You’re viewing a text-only version of this website that uses less data. View the main version of the website including all images and videos.
'ਸਟ੍ਰੀਟ ਫਾਈਟਰ' ਮਮਤਾ ਬੈਨਰਜੀ ਨੂੰ ਜਦੋਂ ਲਾਠੀਆਂ ਨਾਲ ਲੈਸ ਗੁੰਡਿਆਂ ਨੇ ਘੇਰ ਲਿਆ ਸੀ
- ਲੇਖਕ, ਇਸ਼ਾਦ੍ਰਿਤਾ ਲਾਹਿੜੀ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 12 ਮਿੰਟ
ਪੱਛਮੀ ਬੰਗਾਲ ਵਿੱਚ 15 ਸਾਲ ਦੀ ਸਰਕਾਰ ਤੋਂ ਬਾਅਦ ਮਮਤਾ ਬੈਨਰਜੀ ਸੱਤਾ ਤੋਂ ਬਾਹਰ ਹੋ ਗਏ ਹਨ।
ਭਾਜਪਾ ਨੇ ਤ੍ਰਿਣਮੂਲ ਕਾਂਗਰਸ ਨੂੰ ਹਰਾਉਣ ਤੋਂ ਬਾਅਦ ਪਹਿਲੀ ਵਾਰ ਸੂਬੇ ਵਿੱਚ ਆਪਣਾ ਮੁੱਖ ਮੰਤਰੀ ਬਣਾਉਣ ਦੀ ਤਿਆਰੀ ਕਰ ਰਹੀ ਹੈ।
ਪਰ 2011 ਵਿੱਚ ਸੂਬੇ ਦੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਕਰੀਬ ਤਿੰਨ ਦਹਾਕਿਆਂ ਤੱਕ ਜ਼ਮੀਨ 'ਤੇ ਲੰਬਾ ਸੰਘਰਸ਼ ਕੀਤਾ ਸੀ। ਉਨ੍ਹਾਂ ਨੇ ਆਪਣੇ ਬਲ 'ਤੇ ਤ੍ਰਿਣਮੂਲ ਕਾਂਗਰਸ ਖੜੀ ਕੀਤੀ ਅਤੇ ਵਿਰੋਧੀ ਪੱਖ ਤੋਂ ਸੱਤਾ ਤੱਕ ਲਿਆਂਦਾ।
ਮਮਤਾ ਨੂੰ 'ਸਟ੍ਰੀਟ ਫਾਈਟਰ' ਮੰਨਿਆ ਜਾਂਦਾ ਹੈ, ਜਿਸਦਾ ਮਤਲਬ ਹੈ ਕਿ ਉਹ ਸੜਕਾਂ 'ਤੇ ਵਿਦਿਆਰਥੀ ਸਿਆਸਤ ਤੋਂ ਸੰਘਰਸ਼ ਕਰਕੇ ਸੱਤਾ ਤੱਕ ਪਹੁੰਚੇ।
ਪਰ ਹੁਣ ਜਦੋਂ ਉਨ੍ਹਾਂ ਨੂੰ ਫਿਰ ਵਿਰੋਧੀ ਧਿਰ ਵਿੱਚ ਬੈਠਣਾ ਪਵੇਗਾ, ਤਾਂ ਇਹ ਸਵਾਲ ਹੈ ਕਿ ਕੀ ਉਨ੍ਹਾਂ ਦੇ ਪੁਰਾਣੇ ਤੇਵਰ ਬਰਕਰਾਰ ਰਹਿਣਗੇ?
ਪਿਛਲੇ ਚਾਰ ਦਹਾਕਿਆਂ ਵਿੱਚ ਇਸ ਜੁਝਾਰੂ ਨੇਤਾ ਦੇ ਕਈ ਰੂਪ ਦੁਨੀਆ ਨੇ ਵੇਖੇ ਹਨ। ਕਦੇ ਸੁਪਰੀਮ ਕੋਰਟ ਵਿੱਚ ਵਕੀਲ ਵਜੋਂ ਆਪਣਾ ਕੇਸ ਖ਼ੁਦ ਲੜਦਿਆਂ ਮਮਤਾ, ਕਦੇ ਰੰਗ ਅਤੇ ਕੂਚੀ ਨਾਲ ਪੇਂਟਿੰਗ ਕਰਦਿਆਂ ਮਮਤਾ, ਕਦੇ ਕਵਿਤਾਵਾਂ ਲਿਖਦਿਆਂ ਮਮਤਾ ਅਤੇ ਕਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਖ਼ੁਦ ਹੀ ਧਰਨੇ 'ਤੇ ਬੈਠਣ ਵਾਲੀ ਮਮਤਾ।
ਪਰ ਕੁਝ ਪੱਤਰਕਾਰਾਂ ਨੇ ਮਮਤਾ ਦੇ ਕਰੀਅਰ ਨੂੰ ਬਹੁਤ ਨੇੜਿਓਂ ਤੋਂ ਦੇਖਿਆ ਹੈ ਅਤੇ ਉਨ੍ਹਾਂ ਦੇ ਕੁਝ ਰੰਗਾਂ ਨੂੰ ਬਦਲਦੇ ਹੋਏ ਵੀ ਵੇਖਿਆ ਹੈ।
ਇਸ ਖ਼ਬਰ ਵਿੱਚ ਅਸੀਂ ਤੁਹਾਨੂੰ ਬਚਪਨ ਵਿੱਚ ਆਪਣੇ ਭੈਣ-ਭਰਾਵਾਂ ਦਾ ਖ਼ਿਆਲ ਰੱਖਣ ਵਾਲੀ ਮਮਤਾ ਦੀਦੀ, ਕਾਲਜ ਵਿੱਚ ਖੱਬੇਪੱਖੀ ਦਬੰਗਾਂ ਨਾਲ ਟੱਕਰ ਲੈਣ ਵਾਲੀ ਨੌਜਵਾਨ ਆਗੂ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਔਰਤਾਂ ਸਬੰਧੀ ਅਪਰਾਧਾਂ ਨੂੰ ਨਕਾਰਣ ਵਾਲੀ ਨੇਤਾ ਬਣਨ ਤੱਕ ਦੀ ਯਾਤਰਾ ਦਿਖਾਉਂਦੇ ਹਾਂ।
'ਜਾਇੰਟ ਕਿਲਰ' ਮਮਤਾ
ਮਮਤਾ ਬੈਨਰਜੀ ਪੱਛਮੀ ਬੰਗਾਲ ਵਿੱਚ ਸਾਲ 1984 ਵਿੱਚ ਪਹਿਲੀ ਵਾਰ ਸੁਰਖ਼ੀਆਂ ਵਿੱਚ ਆਏ ਅਤੇ ਉਸ ਤੋਂ ਬਾਅਦ ਲਗਾਤਾਰ ਖ਼ਬਰਾਂ ਵਿੱਚ ਰਹੇ।
ਸੀਨੀਅਰ ਪੱਤਰਕਾਰ ਪਰਵੇਜ਼ ਹਫ਼ੀਜ਼ ਨੇ ਮਮਤਾ ਦੇ ਕਰੀਅਰ ਨੂੰ ਸ਼ੁਰੂ ਤੋਂ ਦੇਖਿਆ ਹੈ।
ਉਹ ਦੱਸਦੇ ਹਨ, "ਜਦੋਂ ਮਮਤਾ ਬੈਨਰਜੀ ਨੇ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ, ਉਹ ਕਰੀਬ 20 ਸਾਲ ਦੇ ਸਨ। ਉਹ ਕਾਲਜ ਵਿੱਚ ਸਨ ਅਤੇ ਉਨ੍ਹਾਂ ਨੇ ਵਿਦਿਆਰਥੀ ਸਿਆਸਤ ਤੋਂ ਸ਼ੁਰੂਆਤ ਕੀਤੀ। ਕੁਝ ਹੀ ਸਾਲਾਂ ਬਾਅਦ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਜਾਦਵਪੁਰ ਸੀਟ ਤੋਂ ਲੋਕ ਸਭਾ ਚੋਣ ਲੜਾਈ। ਉਸ ਸਮੇਂ ਉਹ 30 ਸਾਲ ਦੇ ਵੀ ਨਹੀਂ ਸਨ।"
"ਕਾਂਗਰਸ ਨੇ ਉਨ੍ਹਾਂ ਨੂੰ ਵੱਡੇ ਕਮਿਊਨਿਸਟ ਨੇਤਾ ਸੋਮਨਾਥ ਚਟਰਜੀ ਦੇ ਖ਼ਿਲਾਫ਼ ਖੜ੍ਹਾ ਕੀਤਾ, ਜੋ ਬਾਅਦ ਵਿੱਚ ਲੋਕ ਸਭਾ ਸਪੀਕਰ ਵੀ ਬਣੇ। ਉਸ ਵੇਲੇ ਸੋਮਨਾਥ ਚਟਰਜੀ ਦੇ ਖ਼ਿਲਾਫ਼ ਜਿੱਤ ਅਸੰਭਵ ਮੰਨੀ ਜਾ ਰਹੀ ਸੀ ਅਤੇ ਸਭ ਕਹਿ ਰਹੇ ਸਨ ਕਿ ਕਾਂਗਰਸ ਨੇ ਮਮਤਾ ਬੈਨਰਜੀ ਨੂੰ ਬਲੀ ਦਾ ਬੱਕਰਾ ਬਣਾਇਆ ਹੈ। ਪਰ ਜਦੋਂ ਨਤੀਜੇ ਆਏ ਤਾਂ ਸਭ ਹੈਰਾਨ ਰਹਿ ਗਏ।"
ਇਸ ਘਟਨਾ ਨੂੰ ਯਾਦ ਕਰਦੇ ਹੋਏ ਸੀਨੀਅਰ ਪੱਤਰਕਾਰ ਮੋਨਦੀਪਾ ਬੈਨਰਜੀ ਦੱਸਦੇ ਹਨ, "ਮਮਤਾ ਬੈਨਰਜੀ ਦਾ ਨਾਮ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਸਭ ਤੋਂ ਪਹਿਲਾਂ 1984 ਵਿੱਚ ਆਇਆ, ਜਦੋਂ ਉਨ੍ਹਾਂ ਨੇ ਸੀਪੀਐੱਮ ਅਤੇ ਵਾਮ ਮੋਰਚੇ ਦੇ ਵੱਡੇ ਨੇਤਾ ਸੋਮਨਾਥ ਚਟਰਜੀ ਨੂੰ ਹਰਾ ਦਿੱਤਾ।"
"ਉਸ ਤੋਂ ਬਾਅਦ ਉਨ੍ਹਾਂ ਨੂੰ 'ਜਾਇੰਟ ਸਲੇਅਰ' ਕਿਹਾ ਜਾਣ ਲੱਗਾ। ਮੈਨੂੰ ਯਾਦ ਹੈ ਕਿ ਉਸ ਸਮੇਂ ਮੈਂ ਇੱਕ ਅਖ਼ਬਾਰ ਵਿੱਚ ਕੰਮ ਕਰਦੀ ਸੀ ਅਤੇ ਇਸ ਗੱਲ 'ਤੇ ਚਰਚਾ ਹੋ ਰਹੀ ਸੀ ਕਿ ਮਮਤਾ ਬੈਨਰਜੀ ਦੀ ਖ਼ਬਰ ਲਈ ਸਭ ਤੋਂ ਵਧੀਆ ਹੈਡਲਾਈਨ ਕੀ ਹੋ ਸਕਦੀ ਹੈ।"
ਉਨ੍ਹਾਂ ਦੇ ਸ਼ੁਰੂਆਤੀ ਦੌਰ ਨੂੰ ਕਵਰ ਕਰਨ ਵਾਲੇ ਸੀਨੀਅਰ ਪੱਤਰਕਾਰ ਜਯੰਤ ਘੋਸ਼ਾਲ ਕਹਿੰਦੇ ਹਨ, "ਸੰਸਦ ਦੇ ਹਰ ਮੈਂਬਰ ਲਈ ਇੱਕ ਸਥਾਈ ਕਮੇਟੀ ਅਤੇ ਇੱਕ ਸਲਾਹਕਾਰ ਕਮੇਟੀ ਦਾ ਹਿੱਸਾ ਬਣਨਾ ਲਾਜ਼ਮੀ ਹੁੰਦਾ ਸੀ। ਉਸ ਸਮੇਂ ਮੀਟਿੰਗਾਂ ਸੰਸਦ ਭਵਨ ਵਿੱਚ ਹੁੰਦੀਆਂ ਸਨ।"
"ਜਦੋਂ ਮਮਤਾ ਗ੍ਰਹਿ ਮੰਤਰਾਲੇ ਦੀ ਸਥਾਈ ਕਮੇਟੀ ਵਿੱਚ ਸਨ, ਉਹ ਆਪਣੇ ਨੋਟਸ ਲਈ ਹਰੀ ਸਿਆਹੀ ਵਰਤਦੇ ਸਨ। ਉਨ੍ਹਾਂ ਨੂੰ ਹਰਾ ਰੰਗ ਬਹੁਤ ਪਸੰਦ ਸੀ। ਉਨ੍ਹਾਂ ਦੀ ਪਾਰਟੀ ਦਾ ਰੰਗ ਵੀ ਇਹੀ ਹੈ।"
"ਉਹ ਮੀਟਿੰਗ ਦੇ ਏਜੰਡਾ ਪੇਪਰ 'ਤੇ ਹੋਰਾਂ ਦੀਆਂ ਗੱਲਾਂ ਨੋਟ ਕਰਦੇ ਸਨ, ਬਿਲਕੁਲ ਇੱਕ ਪੱਤਰਕਾਰ ਵਾਂਗ। ਉਨ੍ਹਾਂ ਦੀਆਂ ਟਿੱਪਣੀਆਂ ਬਹੁਤ ਦਿਲਚਸਪ ਹੁੰਦੀਆਂ ਸਨ ਅਤੇ ਇੱਕ ਪੱਤਰਕਾਰ ਹੋਣ ਦੇ ਨਾਤੇ ਮੈਂ ਉਸ ਪੇਪਰ ਨੂੰ ਹਾਸਲ ਕਰਨ ਲਈ ਬਹੁਤ ਉਤਸੁਕ ਰਹਿੰਦਾ ਸੀ।"
ਦੀਦੀ ਮਮਤਾ
ਸਿਆਸਤ ਤੋਂ ਪਹਿਲਾਂ ਮਮਤਾ ਬੈਨਰਜੀ ਦੀ ਜ਼ਿੰਦਗੀ ਦਾ ਸਫ਼ਰ ਕੋਲਕਾਤਾ ਦੀ ਹਰੀਸ਼ ਚਟਰਜੀ ਸਟ੍ਰੀਟ ਦੀ ਬਸਤੀ ਵਿੱਚ ਇੱਕ ਛੋਟੇ ਘਰ ਤੋਂ ਸ਼ੁਰੂ ਹੋਇਆ ਸੀ। ਛੋਟੀ ਉਮਰ ਵਿੱਚ ਹੀ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਪੰਜ ਭੈਣ-ਭਰਾਵਾਂ ਅਤੇ ਮਾਂ ਦੀ ਜ਼ਿੰਮੇਵਾਰੀ ਮਮਤਾ 'ਤੇ ਆ ਗਈ।
ਉਨ੍ਹਾਂ ਦੇ ਭਰਾ ਕਾਰਤਿਕ ਬੈਨਰਜੀ ਦੱਸਦੇ ਹਨ, "ਦੀਦੀ ਸਾਡੇ ਨਾਲੋਂ ਵੱਡੀ ਸੀ। ਉਹੀ ਸਾਨੂੰ ਸਕੂਲ ਲੈ ਜਾਂਦੀ ਸੀ। ਉਹੀ ਸਾਡਾ ਖ਼ਿਆਲ ਰੱਖਦੀ ਸੀ। ਜਦੋਂ ਸਾਡੀ ਮਾਂ ਪਿੰਡ ਜਾਂਦੀ ਸੀ, ਤਾਂ ਦੀਦੀ ਪੂਰੇ ਘਰ ਦੀ ਦੇਖਭਾਲ ਕਰਦੀ ਸੀ। ਉਸ ਸਮੇਂ ਉਹ ਸਾਡਾ ਧਿਆਨ ਰੱਖਦੀ ਅਤੇ ਸਾਡੇ ਲਈ ਖਾਣਾ ਬਣਾਉਂਦੀ ਸੀ ਅਤੇ ਸਭ ਕੁਝ ਬਿਲਕੁਲ ਸਮੇਂ 'ਤੇ ਹੁੰਦਾ ਸੀ।"
"ਜਦੋਂ ਅਸੀਂ ਬੱਚੇ ਸੀ ਅਤੇ ਖੇਡਦੇ ਸੀ, ਤਾਂ ਹਾਰ-ਜਿੱਤ 'ਤੇ ਦੀਦੀ ਦਾ ਰਵੱਈਆ ਵੱਖਰਾ ਹੁੰਦਾ ਸੀ। ਜਿੱਤਣ ਵਾਲਿਆਂ ਨੂੰ ਤਾਂ ਸਭ ਵਧਾਈ ਦਿੰਦੇ ਸਨ, ਪਰ ਦੀਦੀ ਹਾਰਨ ਵਾਲਿਆਂ ਨੂੰ ਹੌਸਲਾ ਦਿੰਦੀ ਸੀ। ਉਹ ਕਹਿੰਦੀ ਸੀ ਕਿ ਉਨ੍ਹਾਂ ਨੇ ਚੰਗਾ ਖੇਡਿਆ ਹੈ ਅਤੇ ਉਨ੍ਹਾਂ ਨੂੰ ਨਾਸ਼ਤਾ ਖਰੀਦਣ ਲਈ 5 ਰੁਪਏ ਦਿੰਦੀ ਸੀ।"
ਕਾਰਤਿਕ ਬੈਨਰਜੀ ਮਮਤਾ ਬੈਨਰਜੀ ਦੀ ਵਿਦਿਆਰਥੀ ਸਿਆਸਤ ਵਿੱਚ ਸ਼ੁਰੂਆਤ ਬਾਰੇ ਦੱਸਦੇ ਹਨ, "ਜਦੋਂ ਉਹ ਜੋਗਮਾਇਆ ਦੇਵੀ ਕਾਲਜ ਵਿੱਚ ਪੜ੍ਹ ਰਹੇ ਸਨ, ਉਦੋਂ ਹੀ ਉਨ੍ਹਾਂ ਨੇ ਸਿਆਸਤ ਵਿੱਚ ਕਦਮ ਰੱਖਿਆ।"
"ਸਥਾਨਕ ਕਾਂਗਰਸ ਨੇਤਾਵਾਂ ਵਿੱਚੋਂ ਕਈ ਮੇਰੇ ਵੱਡੇ ਭਰਾ ਕੋਲ ਆਏ ਅਤੇ ਕਿਹਾ ਕਿ ਜਿਸ ਕਾਲਜ ਵਿੱਚ ਤੇਰੀ ਭੈਣ ਪੜ੍ਹਦੀ ਹੈ, ਉੱਥੇ ਸੀਪੀਐੱਮ ਦੀ ਵਿਦਿਆਰਥੀ ਇਕਾਈ ਬਹੁਤ ਮਜ਼ਬੂਤ ਹੈ, ਸਾਨੂੰ ਆਪਣੀ ਇਕਾਈ ਸ਼ੁਰੂ ਕਰਨੀ ਹੋਵੇਗੀ। ਉਹ ਉਸ ਕਾਲਜ ਵਿੱਚ ਕਾਂਗਰਸ ਦੀ ਵਿਦਿਆਰਥੀ ਇਕਾਈ ਸ਼ੁਰੂ ਕਰਨ ਵਾਲੀ ਪਹਿਲੀ ਸ਼ਖ਼ਸ ਸੀ।"
ਫਾਈਟਰ ਮਮਤਾ
ਇਸ ਤੋਂ ਬਾਅਦ ਦਾ ਸਫ਼ਰ ਉਨ੍ਹਾਂ ਨੂੰ 1984 ਵਿੱਚ ਸੰਸਦ ਤੱਕ ਲੈ ਗਿਆ। ਸੋਮਨਾਥ ਚਟਰਜੀ ਨੂੰ ਹਰਾਉਣ ਤੋਂ ਬਾਅਦ ਮਮਤਾ ਬੈਨਰਜੀ ਨੇ ਲੈਫਟ ਫਰੰਟ ਨੂੰ ਨਿਸ਼ਾਨਾ ਬਣਾਇਆ ਅਤੇ ਕਾਂਗਰਸ ਦੀ ਨੌਜਵਾਨ ਨੇਤਾ ਵਜੋਂ ਆਪਣਾ 'ਸਟ੍ਰੀਟ ਫਾਈਟਰ' ਵਾਲਾ ਅਕਸ ਬਣਾਇਆ। ਇਹੀ ਅਕਸ ਉਨ੍ਹਾਂ ਨੇ ਅੱਜ ਤੱਕ ਕਾਇਮ ਰੱਖਿਆ ਹੈ।
ਮੋਨਦੀਪਾ ਬੈਨਰਜੀ ਯਾਦ ਕਰਦੇ ਹਨ, "1990 ਵਿੱਚ ਕਮਿਊਨਿਸਟ ਗੁੰਡਿਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਸੀ ਅਤੇ ਉਹ ਬਹੁਤ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਸਕਦੇ ਸੀ। ਮੈਨੂੰ ਉਨ੍ਹਾਂ ਦੀ ਇੱਕ ਤਸਵੀਰ ਯਾਦ ਹੈ... ਉਹ ਇੱਕ ਦੁਬਲੀ-ਪਤਲੀ ਔਰਤ ਸਨ, ਜਿਨ੍ਹਾਂ ਨੂੰ ਲਾਠੀਆਂ ਨਾਲ ਲੈਸ ਲੰਮੇ-ਲੰਮੇ ਗੁੰਡਿਆਂ ਨੇ ਘੇਰਿਆ ਹੋਇਆ ਸੀ ਅਤੇ ਉਹ ਉਨ੍ਹਾਂ 'ਤੇ ਹਮਲਾ ਕਰਨ ਵਾਲੇ ਸਨ। ਇਹ ਉਸ ਘਟਨਾ ਦੀ ਬਹੁਤ ਚਰਚਿਤ ਤਸਵੀਰ ਹੈ।"
ਕਾਰਤਿਕ ਬੈਨਰਜੀ ਯਾਦ ਕਰਦੇ ਹਨ, "ਮੈਂ ਹਸਪਤਾਲ ਗਿਆ ਅਤੇ ਦੀਦੀ ਨੂੰ ਓਪਰੇਸ਼ਨ ਥੀਏਟਰ ਵਿੱਚ ਦੇਖਿਆ, ਉਨ੍ਹਾਂ ਦੇ ਵਾਲ ਕੱਟੇ ਜਾ ਰਹੇ ਸਨ। ਮੈਂ ਨਹੀਂ ਦੱਸ ਸਕਦਾ ਕਿ ਉਨ੍ਹਾਂ ਨੂੰ ਉਸ ਹਾਲਤ ਵਿੱਚ ਦੇਖ ਕੇ ਮੈਨੂੰ ਕਿਵੇਂ ਮਹਿਸੂਸ ਹੋਇਆ।"
"ਮੈਂ ਹਸਪਤਾਲ ਤੋਂ ਬਾਹਰ ਆ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਉਨ੍ਹਾਂ ਨੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ, ਕਦੇ ਕਿਸੇ ਨੂੰ ਚੋਟ ਨਹੀਂ ਪਹੁੰਚਾਈ। ਫਿਰ ਉਨ੍ਹਾਂ ਨੂੰ ਇਸ ਤਰ੍ਹਾਂ ਕਿਉਂ ਕੁੱਟਿਆ ਗਿਆ? ਹਸਪਤਾਲ ਦੇ ਸਾਹਮਣੇ ਇੱਕ ਛੋਟਾ ਤਲਾਬ ਹੈ... ਮੈਨੂੰ ਯਾਦ ਹੈ ਮੈਂ ਉੱਥੇ ਖੜ੍ਹਾ ਰਿਹਾ ਅਤੇ ਆਪਣੇ ਹੰਝੂ ਪੂੰਝਦਾ ਰਿਹਾ।"
ਫਿਰ ਇੱਕ ਸਮਾਂ ਅਜਿਹਾ ਆਇਆ ਜਦੋਂ ਮਮਤਾ ਬੈਨਰਜੀ ਨੇ ਕਾਂਗਰਸ ਪਾਰਟੀ ਛੱਡਣ ਦਾ ਫ਼ੈਸਲਾ ਕੀਤਾ ਅਤੇ 1998 ਵਿੱਚ ਤ੍ਰਿਣਮੂਲ ਕਾਂਗਰਸ ਦੀ ਸਥਾਪਨਾ ਕੀਤੀ।
ਭਾਜਪਾ ਦਾ ਸਾਥ
ਪਰਵੇਜ਼ ਹਫ਼ੀਜ਼ ਤ੍ਰਿਣਮੂਲ ਕਾਂਗਰਸ ਦੇ ਚੋਣ ਚਿੰਨ੍ਹ ਨਾਲ ਜੁੜਿਆ ਇੱਕ ਦਿਲਚਸਪ ਵਾਕਿਆ ਦੱਸਦੇ ਹਨ।
ਉਹ ਕਹਿੰਦੇ ਹਨ, "ਇਹ ਚਿੰਨ੍ਹ ਮਮਤਾ ਬੈਨਰਜੀ ਨੇ ਕਿਸੇ ਡਿਜ਼ਾਈਨਰ ਤੋਂ ਨਹੀਂ ਬਣਵਾਇਆ। ਉਹ ਪੇਂਟਿੰਗ ਵੀ ਕਰਦੇ ਹਨ, ਕਵਿਤਾਵਾਂ ਵੀ ਲਿਖਦੇ ਹਨ। ਇਹ ਜੋ ਘਾਹ ਅਤੇ ਇੱਕ ਜੋੜਾ ਫੁੱਲ ਹੈ, ਇਹ ਉਨ੍ਹਾਂ ਨੇ ਆਪਣੇ ਹੱਥ ਨਾਲ ਬਣਾਇਆ ਹੈ।"
"ਇੱਕ ਦਿਨ ਰਿਪੋਰਟਿੰਗ ਦੌਰਾਨ ਉਨ੍ਹਾਂ ਨੇ ਸਾਨੂੰ ਆਪਣੇ ਹੱਥ ਨਾਲ ਇਹ ਸਕੈਚ ਬਣਾ ਕੇ ਵੀ ਦਿਖਾਇਆ ਸੀ। ਬਾਅਦ ਵਿੱਚ ਪਤਾ ਲੱਗਾ ਕਿ ਜਦੋਂ ਪਾਰਟੀ ਰਜਿਸਟਰ ਕੀਤੀ ਜਾ ਰਹੀ ਸੀ, ਉਦੋਂ ਇਹੀ ਸਕੈਚ ਚੋਣ ਕਮਿਸ਼ਨ ਨੂੰ ਭੇਜਿਆ ਗਿਆ ਸੀ।"
"ਉਨ੍ਹਾਂ ਨੇ ਦੱਸਿਆ ਕਿ ਕਵੀ ਕਾਜ਼ੀ ਨਜ਼ਰੁਲ ਦੀ ਇੱਕ ਪੰਕਤੀ ਤੋਂ ਉਨ੍ਹਾਂ ਨੂੰ ਪ੍ਰੇਰਣਾ ਮਿਲੀ ਸੀ। ਉਹ ਪੰਕਤੀ ਹੈ, 'ਏਕਟੀ ਬ੍ਰਿੰਤੇ ਦੁਤੀ ਕੁਸੁਮ, ਹਿੰਦੂ ਮੁਸਲਮਾਨ', ਜਿਸਦਾ ਮਤਲਬ ਹੈ ਇੱਕ ਹੀ ਢਾਲ 'ਤੇ ਖਿੜੇ ਦੋ ਫੁੱਲ-ਹਿੰਦੂ ਅਤੇ ਮੁਸਲਮਾਨ। ਇਸ ਤਰ੍ਹਾਂ ਇਹ ਚਿੰਨ੍ਹ ਹਿੰਦੂ-ਮੁਸਲਿਮ ਏਕਤਾ ਦਾ ਪ੍ਰਤੀਕ ਹੈ।"
ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਜਿਸ ਭਾਜਪਾ ਨੂੰ ਉਹ ਆਪਣਾ ਸਭ ਤੋਂ ਵੱਡਾ ਵਿਰੋਧੀ ਮੰਨਦੇ ਹਨ, ਤ੍ਰਿਣਮੂਲ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਉਸੇ ਭਾਜਪਾ ਦਾ ਸਾਥ ਲਿਆ ਸੀ। 1999 ਦੀ ਲੋਕ ਸਭਾ ਚੋਣ ਵਿੱਚ ਦੋਵੇਂ ਪਾਰਟੀਆਂ ਇਕੱਠੇ ਚੋਣ ਮੈਦਾਨ ਵਿੱਚ ਉਤਰੀਆਂ ਸਨ।
ਮੋਨਦੀਪਾ ਬੈਨਰਜੀ ਕਹਿੰਦੇ ਹਨ, "ਉਹ ਅਟਲ ਬਿਹਾਰੀ ਵਾਜਪੇਈ ਦੀ ਕੈਬਿਨੇਟ ਵਿੱਚ ਇੱਕ ਬਹੁਤ ਹੀ ਨੌਜਵਾਨ ਮੰਤਰੀ ਬਣੇ। 2002 ਦੇ ਗੋਧਰਾ ਕਾਂਡ 'ਤੇ ਉਨ੍ਹਾਂ ਦੀ ਪ੍ਰਤੀਕਿਰਿਆ ਬਾਰੇ ਅੱਜ ਵੀ ਕਾਫ਼ੀ ਚਰਚਾ ਹੁੰਦੀ ਹੈ। ਨਰਿੰਦਰ ਮੋਦੀ ਦੇ ਸ਼ਾਸਨਕਾਲ ਵਿੱਚ ਹੋਏ ਗੋਧਰਾ ਕਾਂਡ 'ਤੇ ਉਨ੍ਹਾਂ ਨੇ ਓਨੀ ਤਿੱਖੀ ਪ੍ਰਤੀਕਿਰਿਆ ਨਹੀਂ ਦਿੱਤੀ ਜਿੰਨੀ ਕਈ ਲੋਕਾਂ ਨੂੰ ਉਮੀਦ ਸੀ।"
"ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਉਨ੍ਹਾਂ ਦੇ ਘਰ ਆਏ ਸਨ ਅਤੇ ਮਮਤਾ ਦੀ ਮਾਤਾ ਨੂੰ ਰਵਾਇਤੀ ਪ੍ਰਣਾਮ ਕੀਤਾ ਸੀ। ਇੱਕ ਪ੍ਰਧਾਨ ਮੰਤਰੀ ਦਾ ਤੁਹਾਡੇ ਛੋਟੇ ਘਰ ਵਿੱਚ ਆਉਣਾ ਬਹੁਤ ਵੱਡੀ ਗੱਲ ਹੁੰਦੀ ਹੈ। ਇਸ ਸਭ ਦੇ ਬਾਵਜੂਦ ਉਨ੍ਹਾਂ ਨੇ ਭਾਜਪਾ ਨਾਲ ਆਪਣੇ ਰਿਸ਼ਤੇ ਖ਼ਰਾਬ ਕਰ ਲਏ।"
2004 ਦੀ ਹਾਰ ਅਤੇ ਵਾਮ ਸਰਕਾਰ ਦਾ ਪਤਨ
ਐੱਨਡੀਏ ਸਰਕਾਰ ਵਿੱਚ ਮਮਤਾ ਬੈਨਰਜੀ ਦੋ ਵਾਰ ਮੰਤਰੀ ਰਹੇ। ਇੱਕ ਵਾਰ ਉਹ ਰੇਲ ਮੰਤਰੀ ਵੀ ਰਹੇ।
2004 ਵਿੱਚ ਉਨ੍ਹਾਂ ਨੂੰ ਲੋਕ ਸਭਾ ਚੋਣ ਵਿੱਚ ਵੱਡਾ ਝਟਕਾ ਲੱਗਿਆ। ਮਮਤਾ ਬੈਨਰਜੀ ਦੇ ਸਿਆਸੀ ਕਰੀਅਰ ਵਿੱਚ ਇਸਨੂੰ ਉਨ੍ਹਾਂ ਦਾ ਬਹੁਤ ਖ਼ਰਾਬ ਸਮਾਂ ਮੰਨਿਆ ਜਾਂਦਾ ਹੈ। ਉਸ ਵੇਲੇ ਤ੍ਰਿਣਮੂਲ ਪੱਛਮੀ ਬੰਗਾਲ ਵਿੱਚ ਸਿਰਫ਼ ਇੱਕ ਹੀ ਸੀਟ ਜਿੱਤ ਸਕੀ ਸੀ, ਜੋ ਮਮਤਾ ਬੈਨਰਜੀ ਦੀ ਆਪਣੀ ਸੀਟ ਸੀ।
ਪਰ ਇਹ ਤੂਫ਼ਾਨ ਤੋਂ ਪਹਿਲਾਂ ਦੀ ਖਾਮੋਸ਼ੀ ਸੀ। ਉਸ ਵੇਲੇ ਕਰੀਬ ਤਿੰਨ ਦਹਾਕਿਆਂ ਤੋਂ ਪੱਛਮੀ ਬੰਗਾਲ ਵਿੱਚ ਸੱਤਾ ਵਿੱਚ ਰਹੀ ਲੈਫਟ ਫਰੰਟ ਨੂੰ ਅੰਦਾਜ਼ਾ ਨਹੀਂ ਸੀ ਕਿ ਕੁਝ ਹੀ ਸਾਲਾਂ ਵਿੱਚ ਉਨ੍ਹਾਂ ਨੂੰ ਸੱਤਾ ਛੱਡਣੀ ਪਵੇਗੀ।
ਮੋਨਦੀਪਾ ਬੈਨਰਜੀ ਕਹਿੰਦੇ ਹਨ, "ਵਾਮਪੰਥੀਆਂ ਨੂੰ ਲੱਗਦਾ ਸੀ ਕਿ ਮਮਤਾ ਬੈਨਰਜੀ ਇੱਕ ਬੰਗਾਲੀ ਭਦ੍ਰ ਮਹਿਲਾ ਨਹੀਂ ਹਨ। ਵਾਮਪੰਥੀਆਂ ਕੋਲ ਜੋਤੀ ਬਸੁ ਅਤੇ ਬੁੱਧਦੇਵ ਭੱਟਾਚਾਰਿਆ ਵਰਗੇ ਨੇਤਾ ਸਨ, ਜੋ ਸਾਫ਼-ਸੁਥਰੇ ਸਫ਼ੈਦ ਕੱਪੜਿਆਂ ਵਿੱਚ ਰਹਿੰਦੇ ਸਨ ਅਤੇ ਉੱਚ ਵਰਗ ਦੇ ਲੋਕਾਂ ਵਾਂਗ ਲੱਗਦੇ ਸਨ।"
"ਮਮਤਾ ਬੈਨਰਜੀ ਉੱਚ ਵਰਗ ਦੇ ਨੇਤਾ ਨਹੀਂ ਸਨ, ਉਹ ਜ਼ਮੀਨੀ ਪੱਧਰ ਦੇ ਨੇਤਾ ਸਨ, ਉਹ ਝੁੱਗੀਆਂ ਤੋਂ ਆਏ ਸਨ ਅਤੇ ਉਨ੍ਹਾਂ ਵਿੱਚ ਕੋਈ ਬਣਾਵਟੀਪਨ ਨਹੀਂ ਸੀ।"
ਪਰਵੇਜ਼ ਹਫ਼ੀਜ਼ ਕਹਿੰਦੇ ਹਨ, "2006 ਵਿੱਚ ਬੁੱਧਦੇਵ ਭੱਟਾਚਾਰਿਆ ਕਹਿੰਦੇ ਸਨ, ਅਸੀਂ 230 ਹਾਂ ਅਤੇ ਉਹ 30 ਹਨ। ਕੀ ਸਾਨੂੰ ਉਨ੍ਹਾਂ ਦੀ ਗੱਲ ਸੁਣਨੀ ਪਵੇਗੀ?"
ਇਸ ਤੋਂ ਬਾਅਦ ਮਮਤਾ ਬੈਨਰਜੀ ਨੇ ਆਪਣੀ ਕਿਸਮਤ ਖ਼ੁਦ ਬਦਲੀ। 2006 ਦਾ ਸਿੰਗੂਰ ਅੰਦੋਲਨ ਅਤੇ 2007 ਦਾ ਨੰਦੀਗ੍ਰਾਮ ਅੰਦੋਲਨ ਉਨ੍ਹਾਂ ਨੂੰ ਸੂਬੇ ਵਿੱਚ ਵਿਰੋਧ ਦੀ ਸਭ ਤੋਂ ਵੱਡੀ ਆਵਾਜ਼ ਬਣਾ ਗਿਆ। ਲੈਫਟ ਸਰਕਾਰ ਨੂੰ ਸੱਤਾ ਹੱਥੋਂ ਨਿਕਲਦੀ ਦਿਖਣ ਲੱਗੀ।
ਪਰਵੇਜ਼ ਹਫ਼ੀਜ਼ ਕਹਿੰਦੇ ਹਨ, "ਮਮਤਾ ਬੈਨਰਜੀ ਨੇ ਉਸ ਵੇਲੇ ਉਮੀਦ ਨਹੀਂ ਛੱਡੀ। ਇੱਕ ਜਾਂ ਦੋ ਮਹੀਨੇ ਦੇ ਅੰਦਰ ਉਨ੍ਹਾਂ ਨੇ ਵਾਪਸੀ ਕੀਤੀ। ਉਸ ਸਮੇਂ ਸਿੰਗੂਰ ਵਿੱਚ ਬੁੱਧਦੇਵ ਭੱਟਾਚਾਰਿਆ ਨੇ ਟਾਟਾ ਮੋਟਰਜ਼ ਦੇ ਸਮਾਲ ਕਾਰ ਪ੍ਰੋਜੈਕਟ ਲਈ ਜ਼ਮੀਨ ਹਾਸਲ ਕਰਨੀ ਸ਼ੁਰੂ ਕੀਤੀ ਸੀ।"
"ਉੱਥੋਂ ਦੇ ਕਿਸਾਨ ਇਸ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਮਮਤਾ ਬੈਨਰਜੀ ਨੇ ਉਸ ਵੇਲੇ ਮੌਕਾ ਦੇਖਿਆ ਅਤੇ ਅੰਦੋਲਨ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਦੋਵਾਂ ਅੰਦੋਲਨਾਂ ਨਾਲ ਉਨ੍ਹਾਂ ਨੂੰ ਉਹ ਸਿਆਸੀ ਜ਼ਮੀਨ ਵੀ ਵਾਪਸ ਮਿਲ ਗਈ ਜੋ ਉਹ ਗੁਆ ਬੈਠੇ ਸਨ।"
"ਇਸ ਨਾਲ ਨਾਲ ਬੰਗਾਲ ਦੇ ਸਾਰੇ ਲੈਫਟ ਵਿਚਾਰਧਾਰਾ ਵਾਲੇ ਅਤੇ ਲੈਫਟ ਫਰੰਟ ਤੋਂ ਨਾਰਾਜ਼ ਲੋਕ, ਕੋਲਕਾਤਾ ਦੇ ਕਵੀ, ਪੇਂਟਰ, ਕਲਾਕਾਰ, ਬੁੱਧੀਜੀਵੀ ਅਤੇ ਫਿਲਮ ਉਦਯੋਗ ਨਾਲ ਜੁੜੇ ਲੋਕਾਂ ਨੇ ਵੀ ਮਮਤਾ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਜੋ ਹੋਇਆ, ਉਹ ਤਾਂ ਇਤਿਹਾਸ ਹੈ।"
ਮੋਨਦੀਪਾ ਬੈਨਰਜੀ ਕਹਿੰਦੇ ਹਨ, "ਜਦੋਂ ਉਹ ਮੁੱਖ ਮੰਤਰੀ ਬਣੇ, ਤਾਂ ਸਭ ਤੋਂ ਪਹਿਲਾਂ ਉਹ ਸਿੰਗੂਰ ਗਏ ਅਤੇ ਉਸ ਬੰਜ਼ਰ ਜ਼ਮੀਨ 'ਤੇ ਸਰੋਂ ਅਤੇ ਚੌਲ ਦੇ ਬੀਜ ਬੀਜੇ।"
ਵਾਮ ਮੋਰਚੇ ਨਾਲ ਟੱਕਰ
2011 ਵਿੱਚ 34 ਸਾਲ ਲੰਬੇ ਵਾਮ ਮੋਰਚੇ ਦੇ ਰਾਜ ਨੂੰ ਖ਼ਤਮ ਕਰਕੇ ਮਮਤਾ ਬੈਨਰਜੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੇ। ਇਸ ਤੋਂ ਬਾਅਦ 2016 ਅਤੇ 2021 ਵਿੱਚ ਵੀ ਉਹ ਭਾਰੀ ਬਹੁਮਤ ਨਾਲ ਸੱਤਾ ਵਿੱਚ ਵਾਪਸ ਆਏ।
ਮਾਹਰ ਕਹਿੰਦੇ ਹਨ ਕਿ ਸਮੇਂ ਦੇ ਨਾਲ ਮਮਤਾ ਬੈਨਰਜੀ ਦੇ ਸ਼ਖ਼ਸੀਅਤ ਵਿੱਚ ਬਦਲਾਅ ਆਇਆ, ਪਰ ਉਹ ਫਿਰ ਵੀ ਜ਼ਮੀਨੀ ਨੇਤਾ ਬਣੇ ਰਹੇ।
ਸੀਨੀਅਰ ਪੱਤਰਕਾਰ ਜਯੰਤ ਘੋਸ਼ਾਲ ਕਹਿੰਦੇ ਹਨ, "15 ਸਾਲ ਦੇ ਰਾਜ ਤੋਂ ਬਾਅਦ ਉਹ ਹਰ ਪਿੰਡ ਨੂੰ ਜਾਣਦੇ ਹਨ। ਪਿੰਡਾਂ ਦੇ ਨੇਤਾਵਾਂ ਅਤੇ ਲੋਕਾਂ ਨੂੰ ਉਹ ਨਾਮ ਨਾਲ ਬੁਲਾਉਂਦੇ ਹਨ।"
ਮੋਨਦੀਪਾ ਬੈਨਰਜੀ ਦੇ ਅਨੁਸਾਰ, "ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਇੱਕ ਅਣਪਛਾਤੇ ਸੁਭਾਵ ਵਾਲੀ ਮਮਤਾ ਬੈਨਰਜੀ ਤੋਂ ਇੱਕ ਕਾਬਿਲ ਸਿਆਸਤਦਾਨ ਮਮਤਾ ਬੈਨਰਜੀ ਬਣਨ ਤੱਕ ਦਾ ਇਹ ਸਫ਼ਰ ਹੈ। 1990 ਅਤੇ 2000 ਦੇ ਦਹਾਕਿਆਂ ਵਿੱਚ ਉਹ ਬਹੁਤ ਅਣਪਛਾਤੇ ਸੁਭਾਵ ਦੀਆਂ ਸਨ।"
"ਉਹ ਕਿਸੇ ਦੇ ਵੀ ਸਾਹਮਣੇ ਆਪਣਾ ਆਪਾ ਗਵਾ ਬੈਠਦੇ ਸਨ। ਉਨ੍ਹਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੁੰਦੀ ਸੀ ਕਿ ਸਾਹਮਣੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਾਂ ਉਨ੍ਹਾਂ ਦੇ ਦਫ਼ਤਰ ਵਿੱਚ ਕੋਈ ਸਕੱਤਰ। ਉਹ ਦਫ਼ਤਰ ਛੱਡ ਕੇ ਚਲੇ ਜਾਂਦੇ ਸਨ। ਉਹ ਤੁਹਾਡੇ ਉੱਤੇ ਦਸਤਾਵੇਜ਼ ਸੁੱਟ ਸਕਦੇ ਸਨ। ਉਹ ਕੁਝ ਵੀ ਕਰ ਸਕਦੇ ਸਨ। ਉਨ੍ਹਾਂ ਦੀ ਰਾਜਨੀਤੀ ਦਾ ਵਿਕਾਸ ਸ਼ਾਇਦ ਇਸੇ ਤਰ੍ਹਾਂ ਹੋਇਆ ਹੈ।"
ਪਰ ਸਮੇਂ ਦੇ ਨਾਲ ਉਨ੍ਹਾਂ ਦੇ ਸੁਭਾਵ ਅਤੇ ਵਿਹਾਰ ਵਿੱਚ ਬਦਲਾਅ ਆਇਆ।
ਮੋਨਦੀਪਾ ਬੈਨਰਜੀ ਕਹਿੰਦੇ ਹਨ, "ਮੈਨੂੰ ਯਾਦ ਹੈ ਕਿ 2011 ਵਿੱਚ ਜਦੋਂ ਉਹ ਮੁੱਖ ਮੰਤਰੀ ਬਣੇ, ਰਾਜਭਵਨ ਵਿੱਚ ਇੱਕ ਵੱਡਾ ਸਮਾਗਮ ਸੀ। ਸਭ ਤੋਂ ਵੱਡਾ ਸਵਾਲ ਇਹ ਸੀ ਕਿ ਕੀ ਉਨ੍ਹਾਂ ਨੇ ਵਾਮਪੰਥੀ ਨੇਤਾਵਾਂ ਨੂੰ ਸੱਦਾ ਦਿੱਤਾ ਹੈ ਅਤੇ ਕੀ ਉਹ ਆਉਣਗੇ? ਉਹ ਆਏ। ਬੁੱਧਦੇਵ ਭੱਟਾਚਾਰਿਆ ਵੀ ਆਏ, ਜਿਨ੍ਹਾਂ ਨੂੰ ਮਮਤਾ ਨੇ ਹਰਾ ਕੇ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਇਆ ਸੀ।"
"ਜਿਸ ਅਗਲੀ ਗੱਲ ਵੱਲ ਸਾਡਾ ਧਿਆਨ ਸੀ ਕਿ ਉਹ ਉਨ੍ਹਾਂ ਪ੍ਰਤੀ ਕਿਵੇਂ ਪ੍ਰਤੀਕਿਰਿਆ ਦੇਣਗੇ? ਇਹ ਹੈਰਾਨੀਜਨਕ ਸੀ। ਉਨ੍ਹਾਂ ਨੇ ਉਨ੍ਹਾਂ ਦਾ ਬਹੁਤ ਹੀ ਚੰਗਾ ਅਤੇ ਨਿਮਰ ਤਰੀਕੇ ਨਾਲ ਸਵਾਗਤ ਕੀਤਾ। ਉਨ੍ਹਾਂ ਦੇ ਸਾਹਮਣੇ ਝੁਕ ਕੇ।"
ਮੁੱਖ ਮੰਤਰੀ ਵਜੋਂ ਚੁਣੌਤੀਆਂ
ਮੁੱਖ ਮੰਤਰੀ ਵਜੋਂ 15 ਸਾਲਾਂ ਵਿੱਚ ਮਮਤਾ ਬੈਨਰਜੀ ਦੀ ਸਰਕਾਰ ਦੇ ਸਾਹਮਣੇ ਕਈ ਚੁਣੌਤੀਆਂ ਆਈਆਂ ਅਤੇ ਕਈ ਸਵਾਲ ਵੀ ਉਠੇ। ਤ੍ਰਿਣਮੂਲ ਦੇ ਕਰਮਚਾਰੀਆਂ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਅਤੇ ਇੱਕ ਮਹਿਲਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਔਰਤਾਂ ਖ਼ਿਲਾਫ਼ ਅਪਰਾਧਾਂ 'ਤੇ ਉਨ੍ਹਾਂ ਦੇ ਰਵੱਈਏ ਨੇ ਲੋਕਾਂ ਨੂੰ ਨਾਰਾਜ਼ ਕੀਤਾ।
ਸ਼ਾਰਦਾ, ਰੋਜ਼ ਵੈਲੀ, ਟੀਚਰ ਭਰਤੀ, ਕੋਲ ਤਸਕਰੀ, ਕੈਟਲ ਤਸਕਰੀ ਵਰਗੇ ਘੁਟਾਲੇ ਵੀ ਉਨ੍ਹਾਂ ਦੇ ਰਾਜ ਵਿੱਚ ਸਾਹਮਣੇ ਆਏ।
ਮੋਨਦੀਪਾ ਬੈਨਰਜੀ ਕਹਿੰਦੇ ਹਨ, "ਮੈਨੂੰ ਉਹ ਦਿਨ ਯਾਦ ਹਨ ਜਦੋਂ ਉਹ ਪਹਿਲੀ ਵਾਰ ਸੁਰਖ਼ੀਆਂ ਵਿੱਚ ਆਏ ਸਨ। ਉਹ ਕਮਿਊਨਿਸਟ ਮੁੱਖ ਮੰਤਰੀ ਜੋਤੀ ਬਸੁ ਦੇ ਦਫ਼ਤਰ ਦੇ ਬਾਹਰ ਇੱਕ ਔਰਤ ਨੂੰ ਨਾਲ ਲੈ ਕੇ ਧਰਨੇ 'ਤੇ ਬੈਠ ਗਏ ਸਨ, ਜਿਸ ਨਾਲ ਕਥਿਤ ਤੌਰ 'ਤੇ ਇੱਕ ਕਮਿਊਨਿਸਟ ਕਰਮਚਾਰੀ ਨੇ ਬਲਾਤਕਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਰਾਈਟਰਜ਼ ਬਿਲਡਿੰਗ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਇਹ ਖ਼ਬਰ ਅੱਜ ਵੀ ਚਰਚਾ ਵਿੱਚ ਰਹਿੰਦੀ ਹੈ।"
"90 ਦੇ ਦਹਾਕੇ ਵਿੱਚ ਮਮਤਾ ਬੈਨਰਜੀ ਅਜਿਹੀ ਸਨ। ਪਰ ਜਦੋਂ ਉਹ ਸੱਤਾ ਵਿੱਚ ਆਏ, ਤਾਂ ਔਰਤਾਂ ਦੀ ਸੁਰੱਖਿਆ ਬਾਰੇ ਉਨ੍ਹਾਂ ਦੀ ਚਿੰਤਾ ਬਦਲ ਗਈ। ਮੈਨੂੰ ਪਾਰਕ ਸਟ੍ਰੀਟ ਬਲਾਤਕਾਰ ਮਾਮਲਾ ਯਾਦ ਹੈ। ਮੈਨੂੰ ਯਾਦ ਹੈ ਕਿ ਉਨ੍ਹਾਂ ਨੇ ਲਗਾਤਾਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਬਲਾਤਕਾਰ ਦਾ ਮਾਮਲਾ ਸੀ।"
ਮੋਨਦੀਪਾ ਯਾਦ ਕਰਦੇ ਹਨ, "ਇੱਕ ਦਿਨ ਉਹ ਰਾਈਟਰਜ਼ ਬਿਲਡਿੰਗ ਦੀਆਂ ਪੌੜ੍ਹੀਆਂ ਤੋਂ ਹੇਠਾਂ ਆ ਰਹੇ ਸਨ। ਅਸੀਂ ਸਭ ਉੱਪਰ ਖੜ੍ਹੇ ਹੋ ਕੇ ਪੁੱਛਿਆ, 'ਪਾਰਕ ਸਟ੍ਰੀਟ ਮਾਮਲੇ ਦਾ ਕੀ ਹੋਇਆ? ਉੱਥੇ ਕੀ ਹੋਇਆ ਸੀ? ਤੁਸੀਂ ਇਸ ਬਾਰੇ ਕੀ ਕਰ ਰਹੇ ਹੋ?' ਉਹ ਮੁੜੇ ਅਤੇ ਬਹੁਤ ਸਖ਼ਤ ਲਹਿਜ਼ੇ ਵਿੱਚ ਕਿਹਾ, 'ਸ਼ਾਜਾਨੋ ਘਟੋਨਾ', ਜਿਸਦਾ ਮਤਲਬ ਸੀ ਕਿ ਇਹ ਸਭ ਸਾਜ਼ਿਸ਼ ਸੀ।"
ਅੱਗੇ ਕੀ?
ਹੁਣ ਜਦੋਂ ਚੋਣ ਨਤੀਜੇ ਆ ਚੁੱਕੇ ਹਨ, ਤਾਂ ਸਵਾਲ ਇਹ ਹੈ ਕਿ ਮਮਤਾ ਬੈਨਰਜੀ ਲਈ ਅੱਗੇ ਦਾ ਰਾਹ ਕੀ ਹੋਵੇਗਾ? ਕੀ ਇਹ ਉਨ੍ਹਾਂ ਦੇ ਸਿਆਸੀ ਕਰੀਅਰ ਦਾ ਅੰਤ ਹੈ ਜਾਂ ਉਹ ਵਿਰੋਧੀ ਰਾਜਨੀਤੀ ਵਿੱਚ ਮੁੜ ਇੱਕ ਮਜ਼ਬੂਤ ਤਾਕਤ ਵਜੋਂ ਉਭਰਨਗੇ?
ਜਯੰਤ ਘੋਸ਼ਾਲ ਕਹਿੰਦੇ ਹਨ, "ਮੈਨੂੰ ਨਹੀਂ ਲੱਗਦਾ ਕਿ ਟੀਐੱਮਸੀ ਨੂੰ ਬੇਅਸਰ ਕੀਤਾ ਜਾ ਸਕਦਾ ਹੈ। ਇਹ ਸੱਚ ਨਹੀਂ ਹੈ। ਉਹ ਕੰਮ ਨਾਲ ਪਿਆਰ ਕਰਦੇ ਹਨ। ਉਹ ਜੁਝਾਰੂ ਹਨ। ਸੰਕਟ ਆਉਣ 'ਤੇ ਉਹ ਹੋਰ ਮਜ਼ਬੂਤ ਹੋ ਜਾਂਦੇ ਹਨ। ਜੇ ਕੋਈ ਸੰਕਟ ਆਇਆ, ਤਾਂ ਉਹ ਉਸ ਦਾ ਸਾਹਮਣਾ ਕਰਨਗੇ।"
ਮੋਨਦੀਪਾ ਬੈਨਰਜੀ ਦਾ ਵੀ ਲਗਭਗ ਇਹੀ ਵਿਚਾਰ ਹੈ, "ਉਨ੍ਹਾਂ ਦੇ ਸ਼ਾਇਦ ਦੋਸਤ ਨਾ ਹੋਣ। ਪਰ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਉਹ ਇਸ ਦਾ ਪੂਰਾ ਫਾਇਦਾ ਉਠਾਉਣਗੇ। ਉਹ ਆਪਣੇ ਅਸਲੀ ਰੰਗ ਵਿੱਚ ਹੋਣਗੇ, ਕਿਉਂਕਿ ਉਹ ਉੱਥੇ ਹਨ ਜਿੱਥੇ ਉਹ ਰਹਿਣਾ ਪਸੰਦ ਕਰਦੇ ਹਨ ਅਤੇ ਉਹ ਹੈ ਵਿਰੋਧੀ ਧਿਰ।"
"ਮਮਤਾ ਬੈਨਰਜੀ ਦੇ ਵਿਰੋਧ ਵਿੱਚ ਹੋਣ ਦੌਰਾਨ ਭਾਜਪਾ ਨੂੰ ਕਾਫ਼ੀ ਮੁਸ਼ਕਲ ਦੌਰ ਦਾ ਸਾਹਮਣਾ ਕਰਨਾ ਪਵੇਗਾ।"
ਹਾਲਾਂਕਿ, ਮਮਤਾ ਬੈਨਰਜੀ ਚੋਣ ਹਾਰਨ ਦੇ ਨਾਲ ਨਾਲ ਆਪਣੀ ਭਵਾਨੀਪੁਰ ਸੀਟ ਵੀ ਹਾਰ ਗਏ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ