਹ ਅੰਕੜੇ ਸਾਂਝੇ ਕੀਤੇ ਹੋਏ ਹਨ।

ਅਧਿਕਾਰੀਆਂ ਮੁਤਾਬਕ ਪੀਐੱਸਪੀਸੀਐੱਲ ਇਸ ਕੁੱਲ ਸਮਰੱਥਾ ਵਿੱਚੋਂ ਬਹੁਤੀ ਬਿਜਲੀ ਦਾ ਪ੍ਰਬੰਧਨ ਖਰੀਦ ਕੇ ਕਰਦਾ ਹੈ।

ਬਿਜਲੀ ਦੀ ਮੰਗ ਕਿੰਨੀ ਵੱਧੀ ਹੈ?

ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਇੰਜੀਨੀਅਰ (ਪੀਐੱਸਈਬੀ) ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੇ ਪਾਲ ਸਿੰਘ ਅਟਵਾਲ ਨੇ ਦੱਸਿਆ ਕਿ ਇਸ ਵਾਰ ਬਿਜਲੀ ਦੀ ਮੰਗ 18,000 ਮੈਗਾਵਾਟ ਤੱਕ ਜਾਣ ਦੀ ਉਮੀਦ ਹੈ। ਬਿਜਲੀ ਦੀ ਮੰਗ ਵਧਣਾ ਚੰਗੀ ਗੱਲ ਹੁੰਦੀ ਹੈ। ਇੱਕ ਸੂਬੇ ਦੇ ਖੁਸ਼ਹਾਲੀ ਵੱਲ ਵੱਧਣ ਦੇ ਸੰਕੇਤ ਹੁੰਦੇ ਹਨ।

ਉਨ੍ਹਾਂ ਦੱਸਿਆ ਬਿਜਲੀ ਦੀ ਮੰਗ ਸਭ ਤੋਂ ਵੱਧ ਅਪ੍ਰੈਲ ਮਹੀਨੇ ਤੋਂ ਜੁਲਾਈ ਮਹੀਨੇ ਤੱਕ ਹੁੰਦੀ ਹੈ। ਇਨ੍ਹਾਂ ਮਹੀਨਿਆਂ ਵਿੱਚ ਗਰਮੀ ਸਭ ਤੋਂ ਵੱਧ ਹੁੰਦੀ ਹੈ। ਉੱਤੋਂ ਝੋਨੇ ਦੀ ਬਿਜਾਈ ਵੀ ਇਨ੍ਹਾਂ ਮਹੀਨਿਆਂ ਦੌਰਾਨ ਹੁੰਦੀ ਹੈ।

ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਅਚਾਨਕ ਗਰਮੀ ਵਧਣ ਕਰਕੇ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਬਿਜਲੀ ਦੀ ਮੰਗ ਤੇਜ਼ੀ ਨਾਲ ਵਧੀ ਹੈ।

ਉਨ੍ਹਾਂ ਦੱਸਿਆ, "ਸੂਬੇ 'ਚ ਬਿਜਲੀ ਦੀ ਮੰਗ 15 ਅਪ੍ਰੈਲ ਨੂੰ ਲਗਭਗ 7,900 ਮੈਗਾਵਾਟ ਤੋਂ ਵੱਧ ਕੇ 25 ਅਪ੍ਰੈਲ ਤੱਕ 12,000 ਮੈਗਾਵਾਟ ਤੋਂ ਵੱਧ ਹੋ ਗਈ, ਜੋ ਪਿਛਲੇ ਸਾਲ ਨਾਲੋਂ ਲਗਭਗ 12 ਫੀਸਦ ਵੱਧ ਹੈ।"

ਇਸ ਤੋਂ ਇਲਾਵਾ ਸੂਬੇ ਵਿੱਚ ਸਭ ਤੋਂ ਵੱਧ ਮੰਗ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਦਰਜ ਕੀਤੀ ਗਈ ਸੀ। 5 ਜੁਲਾਈ ਨੂੰ ਬਿਜਲੀ ਦੀ ਮੰਗ 17233 ਮੈਗਾਵਾਟ ਸੀ।

ਬਿਜਲੀ ਦੀ ਵਧੀ ਮੰਗ ਪੂਰੀ ਕਰਨ ਲਈ ਕਿਹੜੇ ਯਤਨ ਹੋ ਰਹੇ?

ਸੰਜੀਵ ਅਰੋੜਾ ਨੇ ਕਿਹਾ ਕਿ ਪੀਐੱਸਪੀਸੀਐੱਲ ਗਰਮੀ ਦੇ ਮੌਜੂਦਾ ਮੌਸਮ ਦੌਰਾਨ ਬਿਜਲੀ ਦੀ ਮੰਗ ਵਿੱਚ ਅਚਾਨਕ ਵਾਧੇ ਨੂੰ ਪੂਰਾ ਕਰਨ ਅਤੇ ਸੂਬੇ ਭਰ 'ਚ ਬਿਨਾਂ ਰੁਕਾਵਟ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਉਨ੍ਹਾਂ ਦੱਸਿਆ, "ਦੂਜੇ ਸੂਬਿਆਂ ਨਾਲ ਬੈਂਕਿੰਗ ਪ੍ਰਬੰਧਾਂ ਰਾਹੀਂ 1,500 ਤੋਂ 2,000 ਮੈਗਾਵਾਟ ਵਾਧੂ ਬਿਜਲੀ ਸਬੰਧੀ ਗੱਲਬਾਤ ਅਗਲੇ ਪੜਾਅ ਵਿੱਚ ਹੈ।"

"2025 ਦੇ ਹੜ੍ਹਾਂ ਦੌਰਾਨ ਨੁਕਸਾਨੇ ਗਏ ਸੂਬੇ ਦੀ ਹਾਈਡਰੋ ਪਲਾਂਟਾਂ ਨੂੰ ਬਹਾਲ ਕੀਤਾ ਜਾ ਰਿਹਾ ਹੈ, ਜਿਸ ਨਾਲ ਜਲਦੀ ਹੀ ਹੋਰ 300 ਮੈਗਾਵਾਟ ਵਾਧੂ ਸਮਰੱਥਾ ਉਪਲੱਬਧ ਹੋਣ ਦੀ ਉਮੀਦ ਹੈ।"

ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਅਤੇ ਨਿੱਜੀ ਸਰੋਤਾਂ ਤੋਂ ਵਾਧੂ ਖਰੀਦ ਨਾਲ ਲਗਭਗ 1,500 ਮੈਗਾਵਾਟ ਵਾਧੂ ਬਿਜਲੀ ਸਪਲਾਈ ਲਈ ਰਾਹ ਪੱਧਰਾ ਹੋਇਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਕੇਂਦਰ ਸਰਕਾਰ ਦੇ ਪਾਵਰ ਪੂਲ ਤੋਂ 2,000 ਮੈਗਾਵਾਟ ਵਾਧੂ ਬਿਜਲੀ ਪ੍ਰਾਪਤ ਕਰਨ ਦੀ ਤਿਆਰੀ ਕਰ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਾਰੀ ਉਪਲੱਬਧ ਸਰਪਲੱਸ ਬਿਜਲੀ ਪ੍ਰਾਪਤ ਕਰਨ ਲਈ ਕੰਪੈਟਿਟਿਵ ਸ਼ਾਰਟ-ਟਰਮ ਟੈਂਡਰ ਜਾਰੀ ਕਰ ਦਿੱਤੇ ਗਏ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)