You’re viewing a text-only version of this website that uses less data. View the main version of the website including all images and videos.
'ਡਰ ਲੱਗਦਾ ਹੈ ਕਿ ਜੇਕਰ ਬੰਦਾ ਅਦਬ ਨਾਲ ਵੀ ਗੱਲ ਕਰੇ ਤਾਂ ਕੋਈ ਉਸ 'ਚੋਂ ਬੇਅਦਬੀ ਨਾ ਲੱਭ ਲਵੇ' - ਮੁਹੰਮਦ ਹਨੀਫ਼ ਦਾ ਵਲੌਗ
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
- ਪੜ੍ਹਨ ਦਾ ਸਮਾਂ: 4 ਮਿੰਟ
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਖਿਲਾਫ ਕਾਨੂੰਨ ਪਹਿਲਾਂ ਤੋਂ ਹੀ ਮੌਜੂਦ ਸੀ ਪਰ ਹੁਣ ਇੱਕ ਨਵਾਂ ਅਤੇ ਡਾਡਾ ਕਾਨੂੰਨ ਆਇਆ ਹੈ। ਪੰਜਾਬ ਅਸੈਂਬਲੀ ਨੇ ਸਰਬਸੰਮਤੀ ਨਾਲ ਪਾਸ ਕੀਤਾ ਹੈ।
ਵੱਡੇ-ਵੱਡੇ ਜੁਰਮਾਨੇ, ਉਮਰ ਕੈਦ ਦੀਆਂ ਸਜ਼ਾਵਾਂ, ਜਿਹੜਾ ਬੇਅਦਬੀ ਕਰੇਗਾ, ਜਿਹੜਾ ਬੇਅਦਬੀ ਕਰਨ ਵਾਲੇ ਦਾ ਸਾਥ ਦੇਵੇਗਾ, ਜਿਹੜਾ ਉਸ ਦਾ ਮਾਸਟਰਮਾਇੰਡ ਹੋਵੇਗਾ, ਉਨ੍ਹਾਂ 'ਚੋਂ ਕੋਈ ਵੀ ਨਹੀਂ ਬਚ ਸਕੇਗਾ।
ਮਾਮਲਾ ਅਦਬ ਦਾ ਹੈ, ਮਾਮਲਾ ਸੰਵਦੇਨਸ਼ੀਲ ਹੈ, ਇਸ ਲਈ ਡਰ ਲੱਗਦਾ ਹੈ ਕਿ ਜੇਕਰ ਬੰਦਾ ਅਦਬ ਨਾਲ ਵੀ ਗੱਲ ਕਰੇ ਤਾਂ ਕੋਈ ਉਸ 'ਚੋਂ ਬੇਅਦਬੀ ਨਾ ਲੱਭ ਲਵੇ।
ਇਸ ਲਈ ਆਪਣੇ ਗੁਆਂਢ ਪਾਕਿਸਤਾਨੀ ਪੰਜਾਬ ਨੂੰ ਵੇਖ ਲਓ, ਉੱਥੇ ਬੇਅਦਬੀ ਦੇ ਖਿਲਾਫ਼ ਨਵਾਂ ਕਾਨੂੰਨ ਪਹਿਲਾਂ ਤੋਂ ਹੀ ਮੌਜੂਦ ਹੈ। ਉੱਥੇ ਉਸ ਨੂੰ ਗੁਸਤਾਖੀ ਜਾਂ ਬਲਾਸਫੇਮੀ ਕਹਿੰਦੇ ਹਨ।
ਉੱਥੇ ਤੁਹਾਨੂੰ ਕਈ ਕੰਧਾਂ 'ਤੇ ਇਹ ਨਾਅਰਾ ਲਿਖਿਆ ਮਿਲੇਗਾ – 'ਗੁਸਤਾਖ਼ ਕੀ ਬਸ ਏਕ ਸਜ਼ਾ, ਸਰ ਤਨ ਸੇ ਜੁਦਾ, ਸਰ ਤਨ ਸੇ ਜੁਦਾ'।
ਜਦੋਂ ਪਾਕਿਸਤਾਨ ਵਿੱਚ ਇਹ ਬਲਾਸਫੇਮੀ ਵਾਲਾ ਕਾਨੂੰਨ ਨਹੀਂ ਸੀ ਆਇਆ, ਉਦੋਂ ਕੋਈ ਵਿਰਲਾ ਹੀ ਕੇਸ ਸੁਣੀਦਾ ਸੀ । ਖਲਕਤ ਵੀ ਇਹੀ ਸਮਝਦੀ ਸੀ ਕਿ ਕੋਈ ਪਾਗਲ ਹੀ ਹੋਵੇਗਾ ਜਿਹੜਾ ਕਿਸੇ ਮੁਕਦਸ ਹਸਤੀ ਜਾਂ ਮੁਕਦਸ ਕਿਤਾਬ ਦੇ ਖਿਲਾਫ਼ ਗੱਲ ਕਰੇਗਾ ਅਤੇ ਇਸ ਤਰ੍ਹਾਂ ਦੇ ਖੜ ਦਿਮਾਗ ਦਾ ਇਲਾਜ ਕਰਵਾਓ ਜਾਂ ਫਿਰ ਇਸ ਨੂੰ ਪਾਗਲਖਾਨੇ ਬੰਦ ਕਰਾ ਦਿਓ।
ਪਰ ਜਦੋਂ ਦਾ ਬਲਾਸਫੇਮੀ ਦੇ ਖਿਲਾਫ਼ ਨਵਾਂ ਕਾਨੂੰਨ ਆਇਆ ਹੈ, ਉਦੋਂ ਦੇ ਹਜ਼ਾਰਾਂ ਕੇਸ ਹਨ ਅਤੇ ਕਿਉਂਕਿ ਮਾਮਲਾ ਸੰਵੇਦਨਸ਼ੀਲ ਹੈ, ਜਜ਼ਬਾਤੀ ਹੈ ਤੇ ਲੋਕ ਕਾਨੂੰਨ - ਕਚਿਹਰੀ ਦਾ ਵੀ ਇੰਤਜ਼ਾਰ ਨਹੀਂ ਕਰਦੇ ।
ਆਪਣੇ ਹੱਥੀਂ ਹੁਣ ਤੱਕ ਕੋਈ 100 ਤੋਂ ਜ਼ਿਆਦਾ ਬੰਦੇ ਤੇ ਜ਼ਨਾਨੀਆਂ ਮਾਰੇ ਜਾ ਚੁੱਕੇ ਹਨ। ਕੁਝ ਨੂੰ ਜਥਿਆਂ ਨੇ ਇੱਕਠੇ ਹੋ ਕੇ ਕੁੱਟ ਕੇ ਮਾਰਿਆ ਹੈ, ਕੁਝ ਨੂੰ ਗੋਲੀ ਮਾਰੀ ਗਈ ਹੈ ਅਤੇ ਕੁਝ ਮਾਮਲਿਆਂ 'ਚ ਤਾਂ ਪੂਰੀ ਦੀ ਪੂਰੀ ਬਸਤੀ ਹੀ ਸਾੜ ਦਿੱਤੀ ਗਈ ਹੈ।
ਜੇਕਰ ਕੋਈ ਬਲਾਸਫੇਮੀ ਦਾ ਕੇਸ ਕਚਿਹਰੀ ਤੱਕ ਪਹੁੰਚ ਵੀ ਜਾਵੇ ਤਾਂ ਵਕੀਲ ਕੇਸ ਲੈਣ ਤੋਂ ਡਰਦੇ ਹਨ ਕਿ ਕਿਤੇ ਉਨ੍ਹਾਂ ਕੋਲੋਂ ਕੋਈ ਬੇਅਦਬੀ ਨਾ ਹੋ ਜਾਵੇ।
ਜੱਜ ਕਈ-ਕਈ ਸਾਲ ਤੱਕ ਕੇਸ ਹੀ ਨਹੀਂ ਸੁਣਦੇ , ਕਿਤੇ ਕੇਸ ਦੀ ਸੁਣਵਾਈ ਦੌਰਾਨ ਉਨ੍ਹਾਂ ਕੋਲੋਂ ਕੋਈ ਗੁਸਤਾਖੀ ਨਾ ਹੋ ਜਾਵੇ।
'ਇਹ ਵੀ ਖਿਆਲ ਰੱਖੋ ਕਿ ਰੱਬ ਦੇ ਨਾਮ ਨੂੰ ਦੁਨੀਆਦਾਰੀ ਦੇ ਫੱਡੇ ਨਿਭਾਉਣ ਲਈ ਵਰਤਣਾ ਵੀ ਵੱਡੀ ਬੇਅਦਬੀ ਹੈ'
ਤੁਸੀਂ ਆਸੀਆ ਬੀਬੀ ਵਾਲਾ ਕੇਸ ਸੁਣਿਆ ਹੋਣਾ ਹੈ। ਇੱਕ ਗਰੀਬ ਮਾਈ ਪੈਲੀਆਂ 'ਚ ਕੰਮ ਕਰਨ ਲਈ ਗਈ ਸੀ। ਉੱਥੇ ਕੁਝ ਜਨਾਨੀਆਂ ਨਾਲ ਤੂੰ-ਤੂੰ- ਮੈਂ-ਮੈਂ ਹੋ ਗਈ। ਗੱਲ ਮਸੀਤ ਦੇ ਇਮਾਮ ਤੱਕ ਪਹੁੰਚੀ। ਉਸ ਨੇ ਬਲਾਸਫੇਮੀ ਦਾ ਪਰਚਾ ਕਰਵਾ ਦਿੱਤਾ।
ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਅਤੇ ਫਿਰ ਅਪੀਲ ਹੋਈ। ਉਦੋਂ ਪੰਜਾਬ ਦੇ ਗਵਰਨਰ ਸਨ ਸੁਲਮਾਨ ਤਾਸੀਰ ਸਾਹਿਬ। ਉਨ੍ਹਾਂ ਕਿਹਾ ਕਿ ਆਸੀਆ ਬੀਬੀ ਨਾਲ ਜ਼ੁਲਮ ਹੋ ਰਿਹਾ ਹੈ, ਮੈਂ ਉਸ ਨੂੰ ਇਨਸਾਫ਼ ਦਵਾਵਾਂਗਾ।
ਹੁਣ ਕਿਸੇ ਨੂੰ ਲੱਗਾ ਕਿ ਇਹ ਇਨਸਾਫ਼ ਵਾਲੀ ਗੱਲ ਵੀ ਬਲਾਸਫੇਮੀ ਹੈ ਅਤੇ ਉਸ ਦੇ ਆਪਣੇ ਪੁਲਿਸ ਦੇ ਗਾਰਡ ਨੇ ਉਸ ਨੂੰ ਗੋਲੀਆਂ ਮਾਰ ਕੇ ਮੁਕਾ ਦਿੱਤਾ।
ਗਵਰਨਰ ਨੂੰ ਮਾਰਨ ਵਾਲਾ ਹੀਰੋ ਬਣ ਗਿਆ ਅਤੇ ਬਾਅਦ 'ਚ ਫਾਹੇ ਲੱਗਿਆ। ਆਸੀਆ ਬੀਬੀ 10 ਸਾਲ ਕਾਲ ਕੋਠੜੀ 'ਚ ਰਹੀ ਅਤੇ ਫਿਰ ਬਰੀ ਹੋਈ ਤੇ ਮੁਲਕੋਂ ਬਾਹਰ ਤੁਰ ਗਈ ਤੇ ਹੁਣ ਕਦੇ ਪਰਤ ਕੇ ਵਾਪਸ ਨਹੀਂ ਆ ਸਕਦੀ।
ਇਹ ਬਲਾਸਫੇਮੀ ਵਾਲਾ ਕਾਨੂੰਨ ਪਹਿਲਾਂ ਅੰਗਰੇਜ਼ਾਂ ਨੇ ਬਣਾਇਆ ਸੀ। ਇਸ ਲਈ ਇੰਡੀਆ ਅਤੇ ਪਾਕਿਸਤਾਨ 'ਚ ਪੀਨਲ ਕੋਰਡ ਦਾ ਇਹ ਸੈਕਸ਼ਨ 295 ਹੈ।
ਨਵਾਂ ਕਾਨੂੰਨ ਬਣਾਇਆ ਗਿਆ ਸੀ ਮੁਕਦਸ ਹਸਤੀਆਂ ਨੂੰ, ਮੁਕਦਸ ਕਿਤਾਬਾਂ ਦੀ ਬੇਅਦਬੀ ਨੂੰ ਰੋਕਣ ਲਈ, ਪਰ ਕਈ ਲੋਕਾਂ ਨੇ ਇਸ ਨੂੰ ਆਪਣਾ ਧੰਦਾ ਬਣਾ ਲਿਆ ਹੈ। ਕਿਤੇ ਪੈਸੇ ਦਾ ਝਗੜਾ, ਕਿਤੇ ਪਲਾਟ ਦਾ ਕਬਜ਼ਾ, ਕਿਸੇ ਦੀ ਜ਼ਿੰਦਗੀ ਤਬਾਹ ਕਰਨੀ ਹੋਵੇ, ਕਿਸੇ ਤੋਂ ਬਦਲਾ ਲੈਣਾ ਹੋਵੇ ਤਾਂ ਉਸ 'ਤੇ ਬਲਾਸਫੇਮੀ ਦਾ ਇਲਜ਼ਾਮ ਲਗਾ ਦਿਓ।
ਕਾਨੂੰਨ ਇੱਕ ਹੋਰ ਵੀ ਹੈ, ਜਿਹੜਾ ਕਹਿੰਦਾ ਹੈ ਕਿ ਗੁਸਤਾਖੀ ਦਾ, ਬਲਾਸਫੇਮੀ ਦਾ ਜਿਹੜਾ ਝੂਠਾ ਇਲਜ਼ਾਮ ਲਗਾਵੇ ਉਸ ਲਈ ਵੀ ਕਾਨੂੰਨ 'ਚ ਸਜ਼ਾ ਲਿਖੀ ਹੈ। ਪਰ ਇਹ ਸਜ਼ਾ ਤੁਸੀਂ ਘੱਟ ਹੀ ਕਿਸੇ ਨੂੰ ਮਿਲਦੀ ਵੇਖੀ ਹੋਵੇਗੀ।
ਮੁਕਦਸ ਹਸਤੀਆਂ ਦੇ ਅਦਬ ਨੂੰ ਕਾਇਮ ਰੱਖਣ ਲਈ ਕਾਨੂੰਨ ਬਣਾਓ, ਸਜ਼ਾਵਾਂ ਵੀ ਦਿਓ ਪਰ ਇਹ ਵੀ ਖਿਆਲ ਰੱਖੋ ਕਿ ਰੱਬ ਦੇ ਨਾਮ ਨੂੰ ਦੁਨੀਆਦਾਰੀ ਦੇ ਫੱਡੇ ਨਿਭਾਉਣ ਲਈ ਵਰਤਣਾ ਵੀ ਵੱਡੀ ਬੇਅਦਬੀ ਹੈ।
ਰੱਬ ਰਾਖਾ
(ਇਹ ਲੇਖਕ ਦੇ ਨਿੱਜੀ ਵਿਚਾਰ ਹਨ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ