ਇਤਿਹਾਸਕਾਰ ਮਲਵਿੰਦਰਜੀਤ ਵੜੈਚ ਦਾ ਦੇਹਾਂਤ, ਗ਼ਦਰੀਆਂ ਦੀ ਸੰਗਤ 'ਚ ਰਹੇ ਪ੍ਰੋਫੈਸਰ ਨੇ ਕਿਵੇਂ 'ਗ਼ਦਰ ਲਹਿਰ' ਦਾ ਸੰਘਰਸ਼ ਲੋਕਾਂ ਸਾਹਮਣੇ ਲਿਆਂਦਾ

ਮਲਵਿੰਦਰਜੀਤ ਸਿੰਘ ਵੜੈਚ

ਤਸਵੀਰ ਸਰੋਤ, Malwinderjit Waraich/FB

ਤਸਵੀਰ ਕੈਪਸ਼ਨ, ਇਤਿਹਾਸਕਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੀ ਮ੍ਰਿਤਕ ਦੇਹ ਪੀਜੀਆਈ, ਚੰਡੀਗੜ੍ਹ ਨੂੰ ਖੋਜ ਕਾਰਜਾਂ ਲਈ ਸੌਂਪ ਦਿੱਤੀ ਗਈ ਹੈ।
    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 5 ਮਿੰਟ

ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਅਤੇ ਗ਼ਦਰ ਲਹਿਰ ਦੇ ਬਹੁਤ ਸਾਰੇ ਕਾਰਕੁੰਨਾਂ ਨਾਲ ਰਹੇ ਇਤਿਹਾਸਕਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦਾ ਸ਼ਨੀਵਾਰ ਸਵੇਰੇ ਪੰਚਕੂਲਾ ਵਿੱਚ ਦੇਹਾਂਤ ਹੋ ਗਿਆ। ਉਹ 96ਵੇਂ ਸਾਲ ਦੇ ਸਨ।

ਇਤਿਹਾਸਕਾਰ ਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿੱਚ ਲੰਮਾ ਸਮਾਂ ਹਿਉਮੇਨੇਟੀਜ਼ ਦੋ ਪ੍ਰੋਫੈਸਰ ਰਹੇ ਮਲਵਿੰਦਰਜੀਤ ਸਿੰਘ ਵੜੈਚ ਦਾ ਪਰਿਵਾਰ ਲੱਧੇਵਾਲਾ ਵੜੈਚ (ਗੁਜਰਾਂਵਾਲਾ, ਪਾਕਿਸਤਾਨ) ਤੋਂ ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਭਾਰਤ ਆ ਕੇ ਪਹਿਲਾਂ ਕਪੂਰਥਲਾ ਅਤੇ ਫਿਰ ਪੱਕੇ ਤੌਰ 'ਤੇ ਪਿੰਡ ਰਾਵਰ (ਕਰਨਾਲ) ਵਿੱਚ ਵੱਸਿਆ। ਉਸ ਸਮੇਂ ਕਰਨਾਲ ਪੰਜਾਬ ਦਾ ਹੀ ਹਿੱਸਾ ਸੀ।

ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਦੀ ਇੱਛਾ ਅਨੁਸਾਰ ਮ੍ਰਿਤਕ ਦੇਹ ਪੀਜੀਆਈ, ਚੰਡੀਗੜ੍ਹ ਨੂੰ ਖੋਜ ਕਾਰਜਾਂ ਲਈ ਸੌਂਪ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਹਨਾਂ ਦੀ ਪਤਨੀ ਰਜਿੰਦਰ ਕੌਰ ਵੜੈਚ ਦੀ ਦੇਹ ਵੀ ਪੀਜੀਆਈ ਨੂੰ ਸੌਂਪੀ ਗਈ ਸੀ।

ਪੰਜਾਬੀ ਦੇ ਕਵੀ ਗੁਰਭਜਨ ਗਿੱਲ ਦੱਸਦੇ ਹਨ ਕਿ ਉਨ੍ਹਾਂ ਵੱਲੋਂ ਲਿਖੀਆਂ ਖੋਜ ਪੁਸਤਕਾਂ ਦੀ ਗਿਣਤੀ 30 ਤੋਂ ਵੱਧ ਹੈ। ਉਹਨਾਂ ਨੇ ਪਹਿਲੇ ਤੇ ਦੂਜੇ ਲਾਹੌਰ ਸਾਜ਼ਿਸ਼ ਕੇਸ ਦੀ ਜੱਜਮੈਂਟ ਨੂੰ ਵੀ ਹਰੀਸ਼ ਜੈਨ ਨਾਲ ਮਿਲ ਕੇ ਸੰਪਾਦਿਤ ਕੀਤਾ ਅਤੇ ਛਪਵਾਇਆ।

ਜਾਣਕਾਰੀ ਮੁਤਾਬਕ ਉਹਨਾਂ ਦੀਆਂ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿੱਚ ਲਿਖੀਆਂ, ਅਨੁਵਾਦਿਤ ਅਤੇ ਸੰਪਾਦਤ 62 ਕਿਤਾਬਾਂ ਹਨ

ਗ਼ਦਰੀਆਂ ਦੀ ਸੰਗਤ ਅਤੇ ਵਿਲੱਖਣ ਜਾਣਕਾਰੀ

ਮਲਵਿੰਦਰਜੀਤ ਸਿੰਘ ਵੜੈਚ

ਤਸਵੀਰ ਸਰੋਤ, Malwinderjit Waraich

ਤਸਵੀਰ ਕੈਪਸ਼ਨ, ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ 1960 ਤੋਂ 1989 ਤੱਕ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿੱਚ ਪੜ੍ਹਾਉਂਦੇ ਰਹੇ ਸਨ।

ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੇ ਵਿਦਿਆਰਥੀ ਅਤੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਮੁਤਾਬਕ ਵੜੈਚ ਨੇ ਗ਼ਦਰ ਲਹਿਰ ਦੇ ਕੰਮਾਂ ਅਤੇ ਉਹਨਾਂ ਦੇ ਸੰਘਰਸ਼ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਿਸ ਲਈ ਉਹਨਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਘੁੰਮ ਕੇ ਦਸਤਾਵੇਜ਼ ਇਕੱਠੇ ਕੀਤੇ।

ਪੰਜਾਬੀ ਦੇ ਕਵੀ ਗੁਰਭਜਨ ਗਿੱਲ ਅਨੁਸਾਰ ਉਨ੍ਹਾਂ ਨੇ ਗਦਰ ਪਾਰਟੀ ਦੇ ਬਾਨੀ ਸੋਹਣ ਸਿੰਘ ਭਕਨਾ, ਹਰਨਾਮ ਸਿੰਘ ਕਾਲਾ ਸੰਘਿਆ, ਸੱਜਣ ਸਿੰਘ ਨਾਰੰਗਵਾਲ, ਭਗਤ ਸਿੰਘ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ, ਭਗਤ ਸਿੰਘ ਦੇ ਮਾਤਾ ਵਿਦਿਆਵਤੀ ਅਤੇ ਹੋਰ ਅਨੇਕਾਂ ਦੇਸ਼ ਭਗਤਾਂ ਦੀ ਸੰਗਤ ਮਾਣੀ।

ਅਮੋਲਕ ਸਿੰਘ ਕਹਿੰਦੇ ਹਨ, "ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਗ਼ਦਰ ਲਹਿਰ ਬਾਰੇ ਵਿਲੱਖਣ ਕਿਸਮ ਦਾ ਕੰਮ ਕੀਤਾ ਹੈ। ਉਹ ਅਸਲ ਅਰਥਾਂ ਵਿੱਚ ਖੋਜੀ ਅਤੇ ਵਿਦਵਾਨ ਸਨ, ਜਿੰਨਾਂ ਨੇ ਲੁਕੀਆਂ ਛਿਪੀਆਂ ਗੱਲਾਂ ਨੂੰ ਲੋਕਾਂ ਸਾਹਮਣੇ ਲਿਆਂਦਾ। ਉਹਨਾਂ ਨੇ ਬਹੁਤ ਸਾਰੇ ਦਸਤਾਵੇਜ਼ ਲਾਹੌਰ, ਸਿੰਗਾਪੁਰ ਅਤੇ ਹੋਰ ਥਾਵਾਂ ਤੋਂ ਕੱਢਵਾਏ। ਉਹਨਾਂ ਨੇ ਸੀਆਈਡੀ ਅਤੇ ਹੋਰ ਅਹਿਮਰਿਪੋਰਟਾਂ ਨੂੰ ਹੂਬਹੂ ਛਾਪਿਆ।"

ਅਮੋਲਕ ਸਿੰਘ ਦੱਸਦੇ ਹਨ, "ਉਹ ਆਪਣੇ ਆਪ ਨੂੰ ਗ਼ਦਰੀਆਂ ਦੇ ਮੁਨਸ਼ੀ ਹੀ ਕਹਾਉਂਦੇ ਸਨ। ਉਹਨਾਂ ਨੇ ਗ਼ਦਰੀਆਂ ਦੇ ਘਰਾਂ ਵਿੱਚ ਜਾ ਕੇ ਟੇਪਾਂ ਰਿਕਾਰਡ ਕੀਤੀਆਂ। ਬਾਬਾ ਸੋਹਣ ਸਿੰਘ ਭਕਨਾ ਨੂੰ ਉਹਨਾਂ ਨੇ ਸਾਹਮਣੇ ਲਿਆਂਦਾ ਕਿ ਬਾਬਾ ਭਕਨਾ ਇਸ ਤਰ੍ਹਾਂ ਦੇ ਦਿਖਾਈ ਦਿੰਦੇ ਹਨ।"

ਅਮੋਲਕ ਸਿੰਘ

ਵੜੈਚ ਦੇ ਸ਼ਾਗਿਰਦ ਸੀਤਾ ਰਾਮ ਬਾਂਸਲ ਦੱਸਦੇ ਹਨ, "6 ਜੂਨ 1966 ਨੂੰ ਮਲਵਿੰਦਰਜੀਤ ਸਿੰਘ ਵੜੈਚ ਲੁਧਿਆਣਾ ਤੋਂ ਭਕਨਾ ਸਾਇਕਲ 'ਤੇ ਜਾ ਕੇ ਗ਼ਦਰੀ ਸੋਹਣ ਸਿੰਘ ਭਕਨਾਨੂੰ ਮਿਲੇ। ਉਹਨਾਂ ਨੂੰ ਮਿਲ ਕੇ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਭਕਨਾ ਦੀ ਉਰਦੂ ਵਿੱਚ ਲਿਖੀ ਸਵੈ-ਜੀਵਨੀ 'ਜੀਵਨ ਸੰਗਰਾਮ' ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਜ਼ਿੰਦਾ ਗ਼ਦਰੀਆਂ ਨੂੰ ਲੋਕਾਂ ਨਾਲ ਮਿਲਾਉਣਾ ਸੁਰੂ ਕੀਤਾ। ਇਸ ਤੋਂ ਪਹਿਲਾਂ ਬਹੁਤ ਸਾਰੇ ਬੇਨਾਮ ਜ਼ਿੰਦਗੀ ਜੀਅ ਰਹੇ ਸਨ। ਉਹ ਬੰਗਾਲੀ ਕ੍ਰਾਂਤੀਕਾਰੀਆਂ ਨੂੰ ਮਿਲਦੇ ਰਹੇ ਅਤੇ 1970 ਦੇ ਕਰੀਬ 'ਕੌਮੀ ਲਹਿਰ' ਨਾਂ ਦਾ ਮੈਗ਼ਜੀਨ ਵੀ ਕੱਢਿਆ।"

ਉਹਨਾਂ ਨੇ ਆਪਣੇ 52 ਸਾਲਾਂ ਦੇ ਖੋਜੀ ਜੀਵਨ ਦੌਰਾਨ ਇਨਕਲਾਬੀਆਂ ਨਾਲ ਸਬੰਧਤ ਹਜ਼ਾਰਾਂ ਦਸਤਾਵੇਜ਼, ਬੇਸ਼ਕੀਮਤੀ ਕਿਤਾਬਾਂ ਅਤੇ ਗ਼ਦਰੀਆਂ ਦੀਆਂ ਨਿੱਜੀ ਵਸਤਾਂ ਆਪਣੇ ਸ਼ਾਗਿਰਦ ਸੀਤਾ ਰਾਮ ਬਾਂਸਲ ਅਤੇ ਉਹਨਾਂ ਦੀ ਜੀਵਨ ਸਾਥਣ ਬਲਵਿੰਦਰ ਕੌਰ ਬਾਂਸਲ ਨੂੰ ਸੌਂਪ ਦਿੱਤੇ।

ਬਾਂਸਲ ਜੋੜੀ ਨੇ ਇਹ ਦਸਤਾਵੇਜ਼ ਅਤੇ ਕਿਤਾਬਾਂ ਖੋਜੀਆਂ ਦੀ ਸਹੂਲਤ ਲਈ ਜਲੰਧਰ ਸ਼ਹਿਰ ਵਿਚਲੇ ਆਪਣੇ ਘਰ ਵਿੱਚ "ਪ੍ਰੋਫੈਸਰ ਮਲਵਿੰਦਰਜੀਤ ਸਿੰਘ ਵੜੈਚ ਰੈਵੋਲਿਊਸ਼ਨਰੀ ਰਿਚਰਚ ਸੈਂਟਰ" ਵਿੱਚ ਰੱਖੇ ਹੋਏ ਹਨ।

ਅਕਾਦਮਿਕ ਤੇ ਖੋਜ ਦੇ ਕੰਮ ਤੋਂ ਬਾਅਦ ਵਕਾਲਤ

ਮਲਵਿੰਦਰਜੀਤ ਸਿੰਘ ਵੜੈਚ

ਤਸਵੀਰ ਸਰੋਤ, Malwinderjit Waraich

ਤਸਵੀਰ ਕੈਪਸ਼ਨ, ਜਲੰਧਰ ਵਿੱਚ ਆਪਣੇ ਸਾਥੀ ਸਹਿਯੋਗੀਆਂ ਤੇ ਵਿਸ਼ਵਾਸਪਾਤਰਾਂ ਦੀ ਸੰਗਤ ਨਾਲ ਉਨ੍ਹਾਂ ਯੁਵਕ ਕੇਂਦਰ ਦੀ ਸਥਾਪਨਾ ਕੀਤੀ।

ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ 1960 ਤੋਂ 1989 ਤੱਕ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿੱਚ ਪੜ੍ਹਾਉਂਦੇ ਰਹੇ ਸਨ।

ਜਲੰਧਰ ਵਿੱਚ ਆਪਣੇ ਸਾਥੀ ਸਹਿਯੋਗੀਆਂ ਤੇ ਵਿਸ਼ਵਾਸਪਾਤਰਾਂ ਦੀ ਸੰਗਤ ਨਾਲ ਉਨ੍ਹਾਂ ਯੁਵਕ ਕੇਂਦਰ ਦੀ ਸਥਾਪਨਾ ਕੀਤੀ।

ਗੁਰਭਜਨ ਗਿੱਲ ਕਹਿੰਦੇ ਹਨ ਕਿ ਮਲਵਿੰਦਰਜੀਤ ਸਿੰਘ ਵੜੈਚ ਦੇ ਵਿਦਿਆਰਥੀਆਂ ਵਿੱਚ ਭਗਤ ਸਿੰਘ ਦੇ ਭਾਂਜੇ ਪ੍ਰੋ. ਜਗਮੋਹਨ ਸਿੰਘ, ਪ੍ਰਿੰਸੀਪਲ ਐੱਮਐੱਸ ਪਰਮਾਰ, ਮਿਹਰ ਚੰਦ ਭਾਰਦਵਾਜ ਤੋਂ ਇਲਾਵਾ ਸਾਹਿਤ ਖੇਤਰ ਵਿੱਚ ਅਜਮੇਰ ਰੋਡੇ, ਦਰਸ਼ਨ ਨੱਤ, ਉਜਾਗਰ ਸਿੰਘ ਕੰਵਲ, ਅਮੋਲਕ ਸਿੰਘ, ਅਜਮੇਰ ਸਿੰਘ, ਸੁਰਿੰਦਰ ਧੰਜਲ, ਕੰਵਲਜੀਤ ਸਿੰਘ ਢੁੱਡੀਕੇ, ਜਸਵੰਤ ਜਫ਼ਰ, ਗੁਰਿੰਦਰਜੀਤ ਤੇ ਪਰਮਜੀਤ ਧਾਲੀਵਾਲ ਸ਼ਾਮਲ ਹਨ।

ਸੀਤਾ ਰਾਮ ਦੱਸਦੇ ਹਨ ਕਿ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ 1989 ਵਿੱਚ ਨੌਕਰੀ ਤੋਂ ਸੇਵਾ ਮੁਕਤੀ ਉਪਰੰਤ ਕਰੂਕਸ਼ੇਤਰਾ ਯੂਨੀਵਰਸਿਟੀ, ਕਰੂਕਸ਼ੇਤਰ ਤੋਂ ਰੈਗੂਲਰ ਲਾਅ ਦੀ ਪੜ੍ਹਾਈ ਕੀਤੀ। ਉਹਨਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਆਰਐੱਸ ਚੀਮਾ ਨਾਲ ਕੁਝ ਸਮਾਂ ਵਕਾਲਤ ਵੀ ਕੀਤੀ। ਦੇਸ਼ ਭਗਤ ਲਹਿਰਾਂ ਦੇ ਸੂਰਮਿਆਂ ਦੀਆਂ ਸਰਕਾਰ ਵੱਲੋਂ ਜ਼ਬਤ ਕੀਤੀਆਂ ਜਾਇਦਾਦਾਂ ਵੀ ਵਾਪਸ ਕਰਵਾਈਆਂ।

ਮਲਵਿੰਦਰਜੀਤ ਸਿੰਘ ਵੜੈਚ

ਤਸਵੀਰ ਸਰੋਤ, Malwinderjit Waraich

ਗੁਰਭਜਨ ਗਿੱਲ ਦੱਸਦੇ ਹਨ ਕਿ ਮਲਵਿੰਦਰਜੀਤ ਸਿੰਘ ਨੇ ਸਰਾਭਾ ਪਿੰਡ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਹਸਪਤਾਲ ਤੇ ਮੈਡੀਕਲ ਕਾਲਜ ਖੁਲਵਾਉਣ ਵਿੱਚ ਮੁੱਢਲਾ ਯੋਗਦਾਨ ਪਾਇਆ।

ਸੀਤਾ ਰਾਮ ਬਾਂਸਲ ਕਹਿੰਦੇ ਹਨ ਕਿ ਮਲੇਰਕੋਟਲਾ ਵਿੱਚ ਅੰਗਰੇਜ਼ ਹਕੂਮਤ ਵੱਲੋਂਮਾਰੇ ਗਏ 66 ਕੂਕਿਆਂ ਦੀ ਪਿੰਡਾਂ ਸਮੇਤ ਸੂਚੀ ਵੀ ਪ੍ਰੋ.ਵੜੈਚ ਨੇ ਤਿਆਰ ਕਰਕੇ ਨਾਮਧਾਰੀ ਪੰਥ ਨੂੰ ਸੌਂਪੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੀਆਈਐਲ ਦਾਇਰ ਕਰਕੇ ਨਾਮਧਾਰੀ ਕੂਕਾ ਲਹਿਰ ਅਤੇ ਜਲ੍ਹਿਆਂਵਾਲਾ ਬਾਗ ਦੇ 'ਸ਼ਹੀਦਾਂ'ਨੂੰ ਆਜ਼ਾਦੀ ਸੰਗਰਾਮ ਦਾ ਹਿੱਸਾ ਬਣਾਉਣ ਲਈ ਲੰਬੀ ਕਾਨੂੰਨੀ ਲੜਾਈ ਲੜੀ ਅਤੇ ਮਾਨਤਾ ਦੁਆਈ।

ਬਾਂਸਲ ਦੱਸਦੇ ਹਨ ਕਿ ਆਜ਼ਾਦੀ ਸੰਗਰਾਮ ਦੀਆਂ ਲਹਿਰਾਂ ਦੀ ਜਾਣਕਾਰੀ ਦੇ 41 ਵੱਡ ਅਕਾਰੀ ਪੈਨਲ ਨੈਸ਼ਨਲ ਗੈਲਰੀ ਆਫ਼ ਪੋਰਟਰੇਟ, 17 ਸੈਕਟਰ, ਚੰਡੀਗੜ੍ਹ ਵਿੱਚ ਬਣਾਉਣ ਵਿੱਚ ਵੀ ਉਹਨਾਂ ਨੇ ਪ੍ਰਮੁੱਖ ਭੂਮਿਕਾ ਅਦਾ ਕੀਤੀ।

ਨੌਜਵਾਨ ਤੇ ਖੋਜ

ਮਲਵਿੰਦਰਜੀਤ ਸਿੰਘ ਵੜੈਚ

ਤਸਵੀਰ ਸਰੋਤ, Malwinderjit Waraich

ਸੀਤਾ ਰਾਮ ਬਾਂਸਲ ਕਹਿੰਦੇ ਹਨ ਕਿ ਮਲਵਿੰਦਰਜੀਤ ਸਿੰਘ ਵੜੈਚ ਖੋਜ ਕਰ ਰਹੇ ਵਿਦਿਆਰਥੀਆਂ ਨੂੰ ਖੋਜ ਸੰਬੰਧੀ ਅਹਿਮ ਸਮਗਰੀ ਮੁਫਤ ਫੋਟੋ ਕਾਪੀਆਂ ਕਰਵਾ ਕੇ ਦਿੰਦੇ ਹਨ।

ਉਹ ਕਹਿੰਦੇ ਹਨ, "ਵੜੈਚ ਕਦੇ ਨੌਜਵਾਨ ਨੂੰ ਗਲਤ ਨਹੀਂ ਕਹਿੰਦੇ ਸਨ, ਉਹ ਉਹਨਾਂ ਦੇ ਵਿਚਾਰ ਸੁਣਦੇ ਸਨ ਅਤੇ ਕਹਿੰਦੇ ਸਨ ਕਿ ਨੌਜਵਾਨਾਂ ਕੋਲ ਨਵੀਂ ਸੋਚ ਅਤੇ ਨਵੇਂ ਵਿਚਾਰ ਹੁੰਦੇ ਹਨ।"

ਗਿੱਲ ਕਹਿੰਦੇ ਹਨ ਕਿ ਮਲਵਿੰਦਰਜੀਤ ਸਿੰਘ ਵੜੈਚ ਆਪਣੇ ਪਿੱਛੇ ਇਕਲੌਤੀ ਬੇਟੀ ਡਾ. ਮਿੰਨਾ ਜਾਖੜ ਅਤੇ ਵਿਸ਼ਾਲ ਵਿਚਾਰਧਾਰਕ ਪਰਿਵਾਰ ਛੱਡ ਗਏ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)