ਜ਼ੀਸ਼ਾਨ ਅਲੀ: ਕੌਣ ਹਨ ਪਾਕਿਸਤਾਨ ਦੇ ਪਹਿਲੇ ਪੁਲਾੜ ਯਾਤਰੀ ਜੋ ਚੀਨ ਦੀ ਮਦਦ ਨਾਲ ਪੁਲਾੜ ਵਿੱਚ ਗਏ

ਤਸਵੀਰ ਸਰੋਤ, x.com/CNSpaceStation
ਚੀਨ ਨੇ ਸ਼ੇਨਝੋਉ-24 ਮਨੁੱਖੀ ਪੁਲਾੜ ਮਿਸ਼ਨ ਦੇ ਦਲ ਦਾ ਅਧਿਕਾਰਕ ਐਲਾਨ ਕੀਤਾ। ਇਸ ਦਲ ਵਿੱਚ ਪਾਕਿਸਤਾਨ ਦੇ ਪੁਲਾੜ ਯਾਤਰੀ ਮੁਹੰਮਦ ਜ਼ੀਸ਼ਾਨ ਅਲੀ ਵੀ ਸ਼ਾਮਲ ਹਨ।
ਇਸ ਮਿਸ਼ਨ ਲਈ ਪਾਕਿਸਤਾਨ ਨੇ ਮੁਹੰਮਦ ਜ਼ੀਸ਼ਾਨ ਅਲੀ ਅਤੇ ਖੁਰਰਮ ਦਾਉਦ ਦੀ ਚੋਣ ਕੀਤੀ ਸੀ। ਦੋਵਾਂ ਨੇ ਚੀਨ ਵਿੱਚ ਆਪਣੀ ਟ੍ਰੇਨਿੰਗ ਪੂਰੀ ਕੀਤੀ ਹੈ।
ਹੁਣ ਮੁਹੰਮਦ ਜ਼ੀਸ਼ਾਨ ਅਲੀ ਨੂੰ ਇਸ ਮਿਸ਼ਨ ਲਈ ਅੰਤਿਮ ਤੌਰ 'ਤੇ ਚੁਣ ਲਿਆ ਗਿਆ ਹੈ।
ਉਹ ਪੇਲੋਡ ਸਪੈਸ਼ਲਿਸਟ ਵਜੋਂ ਚੀਨ ਦੇ ਤਿਆਨਗੋਂਗ ਪੁਲਾੜ ਸਟੇਸ਼ਨ 'ਤੇ ਜਾਣਗੇ, ਜਦਕਿ ਖੁਰਰਮ ਦਾਉਦ ਬੈਕਅੱਪ ਪੁਲਾੜ ਯਾਤਰੀ ਦੀ ਭੂਮਿਕਾ ਨਿਭਾਉਣਗੇ।
ਮੁਹੰਮਦ ਜ਼ੀਸ਼ਾਨ ਅਲੀ ਚੀਨ ਦੇ ਪੁਲਾੜ ਸਟੇਸ਼ਨ 'ਤੇ ਜਾਣ ਵਾਲੇ ਪਹਿਲੇ ਵਿਦੇਸ਼ੀ ਪੁਲਾੜ ਯਾਤਰੀ ਬਣ ਗਏ ਹਨ। ਇਹ ਚੀਨ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਤਹਿਤ ਚੀਨੀ ਅਤੇ ਵਿਦੇਸ਼ੀ ਪੁਲਾੜ ਯਾਤਰੀਆਂ ਦੀ ਪਹਿਲੀ ਸਾਂਝੀ ਪੁਲਾੜ ਉਡਾਣ ਹੈ।
ਜ਼ੀਸ਼ਾਨ ਅਲੀ ਚੀਨ ਦੇ ਤਿਆਨਗੋਂਗ ਪੁਲਾੜ ਸਟੇਸ਼ਨ 'ਤੇ ਕਈ ਦਿਨ ਬਿਤਾਉਣਗੇ। ਇਸ ਦੌਰਾਨ ਉਹ ਵਿਗਿਆਨਕ ਪ੍ਰਯੋਗਾਂ ਅਤੇ ਖੋਜ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ। ਮਿਸ਼ਨ ਪੂਰਾ ਹੋਣ ਤੋਂ ਬਾਅਦ ਉਹ ਸ਼ੇਨਝੋਉ-23 ਮਿਸ਼ਨ ਦੇ ਦੋ ਚੀਨੀ ਪੁਲਾੜ ਯਾਤਰੀਆਂ ਨਾਲ ਧਰਤੀ 'ਤੇ ਵਾਪਸ ਆਉਣਗੇ।
ਮੁਹੰਮਦ ਜ਼ੀਸ਼ਾਨ ਅਲੀ ਦਾ ਕਹਿਣਾ ਹੈ ਕਿ ਇਸ ਇਤਿਹਾਸਕ ਮਿਸ਼ਨ ਦਾ ਹਿੱਸਾ ਬਣਨਾ ਉਨ੍ਹਾਂ ਲਈ ਸਿਰਫ਼ ਇੱਕ ਨਿੱਜੀ ਉਪਲਬਧੀ ਨਹੀਂ, ਸਗੋਂ ਪੂਰੇ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਦਾ ਮੌਕਾ ਵੀ ਹੈ।
ਉਨ੍ਹਾਂ ਕਿਹਾ, "ਮੈਂ ਪਾਕਿਸਤਾਨੀ ਲੋਕਾਂ ਦੇ ਸੁਪਨਿਆਂ ਨੂੰ ਆਪਣੇ ਨਾਲ ਪੁਲਾੜ ਵਿੱਚ ਲੈ ਕੇ ਜਾ ਰਿਹਾ ਹਾਂ।"
ਜ਼ੀਸ਼ਾਨ ਅਲੀ ਦੀ ਟਰੇਨਿੰਗ

ਤਸਵੀਰ ਸਰੋਤ, Getty Images
ਇਸ ਸਾਲ ਚੀਨ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਤਹਿਤ ਪਾਕਿਸਤਾਨੀ ਉਮੀਦਵਾਰ ਵਜੋਂ ਚੁਣੇ ਜਾਣ ਤੋਂ ਬਾਅਦ ਮੁਹੰਮਦ ਜ਼ੀਸ਼ਾਨ ਅਲੀ ਨੇ ਚੀਨ ਵਿੱਚ ਕਈ ਮਹੀਨਿਆਂ ਤੱਕ ਵਿਸ਼ੇਸ਼ ਟ੍ਰੇਨਿੰਗ ਲਈ।
ਇਸ ਟ੍ਰੇਨਿੰਗ ਵਿੱਚ ਚੀਨੀ ਭਾਸ਼ਾ ਸਿੱਖਣਾ, ਪੁਲਾੜ ਯਾਨ ਦੇ ਸਿਸਟਮਾਂ ਨੂੰ ਸਮਝਣਾ, ਜ਼ੀਰੋ ਗ੍ਰੈਵਿਟੀ ਵਿੱਚ ਅਭਿਆਸ ਕਰਨਾ ਅਤੇ ਸਖ਼ਤ ਸਰੀਰਕ ਟ੍ਰੇਨਿੰਗ ਸ਼ਾਮਲ ਸੀ।
ਚੀਨ ਦੇ ਸਰਕਾਰੀ ਅਖ਼ਬਾਰ ਸ਼ੰਘਾਈ ਡੇਲੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਉਨ੍ਹਾਂ ਦਾ ਇੱਕ ਬਿਆਨ ਸਾਂਝਾ ਕੀਤਾ।
ਇਸ ਵਿੱਚ ਜ਼ੀਸ਼ਾਨ ਅਲੀ ਨੇ ਕਿਹਾ, "ਇੱਕ ਪਾਕਿਸਤਾਨੀ ਹੋਣ ਦੇ ਨਾਤੇ ਮੈਂ ਆਪਣੇ ਨਾਲ ਪਾਕਿਸਤਾਨ ਦੇ ਲੋਕਾਂ ਦੇ ਸੁਪਨੇ ਪੁਲਾੜ ਵਿੱਚ ਲੈ ਕੇ ਜਾ ਰਿਹਾ ਹਾਂ।"
ਉਨ੍ਹਾਂ ਅੱਗੇ ਕਿਹਾ, "ਚੀਨ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਸਾਡੇ ਤੋਂ ਬਹੁਤ ਉਮੀਦਾਂ ਹਨ। ਪੁਲਾੜ ਵਿੱਚ ਇਕੱਠੇ ਕੰਮ ਕਰਦਿਆਂ ਅਸੀਂ ਮਨੁੱਖਤਾ ਦੇ ਭਵਿੱਖ ਲਈ ਸਾਂਝੇ ਯਤਨ ਕਰ ਰਹੇ ਹਾਂ।"
ਸ਼ੰਘਾਈ ਡੇਲੀ ਮੁਤਾਬਕ, ਮੁਹੰਮਦ ਜ਼ੀਸ਼ਾਨ ਅਲੀ ਸ਼ੇਨਝੋਉ-24 ਮਿਸ਼ਨ ਦੌਰਾਨ ਪਾਕਿਸਤਾਨ ਵੱਲੋਂ ਚੁਣੇ ਗਏ ਚਾਰ ਵਿਗਿਆਨਕ ਪ੍ਰਯੋਗ ਅਤੇ ਟੈਸਟ ਪੂਰੇ ਕਰਨਗੇ।
'ਸੀਐਨ ਸਪੇਸ' ਨਾਮ ਦੇ ਐਕਸ ਹੈਂਡਲ 'ਤੇ ਸਾਂਝੇ ਕੀਤੇ ਇੱਕ ਇੰਟਰਵਿਊ ਵਿੱਚ ਜ਼ੀਸ਼ਾਨ ਅਲੀ ਨੇ ਆਪਣੀ ਟ੍ਰੇਨਿੰਗ ਦੇ ਤਜਰਬੇ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਲੜਾਕੂ ਜਹਾਜ਼ ਦੇ ਪਾਇਲਟ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕਠਿਨ ਸਰੀਰਕ ਅਤੇ ਤਕਨੀਕੀ ਟ੍ਰੇਨਿੰਗ ਵਿੱਚੋਂ ਲੰਘਣਾ ਪਿਆ।
ਉਨ੍ਹਾਂ ਕਿਹਾ, "ਮੈਂ ਸੈਂਟ੍ਰੀਫਿਊਜ ਟ੍ਰੇਨਿੰਗ, ਬਚਾਅ ਅਤੇ ਜੀਵਨ-ਰੱਖਿਆ ਦੀ ਟ੍ਰੇਨਿੰਗ ਅਤੇ ਐਮਰਜੈਂਸੀ ਪ੍ਰਕਿਰਿਆਵਾਂ ਦੀ ਰਿਹਰਸਲ ਕੀਤੀ। ਪਰ ਸਭ ਤੋਂ ਵੱਡੀ ਚੁਣੌਤੀ ਚੀਨੀ ਭਾਸ਼ਾ ਸਿੱਖਣਾ ਸੀ।"
ਉਨ੍ਹਾਂ ਦੇ ਮੁਤਾਬਕ, ਪੁਲਾੜ ਯਾਨ ਦੇ ਸਾਰੇ ਸਵਿੱਚ, ਸੌਫਟਵੇਅਰ, ਪ੍ਰੋਗਰਾਮ ਅਤੇ ਆਵਾਜ਼ ਰਾਹੀਂ ਦਿੱਤੀਆਂ ਜਾਣ ਵਾਲੀਆਂ ਘੋਸ਼ਣਾਵਾਂ ਚੀਨੀ ਭਾਸ਼ਾ ਵਿੱਚ ਹਨ। ਇਸ ਲਈ ਉਨ੍ਹਾਂ ਨੂੰ ਰੋਜ਼ਮਰਾ ਦੀ ਚੀਨੀ ਭਾਸ਼ਾ ਦੇ ਨਾਲ-ਨਾਲ ਤਕਨੀਕੀ ਸ਼ਬਦਾਵਲੀ ਵੀ ਸਿੱਖਣੀ ਪਈ।
ਆਪਣੇ ਚੀਨੀ ਸਾਥੀ ਪੁਲਾੜ ਯਾਤਰੀਆਂ ਬਾਰੇ ਗੱਲ ਕਰਦਿਆਂ ਜ਼ੀਸ਼ਾਨ ਅਲੀ ਨੇ ਕਿਹਾ ਕਿ ਉਹ ਖੁਦ ਨੂੰ ਖੁਸ਼ਕਿਸਮਤ ਮੰਨਦੇ ਹਨ ਕਿ ਉਨ੍ਹਾਂ ਨੂੰ ਅਜਿਹੇ ਸਹਿਯੋਗੀ ਮਿਲੇ ਹਨ, ਜੋ ਉਨ੍ਹਾਂ ਦੀ ਰਾਏ ਦਾ ਸਤਿਕਾਰ ਕਰਦੇ ਹਨ ਅਤੇ ਮਿਲ ਕੇ ਹਰ ਸਥਿਤੀ ਦਾ ਹੱਲ ਲੱਭਦੇ ਹਨ।
ਉਨ੍ਹਾਂ ਕਿਹਾ ਕਿ ਦਲ ਦੇ ਮੈਂਬਰਾਂ ਵਿਚਕਾਰ ਸਹਿਯੋਗ, ਆਪਸੀ ਸਮਝ ਅਤੇ ਦੋਸਤੀ ਪਾਕਿਸਤਾਨ ਅਤੇ ਚੀਨ ਦੇ ਰਿਸ਼ਤਿਆਂ ਨੂੰ ਦਰਸਾਉਂਦੀ ਹੈ।
ਪਾਕਿਸਤਾਨ ਦੇ ਕਿਹੜੇ ਵਿਗਿਆਨਕ ਪ੍ਰਯੋਗ ਹੋਣਗੇ ਸ਼ਾਮਲ?

ਤਸਵੀਰ ਸਰੋਤ, x.com/CNSpaceStation
ਮੁਹੰਮਦ ਜ਼ੀਸ਼ਾਨ ਅਲੀ ਦਾ ਕੰਮ ਸਿਰਫ਼ ਪੁਲਾੜ ਦੀ ਯਾਤਰਾ ਕਰਨਾ ਹੀ ਨਹੀਂ ਹੋਵੇਗਾ। ਉਨ੍ਹਾਂ ਨੂੰ ਉੱਥੇ ਪਾਕਿਸਤਾਨ ਵੱਲੋਂ ਚੁਣੇ ਗਏ ਵਿਗਿਆਨਕ ਪ੍ਰਯੋਗ ਵੀ ਕਰਨੇ ਹੋਣਗੇ।
ਪਾਕਿਸਤਾਨ ਦੀ ਪੁਲਾੜ ਏਜੰਸੀ 'ਸੁਪਾਰਕੋ' ਨੂੰ ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਤੋਂ 300 ਤੋਂ ਵੱਧ ਪ੍ਰਸਤਾਵ ਮਿਲੇ ਸਨ। ਇਨ੍ਹਾਂ ਵਿੱਚੋਂ ਚਾਰ ਪ੍ਰਯੋਗਾਂ ਨੂੰ ਚੀਨੀ ਮਾਹਿਰਾਂ ਨੇ ਇਸ ਮਿਸ਼ਨ ਲਈ ਚੁਣਿਆ।
ਇਹ ਪ੍ਰਯੋਗ ਮੁੱਖ ਤੌਰ 'ਤੇ ਬਾਇਓਟੈਕਨੋਲੋਜੀ ਨਾਲ ਸਬੰਧਿਤ ਹਨ। ਇਨ੍ਹਾਂ ਦਾ ਮਕਸਦ ਖੁਰਾਕ ਸੁਰੱਖਿਆ, ਜਲਵਾਯੂ ਤਬਦੀਲੀ ਅਤੇ ਭਵਿੱਖ ਵਿੱਚ ਪੁਲਾੜ ਖੋਜ ਨਾਲ ਜੁੜੇ ਖੇਤਰਾਂ ਵਿੱਚ ਨਵੀਂ ਜਾਣਕਾਰੀ ਹਾਸਲ ਕਰਨੀ ਹੈ।
ਇਨ੍ਹਾਂ ਪ੍ਰਯੋਗਾਂ ਦੀ ਤਿਆਰੀ ਦੇ ਨਾਲ-ਨਾਲ ਮਿਸ਼ਨ ਦੇ ਲਾਂਚ ਨਾਲ ਸਬੰਧਿਤ ਪ੍ਰਸ਼ਾਸਨਿਕ ਅਤੇ ਤਕਨੀਕੀ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਗਈਆਂ ਹਨ।
ਇਸ ਮਿਸ਼ਨ ਵਿੱਚ ਪਾਕਿਸਤਾਨੀ ਪੁਲਾੜ ਯਾਤਰੀ ਦੀ ਸ਼ਮੂਲੀਅਤ ਨੂੰ ਧਿਆਨ ਵਿੱਚ ਰੱਖਦਿਆਂ ਚੀਨ ਦੇ ਪੁਲਾੜ ਪ੍ਰੋਗਰਾਮ ਨਾਲ ਜੁੜੇ ਵਿਭਾਗਾਂ ਨੇ ਚੀਨੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਸੰਚਾਲਨ ਸਬੰਧੀ ਨਿਰਦੇਸ਼ ਤਿਆਰ ਕੀਤੇ ਹਨ।
ਇਸ ਤੋਂ ਇਲਾਵਾ, ਜ਼ੀਸ਼ਾਨ ਅਲੀ ਦੀਆਂ ਖਾਣ-ਪੀਣ ਸਬੰਧੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਲਈ ਹਲਾਲ ਪੁਲਾੜ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਟੈਸਟਿੰਗ ਅਤੇ ਲਾਂਚ ਨਾਲ ਜੁੜੀਆਂ ਸਾਰੀਆਂ ਲਾਜ਼ਮੀ ਸ਼ਰਤਾਂ ਪੂਰੀਆਂ ਕਰਨ ਲਈ ਤਾਪਮਾਨ ਅਤੇ ਨਮੀ 'ਤੇ ਲਗਾਤਾਰ ਨਜ਼ਰ ਰੱਖਣ ਵਾਲੀ ਇੱਕ ਸਮਾਰਟ ਪ੍ਰਣਾਲੀ ਦੀ ਵੀ ਵਰਤੋਂ ਕੀਤੀ ਗਈ।
ਚੀਨ ਦੇ ਸ਼ੇਨਝੋਉ-24 ਪੁਲਾੜ ਯਾਨ ਅਤੇ ਲਾਂਗ ਮਾਰਚ 2ਐਫ਼ ਰਾਕੇਟ ਨੂੰ 17 ਨਵੰਬਰ ਨੂੰ ਲਾਂਚ ਸਥਾਨ 'ਤੇ ਪਹੁੰਚਾ ਦਿੱਤਾ ਗਿਆ ਸੀ।
ਪੁਲਾੜ ਯਾਨ ਨੂੰ ਬੁੱਧਵਾਰ ਨੂੰ ਬੀਜਿੰਗ ਸਮੇਂ ਅਨੁਸਾਰ ਸਵੇਰੇ 8:18 ਵਜੇ ਉੱਤਰ-ਪੱਛਮੀ ਚੀਨ ਦੇ ਜਿਉਕੁਆਨ ਉਪਗ੍ਰਹਿ ਪ੍ਰੱਖੇਪਣ ਕੇਂਦਰ ਤੋਂ ਲਾਂਚ ਕੀਤਾ ਗਿਆ।
ਸ਼ੇਨਝੋਉ-24 ਮਿਸ਼ਨ ਦੀ ਕਮਾਨ ਚੀਨੀ ਪੁਲਾੜ ਯਾਤਰੀ ਤਾਂਗ ਹੋਂਗਬੋ ਸੰਭਾਲਣਗੇ। ਉਨ੍ਹਾਂ ਦੇ ਨਾਲ ਵੂ ਯੀ ਅਤੇ ਪਾਕਿਸਤਾਨੀ ਪੁਲਾੜ ਯਾਤਰੀ ਮੁਹੰਮਦ ਜ਼ੀਸ਼ਾਨ ਅਲੀ ਵੀ ਹੋਣਗੇ।
ਪਾਕਿਸਤਾਨ ਅਤੇ ਚੀਨ ਵਿਚਕਾਰ ਪੁਲਾੜ ਸਹਿਯੋਗ

ਤਸਵੀਰ ਸਰੋਤ, CCTV
ਇਹ ਮਿਸ਼ਨ ਪਾਕਿਸਤਾਨ ਅਤੇ ਚੀਨ ਵਿਚਾਲੇ ਕਈ ਸਾਲਾਂ ਤੋਂ ਚੱਲ ਰਹੇ ਪੁਲਾੜ ਸਹਿਯੋਗ ਦਾ ਹਿੱਸਾ ਹੈ। ਇਸ ਸਹਿਯੋਗ ਤਹਿਤ ਚੀਨ ਪਾਕਿਸਤਾਨ ਦੇ ਉਪਗ੍ਰਹਿਆਂ ਨੂੰ ਪੁਲਾੜ ਵਿੱਚ ਭੇਜ ਚੁੱਕਾ ਹੈ।
ਇਸ ਤੋਂ ਇਲਾਵਾ, 2028 ਦੇ ਆਸ-ਪਾਸ ਚੀਨ ਦੇ ਚਾਂਗ'ਈ-8 ਚੰਦਰ ਮਿਸ਼ਨ ਰਾਹੀਂ ਪਾਕਿਸਤਾਨ ਵਿੱਚ ਬਣਿਆ ਇੱਕ ਰੋਵਰ ਚੰਦਰਮਾ 'ਤੇ ਭੇਜਣ ਦੀ ਯੋਜਨਾ ਵੀ ਹੈ।
ਚੀਨ ਨੇ ਸਾਲ 2022 ਵਿੱਚ ਆਪਣੇ ਤਿਆਨਗੋਂਗ ਪੁਲਾੜ ਸਟੇਸ਼ਨ ਦਾ ਨਿਰਮਾਣ ਪੂਰਾ ਕਰ ਲਿਆ ਸੀ। ਹੁਣ ਉਹ ਆਪਣੇ ਪੁਲਾੜ ਪ੍ਰੋਗਰਾਮ ਵਿੱਚ ਹੋਰ ਦੇਸ਼ਾਂ ਨਾਲ ਸਾਂਝੇਦਾਰੀ ਵਧਾਉਣਾ ਚਾਹੁੰਦਾ ਹੈ।
ਚੀਨ ਦਾ ਟੀਚਾ ਸਾਲ 2030 ਤੱਕ ਆਪਣੇ ਪੁਲਾੜ ਯਾਤਰੀਆਂ ਨੂੰ ਚੰਦਰਮਾ 'ਤੇ ਉਤਾਰਨਾ ਵੀ ਹੈ।
ਪਾਕਿਸਤਾਨ ਕੋਲ ਮਨੁੱਖਾਂ ਨੂੰ ਪੁਲਾੜ ਵਿੱਚ ਭੇਜਣ ਲਈ ਆਪਣਾ ਮਨੁੱਖੀ ਪੁਲਾੜ ਯਾਨ ਜਾਂ ਰਾਕੇਟ ਨਹੀਂ ਹੈ। ਇਸ ਲਈ ਇਸ ਮਿਸ਼ਨ ਦੇ ਸਾਰੇ ਅਹਿਮ ਪੜਾਵਾਂ ਲਈ ਉਸ ਨੂੰ ਚੀਨ 'ਤੇ ਨਿਰਭਰ ਰਹਿਣਾ ਪਵੇਗਾ।
ਪਾਕਿਸਤਾਨੀ ਪੁਲਾੜ ਯਾਤਰੀ ਚੀਨੀ ਪੁਲਾੜ ਯਾਨ ਰਾਹੀਂ ਰਵਾਨਾ ਹੋਣਗੇ, ਚੀਨ ਵਿੱਚ ਟ੍ਰੇਨਿੰਗ ਲੈਣਗੇ ਅਤੇ ਚੀਨੀ ਮਾਹਿਰਾਂ ਦੀ ਨਿਗਰਾਨੀ ਹੇਠ ਪੁਲਾੜ ਸਟੇਸ਼ਨ 'ਤੇ ਕੰਮ ਕਰਨਗੇ।
ਖਬਰ ਏਜੰਸੀ ਰਾਇਟਰਜ਼ ਮੁਤਾਬਕ, ਪਾਕਿਸਤਾਨੀ ਪੁਲਾੜ ਯਾਤਰੀ ਪੁਲਾੜ ਸਟੇਸ਼ਨ 'ਤੇ ਕਰੀਬ ਇੱਕ ਹਫ਼ਤਾ ਬਿਤਾਉਣਗੇ। ਇਹ ਸਮਾਂ ਚੀਨੀ ਪੁਲਾੜ ਯਾਤਰੀਆਂ ਵੱਲੋਂ ਆਮ ਤੌਰ 'ਤੇ ਉੱਥੇ ਬਿਤਾਏ ਜਾਣ ਵਾਲੇ ਛੇ ਮਹੀਨਿਆਂ ਦੇ ਮੁਕਾਬਲੇ ਕਾਫ਼ੀ ਘੱਟ ਹੈ।
ਜ਼ੀਸ਼ਾਨ ਅਲੀ ਮਈ ਵਿੱਚ ਪੁਲਾੜ ਸਟੇਸ਼ਨ 'ਤੇ ਪਹੁੰਚੇ ਚੀਨੀ ਦਲ ਦੇ ਦੋ ਮੈਂਬਰਾਂ ਨਾਲ ਧਰਤੀ 'ਤੇ ਵਾਪਸ ਆਉਣਗੇ। ਇਸ ਦਲ ਦਾ ਤੀਜਾ ਮੈਂਬਰ ਮਨੁੱਖੀ ਸਰੀਰ 'ਤੇ ਲੰਬੇ ਸਮੇਂ ਤੱਕ ਪੁਲਾੜ ਵਿੱਚ ਰਹਿਣ ਦੇ ਪ੍ਰਭਾਵਾਂ ਦਾ ਅਧਿਐਨ ਕਰਨ ਲਈ ਕਰੀਬ ਇੱਕ ਸਾਲ ਤੱਕ ਸਟੇਸ਼ਨ 'ਤੇ ਰਹੇਗਾ।
ਰਾਇਟਰਜ਼ ਮੁਤਾਬਕ, ਹੁਣ ਤੱਕ ਦੁਨੀਆ ਦੇ ਕਰੀਬ 50 ਦੇਸ਼ਾਂ ਦੇ ਨਾਗਰਿਕ ਪੁਲਾੜ ਦੀ ਯਾਤਰਾ ਕਰ ਚੁੱਕੇ ਹਨ। ਹਾਲਾਂਕਿ, ਆਪਣੇ ਬਣਾਏ ਪੁਲਾੜ ਯਾਨਾਂ ਰਾਹੀਂ ਮਨੁੱਖਾਂ ਨੂੰ ਪੁਲਾੜ ਵਿੱਚ ਭੇਜਣ ਦੀ ਸਮਰੱਥਾ ਸਿਰਫ਼ ਰੂਸ, ਅਮਰੀਕਾ ਅਤੇ ਚੀਨ ਕੋਲ ਹੈ।
ਅਜਿਹੇ ਵਿੱਚ ਚੀਨ ਵੱਲੋਂ ਪਾਕਿਸਤਾਨ ਨੂੰ ਆਪਣੇ ਪੁਲਾੜ ਸਟੇਸ਼ਨ 'ਤੇ ਪੁਲਾੜ ਯਾਤਰੀ ਭੇਜਣ ਦਾ ਮੌਕਾ ਦੇਣਾ ਇੱਕ ਅਹਿਮ ਘਟਨਾਕ੍ਰਮ ਮੰਨਿਆ ਜਾ ਰਿਹਾ ਹੈ।
ਜ਼ੀਸ਼ਾਨ ਅਲੀ ਅਤੇ ਖੁਰਰਮ ਦਾਊਦ ਬਾਰੇ ਪਾਕਿਸਤਾਨੀ ਮੰਤਰੀ ਨੇ ਕੀ ਕਿਹਾ?

ਤਸਵੀਰ ਸਰੋਤ, SUPARCO
ਪਾਕਿਸਤਾਨ ਦੇ ਯੋਜਨਾ ਮੰਤਰੀ ਅਹਸਾਨ ਇਕਬਾਲ ਨੇ ਸ਼ੇਨਝੋਉ-24 ਮਿਸ਼ਨ ਲਈ ਚੁਣੇ ਜਾਣ 'ਤੇ ਮੁਹੰਮਦ ਜ਼ੀਸ਼ਾਨ ਅਲੀ ਨੂੰ ਵਧਾਈ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਜ਼ੀਸ਼ਾਨ ਅਲੀ ਚੀਨ ਦੇ ਮਨੁੱਖੀ ਪੁਲਾੜ ਮਿਸ਼ਨ ਦੇ ਦਲ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਅੰਤਰਰਾਸ਼ਟਰੀ ਪੁਲਾੜ ਯਾਤਰੀ ਹਨ। ਉਹ ਚੀਨ ਦੇ ਤਿਆਨਗੋਂਗ ਪੁਲਾੜ ਸਟੇਸ਼ਨ 'ਤੇ ਜਾਣ ਵਾਲੇ ਪਹਿਲੇ ਵਿਦੇਸ਼ੀ ਪੁਲਾੜ ਯਾਤਰੀ ਵੀ ਹੋਣਗੇ।
ਅਹਸਾਨ ਇਕਬਾਲ ਨੇ ਖੁਰਰਮ ਦਾਉਦ ਦੀ ਵੀ ਸ਼ਲਾਘਾ ਕੀਤੀ। ਖੁਰਰਮ ਉਨ੍ਹਾਂ ਦੋ ਪਾਕਿਸਤਾਨੀ ਉਮੀਦਵਾਰਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਟ੍ਰੇਨਿੰਗ ਦੇ ਆਖ਼ਰੀ ਪੜਾਅ ਤੱਕ ਆਪਣੀ ਜਗ੍ਹਾ ਬਣਾਈ ਸੀ।
ਮੰਤਰੀ ਦੇ ਮੁਤਾਬਕ, ਦੋਵਾਂ ਉਮੀਦਵਾਰਾਂ ਦੀ ਚੋਣ ਪਾਕਿਸਤਾਨ ਦੇ ਸਭ ਤੋਂ ਵਧੀਆ ਪਾਇਲਟਾਂ ਅਤੇ ਵਿਗਿਆਨੀਆਂ ਵਿੱਚੋਂ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਦੋਵਾਂ ਨੇ ਸੈਂਟ੍ਰੀਫਿਊਜ ਅਤੇ ਸਿਮੂਲੇਟਰ ਟ੍ਰੇਨਿੰਗ, ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਦੇ ਅਭਿਆਸ ਅਤੇ ਨਵੀਂ ਭਾਸ਼ਾ ਸਿੱਖਣ ਸਮੇਤ ਕਈ ਮੁਸ਼ਕਲ ਟ੍ਰੇਨਿੰਗਾਂ ਸਫਲਤਾਪੂਰਵਕ ਪੂਰੀਆਂ ਕੀਤੀਆਂ। ਇਸ ਦੌਰਾਨ ਦੋਵਾਂ ਨੇ ਆਪਣੀਆਂ ਅਸਾਧਾਰਣ ਸਮਰੱਥਾਵਾਂ ਦਾ ਵੀ ਪ੍ਰਦਰਸ਼ਨ ਕੀਤਾ।
ਅਹਸਾਨ ਇਕਬਾਲ ਨੇ ਕਿਹਾ ਕਿ ਭਾਵੇਂ ਮੁਹੰਮਦ ਜ਼ੀਸ਼ਾਨ ਅਲੀ ਨੂੰ ਪੁਲਾੜ ਵਿੱਚ ਜਾਣ ਵਾਲੇ ਪਹਿਲੇ ਪਾਕਿਸਤਾਨੀ ਪੁਲਾੜ ਯਾਤਰੀ ਵਜੋਂ ਚੁਣਿਆ ਗਿਆ ਹੈ, ਪਰ ਖੁਰਰਮ ਦਾਉਦ ਨੇ ਵੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਾਕਿਸਤਾਨ ਦਾ ਨਾਮ ਰੌਸ਼ਨ ਕੀਤਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























