ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ਅੱਗੇ ਕਥਿਤ ਫਾਇਰਿੰਗ, ਪੁਲਿਸ ਨੇ ਹੁਣ ਤੱਕ ਕੀ ਦੱਸਿਆ ਅਤੇ ਕੀ ਹਨ 'ਸਿਆਸੀ' ਦਾਅਵੇ?

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਮੈਨੇਜਰ ਗੁਰਪ੍ਰਤਾਪ ਸਿੰਘ ਕੰਗ ਦੇ ਹਰਿਆਣਾ ਦੇ ਕਰਨਾਲ ਸਥਿਤ ਘਰ ਦੇ ਬਾਹਰ ਕਥਿਤ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਇੱਕ ਸੋਸ਼ਲ ਮੀਡੀਆ ਪੋਸਟ, ਜਿਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੋੜਿਆ ਜਾ ਰਿਹਾ ਹੈ, ਵੱਲੋਂ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ।

ਹਾਲਾਂਕਿ, ਕਰਨਾਲ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਸਪਸ਼ਟ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਸਬੰਧ ਵਿੱਚ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਕਰਨਾਲ ਦੇ ਪੁਲਿਸ ਅਧਿਕਾਰੀ ਨਰਿੰਦਰ ਬਿਜਾਰਨੀਆ ਨੇ ਕਿਹਾ, "ਪਰਿਵਾਰ ਵੱਲੋਂ ਕੋਈ ਜਾਣਕਾਰੀ ਨਹੀਂ ਮਿਲੀ।"

ਬੀਬੀਸੀ ਪੰਜਾਬੀ ਵੱਲੋਂ ਗੁਰਪ੍ਰਤਾਪ ਸਿੰਘ ਕੰਗ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਨੂੰ ਈਮੇਲ ਵੀ ਭੇਜੀ ਗਈ, ਪਰ ਖ਼ਬਰ ਲਿਖੇ ਜਾਣ ਤੱਕ ਕੋਈ ਜਵਾਬ ਨਹੀਂ ਮਿਲਿਆ। ਜਵਾਬ ਆਉਣ 'ਤੇ ਕਾਪੀ ਨੂੰ ਅਪਡੇਟ ਕੀਤਾ ਜਾਵੇਗਾ।

ਪਿੰਡ ਵਾਲਿਆਂ ਨੇ ਕੀ ਕਿਹਾ?

ਕਰਨਾਲ ਤੋਂ ਬੀਬੀਸੀ ਸਹਿਯੋਗੀ ਕਮਲ ਸੈਣੀ ਦੀ ਰਿਪੋਰਟ ਮੁਤਾਬਕ, ਸਥਾਨਕ ਲੋਕਾਂ ਨੇ ਇਸ ਮਾਮਲੇ ਨੂੰ ਅਫ਼ਵਾਹ ਕਰਾਰ ਦਿੱਤਾ ਹੈ।

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ 'ਤੇ ਕੋਈ ਗੋਲੀਬਾਰੀ ਨਹੀਂ ਹੋਈ। ਪਰਿਵਾਰਕ ਮੈਂਬਰਾਂ ਨੇ ਕੈਮਰੇ ਸਾਹਮਣੇ ਗੱਲ ਕਰਨ ਤੋਂ ਇਨਕਾਰ ਕੀਤਾ, ਜਦਕਿ ਆਫ਼ ਕੈਮਰਾ ਉਨ੍ਹਾਂ ਨੇ ਵੀ ਇਸ ਘਟਨਾ ਨੂੰ ਨਕਾਰਿਆ।

ਨਿਸਿੰਗ ਥਾਣੇ ਦੇ ਇੰਚਾਰਜ ਨੇ ਵੀ ਆਫ਼ ਕੈਮਰਾ ਇਸ ਨੂੰ ਅਫ਼ਵਾਹ ਦੱਸਿਆ ਅਤੇ ਕਿਹਾ ਕਿ ਉਹ ਖ਼ੁਦ ਮੌਕੇ 'ਤੇ ਗਏ ਸਨ, ਪਰ ਉੱਥੇ ਕੋਈ ਸਬੂਤ ਨਹੀਂ ਮਿਲਿਆ।

ਇੱਥੋਂ ਤੱਕ ਕਿ ਪਿੰਡ ਦੇ ਸਾਬਕਾ ਸਰਪੰਚ ਜੋਗਾ ਸਿੰਘ ਨੇ ਵੀ ਇਸ ਮਾਮਲੇ ਨੂੰ ਰੱਦ ਕਰਦੇ ਹੋਏ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ ਅਤੇ ਪੁਲਿਸ ਨੂੰ ਵੀ ਕੋਈ ਨਿਸ਼ਾਨ ਨਹੀਂ ਮਿਲਿਆ ਕਿ ਗੋਲੀਬਾਰੀ ਚੱਲੀ ਹੋਵੇ।

ਫਿਲਹਾਲ, ਸੋਸ਼ਲ ਮੀਡੀਆ 'ਤੇ ਫਾਇਰਿੰਗ ਦੇ ਦਾਅਵੇ ਜਾਰੀ ਹਨ, ਪਰ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਜਾਂਚ ਜਾਰੀ ਹੈ।

ਸਿਆਸੀ ਪ੍ਰਤੀਕਿਰਿਆਵਾਂ

ਇਸ ਕਥਿਤ ਘਟਨਾ ਨੂੰ ਲੈ ਕੇ ਸਿਆਸੀ ਮਾਹੌਲ ਵੀ ਭਖ ਗਿਆ ਹੈ ਅਤੇ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲ ਰਹੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਪਿਛਲੇ ਕੁਝ ਦਿਨਾਂ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਭਾਜਪਾ ਨੇ ਦਿਲਜੀਤ ਦੋਸਾਂਝ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ ਪਰ ਉਸਨੇ ਇਨਕਾਰ ਕਰ ਦਿੱਤਾ। ਹੁਣ ਉਹ ਉਸ ਨੂੰ ਇਸ ਤਰ੍ਹਾਂ ਧਮਕੀ ਦੇ ਰਹੇ ਹਨ। ਇਹ ਬਹੁਤ ਗਲਤ ਹੈ, ਕਲਾਕਾਰ ਨੂੰ ਸਿਆਸੀ ਤੌਰ 'ਤੇ ਨਹੀਂ ਵਰਤਿਆ ਜਾਣਾ ਚਾਹੀਦਾ।"

ਉਧਰ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ, "ਅੱਜ ਇਹਨਾਂ ਨੂੰ ਦਿਲਜੀਤ ਦੋਸਾਂਝ ਯਾਦ ਆ ਗਿਆ ਹੈ। ਜਦੋਂ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਹਟਾਈ ਸੀ, ਉਦੋਂ ਤਾਂ ਭਗਵੰਤ ਮਾਨ ਨੇ ਆਪ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ। ਪਹਿਲਾਂ ਕਹਿ ਰਹੇ ਸਨ ਕਿ ਭਾਜਪਾ ਨੇ ਬੰਬ ਚਲਵਾਏ, ਹੁਣ ਕਹਿ ਰਹੇ ਹਨ ਕਿ ਗੋਲੀਆਂ ਚਲਵਾ ਰਹੇ ਹਾਂ, ਕੱਲ੍ਹ ਨੂੰ ਕਹਿ ਦੇਣਗੇ ਬੀਜੇਪੀ ਵਾਲੇ ਵੱਟਾ ਮਾਰ ਕੇ ਭੱਜ ਗਏ।"

ਇਸ ਤੋਂ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਮੈਂ ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ 'ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਲਈ ਹੈ, ਜੋ ਗੁਜਰਾਤ ਜੇਲ੍ਹ ਵਿੱਚ ਹੈ।"

"ਕੁਝ ਦਿਨ ਪਹਿਲਾਂ ਭਾਜਪਾ ਨੇ ਦਿਲਜੀਤ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਹੁਣ ਉਹ ਉਸ ਵਰਗੇ ਮਸ਼ਹੂਰ ਵਿਅਕਤੀ ਨੂੰ ਡਰਾਉਣ ਲਈ ਗੈਂਗਸਟਰ ਦੀ ਵਰਤੋਂ ਕਰ ਰਹੇ ਹਨ।"

ਕੀ ਦਿਲਜੀਤ ਸਿਆਸਤ ਵਿੱਚ ਆ ਸਕਦੇ ਹਨ?

ਦਿਲਜੀਤ ਦੋਸਾਂਝ ਨੂੰ ਲੈ ਕੇ ਸਮੇਂ-ਸਮੇਂ 'ਤੇ ਇਹ ਚਰਚਾ ਵੀ ਹੁੰਦੀ ਰਹੀ ਹੈ ਕਿ ਕੀ ਉਹ ਸਿਆਸਤ ਵਿੱਚ ਦਾਖ਼ਲ ਹੋ ਸਕਦੇ ਹਨ।

ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੂੰ ਰਾਜਨੀਤਿਕ ਪਾਰਟੀਆਂ ਵੱਲੋਂ ਸੰਪਰਕ ਕੀਤਾ ਗਿਆ, ਪਰ ਇਸ ਬਾਰੇ ਕੋਈ ਅਧਿਕਾਰਕ ਪੁਸ਼ਟੀ ਸਾਹਮਣੇ ਨਹੀਂ ਆਈ।

ਖੁਦ ਦਿਲਜੀਤ ਦੋਸਾਂਝ ਵੱਲੋਂ ਵੀ ਕਈ ਮੌਕਿਆਂ 'ਤੇ ਇਹ ਸੰਕੇਤ ਮਿਲਦੇ ਹਨ ਕਿ ਉਹ ਆਪਣਾ ਧਿਆਨ ਕਲਾ ਅਤੇ ਮਨੋਰੰਜਨ ਖੇਤਰ 'ਤੇ ਕੇਂਦਰਿਤ ਰੱਖਣਾ ਚਾਹੁੰਦੇ ਹਨ।

ਉਨ੍ਹਾਂ ਨੇ ਇਨ੍ਹਾਂ ਅਫਵਾਹਾਂ ਬਾਰੇ ਸਾਫ ਕਰਦਿਆਂ ਆਪਣੇ ਐਕਸ ਹੈਂਡਲ ਉੱਤੇ ਲਿਖਿਆ, "ਕਦੇ ਵੀ ਨਹੀਂ, ਮੇਰਾ ਕੰਮ ਮੰਨੋਰੰਜਨ ਕਰਨਾ ਹੈ ਅਤੇ ਆਪਣੇ ਖੇਤਰ ਵਿੱਚ ਬਹੁਤ ਖੁਸ਼ ਹਾਂ, ਧੰਨਵਾਦ।"

ਹਾਲਾਂਕਿ, ਕਿਸੇ ਵੀ ਮਸ਼ਹੂਰ ਕਲਾਕਾਰ ਵਾਂਗ, ਉਨ੍ਹਾਂ ਦੇ ਵੱਡੇ ਫੈਨ ਬੇਸ ਅਤੇ ਜਨਤਕ ਪ੍ਰਭਾਵ ਕਾਰਨ ਅਜਿਹੀਆਂ ਚਰਚਾਵਾਂ ਉੱਠਦੀਆਂ ਰਹਿੰਦੀਆਂ ਹਨ।

ਦਿਲਜੀਤ ਦੋਸਾਂਝ ਦੇ ਆਸਟ੍ਰੇਲੀਆ ਦੌਰੇ ਦੌਰਾਨ 'ਖ਼ਾਲਿਸਤਾਨ' ਸਬੰਧੀ ਵਿਵਾਦ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਹਾਲ ਦੇ ਆਸਟ੍ਰੇਲੀਆ ਦੌਰੇ ਦੌਰਾਨ ਵੀ ਚਰਚਾ ਵਿੱਚ ਰਹੇ।

ਸੋਸ਼ਲ ਮੀਡੀਆ ਉੱਤੇ ਕਈ ਵੀਡੀਓਜ਼ ਅਜਿਹੀਆਂ ਸਾਂਝੀਆਂ ਕੀਤੀਆ ਗਿਆ ਜਿਸ ਵਿੱਚ ਉਨ੍ਹਾਂ ਦੇ ਕਨਸਰਟ ਦੌਰਾਨ 'ਖ਼ਾਲਿਸਤਾਨ' ਹਮਾਇਤੀ ਨਾਅਰੇ ਜਾਂ ਝੰਡੇ ਵੇਖਣ ਨੂੰ ਮਿਲੇ।

ਹਾਲਾਂਕਿ, ਕੌਨਸਰਟ ਦੌਰਾਨ ਦਿਲਜੀਤ ਨੇ ਪੁਲਿਸ ਨੂੰ ਉਨ੍ਹਾਂ ਨੂੰ ਬਾਹਰ ਕੱਢਣ ਲਈ ਕਿਹਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)