ਟੀਕੇ ਕਿਵੇਂ ਕੰਮ ਕਰਦੇ ਅਤੇ ਇਨ੍ਹਾਂ ਦੀ ਸੁਰੱਖਿਆ ਦੀ ਪਰਖ ਕਿਵੇਂ ਹੁੰਦੀ ਹੈ, ਵਿਗਿਆਨੀ ਕਿਵੇਂ ਤੈਅ ਕਰਦੇ ਕਿ ਕੋਈ ਟੀਕਾ ਸੁਰੱਖਿਅਤ ਹੈ ਜਾਂ ਨਹੀਂ

ਤਸਵੀਰ ਸਰੋਤ, Getty Images
- ਲੇਖਕ, ਐਸਥਰ ਕਾਹੁੰਬੀ
- ਰੋਲ, ਬੀਬੀਸੀ ਗਲੋਬਲ ਹੈਲਥ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲਣ ਵਾਲੀ ਖਸਰੇ ਦੀ ਬਿਮਾਰੀ ਦੇ ਮਾਮਲੇ ਮੁੜ ਵਧਣ ਤੋਂ ਬਾਅਦ ਅਮਰੀਕਾ ਨੇ 25 ਸਾਲ ਤੋਂ ਵੱਧ ਸਮੇਂ ਮਗਰੋਂ ਖਸਰਾ ਮੁਕਤ ਹੋਣ ਦਾ ਦਰਜਾ ਗੁਆ ਦਿੱਤਾ ਹੈ।
ਸਾਲ 2025 ਵਿੱਚ ਭਾਰਤ, ਪਾਕਿਸਤਾਨ, ਇੰਡੋਨੇਸ਼ੀਆ, ਯੂਕਰੇਨ, ਨਾਈਜੀਰੀਆ ਅਤੇ ਇਥੋਪੀਆ ਸਮੇਤ 57 ਦੇਸ਼ਾਂ ਵਿੱਚ ਖਸਰਾ ਵੱਡੇ ਪੱਧਰ 'ਤੇ ਫੈਲਿਆ।
ਮਾਹਿਰਾਂ ਦਾ ਕਹਿਣਾ ਹੈ ਕਿ ਖਸਰੇ ਦੇ ਵਧਦੇ ਮਾਮਲਿਆਂ ਦਾ ਟੀਕਾਕਰਨ ਦੀ ਘਟਦੀ ਦਰ ਨਾਲ ਡੂੰਘਾ ਸਬੰਧ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਮੁਤਾਬਕ, 2019 ਵਿੱਚ ਦੁਨੀਆ ਭਰ ਦੇ 86 ਫ਼ੀਸਦੀ ਬੱਚਿਆਂ ਨੂੰ ਖਸਰੇ ਦੇ ਟੀਕੇ ਦੀ ਪਹਿਲੀ ਖੁਰਾਕ ਮਿਲੀ ਸੀ, ਪਰ 2025 ਤੱਕ ਇਹ ਅੰਕੜਾ ਘਟ ਕੇ 84 ਫ਼ੀਸਦੀ ਰਹਿ ਗਿਆ।
ਇਹ ਦੋਵੇਂ ਅੰਕੜੇ ਅਜੇ ਵੀ 95 ਫ਼ੀਸਦੀ ਦੀ ਉਸ ਟੀਕਾਕਰਨ ਦਰ ਤੋਂ ਕਾਫ਼ੀ ਘੱਟ ਹਨ, ਜੋ ਆਬਾਦੀ ਵਿੱਚ ਖਸਰੇ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਹੈ।
ਟੀਕਾ ਲਗਵਾਉਣ ਤੋਂ ਝਿਜਕ ਟੀਕਾਕਰਨ ਦੀ ਘੱਟ ਦਰ ਦਾ ਇੱਕ ਕਾਰਨ ਹੈ। ਟੀਕੇ ਦੀ ਸੁਰੱਖਿਆ, ਉਸ ਦੇ ਅਸਰ ਅਤੇ ਮਾੜੇ ਪ੍ਰਭਾਵਾਂ ਬਾਰੇ ਚਿੰਤਾਵਾਂ ਆਨਲਾਈਨ ਗ਼ਲਤ ਜਾਣਕਾਰੀ ਫੈਲਣ ਨਾਲ ਹੋਰ ਵਧ ਜਾਂਦੀਆਂ ਹਨ।
ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪੀਕਲ ਮੈਡੀਸਨ ਵਿਖੇ ਬੱਚਿਆਂ ਦੀ ਸਿਹਤ ਦੀ ਪ੍ਰੋਫੈਸਰ ਹੈਲਨ ਬੈੱਡਫੋਰਡ ਦਾ ਕਹਿਣਾ ਹੈ, "ਇੰਟਰਨੈੱਟ ਅਤੇ ਮੀਡੀਆ ਦੇ ਇਸ ਦੌਰ ਵਿੱਚ, ਟੀਕਾਕਰਨ ਬਾਰੇ ਮਿੱਥ, ਅਫ਼ਵਾਹਾਂ ਅਤੇ ਚਿੰਤਾਵਾਂ ਪੂਰੀ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਾਈਆਂ ਜਾ ਸਕਦੀਆਂ ਹਨ।"
ਯੂ.ਕੇ. ਦੀ ਹਡਰਸਫੀਲਡ ਯੂਨੀਵਰਸਿਟੀ ਦੀ ਰੋਕਥਾਮ ਸਿਹਤ ਖੋਜਕਰਤਾ ਸੁਜ਼ਾਨਾ ਕੋਲਾ-ਪਾਮਰ ਦਾ ਕਹਿਣਾ ਹੈ ਕਿ ਜਿਹੜੇ ਲੋਕ ਟੀਕਾਕਰਨ ਬਾਰੇ ਝਿਜਕਦੇ ਹਨ, ਉਨ੍ਹਾਂ ਨੂੰ 'ਟੀਕਾ-ਵਿਰੋਧੀ' ਦਾ ਲੇਬਲ ਨਹੀਂ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਨੇ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ ਕਿ ਇਸ ਦੀ ਬਜਾਏ, ਬਹੁਤ ਸਾਰੇ ਲੋਕ ਸਿਰਫ਼ "ਭਰੋਸਾ ਚਾਹੁੰਦੇ ਹਨ"।
ਤਾਂ ਫਿਰ ਵਿਗਿਆਨੀ ਇਹ ਕਿਵੇਂ ਤੈਅ ਕਰਦੇ ਹਨ ਕਿ ਕੋਈ ਟੀਕਾ ਸੁਰੱਖਿਅਤ ਹੈ, ਅਤੇ ਤੁਸੀਂ ਆਨਲਾਈਨ ਗਲਤ ਜਾਣਕਾਰੀ ਦੀ ਪਛਾਣ ਕਿਵੇਂ ਕਰ ਸਕਦੇ ਹੋ?
ਟੀਕੇ ਕਿਵੇਂ ਕੰਮ ਕਰਦੇ ਹਨ?

ਤਸਵੀਰ ਸਰੋਤ, Getty Images
ਟੀਕਿਆਂ ਨੂੰ ਵਿਕਸਿਤ ਕਰਨਾ ਅੱਜ ਵੀ ਮੈਡੀਕਲ ਵਿਗਿਆਨ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ ਟੀਕੇ ਹਰ ਸਾਲ ਖਸਰੇ, ਟੈਟਨਸ, ਡਿਫਥੀਰੀਆ ਅਤੇ ਇਨਫਲੂਐਂਜ਼ਾ ਵਰਗੀਆਂ ਬਿਮਾਰੀਆਂ ਕਾਰਨ ਹੋਣ ਵਾਲੀਆਂ 35 ਤੋਂ 50 ਲੱਖ ਮੌਤਾਂ ਨੂੰ ਰੋਕਦੇ ਹਨ।
ਇੱਕ ਟੀਕਾ ਸਰੀਰ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ ਨੂੰ ਅਸਲ ਖ਼ਤਰੇ ਦਾ ਸਾਹਮਣਾ ਕਰਨ ਤੋਂ ਪਹਿਲਾਂ ਹੀ ਇਨਫੈਕਸ਼ਨ ਦੀ ਪਛਾਣ ਕਰਨਾ ਅਤੇ ਉਸ ਨਾਲ ਲੜਨਾ ਸਿਖਾਉਂਦਾ ਹੈ।
ਬੈੱਡਫੋਰਡ ਦੱਸਦੇ ਹਨ, "ਇਹ ਸਰੀਰ ਨੂੰ ਉਹ ਰੋਗ ਪ੍ਰਤੀਰੋਧਕ ਸ਼ਕਤੀ ਪ੍ਰਦਾਨ ਕਰਦੇ ਹਨ ਜੋ ਕੁਦਰਤੀ ਇਨਫੈਕਸ਼ਨ ਤੋਂ ਮਿਲਦੀ ਹੈ, ਪਰ ਇਸ ਦੇ ਲਈ ਅਸਲ ਵਿੱਚ ਕੁਦਰਤੀ ਇਨਫੈਕਸ਼ਨ ਵਿੱਚੋਂ ਲੰਘਣ ਦੀ ਲੋੜ ਨਹੀਂ ਪੈਂਦੀ।"
ਮਿਸਾਲ ਵਜੋਂ, ਕੰਨ ਪੇੜੇ (ਮੰਪਸ), ਖਸਰੇ ਅਤੇ ਰੂਬੈਲਾ ਦਾ ਟੀਕਾ (ਐਮ ਐਮ ਆਰ) ਇਨ੍ਹਾਂ ਬਿਮਾਰੀਆਂ ਦਾ ਕਾਰਨ ਬਣਨ ਵਾਲੇ ਵਾਇਰਸਾਂ ਦੇ ਕਮਜ਼ੋਰ ਰੂਪਾਂ ਨਾਲ ਬਣਿਆ ਹੁੰਦਾ ਹੈ। ਜਦੋਂ ਇਹ ਟੀਕਾ ਲਗਾਇਆ ਜਾਂਦਾ ਹੈ, ਤਾਂ ਇਹ ਸਰੀਰ ਦੀ ਰੋਗਾਂ ਨਾਲ ਲੜਨ ਵਾਲੀ ਪ੍ਰਣਾਲੀ ਨੂੰ ਇਸ ਤਰ੍ਹਾਂ ਤਿਆਰ ਕਰਦਾ ਹੈ ਕਿ ਜੇ ਭਵਿੱਖ ਵਿੱਚ ਅਸਲ ਲਾਗ ਲੱਗੇ, ਤਾਂ ਉਹ ਉਸ ਦੀ ਪਛਾਣ ਕਰਕੇ ਤੇਜ਼ੀ ਨਾਲ ਉਸ ਨਾਲ ਲੜ ਸਕੇ।
ਸਾਰੇ ਟੀਕੇ ਇੱਕੋ ਤਰੀਕੇ ਨਾਲ ਕੰਮ ਨਹੀਂ ਕਰਦੇ।
ਮੈਸੇਂਜਰ ਆਰਐਨਏ ਟੀਕੇ ਜੈਨੇਟਿਕ ਹਦਾਇਤਾਂ ਦੀ ਵਰਤੋਂ ਕਰਦੇ ਹਨ ਜੋ ਸੈੱਲਾਂ ਨੂੰ ਅਸਥਾਈ ਤੌਰ 'ਤੇ ਇੱਕ ਨੁਕਸਾਨ ਰਹਿਤ ਪ੍ਰੋਟੀਨ ਬਣਾਉਣ ਲਈ ਕਹਿੰਦੀਆਂ ਹਨ, ਜੋ ਅੱਗੇ ਸਰੀਰ ਦੀ ਰੋਗ ਪ੍ਰਤੀਰੋਧਕ ਪ੍ਰਤੀਕਿਰਿਆ ਨੂੰ ਸ਼ੁਰੂ ਕਰਦਾ ਹੈ। ਫਾਈਜ਼ਰ ਕੋਵਿਡ-19 ਟੀਕਾ ਐੱਮਆਰਐੱਨਏ ਟੀਕੇ ਦੀ ਇੱਕ ਉਦਾਹਰਨ ਹੈ।
ਟੀਕਿਆਂ ਦੀ ਜਾਂਚ ਕਿਵੇਂ ਕੀਤੀ ਜਾਂਦੀ ਹੈ?

ਤਸਵੀਰ ਸਰੋਤ, Getty Images
ਇਹ ਪ੍ਰਕਿਰਿਆ ਵਿਗਿਆਨਕ ਖੋਜ ਨਾਲ ਸ਼ੁਰੂ ਹੁੰਦੀ ਹੈ। ਵਿਗਿਆਨੀ ਦੇਖਦੇ ਹਨ ਕਿ ਇਸ ਖੇਤਰ ਦੇ ਹੋਰ ਖੋਜਕਰਤਾਵਾਂ ਨੇ ਇਸ ਵਿਸ਼ੇ 'ਤੇ ਕੀ ਕੰਮ ਕੀਤਾ ਹੈ ਅਤੇ ਉਹ ਕਿਹੜੇ ਨਤੀਜਿਆਂ 'ਤੇ ਪਹੁੰਚੇ ਹਨ। ਜਦੋਂ ਵਿਗਿਆਨੀ ਕਿਸੇ ਨਵੇਂ ਵਿਚਾਰ ਨੂੰ ਪਰਖਣ ਲਈ ਤਿਆਰ ਹੁੰਦੇ ਹਨ, ਤਾਂ ਉਹ ਪ੍ਰਯੋਗਸ਼ਾਲਾ ਵਿੱਚ ਪਹਿਲਾਂ ਸੈੱਲਾਂ 'ਤੇ ਅਤੇ ਫਿਰ ਜਾਨਵਰਾਂ 'ਤੇ ਟੈਸਟ ਕਰਦੇ ਹਨ। ਇਨ੍ਹਾਂ ਟੈਸਟਾਂ ਲਈ ਅਕਸਰ ਚੂਹਿਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਆਕਸਫੋਰਡ ਯੂਨੀਵਰਸਿਟੀ ਦੇ ਵੈਕਸੀਨ ਨੌਲਿਜ ਪ੍ਰੋਜੈਕਟ ਮੁਤਾਬਕ, ਟੀਕੇ ਦੀ ਜਾਂਚ ਦੇ ਅਗਲੇ ਪੜਾਅ 'ਤੇ ਜਾਣ ਤੋਂ ਪਹਿਲਾਂ ਇਹ ਸਾਬਤ ਕਰਨਾ ਜ਼ਰੂਰੀ ਹੈ ਕਿ ਟੀਕਾ ਜਾਨਵਰਾਂ ਦੀ ਰੋਗਾਂ ਨਾਲ ਲੜਨ ਵਾਲੀ ਪ੍ਰਣਾਲੀ ਨੂੰ ਸਰਗਰਮ ਕਰ ਸਕਦਾ ਹੈ।
ਇਸ ਤੋਂ ਬਾਅਦ ਟੀਕੇ ਦੀ ਜਾਂਚ ਮਨੁੱਖਾਂ 'ਤੇ ਕੀਤੀ ਜਾਂਦੀ ਹੈ। ਇਹ ਜਾਂਚ ਆਮ ਤੌਰ 'ਤੇ ਤਿੰਨ ਪੜਾਵਾਂ ਵਿੱਚ ਹੁੰਦੀ ਹੈ।
ਪਹਿਲੇ ਪੜਾਅ ਵਿੱਚ ਕੁਝ ਵਲੰਟੀਅਰ ਹਿੱਸਾ ਲੈਂਦੇ ਹਨ, ਜੋ ਆਮ ਤੌਰ 'ਤੇ ਨੌਜਵਾਨ ਤੇ ਸਿਹਤਮੰਦ ਬਾਲਗ ਹੁੰਦੇ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ, ਇਸ ਪੜਾਅ ਵਿੱਚ ਦੇਖਿਆ ਜਾਂਦਾ ਹੈ ਕਿ ਟੀਕੇ ਦੀ ਸੁਰੱਖਿਆ ਨੂੰ ਲੈ ਕੇ ਕੋਈ ਗੰਭੀਰ ਚਿੰਤਾ ਹੈ ਜਾਂ ਨਹੀਂ ਅਤੇ ਉਸ ਦੀ ਸਹੀ ਖੁਰਾਕ ਕਿੰਨੀ ਹੋ ਸਕਦੀ ਹੈ।
ਦੂਜੇ ਪੜਾਅ ਵਿੱਚ ਵਲੰਟੀਅਰਾਂ ਦਾ ਇੱਕ ਵੱਡਾ ਸਮੂਹ ਹਿੱਸਾ ਲੈਂਦਾ ਹੈ। ਆਮ ਤੌਰ 'ਤੇ ਇਸ ਵਿੱਚ ਉਨ੍ਹਾਂ ਲੋਕਾਂ ਵਿੱਚੋਂ ਕੁਝ ਸੌ ਜਣੇ ਸ਼ਾਮਲ ਹੁੰਦੇ ਹਨ, ਜਿਨ੍ਹਾਂ ਲਈ ਟੀਕਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੀ ਤੁਲਨਾ ਅਜਿਹੇ ਸਮੂਹ ਨਾਲ ਕੀਤੀ ਜਾਂਦੀ ਹੈ ਜਿਸ ਨੂੰ ਟੀਕਾ ਨਹੀਂ ਲੱਗਿਆ ਹੁੰਦਾ। ਇਸ ਨੂੰ 'ਕੰਟਰੋਲ ਗਰੁੱਪ' ਕਿਹਾ ਜਾਂਦਾ ਹੈ। ਡਾਕਟਰ ਟੀਕੇ ਦੇ ਕਿਸੇ ਵੀ ਸੰਭਾਵੀ ਮਾੜੇ ਪ੍ਰਭਾਵਾਂ ਅਤੇ ਸਰੀਰ ਦੀ ਰੋਗ ਪ੍ਰਤੀਰੋਧਕ ਪ੍ਰਤੀਕਿਰਿਆ ਦੀ ਜਾਂਚ ਕਰਦੇ ਹਨ।
ਤੀਜੇ ਪੜਾਅ ਵਿੱਚ ਟੀਕੇ ਦੀ ਜਾਂਚ ਵਲੰਟੀਅਰਾਂ ਦੇ ਇੱਕ ਹੋਰ ਵੀ ਵੱਡੇ ਸਮੂਹ 'ਤੇ ਕੀਤੀ ਜਾਂਦੀ ਹੈ, ਜੋ ਆਮ ਤੌਰ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਹੁੰਦੇ ਹਨ, ਅਤੇ ਇਸ ਦੇ ਨਾਲ ਇੱਕ ਕੰਟਰੋਲ ਗਰੁੱਪ ਵੀ ਹੁੰਦਾ ਹੈ। ਇਹ ਟੈਸਟ ਆਮ ਤੌਰ 'ਤੇ ਵੱਖ-ਵੱਖ ਦੇਸ਼ਾਂ ਵਿੱਚ ਕੀਤੇ ਜਾਂਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਟੀਕਾ ਵੱਖ-ਵੱਖ ਉਮਰਾਂ, ਨਸਲਾਂ, ਪਿਛੋਕੜਾਂ ਅਤੇ ਰਹਿਣ-ਸਹਿਣ ਦੇ ਵਾਤਾਵਰਣ ਵਾਲੇ ਵਿਭਿੰਨ ਲੋਕਾਂ ਵਿੱਚ ਅਸਰਦਾਰ ਅਤੇ ਸੁਰੱਖਿਅਤ ਹੈ।
ਕਿਸੇ ਟੀਕੇ ਨੂੰ ਇਨ੍ਹਾਂ ਤਿੰਨਾਂ ਪੜਾਵਾਂ ਵਿੱਚੋਂ ਲੰਘਣ 'ਚ ਕਈ ਦਹਾਕੇ ਲੱਗ ਸਕਦੇ ਹਨ। ਮੈਨਿੰਗੋਕੋਕਲ ਬਿਮਾਰੀ ਤੋਂ ਬਚਾਅ ਲਈ ਮੈਨਬੀ ਨਾਮ ਦਾ ਟੀਕਾ ਵਿਕਸਿਤ ਕਰਨ ਵਿੱਚ ਲਗਭਗ 15 ਸਾਲ ਲੱਗੇ ਸਨ।
ਬੈੱਡਫੋਰਡ ਕਹਿੰਦੇ ਹਨ, "ਜਦੋਂ ਤੁਸੀਂ ਸਾਰੇ ਸਿਹਤਮੰਦ ਬੱਚਿਆਂ ਨੂੰ ਕੋਈ ਚੀਜ਼ ਦੇਣ ਜਾ ਰਹੇ ਹੋਵੋ, ਤਾਂ ਤੁਹਾਨੂੰ ਪੂਰਾ ਯਕੀਨ ਹੋਣਾ ਚਾਹੀਦਾ ਹੈ ਕਿ ਉਹ ਸੁਰੱਖਿਅਤ ਹੈ।"
ਖ਼ਾਸ ਹਾਲਾਤਾਂ ਵਿੱਚ, ਸੁਰੱਖਿਆ ਜਾਂਚਾਂ ਨਾਲ ਕੋਈ ਸਮਝੌਤਾ ਕੀਤੇ ਬਿਨਾਂ, ਟੀਕਿਆਂ ਨੂੰ ਤੇਜ਼ ਰਫ਼ਤਾਰ ਨਾਲ ਵਿਕਸਿਤ ਅਤੇ ਟੈਸਟ ਕੀਤਾ ਜਾ ਸਕਦਾ ਹੈ।
ਉਦਾਹਰਨ ਲਈ, ਪਹਿਲਾ ਕੋਵਿਡ-19 ਟੀਕਾ ਸਿਰਫ਼ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਵਿਕਸਿਤ ਕਰ ਲਿਆ ਗਿਆ ਸੀ ਅਤੇ ਵਰਤੋਂ ਲਈ ਲਾਇਸੈਂਸ ਵੀ ਦੇ ਦਿੱਤਾ ਗਿਆ ਸੀ, ਜਿਸ ਦੇ ਕਈ ਕਾਰਨ ਸਨ। ਪਹਿਲਾ ਕਾਰਨ ਇਹ ਸੀ ਕਿ ਵਿਗਿਆਨੀ ਕੋਰੋਨਾਵਾਇਰਸਾਂ ਬਾਰੇ ਪਹਿਲਾਂ ਹੀ ਕਈ ਸਾਲਾਂ ਤੋਂ ਹੋ ਰਹੀ ਖੋਜ ਦੇ ਆਧਾਰ 'ਤੇ ਅੱਗੇ ਕੰਮ ਕਰ ਰਹੇ ਸਨ, ਜਿਸ ਨਾਲ ਉਨ੍ਹਾਂ ਨੂੰ ਸ਼ੁਰੂਆਤੀ ਬੜ੍ਹਤ ਮਿਲ ਗਈ ਸੀ।
ਮਹਾਮਾਰੀ ਦੇ ਵੱਡੇ ਪੱਧਰ 'ਤੇ ਫੈਲਣ ਅਤੇ ਤੁਰੰਤ ਕਾਰਵਾਈ ਦੀ ਲੋੜ ਕਾਰਨ ਖੋਜ ਲਈ ਪੈਸਾ ਵਧੇਰੇ ਆਸਾਨੀ ਨਾਲ ਮਿਲਿਆ। ਵਿਗਿਆਨੀਆਂ ਨੂੰ ਫੰਡਾਂ ਲਈ ਆਪਣੀਆਂ ਅਰਜ਼ੀਆਂ ਦੀ ਮਨਜ਼ੂਰੀ ਵਾਸਤੇ ਸਾਲਾਂ ਤੱਕ ਉਡੀਕ ਨਹੀਂ ਕਰਨੀ ਪਈ। ਖੋਜਕਰਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਕੋਵਿਡ ਟੀਕੇ ਦੇ ਪਰੀਖਣਾਂ ਵਿੱਚ ਹਿੱਸਾ ਲੈਣ ਲਈ ਵੱਡੀ ਗਿਣਤੀ ਵਿੱਚ ਲੋਕ ਤਿਆਰ ਸਨ ਆਮ ਤੌਰ 'ਤੇ ਟਰਾਇਲਾਂ ਵਿੱਚ ਹਿੱਸਾ ਲੈਣ ਲਈ ਇੱਛੁਕ ਅਤੇ ਯੋਗ ਲੋਕਾਂ ਨੂੰ ਲੱਭਣ ਵਿੱਚ ਬਹੁਤ ਸਮਾਂ ਲੱਗਦਾ ਹੈ।
ਇਸ ਲਈ, ਟਰਾਇਲ ਦੇ ਪੜਾਵਾਂ ਦੇ ਵਿਚਕਾਰ ਕਈ ਸਾਲ ਉਡੀਕ ਕਰਨ ਦੀ ਬਜਾਏ, ਟੀਕਾ ਬਣਾਉਣ ਵਾਲੇ ਘੱਟ ਸਮਾਂ ਬਰਬਾਦ ਕੀਤੇ ਬਿਨਾਂ ਸਾਰੀਆਂ ਸੁਰੱਖਿਆ ਜਾਂਚਾਂ ਵਿੱਚੋਂ ਗੁਜ਼ਰਨ ਦੇ ਯੋਗ ਹੋ ਗਏ ਸਨ।
ਜੇਕਰ ਟੀਕੇ ਦੀ ਸੁਰੱਖਿਆ ਸੰਬੰਧੀ ਚਿੰਤਾਵਾਂ ਪੈਦਾ ਹੁੰਦੀਆਂ ਹਨ ਤਾਂ ਕੀ ਹੁੰਦਾ ਹੈ?

ਤਸਵੀਰ ਸਰੋਤ, Bloomberg via Getty Images
ਟੀਕਾ ਲਗਾਏ ਜਾਣ ਤੋਂ ਬਾਅਦ ਟਰਾਇਲ ਵਿੱਚ ਹਿੱਸਾ ਲੈਣ ਵਾਲਿਆਂ 'ਤੇ ਲੱਛਣ ਜਾਂ ਬਿਮਾਰੀ ਲਈ ਨੇੜਿਓਂ ਨਜ਼ਰ ਰੱਖੀ ਜਾਂਦੀ ਹੈ, ਜਿਸ ਨੂੰ ਐਡਵਰਸ ਇਵੈਂਟ ਕਿਹਾ ਜਾਂਦਾ ਹੈ। ਖੋਜਕਰਤਾ ਇਹ ਪਤਾ ਲਗਾਉਣ ਲਈ ਜਾਂਚ ਕਰਦੇ ਹਨ ਕਿ ਕੀ ਇਹ ਲੱਛਣ ਟੀਕੇ ਕਾਰਨ ਹੋਏ ਹਨ, ਜਾਂ ਇਨ੍ਹਾਂ ਦਾ ਟੀਕੇ ਨਾਲ ਕੋਈ ਸੰਬੰਧ ਨਹੀਂ ਹੈ।
ਜੇ ਜਾਂਚ ਦੇ ਨਤੀਜਿਆਂ ਤੋਂ ਲੱਗੇ ਕਿ ਮੂੰਹ ਸੁੱਕਣ ਜਾਂ ਚਮੜੀ 'ਤੇ ਧੱਫੜ ਪੈਣ ਵਰਗਾ ਕੋਈ ਲੱਛਣ ਟੀਕੇ ਕਾਰਨ ਹੋ ਰਿਹਾ ਹੈ, ਤਾਂ ਇਸ ਨੂੰ ਟੀਕੇ ਦਾ ਸਾਈਡ ਇਫੈਕਟ ਕਿਹਾ ਜਾਂਦਾ ਹੈ। ਇਹ ਪ੍ਰਭਾਵ ਕਿੰਨਾ ਗੰਭੀਰ ਹੈ ਅਤੇ ਇਸ ਨਾਲ ਕਿੰਨਾ ਖ਼ਤਰਾ ਹੈ, ਉਸ ਮੁਤਾਬਕ ਟਰਾਇਲ ਨੂੰ ਅਗਲੀ ਜਾਂਚ ਤੱਕ ਰੋਕਿਆ ਜਾ ਸਕਦਾ ਹੈ ਜਾਂ ਪੂਰੀ ਤਰ੍ਹਾਂ ਬੰਦ ਕੀਤਾ ਜਾ ਸਕਦਾ ਹੈ।
2020 ਵਿੱਚ, ਕੁਝ ਕੋਵਿਡ-19 ਟੀਕੇ ਜਿਵੇਂ ਕਿ ਆਸਟ੍ਰੇਲੀਆਈ ਯੂਕਿਊ/ਸੀਐੱਸਐੱਲ 'ਤੇ ਕੰਮ ਬੰਦ ਕਰ ਦਿੱਤਾ ਗਿਆ ਸੀ। ਇਹ ਫ਼ੈਸਲਾ ਉਸ ਵੇਲੇ ਲਿਆ ਗਿਆ ਜਦੋਂ ਟਰਾਇਲ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਐੱਚਆਈਵੀ ਨਾ ਹੋਣ ਦੇ ਬਾਵਜੂਦ ਉਨ੍ਹਾਂ ਦੇ ਟੈਸਟਾਂ ਦੇ ਨਤੀਜੇ ਪਾਜ਼ੇਟਿਵ ਆਏ।
ਟੀਕਾ ਲੱਗਣ ਤੋਂ ਬਾਅਦ ਜੋ ਵੀ ਐਡਵਰਸ ਇਵੈਂਟ ਜਾਂ ਲੱਛਣ ਸਾਹਮਣੇ ਆਉਂਦੇ ਹਨ, ਉਹ ਸਾਰੇ ਉਸ ਸਬੂਤ ਦਾ ਹਿੱਸਾ ਬਣਦੇ ਹਨ ਜਿਸ ਨੂੰ ਜਾਂਚ ਕਰਨ ਵਾਲੀਆਂ ਸੰਸਥਾਵਾਂ ਇਹ ਫੈਸਲਾ ਲੈਣ ਵੇਲੇ ਦੇਖਦੀਆਂ ਹਨ ਕਿ ਕਿਸੇ ਟੀਕੇ ਨੂੰ ਆਮ ਲੋਕਾਂ ਲਈ ਮਨਜ਼ੂਰੀ ਦੇਣੀ ਚਾਹੀਦੀ ਹੈ ਜਾਂ ਨਹੀਂ।
ਵਿਸ਼ਵ ਸਿਹਤ ਸੰਗਠਨ ਵਰਗੀਆਂ ਸੰਸਥਾਵਾਂ ਟੀਕਿਆਂ ਬਾਰੇ ਵਿਸ਼ਵ ਪੱਧਰ 'ਤੇ ਸਿਫ਼ਾਰਸ਼ਾਂ ਦਿੰਦੀਆਂ ਹਨ। ਆਪਣੇ ਦੇਸ਼ ਦੇ ਲੋਕਾਂ ਨੂੰ ਟੀਕਾ ਲਗਾਉਣ ਦੀ ਮੁਹਿੰਮ ਸ਼ੁਰੂ ਕਰਨੀ ਹੈ ਜਾਂ ਨਹੀਂ, ਇਹ ਫ਼ੈਸਲਾ ਹਰ ਦੇਸ਼ ਅਤੇ ਉਸ ਦੀਆਂ ਸੰਬੰਧਿਤ ਸੰਸਥਾਵਾਂ ਕਰਦੀਆਂ ਹਨ।
ਲਗਾਤਾਰ ਨਿਗਰਾਨੀ

ਤਸਵੀਰ ਸਰੋਤ, Getty Images
ਆਮ ਲੋਕਾਂ ਲਈ ਟੀਕੇ ਦੀ ਵਰਤੋਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਵੀ ਉਸ 'ਤੇ ਨਿਗਰਾਨੀ ਜਾਰੀ ਰਹਿੰਦੀ ਹੈ। ਟੀਕਾ ਲਗਵਾਉਣ ਵਾਲੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਜੇ ਉਨ੍ਹਾਂ ਨੂੰ ਕੋਈ ਮਾੜਾ ਅਸਰ ਮਹਿਸੂਸ ਹੋਵੇ, ਤਾਂ ਉਹ ਆਪਣੇ ਦੇਸ਼ ਦੀ ਸਬੰਧਤ ਸੰਸਥਾ ਨੂੰ ਇਸ ਬਾਰੇ ਦੱਸਣ।
ਹਰ ਟੀਕੇ ਨਾਲ ਕੁਝ ਨਾ ਕੁਝ ਖ਼ਤਰਾ ਹੁੰਦਾ ਹੈ। ਆਮ ਮਾੜੇ ਪ੍ਰਭਾਵਾਂ ਵਿੱਚ ਟੀਕਾ ਲੱਗਣ ਵਾਲੀ ਥਾਂ 'ਤੇ ਕੁਝ ਸਮੇਂ ਲਈ ਦਰਦ ਜਾਂ ਸੋਜ, ਸਿਰਦਰਦ, ਥਕਾਵਟ ਅਤੇ ਹਲਕਾ ਬੁਖ਼ਾਰ ਸ਼ਾਮਲ ਹੋ ਸਕਦੇ ਹਨ।
ਟੀਕੇ ਨਾਲ ਵਧੇਰੇ ਗੰਭੀਰ ਪ੍ਰਤੀਕਿਰਿਆਵਾਂ ਵੀ ਹੋ ਸਕਦੀਆਂ ਹਨ, ਪਰ ਵਿਸ਼ਵ ਸਿਹਤ ਸੰਗਠਨ ਮੁਤਾਬਕ ਅਜਿਹਾ ਬਹੁਤ ਹੀ ਘੱਟ ਹੁੰਦਾ ਹੈ। ਬੈੱਡਫੋਰਡ ਕਹਿੰਦੇ ਹਨ ਕਿ ਅਹਿਮ ਸਵਾਲ ਇਹ ਹੈ ਕਿ ਬਿਮਾਰੀ ਦੇ ਆਪਣੇ ਖ਼ਤਰਿਆਂ ਦੇ ਮੁਕਾਬਲੇ ਟੀਕੇ ਦੇ ਖ਼ਤਰੇ ਕਿੰਨੇ ਹਨ।
ਉਦਾਹਰਨ ਲਈ, ਖਸਰੇ ਦੇ ਟੀਕੇ ਨਾਲ ਜੁੜੀ ਇੱਕ ਦੁਰਲੱਭ ਪਰ ਗੰਭੀਰ ਮਾੜੀ ਘਟਨਾ ਵਜੋਂ ਦੌਰੇ ਪੈਣ ਨੂੰ ਸੂਚੀਬੱਧ ਕੀਤਾ ਗਿਆ ਹੈ, ਹਾਲਾਂਕਿ ਡਬਲਯੂਐੱਚਓ ਅਨੁਸਾਰ, ਇਸ ਦਾ ਜੋਖ਼ਮ ਹਰ 3,000 ਖੁਰਾਕਾਂ ਵਿੱਚੋਂ ਇੱਕ ਵਿੱਚ ਹੁੰਦਾ ਹੈ।
ਇਸ ਦੇ ਮੁਕਾਬਲੇ, ਅਧਿਐਨਾਂ ਮੁਤਾਬਕ ਖਸਰੇ ਦੀ ਲਾਗ ਲੱਗਣ ਵਾਲੇ ਹਰ 1,000 ਲੋਕਾਂ ਵਿੱਚੋਂ ਲਗਭਗ ਇੱਕ ਨੂੰ ਪ੍ਰਾਇਮਰੀ ਐਨਸੈਫਲਾਈਟਿਸ, ਯਾਨੀ ਦਿਮਾਗ਼ ਵਿੱਚ ਸੋਜ, ਹੋ ਜਾਂਦੀ ਹੈ। ਇਸ ਨਾਲ ਦੌਰੇ ਪੈਣ ਵਰਗੀਆਂ ਪੇਚੀਦਗੀਆਂ ਹੋ ਸਕਦੀਆਂ ਹਨ। ਮੌਤ ਦਰ 10 ਤੋਂ 15 ਫ਼ੀਸਦੀ ਹੈ ਅਤੇ ਐਕਿਊਟ ਐਨਸੈਫਲਾਈਟਿਸ ਵਿੱਚ ਇਹ 20 ਫ਼ੀਸਦੀ ਹੈ।
ਬੈੱਡਫੋਰਡ ਸਮਝਾਉਂਦੇ ਹਨ, "ਖਸਰੇ ਦੀ ਕੁਦਰਤੀ ਲਾਗ ਲੱਗਣ ਦੇ ਮੁਕਾਬਲੇ ਟੀਕਾ ਲਗਵਾਉਣ ਤੋਂ ਬਾਅਦ ਦੌਰੇ ਪੈਣ ਦੀ ਪੱਕੀ ਸਮੱਸਿਆ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।"
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਰ-ਵਾਰ ਐੱਮਐੱਮਆਰ ਟੀਕੇ 'ਤੇ ਸਵਾਲ ਚੁੱਕੇ ਹਨ ਅਤੇ ਸੁਝਾਅ ਦਿੱਤਾ ਹੈ ਕਿ ਬਚਪਨ ਦੇ ਟੀਕਿਆਂ ਦਾ ਸਬੰਧ ਔਟਿਜ਼ਮ ਨਾਲ ਹੋ ਸਕਦਾ ਹੈ। ਉਨ੍ਹਾਂ ਨੇ ਬਚਪਨ ਦੇ ਟੀਕਿਆਂ ਦੀ ਗਿਣਤੀ ਘਟਾਉਣ ਲਈ ਇੱਕ ਆਦੇਸ਼ 'ਤੇ ਦਸਤਖਤ ਕੀਤੇ ਅਤੇ ਐੱਮਐੱਮਆਰ ਟੀਕਿਆਂ ਨੂੰ ਵੱਖ-ਵੱਖ ਕਰਕੇ ਲਗਾਉਣ ਦੀ ਸਿਫ਼ਾਰਸ਼ ਕੀਤੀ, ਅਤੇ ਦਾਅਵਾ ਕੀਤਾ ਕਿ ਜਦੋਂ ਬੱਚਿਆਂ ਨੂੰ ਘੱਟ ਟੀਕੇ ਲੱਗਦੇ ਸਨ ਤਾਂ ਔਟਿਜ਼ਮ ਦੀਆਂ ਦਰਾਂ ਘੱਟ ਸਨ।
ਪਰ ਵੱਡੇ ਅਧਿਐਨਾਂ ਵਿੱਚ ਇਸ ਟੀਕੇ ਅਤੇ ਔਟਿਜ਼ਮ ਵਿਚਕਾਰ ਕੋਈ ਸਬੰਧ ਨਹੀਂ ਮਿਲਿਆ। ਜਿਸ ਅਧਿਐਨ ਕਾਰਨ ਪਹਿਲੀ ਵਾਰ ਇਹ ਚਿੰਤਾਵਾਂ ਉੱਠੀਆਂ ਸਨ, ਉਸ ਨੂੰ ਭਰੋਸੇਯੋਗ ਨਹੀਂ ਮੰਨਿਆ ਗਿਆ ਅਤੇ ਮੈਡੀਕਲ ਜਰਨਲ 'ਦਿ ਲੈਂਸੇਟ' ਨੇ 2010 ਵਿੱਚ ਉਸ ਨੂੰ ਵਾਪਸ ਲੈ ਲਿਆ।
ਟੀਕਿਆਂ ਬਾਰੇ ਗ਼ਲਤ ਜਾਣਕਾਰੀ ਦੀ ਪਛਾਣ ਕਿਵੇਂ ਕਰੀਏ?

ਤਸਵੀਰ ਸਰੋਤ, Getty Images
1. ਦਾਅਵਾ ਕੌਣ ਕਰ ਰਿਹਾ ਹੈ?
ਭਾਵੇਂ ਕੋਈ ਆਨਲਾਈਨ ਗੱਲ ਕਰ ਰਿਹਾ ਹੋਵੇ ਜਾਂ ਤੁਹਾਡੇ ਸਾਹਮਣੇ, ਸੋਚੋ ਕਿ ਉਹ ਕੌਣ ਹੈ। ਕੀ ਉਸ ਦੀ ਪੜ੍ਹਾਈ ਜਾਂ ਕੰਮ ਦਾ ਸਬੰਧ ਮੈਡੀਕਲ ਖੇਤਰ ਨਾਲ ਹੈ? ਟੀਕਿਆਂ ਬਾਰੇ ਗੱਲ ਕਰਨ ਲਈ ਉਸ ਕੋਲ ਕੀ ਯੋਗਤਾ ਹੈ? ਜੇ ਉਹ ਆਮ ਵਿਅਕਤੀ ਹੈ, ਤਾਂ ਕੀ ਉਹ ਦੱਸਦਾ ਹੈ ਕਿ ਉਸ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ?
2. ਕੀ ਹੋਰ ਸਰੋਤ ਵੀ ਇਸ ਦਾਅਵੇ ਦੀ ਪੁਸ਼ਟੀ ਕਰਦੇ ਹਨ?
ਕੀ ਇਹ ਦਾਅਵਾ ਹੋਰ ਕਿਤੇ ਵੀ ਕੀਤਾ ਗਿਆ ਹੈ, ਮਿਸਾਲ ਵਜੋਂ, ਕਿਸੇ ਹੋਰ ਅਧਿਐਨ ਵਿੱਚ?
ਕੋਲਾ-ਪਾਮਰ ਦੱਸਦੇ ਹਨ, "ਜੇਕਰ ਵੱਖ-ਵੱਖ ਦੇਸ਼ਾਂ, ਵੱਖ-ਵੱਖ ਸੰਸਥਾਵਾਂ ਅਤੇ ਵੱਖ-ਵੱਖ ਪਿਛੋਕੜਾਂ ਦੇ ਮਾਹਿਰ ਸਾਰੇ ਇੱਕੋ ਨਤੀਜੇ 'ਤੇ ਪਹੁੰਚਦੇ ਹਨ, ਤਾਂ ਇਹ ਅਕਸਰ ਕਿਸੇ ਇੱਕ ਸਰੋਤ ਨਾਲੋਂ ਵੱਧ ਭਰੋਸੇਮੰਦ ਹੁੰਦਾ ਹੈ।"
ਤੁਸੀਂ ਵਿਸ਼ਵ ਸਿਹਤ ਸੰਗਠਨ ਵਰਗੇ ਭਰੋਸੇਯੋਗ ਸਰੋਤਾਂ ਨਾਲ ਮਿਲਾ ਕੇ ਦਾਅਵਿਆਂ ਦੀ ਜਾਂਚ ਕਰ ਸਕਦੇ ਹੋ। ਇਹ ਸੰਗਠਨ ਦੁਨੀਆ ਭਰ ਦੇ ਸਿਹਤ ਮਾਹਿਰਾਂ ਨੂੰ ਇਕੱਠਾ ਕਰਦਾ ਹੈ ਅਤੇ ਵਿਗਿਆਨਕ ਸਬੂਤਾਂ ਦੇ ਆਧਾਰ 'ਤੇ ਸਲਾਹ ਦਿੰਦਾ ਹੈ।
3. ਕਿਸੇ ਸਿਹਤ ਮਾਹਿਰ ਨਾਲ ਗੱਲ ਕਰੋ
ਮਾਹਿਰਾਂ ਦੀ ਸਲਾਹ ਹੈ ਕਿ ਜੇ ਤੁਹਾਨੂੰ ਟੀਕਿਆਂ ਬਾਰੇ ਕੋਈ ਚਿੰਤਾ ਹੈ, ਤਾਂ ਸਿਰਫ਼ ਸੋਸ਼ਲ ਮੀਡੀਆ 'ਤੇ ਨਿਰਭਰ ਰਹਿਣ ਦੀ ਬਜਾਏ ਕਿਸੇ ਭਰੋਸੇਯੋਗ ਸਿਹਤ ਮਾਹਿਰ ਨਾਲ ਗੱਲ ਕਰੋ।
ਕੋਲਾ-ਪਾਮਰ ਸਮਝਾਉਂਦੇ ਹਨ ਕਿ ਟੀਕਾ ਲਗਵਾਉਣ ਬਾਰੇ ਲੋਕਾਂ ਦੇ ਫ਼ੈਸਲੇ ਵਿੱਚ ਭਰੋਸੇ ਦੀ ਅਹਿਮ ਭੂਮਿਕਾ ਹੁੰਦੀ ਹੈ।
"ਸਵਾਲ ਸ਼ਾਇਦ ਇਹ ਹੈ ਕਿ ਟੀਕੇ 'ਤੇ ਤੁਹਾਨੂੰ ਕਿੰਨਾ ਭਰੋਸਾ ਹੈ। ਪਰ ਇਸ ਤੋਂ ਵੀ ਬੁਨਿਆਦੀ ਸਵਾਲ ਇਹ ਹੈ ਕਿ ਕੀ ਤੁਹਾਨੂੰ ਉਨ੍ਹਾਂ ਲੋਕਾਂ 'ਤੇ ਭਰੋਸਾ ਹੈ ਜੋ ਤੁਹਾਨੂੰ ਦੱਸਦੇ ਹਨ ਕਿ ਟੀਕਾ ਸੁਰੱਖਿਅਤ ਹੈ?"
ਇਸ ਭਰੋਸੇ ਨੂੰ ਪਰਖਣ ਦਾ ਇੱਕ ਤਰੀਕਾ ਹੈ ਸਬੂਤਾਂ ਨੂੰ ਸਮਝਣਾ। ਯਾਨੀ ਇਹ ਜਾਣਨਾ ਕਿ ਟੀਕੇ ਕਿਵੇਂ ਕੰਮ ਕਰਦੇ ਹਨ ਅਤੇ ਮਨਜ਼ੂਰੀ ਮਿਲਣ ਤੋਂ ਪਹਿਲਾਂ ਉਨ੍ਹਾਂ ਨੂੰ ਸੁਰੱਖਿਆ ਦੀਆਂ ਕਿਹੜੀਆਂ ਜਾਂਚਾਂ ਵਿੱਚੋਂ ਲੰਘਣਾ ਪੈਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























