ਕੌਣ ਹਨ ਓਨਟਾਰੀਓ ਲਿਬਰਲ ਪਾਰਟੀ ਦੇ ਨਵੇਂ ਆਗੂ ਨਵਦੀਪ ਸਿੰਘ ਬੈਂਸ, ਕੀ ਹਨ ਇਸ ਪੰਜਾਬੀ ਆਗੂ ਦੀ ਅਗਵਾਈ ਦੇ ਸਿਆਸੀ ਮਾਅਨੇ

ਤਸਵੀਰ ਸਰੋਤ, Facebook/NavdeepBains
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਨਟਾਰੀਓ ਵਿੱਚ ਲਿਬਰਲ ਪਾਰਟੀ ਦੀ ਕਮਾਨ ਪੰਜਾਬੀ ਮੂਲ ਦੇ ਨਵਦੀਪ ਸਿੰਘ ਬੈਂਸ ਦੇ ਹੱਥ ਵਿੱਚ ਆ ਗਈ ਹੈ। ਕੈਨੇਡਾ ਦੇ ਦਸ ਸੂਬਿਆਂ ਵਿਚੋਂ ਓਨਟਾਰੀਓ ਆਬਾਦੀ ਪੱਖੋਂ ਸਭ ਤੋਂ ਵੱਡਾ ਸੂਬਾ ਹੈ ਅਤੇ ਇਸ ਦੀ ਆਪਣੀ ਰਾਜਨੀਤਿਕ ਅਹਿਮੀਅਤ ਵੀ ਹੈ।
ਇੱਥੇ ਹੁਣ ਵਿਰੋਧੀ ਧਿਰ ਦੀ ਲਿਬਰਲ ਪਾਰਟੀ ਦੇ ਆਗੂ ਨਵਦੀਪ ਸਿੰਘ ਬੈਂਸ ਹੋਣਗੇ। ਲਿਬਰਲ ਪਾਰਟੀ ਦੀ ਕਰੀਬ ਨੌਂ ਮਹੀਨੇ ਚੱਲੀ ਲੀਡਰਸ਼ਿਪ ਦੌੜ ਵਿੱਚ ਬਾਜ਼ੀ ਆਖ਼ਰਕਾਰ ਨਵਦੀਪ ਬੈਂਸ ਦੇ ਹੱਥ ਲੱਗੀ।
ਪਾਰਟੀ ਦੀ ਤਿੰਨ ਗੇੜਾਂ ਵਾਲੀ ਚੋਣ ਵਿੱਚ ਨਵਦੀਪ ਸਿੰਘ ਬੈਂਸ ਨੇ ਆਖਰੀ ਗੇੜ ਵਿੱਚ ਲਗਭਗ 50.3 ਫੀਸਦੀ ਵੋਟਾਂ ਹਾਸਲ ਕਰਕੇ ਆਪਣੀ ਸਹਿਯੋਗੀ ਉਮੀਦਵਾਰ ਲੀ ਫੇਅਰਕਲੌ ਨੂੰ ਪਛਾੜ ਦਿੱਤਾ।
ਨਵਦੀਪ ਸਿੰਘ ਬੈਂਸ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਜ਼ਦੀਕੀ ਰਹੇ ਹਨ ਅਤੇ ਉਨ੍ਹਾਂ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ (ਨਵੀਨਤਾ, ਵਿਗਿਆਨ ਅਤੇ ਉਦਯੋਗ) ਦੇ ਅਹੁਦੇ 'ਤੇ ਰਹੇ।
2021 ਵਿੱਚ ਉਨ੍ਹਾਂ ਨੇ ਫੈਡਰਲ ਸਿਆਸਤ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਨਿੱਜੀ ਖੇਤਰ ਵਿੱਚ ਉੱਚੇ ਅਹੁਦਿਆਂ 'ਤੇ ਕੰਮ ਕੀਤਾ। ਹੁਣ ਓਨਟਾਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਜਿੱਤ ਕੇ ਉਨ੍ਹਾਂ ਨੇ ਮੁੜ ਤੋਂ ਸੂਬਾਈ ਪੱਧਰ ਉਤੇ ਸਿਆਸੀ ਮੈਦਾਨ ਵਿੱਚ ਵਾਪਸੀ ਕੀਤੀ ਹੈ।
ਪਰਿਵਾਰਕ ਪਿਛੋਕੜ

ਤਸਵੀਰ ਸਰੋਤ, Facebook/NavdeepBains
ਨਵਦੀਪ ਸਿੰਘ ਬੈਂਸ ਦਾ ਪਰਿਵਾਰਕ ਪਿਛੋਕੜ ਮੂਲ ਰੂਪ ਵਿੱਚ ਭਾਰਤ ਦੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਨਾਲ ਹੈ। ਇਥੋਂ ਹੀ ਉਹਨਾਂ ਦੇ ਪਿਤਾ ਕੈਨੇਡਾ ਵਿੱਚ ਰੋਜੀ ਰੋਟੀ ਲਈ ਆਏ ਸਨ। ਮਿਸੀਸਾਗਾ ਨਾਲ ਸਬੰਧਤ ਨਵਦੀਪ ਸਿੰਘ ਬੈਂਸ ਦੀ ਪਤਨੀ ਬ੍ਰਹਮਜੋਤ ਬੈਂਸ ਅਤੇ ਦੋ ਧੀਆਂ ਨਾਨਕੀ ਕੌਰ ਤੇ ਕਿਰਪਾ ਕੌਰ ਹਨ।
ਹੁਣ ਓਨਟਾਰੀਓ ਲਿਬਰਲ ਪਾਰਟੀ ਦਾ ਆਗੂ ਚੁਣੇ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਜਿਥੇ ਉਹਨਾਂ ਆਪਣੀ ਅਗਾਮੀ ਸਿਆਸਤ ਦੀ ਗੱਲ ਕੀਤੀ, ਉਥੇ ਹੀ ਆਪਣੇ ਪਰਿਵਾਰਕ ਪਿਛੋਕੜ ਦਾ ਵੀ ਵੇਰਵਾ ਦਿੱਤਾ।
ਨਵਦੀਪ ਬੈਂਸ ਮੁਤਾਬਕ ਉਨ੍ਹਾਂ ਦੇ ਮਾਪੇ (ਪਿਤਾ ਹਰਮਿੰਦਰ ਸਿੰਘ ਬੈਂਸ ਅਤੇ ਮਾਤਾ ਬਲਵਿੰਦਰ ਕੌਰ ਬੈਂਸ) ਲਗਭਗ 50 ਸਾਲ ਪਹਿਲਾਂ ਭਾਰਤ ਦੇ ਰਾਜਸਥਾਨ ਸੂਬੇ ਤੋਂ ਕੁਝ ਡਾਲਰ ਲੈ ਕੇ ਕੈਨੇਡਾ ਆਏ ਸਨ।
ਉਹਨਾਂ ਮੁਤਾਬਕ ਪਿਤਾ ਨੇ ਪਹਿਲਾਂ ਮਜ਼ਦੂਰੀ ਕੀਤੀ ਅਤੇ ਫਿਰ ਕਿਚਨ ਕੈਬਨਿਟ ਦਾ ਕੰਮ ਸਿੱਖ ਕੇ ਕੈਨੇਡਾ ਵਿੱਚ ਆਪਣੇ ਸੰਘਰਸ਼ ਦੀ ਇਬਾਰਤ ਲਿਖੀ। ਉਹਨਾਂ ਮੁਤਾਬਕ ਪਿਤਾ ਦਿਨ ਵਿੱਚ ਕੰਮ ਕਰਦੇ ਸਨ ਅਤੇ ਮਾਤਾ ਰਾਤ ਸਮੇਂ ਫੈਕਟਰੀ ਵਿੱਚ ਮਜ਼ਦੂਰੀ ਕੰਮ ਕਰਕੇ ਉਹਨਾਂ ਦੇ ਪਿਤਾ ਦਾ ਸਾਥ ਦਿੰਦੇ ਰਹੇ।
ਨਵਦੀਪ ਸਿੰਘ ਬੈਂਸ ਮੁਤਾਬਕ ਮਾਤਾ ਅਤੇ ਪਿਤਾ ਦੀ ਮਿਹਨਤ ਦੇ ਨਾਲ ਉਹਨਾਂ ਚੰਗੀ ਸਿੱਖਿਆ ਹਾਸਲ ਕੀਤੀ।
ਨਵਦੀਪ ਸਿੰਘ ਬੈਂਸ ਨੇ 2004 ਵਿੱਚ ਆਪਣੇ ਸਿਆਸੀ ਸਫਰ ਦੀ ਸੁਰਆਤ ਕੀਤੀ ਸੀ ਅਤੇ 2021 ਵਿੱਚ ਉਨ੍ਹਾਂ ਪਰਿਵਾਰਕ ਕਾਰਨਾਂ ਕਰਕੇ ਸਿਆਸਤ ਤੋਂ ਪਾਸਾ ਵੱਟ ਲਿਆ ਤੇ ਨਿੱਜੀ ਖੇਤਰ ਵਿੱਚ ਕੰਮ ਕਰਨ ਲੱਗੇ।
ਸਿਆਸਤ ਤੋਂ ਲਾਂਬੇ ਹੋਣ ਤੋਂ ਬਾਅਦ ਉਨ੍ਹਾਂ ਪਹਿਲਾਂ ਇੱਕ ਨਿੱਜੀ ਬੈਂਕ ਦੇ ਉੱਚ ਅਹੁਦੇ 'ਤੇ ਕੰਮ ਕੀਤਾ ਤੇ ਫਿਰ ਉਹ ਕੈਨੇਡਾ ਦੀ ਸੰਚਾਰ ਪ੍ਰਣਾਲੀ ਦੇ ਖੇਤ ਵਿੱਚ ਉੱਘੀ ਕੰਪਨੀ 'ਚ ਕਾਰਪੋਰੇਟ ਮਾਮਲਿਆਂ ਦੇ ਮੁਖੀ ਵਜੋਂ ਸੇਵਾ ਨਿਭਾਉਣ ਲੱਗੇ।
ਨਵਦੀਪ ਬੈਂਸ ਦਾ ਰਾਜਨੀਤਿਕ ਸਫਰ

ਤਸਵੀਰ ਸਰੋਤ, Facebook/NavdeepBains
ਨਵਦੀਪ ਸਿੰਘ ਬੈਂਸ ਨੇ ਐਮ.ਬੀ.ਏ. ਕਰਨ ਤੋਂ ਬਾਅਦ 2004 ਵਿੱਚ ਸਿਆਸਤ ਵਿੱਚ ਪ੍ਰਵੇਸ਼ ਕੀਤਾ। ਉਹ ਮਿਸੀਸਾਗਾ ਖੇਤਰ ਤੋਂ 13 ਸਾਲ ਤੱਕ ਐਮ.ਪੀ. ਰਹੇ ਅਤੇ ਦੋ ਵਾਰ ਕੈਬਨਿਟ ਮੰਤਰੀ ਬਣੇ। ਛੋਟੇ ਨਾਮ 'ਨਵ' ਨਾਲ ਮਸ਼ਹੂਰ ਬੈਂਸ ਬਾਸਕਟਬਾਲ ਦੇ ਸ਼ੌਕੀਨ ਹਨ।
ਨਵਦੀਪ ਬੈਂਸ ਨੇ ਆਪਣੀ ਵੈੱਬਸਾਈਟ ਉੱਤੇ ਦਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਵਿੰਡਸਰ ਇਲਾਕੇ ਵਿੱਚ ਪੜਾਈ ਕਰਨ ਤੋਂ ਬਾਅਦ ਓਕਵਿਲ ਇਲਾਕੇ ਦੇ ਆਟੋ ਸੈਕਟਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਸਿਆਸੀ ਪਾਰੀ ਦੀ ਸ਼ੁਰੂਆਤ ਮਿਸੀਸਾਗਾ ਇਲਾਕੇ ਤੋਂ ਐਮ ਪੀ ਵਜੋਂ ਕੀਤੀ, ਇਸ ਇਲਾਕੇ ਤੋਂ ਉਨ੍ਹਾਂ ਨੇ ਲਗਾਤਾਰ 13 ਸਾਲ ਕੈਨੇਡੀਅਨ ਸੰਸਦ ਵਿੱਚ ਨੁਮਾਇੰਦਗੀ ਕੀਤੀ। ਇਸ ਦੌਰਾਨ ਉਹ ਦੋ ਵਾਰ ਕੈਬਨਿਟ ਮੰਤਰੀ ਵੀ ਰਹੇ।
ਗੁਰਸਿੱਖ ਪਰਿਵਾਰ ਨਾਲ ਸਬੰਧਤ ਨਵਦੀਪ ਸਿੰਘ ਬੈਂਸ ਆਪਣੀ ਪਤਨੀ ਅਤੇ ਦੋ ਧੀਆਂ ਨਾਲ ਉਹ ਮਿਸੀਸਾਗਾ ਇਲਾਕੇ ਵਿੱਚ ਰਹਿੰਦੇ ਹਨ। ਛੋਟੇ ਨਾਮ 'ਨਵ' ਨਾਲ ਕੈਨੇਡੀਅਨ ਰਾਜਨੀਤੀ ਵਿੱਚ ਮਸ਼ਹੂਰ ਨਵਦੀਪ ਬੈਂਸ ਬਾਸਕਟਬਾਲ ਖੇਡ ਦੇ ਸ਼ੌਕੀਨ ਹਨ।
ਹੁਣ ਬੈਂਸ ਦੀ ਜ਼ਿੰਮੇਵਾਰੀ ਅਗਲੀਆਂ ਸੂਬਾਈ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਨ ਦੀ ਹੋਵੇਗੀ। ਹਾਲਾਂਕਿ, ਹੋ ਸਕਦਾ ਹੈ ਕਿ ਚੋਣਾਂ 2030 ਤੱਕ ਨਾ ਹੋਣ।
ਪ੍ਰਧਾਨਗੀ ਦੀ ਚੋਣ ਜਿੱਤਣ ਤੋਂ ਬਾਅਦ ਨਵਦੀਪ ਸਿੰਘ ਬੈਂਸ ਨੇ ਆਖਿਆ "ਓਨਟਾਰੀਓ ਨੇ ਉਨ੍ਹਾਂ ਦੇ ਮਾਪਿਆਂ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਮੌਕੇ ਦਿੱਤੇ, ਪਰ ਹੁਣ ਉਨ੍ਹਾਂ ਨੂੰ ਚਿੰਤਾ ਹੈ ਕਿ ਅਜਿਹੇ ਮੌਕੇ ਅਗਲੀ ਪੀੜ੍ਹੀ ਲਈ ਘੱਟ ਹੁੰਦੇ ਜਾ ਰਹੇ ਹਨ।
ਉਨ੍ਹਾਂ ਕਿਹਾ, ਮੇਰੇ ਮਿਸੀਸਾਗਾ ਭਾਈਚਾਰੇ ਦੇ ਹਰ ਚਾਰ ਵਿੱਚੋਂ ਇਕ ਵਿਅਕਤੀ ਅਜਿਹਾ ਹੈ, ਜੋ ਫੂਡ ਬੈਂਕ ਤੋਂ ਮਦਦ ਲੈਂਦਾ ਹੈ। ਇਹ ਉਹ ਲੋਕ ਹਨ, ਜਿਨ੍ਹਾਂ ਕੋਲ ਨੌਕਰੀ ਹੈ, ਕਈਆਂ ਕੋਲ ਇਕ ਤੋਂ ਵੱਧ ਨੌਕਰੀਆਂ ਹਨ। ਉਹ ਨਿਯਮਾਂ ਮੁਤਾਬਕ ਮਿਹਨਤ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਆਰਥਿਕ ਹਾਲਤ ਲਗਾਤਾਰ ਖ਼ਰਾਬ ਹੋ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਸੂਬਾਈ ਸਰਕਾਰ ਨੇ ਲੋਕਾਂ ਦੇ ਹੱਕਾਂ ਲਈ ਲੜਨਾ ਛੱਡ ਦਿੱਤਾ ਹੈ।
ਲਿਬਰਲ ਪਾਰਟੀ ਵੱਲੋਂ ਵਧਾਈ

ਤਸਵੀਰ ਸਰੋਤ, X/Navdeepbains
ਲਿਬਰਲ ਪਾਰਟੀ ਨੇ ਵੀ ਨਵਦੀਪ ਬੈਂਸ ਨੂੰ ਓਨਟਾਰੀਓ ਵਿੱਚ ਪਾਰਟੀ ਪ੍ਰਧਾਨ ਬਣਨ ਉੱਤੇ ਵਧਾਈ ਦਿੱਤੀ ਹੈ। ਲਿਬਰਲ ਪਾਰਟੀ ਦੇ ਐਕਸ ਉੱਤੇ ਆਪਣੇ ਅਧਿਕਾਰਤ ਖਾਤੇ ਉੱਤੇ ਲਿਖਿਆ ਹੈ ਕਿ "ਨਵਦੀਪ ਬੈਂਸ ਦੇ ਓਨਟਾਰੀਓ ਲਿਬਰਲ ਪਾਰਟੀ ਦੇ ਨਵੇਂ ਆਗੂ ਚੁਣੇ ਜਾਣ ਉੱਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ, ਇਹ ਸਾਡੀ ਪਾਰਟੀ ਲਈ ਇੱਕ ਨਵਾਂ ਅਧਿਆਇ ਹੈ ਅਤੇ ਅਸੀਂ ਮਿਲ ਕੇ ਇਸ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਹਾਂ।
ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਨਵਦੀਪ ਬੈਂਸ ਨੂੰ ਵਧਾਈ ਦਿੰਦਿਆਂ ਐਕਸ ਉੱਤੇ ਲਿਖਿਆ ਹੈ " ਨਵਦੀਪ ਬੈਂਸ ਨੂੰ ਓਨਟਾਰੀਓ ਲਿਬਰਲ ਪਾਰਟੀ ਦਾ ਆਗੂ ਚੁਣੇ ਜਾਣ 'ਤੇ ਬਹੁਤ-ਬਹੁਤ ਵਧਾਈ! ਸੰਸਦ ਵਿੱਚ 'ਨਵ' ਨਾਲ ਮਿਲ ਕੇ ਕੰਮ ਕਰਦਿਆਂ, ਮੈਂ ਕੈਨੇਡੀਅਨ ਲੋਕਾਂ ਦੀ ਸੇਵਾ ਕਰਨ ਪ੍ਰਤੀ ਉਨ੍ਹਾਂ ਦੇ ਜਜ਼ਬੇ ਅਤੇ ਸਮਰਪਣ ਨੂੰ ਨੇੜਿਉਂ ਦੇਖਿਆ ਹੈ। "
ਵੱਡੇ ਕੰਮਾਂ ਨੂੰ ਨੇਪਰੇ ਚਾੜ੍ਹਨ ਦੀ ਉਨ੍ਹਾਂ ਦੀ ਸਾਬਤ ਹੋ ਚੁੱਕੀ ਸਮਰੱਥਾ, ਉਨ੍ਹਾਂ ਦੇ ਤਜਰਬੇ ਅਤੇ ਨਤੀਜੇ ਦੇਣ 'ਤੇ ਉਨ੍ਹਾਂ ਦੇ ਅਟੱਲ ਧਿਆਨ ਦਾ ਲਾਭ ਯਕੀਨਨ ਸੂਬੇ ਦੇ ਲੋਕਾਂ ਨੂੰ ਮਿਲੇਗਾ।
ਸੂਬੇ ਦੇ ਪ੍ਰੀਮੀਅਰ ਡਗ ਫ਼ੋਰਡ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਪਾ ਕੇ ਬੈਂਸ ਨੂੰ ਜਿੱਤ ਦੀ ਵਧਾਈ ਦਿੱਤੀ।
ਫ਼ੋਰਡ ਨੇ ਕਿਹਾ, ਓਨਟਾਰੀਓ ਦੇ ਪਰਿਵਾਰ ਸਾਡੇ ਤੋਂ ਉਮੀਦ ਕਰ ਰਹੇ ਹਨ ਕਿ ਅਸੀਂ ਮਿਲ ਕੇ ਕੰਮ ਕਰੀਏ ਅਤੇ ਪਾਰਟੀ ਨਾਲੋਂ ਸੂਬੇ ਦੇ ਹਿੱਤਾਂ ਨੂੰ ਪਹਿਲ ਦੇਈਏ, ਤਾਂ ਜੋ ਅਸੀਂ ਅਮਰੀਕੀ ਟੈਰਿਫ਼ਾਂ ਦਾ ਸਾਹਮਣਾ ਕਰ ਸਕੀਏ, ਕਾਮਿਆਂ ਦੇ ਹਿੱਤਾਂ ਦੀ ਰਾਖੀ ਕਰ ਸਕੀਏ ਅਤੇ ਲੋਕਾਂ ਲਈ ਜ਼ਿੰਦਗੀ ਨੂੰ ਹੋਰ ਕਿਫ਼ਾਇਤੀ ਬਣਾ ਸਕੀਏ। ਮੈਂ ਇਸ ਕੰਮ ਨੂੰ ਅੱਗੇ ਵੀ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ।
ਨਵਦੀਪ ਬੈਂਸ ਦੇ ਸੂਬਾਈ ਪ੍ਰਧਾਨ ਬਣਨ ਦੇ ਰਾਜਨੀਤਿਕ ਮਾਅਨੇ

ਤਸਵੀਰ ਸਰੋਤ, Facebook/NavdeepBains
ਕੈਨੇਡਾ ਦੇ ਦਸ ਸੂਬੇ ਹਨ ਅਤੇ ਓਨਟਾਰੀਓ ਕੈਨੇਡਾ ਦਾ ਸਭ ਤੋਂ ਵੱਡਾ ਸੂਬਾ ਹੈ ਅਤੇ ਇਸੀ ਸੂਬੇ ਵਿੱਚ ਪੰਜਾਬੀ ਭਾਈਚਾਰੇ ਦੀ ਭਰਵੀਂ ਵਸੋਂ ਹੈ।
ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀ ਭਾਈਚਾਰੇ ਦੇ ਦਬਦਬੇ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਥੋਂ ਦੀ ਸੰਸਦੀ ਚੋਣਾਂ ਵਿੱਚ ਓਨਟਾਰੀਓ ਸੂਬੇ ਵਿੱਚ ਸਾਰੀਆਂ ਹੀ ਪਾਰਟੀਆਂ ਪੰਜਾਬੀਆਂ ਵੋਟਰਾਂ ਦੀ ਅਹਿਮੀਅਤ ਨੂੰ ਜਾਣ ਕੇ ਉਮੀਦਵਾਰ ਵੀ ਇਸੀ ਭਾਈਚਾਰੇ ਵਿਚੋਂ ਉਤਾਰਦੇ ਹਨ ਅਤੇ ਕਈ ਵਾਰ ਇੱਕ ਸੀਟ ਉੱਤੇ ਤਿਕੋਣੀ ਟੱਕਰ ਵੀ ਦੇਖਣ ਨੂੰ ਮਿਲਦੀ ਹੈ।
ਮੌਜੂਦਾ ਸਮੇਂ ਵਿੱਚ ਓਨਟਾਰੀਓ ਸੂਬੇ ਤੋਂ ਮਨਿੰਦਰ ਸਿੱਧੂ ਕੈਨੇਡਾ ਦੇ ਕੈਬਨਿਟ ਮੰਤਰੀ ਹਨ।
ਓਨਟਾਰੀਓ ਸੂਬੇ ਵਿੱਚ ਲੰਮੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਸਰਗਰਮ ਅਮਰ ਸਿੰਘ ਭੁੱਲਰ ਮੁਤਾਬਕ ਨਵਦੀਪ ਸਿੰਘ ਬੈਂਸ ਦਾ ਲਿਬਰਲ ਪਾਰਟੀ ਦਾ ਸੂਬਾਈ ਪ੍ਰਧਾਨ ਬਣਨ ਦੇ ਕਈ ਰਾਜਨੀਤਿਕ ਮਾਅਨੇ ਹਨ।
ਉਨ੍ਹਾਂ ਆਖਿਆ ਕਿ ਇਹ ਠੀਕ ਹੈ ਇਸ ਸੂਬੇ ਵਿੱਚ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿੰਦਾ ਹੈ ਪਰ ਪ੍ਰਧਾਨਗੀ ਦੀ ਚੋਣ ਵਿੱਚ ਬੈਂਸ ਨੂੰ ਵੋਟਾਂ ਦੂਜੇ ਭਾਈਚਾਰੇ ਦੇ ਲੋਕਾਂ ਦੀਆਂ ਜ਼ਿਆਦਾ ਪਈਆਂ ਹਨ।
ਉਨ੍ਹਾਂ ਮੁਤਾਬਕ ਸੂਬਾਈ ਚੋਣਾਂ ਵਿੱਚ ਭਾਵੇਂ ਅਜੇ ਕਾਫ਼ੀ ਵਕਤ ਪਿਆ ਹੈ ਪਰ ਲਿਬਰਲ ਪਾਰਟੀ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਵਿੱਚ ਕਾਫ਼ੀ ਅਹਿਮੀਅਤ ਇੱਥੇ ਰਹਿਣ ਵਾਲਾ ਪੰਜਾਬੀ ਭਾਈਚਾਰਾ ਵੀ ਹੈ।
ਯਾਦ ਰਹੇ ਓਨਟਾਰੀਓ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਹੈ ਅਤੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਹਨ। ਇਹ ਪਾਰਟੀ ਲਗਾਤਾਰ 2018 ਤੋਂ ਸੱਤਾ ਵਿੱਚ ਹੈ ਅਤੇ 2025 ਦੀਆਂ ਚੋਣਾਂ ਵਿੱਚ ਵੀ ਬਹੁਮਤ ਹਾਸਲ ਕੀਤਾ ਸੀ।
ਮਿਸੀਸਾਗਾ ਵਿੱਚ ਰਹਿਣ ਵਾਲੇ ਅਜੈਬ ਸਿੰਘ ਸਰਾਂ ਮੁਤਾਬਕ ਇਹ ਠੀਕ ਹੈ ਕਿ ਨਵਦੀਪ ਬੈਂਸ ਜਿੱਤ ਗਏ ਹਨ ਪਰ ਉਨ੍ਹਾਂ ਸਾਹਮਣੇ ਕਈ ਚੁਣੌਤੀਆਂ ਵੀ ਹਨ। ਉਨ੍ਹਾਂ ਮੁਤਾਬਕ ਲਿਬਰਲ ਵੱਲੋਂ ਪ੍ਰਧਾਨਗੀ ਦੀ ਰੇਸ ਵਿੱਚ ਕਈ ਹੋਰ ਉਮੀਦਵਾਰ ਵੀ ਸਨ, ਪਰ ਬੈਂਸ ਦਾ ਰਾਜਨੀਤਿਕ ਪ੍ਰੋਫਾਇਲ ਉਨ੍ਹਾਂ ਤੋਂ ਜ਼ਿਆਦਾ ਸੀ ਇਸ ਕਰ ਕੇ ਉਹ ਚੋਣ ਜਿੱਤਣ ਵਿੱਚ ਕਾਮਯਾਬ ਹੋ ਗਏ।
ਉਨ੍ਹਾਂ ਨਵਦੀਪ ਬੈਂਸ ਦੀਆਂ ਚੁਣੌਤੀਆਂ ਦੀ ਗੱਲ ਕਰਦੇ ਹੋਏ ਆਖਿਆ ਕਿ ਉਨ੍ਹਾਂ ਕੋਲ ਫ਼ਿਲਹਾਲ ਕੋਈ ਵੀ ਸੰਵਿਧਾਨਕ ਅਹੁਦਾ ਨਹੀਂ ਹੈ, ਇਸ ਕਰ ਕੇ ਉਹ ਵਿਧਾਨ ਸਭਾ ਵਿੱਚ ਮੌਜੂਦਾ ਪ੍ਰੀਮੀਅਰ ਡੱਗ ਫੋਰਡ ਲਈ ਕੋਈ ਖ਼ਾਸ ਚੁਣੌਤੀ ਪੇਸ਼ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਕੈਨੇਡਾ ਦੇ ਕਾਰੋਬਾਰ ਜਗਤ ਇਸ ਸਮੇਂ ਮੰਦੀ ਦੀ ਹਾਲਤ ਵਿੱਚ ਹੈ ਅਤੇ ਓਨਟਾਰੀਓ ਸੂਬਾ ਕੈਨੇਡਾ ਦਾ ਪ੍ਰਮੁੱਖ ਉਦਯੋਗਿਕ ਵੀ ਹੱਬ ਹੈ, ਇਸ ਕਰ ਕੇ ਉਨ੍ਹਾਂ ਅੱਗੇ ਇਹ ਚੁਣੌਤੀ ਹੋਵੇਗੀ ਕਿ ਕਾਰੋਬਾਰੀ ਦੀਆਂ ਦਿੱਕਤਾਂ ਨੂੰ ਉਹ ਕਿਵੇਂ ਹੱਲ ਕਰਨਗੇ।
ਨਵਦੀਪ ਬੈਂਸ ਤੋਂ ਪਹਿਲਾਂ ਪੰਜਾਬੀ ਮੂਲ ਦੇ ਉੱਜਲ ਦੁਸਾਂਝ (ਨਿਊ ਡੈਮੋਕਰੈਟਿਕ ਪਾਰਟੀ ਤੋਂ) ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਰਹਿ ਚੁੱਕੇ ਹਨ। ਉਹ ਇਸ ਅਹੁਦੇ ਉੱਤੇ 24 ਫਰਵਰੀ 2000 ਤੋਂ 5 ਜੂਨ 2001 ਤੱਕ ਰਹੇ ਸਨ। ਇਸ ਤੋਂ ਇਲਾਵਾ ਨਿਊ ਡੈਮੋਕਰੈਟਿਕ ਪਾਰਟੀ (ਐਨਡੀਪੀ) ਦੇ ਕੌਮੀ ਪ੍ਰਧਾਨ ਦੇ ਅਹੁਦੇ ਉਤੇ ਜਗਮੀਤ ਸਿੰਘ ਰਹਿ ਚੁੱਕੇ ਹਨ। ਫੈਡਰਲ ਚੋਣਾਂ ਵਿੱਚ ਹਾਰ ਤੋਂ ਬਾਅਦ ਉਹਨਾਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































