ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਦਾ ਮਾਮਲਾ: ਤਰਬੂਜ ਦੀ ਜਾਂਚ 'ਤੇ ਐਫਡੀਏ ਦੀ ਰਿਪੋਰਟ ਵਿੱਚ ਕੀ ਆਇਆ ਸਾਹਮਣੇ?

- ਲੇਖਕ, ਦੀਪਾਲੀ ਜਗਤਾਪ
- ਰੋਲ, ਬੀਬੀਸੀ ਮਰਾਠੀ ਪੱਤਰਕਾਰ
- ਪੜ੍ਹਨ ਦਾ ਸਮਾਂ: 7 ਮਿੰਟ
ਮੁੰਬਈ ਦੇ ਪਾਇਧੁਨੀ ਇਲਾਕੇ ਦੇ ਡੋਕਡੀਆ ਪਰਿਵਾਰ ਦੇ ਚਾਰਾਂ ਮੈਂਬਰਾਂ ਦੀ ਮੌਤ ਦਾ ਕਾਰਨ ਅਜੇ ਵੀ ਸਪਸ਼ਟ ਨਹੀਂ ਹੈ। ਇਸ ਮਾਮਲੇ ਵਿੱਚ ਫੋਰੈਂਸਿਕ ਰਿਪੋਰਟ ਆਉਣੀ ਅਜੇ ਬਾਕੀ ਹੈ।
ਹਾਲਾਂਕਿ, ਐਫਡੀਏ ਦੀ ਰਿਪੋਰਟ ਵਿੱਚ ਇਹ ਸਾਹਮਣੇ ਆਇਆ ਹੈ ਕਿ ਤਰਬੂਜ ਦੇ ਨਮੂਨਿਆਂ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਪਾਈ ਗਈ।
ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਡੀਏ) ਦੀ ਇੱਕ ਟੀਮ ਪਿਛਲੇ ਕੁਝ ਦਿਨਾਂ ਤੋਂ ਪੂਰੇ ਇਲਾਕੇ ਦਾ ਮੁਆਇਨਾ ਕਰ ਰਹੀ ਹੈ।
ਦਰਅਸਲ, 25 ਅਪ੍ਰੈਲ ਨੂੰ, ਮੁੰਬਈ ਦੇ ਪਾਇਧੁਨੀ ਵਿੱਚ ਰਹਿਣ ਵਾਲੇ ਇੱਕ ਹੀ ਪਰਿਵਾਰ ਦੇ ਚਾਰਾਂ ਮੈਂਬਰਾਂ ਦੀ ਰਾਤ ਦੇ ਖਾਣੇ ਤੋਂ ਬਾਅਦ ਮੌਤ ਹੋ ਗਈ ਸੀ। ਦਸਤ ਅਤੇ ਉਲਟੀਆਂ ਨਾਲ ਪੀੜਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਨੇ ਦਮ ਤੋੜ ਦਿੱਤਾ।
ਪੂਰੇ ਪਰਿਵਾਰ ਨੇ ਰਾਤ ਦੇ ਖਾਣੇ ਤੋਂ ਬਾਅਦ ਦੇਰ ਰਾਤ ਤਰਬੂਜ ਖਾਧਾ ਸੀ ਅਤੇ ਸਥਾਨਕ ਡਾਕਟਰਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੀ ਮੌਤ ਫੂਡ ਪੁਆਇਜ਼ਨਿੰਗ ਕਾਰਨ ਹੋਈ ਹੈ।
ਐਫਡੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਕਿ ਐਫਡੀਏ ਦੀ ਇੱਕ ਟੀਮ ਸਥਾਨਕ ਫਲ ਵਿਕਰੇਤਾਵਾਂ, ਖ਼ਾਸ ਕਰਕੇ ਤਰਬੂਜ ਵੇਚਣ ਵਾਲਿਆਂ ਨਾਲ ਗੱਲ ਕਰਨ ਲਈ ਮੌਕੇ 'ਤੇ ਪਹੁੰਚੀ ਸੀ, ਪਰ ਉਨ੍ਹਾਂ ਨੂੰ ਅਜੇ ਤੱਕ ਕੋਈ ਵੀ ਵਿਕਰੇਤਾ ਨਹੀਂ ਮਿਲਿਆ ਹੈ।
ਐਫਡੀਏ ਇੱਥੋਂ ਦੇ ਵਿਕਰੇਤਾਵਾਂ ਨਾਲ ਗੱਲ ਕਰਕੇ ਉਨ੍ਹਾਂ ਦੁਆਰਾ ਵੇਚੇ ਜਾ ਰਹੇ ਤਰਬੂਜਾਂ ਦੀ ਜਾਂਚ ਕਰਨਾ ਚਾਹੁੰਦਾ ਸੀ, ਪਰ ਕਿਉਂਕਿ ਉੱਥੇ ਕੋਈ ਵੀ ਵਿਕਰੇਤਾ ਮੌਜੂਦ ਨਹੀਂ ਸੀ, ਇਸ ਲਈ ਅਜੇ ਤੱਕ ਟੀਮ ਦੇ ਹੱਥ ਕੁਝ ਵੀ ਨਹੀਂ ਲੱਗਿਆ।
ਐਫਡੀਏ ਦਾ ਇਹ ਵੀ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਤਰਬੂਜ ਨਾਲ ਜ਼ਹਿਰ ਫੈਲਣ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਦੂਜੇ ਪਾਸੇ, ਜੇਜੇ ਹਸਪਤਾਲ ਵੱਲੋਂ ਇਸ ਸੰਬੰਧ ਵਿੱਚ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇੱਕ ਸੀਨੀਅਰ ਡਾਕਟਰ ਦੇ ਅਨੁਸਾਰ, ਖਾਦ ਨਮੂਨਿਆਂ ਦੀ ਰਸਾਇਣਿਕ ਜਾਂਚ ਰਿਪੋਰਟ ਅਤੇ ਟਿਸ਼ੂ ਪੈਥੋਲੋਜੀ ਰਿਪੋਰਟ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ।
ਐਫਡੀਏ ਦੀ ਰਿਪੋਰਟ ਵਿੱਚ ਕੀ ਪਾਇਆ ਗਿਆ?

ਤਸਵੀਰ ਸਰੋਤ, Getty Images
ਪਾਇਧੁਨੀ ਵਿੱਚ ਡੋਕਾਡੀਆ ਪਰਿਵਾਰ ਦੇ ਚਾਰਾਂ ਮੈਂਬਰਾਂ ਦੀ ਮੌਤ ਤੋਂ ਬਾਅਦ, ਤਰਬੂਜ ਦੇ ਛਿਲਕਿਆਂ ਦੇ ਨਮੂਨੇ ਜਾਂਚ ਲਈ ਐਫਡੀਏ ਨੂੰ ਭੇਜੇ ਗਏ ਸਨ।
ਐਫਡੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਕਿ ਇਸ ਸੰਬੰਧ ਵਿੱਚ ਲਏ ਗਏ ਨਮੂਨਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਹੀਂ ਪਾਈ ਗਈ, ਇਹ ਸਪਸ਼ਟ ਹੈ।
ਇਸ ਦੌਰਾਨ, ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਜਾਂਚ ਕਿਸੇ ਵੀ ਤਰ੍ਹਾਂ ਦੇ ਜ਼ਹਿਰ ਜਾਂ ਵਿਸ਼ੈਲੇ ਤੱਤਾਂ ਦੀ ਜਾਂਚ ਨਾਲ ਸੰਬੰਧਿਤ ਨਹੀਂ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਸਪਸ਼ਟ ਜਾਣਕਾਰੀ ਸਿਰਫ਼ ਫੋਰੈਂਸਿਕ ਰਿਪੋਰਟ ਤੋਂ ਹੀ ਮਿਲ ਸਕਦੀ ਹੈ।
ਕੀ ਹੈ ਮਾਮਲਾ?

25 ਅਪ੍ਰੈਲ ਨੂੰ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ। ਮੁੰਬਈ ਦੇ ਪਾਇਧੁਨੀ ਵਿੱਚ ਰਹਿਣ ਵਾਲੇ ਇੱਕ ਹੀ ਪਰਿਵਾਰ ਦੇ ਚਾਰਾਂ ਮੈਂਬਰਾਂ ਦੀ ਦਸਤ ਅਤੇ ਉਲਟੀਆਂ ਨਾਲ ਪੀੜਤ ਹੋਣ ਤੋਂ ਬਾਅਦ ਮੌਤ ਹੋ ਗਈ।
ਜਾਣਕਾਰੀ ਮੁਤਾਬਕ, ਪੂਰੇ ਪਰਿਵਾਰ ਨੇ ਰਾਤ ਦੇ ਖਾਣੇ ਤੋਂ ਬਾਅਦ ਦੇਰ ਰਾਤ ਤਰਬੂਜ ਖਾਧਾ ਸੀ। ਸਥਾਨਕ ਡਾਕਟਰਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੀ ਮੌਤ ਫੂਡ ਪੁਆਇਜ਼ਨਿੰਗ ਕਾਰਨ ਹੋਈ ਹੈ।
ਪੋਸਟਮਾਰਟਮ ਰਿਪੋਰਟ ਅਜੇ ਤੱਕ ਨਹੀਂ ਆਈ ਹੈ। ਇਸ ਲਈ ਮੌਤ ਦਾ ਸਹੀ ਕਾਰਨ ਸਪਸ਼ਟ ਨਹੀਂ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਲਈ ਖਾਣੇ ਅਤੇ ਤਰਬੂਜ਼ ਦੇ ਨਮੂਨੇ ਲਏ ਗਏ ਹਨ। ਐਫਡੀਏ ਨੇ ਇਸ ਦੀ ਰਿਪੋਰਟ ਦਿੱਤੀ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਹੀਂ ਪਾਈ ਗਈ।
ਪਰਿਵਾਰ ਨੇ 25 ਅਪ੍ਰੈਲ ਨੂੰ ਰਾਤ ਕਰੀਬ 10 ਤੋਂ 10:30 ਵਜੇ ਦੇ ਵਿਚਕਾਰ ਕੁਝ ਰਿਸ਼ਤੇਦਾਰਾਂ ਨਾਲ ਭੋਜਨ ਕੀਤਾ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਰਿਸ਼ਤੇਦਾਰਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਨੇ ਦੇਰ ਰਾਤ ਕਰੀਬ 1:30 ਵਜੇ ਤਰਬੂਜ ਖਾਧਾ ਸੀ।
ਆਓ ਜਾਣਦੇ ਹਾਂ ਕਿ ਇਸ ਮਾਮਲੇ ਵਿੱਚ ਅਸਲ ਵਿੱਚ ਕੀ ਹੋਇਆ ਸੀ।
ਉਸ ਦਿਨ ਕੀ ਹੋਇਆ ਸੀ?

ਤਸਵੀਰ ਸਰੋਤ, Getty Images
ਇਹ ਪਰਿਵਾਰ ਪਾਇਧੁਨੀ ਇਲਾਕੇ ਵਿੱਚ ਇੱਕ ਪੁਰਾਣੀ ਮੁਗਲਕਾਲੀਨ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਰਹਿੰਦਾ ਸੀ।
ਪਰਿਵਾਰ ਵਿੱਚ ਅਬਦੁੱਲਾ ਡੋਕਾਡੀਆ (40 ਸਾਲ), ਉਨ੍ਹਾਂ ਦੇ ਪਤਨੀ ਨਸਰੀਨ ਡੋਕਾਡੀਆ (35 ਸਾਲ) ਅਤੇ ਦੋ ਛੋਟੀਆਂ ਧੀਆਂ ਸਨ, ਜਿਨ੍ਹਾਂ ਦੀ ਉਮਰ 16 ਅਤੇ 13 ਸਾਲ ਸੀ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਵਿੱਚੋਂ ਤਿੰਨ ਦੀ ਮੌਤ ਜੇਜੇ ਹਸਪਤਾਲ ਵਿੱਚ ਇਲਾਜ ਦੌਰਾਨ ਹੋ ਗਈ।
ਸਥਾਨਕ ਡਾਕਟਰ ਜੈਦ ਕੁਰੈਸ਼ੀ ਨੇ ਦੱਸਿਆ ਕਿ ਇੱਕ ਬੱਚੀ ਦੀ ਮੌਤ ਉਸ ਨੂੰ ਘਰ ਨੇੜਲੇ ਹਸਪਤਾਲ ਲੈਕੇ ਜਾਂਦੇ ਸਮੇਂ ਰਸਤੇ ਵਿੱਚ ਹੀ ਹੋ ਗਈ ਸੀ।
ਰਿਸ਼ਤੇਦਾਰਾਂ ਸਮੇਤ ਸਾਰਿਆਂ ਨੇ 25 ਅਪ੍ਰੈਲ ਨੂੰ ਰਾਤ ਦਾ ਖਾਣਾ ਖਾਧਾ। ਪੁਲਿਸ ਨੇ ਦੱਸਿਆ ਹੈ ਕਿ ਰਿਸ਼ਤੇਦਾਰਾਂ ਦੇ ਜਾਣ ਤੋਂ ਬਾਅਦ ਰਾਤ ਕਰੀਬ 1:30 ਵਜੇ ਸਭ ਨੇ ਤਰਬੂਜ ਖਾਧਾ।
ਇਸ ਤੋਂ ਬਾਅਦ ਸਵੇਰੇ ਪੂਰੇ ਪਰਿਵਾਰ ਨੂੰ ਉਲਟੀਆਂ ਅਤੇ ਦਸਤ ਲੱਗ ਗਏ। ਇਸ ਸਮੇਂ ਇਮਾਰਤ ਵਿੱਚ ਮੌਜੂਦ ਲੋਕਾਂ ਨੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ।

ਉਸੇ ਇਮਾਰਤ ਦੀ ਚੌਥੀ ਮੰਜ਼ਿਲ 'ਤੇ ਰਹਿਣ ਵਾਲੇ ਡਾਕਟਰ ਜੈਦ ਕੁਰੈਸ਼ੀ ਨੇ ਤੁਰੰਤ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ।
ਡਾਕਟਰ ਕੁਰੈਸ਼ੀ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ, ਤਾਂ ਕਮਰੇ ਵਿੱਚ ਮੌਜੂਦ ਚਾਰਾਂ ਲੋਕਾਂ ਦੀ ਹਾਲਤ ਗੰਭੀਰ ਸੀ।
ਉਨ੍ਹਾਂ ਮੁਤਾਬਕ, "ਮੈਂ ਦੇਖਿਆ ਕਿ ਚਾਰਾਂ ਵਿੱਚੋਂ ਸਭ ਤੋਂ ਛੋਟੀ ਕੁੜੀ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ। ਮੈਂ ਤੁਰੰਤ ਉਸ ਨੂੰ ਸੀਪੀਆਰ ਦਿੱਤਾ। ਪਰ ਜਦੋਂ ਉਸਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ, ਤਾਂ ਮੈਂ ਉਸ ਨੂੰ ਨੇੜਲੇ ਹਸਪਤਾਲ ਲੈ ਗਿਆ। ਉੱਥੇ ਹੀ ਉਸ ਦੀ ਮੌਤ ਹੋ ਗਈ।"
ਡਾਕਟਰ ਕੁਰੈਸ਼ੀ ਨੇ ਦੱਸਿਆ, "ਬਾਕੀ ਤਿੰਨ ਜਣਿਆਂ ਨੂੰ ਬਾਅਦ ਵਿੱਚ ਸਥਾਨਕ ਹਸਪਤਾਲ ਤੋਂ ਜੇਜੇ ਹਸਪਤਾਲ ਲਿਜਾਇਆ ਗਿਆ। ਉੱਥੇ ਕੁਝ ਘੰਟਿਆਂ ਤੱਕ ਉਨ੍ਹਾਂ ਦਾ ਇਲਾਜ ਚੱਲਿਆ। ਬਾਅਦ ਵਿੱਚ ਉਨ੍ਹਾਂ ਦੀ ਵੀ ਮੌਤ ਹੋ ਗਈ।"
ਅਜੇ ਤੱਕ ਪੋਸਟਮਾਰਟਮ ਰਿਪੋਰਟ ਨਹੀਂ ਆਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪਸ਼ਟ ਹੋ ਸਕੇਗਾ ਕਿ ਜ਼ਹਿਰ ਦਿੱਤਾ ਗਿਆ ਸੀ ਜਾਂ ਨਹੀਂ ਅਤੇ ਇਸ ਦਾ ਸਹੀ ਕਾਰਨ ਕੀ ਸੀ।
ਇਸ ਦੌਰਾਨ, ਸਥਾਨਕ ਐਮਆਈਐਮ ਆਗੂ ਅਤੇ ਸਾਬਕਾ ਵਿਧਾਇਕ ਵਾਰਿਸ ਪਠਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਸੂਬਾ ਸਰਕਾਰ ਅਤੇ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਸ ਦੀ ਜਾਂਚ ਕਰਨੀ ਚਾਹੀਦੀ ਹੈ।
ਪੁਲਿਸ ਨੇ ਕੀ ਜਾਣਕਾਰੀ ਦਿੱਤੀ?

ਇਸ ਘਟਨਾ ਦੇ ਸਬੰਧ ਵਿੱਚ ਜੇਜੇ ਪੁਲਿਸ ਸਟੇਸ਼ਨ ਵਿੱਚ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਦੇ ਡਿਪਟੀ ਕਮਿਸ਼ਨਰ ਪ੍ਰਵੀਨ ਮੁੰਡੇ ਨੇ ਕਿਹਾ, "ਇੱਕੋ ਪਰਿਵਾਰ ਦੇ ਚਾਰਾਂ ਮੈਂਬਰਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ 25 ਅਪ੍ਰੈਲ ਦੀ ਰਾਤ ਨੂੰ ਕੁਝ ਹੋਰ ਰਿਸ਼ਤੇਦਾਰਾਂ ਨਾਲ ਖਾਣਾ ਖਾਧਾ ਸੀ।"
ਖ਼ਬਰਾਂ ਦੇ ਮੁਤਾਬਕ, ਰਿਸ਼ਤੇਦਾਰਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਨੇ ਰਾਤ ਕਰੀਬ 1:00 ਤੋਂ 1:30 ਵਜੇ ਦੇ ਵਿਚਕਾਰ ਤਰਬੂਜ ਖਾਧਾ।
ਇਸ ਤੋਂ ਬਾਅਦ ਸਵੇਰੇ ਤੋਂ ਹੀ ਉਨ੍ਹਾਂ ਨੂੰ ਉਲਟੀਆਂ ਅਤੇ ਦਸਤ ਹੋਣ ਲੱਗੇ। ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਉੱਥੋਂ ਉਨ੍ਹਾਂ ਨੂੰ ਜੇਜੇ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ। ਪਰ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਚਾਰਾਂ ਦੀ ਮੌਤ ਹੋ ਗਈ।
"ਪੋਸਟਮਾਰਟਮ ਕੀਤਾ ਜਾ ਚੁੱਕਾ ਹੈ। ਪੁਲਿਸ ਨੇ ਉਨ੍ਹਾਂ ਵੱਲੋਂ ਖਾਧੇ ਗਏ ਭੋਜਨ ਦੇ ਨਮੂਨੇ ਲੈ ਲਏ ਹਨ। ਤਰਬੂਜ ਦੇ ਨਮੂਨੇ ਵੀ ਲਏ ਗਏ ਹਨ ਅਤੇ ਉਨ੍ਹਾਂ ਦੇ ਸਰੀਰ ਤੋਂ ਵੀ ਨਮੂਨੇ ਲਏ ਗਏ ਹਨ। ਮੌਤ ਦੇ ਕਾਰਨਾਂ ਸਬੰਧੀ ਜਾਂਚ ਜਾਰੀ ਹੈ।''
ਸਾਬਕਾ ਵਿਧਾਇਕ ਵਾਰਿਸ ਪਠਾਨ ਨੇ ਕੀ ਕਿਹਾ?
ਐਮਆਈਐਮ ਦੇ ਸਥਾਨਕ ਆਗੂ ਅਤੇ ਸਾਬਕਾ ਵਿਧਾਇਕ ਵਾਰਿਸ ਪਠਾਨ ਨੇ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਅਤੇ ਮੁੰਬਈ ਪੁਲਿਸ ਕਮਿਸ਼ਨਰ ਇਸ ਮਾਮਲੇ ਦਾ ਨੋਟਿਸ ਲੈਣ।
ਵਾਰਿਸ ਪਠਾਨ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕਿਹਾ, "ਮੈਨੂੰ ਕਈ ਫ਼ੋਨ ਆਏ ਹਨ ਜਿਨ੍ਹਾਂ ਵਿੱਚ ਪੁੱਛਿਆ ਗਿਆ ਹੈ ਕਿ ਕਿਸੇ ਦੀ ਮੌਤ ਇਸ ਤਰ੍ਹਾਂ ਕਿਵੇਂ ਹੋ ਸਕਦੀ ਹੈ? ਇਸ ਦਾ ਕਾਰਨ ਕੀ ਹੈ? ਅਸੀਂ ਇਸ ਵੇਲੇ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਮੇਰੀ ਸੂਬਾ ਸਰਕਾਰ ਅਤੇ ਪੁਲਿਸ ਕਮਿਸ਼ਨਰ ਨੂੰ ਅਪੀਲ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਆਖ਼ਿਰ ਹੋਇਆ ਕੀ ਸੀ। ਪੂਰੇ ਪਰਿਵਾਰ ਦੀ ਇੱਕੋ ਨਾਲ ਮੌਤ ਦਾ ਕਾਰਨ ਕੀ ਸੀ? ਕੀ ਤਰਬੂਜ ਖਾਣ ਨਾਲ ਮੌਤ ਹੋਈ ਜਾਂ ਕੋਈ ਹੋਰ ਵਜ੍ਹਾ ਸੀ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































