ਧਰਤੀ ਲਈ ਖ਼ਤਰਨਾਕ ਐਸਟੇਰਾਇਡ ਦਾ ਰਾਹ ਬਦਲਣ ਦੀ ਪਹਿਲੀ ਕੋਸ਼ਿਸ਼ ਹੋਈ, ਇਸ ਦੇ ਸਿੱਟੇ ਕੀ ਨਿਕਲੇ

ਤਸਵੀਰ ਸਰੋਤ, ESA
- ਲੇਖਕ, ਰੇਬੇਕਾ ਮੋਰੇਲ, ਐਲਿਸਨ ਫ੍ਰਾਂਸਿਸ ਅਤੇ ਟੋਨੀ ਜੋਲੀਫ
- ਰੋਲ, ਬੀਬੀਸੀ ਸਾਇੰਸ ਟੀਮ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਨਾਸਾ ਵੱਲੋਂ ਜਾਣ ਬੁੱਝ ਕੇ ਟੱਕਰ ਮਾਰ ਕੇ ਨਸ਼ਟ ਕੀਤੇ ਗਏ ਇੱਕ ਐਸਟੇਰਾਇਡ ਦੀਆਂ ਪਹਿਲੀਆਂ ਤਸਵੀਰਾਂ ਵਿੱਚ ਇਸ ਦੀ ਸਤ੍ਹਾ ਉੱਤੇ ਇੱਕ ਸਟੇਡੀਅਮ ਜਿੰਨਾ ਵੱਡਾ ਟੋਆ ਦਿਖਾਈ ਦਿੱਤਾ ਹੈ।
ਇਹ ਵੱਡਾ ਨੁਕਸਾਨ ਉਦੋਂ ਹੋਇਆ, ਜਦੋਂ 2022 ਵਿੱਚ ਨਾਸਾ ਦੇ ਇੱਕ ਪੁਲਾੜ ਯਾਨ ਨੂੰ ਡਿਮੋਰਫੋਸ (Dimorphos) ਨਾਮ ਦੇ ਐਸਟੇਰਾਇਡ ਨਾਲ ਟੱਕਰ ਮਾਰੀ ਗਈ। ਇਸ ਐਸਟੇਰਾਇਡ ਤੋਂ ਕੋਈ ਖ਼ਤਰਾ ਨਹੀਂ ਸੀ, ਪਰ ਇਹ ਸਾਡੇ ਗ੍ਰਹਿ ਸੁਰੱਖਿਆ ਪ੍ਰਬੰਧਾਂ ਦੀ ਪਰਖ ਸੀ, ਤਾਂ ਜੋ ਇਹ ਦੇਖਿਆ ਜਾ ਸਕੇ ਕਿ ਕੀ ਪੁਲਾੜ ਵਿੱਚ ਮੌਜੂਦ ਕਿਸੇ ਚੱਟਾਨ ਦਾ ਰਾਹ ਬਦਲਣਾ ਸੰਭਵ ਹੈ।
ਚਾਰ ਸਾਲ ਬਾਅਦ, ਯੂਰਪੀਅਨ ਸਪੇਸ ਏਜੰਸੀ (ਏਐੱਸਏ) ਦਾ ਹੇਰਾ (Hera) ਨਾਮ ਦਾ ਇੱਕ ਪੁਲਾੜ ਯਾਨ ਟੱਕਰ ਵਾਲੀ ਥਾਂ ਦਾ ਬਾਰੀਕੀ ਨਾਲ ਅਧਿਐਨ ਕਰ ਰਿਹਾ ਹੈ, ਤਾਂ ਜੋ ਇਸ ਟੱਕਰ ਤੋਂ ਬਾਅਦ ਹੋਏ ਨੁਕਸਾਨ ਦਾ ਪੂਰਾ ਜਾਇਜ਼ਾ ਲਿਆ ਜਾ ਸਕੇ।
ਹੇਰਾ ਦੀ ਵਿਗਿਆਨਕ ਟੀਮ ਵਿੱਚ ਸ਼ਾਮਲ ਗ੍ਰਹਿ ਵਿਗਿਆਨੀ ਡਾਕਟਰ ਸਬੀਨਾ ਰਾਡੂਕਨ ਨੇ ਕਿਹਾ, "ਇਹ ਟੋਆ ਲਗਭਗ ਖ਼ੁਦ ਇਸ ਪੁਲਾੜੀ ਪਿੰਡ ਜਿੰਨਾ ਵੱਡਾ ਹੈ, ਜੋ ਸੱਚਮੁੱਚ ਬੇਹੱਦ ਹੈਰਾਨੀਜਨਕ ਹੈ।"
ਉਨ੍ਹਾਂ ਕਿਹਾ, "ਇਹ ਦੱਸਣਾ ਮੁਸ਼ਕਲ ਹੈ ਕਿ ਆਖ਼ਰਕਾਰ ਇਹ ਦੇਖਣ ਦਾ ਮੌਕਾ ਮਿਲਣ 'ਤੇ ਕਿੰਨਾ ਉਤਸ਼ਾਹ ਮਹਿਸੂਸ ਹੋ ਰਿਹਾ ਹੈ ਕਿ ਅਸਲ ਵਿੱਚ ਕੀ ਵਾਪਰਿਆ ਸੀ। ਇਸ ਦਾ ਅਧਿਐਨਕਰਤਾ ਹੋਣ ਨਾਤੇ ਮੈਂ ਇਹ ਵੀ ਕਹਿ ਸਕਦੀ ਹਾਂ ਕਿ ਇਹ ਬਹੁਤ ਖ਼ੂਬਸੂਰਤ ਹੈ।"
2022 ਵਿੱਚ ਇਹ ਮੁੱਢਲਾ ਟੱਕਰ ਪ੍ਰੀਖਣ ਨਾਸਾ ਦੇ ਡਾਰਟ (Dart) ਨਾਮ ਦੇ ਇੱਕ ਪੁਲਾੜ ਯਾਨ ਰਾਹੀਂ ਕੀਤਾ ਗਿਆ ਸੀ, ਜੋ 14,000 ਮੀਲ ਪ੍ਰਤੀ ਘੰਟਾ (22,000 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਡਿਮੋਰਫੋਸ ਨਾਲ ਜਾ ਟਕਰਾਇਆ ਸੀ।
ਟੱਕਰ ਨੇ ਬਦਲਿਆ ਰਾਹ

ਤਸਵੀਰ ਸਰੋਤ, ESA
ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਤੋਂ ਨਿਕਲੇ ਮਲਬੇ ਦੀ ਤਕਰੀਬਨ 6,200 ਮੀਲ (10,000 ਕਿਲੋਮੀਟਰ) ਲੰਮੀ ਲਕੀਰ ਨੂੰ ਧਰਤੀ ਅਤੇ ਪੁਲਾੜ ਵਿੱਚ ਮੌਜੂਦ ਦੂਰਬੀਨਾਂ ਰਾਹੀਂ ਦੇਖਿਆ ਗਿਆ।
ਡਿਮੋਰਫੋਸ ਲਗਭਗ 150 ਮੀਟਰ (500 ਫੁੱਟ) ਚੌੜਾ ਹੈ ਅਤੇ ਇਸ ਨੂੰ ਨਿਸ਼ਾਨਾ ਬਣਾਉਣ ਲਈ ਅੰਸ਼ਕ ਤੌਰ 'ਤੇ ਇਸ ਕਰਕੇ ਚੁਣਿਆ ਗਿਆ ਸੀ ਕਿਉਂਕਿ ਇਹ ਐਸਟੇਰਾਇਡਾਂ ਦੇ ਇੱਕ ਜੋੜੇ ਵਿੱਚੋਂ ਇੱਕ ਹੈ। ਇਹ ਡਿਡੀਮੋਸ ਨਾਮ ਦੇ ਇੱਕ ਵੱਡੇ ਪੁਲਾੜੀ ਪਿੰਡ ਦੇ ਦੁਆਲੇ ਚੱਕਰ ਲਾਉਂਦਾ ਹੈ, ਜਿਸ ਦੀ ਚੌੜਾਈ ਲਗਭਗ 730 ਮੀਟਰ (2,400 ਫੁੱਟ) ਹੈ।
ਇਸ ਟੱਕਰ ਨੇ ਦਿਖਾਇਆ ਕਿ ਛੋਟੇ ਐਸਟੇਰਾਇਡ ਦਾ ਰਾਹ ਬਦਲਣਾ ਸੰਭਵ ਹੈ।
ਟੱਕਰ ਤੋਂ ਪਹਿਲਾਂ ਡਿਮੋਰਫੋਸ ਨੂੰ ਡਿਡੀਮੋਸ ਦਾ ਇੱਕ ਚੱਕਰ ਪੂਰਾ ਕਰਨ ਵਿੱਚ 11 ਘੰਟੇ ਅਤੇ 55 ਮਿੰਟ ਲੱਗਦੇ ਸਨ। ਟੱਕਰ ਤੋਂ ਬਾਅਦ ਇਸ ਦੇ ਚੱਕਰ ਦੀ ਮਿਆਦ ਲਗਭਗ 33 ਮਿੰਟ ਘੱਟ ਗਈ।
ਹੇਰਾ ਪੁਲਾੜ ਯਾਨ ਦੇ ਇਸ ਥਾਂ 'ਤੇ ਪਹੁੰਚਣ ਨਾਲ ਵਿਗਿਆਨੀਆਂ ਨੂੰ ਕਈ ਹੋਰ ਸਵਾਲਾਂ ਦੇ ਜਵਾਬ ਲੱਭਣ ਵਿੱਚ ਮਦਦ ਮਿਲ ਰਹੀ ਹੈ।
ਇਸ ਟੱਕਰ ਨੇ ਨਾ ਸਿਰਫ਼ ਡਿਮੋਰਫੋਸ ਦੀ ਸ਼ਕਲ ਬਦਲੀ, ਸਗੋਂ ਇਸ ਦੀ ਗਤੀ ਦੇ ਤਰੀਕੇ ਵਿੱਚ ਵੀ ਤਬਦੀਲੀ ਲਿਆਂਦੀ।
ਰਾਡੂਕਨ ਨੇ ਦੱਸਿਆ, "ਡਾਰਟ ਦੀ ਟੱਕਰ ਤੋਂ ਪਹਿਲਾਂ ਡਿਮੋਰਫੋਸ ਸਾਡੇ ਚੰਦਰਮਾ ਵਰਗਾ ਸੀ। ਇਸ ਲਈ ਇਹ ਹਮੇਸ਼ਾ ਆਪਣਾ ਇੱਕੋ ਪਾਸਾ ਡਿਡੀਮੋਸ ਵੱਲ ਰੱਖਦਾ ਸੀ ਅਤੇ ਇਸ ਦੀ ਗਤੀ ਕਾਫ਼ੀ ਸਥਿਰ ਸੀ।"
ਉਨ੍ਹਾਂ ਕਿਹਾ, "ਹੁਣ ਇਸ ਦੀ ਗਤੀ ਬਹੁਤ ਜ਼ਿਆਦਾ ਅਸਥਿਰ ਹੋ ਗਈ ਹੈ। ਇਹ ਲਗਾਤਾਰ ਡੋਲ ਰਿਹਾ ਹੈ। ਕਲਪਨਾ ਕਰੋ ਕਿ ਤੁਸੀਂ ਇੱਕ ਖਾਲੀ ਡੱਬਾ ਪੌੜੀਆਂ ਤੋਂ ਹੇਠਾਂ ਸੁੱਟਦੇ ਹੋ ਅਤੇ ਉਹ ਡੱਬਾ ਲੁੜਕਦਾ ਹੋਇਆ ਅੱਗੇ ਵਧਦਾ ਹੈ। ਅਸਲ ਵਿੱਚ ਡਿਮੋਰਫੋਸ ਇਸ ਸਮੇਂ ਡਿਡੀਮੋਸ ਦੇ ਦੁਆਲੇ ਇਸੇ ਤਰ੍ਹਾਂ ਘੁੰਮ ਰਿਹਾ ਹੈ।"
ਪੁਲਾੜੀ ਪਿੰਡਾਂ ਦੀਆਂ ਤਸਵੀਰਾਂ

ਤਸਵੀਰ ਸਰੋਤ, NASA/Hubble Space Telescope
ਹੇਰਾ ਨੇ ਡਿਡੀਮੋਸ ਦੀਆਂ ਵਿਸਥਾਰਪੂਰਵਕ ਤਸਵੀਰਾਂ ਵੀ ਖਿੱਚੀਆਂ ਹਨ, ਜਿਨ੍ਹਾਂ ਵਿੱਚ ਇਸ ਦੀ ਸਤ੍ਹਾ ਸਾਫ਼ ਦਿਖਾਈ ਦੇ ਰਹੀ ਹੈ।
ਹੇਰਾ ਮਿਸ਼ਨ ਦੀ ਟੀਮ ਵਿੱਚ ਸ਼ਾਮਲ ਨਾਓਮੀ ਮਰਡੌਕ ਨੇ ਕਿਹਾ, "ਡਿਡੀਮੋਸ ਦੀ ਸਤ੍ਹਾ 'ਤੇ ਗੁਰੂਤਾ ਖਿੱਚ ਧਰਤੀ ਦੇ ਮੁਕਾਬਲੇ ਲਗਭਗ 40,000 ਗੁਣਾ ਘੱਟ ਹੈ।"
ਉਨ੍ਹਾਂ ਕਿਹਾ, "ਅਸੀਂ ਪਹਿਲਾਂ ਹੀ ਕੁਝ ਦਿਲਚਸਪ ਅਤੇ ਗੁੰਝਲਦਾਰ ਭੂਗੋਲਿਕ ਬਣਤਰਾਂ ਦੇਖ ਸਕਦੇ ਹਾਂ। ਸਾਨੂੰ ਵੱਡੇ-ਵੱਡੇ ਪੱਥਰਾਂ ਵਾਲੇ ਖੇਤਰ ਵੀ ਦਿਖਾਈ ਦੇ ਰਹੇ ਹਨ।"
"ਇਨ੍ਹਾਂ ਤਸਵੀਰਾਂ ਵਿੱਚ ਅਸੀਂ ਸਭ ਤੋਂ ਛੋਟੇ ਆਕਾਰ ਦੀਆਂ ਜਿਹੜੀਆਂ ਚੀਜ਼ਾਂ ਦੇਖ ਸਕਦੇ ਹਾਂ, ਉਹ ਲਗਭਗ 3 ਮੀਟਰ ਦੀਆਂ ਹਨ। ਇਸ ਦਾ ਮਤਲਬ ਹੈ ਕਿ ਤੁਹਾਨੂੰ ਇਨ੍ਹਾਂ ਤਸਵੀਰਾਂ ਵਿੱਚ ਆਪਣੀਆਂ ਅੱਖਾਂ ਨਾਲ ਜਿਹੜੇ ਵੀ ਵੱਡੇ ਪੱਥਰ ਦਿਖਾਈ ਦੇ ਰਹੇ ਹਨ, ਉਹ ਘੱਟੋ-ਘੱਟ 3 ਮੀਟਰ ਵੱਡੇ ਹਨ ਅਤੇ ਕੁਝ ਦਾ ਆਕਾਰ 10 ਮੀਟਰ ਤੱਕ ਹੈ।"
"ਇਸ ਲਈ ਅਸੀਂ ਇੱਥੇ ਕਾਰਾਂ ਅਤੇ ਬੱਸਾਂ ਦੇ ਆਕਾਰ ਦੇ ਪੱਥਰ ਇੱਕ ਅਜਿਹੇ ਪੁਲਾੜੀ ਪਿੰਡ 'ਤੇ ਦੇਖ ਰਹੇ ਹਾਂ, ਜਿੱਥੇ ਗੁਰੂਤਾ ਖਿੱਚ ਲਗਭਗ ਨਾ ਦੇ ਬਰਾਬਰ ਹੈ।"
ਹੇਰਾ ਮਿਸ਼ਨ ਅਗਲੇ ਛੇ ਮਹੀਨੇ ਡਿਮੋਰਫੋਸ ਅਤੇ ਡਿਡੀਮੋਸ ਦਾ ਅਧਿਐਨ ਕਰਨ ਵਿੱਚ ਬਿਤਾਏਗਾ ਅਤੇ ਹੋਰ ਉੱਚ ਰੈਜ਼ੋਲਿਊਸ਼ਨ ਵਾਲੀਆਂ ਤਸਵੀਰਾਂ ਵਧੇਰੇ ਨੇੜਿਓਂ ਖਿੱਚ ਕੇ ਧਰਤੀ 'ਤੇ ਭੇਜੇਗਾ।
ਯੂਰਪੀਅਨ ਪੁਲਾੜ ਏਜੰਸੀ ਦੇ ਹੇਰਾ ਮਿਸ਼ਨ ਦੇ ਪ੍ਰਮੁੱਖ ਜਾਂਚਕਰਤਾ ਪੈਟ੍ਰਿਕ ਮਿਸ਼ੇਲ ਨੇ ਕਿਹਾ, "ਹੇਰਾ ਇੱਕ ਤਰ੍ਹਾਂ ਨਾਲ ਇੰਸਪੈਕਟਰ ਕੋਲੰਬੋ ਵਾਂਗ ਹੈ, ਜੋ ਇਸ ਟੱਕਰ ਦੇ ਨਤੀਜਿਆਂ ਦੀ ਜਾਂਚ ਕਰਨ ਲਈ ਮੁੜ ਹਾਦਸੇ ਵਾਲੀ ਥਾਂ 'ਤੇ ਪਹੁੰਚਿਆ ਹੈ।"
ਇਹ ਪੁਲਾੜ ਯਾਨ ਕਈ ਤਰ੍ਹਾਂ ਦੇ ਯੰਤਰਾਂ ਨਾਲ ਲੈਸ ਹੈ। ਇਸ ਦੇ ਨਾਲ ਜੁੱਤੀਆਂ ਦੇ ਡੱਬਿਆਂ ਦੇ ਆਕਾਰ ਦੇ ਦੋ ਉਪਗ੍ਰਹਿ ਵੀ ਹਨ, ਜੋ ਟੱਕਰ ਵਾਲੀ ਥਾਂ ਦਾ ਨੇੜਿਓਂ ਅਧਿਐਨ ਕਰ ਸਕਦੇ ਹਨ ਅਤੇ ਬਾਅਦ ਵਿੱਚ ਐਸਟੇਰਾਇਡ 'ਤੇ ਉਤਰ ਵੀ ਸਕਦੇ ਹਨ।
ਪਰ ਹੇਰਾ ਵੱਲੋਂ ਖਿੱਚੀਆਂ ਗਈਆਂ ਪਹਿਲੀਆਂ ਤਸਵੀਰਾਂ ਨੇ ਇੱਕ ਨਵੀਂ ਚੁਣੌਤੀ ਵੀ ਸਾਹਮਣੇ ਲਿਆਂਦੀ ਹੈ। ਡਿਮੋਰਫੋਸ ਅਤੇ ਡਿਡੀਮੋਸ ਪੁਲਾੜ ਵਿੱਚ ਸੈਂਕੜੇ ਵੱਡੇ ਪੱਥਰਾਂ ਨਾਲ ਘਿਰੇ ਹੋਏ ਘੁੰਮ ਰਹੇ ਹਨ। ਇਨ੍ਹਾਂ ਪੱਥਰਾਂ ਦਾ ਆਕਾਰ ਕੁਝ ਦਹਾਕੇ ਸੈਂਟੀਮੀਟਰ ਤੋਂ ਲੈ ਕੇ ਇੱਕ ਮੀਟਰ ਤੱਕ ਹੈ।
ਧਰਤੀ ਦੀ ਸੁਰੱਖਿਆ ਲਈ ਚੁਣੌਤੀ

ਤਸਵੀਰ ਸਰੋਤ, NASA/Johns Hopkins APL
ਇਸ ਪੱਥਰਾਂ ਵਾਲੇ ਖੇਤਰ ਵਿੱਚੋਂ ਪੁਲਾੜ ਯਾਨ ਅਤੇ ਕਿਊਬ ਸੈਟੇਲਾਈਟਾਂ ਨੂੰ ਚਲਾਉਣਾ ਖ਼ਾਸ ਤੌਰ 'ਤੇ ਚੁਣੌਤੀਪੂਰਨ ਹੋਵੇਗਾ।
ਇੱਕ ਅਹਿਮ ਕੰਮ ਡਿਮੋਰਫੋਸ ਦੇ ਪੁੰਜ ਨੂੰ ਮਾਪਣਾ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਪੁਲਾੜ ਯਾਨ ਵੱਲੋਂ ਮਾਰੀ ਗਈ ਟੱਕਰ ਕਿੰਨੀ ਪ੍ਰਭਾਵਸ਼ਾਲੀ ਰਹੀ।
ਜੇਕਰ ਭਵਿੱਖ ਵਿੱਚ ਸਾਨੂੰ ਕੋਈ ਅਜਿਹੀ ਪੁਲਾੜੀ ਚੱਟਾਨ ਦਿਖਾਈ ਦਿੰਦੀ ਹੈ, ਜਿਸ ਦੇ ਧਰਤੀ ਨਾਲ ਟਕਰਾਉਣ ਦਾ ਖ਼ਤਰਾ ਹੋਵੇ, ਤਾਂ ਇਹ ਜਾਣਕਾਰੀ ਬੇਹੱਦ ਅਹਿਮ ਸਾਬਤ ਹੋਵੇਗੀ।
ਹੇਰਾ ਦੀ ਵਿਗਿਆਨਕ ਟੀਮ ਵਿੱਚ ਸ਼ਾਮਲ ਗ੍ਰਹਿ ਵਿਗਿਆਨੀ ਪ੍ਰੋਫੈਸਰ ਸਾਈਮਨ ਗ੍ਰੀਨ ਨੇ ਕਿਹਾ, "ਇਸ ਨਾਲ ਸਾਨੂੰ ਇਹ ਅੰਦਾਜ਼ਾ ਲਗਾਉਣ ਵਿੱਚ ਮਦਦ ਮਿਲੇਗੀ ਕਿ ਜੇਕਰ ਸਾਨੂੰ ਕਿਸੇ ਹੋਰ ਐਸਟੇਰਾਇਡ ਨਾਲ ਟੱਕਰ ਮਾਰਨੀ ਪਈ ਤਾਂ ਕੀ ਹੋਵੇਗਾ।"
ਉਨ੍ਹਾਂ ਕਿਹਾ, "ਅਸੀਂ ਇਸ ਦੀਆਂ ਵਿਸ਼ੇਸ਼ਤਾਵਾਂ ਮਾਪ ਸਕਾਂਗੇ ਅਤੇ ਕਹਿ ਸਕਾਂਗੇ ਕਿ ਧਰਤੀ ਨਾਲ ਟਕਰਾਉਣ ਤੋਂ ਬਚਾਉਣ ਲਈ ਇਸ ਦਾ ਰਾਹ ਬਦਲਣ ਵਾਸਤੇ ਸਾਨੂੰ ਇੰਨੇ ਪੁੰਜ ਵਾਲੇ ਪੁਲਾੜ ਯਾਨ ਦੀ ਲੋੜ ਹੈ, ਜੋ ਇੰਨੀ ਰਫ਼ਤਾਰ ਨਾਲ ਅਤੇ ਇੰਨਾ ਸਮਾਂ ਪਹਿਲਾਂ ਟੱਕਰ ਮਾਰੇ।"
ਐਸਟੇਰਾਇਡ ਸਾਡੇ ਗ੍ਰਹਿ ਲਈ ਇੱਕ ਵੱਡਾ ਖ਼ਤਰਾ ਹਨ।
ਸਭ ਤੋਂ ਵੱਡੇ ਐਸਟੇਰਾਇਡ, ਜਿਨ੍ਹਾਂ ਦਾ ਵਿਆਸ ਇੱਕ ਕਿਲੋਮੀਟਰ ਤੋਂ ਵੱਧ ਹੈ, ਦੁਨੀਆ ਭਰ ਵਿੱਚ ਭਾਰੀ ਤਬਾਹੀ ਮਚਾ ਸਕਦੇ ਹਨ। ਪਰ ਡਿਮੋਰਫੋਸ ਦੇ ਆਕਾਰ ਦੇ ਦਰਮਿਆਨੇ ਐਸਟੇਰਾਇਡ ਵੀ ਕਿਸੇ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਸਕਦੇ ਹਨ।

ਡਾਰਟ ਅਤੇ ਹੇਰਾ ਦੋਵਾਂ ਮਿਸ਼ਨਾਂ 'ਤੇ ਕੰਮ ਕਰ ਚੁੱਕੇ ਜੌਨਸ ਹੌਪਕਿਨਜ਼ ਅਪਲਾਈਡ ਫਿਜ਼ਿਕਸ ਲੈਬਾਰਟਰੀ ਦੀ ਕੈਰੋਲਿਨ ਅਰਨਸਟ ਨੇ ਕਿਹਾ, "ਅਸੀਂ ਸਾਰੇ ਜਾਣਦੇ ਹਾਂ ਕਿ ਡਾਇਨਾਸੌਰਾਂ ਨਾਲ ਕੀ ਹੋਇਆ ਸੀ, ਹੈ ਨਾ? ਅਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਨਾਲ ਵੀ ਅਜਿਹਾ ਹੋਵੇ।"
ਉਨ੍ਹਾਂ ਕਿਹਾ, "ਸਾਡੇ ਲਈ ਚੰਗੀ ਖ਼ਬਰ ਇਹ ਹੈ ਕਿ ਸੂਰਜੀ ਮੰਡਲ ਵਿੱਚ ਹੁਣ ਸੰਭਾਵੀ ਖ਼ਤਰਾ ਪੈਦਾ ਕਰਨ ਵਾਲੀਆਂ ਪੁਲਾੜੀ ਵਸਤਾਂ ਦੀ ਗਿਣਤੀ ਲੱਖਾਂ ਸਾਲ ਪਹਿਲਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ। ਪਰ ਅਜਿਹੀਆਂ ਵਸਤਾਂ ਅਜੇ ਵੀ ਮੌਜੂਦ ਹਨ।"
ਉਨ੍ਹਾਂ ਦੱਸਿਆ ਕਿ ਸਭ ਤੋਂ ਵੱਡੇ ਐਸਟੇਰਾਇਡਾਂ ਦਾ ਪਤਾ ਲਗਾਇਆ ਜਾ ਚੁੱਕਾ ਹੈ ਅਤੇ ਇਨ੍ਹਾਂ ਵਿੱਚੋਂ ਕੋਈ ਵੀ ਧਰਤੀ ਵੱਲ ਨਹੀਂ ਆ ਰਿਹਾ।
ਉਨ੍ਹਾਂ ਅੱਗੇ ਕਿਹਾ, "ਸਭ ਤੋਂ ਛੋਟੀਆਂ ਪੁਲਾੜੀ ਵਸਤਾਂ ਬਹੁਤਾ ਖ਼ਤਰਾ ਨਹੀਂ ਹਨ, ਕਿਉਂਕਿ ਸਾਡਾ ਵਾਯੂਮੰਡਲ ਸਾਡੀ ਰੱਖਿਆ ਕਰਦਾ ਹੈ।"
"ਪਰ ਵਿਚਕਾਰਲੇ ਆਕਾਰ ਦੀਆਂ ਕੁਝ ਅਜਿਹੀਆਂ ਵਸਤਾਂ ਹਨ, ਜਿਨ੍ਹਾਂ ਬਾਰੇ ਸਾਨੂੰ ਨਹੀਂ ਪਤਾ ਕਿ ਉਹ ਸਾਰੀਆਂ ਕਿੱਥੇ ਹਨ। ਜੇਕਰ ਇਨ੍ਹਾਂ ਵਿੱਚੋਂ ਕੋਈ ਧਰਤੀ ਨਾਲ ਟਕਰਾਉਂਦੀ ਹੈ ਤਾਂ ਇਹ ਮਨੁੱਖਤਾ ਲਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਜੇਕਰ ਅਸੀਂ ਇਨ੍ਹਾਂ ਦਾ ਪਤਾ ਲਗਾ ਸਕੀਏ ਅਤੇ ਇਨ੍ਹਾਂ ਬਾਰੇ ਜਾਣਕਾਰੀ ਹਾਸਲ ਕਰ ਸਕੀਏ, ਤਾਂ ਅਸੀਂ ਹਰ ਹਾਲ ਵਿੱਚ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨਾ ਚਾਹਾਂਗੇ।"
ਵਿਗਿਆਨੀ ਪੁਲਾੜੀ ਚੱਟਾਨਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰਨਾ ਚਾਹੁੰਦੇ ਹਨ, ਤਾਂ ਜੋ ਬ੍ਰਹਿਮੰਡ ਵੱਲੋਂ ਸਾਡੇ ਸਾਹਮਣੇ ਆਉਣ ਵਾਲੀ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹੋ ਸਕੀਏ।
ਨਵੇਂ ਪੁਲਾੜੀ ਮਿਸ਼ਨਾਂ ਦੀ ਯੋਜਨਾ

ਤਸਵੀਰ ਸਰੋਤ, ESA
ਸੰਭਾਵੀ ਤੌਰ 'ਤੇ ਖ਼ਤਰਨਾਕ ਐਸਟੇਰਾਇਡਾਂ 'ਤੇ ਨਜ਼ਰ ਰੱਖਣ ਲਈ 2027 ਵਿੱਚ ਇੱਕ ਨਵਾਂ ਮਿਸ਼ਨ ਲਾਂਚ ਕੀਤਾ ਜਾ ਰਿਹਾ ਹੈ। ਇਹ ਨਿਅਰ-ਅਰਥ ਆਬਜੈਕਟ (ਐੱਨਈਓ) ਸਰਵੇਅਰ ਨਾਮ ਦੀ ਇੱਕ ਪੁਲਾੜ ਦੂਰਬੀਨ ਹੈ।
ਐਸਟੇਰਾਇਡਾਂ ਦਾ ਅਧਿਐਨ ਕਰਨ ਲਈ ਹੋਰ ਪੁਲਾੜੀ ਮਿਸ਼ਨਾਂ ਦੀ ਵੀ ਯੋਜਨਾ ਹੈ। ਇਨ੍ਹਾਂ ਵਿੱਚ ਲਗਭਗ 450 ਮੀਟਰ (1,480 ਫੁੱਟ) ਲੰਬੇ ਐਪੋਫ਼ਿਸ ਨਾਮ ਦੇ ਐਸਟੇਰਾਇਡ ਦਾ ਦੌਰਾ ਵੀ ਸ਼ਾਮਲ ਹੈ।
ਐਪੋਫ਼ਿਸ ਦੀ ਖੋਜ 2004 ਵਿੱਚ ਹੋਈ ਸੀ ਅਤੇ ਸ਼ੁਰੂ ਵਿੱਚ ਇਹ ਖ਼ਦਸ਼ਾ ਜਤਾਇਆ ਗਿਆ ਸੀ ਕਿ ਇਹ 13 ਅਪ੍ਰੈਲ 2029 ਨੂੰ ਧਰਤੀ ਨਾਲ ਟਕਰਾ ਸਕਦਾ ਹੈ।
ਪਰ ਹੁਣ ਵਿਗਿਆਨੀ ਇਸ ਦੇ ਚੱਕਰ ਬਾਰੇ ਬਿਹਤਰ ਸਮਝ ਹਾਸਲ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ ਘੱਟੋ-ਘੱਟ 100 ਸਾਲਾਂ ਤੱਕ ਇਹ ਧਰਤੀ ਨਾਲ ਨਹੀਂ ਟਕਰਾਏਗਾ।
2029 ਵਿੱਚ ਟੱਕਰ ਹੋਣ ਦੀ ਬਜਾਏ ਇਹ ਧਰਤੀ ਦੀ ਸਤ੍ਹਾ ਤੋਂ ਮਹਿਜ਼ 32,000 ਕਿਲੋਮੀਟਰ (20,000 ਮੀਲ) ਉੱਪਰੋਂ ਲੰਘੇਗਾ।
ਇਸ ਨਾਲ ਵਿਗਿਆਨੀਆਂ ਨੂੰ ਕਿਸੇ ਪੁਲਾੜੀ ਚੱਟਾਨ ਦਾ ਨੇੜਿਓਂ ਅਧਿਐਨ ਕਰਨ ਦਾ ਦੁਰਲੱਭ ਮੌਕਾ ਮਿਲੇਗਾ।
ਦੋ ਪੁਲਾੜ ਯਾਨ ਐਪੋਫ਼ਿਸ ਵੱਲ ਭੇਜੇ ਜਾਣਗੇ। ਇਨ੍ਹਾਂ ਵਿੱਚ ਨਾਸਾ ਦਾ ਓਸਿਰਿਸ-ਐਪੈਕਸ ਵੀ ਸ਼ਾਮਲ ਹੈ, ਜਿਸ ਨੇ ਪਹਿਲਾਂ ਬੇਨੂ ਨਾਮ ਦੇ ਇੱਕ ਹੋਰ ਐਸਟੇਰਾਇਡ ਤੋਂ ਨਮੂਨਾ ਇਕੱਠਾ ਕੀਤਾ ਸੀ। ਦੂਜਾ ਪੁਲਾੜ ਯਾਨ ਰੈਮਸੇਜ਼ ਹੈ, ਜੋ ਯੂਰਪੀਅਨ ਸਪੇਸ ਏਜੰਸੀ ਅਤੇ ਜਾਪਾਨੀ ਸਪੇਸ ਏਜੰਸੀ ਦਾ ਸਾਂਝਾ ਮਿਸ਼ਨ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























