ਹੈਕਿੰਗ, ਏਆਈ ਜਾਂ ਪੁਰਾਣੇ ਅਪਡੇਟਾਂ ਦੀ ਸਮੱਸਿਆ, ਆਖ਼ਰ ਤਕਨੀਕੀ ਸੇਵਾਵਾਂ ਇੰਨੀ ਵਾਰ ਕਿਉਂ ਠੱਪ ਹੋ ਰਹੀਆਂ ਹਨ

ਤਸਵੀਰ ਸਰੋਤ, Getty Images
- ਲੇਖਕ, ਇਮਰਾਨ ਰਹਿਮਾਨ-ਜੋਨਸ
- ਰੋਲ, ਟੈਕਨਾਲੋਜੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਤਕਨੀਕੀ ਸੇਵਾਵਾਂ ਦਾ ਠੱਪ ਹੋਣਾ ਅਤੇ ਆਈਟੀ ਪ੍ਰਣਾਲੀਆਂ ਵਿੱਚ ਗੜਬੜ ਆਉਣਾ ਆਮ ਗੱਲ ਹੈ, ਪਰ ਇੰਨੇ ਵੱਡੇ ਪੱਧਰ 'ਤੇ ਅਜਿਹਾ ਘੱਟ ਹੀ ਹੁੰਦਾ ਹੈ।
ਪਿਛਲੇ ਸਮੇਂ ਦੌਰਾਨ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਵੱਡੇ ਪੱਧਰ 'ਤੇ ਠੱਪ ਹੋ ਗਈਆਂ। ਇੱਕ ਤਕਨੀਕੀ ਗੜਬੜ ਕਾਰਨ ਅਮਰੀਕਾ ਦੀਆਂ ਸਾਰੀਆਂ ਉਡਾਣਾਂ ਕਈ ਘੰਟਿਆਂ ਤੱਕ ਰੁਕੀਆਂ ਰਹੀਆਂ।
ਇਸ ਤੋਂ ਇਲਾਵਾ ਅਮਰੀਕਾ ਦੀ ਕੌਮੀ ਸੁਰੱਖਿਆ ਏਜੰਸੀ (ਐੱਨਐੱਸਏ) ਨੂੰ ਵੀ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਇਸ ਦੌਰਾਨ ਅਮਰੀਕਾ ਦੇ ਵੱਡੇ ਬੈਂਕਾਂ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਇਸੇ ਤਰ੍ਹਾਂ ਇੱਕ ਪ੍ਰਸਿੱਧ ਪ੍ਰੋਗਰਾਮਿੰਗ ਭਾਸ਼ਾ ਵਿੱਚ ਵੀ ਵੱਡੀ ਖਾਮੀ ਸਾਹਮਣੇ ਆਈ।
ਇਹ ਸਾਰੀਆਂ ਵੱਖੋ-ਵੱਖਰੀਆਂ ਘਟਨਾਵਾਂ ਹਨ, ਪਰ ਇਨ੍ਹਾਂ ਦਾ ਇੰਨੇ ਘੱਟ ਸਮੇਂ ਦੇ ਅੰਦਰ ਵਾਪਰਨਾ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਖੜ੍ਹਾ ਕਰ ਰਿਹਾ ਹੈ ਕਿ ਕੀ ਇਨ੍ਹਾਂ ਸਾਰੀਆਂ ਘਟਨਾਵਾਂ ਦਾ ਆਪਸ ਵਿੱਚ ਕੋਈ ਸਬੰਧ ਹੈ?
ਫਿਲਹਾਲ ਅਜਿਹਾ ਕੋਈ ਸਬੂਤ ਨਹੀਂ ਹੈ ਜੋ ਇਨ੍ਹਾਂ ਘਟਨਾਵਾਂ ਦੇ ਆਪਸ ਵਿੱਚ ਜੁੜੇ ਹੋਣ ਵੱਲ ਇਸ਼ਾਰਾ ਕਰਦਾ ਹੋਵੇ। ਪਰ ਇਹ ਘਟਨਾਵਾਂ ਸਾਨੂੰ ਆਧੁਨਿਕ ਤਕਨੀਕੀ ਦੁਨੀਆ ਦੇ ਕੰਮ ਕਰਨ ਦੇ ਤਰੀਕੇ ਅਤੇ ਇਸ ਵਿੱਚ ਮੌਜੂਦ ਕਮਜ਼ੋਰੀਆਂ ਬਾਰੇ ਕਾਫ਼ੀ ਕੁਝ ਦੱਸਦੀਆਂ ਹਨ।
ਆਖ਼ਰ ਇਹ ਸਭ ਹੋ ਕੀ ਰਿਹਾ ਹੈ?

ਤਸਵੀਰ ਸਰੋਤ, Serenity Strull/ BBC/ Getty Images
ਅਕਸਰ ਅਜਿਹਾ ਹੁੰਦਾ ਹੈ ਕਿ ਕਿਸੇ ਤਕਨੀਕੀ ਪ੍ਰਣਾਲੀ ਵਿੱਚ ਨਵਾਂ ਅਪਡੇਟ ਜਾਂ ਕੋਈ ਨਵਾਂ ਪ੍ਰੋਗਰਾਮ ਇੰਸਟਾਲ ਕਰਦੇ ਸਮੇਂ ਗੜਬੜ ਹੋ ਜਾਂਦੀ ਹੈ ਅਤੇ ਇਸ ਕਾਰਨ ਸੇਵਾਵਾਂ ਠੱਪ ਹੋ ਜਾਂਦੀਆਂ ਹਨ।
ਮਾਈਕ੍ਰੋਸਾਫਟ ਦੇ ਨੈੱਟਵਰਕ ਨੂੰ ਅਪਗ੍ਰੇਡ ਕਰਨ ਦੌਰਾਨ ਗੜਬੜ ਹੋ ਗਈ, ਜਿਸ ਕਾਰਨ ਇਸ ਦੇ ਸਰਵਰਾਂ 'ਤੇ ਲੋੜ ਤੋਂ ਵੱਧ ਬੋਝ ਪੈ ਗਿਆ ਅਤੇ ਉਹ ਬੰਦ ਹੋ ਗਏ।
ਇਸੇ ਤਰ੍ਹਾਂ, ਅਮਰੀਕਾ ਵਿੱਚ ਹਜ਼ਾਰਾਂ ਜਹਾਜ਼ਾਂ ਦੀਆਂ ਉਡਾਣਾਂ ਰੁਕਣ ਦਾ ਕਾਰਨ ਵੀ ਪੁਰਾਣੇ ਨੈੱਟਵਰਕ ਨੂੰ ਅਪਗ੍ਰੇਡ ਕਰਨ ਦੌਰਾਨ ਆਈ ਗੜਬੜ ਸੀ।
ਅਮਰੀਕਾ ਦੀ ਕੌਮੀ ਸੁਰੱਖਿਆ ਏਜੰਸੀ (ਐੱਨਐੱਸਏ) ਦੇ ਅੰਦਰੂਨੀ ਸੰਚਾਰ ਪ੍ਰਬੰਧ ਅਤੇ ਵੱਖਰੇ ਤੌਰ 'ਤੇ ਐਪਲ ਦੀਆਂ ਆਈਕਲਾਊਡ ਤੇ ਐਪਲ ਪੇਅ ਸੇਵਾਵਾਂ ਵਿੱਚ ਆਈਆਂ ਸਮੱਸਿਆਵਾਂ ਦਾ ਕਾਰਨ ਵੀ ਸਿਸਟਮ ਨੂੰ ਅਪਡੇਟ ਕਰਦੇ ਸਮੇਂ ਹੋਈਆਂ ਗੜਬੜਾਂ ਨੂੰ ਦੱਸਿਆ ਗਿਆ।
ਅਮਰੀਕਾ ਦੇ ਬੈਂਕਾਂ ਵਿੱਚ ਪੈਸਿਆਂ ਦੇ ਲੈਣ-ਦੇਣ ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਦਾ ਕਾਰਨ ਜੇਪੀ ਮੌਰਗਨ ਚੇਜ਼ ਦੇ ਸੌਫਟਵੇਅਰ ਵਿੱਚ ਆਈ ਇੱਕ ਖਾਮੀ ਨੂੰ ਦੱਸਿਆ ਗਿਆ ਹੈ। ਬੈਂਕ ਦਾ ਕਹਿਣਾ ਹੈ ਕਿ ਇਹ ਸਾਈਬਰ ਸੁਰੱਖਿਆ ਨਾਲ ਜੁੜੀ ਕੋਈ ਘਟਨਾ ਨਹੀਂ ਹੈ।
ਪਰ ਹਾਲ ਹੀ ਵਿੱਚ ਆਈਆਂ ਕੁਝ ਹੋਰ ਸਮੱਸਿਆਵਾਂ ਅਸਲ ਵਿੱਚ ਸਾਈਬਰ ਸੁਰੱਖਿਆ ਦੀਆਂ ਕਮਜ਼ੋਰੀਆਂ ਨਾਲ ਜੁੜੀਆਂ ਹੋਈਆਂ ਹਨ।
ਦੁਨੀਆ ਦੀ ਤੀਜੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਪ੍ਰੋਗਰਾਮਿੰਗ ਭਾਸ਼ਾ 'ਜਾਵਾ' ਵਿੱਚ ਖਾਮੀਆਂ ਲੱਭਣ ਲਈ ਏਆਈ ਦੀ ਵਰਤੋਂ ਕੀਤੀ ਗਈ।
ਇਸ ਤੋਂ ਇਲਾਵਾ ਖੋਜਕਾਰ ਸਕੌਟ ਹੇਲਮ ਨੇ 'ਆਪਟੀਮਾਈਜ਼ਲੀ' ਨਾਮ ਦੇ ਇੱਕ ਪਲੇਟਫਾਰਮ ਵਿੱਚ ਵੀ ਖਤਰਨਾਕ ਕੋਡ ਲੱਭਿਆ। ਦੁਨੀਆ ਦੀਆਂ ਕਈ ਵੱਡੀਆਂ ਕੰਪਨੀਆਂ ਇਸ ਪਲੇਟਫਾਰਮ ਦੀ ਵਰਤੋਂ ਕਰਦੀਆਂ ਹਨ।
ਹੈਕਰਾਂ ਨੇ ਫੜੇ ਜਾਣ ਅਤੇ ਸਿਸਟਮ ਵਿੱਚੋਂ ਬਾਹਰ ਕੱਢੇ ਜਾਣ ਤੋਂ ਪਹਿਲਾਂ ਕ੍ਰਿਪਟੋਕਰੰਸੀ ਦੇ ਰੂਪ ਵਿੱਚ ਲਗਭਗ 7,000 ਡਾਲਰ (5,300 ਪੌਂਡ) ਚੋਰੀ ਕਰ ਲਏ ਸਨ।
ਇਹ ਸਭ ਹੁਣ ਕਿਉਂ ਹੋ ਰਿਹਾ ਹੈ?

ਤਸਵੀਰ ਸਰੋਤ, Getty Images
ਆਓ ਪਹਿਲਾਂ ਸਾਈਬਰ ਸੁਰੱਖਿਆ ਨਾਲ ਜੁੜੀਆਂ ਘਟਨਾਵਾਂ ਅਤੇ ਇਨ੍ਹਾਂ ਵਿੱਚ ਏਆਈ ਦੇ ਨਵੇਂ ਮਾਡਲਾਂ ਦੀ ਭੂਮਿਕਾ ਬਾਰੇ ਗੱਲ ਕਰੀਏ।
ਸਕੌਟ ਹੇਲਮ ਨੇ ਬੀਬੀਸੀ ਰੇਡੀਓ 4 ਦੇ ਪ੍ਰੋਗਰਾਮ 'ਟੁਡੇ' ਵਿੱਚ ਕਿਹਾ, "ਮੈਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਜੇਕਰ ਇਨ੍ਹਾਂ ਸਾਰੇ ਸਾਈਬਰ ਹਮਲਿਆਂ ਅਤੇ ਇਨ੍ਹਾਂ ਦੇ ਪਿੱਛੇ ਕੰਮ ਕਰ ਰਹੇ ਹਮਲਾਵਰਾਂ ਨੇ ਆਪਣੀ ਸਮਰੱਥਾ ਵਧਾਉਣ ਲਈ ਏਆਈ ਦੀ ਵਰਤੋਂ ਨਾ ਕੀਤੀ ਹੋਵੇ।"
ਗਰਮੀਆਂ ਤੋਂ ਹੀ ਐਂਥਰੋਪਿਕ ਅਤੇ ਓਪਨਏਆਈ ਵਰਗੀਆਂ ਏਆਈ ਕੰਪਨੀਆਂ ਨੇ ਫ਼ੈਸਲਾ ਕੀਤਾ ਹੈ ਕਿ ਸਭ ਤੋਂ ਉੱਨਤ ਏਆਈ ਮਾਡਲਾਂ ਦੀ ਵਰਤੋਂ ਆਮ ਲੋਕਾਂ ਨੂੰ ਦੇਣ ਤੋਂ ਪਹਿਲਾਂ ਕੁਝ ਖ਼ਾਸ ਕੰਪਨੀਆਂ ਅਤੇ ਸੰਸਥਾਵਾਂ ਨੂੰ ਇਨ੍ਹਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣਾ ਵਧੇਰੇ ਸੁਰੱਖਿਅਤ ਹੈ।
ਇਨ੍ਹਾਂ ਮਾਮਲਿਆਂ ਵਿੱਚ ਸਾਈਬਰ ਸੁਰੱਖਿਆ ਦੇ ਮਾਹਿਰ ਵੀ ਇਸੇ ਤਕਨੀਕ ਦੀ ਵਰਤੋਂ ਕਰਕੇ ਸਿਸਟਮ ਦੀਆਂ ਖਾਮੀਆਂ ਲੱਭ ਸਕਦੇ ਹਨ ਅਤੇ ਅਪਰਾਧੀਆਂ ਦੇ ਉਨ੍ਹਾਂ ਦਾ ਫਾਇਦਾ ਉਠਾਉਣ ਤੋਂ ਪਹਿਲਾਂ ਦੂਜਿਆਂ ਨੂੰ ਚੌਕਸ ਕਰ ਸਕਦੇ ਹਨ।
ਅਜਿਹਾ ਹਾਲ ਹੀ ਵਿੱਚ ਜਾਵਾ ਨਾਲ ਜੁੜੀ ਘਟਨਾ ਵਿੱਚ ਵੀ ਹੋਇਆ। ਇਸੇ ਤਰ੍ਹਾਂ ਪੀਐੱਚਪੀ ਵਿੱਚ ਵੀ ਖਾਮੀਆਂ ਸਾਹਮਣੇ ਆਈਆਂ ਸਨ। ਇਨ੍ਹਾਂ ਖਾਮੀਆਂ ਨੂੰ ਅਪਰਾਧੀਆਂ ਵੱਲੋਂ ਵਰਤੇ ਜਾਣ ਤੋਂ ਪਹਿਲਾਂ ਠੀਕ ਕਰਨ ਲਈ ਤੇਜ਼ੀ ਨਾਲ ਕਦਮ ਚੁੱਕੇ ਗਏ।
ਹੁਣ ਗੱਲ ਕਰਦੇ ਹਾਂ ਸੇਵਾਵਾਂ ਠੱਪ ਹੋਣ ਦੀਆਂ ਘਟਨਾਵਾਂ ਦੀ।
ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ। ਪਿਛਲੇ ਕੁਝ ਸਾਲਾਂ ਦੌਰਾਨ ਵੀ ਦੁਨੀਆ ਭਰ ਵਿੱਚ ਕੰਮਕਾਜ ਠੱਪ ਹੋ ਗਿਆ ਸੀ, ਜਦੋਂ ਪਹਿਲਾਂ ਕਰਾਊਡਸਟ੍ਰਾਈਕ ਅਤੇ ਫਿਰ ਐਮਾਜ਼ੋਨ ਵੈੱਬ ਸਰਵਿਸਿਜ਼ (ਏਡਬਲਯੂਐੱਸ) ਵਿੱਚ ਆਈਆਂ ਗੜਬੜਾਂ ਕਾਰਨ ਕਈ ਡਿਵਾਈਸਾਂ ਅਤੇ ਤਕਨੀਕੀ ਪ੍ਰਣਾਲੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਇਸ ਦਾ ਇੱਕ ਕਾਰਨ 'ਟੈਕਨੀਕਲ ਡੈੱਟ' ਵੀ ਹੋ ਸਕਦਾ ਹੈ। ਇਹ ਸ਼ਬਦ ਉਸ ਸਥਿਤੀ ਲਈ ਵਰਤਿਆ ਜਾਂਦਾ ਹੈ, ਜਦੋਂ ਸਾਫਟਵੇਅਰ ਚਲਾਉਣ ਵਾਲੀਆਂ ਕੰਪਨੀਆਂ ਕਿਸੇ ਅਸਲ ਸਮੱਸਿਆ ਨੂੰ ਜੜ੍ਹ ਤੋਂ ਹੱਲ ਕਰਨ ਦੀ ਬਜਾਏ ਫੌਰੀ ਤੌਰ 'ਤੇ ਛੋਟੇ-ਮੋਟੇ ਹੱਲ ਕਰ ਦਿੰਦੀਆਂ ਹਨ।
ਅਜਿਹੇ ਆਰਜ਼ੀ ਹੱਲ ਸਮੇਂ ਦੇ ਨਾਲ ਇਕੱਠੇ ਹੁੰਦੇ ਰਹਿੰਦੇ ਹਨ ਅਤੇ ਅੱਗੇ ਚੱਲ ਕੇ ਹੋਰ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।
ਏਆਈ ਕਾਰਨ ਕਈ ਕੰਪਨੀਆਂ ਆਪਣੀ ਸਾਈਬਰ ਸੁਰੱਖਿਆ ਦੀ ਮੁੜ ਜਾਂਚ ਕਰ ਰਹੀਆਂ ਹਨ। ਇਸ ਦੌਰਾਨ ਉਹ ਸਿਸਟਮ ਵਿੱਚ ਲੱਭੀਆਂ ਖਾਮੀਆਂ ਨੂੰ ਦੂਰ ਕਰਨ ਲਈ ਵਧੇਰੇ ਅਪਡੇਟ ਜਾਰੀ ਕਰ ਰਹੀਆਂ ਹੋ ਸਕਦੀਆਂ ਹਨ।
ਸੇਵਾਵਾਂ ਠੱਪ ਹੋਣ ਦੀਆਂ ਘਟਨਾਵਾਂ ਸਾਨੂੰ ਇਹ ਵੀ ਯਾਦ ਦਿਵਾਉਂਦੀਆਂ ਹਨ ਕਿ ਸਾਡੀ ਆਨਲਾਈਨ ਦੁਨੀਆ ਅਸਲ ਵਿੱਚ ਕਈ ਤਰ੍ਹਾਂ ਦੀਆਂ ਭੌਤਿਕ ਤਕਨੀਕੀ ਚੀਜ਼ਾਂ 'ਤੇ ਨਿਰਭਰ ਕਰਦੀ ਹੈ। ਇਨ੍ਹਾਂ ਵਿੱਚ ਕੇਬਲਾਂ, ਸਰਵਰ ਅਤੇ ਡੇਟਾ ਸੈਂਟਰ ਸ਼ਾਮਲ ਹਨ।
ਮਿਸਾਲ ਵਜੋਂ, ਅਮਰੀਕਾ ਵਿੱਚ ਹਵਾਈ ਆਵਾਜਾਈ ਕੰਟਰੋਲ ਪ੍ਰਣਾਲੀ ਵਿੱਚ ਆਈ ਗੜਬੜ ਉਸ ਸਮੇਂ ਹੋਈ, ਜਦੋਂ ਇੰਜੀਨੀਅਰ ਪੁਰਾਣੀਆਂ ਤਾਂਬੇ ਦੀਆਂ ਤਾਰਾਂ ਦੀ ਥਾਂ ਫਾਈਬਰ ਕੇਬਲਾਂ ਲਗਾ ਰਹੇ ਸਨ।
ਸਾਨੂੰ ਕਿੰਨਾ ਚਿੰਤਤ ਹੋਣ ਦੀ ਲੋੜ ਹੈ?

ਤਸਵੀਰ ਸਰੋਤ, Getty Images
ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਕਿ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਪਿੱਛੇ ਕੋਈ ਇੱਕ ਹਮਲਾਵਰ ਹੈ।
ਉਨ੍ਹਾਂ ਕਿਹਾ, "ਸਾਡੇ 'ਤੇ ਕੋਈ ਵੱਡਾ ਅਤੇ ਯੋਜਨਾਬੱਧ ਹਮਲਾ ਨਹੀਂ ਹੋ ਰਿਹਾ। ਇਨ੍ਹਾਂ ਘਟਨਾਵਾਂ ਵਿੱਚੋਂ ਇੱਕ ਦਾ ਦੂਜੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਆਪਸ ਵਿੱਚ ਜੁੜੀਆਂ ਹੋਈਆਂ ਨਹੀਂ ਹਨ।"
ਪੀਐੱਚਪੀ ਅਤੇ ਜਾਵਾ ਵਰਗੇ ਮਾਮਲਿਆਂ ਵਿੱਚ ਏਆਈ ਦੀ ਮਦਦ ਨਾਲ ਸਾਈਬਰ ਸੁਰੱਖਿਆ ਮਾਹਿਰਾਂ ਨੇ ਅਪਰਾਧੀਆਂ ਤੋਂ ਪਹਿਲਾਂ ਹੀ ਸਿਸਟਮ ਦੀਆਂ ਖਾਮੀਆਂ ਲੱਭ ਲਈਆਂ। ਇਸ ਨਾਲ ਇਨ੍ਹਾਂ ਖਾਮੀਆਂ ਦਾ ਵੱਡੇ ਪੱਧਰ 'ਤੇ ਗਲਤ ਫਾਇਦਾ ਉਠਾਏ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਠੀਕ ਕਰਨ ਦਾ ਮੌਕਾ ਮਿਲ ਗਿਆ।
ਇਸ ਦੇ ਨਾਲ ਹੀ ਐਂਥਰੋਪਿਕ ਸਮੇਤ ਕਈ ਵੱਡੀਆਂ ਏਆਈ ਕੰਪਨੀਆਂ ਨੇ ਆਪਣੇ ਹੀ ਉਤਪਾਦਾਂ ਨਾਲ ਜੁੜੇ ਖਤਰਿਆਂ ਬਾਰੇ ਚਿਤਾਵਨੀ ਦਿੱਤੀ ਹੈ।
ਖ਼ਾਸ ਤੌਰ 'ਤੇ ਸੇਵਾਵਾਂ ਠੱਪ ਹੋਣ ਦਾ ਅਸਰ ਅਸਲ ਜ਼ਿੰਦਗੀ 'ਤੇ ਪੈਂਦਾ ਹੈ। ਇਸ ਕਾਰਨ ਸਿਹਤ ਸੇਵਾਵਾਂ, ਸਕੂਲਾਂ ਅਤੇ ਲੋਕਾਂ ਦੇ ਕੰਮਕਾਜ ਵਿੱਚ ਰੁਕਾਵਟ ਆਉਂਦੀ ਹੈ।
ਜਾਂ ਫਿਰ ਪਿਛਲੇ ਹਫ਼ਤੇ ਵਾਂਗ ਜਹਾਜ਼ਾਂ ਦੀਆਂ ਉਡਾਣਾਂ ਪ੍ਰਭਾਵਿਤ ਹੁੰਦੀਆਂ ਹਨ।
ਇਹ ਘਟਨਾਵਾਂ ਇਸ ਗੱਲ ਨੂੰ ਵੀ ਉਜਾਗਰ ਕਰਦੀਆਂ ਹਨ ਕਿ ਦੁਨੀਆ ਕੁਝ ਕੁ ਤਕਨੀਕੀ ਕੰਪਨੀਆਂ 'ਤੇ ਕਿੰਨੀ ਜ਼ਿਆਦਾ ਨਿਰਭਰ ਹੋ ਗਈ ਹੈ।
ਇਨ੍ਹਾਂ ਵਿੱਚ ਸਿਰਫ਼ ਅਤਿ-ਆਧੁਨਿਕ ਏਆਈ ਤਕਨੀਕ ਬਣਾਉਣ ਵਾਲੀਆਂ ਕੰਪਨੀਆਂ ਹੀ ਨਹੀਂ, ਸਗੋਂ ਮਾਈਕ੍ਰੋਸਾਫਟ ਅਤੇ ਐਮਾਜ਼ੋਨ ਵਰਗੀਆਂ ਤਕਨੀਕੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਵੀ ਸ਼ਾਮਲ ਹਨ।
ਇਹ ਦੋਵੇਂ ਕੰਪਨੀਆਂ ਗੂਗਲ ਦੇ ਨਾਲ ਮਿਲ ਕੇ ਦੁਨੀਆ ਦੇ ਵੱਡੇ ਹਿੱਸੇ ਦੇ ਕੰਪਿਊਟਰ ਸਰਵਰ ਚਲਾਉਂਦੀਆਂ ਹਨ।
ਪੀਐੱਚਪੀ ਨਾਲ ਜੁੜੀ ਘਟਨਾ ਦੌਰਾਨ ਪੂਰੀ ਦੁਨੀਆ ਦੀ ਨਜ਼ਰ ਇੱਕ ਪ੍ਰੋਗਰਾਮਰ 'ਤੇ ਸੀ, ਜੋ ਬਿਨਾਂ ਕਿਸੇ ਮਿਹਨਤਾਨੇ ਦੇ ਕੰਮ ਕਰ ਰਿਹਾ ਸੀ। ਉਹ ਅਜਿਹੇ ਹੱਲ ਤਿਆਰ ਕਰਨ ਵਿੱਚ ਲੱਗਾ ਹੋਇਆ ਸੀ, ਜਿਨ੍ਹਾਂ ਨੂੰ ਆਸਾਨੀ ਨਾਲ ਸਿਸਟਮ ਵਿੱਚ ਲਾਗੂ ਕੀਤਾ ਜਾ ਸਕੇ।
ਇਸੇ ਤਰ੍ਹਾਂ ਜਾਵਾ ਨੂੰ ਇੱਕ ਹੋਰ ਵੱਡੀ ਤਕਨੀਕੀ ਕੰਪਨੀ ਓਰੇਕਲ ਚਲਾਉਂਦੀ ਹੈ। ਦੁਨੀਆ ਦੀਆਂ ਲਗਭਗ ਸਾਰੀਆਂ ਵੱਡੀਆਂ ਕੰਪਨੀਆਂ ਇਸ ਦੀ ਵਰਤੋਂ ਕਰਦੀਆਂ ਹਨ।
ਸਲਾਹਕਾਰ ਕੰਪਨੀ ਆਰਐੱਸਐੱਮ ਯੂਕੇ ਵਿੱਚ ਜੋਖਮ ਮੁਲਾਂਕਣ ਦੀ ਮੁਖੀ ਸ਼ੀਲਾ ਪੰਚੋਲੀ ਨੇ ਕਿਹਾ, "ਓਰੇਕਲ ਜਾਵਾ ਵਿੱਚ ਸਾਹਮਣੇ ਆਈ ਸੁਰੱਖਿਆ ਖਾਮੀ ਇਸ ਗੱਲ ਦੀ ਵੱਡੀ ਯਾਦ ਦਿਵਾਉਂਦੀ ਹੈ ਕਿ ਕਾਰੋਬਾਰੀ ਅਦਾਰੇ ਕੁਝ ਗਿਣੀਆਂ-ਚੁਣੀਆਂ ਅਹਿਮ ਤਕਨੀਕਾਂ 'ਤੇ ਕਿੰਨੇ ਨਿਰਭਰ ਹੋ ਗਏ ਹਨ।"
ਉਨ੍ਹਾਂ ਕਿਹਾ, "ਸੰਸਥਾਵਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਹੜੀਆਂ ਅਹਿਮ ਤਕਨੀਕਾਂ 'ਤੇ ਨਿਰਭਰ ਹਨ। ਜਦੋਂ ਵੀ ਕੋਈ ਸੁਰੱਖਿਆ ਖਾਮੀ ਸਾਹਮਣੇ ਆਵੇ ਤਾਂ ਉਸ ਨੂੰ ਜਲਦੀ ਠੀਕ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਹ ਵੀ ਜਾਂਚਣਾ ਚਾਹੀਦਾ ਹੈ ਕਿ ਕੀ ਕੀਤਾ ਗਿਆ ਹੱਲ ਅਸਲ ਵਿੱਚ ਕੰਮ ਕਰ ਰਿਹਾ ਹੈ।"
ਇਸੇ ਦੌਰਾਨ ਏਕੀਡੋ ਸਕਿਓਰਿਟੀ ਦੇ ਸੁਰੱਖਿਆ ਇੰਜੀਨੀਅਰ ਜ਼ੈਂਡਰ ਵੈਨ ਰੇਮੰਡਕ ਨੇ ਕਿਹਾ ਕਿ ਸਭ ਤੋਂ ਵੱਡੀ ਚੁਣੌਤੀ ਇਹ ਪਤਾ ਲਗਾਉਣਾ ਹੈ ਕਿ ਤੁਹਾਡਾ ਸਿਸਟਮ ਇਨ੍ਹਾਂ ਖਤਰਿਆਂ ਦੀ ਲਪੇਟ ਵਿੱਚ ਹੈ ਜਾਂ ਨਹੀਂ।
ਉਨ੍ਹਾਂ ਕਿਹਾ, "ਜਾਵਾ ਕਈ ਤਰ੍ਹਾਂ ਦੇ ਕਾਰੋਬਾਰੀ ਸਾਫਟਵੇਅਰਾਂ ਵਿੱਚ ਪਹਿਲਾਂ ਤੋਂ ਹੀ ਸ਼ਾਮਲ ਹੁੰਦਾ ਹੈ। ਇਸ ਲਈ ਕਈ ਕੰਪਨੀਆਂ ਕੋਲ ਇਸ ਦੀ ਵਰਤੋਂ ਵਾਲੇ ਸਾਰੇ ਸਿਸਟਮਾਂ ਦੀ ਪੂਰੀ ਸੂਚੀ ਵੀ ਨਹੀਂ ਹੁੰਦੀ।"
ਕੀ ਹੁਣ ਅਜਿਹਾ ਹੀ ਹੁੰਦਾ ਰਹੇਗਾ?

ਤਸਵੀਰ ਸਰੋਤ, Getty Images
ਫਿਲਹਾਲ ਤਾਂ ਸ਼ਾਇਦ ਹਾਂ।
ਸਾਈਬਰ ਸੁਰੱਖਿਆ ਦੀਆਂ ਖਾਮੀਆਂ ਲੱਭਣ ਲਈ ਵਰਤੇ ਜਾ ਰਹੇ ਏਆਈ ਟੂਲ ਅਜੇ ਨਵੇਂ ਹਨ। ਇਸ ਲਈ ਸੰਭਾਵਨਾ ਹੈ ਕਿ ਇਹ ਅਜਿਹੀਆਂ ਖਾਮੀਆਂ ਲੱਭਦੇ ਰਹਿਣਗੇ, ਜੋ ਦਹਾਕਿਆਂ ਤੋਂ ਸਾਫਟਵੇਅਰ ਦੇ ਕੋਡ ਵਿੱਚ ਮੌਜੂਦ ਹਨ।
ਸਾਫਟਵੇਅਰ ਬਣਾਉਣ ਵਾਲੀ ਕੰਪਨੀ ਹਾਰਨੈੱਸ ਦੇ ਫੀਲਡ ਸੀਟੀਓ ਮਾਰਟਿਨ ਰੇਨੋਲਡਜ਼ ਨੇ ਕਿਹਾ, "ਏਆਈ ਦੋਵਾਂ ਪਾਸਿਆਂ ਦੀ ਰਫ਼ਤਾਰ ਵਧਾ ਰਹੀ ਹੈ। ਇਸ ਨਾਲ ਸਾਫਟਵੇਅਰ ਬਣਾਉਣ ਅਤੇ ਜਾਰੀ ਕਰਨ ਦੀ ਪ੍ਰਕਿਰਿਆ ਵੀ ਤੇਜ਼ ਹੋ ਰਹੀ ਹੈ।"
ਉਨ੍ਹਾਂ ਕਿਹਾ, "ਇਸ ਦਾ ਮਤਲਬ ਹੈ ਕਿ ਡਿਵੈਲਪਰਾਂ ਨੂੰ ਹੁਣ ਪਹਿਲਾਂ ਨਾਲੋਂ ਵੱਧ ਖਾਮੀਆਂ ਠੀਕ ਕਰਨੀਆਂ ਪੈ ਰਹੀਆਂ ਹਨ, ਜਦਕਿ ਉਨ੍ਹਾਂ ਕੋਲ ਇਹ ਕੰਮ ਕਰਨ ਲਈ ਸਮਾਂ ਘੱਟ ਹੁੰਦਾ ਜਾ ਰਿਹਾ ਹੈ।"
ਪੁਰਾਣੀਆਂ ਤਕਨੀਕੀ ਸਮੱਸਿਆਵਾਂ ਨੂੰ ਠੀਕ ਕਰਨ ਦਾ ਕੰਮ ਲਗਾਤਾਰ ਕਰਨਾ ਪਵੇਗਾ। ਇਸ ਦਾ ਮਤਲਬ ਹੈ ਕਿ ਸਿਸਟਮਾਂ ਨੂੰ ਹੋਰ ਵਾਰ ਅਪਗ੍ਰੇਡ ਕਰਨਾ ਪਵੇਗਾ ਅਤੇ ਇਸ ਦੌਰਾਨ ਸੇਵਾਵਾਂ ਵਿੱਚ ਗੜਬੜ ਆਉਣ ਦਾ ਖ਼ਤਰਾ ਵੀ ਵਧੇਗਾ।
ਇਸ ਦੇ ਨਾਲ ਹੀ ਹੈਕਰਾਂ ਦਾ ਖ਼ਤਰਾ ਵੀ ਲਗਾਤਾਰ ਬਣਿਆ ਰਹੇਗਾ, ਕਿਉਂਕਿ ਉਹ ਆਪਣੇ ਤਰੀਕਿਆਂ ਨੂੰ ਹੋਰ ਉੱਨਤ ਬਣਾ ਰਹੇ ਹਨ।
ਹਮਲਾਵਰਾਂ ਨੂੰ ਸਿਸਟਮ ਵਿੱਚ ਸੰਨ੍ਹ ਲਾਉਣ ਲਈ ਸਿਰਫ਼ ਇੱਕ ਖਾਮੀ ਲੱਭਣੀ ਪੈਂਦੀ ਹੈ, ਜਦਕਿ ਸੁਰੱਖਿਆ ਕਰਨ ਵਾਲਿਆਂ ਨੂੰ ਹਰ ਸੰਭਵ ਹਮਲੇ ਤੋਂ ਬਚਾਅ ਕਰਨਾ ਪੈਂਦਾ ਹੈ।
ਸਕੌਟ ਹੇਲਮ ਨੇ ਕਿਹਾ, "ਹਮਲਾਵਰ ਤੇਜ਼ੀ ਨਾਲ ਅਤੇ ਬਿਨਾਂ ਕਿਸੇ ਡਰ ਦੇ ਕੰਮ ਕਰ ਸਕਦੇ ਹਨ। ਉਹ ਬਿਨਾਂ ਕਿਸੇ ਨੁਕਸਾਨ ਦੇ ਡਰ ਤੋਂ ਵੱਖ-ਵੱਖ ਤਰੀਕੇ ਅਜ਼ਮਾ ਸਕਦੇ ਹਨ। ਇਸੇ ਕਰਕੇ ਉਹ ਅਕਸਰ ਬਚਾਅ ਕਰਨ ਵਾਲਿਆਂ ਨਾਲੋਂ ਕੁਝ ਤੇਜ਼ੀ ਨਾਲ ਅੱਗੇ ਵਧ ਜਾਂਦੇ ਹਨ।"
ਉਨ੍ਹਾਂ ਕਿਹਾ, "ਅਸੀਂ ਇਸ ਸਮੇਂ ਦੇਖ ਰਹੇ ਹਾਂ ਕਿ ਹਮਲਾਵਰਾਂ ਦੀ ਕੰਮ ਕਰਨ ਦੀ ਰਫ਼ਤਾਰ ਅਤੇ ਬਚਾਅ ਕਰਨ ਵਾਲਿਆਂ ਦੀ ਰਫ਼ਤਾਰ ਵਿਚਾਲੇ ਥੋੜ੍ਹਾ ਜਿਹਾ ਫ਼ਰਕ ਬਣਿਆ ਹੋਇਆ ਹੈ।"
ਸਾਈਬਰ ਸੁਰੱਖਿਆ ਦੀ ਇਹ ਲੜਾਈ ਬਿੱਲੀ ਅਤੇ ਚੂਹੇ ਦੀ ਖੇਡ ਵਾਂਗ ਹੈ। ਇਸ ਦੇ ਛੇਤੀ ਖ਼ਤਮ ਹੋਣ ਦੀ ਸੰਭਾਵਨਾ ਨਹੀਂ ਹੈ। ਏਆਈ ਦੇ ਆਉਣ ਨਾਲ ਇਸ ਲੜਾਈ ਵਿੱਚ ਦਾਅ 'ਤੇ ਲੱਗੀਆਂ ਚੀਜ਼ਾਂ ਅਤੇ ਖ਼ਤਰੇ ਦੋਵੇਂ ਹੋਰ ਵਧ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































