ਅਮਰੀਕਾ ਦੇ ਪੈਂਟਾਗਨ ਵੱਲੋਂ, ਹਵਾ ਵਿੱਚ ਉੱਡਦੀਆਂ ਅਣਪਛਾਤੀਆਂ ਚੀਜ਼ਾਂ ਬਾਰੇ ਕਿਹੜੇ ਗੁਪਤ ਦਸਤਾਵੇਜ਼ ਜਨਤਕ ਕੀਤੇ, ਕੀ ਖੁਲਾਸੇ ਹੋਏ

1969 ਵਿੱਚ ਅਪੋਲੋ 12 ਮਿਸ਼ਨ ਦੌਰਾਨ ਚੰਦਰਮਾ ਦਾ ਇੱਕ ਦ੍ਰਿਸ਼। ਇਸ ਤਸਵੀਰ ਵਿੱਚ ਇੱਕ ਅਣਪਛਾਤੀ ਫਲੈਸ਼ ਨੂੰ ਵੱਡਾ ਕਰਕੇ ਦਿਖਾਇਆ ਗਿਆ ਹੈ

ਤਸਵੀਰ ਸਰੋਤ, US Department of Defense

ਤਸਵੀਰ ਕੈਪਸ਼ਨ, 1969 ਵਿੱਚ ਅਪੋਲੋ 12 ਮਿਸ਼ਨ ਦੌਰਾਨ ਚੰਦਰਮਾ ਦਾ ਇੱਕ ਦ੍ਰਿਸ਼। ਇਸ ਤਸਵੀਰ ਵਿੱਚ ਇੱਕ ਅਣਪਛਾਤੀ ਫਲੈਸ਼ ਨੂੰ ਵੱਡਾ ਕਰਕੇ ਦਿਖਾਇਆ ਗਿਆ ਹੈ
    • ਲੇਖਕ, ਸਾਕਸ਼ੀ ਵੇਂਕਟਰਮਣ ਅਤੇ ਰੇਬੇਕਾ ਪੀਡਰ
    • ਰੋਲ, ਬੀਬੀਸੀ ਨਿਊਜ਼
  • ਪੜ੍ਹਨ ਦਾ ਸਮਾਂ: 6 ਮਿੰਟ

ਅਮਰੀਕਾ ਦੇ ਰੱਖਿਆ ਵਿਭਾਗ ਪੈਂਟਾਗਨ ਵੱਲੋਂ ਯੂਐਫਓ (UFO) ਬਾਰੇ ਅਜਿਹੇ ਦਸਤਾਵੇਜ਼ ਜਾਰੀ ਕੀਤੇ ਗਏ ਹਨ ਜੋ ਪਹਿਲਾਂ ਕਦੇ ਨਹੀਂ ਦੇਖੇ ਗਏ। ਦਸਤਾਵੇਜ਼ਾਂ ਦੀ ਇਸ ਲੜੀ ਵਿੱਚ ਕੁਝ ਘਟਨਾਵਾਂ ਦੇ ਵੇਰਵਾ ਵੀ ਸ਼ਾਮਲ ਹਨ - ਇਹ ਘਟਨਾਵਾਂ ਧਰਤੀ 'ਤੇ ਆਮ ਨਾਗਰਿਕਾਂ ਅਤੇ ਚੰਦਰਮਾ ਦੀ ਯਾਤਰਾ ਵੇਲੇ ਪੁਲਾੜ ਯਾਤਰੀਆਂ ਵੱਲੋਂ ਦੇਖੀਆਂ ਗਈਆਂ ਸਨ।

ਦਹਾਕਿਆਂ ਪੁਰਾਣੇ ਇਹ ਦਸਤਾਵੇਜ਼ ਰਾਸ਼ਟਰਪਤੀ ਡੌਨਲਡ ਟਰੰਪ ਦੇ ਨਿਰਦੇਸ਼ 'ਤੇ ਸ਼ੁੱਕਰਵਾਰ ਨੂੰ ਜਨਤਕ (ਡੀਕਲਾਸੀਫਾਈਡ) ਕੀਤੇ ਗਏ ਅਤੇ ਆਨਲਾਈਨ ਪੋਸਟ ਕੀਤੇ ਗਏ। ਟਰੰਪ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ "ਲੋਕਾਂ ਦੀ ਜ਼ਬਰਦਸਤ ਦਿਲਚਸਪੀ ਨੂੰ ਦੇਖਦੇ ਹੋਏ" ਉਹ ਇਹਨਾਂ ਨੂੰ ਜਾਰੀ ਕਰਨਗੇ।

ਹਾਲ ਦੇ ਸਾਲਾਂ ਵਿੱਚ, ਅਮਰੀਕਾ ਦੇ ਲੋਕਾਂ ਵਿੱਚ ਦੂਜੇ ਗ੍ਰਹਿ 'ਤੇ ਜੀਵਨ (extraterrestrial life) ਨੂੰ ਲੈਕੇ ਦਿਲਚਸਪੀ ਫਿਰ ਵਧੀ ਹੈ।

ਸਾਲ 2022 ਵਿੱਚ, ਅਮਰੀਕੀ ਕਾਂਗਰਸ ਨੇ 50 ਸਾਲਾਂ ਵਿੱਚ ਪਹਿਲੀ ਵਾਰ ਯੂਐਫਓ ਬਾਰੇ ਸੁਣਵਾਈ ਕੀਤੀ ਸੀ ਅਤੇ ਫੌਜ ਨੇ ਇਸ ਮਾਮਲੇ ਵਿੱਚ ਵੱਧ ਪਾਰਦਰਸ਼ਤਾ ਵਰਤਣ ਦਾ ਵਾਅਦਾ ਕੀਤਾ ਸੀ।

ਜਾਰੀ ਕੀਤੀਆਂ ਗਈਆਂ 161 ਫ਼ਾਈਲਾਂ ਰੱਖਿਆ ਵਿਭਾਗ ਦੀ ਵੈੱਬਸਾਈਟ 'ਤੇ ਉਪਲੱਬਧ ਹਨ ਅਤੇ ਹੋਰ ਫ਼ਾਈਲਾਂ ਵੀ ਜਾਰੀ ਕੀਤੀਆਂ ਜਾਣੀਆਂ ਹਨ।

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਫ਼ਰਵਰੀ ਮਹੀਨੇ ਵਿੱਚ ਇੱਕ ਇੰਟਰਵਿਊ ਦੌਰਾਨ ਇਹ ਕਹਿ ਕੇ ਲੋਕਾਂ ਦੀ ਦਿਲਚਸਪੀ ਹੋਰ ਵਧਾ ਦਿੱਤੀ ਸੀ ਕਿ ਏਲੀਅਨ "ਅਸਲ 'ਚ ਹੁੰਦੇ ਹਨ, ਪਰ ਮੈਂ ਉਹ ਦੇਖੇ ਨਹੀਂ ਹਨ।"

ਓਬਾਮਾ ਨੇ ਬਾਅਦ ਵਿੱਚ ਆਪਣੀਆਂ ਟਿੱਪਣੀਆਂ 'ਤੇ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਅੰਕੜਿਆਂ ਦੇ ਹਿਸਾਬ ਨਾਲ ਇਸ ਗੱਲ ਦੀ ਸੰਭਾਵਨਾ ਹੈ ਕਿ ਕਿਤੇ ਹੋਰ ਵੀ ਜੀਵਨ ਮੌਜੂਦ ਹੋਵੇ, ਪਰ ਰਾਸ਼ਟਰਪਤੀ ਰਹਿੰਦੇ ਹੋਏ ਉਨ੍ਹਾਂ ਨੂੰ "ਇਸਦਾ ਕੋਈ ਸਬੂਤ ਨਹੀਂ ਮਿਲਿਆ।"

ਉਸੇ ਮਹੀਨੇ ਬਾਅਦ ਵਿੱਚ, ਟਰੰਪ ਨੇ ਪੈਂਟਾਗਨ ਨੂੰ "ਏਲੀਅਨ ਅਤੇ ਬਾਹਰੀ ਜੀਵਨ, ਅਣਪਛਾਤੀਆਂ ਹਵਾਈ ਘਟਨਾਵਾਂ (ਯੂਏਪੀ), ਅਤੇ ਅਣਪਛਾਤੀਆਂ ਉੱਡਣ ਵਾਲੀਆਂ ਚੀਜ਼ਾਂ ਭਾਵ ਯੂਐਫਓ (ਯੂਐਫਓ) ਨਾਲ ਸੰਬੰਧਿਤ" ਫ਼ਾਈਲਾਂ ਜਾਰੀ ਕਰਨ ਦਾ ਨਿਰਦੇਸ਼ ਦਿੱਤਾ।

ਫਾਈਲਾਂ ਵਿੱਚ ਕੀ ਜਾਣਕਾਰੀ

ਸ਼ੁੱਕਰਵਾਰ ਨੂੰ ਜਾਰੀ ਕੀਤੀਆਂ ਗਈਆਂ ਇਨ੍ਹਾਂ ਫ਼ਾਈਲਾਂ ਵਿੱਚ ਦਹਾਕਿਆਂ ਪੁਰਾਣੇ ਫੌਜ ਮੈਮੋ, ਅਪੋਲੋ ਮੂਨ ਮਿਸ਼ਨਾਂ ਦੀਆਂ ਰਿਪੋਰਟਾਂ ਅਤੇ ਉਨ੍ਹਾਂ ਲੋਕਾਂ ਦੀਆਂ ਰਿਪੋਰਟਾਂ ਸ਼ਾਮਲ ਹਨ ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੋਈ UFO ਯਾਨੀ ਅਣਪਛਾਤੀ ਉੱਡਣ ਵਾਲੀ ਚੀਜ਼ ਦੇਖੀ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਹ ਦੂਜੇ ਕਿਸੇ ਗ੍ਰਹਿ ਨਾਲ ਸਬੰਧਿਤ ਸਨ।

1960 ਅਤੇ 1970 ਦੇ ਦਹਾਕੇ ਵਿੱਚ ਅਪੋਲੋ 11, ਅਪੋਲੋ 12 ਅਤੇ ਅਪੋਲੋ 17 ਮੂਨ ਲੈਂਡਿੰਗ ਮਿਸ਼ਨਾਂ 'ਤੇ ਗਏ ਪੁਲਾੜ ਯਾਤਰੀਆਂ ਦੀਆਂ ਉਹ ਗੱਲਾਂ ਵੀ ਇਨ੍ਹਾਂ ਫਾਈਲਾਂ ਵਿੱਚ ਸ਼ਾਮਲ ਹਨ, ਜੋ ਪਹਿਲਾਂ ਗੁਪਤ ਰੱਖੀਆਂ ਗਈਆਂ ਸਨ।

ਅਪੋਲੋ 11 ਮਿਸ਼ਨ ਦੇ ਮਸ਼ਹੂਰ ਪੁਲਾੜ ਯਾਤਰੀ ਬਜ਼ ਐਲਡ੍ਰਿਨ ਦੇ, ਸ਼ੁੱਕਰਵਾਰ ਨੂੰ ਪ੍ਰਕਾਸ਼ਿਤ 1969 ਦੇ ਇੱਕ ਪੁਰਾਣੇ ਇੰਟਰਵਿਊ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਚੰਦ ਦੀ ਆਪਣੀ ਯਾਤਰਾ ਦੌਰਾਨ ਕਈ ਅਜਿਹੀਆਂ ਘਟਨਾਵਾਂ ਦੇਖੀਆਂ, ਜਿਨ੍ਹਾਂ ਦੀ ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ ਸੀ।

ਉਨ੍ਹਾਂ ਇਸ ਵਿੱਚ ਕਿਹਾ, "ਮੈਂ ਇੱਕ ਅਜਿਹੀ ਚੀਜ਼ ਦੇਖੀ ਜੋ ਕਾਫ਼ੀ ਤੇਜ਼ ਰੌਸ਼ਨੀ ਦਾ ਸਰੋਤ ਲੱਗ ਰਹੀ ਸੀ, ਸ਼ੁਰੂ ਵਿੱਚ ਅਸੀਂ ਅੰਦਾਜ਼ਾ ਲਾਇਆ ਕਿ ਸ਼ਾਇਦ ਉਹ ਕੋਈ ਲੇਜ਼ਰ ਹੋ ਸਕਦੀ ਹੈ।"

ਟ੍ਰਾਂਸਕ੍ਰਿਪਟ (ਗੱਲਬਾਤ) ਤੋਂ ਪਤਾ ਲੱਗਦਾ ਹੈ ਕਿ ਅਪੋਲੋ 12 ਦੇ ਪੁਲਾੜ ਯਾਤਰੀ ਐਲਨ ਬੀਨ, ਜਿਨ੍ਹਾਂ ਨੇ 1969 ਵਿੱਚ ਚੰਦ 'ਤੇ ਕਦਮ ਰੱਖਿਆ ਸੀ, ਨੇ ਦੱਸਿਆ ਸੀ ਕਿ ਮਿਸ਼ਨ ਦੌਰਾਨ ਉਨ੍ਹਾਂ ਨੇ ਕੁਝ ਕਣ ਅਤੇ ਰੌਸ਼ਨੀ ਦੀਆਂ ਫਲੈਸ਼ਾਂ "ਪੁਲਾੜ ਵਿੱਚ ਤੈਰਦੀਆਂ ਹੋਈਆਂ" ਦੇਖੀਆਂ ਸਨ। ਉਨ੍ਹਾਂ ਨੇ ਕਿਹਾ ਕਿ ਉਹ ਕਣ ਅਜਿਹੇ ਲੱਗ ਰਹੇ ਸਨ ਜਿਵੇਂ ਉਹ "ਚੰਦ ਤੋਂ ਬਾਹਰ ਨਿਕਲ ਰਹੇ ਹੋਣ"।

1972 ਵਿੱਚ ਅਪੋਲੋ 17 ਮਿਸ਼ਨ 'ਤੇ ਸਵਾਰ ਦੋ ਹੋਰ ਪੁਲਾੜ ਯਾਤਰੀਆਂ ਨੇ ਵੀ ਪੁਲਾੜ ਯਾਨ ਦੇ ਅੰਦਰ ਰਹਿੰਦੇ ਹੋਏ ਚਮਕਦੀਆਂ ਰੌਸ਼ਨੀਆਂ ਦੇਖਣ ਦੀ ਗੱਲ ਕੀਤੀ ਸੀ। ਪੁਲਾੜ ਯਾਤਰੀ ਜੈਕ ਸ਼ਮਿਟ ਨੇ ਕਿਹਾ ਸੀ, "ਉੱਥੇ ਅਜਿਹਾ ਲੱਗ ਰਿਹਾ ਹੈ ਜਿਵੇਂ 'ਫੋਰਥ ਆਫ਼ ਜੁਲਾਈ' (ਅਮਰੀਕਾ ਦਾ ਆਜ਼ਾਦੀ ਦਿਵਸ) ਹੋਵੇ!" ਉਨ੍ਹਾਂ ਅੱਗੇ ਕਿਹਾ ਕਿ ਹੋ ਸਕਦਾ ਹੈ ਕਿ ਉਹ ਰੌਸ਼ਨੀ ਬਰਫ਼ ਦੇ ਟੁਕੜਿਆਂ ਨਾਲ ਟਕਰਾ ਕੇ ਬਣ ਰਹੀ ਹੋਵੇ।

ਜਾਰੀ ਕੀਤੀਆਂ ਗਈਆਂ ਫ਼ਾਈਲਾਂ ਵਿੱਚੋਂ ਇੱਕ ਹੋਰ ਫ਼ਾਈਲ ਵਿੱਚ, 1965 ਦੇ ਜੈਮਿਨੀ 7 ਸਪੇਸ ਮਿਸ਼ਨ ਦੀ ਇੱਕ ਆਡੀਓ ਰਿਕਾਰਡਿੰਗ ਹੈ, ਜਿਸ ਵਿੱਚ ਪੁਲਾੜ ਯਾਤਰੀ ਫ੍ਰੈਂਕ ਬੋਮਨ ਅਤੇ ਗਰਾਊਂਡ ਸਪੋਰਟ ਟੀਮ ਦਰਮਿਆਨ ਗੱਲਬਾਤ ਰਿਕਾਰਡ ਹੈ। ਉਨ੍ਹਾਂ ਨੇ ਨਾਸਾ ਦੇ ਮਿਸ਼ਨ ਕੰਟਰੋਲ ਨੂੰ ਇੱਕ ਅਣਪਛਾਤੀ ਵਸਤੂ (ਯੂਐਫਓ) ਦਿਖਾਈ ਦੇਣ ਦੀ ਸੂਚਨਾ ਦਿੱਤੀ, ਅਤੇ ਦੱਸਿਆ ਕਿ ਪੁਲਾੜ ਯਾਨ ਦੇ ਖੱਬੇ ਪਾਸੇ ਇੱਕ "ਬੋਗੀ" (ਅਣਪਛਾਤਾ ਜਹਾਜ਼) ਅਤੇ "ਅਰਬਾਂ ਛੋਟੇ-ਛੋਟੇ ਕਣ" ਦਿਖਾਈ ਦੇ ਰਹੇ ਸਨ।

'ਰੌਸ਼ਨੀ ਵਿੱਚੋਂ ਨਿੱਕਲ ਕੇ ਹਵਾ ਵਿੱਚ ਤੈਰਦੀਆਂ ਵਸਤੂਆਂ'

ਯੂਐਫਓ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਸਤਾਵੇਜ਼ਾਂ ਦੀ ਇਸ ਲੜੀ ਵਿੱਚ ਕੁਝ ਘਟਨਾਵਾਂ ਦੇ ਵੇਰਵਾ ਵੀ ਸ਼ਾਮਲ ਹਨ - ਇਹ ਘਟਨਾਵਾਂ ਧਰਤੀ 'ਤੇ ਆਮ ਨਾਗਰਿਕਾਂ ਅਤੇ ਚੰਦਰਮਾ ਦੀ ਯਾਤਰਾ ਵੇਲੇ ਪੁਲਾੜ ਯਾਤਰੀਆਂ ਵੱਲੋਂ ਦੇਖੀਆਂ ਗਈਆਂ ਸਨ (ਸੰਕੇਤਕ ਤਸਵੀਰ)

ਇਨ੍ਹਾਂ ਫ਼ਾਈਲਾਂ ਵਿੱਚ ਦਹਾਕਿਆਂ ਪੁਰਾਣੀਆਂ ਰਿਪੋਰਟਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਦਰਜਨਾਂ ਲੋਕਾਂ ਨੇ ਅਣਪਛਾਤੀਆਂ ਅਸਧਾਰਣ ਘਟਨਾਵਾਂ ਦੇਖਣ ਦਾ ਦਾਅਵਾ ਕੀਤਾ ਹੈ।

ਇੱਕ ਫ਼ਾਈਲ ਵਿੱਚ ਦੱਸਿਆ ਗਿਆ ਹੈ ਕਿ 1957 ਵਿੱਚ ਐਫਬੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇੱਕ ਵਿਅਕਤੀ ਨੇ ਦੱਸਿਆ ਸੀ ਕਿ ਉਸਨੇ ਜ਼ਮੀਨ ਤੋਂ ਉੱਪਰ ਉੱਠਦੀ ਹੋਈ ਇੱਕ ਵੱਡੀ, ਗੋਲਾਕਾਰ ਵਸਤੂ ਦੇਖੀ ਸੀ।

ਇਸ ਤੋਂ ਇਲਾਵਾ ਸਤੰਬਰ ਅਤੇ ਅਕਤੂਬਰ 2023 ਦੇ ਵੀ ਕੁਝ ਇੰਟਰਵਿਊ ਹਨ, ਜਿਨ੍ਹਾਂ ਵਿੱਚ ਅਮਰੀਕੀ ਨਾਗਰਿਕਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਤੇਜ਼ ਰੌਸ਼ਨੀ ਵਿੱਚੋਂ ਅਚਾਨਕ ਪ੍ਰਗਟ ਹੁੰਦੀਆਂ ਹੋਈਆਂ ਅਤੇ ਹਵਾ ਵਿੱਚ ਤੈਰਦੀਆਂ ਧਾਤੂ ਦੀਆਂ ਵਸਤੂਆਂ ਦੇਖੀਆਂ ਹਨ।

ਇਰਾਕ, ਸੀਰੀਆ ਤੇ ਯੂਏਈ ਵਿੱਚ ਫੌਜ ਵੱਲੋਂ ਲਏ ਗਏ ਵੀਡੀਓ

ਚਮਕਦੀਆਂ ਰੌਸ਼ਨੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1972 ਵਿੱਚ ਅਪੋਲੋ 17 ਮਿਸ਼ਨ 'ਤੇ ਸਵਾਰ ਦੋ ਹੋਰ ਪੁਲਾੜ ਯਾਤਰੀਆਂ ਨੇ ਵੀ ਪੁਲਾੜ ਯਾਨ ਦੇ ਅੰਦਰ ਰਹਿੰਦੇ ਹੋਏ ਚਮਕਦੀਆਂ ਰੌਸ਼ਨੀਆਂ ਦੇਖਣ ਦੀ ਗੱਲ ਕੀਤੀ ਸੀ (ਸੰਕੇਤਕ ਤਸਵੀਰ)

ਇਨ੍ਹਾਂ ਫ਼ਾਈਲਾਂ ਵਿੱਚ ਅਮਰੀਕੀ ਫੌਜ ਵੱਲੋਂ ਮੱਧ-ਪੂਰਬ ਤੋਂ ਲਏ ਗਏ ਕੁਝ ਵੀਡੀਓ ਕਲਿੱਪ ਵੀ ਸ਼ਾਮਲ ਹਨ, ਜੋ 2022 ਦੇ ਹਨ।

ਇਰਾਕ, ਸੀਰੀਆ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਮਿਲੇ ਫੁਟੇਜ ਵਿੱਚ ਅਜਿਹੀਆਂ ਚੀਜ਼ਾਂ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ ਨੂੰ ਪੈਂਟਾਗਨ ਦੀ ਵੈੱਬਸਾਈਟ 'ਤੇ "ਅਣਸੁਲਝੀ ਅਣਪਛਾਤੀ ਅਸਧਾਰਣ ਘਟਨਾ" (unresolved unidentified anomalous phenomenon) ਦੱਸਿਆ ਗਿਆ ਹੈ।

ਸਾਲ 2022 ਦੀ ਇੱਕ ਕਲਿੱਪ, ਜੋ ਮੱਧ-ਪੂਰਬ ਦੇ ਕਿਸੇ ਅਣਪਛਾਤੇ ਸਥਾਨ 'ਤੇ ਰਿਕਾਰਡ ਕੀਤੀ ਗਈ ਸੀ, ਵਿੱਚ ਇੱਕ ਅੰਡਾਕਾਰ ਵਸਤੂ ਨੂੰ ਖੱਬੇ ਤੋਂ ਸੱਜੇ ਵੱਲ ਤੇਜ਼ੀ ਨਾਲ ਜਾਂਦੇ ਹੋਏ ਵੇਖਿਆ ਜਾ ਸਕਦਾ ਹੈ। ਇਸਦੇ ਨਾਲ ਦਿੱਤੀ ਗਈ ਰਿਪੋਰਟ ਵਿੱਚ ਇਸ ਵਸਤੂ ਨੂੰ "ਸੰਭਾਵਿਤ ਮਿਜ਼ਾਈਲ" ਦੱਸਿਆ ਗਿਆ ਹੈ।

ਅਮਰੀਕੀ ਸਾਂਸਦ ਬੋਲੇ - ਚੰਗੀ ਪਹਿਲ, ਪਰ ਹੋਰ ਜਾਣਕਾਰੀ ਦੀ ਲੋੜ

ਟੈਨੇਸੀ ਤੋਂ ਰਿਪਬਲਿਕਨ ਸਾਂਸਦ ਟਿਮ ਬਰਚੇਟ ਨੇ ਪਹਿਲਾਂ ਵੀ ਯੂਐਫਓ ਦੇਖੇ ਜਾਣ ਦੇ ਮਾਮਲਿਆਂ ਨੂੰ ਲੈਕੇ ਸਰਕਾਰ ਕੋਲੋਂ ਵੱਧ ਪਾਰਦਰਸ਼ਤਾ ਵਰਤਣ ਦੀ ਮੰਗ ਕੀਤੀ ਸੀ।

ਉਨ੍ਹਾਂ ਨੇ ਪੈਂਟਾਗਨ ਵੱਲੋਂ ਇਹ ਫ਼ਾਈਲਾਂ ਜਾਰੀ ਕੀਤੇ ਜਾਣ ਦਾ ਸਵਾਗਤ ਕੀਤਾ ਅਤੇ ਐਕਸ 'ਤੇ ਇੱਕ ਪੋਸਟ ਵਿੱਚ ਇਸਨੂੰ "ਚੰਗੀ ਸ਼ੁਰੂਆਤ" ਦੱਸਿਆ।

ਫਲੋਰਿਡਾ ਤੋਂ ਰਿਪਬਲਿਕਨ ਸਾਂਸਦ ਐਨਾ ਪੌਲੀਨਾ ਲੂਨਾ ਵੀ ਇਸ ਮੁੱਦੇ 'ਤੇ ਪਾਰਦਰਸ਼ਤਾ ਦੀ ਗੱਲ ਕਰਦੇ ਹਨ। ਇੱਕ ਬਿਆਨ ਵਿੱਚ ਉਨ੍ਹਾਂ ਨੇ ਇਸ ਖੁਲਾਸੇ ਨੂੰ "ਸਹੀ ਦਿਸ਼ਾ ਵਿੱਚ ਚੁੱਕਿਆ ਗਿਆ ਇੱਕ ਬਹੁਤ ਵੱਡਾ ਪਹਿਲਾ ਕਦਮ" ਦੱਸਿਆ।

ਹਾਲਾਂਕਿ, ਸਾਬਕਾ ਕਾਂਗਰਸੀ ਮਾਰਜੋਰੀ ਟੇਲਰ ਗ੍ਰੀਨ ਨੇ ਕਿਹਾ ਕਿ ਇਹ ਜਾਣਕਾਰੀ ਜਾਰੀ ਕਰਨਾ, ਅਮਰੀਕੀਆਂ ਦੇ ਸਾਹਮਣੇ ਮੌਜੂਦ ਹੋਰ ਜ਼ਰੂਰੀ ਮੁੱਦਿਆਂ, ਜਿਵੇਂ ਕਿ ਵਧਦੀਆਂ ਕੀਮਤਾਂ ਦਾ ਬੋਝ ਝੱਲਣਾ ਅਤੇ ਈਰਾਨ ਵਿੱਚ ਚੱਲ ਰਹੇ ਯੁੱਧ ਤੋਂ ਧਿਆਨ ਭਟਕਾਉਣ ਦੀ ਇੱਕ ਕੋਸ਼ਿਸ਼ ਹੈ। ਦੱਸ ਦੇਈਏ ਕਿ ਮਾਰਜੋਰੀ ਟੇਲਰ ਗ੍ਰੀਨ ਪਹਿਲਾਂ ਟਰੰਪ ਦੇ ਸਹਿਯੋਗੀ ਸਨ, ਪਰ ਬਾਅਦ ਵਿੱਚ ਰਾਸ਼ਟਰਪਤੀ ਨਾਲ ਉਨ੍ਹਾਂ ਦੇ ਸੰਬੰਧ ਖ਼ਰਾਬ ਹੋ ਗਏ ਅਤੇ ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ।

ਗ੍ਰੀਨ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, "ਮੈਂ ਇਸ 'ਚਮਕੀਲੀ ਚੀਜ਼ ਵੱਲ ਦੇਖੋ' ਵਾਲੇ ਪ੍ਰੋਪੈਗੈਂਡਾ ਤੋਂ ਪੂਰੀ ਤਰ੍ਹਾਂ ਥੱਕ ਚੁੱਕੀ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)