ਏਆਈ ਜ਼ਰੀਏ ਆਂਧਰਾ ਪ੍ਰਦੇਸ਼ ਦੇ ਸਿਹਤ ਮੰਤਰੀ ਦੇ 'ਫਰਜ਼ੀ ਹਸਤਾਖ਼ਰ ਵਾਲਾ ਟਰਾਂਸਫਰ ਆਰਡਰ' ਤਿਆਰ ਕੀਤਾ ਗਿਆ, ਇਸ ਧੋਖਾਧੜੀ ਦਾ ਪਰਦਾਫਾਸ਼ ਕਿਵੇਂ ਹੋਇਆ ?

ਮੁਲਜ਼ਮ ਗੰਗਾਦਰੀ ਅਤੇ ਉਸਦਾ ਪੁੱਤਰ ਵੇਣੂ

ਤਸਵੀਰ ਸਰੋਤ, ਕਾਦਿਰੀ ਪੁਲਿਸ

ਤਸਵੀਰ ਕੈਪਸ਼ਨ, ਫਰਜ਼ੀ ਟਰਾਂਸਫਰ ਆਰਡਰ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਗੰਗਾਦਰੀ ਅਤੇ ਉਸਦੇ ਪੁੱਤਰ ਵੇਣੂ ਦੀ ਤਸਵੀਰ
    • ਲੇਖਕ, ਤੁਲਸੀ ਪ੍ਰਸਾਦ ਰੇੱਡੀ
    • ਰੋਲ, ਬੀਬੀਸੀ ਲਈ
  • ਪੜ੍ਹਨ ਦਾ ਸਮਾਂ: 7 ਮਿੰਟ

ਪਿਤਾ ਅਤੇ ਪੁੱਤਰ ਨੇ ਏਆਈ ਦੀ ਮਦਦ ਨਾਲ ਫਰਜ਼ੀ ਦਸਤਾਵੇਜ਼ ਬਣਾਏ।

ਦੋਹਾਂ ਨੂੰ ਉਸ ਸਮੇਂ ਫੜ੍ਹਿਆ ਗਿਆ ਜਦੋਂ ਉਹ ਲੋਕਾਂ ਨੂੰ ਇਹ ਭਰੋਸਾ ਦਵਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਹ ਦਸਤਾਵੇਜ਼ ਅਸਲੀ ਹਨ।

ਆਂਧਰਾ ਪ੍ਰਦੇਸ਼ ਦੇ ਸ੍ਰੀ ਸੱਤਿਆਸਾਈ ਜ਼ਿਲ੍ਹੇ 'ਚ ਏਆਈ ਦੀ ਮਦਦ ਨਾਲ ਸਿਹਤ ਮੰਤਰੀ ਸੱਤਿਆਕੁਮਾਰ ਦੇ ਹਸਤਾਖ਼ਰ ਵਾਲਾ ਇੱਕ ਫਰਜ਼ੀ ਤਬਾਦਲਾ ਆਦੇਸ਼ ਤਿਆਰ ਕੀਤਾ ਗਿਆ ਸੀ।

ਇਸ ਆਦੇਸ਼ ਜ਼ਰੀਏ ਇੱਕ ਪਰਿਵਾਰ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦਿਆਂ ਫੜ੍ਹੇ ਜਾਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਸ੍ਰੀ ਸੱਤਿਅਸਾਈ ਜ਼ਿਲ੍ਹਾ ਕਾਦਿਰੀ ਦਿਹਾਤੀ ਦੇ ਸੀਆਈ ਨਾਗੇਂਦਰ ਨੇ ਬੀਬੀਸੀ ਨੂੰ ਇਸ ਮਾਮਲੇ ਬਾਰੇ ਵਿਸਥਾਰ ਨਾਲ ਦੱਸਿਆ।

ਅਸਲ 'ਚ ਇਹ ਪੂਰਾ ਮਾਮਲਾ ਕੀ ਹੈ ?

ਕਡੱਪਾ, ਥਾਨਾਕੱਲੂ ਮੰਡਲ, ਸ੍ਰੀ ਸਤਿਆਸਾਈ ਜ਼ਿਲ੍ਹੇ ਦੇ ਜੈਚੰਦਰ ਦੀ ਪਤਨੀ ਰਾਮਨੰਮਾ- ਰਿਮਸ, ਕਡੱਪਾ 'ਚ ਸਟਾਫ ਨਰਸ ਵਜੋਂ ਕੰਮ ਕਰਦੇ ਹਨ।

ਉਹ ਆਪਣੇ ਬੱਚਿਆਂ ਨੂੰ ਘਰ ਛੱਡ ਕੇ ਕਡੱਪਾ 'ਚ ਨੌਕਰੀ ਕਰਦੇ ਹਨ ਅਤੇ ਉੱਥੇ ਇੱਕ ਹੋਸਟਲ 'ਚ ਰਹਿੰਦੇ ਹਨ।

ਪਰਿਵਾਰ ਤੋਂ ਦੂਰ ਰਹਿ ਕੇ ਕੰਮ ਕਰਨਾ ਉਨ੍ਹਾਂ ਲਈ ਮੁਸ਼ਕਿਲ ਹੋ ਗਿਆ ਸੀ।

ਉਨ੍ਹਾਂ ਦੇ ਪਤੀ ਚਾਹੁੰਦੇ ਸਨ ਕਿ ਉਹ ਹਰ ਹਾਲ 'ਚ ਕਡੱਪਾ ਜ਼ਿਲ੍ਹੇ ਤੋਂ ਆਪਣਾ ਤਬਾਦਲਾ ਸ੍ਰੀ ਸਤਿਆਸਾਈ ਜ਼ਿਲ੍ਹੇ 'ਚ ਕਰਵਾ ਲੈਣ।

ਜੈਚੰਦਰ ਨੇ ਆਪਣੇ ਰਿਸ਼ਤੇਦਾਰ, ਪਲੱਕਾ ਗੰਗਾਦਰੀ ਜੋ ਕਿ ਸ੍ਰੀ ਸਤਿਆਸਾਈ ਜ਼ਿਲ੍ਹੇ ਦੇ ਕਾਦਿਰੀ ਮੰਡਲ ਦੇ ਕੂਲੇਪੱਲੀ 'ਚ ਰਹਿੰਦੇ ਸਨ, ਨੂੰ ਦੱਸਿਆ ਕਿ ਉਹ ਆਪਣੀ ਪਤਨੀ ਦਾ ਤਬਾਦਲਾ ਕਰਵਾਉਣਾ ਚਾਹੁੰਦੇ ਹਨ।

ਇਸ ਲਈ ਗੰਗਾਦਰੀ ਨੇ ਆਪਣੇ ਪੁੱਤਰ ਵੇਣੂ ਨਾਲ ਮਿਲ ਕੇ ਇੱਕ ਯੋਜਨਾ ਬਣਾਈ।

ਜੈਚੰਦਰ ਅਤੇ ਉਨ੍ਹਾਂ ਦੀ ਪਤਨੀ ਨੂੰ ਅਜਿਹੇ ਦਸਤਾਵੇਜ਼ ਭੇਜੇ ਗਏ ਜੋ ਸਿਹਤ ਮੰਤਰੀ ਵੱਲੋਂ ਜਾਰੀ ਤਬਾਦਲੇ ਦੇ ਦਸਤਾਵੇਜ਼ ਵਰਗੇ ਜਾਪਦੇ ਸਨ।

ਸੀਆਈ ਨਾਗੇਂਦਰ ਨੇ ਦੱਸਿਆ, "ਜਦੋਂ ਜੈਚੰਦਰ ਇਹ ਦਸਤਾਵੇਜ਼ ਲੈਕੇ ਅਧਿਕਾਰੀਆਂ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਸੱਚਾਈ ਦਾ ਪਤਾ ਲੱਗਾ।"

"ਜਦੋਂ ਤੁਹਾਨੂੰ ਸ਼ੱਕ ਹੁੰਦਾ ਹੈ ਤਾਂ ਤੁਸੀਂ ਸ਼ਿਕਾਇਤ ਕਰਦੇ ਹੋ... "

ਥਾਨਾਕੱਲੂ ਸਾਈਨ ਬੋਰਡ

ਤਸਵੀਰ ਸਰੋਤ, ਯੂਜੀਸੀ

ਤਸਵੀਰ ਕੈਪਸ਼ਨ, ਗੰਗਾਦਰੀ ਨੇ ਆਪਣੇ ਪੁੱਤਰ ਵੇਣੂ ਨਾਲ ਮਿਲ ਕੇ ਫਰਜ਼ੀਵਾੜੇ ਦੀ ਇਹ ਯੋਜਨਾ ਬਣਾਈ ਸੀ।

ਬੀਬੀਸੀ ਨੇ ਰਾਮਨੰਮਾ ਦੇ ਪਤੀ ਜੈਚੰਦਰ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਗੰਗਾਦਰੀ ਨੇ ਇਹ ਕਿਹਾ ਸੀ ਕਿ ਉਹ ਸਿਹਤ ਮੰਤਰੀ ਦੇ ਪੀਏ ਨੂੰ ਜਾਣਦਾ ਹੈ ਅਤੇ ਤਬਾਦਲਾ ਕਰਵਾਉਣ ਦਾ ਭਰੋਸਾ ਦਿੰਦਿਆਂ ਉਨ੍ਹਾਂ ਨੂੰ ਇੱਕ ਲੱਖ ਰੁਪਏ ਲਏ ਸਨ।

ਜੈਚੰਦਰ ਨੇ ਭਾਵੁਕ ਹੁੰਦਿਆਂ ਦੱਸਿਆ, "ਮੇਰੀ ਪਤਨੀ ਰਿਮਸ 'ਚ ਏਐਨਐਮ ਵੱਜੋਂ ਕੰਮ ਕਰਦੀ ਹੈ ਅਤੇ ਉੱਥੇ ਹੋਸਟਲ 'ਚ ਰਹਿੰਦੀ ਹੈ। ਮੈਂ ਸਥਾਨਕ ਐਮਪੀਡੀਓ ਦਫ਼ਤਰ 'ਚ ਆਊਟਸੋਰਸ ਕਰਮਚਾਰੀ ਵੱਜੋਂ ਕੰਮ ਕਰਦਾ ਹਾਂ। ਸਾਡੇ ਦੋ ਮੁੰਡੇ ਹਨ। ਇੱਕ ਅੱਠ ਸਾਲ ਦਾ ਹੈ ਅਤੇ ਦੂਜਾ ਚਾਰ ਸਾਲ ਦਾ ਹੈ। ਦੋਵੇਂ ਬੱਚੇ ਹਫ਼ਤੇ 'ਚ ਸਿਰਫ਼ ਇੱਕ ਦਿਨ ਚੰਗਾ ਖਾਣਾ ਖਾਂਦੇ ਹਨ ਉਹ ਵੀ ਜਦੋਂ ਉਨ੍ਹਾਂ ਦੀ ਮਾਂ ਘਰ ਆਉਂਦੀ ਹੈ ਅਤੇ ਬਾਕੀ ਦਿਨ ਉਹ ਆਪਣੀ ਮਾਂ ਦੀ ਯਾਦ 'ਚ ਗੁਜ਼ਾਰਦੇ ਹਨ। ਮੇਰੇ 80 ਸਾਲ ਦੇ ਮਾਤਾ ਹਨ। ਉਹ ਬੱਚਿਆਂ ਦਾ ਖਿਆਲ ਨਹੀਂ ਰੱਖ ਸਕਦੇ। ਮੈਨੂੰ ਹੀ ਬੱਚਿਆਂ ਦਾ ਧਿਆਨ ਰੱਖਣਾ ਪੈਂਦਾ ਹੈ।"

ਉਨ੍ਹਾਂ ਨੇ ਦੱਸਿਆ, "ਮੈਂ ਗੰਗਾਦਰੀ ਨੂੰ ਕਿਹਾ ਕਿ ਕਡੱਪਾ ਤੋਂ ਸਫ਼ਰ ਕਰਨਾ ਅਤੇ ਬੱਚਿਆਂ ਦਾ ਧਿਆਨ ਰੱਖਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਗੰਗਾਦਰੀ ਨੇ ਕਿਹਾ ਕਿ ਉਹ ਸਿਹਤ ਮੰਤਰੀ ਸਤਿਆਕੁਮਾਰ ਨੂੰ ਜਾਣਦਾ ਹੈ। ਉਸਨੇ ਸਿਹਤ ਮੰਤਰੀ ਨਾਲ ਆਪਣੀ ਤਸਵੀਰਾਂ ਵੀ ਮੈਨੂੰ ਦਿਖਾਈਆਂ।"

ਉਨ੍ਹਾਂ ਨੇ ਅੱਗੇ ਦੱਸਿਆ, "ਗੰਗਾਦਰੀ ਦੇ ਪੁੱਤਰ ਵੇਣੂ ਨੇ ਵੀ ਕਿਹਾ ਕਿ ਉਸਦੇ ਪਿਤਾ ਮੰਤਰੀ ਸਤਿਆਕੁਮਾਰ ਯਾਦਵ ਦੇ ਪੀਏ ਸੇਸ਼ਾਦਰੀ ਨੂੰ ਜਾਣਦੇ ਹਨ। ਦੋਹਾਂ ਨੇ ਮੰਤਰੀ ਦੇ ਪੀਏ ਨਾਲ ਗੱਲ ਕਰਨ ਅਤੇ ਪਤਨੀ ਦਾ ਟਰਾਂਸਫਰ ਕਰਨ ਦਾ ਕਹਿ ਕੇ ਉਨ੍ਹਾਂ ਨੂੰ ਇੱਕ ਲੱਖ ਰੁਪਏ ਲਏ। ਗੰਗਾਦਰੀ ਦੇ ਪੁੱਤਰ ਵੇਣੂ ਨੇ ਮੇਰੀ ਪਤਨੀ ਦੀ ਸਾਰੀ ਜਾਣਕਾਰੀ ਵੀ ਲਈ। ਉਸਨੇ ਕਿਹਾ ਕਿ ਇਹ ਟਰਾਂਸਫਰ ਦੇ ਅਸਲ ਆਰਡਰ ਹਨ ਅਤੇ ਵੱਟਸਐਪ 'ਤੇ ਫਰਜ਼ੀ ਟਰਾਂਸਫਰ ਆਰਡਰ ਦਾ ਦਸਤਾਵੇਜ਼ ਭੇਜਿਆ।"

ਹਾਲਾਂਕਿ ਜੈਚੰਦਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਰਡਰ ਦੀ ਕਾਪੀ ਦੇਖੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਸੀ ਅਤੇ ਕੁਝ ਦਿਨਾਂ ਬਾਅਦ ਜਦੋਂ ਉਨ੍ਹਾਂ ਅਧਿਕਾਰੀਆਂ ਨੂੰ ਇਹ ਦਸਤਾਵੇਜ਼ ਦਿਖਾਇਆ ਤਾਂ ਪਿਓ-ਪੁੱਤ ਵੱਲੋਂ ਕੀਤੇ ਫਰਜ਼ੀਵਾੜੇ ਦਾ ਖੁਲਾਸਾ ਹੋ ਗਿਆ।

ਜੈਚੰਦਰ ਨੇ ਦੱਸਿਆ, "ਜਦੋਂ ਮੈਂ ਆਰਡਰ ਦੀ ਕਾਪੀ ਦੇਖੀ ਤਾਂ ਮੈਨੂੰ ਸ਼ੱਕ ਹੋਇਆ ਅਤੇ ਮੈਂ ਕੁਝ ਦਿਨਾਂ ਦਾ ਇੰਤਜ਼ਾਰ ਕੀਤਾ। ਫਿਰ ਬਾਅਦ 'ਚ ਮੈਂ ਇਹ ਦਸਤਾਵੇਜ਼ ਅਧਿਕਾਰੀਆਂ ਨੂੰ ਦਿਖਾਇਆ ਅਤੇ ਉਨ੍ਹਾਂ ਨੇ ਦੱਸਿਆ ਕਿ ਇਹ ਫਰਜ਼ੀ ਹੈ। ਅਸੀਂ ਇਹ ਵੀ ਪਤਾ ਕਰਵਾਇਆ ਕਿ ਸਿਹਤ ਮੰਤਰੀ ਦਾ ਸੇਸ਼ਾਦਰੀ ਨਾਂਅ ਦਾ ਕੋਈ ਪੀਏ ਹੈ ਜਾਂ ਨਹੀਂ।"

ਉਨ੍ਹਾਂ ਨੇ ਅੱਗੇ ਦੱਸਿਆ, "ਸਾਨੂੰ ਪਤਾ ਲੱਗਾ ਕਿ ਮੰਤਰੀ ਸਤਿਆਕੁਮਾਰ ਦਾ ਸੇਸ਼ਾਦਰੀ ਨਾਂਅ ਦਾ ਕੋਈ ਪੀਏ ਨਹੀਂ ਹੈ। ਜਦੋਂ ਅਸੀਂ ਗੰਗਾਦਰੀ ਅਤੇ ਵੇਣੂ ਤੋਂ ਇਸ ਧੋਖਾਧੜੀ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਸੱਚ ਕਬੂਲ ਲਿਆ ਪਰ ਜਦੋਂ ਅਸੀਂ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਅਸੀਂ 26 ਅਪ੍ਰੈਲ ਨੂੰ ਥਾਨਾਕੱਲੂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।"

ਮੰਤਰੀ ਦੇ ਹਸਤਾਖ਼ਰ ਵਾਲਾ ਪੱਤਰ ਕਿਵੇਂ ਬਣਾਇਆ ਗਿਆ ?

ਪੁੁਲਿਸ ਦੀ ਪ੍ਰੈਸ ਕਾਨਫਰੰਸ

ਤਸਵੀਰ ਸਰੋਤ, ਕਾਦਿਰੀ ਪੁਲਿਸ

ਤਸਵੀਰ ਕੈਪਸ਼ਨ, ਪੁਲਿਸ ਪ੍ਰੈਸ ਕਾਨਫਰੰਸ ਦੌਰਾਨ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਏਆਈ ਦੀ ਮਦਦ ਨਾਲ ਫਰਜ਼ੀ ਦਸਤਾਵੇਜ਼ ਬਣਾਇਆ ਸੀ।

ਕਾਦਿਰੀ ਡੀਐਸਪੀ ਸ਼ਿਵਾਨਰਾਇਣ ਸਵਾਮੀ ਅਤੇ ਕਾਦਿਰੀ ਦਿਹਾਤੀ ਸੀਆਈ ਨਾਗੇਂਦਰ ਨੇ ਬੀਬੀਸੀ ਨੂੰ ਦੱਸਿਆ ਕਿ ਪਿਓ-ਪੁੱਤਰ ਪਲੱਕਾ ਗੰਗਾਦਰੀ ਅਤੇ ਪਲੱਕਾ ਵੇਣੂੰ (ਕਾਦਿਰੀ ਮੰਡਲ ਅਤੇ ਕਾਦਿਰੀ ਦਿਹਾਤੀ ਦੇ ਵਸਨੀਕ) ਜੈਚੰਦਰ ਦੇ ਰਿਸ਼ਤੇਦਾਰ ਹਨ।

ਜਦੋਂ ਜੈਚੰਦਰ ਨੇ ਦੋਹਾਂ ਪਿਓ-ਪੁੱਤ ਨੂੰ ਦੱਸਿਆ ਕਿ ਉਨ੍ਹਾਂ ਦੀ ਪਤਨੀ ਰਾਮਨੰਮਾ ਜੋ ਕਡੱਪਾ ਸਥਿਤ ਰਿਮਸ 'ਚ ਸਟਾਫ ਨਰਸ ਵੱਜੋਂ ਕੰਮ ਕਰਦੀ ਹੈ ਅਤੇ ਉੱਥੇ ਹੋਸਟਲ ਵਿੱਚ ਰਹਿੰਦੀ ਹੈ ਅਤੇ ਉਸਨੂੰ ਆਪਣੇ ਪਿੰਡ ਜਾਣ ਅਤੇ ਬੱਚਿਆਂ ਦੀ ਦੇਖਭਾਲ ਕਰਨ 'ਚ ਦਿੱਕਤ ਆਉਂਦੀ ਹੈ ਤਾਂ ਦੋਵੇਂ ਨੇ ਇਹ ਯੋਜਨਾ ਬਣਾਈ।

ਕਾਦਿਰੀ ਡੀਐਸਪੀ ਸ਼ਿਵਾਨਰਾਇਣ ਸਵਾਮੀ ਨੇ ਦੱਸਿਆ, "ਗੰਗਾਦਰੀ ਅਤੇ ਉਸਦੇ ਪੁੱਤਰ ਵੇਣੂ ਨੇ ਜੈਚੰਦਰ ਨਾਲ ਫਰਜ਼ੀਵਾੜਾ ਕਰਨ ਦੇ ਇਰਾਦੇ ਨਾਲ ਅਤੇ ਆਸਾਨੀ ਨਾਲ ਪੈਸਾ ਕਮਾਉਣ ਦੇ ਚੱਕਰ 'ਚ ਉਸਨੂੰ ਇਹ ਕਿਹਾ ਕਿ ਉਹ ਮੰਤਰੀ ਦੇ ਪੀਏ ਸੇਸ਼ਾਦਰੀ ਨੂੰ ਜਾਣਦੇ ਹਨ ਜਦੋਂਕਿ ਉਹ ਅਜਿਹੇ ਕਿਸੇ ਸ਼ਖਸ ਨੂੰ ਨਹੀਂ ਜਾਣਦੇ ਸਨ ਜੋ ਸਿਹਤ ਮੰਤਰੀ ਦਾ ਕਰੀਬੀ ਹੋਵੇ। ਉਨ੍ਹਾਂ ਨੇ ਜੈਚੰਦਰ ਨੂੰ ਉਨ੍ਹਾਂ ਦੀ ਪਤਨੀ ਰਾਮਨੰਮਾ ਦਾ ਟਰਾਂਸਫਰ ਕਡੱਪਾ ਰਿਮਸ ਤੋਂ ਮਦਨਪੱਲੇ ਜੀਜੀਐਚ ਕਰਵਾਉਣ ਦਾ ਵਾਅਦਾ ਕਰਕੇ ਇੱਕ ਲੱਖ ਰੁਪਏ ਲਏ।"

ਉਨ੍ਹਾਂ ਨੇ ਅੱਗੇ ਦੱਸਿਆ ਕਿ ਕਿਵੇਂ ਪਿਓ-ਪੁੱਤ ਨੇ ਏਆਈ ਦਾ ਇਸਤੇਮਾਲ ਕਰਕੇ ਮੰਤਰੀ ਦੇ ਨਾਂਅ ਦਾ ਇੱਕ ਫਰਜ਼ੀ ਦਸਤਾਵੇਜ਼ ਤਿਆਰ ਕੀਤਾ ਤਾਂ ਜੋ ਇਹ ਅਸਲੀ ਲੱਗੇ।

ਉਨ੍ਹਾਂ ਨੇ ਦੱਸਿਆ, "ਵੇਣੂੰ, ਜਿਸਨੇ ਜੈਚੰਦਰ ਤੋਂ ਉਨ੍ਹਾਂ ਦੀ ਪਤਨੀ ਰਾਮਨੰਮਾ ਦੀ ਸਾਰੀ ਡਿਟੇਲ ਹਾਸਲ ਕੀਤੀ ਅਤੇ ਚੈਟਜੀਪੀਟੀ ਦੀ ਮਦਦ ਨਾਲ ਇੱਕ ਫਰਜ਼ੀ ਟਰਾਂਸਫਰ ਆਰਡਰ ਤਿਆਰ ਕੀਤਾ ਅਤੇ ਇਸ ਸਾਲ 26 ਜਨਵਰੀ ਨੂੰ ਵਟੱਸਐਪ ਜ਼ਰੀਏ ਜੈਚੰਦਰ ਨੂੰ ਇਹ ਆਰਡਰ ਭੇਜਿਆ। ਉਨ੍ਹਾਂ ਨੇ ਇਸ ਗੱਲ ਦਾ ਭਰੋਸਾ ਦੇ ਕੇ ਧੋਖੇ 'ਚ ਰੱਖਿਆ ਕਿ ਇਹ ਅਸਲ ਆਰਡਰ ਦੀ ਕਾਪੀ ਹੈ।"

ਹੁਣ ਤੱਕ ਮਾਮਲੇ 'ਚ ਕੀ ਐਕਸ਼ਨ ਹੋਇਆ ?

ਕਾਦਿਰੀ ਪੁਲਿਸ ਸਟੇਸ਼ਨ ਦੀ ਤਸਵੀਰ

ਤਸਵੀਰ ਸਰੋਤ, ਯੂਜੀਸੀ

ਤਸਵੀਰ ਕੈਪਸ਼ਨ, ਪੀੜਤਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਪਿਓ-ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਸੀ

ਪੁਲਿਸ ਨੇ ਦੱਸਿਆ ਕਿ ਪੀੜਤਾਂ ਵੱਲੋਂ ਦਰਜ ਸ਼ਿਕਾਇਤ ਦੇ ਆਧਾਰ 'ਤੇ ਆਈਟੀ ਐਕਟ ਦੇ ਸੈਕਸ਼ਨ 66 (ਡੀ) ਦੇ ਤਹਿਤ ਕੇਸ ਦਰਜ ਕੀਤਾ ਗਿਆ ਅਤ ਪਲੱਕ ਵੇਣੂ (23) ਅਤੇ ਪਲੱਕ ਗੰਗਾਦਰੀ (45) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਇਸ ਕੇਸ ਨਾਲ ਜੁੜੀ ਹੋਰ ਜਾਣਕਾਰੀ ਸਾਂਝੀ ਕਰਨ ਲਈ ਪ੍ਰੈਸ ਕਾਨਫਰੰਸ ਕੀਤੀ।

ਇਸ ਪ੍ਰੈਸ ਕਾਨਫਰੰਸ ਦੌਰਾਨ ਵੇਣੂ ਨੇ ਕਬੂਲ ਕੀਤਾ ਕਿ ਉਸ ਨੇ ਚੈਟਜੀਪੀਟੀ ਦੀ ਮਦਦ ਨਾਲ ਇੱਕ ਫਰਜ਼ੀ ਤਬਾਦਲਾ ਦਸਤਾਵੇਜ਼ ਤਿਆਰ ਕੀਤਾ ਸੀ। ਕਿਉਂਕਿ ਮੁਲਜ਼ਮ ਰਿਮਾਂਡ 'ਤੇ ਹਨ, ਇਸ ਲਈ ਬੀਬੀਸੀ ਨੇ ਸਥਾਨਕ ਮੀਡੀਆ ਜ਼ਰੀਏ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ।

ਮੁਲਜ਼ਮਾਂ ਖ਼ਿਲਾਫ਼ ਜਾਲਸਾਜ਼ੀ, ਧੋਖਾਧੜੀ ਅਤੇ ਆਈਟੀ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਚਿੱਤੂਰ ਦੇ ਵਕੀਲ ਏ.ਐਸ. ਸਰਸਵਤੀ ਨੇ ਬੀਬੀਸੀ ਨੂੰ ਦੱਸਿਆ ਕਿ ਜੇ ਇਸ ਮਾਮਲੇ ਵਿੱਚ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਤਿੰਨ ਤੋਂ ਸੱਤ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

ਆਂਧਰ ਪ੍ਰਦੇਸ਼ ਦੇ ਸਿਹਤ ਮੰਤਰੀ ਦੀ ਟਿੱਪਣੀ

BBC ਨੇ ਇਸ ਬਾਰੇ ਆਂਧਰ ਪ੍ਰਦੇਸ਼ ਦੇ ਸਿਹਤ ਮੰਤਰੀ ਸਤਿਆਕੁਮਾਰ ਨਾਲ ਵੀ ਗੱਲ ਕੀਤੀ।

ਉਨ੍ਹਾਂ ਕਿਹਾ, "ਇਸ ਤੋਂ ਪਹਿਲਾਂ ਵੀ ਤਿਰੁਮਾਲਾ ਵਿੱਚ ਮੇਰੇ ਨਾਮ 'ਤੇ ਮੇਰੀ ਜਾਣਕਾਰੀ ਤੋਂ ਬਿਨਾਂ ਇੱਕ ਪੱਤਰ ਜਾਰੀ ਕੀਤਾ ਗਿਆ ਸੀ। ਮੈਂ ਉਸ ਮਾਮਲੇ ਵਿੱਚ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਮੀਡੀਆ ਰਾਹੀਂ ਮੈਨੂੰ ਪਤਾ ਲੱਗਿਆ ਹੈ ਕਿ ਮੇਰੇ ਫਰਜ਼ੀ ਹਸਤਾਖਰ ਦਾ ਇਸਤੇਮਾਲ ਕਰਕੇ ਇੱਕ ਫਰਜ਼ੀ ਤਬਾਦਲਾ ਪੱਤਰ ਤਿਆਰ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੈਂ ਐਸਪੀ ਨਾਲ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਬਾਬਤ ਗੱਲ ਕਰਾਂਗਾ। ਜਦੋਂ ਅਸੀਂ ਲੋਕਾਂ ਵਿੱਚ ਜਾਂਦੇ ਹਾਂ ਤਾਂ ਬਹੁਤ ਸਾਰੇ ਲੋਕ ਸਾਡੇ ਨਾਲ ਤਸਵੀਰਾਂ ਖਿਚਵਾਉਂਦੇ ਹਨ। ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕੌਣ ਹਨ।"

ਏਆਈ ਕੰਪਨੀਆਂ ਕੀ ਕਹਿ ਰਹੀਆਂ ਹਨ ?

ਓਪਨਏਆਈ ਐਪ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਾਮੀ ਏਆਈ ਕੰਪਨੀਆਂ ਧੋਖਾਧੜੀ ਅਤੇ ਜਾਅਲੀ ਦਸਤਾਵੇਜ਼ ਬਣਾਉਣ ਤੋਂ ਰੋਕਣ ਲਈ ਕਈ ਨਿਯਮ ਜਾਰੀ ਕਰ ਰਹੀਆਂ ਹਨ।

ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਏਆਈ ਦੀ ਮਦਦ ਨਾਲ ਅਜਿਹੇ ਫਰਜ਼ੀ ਦਸਤਾਵੇਜ਼ ਤਿਆਰ ਕੀਤੇ ਗਏ ਹੋਣ।

ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਏਆਈ ਜ਼ਰੀਏ ਤਿਆਰ ਚੈੱਕ ਦੀ ਤਸਵੀਰ ਵਾਇਰਲ ਹੋਈ ਸੀ।

ਸੁਪਰੀਮ ਕੋਰਟ ਵੀ ਕੁਝ ਵਕੀਲਾਂ ਵੱਲੋਂ ਬਿਨਾਂ ਮਨੁੱਖੀ ਜਾਂਚ ਦੇ ਸਿਰਫ਼ ਏਆਈ ਦੀ ਮਦਦ ਨਾਲ ਪਟੀਸ਼ਨਾਂ ਤਿਆਰ ਕਰਨ 'ਤੇ ਚਿੰਤਾ ਜਤਾ ਚੁੱਕਿਆ ਹੈ।

ਨਾਮੀ ਏਆਈ ਕੰਪਨੀਆਂ ਲੋਕਾਂ ਨੂੰ ਆਪਣੇ ਟੂਲ ਜ਼ਿੰਮੇਵਾਰੀ ਨਾਲ ਇਸਤੇਮਾਲ ਕਰਨ ਦੀ ਅਪੀਲ ਕਰ ਰਹੀਆਂ ਹਨ, ਧੋਖਾਧੜੀ ਅਤੇ ਜਾਅਲੀ ਦਸਤਾਵੇਜ਼ ਬਣਾਉਣ ਤੋਂ ਰੋਕਣ ਲਈ ਕਈ ਨਿਯਮ ਜਾਰੀ ਕਰ ਰਹੀਆਂ ਹਨ।

ਓਪਨਏਆਈ ਨੇ ਆਪਣੀ ਯੂਸੇਜ ਨੀਤੀ ਵਿੱਚ ਸਪੱਸ਼ਟ ਕਿਹਾ ਹੈ ਕਿ ਉਸਦੇ ਟੂਲਜ਼ ਦਾ ਇਸਤੇਮਾਲ ਲੋਕਾਂ ਨੂੰ ਧੋਖਾ ਦੇਣ ਲਈ ਨਹੀਂ ਕੀਤੇ ਜਾ ਸਕਦੇ।

ਗੂਗਲ ਜੇਮਿਨੀ ਅਤੇ ਮਾਈਕ੍ਰੋਸੋਫਟ ਕੋਪਾਇਲਟ ਏਆਈ ਦੇ ਵੀ ਕੁਝ ਅਜਿਹੇ ਹੀ ਨਿਯਮ ਹਨ।

ਭਾਵੇਂ ਅਸੀਂ ਕਿੰਨੀ ਵੀ ਸਾਵਧਾਨੀ ਅਤੇ ਚੌਕਸੀ ਵਰਤ ਲਈਏ ਪਰ ਏਆਈ ਦੇ ਗਲਤ ਇਸਤੇਮਾਲ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)