ਬਟਰ ਚਿਕਨ, ਨਿਹਾਰੀ ਤੋਂ ਲੈ ਕੇ ਮਟਨ ਕੋਰਮਾ ਤੱਕ, ਇਹ ਪਕਵਾਨ ਪੁਲਾੜ ਲਈ ਤਿਆਰ ਹੋਏ ਹਨ, ਅਜੇ ਤਾਂ ਲੋਕ ਕਹਿ ਰਹੇ ਬਿਰਿਆਨੀ ਕਿਉਂ ਨਹੀਂ

ਪੁਲਾੜ ਵਿੱਚ ਭੋਜਨ ਦਾ ਮਾਮਲਾ ਹਮੇਸ਼ਾ ਤੋਂ ਚਰਚਾ ਦਾ ਵਿਸ਼ਾ ਰਿਹਾ ਹੈ
ਤਸਵੀਰ ਕੈਪਸ਼ਨ, ਪੁਲਾੜ ਵਿੱਚ ਭੋਜਨ ਦਾ ਮਾਮਲਾ ਹਮੇਸ਼ਾ ਤੋਂ ਚਰਚਾ ਦਾ ਵਿਸ਼ਾ ਰਿਹਾ ਹੈ
    • ਲੇਖਕ, ਅਸਦ ਸੋਹੈਬ
    • ਰੋਲ, ਬੀਬੀਸੀ ਉਰਦੂ, ਇਸਲਾਮਾਬਾਦ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਚਿਕਨ ਬਸਰਾ, ਨਿਹਾਰੀ, ਮਟਨ ਕੋਰਮਾ ਅਤੇ ਚਨਾ ਸ਼ੋਰਬਾ।

ਇਨ੍ਹਾਂ ਪਕਵਾਨਾਂ ਦੇ ਨਾਂ ਸੁਣਦਿਆਂ ਹੀ ਕਿਸੇ ਰੁਝੇਵੇਂ ਭਰੇ ਪਾਕਿਸਤਾਨੀ ਰੈਸਟੋਰੈਂਟ ਜਾਂ ਦਾਅਵਤ ਦਾ ਖ਼ਿਆਲ ਆਉਂਦਾ ਹੈ। ਪਰ ਇਨ੍ਹੀਂ ਦਿਨੀਂ ਪਾਕਿਸਤਾਨ ਦੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਲਜ਼ੀਜ਼ ਪਕਵਾਨਾਂ ਦੀ ਚਰਚਾ ਇੱਕ ਵੱਖਰੇ ਕਾਰਨ ਕਰਕੇ ਹੋ ਰਹੀ ਹੈ।

ਦਰਅਸਲ, ਇਹ ਪਕਵਾਨ ਚੀਨ ਦੇ ਪੁਲਾੜ ਸਟੇਸ਼ਨ 'ਤੇ ਮੌਜੂਦ ਪੁਲਾੜ ਯਾਤਰੀਆਂ ਲਈ ਤਿਆਰ ਕੀਤੇ ਗਏ ਖ਼ਾਸ ਹਲਾਲ ਮੇਨਿਊ ਦਾ ਹਿੱਸਾ ਹਨ।

ਚੀਨ ਦੇ ਸਰਕਾਰੀ ਚੈਨਲ ਚਾਈਨਾ ਗਲੋਬਲ ਟੈਲੀਵਿਜ਼ਨ ਨੈੱਟਵਰਕ (ਸੀਜੀਟੀਐਨ) ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਇੱਕ ਪੋਸਟ ਵਿੱਚ ਦੱਸਿਆ, "ਚੀਨ ਦੇ ਪੁਲਾੜ ਸਟੇਸ਼ਨ 'ਤੇ ਛੇ ਲੋਕਾਂ ਲਈ ਰਾਤ ਦੇ ਖਾਣੇ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਇਸ ਵਿੱਚ ਪਾਕਿਸਤਾਨੀ ਪੁਲਾੜ ਯਾਤਰੀ ਲਈ ਖ਼ਾਸ ਤੌਰ 'ਤੇ ਚੁਣੀਆਂ ਗਈਆਂ 100 ਤੋਂ ਵੱਧ ਕਿਸਮਾਂ ਦੀਆਂ ਹਲਾਲ ਡਿਸ਼ਾਂ ਵੀ ਪਰੋਸੀਆਂ ਜਾਣਗੀਆਂ।"

ਸੀਜੀਟੀਐਨ ਮੁਤਾਬਕ, ਇਨ੍ਹਾਂ ਪਕਵਾਨਾਂ ਵਿੱਚ ਨਿਹਾਰੀ, ਮਟਨ ਕੋਰਮਾ ਅਤੇ ਛੋਲਿਆਂ ਦੀ ਸਬਜ਼ੀ ਵੀ ਸ਼ਾਮਿਲ ਹੈ।

ਸ਼ੇਨਝੋਊ-24 ਵਿੱਚ ਚੀਨੀ ਪੁਲਾੜ ਯਾਤਰੀ ਤਾਂਗ ਹੋਂਗਬੋ ਅਤੇ ਵੂ ਯੀ ਤੋਂ ਇਲਾਵਾ ਪਾਕਿਸਤਾਨੀ ਪੁਲਾੜ ਯਾਤਰੀ ਜ਼ੀਸ਼ਾਨ ਅਲੀ ਵੀ ਸਵਾਰ ਹਨ।

ਪਾਕਿਸਤਾਨੀ ਪੁਲਾੜ ਯਾਤਰੀ ਮੁਹੰਮਦ ਜੀਸ਼ਾਨ ਅਲੀ ਸਮੇਤ ਸ਼ੇਨਝੋਊ-24 ਦੇ ਚਾਲਕ ਦਲ ਦੇ ਪੁਲਾੜ ਸਟੇਸ਼ਨ ਵਿੱਚ ਦਾਖ਼ਲ ਹੋਣ ਦੀ ਤਸਵੀਰ
ਤਸਵੀਰ ਕੈਪਸ਼ਨ, ਪਾਕਿਸਤਾਨੀ ਪੁਲਾੜ ਯਾਤਰੀ ਮੁਹੰਮਦ ਜੀਸ਼ਾਨ ਅਲੀ ਸਮੇਤ ਸ਼ੇਨਝੋਊ-24 ਦੇ ਚਾਲਕ ਦਲ ਦੇ ਪੁਲਾੜ ਸਟੇਸ਼ਨ ਵਿੱਚ ਦਾਖ਼ਲ ਹੋਣ ਦੀ ਤਸਵੀਰ

ਸ਼ੇਨਝੋਊ-24 ਪੁਲਾੜ ਮਿਸ਼ਨ ਤਹਿਤ ਤਿੰਨ ਪੁਲਾੜ ਯਾਤਰੀਆਂ ਨੂੰ ਤਿਆਂਗੋਂਗ ਪੁਲਾੜ ਸਟੇਸ਼ਨ ਭੇਜਿਆ ਗਿਆ ਹੈ।

ਇਨ੍ਹਾਂ ਵਿੱਚ ਤਾਂਗ ਹੋਂਗਬੋ ਮਿਸ਼ਨ ਕਮਾਂਡਰ, ਵੂ ਯੀ ਫ਼ਲਾਈਟ ਇੰਜੀਨੀਅਰ ਅਤੇ ਪਾਕਿਸਤਾਨੀ ਪਾਇਲਟ ਮੁਹੰਮਦ ਜ਼ੀਸ਼ਾਨ ਅਲੀ ਪੇਲੋਡ ਸਪੈਸ਼ਲਿਸਟ ਵਜੋਂ ਸ਼ਾਮਿਲ ਹਨ।

ਬੁੱਧਵਾਰ ਨੂੰ ਜਿਉਛੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਰਵਾਨਾ ਹੋਇਆ ਸ਼ੇਨਝੋਊ-24 ਪੁਲਾੜ ਮਿਸ਼ਨ ਚੀਨ ਦੇ ਪੁਲਾੜ ਸਟੇਸ਼ਨ ਨਾਲ ਜੁੜ ਗਿਆ ਹੈ। ਇਸ ਤੋਂ ਬਾਅਦ ਸ਼ੇਨਝੋਊ-24 ਦੇ ਚਾਲਕ ਦਲ ਨੇ ਪੁਲਾੜ ਸਟੇਸ਼ਨ ਵਿੱਚ ਪ੍ਰਵੇਸ਼ ਕੀਤਾ।

ਇਸ ਮਿਸ਼ਨ ਵਿੱਚ ਪਾਕਿਸਤਾਨੀ ਪੁਲਾੜ ਯਾਤਰੀ ਮੁਹੰਮਦ ਜ਼ੀਸ਼ਾਨ ਅਲੀ ਦੀ ਮੌਜੂਦਗੀ ਨੂੰ ਦੇਖਦੇ ਹੋਏ ਚੀਨ ਦੇ ਪੁਲਾੜ ਪ੍ਰੋਗਰਾਮ ਨਾਲ ਜੁੜੇ ਵਿਭਾਗ ਨੇ ਚੀਨੀ ਅਤੇ ਅੰਗਰੇਜ਼ੀ, ਦੋਵਾਂ ਭਾਸ਼ਾਵਾਂ ਵਿੱਚ ਕੰਮਕਾਜ ਨਾਲ ਜੁੜੇ ਨਿਰਦੇਸ਼ ਤਿਆਰ ਕੀਤੇ ਹਨ।

ਇਸ ਤੋਂ ਇਲਾਵਾ, ਪਾਕਿਸਤਾਨੀ ਪੁਲਾੜ ਯਾਤਰੀ ਦੀ ਖਾਣ-ਪੀਣ ਸੰਬੰਧੀ ਪਸੰਦ ਨੂੰ ਧਿਆਨ ਵਿੱਚ ਰੱਖਦੇ ਹੋਏ ਹਲਾਲ ਖਾਣੇ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।

ਪੁਲਾੜ ਵਿੱਚ ਭੋਜਨ ਦਾ ਮਾਮਲਾ ਹਮੇਸ਼ਾ ਤੋਂ ਚਰਚਾ ਦਾ ਵਿਸ਼ਾ ਰਿਹਾ ਹੈ। ਅਜਿਹੇ ਵਿੱਚ ਪਾਕਿਸਤਾਨੀ ਪੁਲਾੜ ਯਾਤਰੀ ਲਈ ਹਲਾਲ ਖਾਣੇ ਅਤੇ ਦੱਖਣੀ ਏਸ਼ੀਆਈ ਸੁਆਦ ਵਾਲੇ ਪਕਵਾਨਾਂ ਨੂੰ ਸ਼ਾਮਿਲ ਕੀਤੇ ਜਾਣ ਨਾਲ ਸੋਸ਼ਲ ਮੀਡੀਆ 'ਤੇ ਵੀ ਬਹਿਸ ਛਿੜ ਗਈ ਹੈ।

ਪਾਕਿਸਤਾਨੀ ਪੁਲਾੜ ਯਾਤਰੀ ਮੁਹੰਮਦ ਜ਼ੀਸ਼ਾਨ ਅਲੀ ਤਿਆਂਗੋਂਗ ਪੁਲਾੜ ਸਟੇਸ਼ਨ 'ਤੇ ਕਰੀਬ ਇੱਕ ਹਫ਼ਤਾ ਬਿਤਾਉਣਗੇ।

ਬਟਰ ਚਿਕਨ ਬਨਾਮ ਨਿਹਾਰੀ

ਸਪੇਸ ਸਟੇਸ਼ਨ ਤੋਂ ਖਾਣੇ ਦੀ ਇੱਕ ਤਸਵੀਰ
ਤਸਵੀਰ ਕੈਪਸ਼ਨ, ਸਪੇਸ ਸਟੇਸ਼ਨ ਤੋਂ ਖਾਣੇ ਦੀ ਇੱਕ ਤਸਵੀਰ

ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਜ਼ ਪਾਕਿਸਤਾਨੀ ਡਿਸ਼ਾਂ ਦੇ ਪੁਲਾੜ ਤੱਕ ਪਹੁੰਚਣ 'ਤੇ ਹੈਰਾਨੀ ਅਤੇ ਖ਼ੁਸ਼ੀ ਜਤਾ ਰਹੇ ਹਨ।

ਕੁਝ ਯੂਜ਼ਰਜ਼ ਨੇ ਇਸ ਨੂੰ ਚੀਨ ਅਤੇ ਪਾਕਿਸਤਾਨ ਦੇ ਨਜ਼ਦੀਕੀ ਰਿਸ਼ਤਿਆਂ ਦਾ ਪ੍ਰਤੀਕ ਦੱਸਿਆ, ਜਦਕਿ ਦੂਜੇ ਲੋਕਾਂ ਨੇ ਨਿਹਾਰੀ ਅਤੇ ਕੋਰਮੇ ਵਰਗੇ ਰਵਾਇਤੀ ਪਕਵਾਨਾਂ ਦੇ ਪੁਲਾੜ ਤੱਕ ਦੇ ਸਫ਼ਰ ਨੂੰ ਲੈ ਕੇ ਦਿਲਚਸਪ ਟਿੱਪਣੀਆਂ ਕੀਤੀਆਂ।

ਅਸਮਾ ਨਾਂ ਦੇ ਇੱਕ ਯੂਜ਼ਰ ਨੇ ਪਾਕਿਸਤਾਨੀ ਪੁਲਾੜ ਯਾਤਰੀ ਦੇ ਮੇਨਿਊ ਵਿੱਚ ਖ਼ਾਸ ਤੌਰ 'ਤੇ ਨਿਹਾਰੀ ਨੂੰ ਸ਼ਾਮਿਲ ਕੀਤੇ ਜਾਣ ਦੀ ਤਾਰੀਫ਼ ਕਰਦਿਆਂ ਲਿਖਿਆ, "ਸਾਡੇ ਪੁਲਾੜ ਯਾਤਰੀ ਦੇ ਮੇਨਿਊ ਵਿੱਚ ਨਿਹਾਰੀ ਨੂੰ ਜਗ੍ਹਾ ਦੇਣ ਲਈ ਧੰਨਵਾਦ।"

ਲੈਲਾ ਨਾਂ ਦੇ ਇੱਕ ਯੂਜ਼ਰ ਨੇ ਕਿਸੇ ਦੇਸ਼ ਦਾ ਨਾਂ ਲਏ ਬਿਨਾਂ ਲਿਖਿਆ ਕਿ ਇਹ ਖ਼ਬਰ ਯਕੀਨੀ ਤੌਰ 'ਤੇ ਸਾਡੇ "ਗੁਆਂਢੀਆਂ ਦੀਆਂ ਕੈਲੋਰੀਆਂ ਸਾੜਨ" ਦਾ ਕਾਰਨ ਬਣੇਗੀ।

ਗ਼ੌਰਤਲਬ ਹੈ ਕਿ ਪਾਕਿਸਤਾਨ ਦੇ ਪਹਿਲੇ ਪੁਲਾੜ ਯਾਤਰੀ ਮੁਹੰਮਦ ਜ਼ੀਸ਼ਾਨ ਅਲੀ ਦੇ ਚੀਨੀ ਪੁਲਾੜ ਮਿਸ਼ਨ ਵਿੱਚ ਸ਼ਾਮਿਲ ਹੋਣ ਦੀ ਖ਼ਬਰ ਨੇ ਭਾਰਤ ਵਿੱਚ ਵੀ ਕਾਫ਼ੀ ਧਿਆਨ ਖਿੱਚਿਆ ਹੈ।

ਦੇਸ਼ ਦੇ ਵੱਡੇ ਅਖ਼ਬਾਰਾਂ, ਟੀਵੀ ਚੈਨਲਾਂ ਅਤੇ ਡਿਜੀਟਲ ਪਲੇਟਫ਼ਾਰਮਾਂ ਨੇ ਇਸ ਘਟਨਾਕ੍ਰਮ ਨੂੰ ਪ੍ਰਮੁੱਖਤਾ ਨਾਲ ਜਗ੍ਹਾ ਦਿੱਤੀ ਹੈ।

ਭਾਰਤ ਵਿੱਚ ਸੋਸ਼ਲ ਮੀਡੀਆ 'ਤੇ ਵੀ ਇਸ ਨੂੰ ਲੈ ਕੇ ਚਰਚਾ ਜਾਰੀ ਹੈ। ਪੁਲਾੜ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਪ੍ਰਾਪਤੀਆਂ ਅਤੇ ਦੋਵਾਂ ਦੇਸ਼ਾਂ ਵਿਚਕਾਰ ਹੋੜ ਦੀ ਤੁਲਨਾ ਵੀ ਕੀਤੀ ਜਾ ਰਹੀ ਹੈ।

ਗਰਵਸੇਸੇਕਿਊਲਰ ਨਾਂ ਦੇ ਇੱਕ ਯੂਜ਼ਰ ਨੇ ਲਿਖਿਆ, "ਸਾਡੇ ਭਾਰਤੀਆਂ ਲਈ ਇਹ ਮਾਣ ਦੀ ਗੱਲ ਹੈ ਕਿ ਬਟਰ ਚਿਕਨ, ਜੋ ਇੱਕ ਭਾਰਤੀ ਪਕਵਾਨ ਹੈ, ਪੁਲਾੜ ਤੱਕ ਪਹੁੰਚ ਗਿਆ ਹੈ। ਇਸ ਨਾਲ ਕੀ ਫ਼ਰਕ ਪੈਂਦਾ ਹੈ ਕਿ ਇਸ ਨੂੰ ਚੀਨੀ ਪੁਲਾੜ ਸਟੇਸ਼ਨ 'ਤੇ ਮੌਜੂਦ ਇੱਕ ਪਾਕਿਸਤਾਨੀ ਪੁਲਾੜ ਯਾਤਰੀ ਲਈ ਤਿਆਰ ਕੀਤਾ ਗਿਆ ਹੈ।"

ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ, "ਹਾਲਾਂਕਿ, ਅਸੀਂ ਬੀਫ ਨਿਹਾਰੀ ਨਾਲ ਆਪਣਾ ਕੋਈ ਸਬੰਧ ਨਾ ਹੋਣ ਦਾ ਐਲਾਨ ਕਰਦੇ ਹਾਂ।"

ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਪਾਕਿਸਤਾਨੀ ਥਿੰਕ ਟੈਂਕ 'ਪਾਕਿਸਤਾਨ ਸਟ੍ਰੈਟੇਜਿਕ ਫ਼ੋਰਮ' ਦੇ ਅਕਾਊਂਟ ਤੋਂ ਇਸ ਦੀ ਤਾਰੀਫ਼ ਕਰਦਿਆਂ ਕਿਹਾ ਗਿਆ, "ਜੇ ਤੁਹਾਡੇ ਕੋਲ ਉਹੀ ਦਿਲ ਹੈ, ਤਾਂ ਤੁਸੀਂ ਕਿੰਨੀ ਵਾਰ ਜਿੱਤ ਸਕਦੇ ਹੋ?"

ਮੇਨਿਊ ਵਿੱਚ ਬਿਰਯਾਨੀ ਨਾ ਹੋਣ ਨਾਲ ਨਿਰਾਸ਼ਾ

ਚੀਨ ਦਾ ਤਿਆਂਗੋਂਗ ਪੁਲਾੜ ਸਟੇਸ਼ਨ
ਤਸਵੀਰ ਕੈਪਸ਼ਨ, ਚੀਨ ਦਾ ਤਿਆਂਗੋਂਗ ਪੁਲਾੜ ਸਟੇਸ਼ਨ

ਸੋਸ਼ਲ ਮੀਡੀਆ 'ਤੇ ਕਈ ਯੂਜ਼ਰਜ਼ ਨੇ ਪਾਕਿਸਤਾਨੀ ਪੁਲਾੜ ਯਾਤਰੀ ਦੀ ਯਾਤਰਾ ਦੀ ਤਾਰੀਫ਼ ਕਰਦਿਆਂ ਇਸ ਨੂੰ ਚੀਨ ਅਤੇ ਪਾਕਿਸਤਾਨ ਵਿਚਕਾਰ ਨਜ਼ਦੀਕੀ ਸਬੰਧਾਂ ਦਾ ਪ੍ਰਤੀਕ ਦੱਸਿਆ ਅਤੇ ਨਾਲ ਹੀ ਇਸ ਕਦਮ ਨੂੰ ਚੀਨ ਦੀ ਗਲੋਬਲ ਪਾਵਰ ਦੀ ਤਾਕਤ ਦੀ ਅਹਿਮੀਅਤ ਕਿਹਾ।

ਐਲੇਕਸ ਹੈਂਕ ਨਾਂ ਦੇ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਪੋਸਟ ਵਿੱਚ ਲਿਖਿਆ, "ਚੀਨ ਵੱਲੋਂ ਮਹਿਮਾਨ ਦੀ ਖ਼ਾਤਰਦਾਰੀ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ। ਇਹੀ ਕਾਰਨ ਹੈ ਕਿ ਚੀਨ ਨੂੰ ਭਵਿੱਖ ਦੀ ਵਿਸ਼ਵ ਸ਼ਕਤੀ ਮੰਨਿਆ ਜਾਂਦਾ ਹੈ। ਇਹ ਮਿਸ਼ਨ ਪੁਲਾੜ ਸਹਿਯੋਗ ਦੇ ਇੱਕ ਨਵੇਂ ਯੁੱਗ ਦਾ ਦਰਵਾਜ਼ਾ ਖੋਲ੍ਹ ਸਕਦਾ ਹੈ।"

ਜਿੱਥੇ ਇੱਕ ਪਾਸੇ ਯੂਜ਼ਰਜ਼ ਨੇ ਮੇਨਿਊ ਵਿੱਚ ਨਿਹਾਰੀ ਨੂੰ ਸ਼ਾਮਿਲ ਕੀਤੇ ਜਾਣ 'ਤੇ ਹੈਰਾਨੀ ਅਤੇ ਖ਼ੁਸ਼ੀ ਪ੍ਰਗਟਾਈ, ਉੱਥੇ ਹੀ ਕਈ ਯੂਜ਼ਰਜ਼ ਇਸ ਗੱਲ ਤੋਂ ਥੋੜ੍ਹੇ ਨਿਰਾਸ਼ ਦਿਖਾਈ ਦਿੱਤੇ ਕਿ ਬਿਰਯਾਨੀ ਨੂੰ ਮੇਨਿਊ ਵਿੱਚ ਜਗ੍ਹਾ ਨਹੀਂ ਮਿਲੀ।

ਸੋਸ਼ਲ ਮੀਡੀਆ 'ਤੇ ਬਿਰਯਾਨੀ ਦੇ ਸੁਆਦ ਅਤੇ ਇਸ ਨੂੰ ਬਣਾਉਣ ਦੇ ਤਰੀਕਿਆਂ ਨੂੰ ਲੈ ਕੇ ਯੂਜ਼ਰਜ਼ ਵਿਚਕਾਰ ਹਰ ਰੋਜ਼ ਗੱਲਬਾਤ ਹੁੰਦੀ ਰਹਿੰਦੀ ਹੈ। ਅਜਿਹੇ ਵਿੱਚ ਇਸ 'ਇਤਿਹਾਸਕ' ਮੌਕੇ 'ਤੇ ਬਿਰਿਆਨੀ ਦਾ ਜ਼ਿਕਰ ਨਾ ਹੋਣ ਕਾਰਨ ਕਈ ਯੂਜ਼ਰਜ਼ ਨਿਰਾਸ਼ ਹਨ।

ਬਿਰਯਾਨੀ ਦੇ ਇੱਕ ਪ੍ਰਸ਼ੰਸਕ ਨੇ ਲਿਖਿਆ, "ਮੇਨਿਊ ਵਿੱਚ ਬੀਫ ਨਿਹਾਰੀ ਦੇਖ ਕੇ ਚੰਗਾ ਲੱਗਿਆ, ਪਰ ਜਦੋਂ ਤੱਕ ਬਿਰਯਾਨੀ ਨੂੰ ਮੇਜ਼ 'ਤੇ ਜਗ੍ਹਾ ਨਹੀਂ ਮਿਲਦੀ, ਉਦੋਂ ਤੱਕ ਮਿਸ਼ਨ ਦਾ ਮਜ਼ਾ ਪੂਰਾ ਨਹੀਂ ਹੋਵੇਗਾ। ਇਸ ਲਈ ਅਸੀਂ ਉਡੀਕ ਕਰ ਰਹੇ ਹਾਂ ਕਿ ਪਾਕਿਸਤਾਨੀ ਪੁਲਾੜ ਯਾਤਰੀ ਜ਼ੀਸ਼ਾਨ ਅਲੀ ਜਲਦੀ ਤੋਂ ਜਲਦੀ ਬਿਰਿਆਨੀ ਦਾ ਆਨੰਦ ਲੈਂਦਿਆਂ ਆਪਣੀਆਂ ਤਸਵੀਰਾਂ ਭੇਜਣਗੇ।"

ਗ਼ੌਰਤਲਬ ਹੈ ਕਿ ਪਾਕਿਸਤਾਨੀ ਪੁਲਾੜ ਯਾਤਰੀ ਮੁਹੰਮਦ ਜ਼ੀਸ਼ਾਨ ਅਲੀ ਪੁਲਾੜ ਵਿੱਚ ਜਾਣ ਵਾਲੇ ਪਹਿਲੇ ਪਾਕਿਸਤਾਨੀ ਬਣ ਗਏ ਹਨ।

ਉਹ ਚੀਨ ਦੇ ਤਿਆਂਗੋਂਗ ਪੁਲਾੜ ਸਟੇਸ਼ਨ 'ਤੇ ਆਪਣੇ ਛੇ ਦਿਨਾਂ ਦੇ ਪਰਵਾਸ ਦੌਰਾਨ ਕਈ ਵਿਗਿਆਨਕ ਪ੍ਰਯੋਗਾਂ ਵਿੱਚ ਹਿੱਸਾ ਲੈਣਗੇ।

ਪਾਕਿਸਤਾਨ ਪੁਲਾੜ ਦੀ ਦੌੜ ਵਿੱਚ ਸ਼ਾਮਿਲ ਪ੍ਰਮੁੱਖ ਤਾਕਤਾਂ ਵਿੱਚੋਂ ਇੱਕ ਨਹੀਂ ਹੈ। ਹਾਲਾਂਕਿ, ਇਸ ਇਤਿਹਾਸਕ ਯਾਤਰਾ ਦੀਆਂ ਤਿਆਰੀਆਂ ਕਈ ਮਹੀਨੇ ਪਹਿਲਾਂ ਸ਼ੁਰੂ ਹੋ ਗਈਆਂ ਸਨ।

ਇਸ ਸਾਲ ਅਪ੍ਰੈਲ ਵਿੱਚ ਮੁਹੰਮਦ ਜ਼ੀਸ਼ਾਨ ਅਲੀ ਅਤੇ ਖੁਰੱਮ ਦਾਊਦ ਨੂੰ ਚੀਨ ਵਿੱਚ ਵਿਸ਼ੇਸ਼ ਸਿਖਲਾਈ ਲਈ ਚੁਣਿਆ ਗਿਆ ਸੀ।

ਮੁਹੰਮਦ ਜ਼ੀਸ਼ਾਨ ਅਲੀ ਨਾ ਸਿਰਫ਼ ਤਿਆਂਗੋਂਗ ਪੁਲਾੜ ਸਟੇਸ਼ਨ 'ਤੇ ਪਹੁੰਚਣ ਵਾਲੇ ਪਹਿਲੇ ਪਾਕਿਸਤਾਨੀ ਹਨ, ਸਗੋਂ ਉਹ ਚੀਨ ਦੇ ਪੁਲਾੜ ਸਟੇਸ਼ਨ ਤੱਕ ਪਹੁੰਚਣ ਵਾਲੇ ਪਹਿਲੇ ਵਿਦੇਸ਼ੀ ਪੁਲਾੜ ਯਾਤਰੀ ਵੀ ਹਨ।

ਇਹ ਚੀਨ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਤਹਿਤ ਚੀਨੀ ਅਤੇ ਵਿਦੇਸ਼ੀ ਪੁਲਾੜ ਯਾਤਰੀਆਂ ਦੀ ਪਹਿਲੀ ਸਾਂਝੀ ਪੁਲਾੜ ਉਡਾਣ ਹੈ।

ਪਾਕਿਸਤਾਨ ਦੇ ਪੁਲਾੜ ਖੋਜ ਸੰਗਠਨ ਐੱਸਪੀਆਰਸੀਓ ਮੁਤਾਬਕ, ਜ਼ੀਸ਼ਾਨ ਅਲੀ ਚੀਨ ਦੇ ਤਿਆਂਗੋਂਗ ਪੁਲਾੜ ਸਟੇਸ਼ਨ 'ਤੇ ਛੇ ਦਿਨਾਂ ਤੱਕ ਰਹਿਣਗੇ, ਜਿੱਥੇ ਉਹ ਵਿਗਿਆਨਕ ਪ੍ਰਯੋਗਾਂ ਅਤੇ ਖੋਜ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ।

ਜ਼ੀਸ਼ਾਨ ਅਲੀ ਪੁਲਾੜ ਵਿੱਚ ਕੀ ਕਰਨਗੇ?

ਪਾਕਿਸਤਾਨ ਦੇ ਪੁਲਾੜ ਖੋਜ ਸੰਗਠਨ ਐੱਸਪੀਏਆਰਸੀਓ ਮੁਤਾਬਕ, ਜੀਸ਼ਾਨ ਅਲੀ (ਸਭ ਤੋਂ ਖੱਬੇ) ਇਸ ਮਿਸ਼ਨ ਵਿੱਚ ਪੇਲੋਡ ਮਾਹਿਰ ਵਜੋਂ ਹਿੱਸਾ ਲੈਣਗੇ
ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਪੁਲਾੜ ਖੋਜ ਸੰਗਠਨ ਐੱਸਪੀਏਆਰਸੀਓ ਮੁਤਾਬਕ, ਜੀਸ਼ਾਨ ਅਲੀ (ਸਭ ਤੋਂ ਖੱਬੇ) ਇਸ ਮਿਸ਼ਨ ਵਿੱਚ ਪੇਲੋਡ ਮਾਹਿਰ ਵਜੋਂ ਹਿੱਸਾ ਲੈਣਗੇ

ਪਾਕਿਸਤਾਨ ਦੇ ਪੁਲਾੜ ਖੋਜ ਸੰਗਠਨ ਐੱਸਪੀਆਰਸੀਓ ਮੁਤਾਬਕ, ਚੀਨ ਦੀ ਮਨੁੱਖੀ ਪੁਲਾੜ ਏਜੰਸੀ ਅਤੇ ਐੱਸਪੀਆਰਸੀਓ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਇਹ ਪ੍ਰੋਜੈਕਟ ਪਾਕਿਸਤਾਨ ਦੇ ਮਨੁੱਖੀ ਪੁਲਾੜ ਖੋਜ ਪ੍ਰੋਗਰਾਮ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ।

ਸੁਪਾਰਕੋ ਅਨੁਸਾਰ, ਮੁਹੰਮਦ ਜ਼ੀਸ਼ਾਨ ਅਲੀ ਇਸ ਮਿਸ਼ਨ ਵਿੱਚ ਪੇਲੋਡ ਮਾਹਿਰ ਵਜੋਂ ਹਿੱਸਾ ਲੈਣਗੇ। ਉਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਪੁਲਾੜ ਦੇ ਘੱਟ ਗੁਰੂਤਾਕਰਸ਼ਣ ਵਾਲੇ ਵਾਤਾਵਰਣ ਵਿੱਚ ਪਾਕਿਸਤਾਨ ਦੇ ਵਿਗਿਆਨਕ ਪ੍ਰਯੋਗਾਂ ਨੂੰ ਅੰਜਾਮ ਦੇਣਾ ਹੋਵੇਗੀ।

ਇਹ ਪ੍ਰਯੋਗ ਪਾਕਿਸਤਾਨੀ ਯੂਨੀਵਰਸਿਟੀਆਂ ਅਤੇ ਖੋਜਕਰਤਾਵਾਂ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਹਨ।

ਇਨ੍ਹਾਂ ਦਾ ਸਬੰਧ ਮੈਟੀਰੀਅਲ ਸਾਇੰਸ, ਫ਼ਲੂਇਡ ਸਾਇੰਸ, ਬਾਇਓਲੋਜੀ ਅਤੇ ਬਾਇਓਟੈਕਨੋਲੋਜੀ ਨਾਲ ਹੈ।

ਮਾਹਿਰਾਂ ਮੁਤਾਬਕ, ਇਨ੍ਹਾਂ ਅਧਿਐਨਾਂ ਦੇ ਨਤੀਜੇ ਜਲਵਾਯੂ ਤਬਦੀਲੀ, ਖ਼ੁਰਾਕ ਸੁਰੱਖਿਆ ਅਤੇ ਉਦਯੋਗਿਕ ਵਿਕਾਸ ਦੇ ਖੇਤਰ ਵਿੱਚ ਮਦਦਗਾਰ ਹੋ ਸਕਦੇ ਹਨ।

ਇਸ ਮਿਸ਼ਨ ਦੇ ਪ੍ਰਮੁੱਖ ਪ੍ਰਯੋਗਾਂ ਵਿੱਚੋਂ ਇੱਕ ਹੈ, ਪੁਲਾੜ ਵਿੱਚ ਲੰਬੇ ਸਮੇਂ ਤੱਕ ਮਨੁੱਖਾਂ ਦੇ ਰਹਿਣ ਦੀ ਸੰਭਾਵਨਾ ਦਾ ਪਤਾ ਲਗਾਉਣਾ।

ਇਸ ਲਈ ਮਾਈਕ੍ਰੋ-ਐਲਗੀ (ਪਾਣੀ ਵਿੱਚ ਪਾਏ ਜਾਣ ਵਾਲੇ ਬਹੁਤ ਛੋਟੇ ਪੌਦੇ) ਦੇ ਵਧਣ ਦਾ ਅਧਿਐਨ ਕੀਤਾ ਜਾਵੇਗਾ, ਤਾਂ ਜੋ ਇਹ ਸਮਝਿਆ ਜਾ ਸਕੇ ਕਿ ਕੀ ਭਵਿੱਖ ਵਿੱਚ ਲੰਬੇ ਪੁਲਾੜੀ ਮਿਸ਼ਨਾਂ ਦੌਰਾਨ ਇਨ੍ਹਾਂ ਨੂੰ ਭੋਜਨ ਅਤੇ ਆਕਸੀਜਨ ਦੇ ਸੰਭਾਵੀ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ।

ਪਾਕਿਸਤਾਨ ਲਈ ਇਹ ਮੁਹਿੰਮ ਕਿੰਨੀ ਅਹਿਮ ਹੈ?

ਸੁਪਾਰਕੋ ਮੁਤਾਬਕ, ਪੁਲਾੜ ਸਟੇਸ਼ਨ ਦੇ ਬਾਹਰੀ ਮਾਡੀਊਲ 'ਤੇ ਤਿੰਨ ਹੋਰ ਪ੍ਰਯੋਗ ਵੀ ਕੀਤੇ ਜਾਣਗੇ।

ਇਨ੍ਹਾਂ ਰਾਹੀਂ ਇਹ ਪਤਾ ਲਗਾਇਆ ਜਾਵੇਗਾ ਕਿ ਕਿਨੋਆ ਦੇ ਬੀਜ (ਇੱਕ ਪੌਸ਼ਟਿਕ ਬੀਜ, ਜਿਸ ਨੂੰ ਅਨਾਜ ਵਾਂਗ ਪਕਾ ਕੇ ਖਾਧਾ ਜਾਂਦਾ ਹੈ) ਬ੍ਰਹਿਮੰਡ ਕਿਰਨਾਂ ਅਤੇ ਘੱਟ ਗੁਰੂਤਾ ਵਾਲੇ ਵਾਤਾਵਰਣ ਵਿੱਚ ਕਿਵੇਂ ਟਿਕੇ ਰਹਿੰਦੇ ਹਨ।

ਇਸ ਤੋਂ ਇਲਾਵਾ, ਅਜਿਹੀਆਂ ਉੱਨਤ ਸਮੱਗਰੀਆਂ ਦੀ ਵੀ ਜਾਂਚ ਕੀਤੀ ਜਾਵੇਗੀ, ਜੋ ਨੁਕਸਾਨੇ ਜਾਣ 'ਤੇ ਖ਼ੁਦ ਆਪਣੀ ਮੁਰੰਮਤ ਕਰ ਸਕਦੀਆਂ ਹਨ ਅਤੇ ਪੁਲਾੜ ਦੇ ਮੁਸ਼ਕਿਲ ਵਾਤਾਵਰਣ ਦਾ ਸਾਹਮਣਾ ਕਰ ਸਕਦੀਆਂ ਹਨ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਯੋਗਾਂ ਨਾਲ ਭਵਿੱਖ ਵਿੱਚ ਵਧੇਰੇ ਮਜ਼ਬੂਤ ਫ਼ਸਲਾਂ ਵਿਕਸਿਤ ਕਰਨ, ਹਵਾਈ ਜਹਾਜ਼ਾਂ ਅਤੇ ਪੁਲਾੜ ਯਾਨਾਂ ਦੇ ਰੱਖ-ਰਖਾਅ ਦੀ ਲਾਗਤ ਘਟਾਉਣ ਅਤੇ ਪੁਲਾੜ ਵਿੱਚ ਵਰਤੀਆਂ ਜਾਣ ਵਾਲੀਆਂ ਵਧੇਰੇ ਟਿਕਾਊ ਸਮੱਗਰੀਆਂ ਤਿਆਰ ਕਰਨ ਵਿੱਚ ਮਦਦ ਮਿਲ ਸਕਦੀ ਹੈ।

'ਪਾਕਿਸਤਾਨ ਵੀ ਦੌੜ ਵਿੱਚ ਸ਼ਾਮਿਲ'

ਜੀਸ਼ਾਨ ਅਲੀ
ਤਸਵੀਰ ਕੈਪਸ਼ਨ, ਚੀਨ ਦੀ ਮਦਦ ਨਾਲ ਪਾਕਿਸਤਾਨ ਨੇ ਆਪਣਾ ਪਹਿਲਾ ਉਪਗ੍ਰਹਿ 'ਆਈ-ਕਿਊਬ ਕਮਰ' ਚੰਦਰਮਾ ਦੇ ਪੰਧ (ਔਰਬਿਟ) ਵਿੱਚ ਭੇਜਿਆ ਸੀ

ਇੰਸਟੀਚਿਊਟ ਆਫ਼ ਸਪੇਸ ਟੈਕਨੋਲੋਜੀ ਵਿੱਚ 'ਆਈ-ਕਿਊਬ ਕਮਰ' 'ਤੇ ਕੰਮ ਕਰਨ ਵਾਲੀ ਟੀਮ ਦੇ ਮੈਂਬਰ ਪ੍ਰੋਫੈਸਰ ਡਾ. ਖੁਰੱਮ ਖੁਰਸ਼ੀਦ ਦਾ ਕਹਿਣਾ ਹੈ ਕਿ ਅੱਜ ਦੇ ਦੌਰ ਵਿੱਚ ਦੁਨੀਆ ਦਾ ਹਰ ਦੇਸ਼ ਪੁਲਾੜ ਵਿੱਚ ਆਪਣੀ ਜਗ੍ਹਾ ਮਜ਼ਬੂਤ ਕਰਨ ਦੀ ਦੌੜ ਵਿੱਚ ਸ਼ਾਮਿਲ ਹੈ ਅਤੇ ਪਾਕਿਸਤਾਨ ਵੀ ਇਸ ਦੀ ਅਹਿਮੀਅਤ ਨੂੰ ਸਮਝਦਾ ਹੈ।

ਬੀਬੀਸੀ ਨਿਊਜ਼ ਉਰਦੂ ਨਾਲ ਗੱਲਬਾਤ ਵਿੱਚ ਡਾ. ਖੁਰੱਮ ਖੁਰਸ਼ੀਦ ਨੇ ਕਿਹਾ ਕਿ ਪਾਕਿਸਤਾਨ ਹਾਲ ਹੀ ਦੇ ਸਾਲਾਂ ਵਿੱਚ ਚੀਨ ਦੇ ਸਹਿਯੋਗ ਨਾਲ ਉਪਗ੍ਰਹਿਆਂ ਦੇ ਡਿਜ਼ਾਈਨ ਅਤੇ ਲਾਂਚ 'ਤੇ ਕੰਮ ਕਰ ਰਿਹਾ ਹੈ।

ਚੀਨ ਦੀ ਮਦਦ ਨਾਲ ਪਾਕਿਸਤਾਨ ਨੇ ਆਪਣਾ ਪਹਿਲਾ ਉਪਗ੍ਰਹਿ 'ਆਈ-ਕਿਊਬ ਕਮਰ' ਚੰਦਰਮਾ ਦੇ ਪੰਧ (ਔਰਬਿਟ) ਵਿੱਚ ਭੇਜਿਆ ਸੀ।

ਗ਼ੌਰਤਲਬ ਹੈ ਕਿ ਪਾਕਿਸਤਾਨ ਨੇ 2024 ਵਿੱਚ ਚੀਨ ਦੇ ਪੁਲਾੜ ਰਾਕੇਟ ਚਾਂਗ'ਈ-6 ਦੀ ਮਦਦ ਨਾਲ ਇਸ ਉਪਗ੍ਰਹਿ ਨੂੰ ਚੰਦਰਮਾ ਵੱਲ ਭੇਜਿਆ ਸੀ।

ਇਸ ਦੇ ਨਾਲ ਹੀ ਪਾਕਿਸਤਾਨ ਚੰਦਰਮਾ ਦੇ ਪੰਧ (ਔਰਬਿਟ) ਵਿੱਚ ਉਪਗ੍ਰਹਿ ਭੇਜਣ ਵਾਲਾ ਦੁਨੀਆ ਦਾ ਛੇਵਾਂ ਦੇਸ਼ ਬਣ ਗਿਆ।

ਡਾ. ਖੁਰੱਮ ਖੁਰਸ਼ੀਦ ਦਾ ਕਹਿਣਾ ਹੈ ਕਿ ਪਾਕਿਸਤਾਨ ਵੀ ਪੁਲਾੜ ਦੀ ਇਸ ਦੌੜ ਵਿੱਚ ਸ਼ਾਮਿਲ ਹੈ ਅਤੇ ਉੱਥੇ ਆਪਣੀ ਮੌਜੂਦਗੀ ਮਜ਼ਬੂਤ ਕਰਨਾ ਚਾਹੁੰਦਾ ਹੈ।

ਉਨ੍ਹਾਂ ਕਿਹਾ, "ਕਿਸੇ ਪਾਕਿਸਤਾਨੀ ਪੁਲਾੜ ਯਾਤਰੀ ਦਾ ਪੁਲਾੜ ਵਿੱਚ ਜਾਣਾ ਅਤੇ ਉੱਥੇ ਪ੍ਰਯੋਗ ਕਰਨਾ ਪਾਕਿਸਤਾਨ ਦੇ ਲੰਬੇ ਸਮੇਂ ਦੇ ਪੁਲਾੜ ਪ੍ਰੋਗਰਾਮ ਦਾ ਹਿੱਸਾ ਹੈ। ਇਸ ਮਿਸ਼ਨ ਦਾ ਮਕਸਦ ਪੁਲਾੜ ਵਿੱਚ ਆਪਣੀ ਮੌਜੂਦਗੀ ਦਰਜ ਕਰਾਉਣਾ ਹੈ।"

ਉਨ੍ਹਾਂ ਮੁਤਾਬਕ, ਪਾਕਿਸਤਾਨੀ ਪੁਲਾੜ ਯਾਤਰੀ ਦੇ ਪੁਲਾੜ ਵਿੱਚ ਜਾਣ ਨਾਲ ਪਾਕਿਸਤਾਨ ਦੇ ਲੋਕਾਂ ਵਿੱਚ ਪੁਲਾੜ ਖੋਜ ਪ੍ਰਤੀ ਜਾਗਰੂਕਤਾ ਵਧੇਗੀ।

ਉਨ੍ਹਾਂ ਕਿਹਾ, "ਜਦੋਂ ਪਾਕਿਸਤਾਨ ਨੇ ਚੰਦਰਮਾ ਦੇ ਪੰਧ (ਔਰਬਿਟ) ਵਿੱਚ ਉਪਗ੍ਰਹਿ ਭੇਜਿਆ ਸੀ, ਉਦੋਂ ਲੋਕਾਂ ਵਿੱਚ ਉਤਸ਼ਾਹ ਅਤੇ ਜਾਗਰੂਕਤਾ ਦਾ ਮਾਹੌਲ ਸੀ। ਇਹ ਆਯੋਜਨ ਵੀ ਨੌਜਵਾਨਾਂ ਨੂੰ ਇਸ ਖੇਤਰ ਵਿੱਚ ਹੋਰ ਵਧੇਰੇ ਦਿਲਚਸਪੀ ਲੈਣ ਲਈ ਪ੍ਰੇਰਿਤ ਕਰੇਗਾ।"

ਭਾਰਤ ਨਾਲ ਚਾਰ ਦਿਨ ਚੱਲੇ ਸੰਘਰਸ਼ ਤੋਂ ਬਾਅਦ ਵਧਿਆ ਬਜਟ

ਜੀਸ਼ਾਨ ਪੁਲਾੜ ਵਿੱਚ ਇੱਕ ਹਫ਼ਤਾ ਬਿਤਾਉਣਗੇ
ਤਸਵੀਰ ਕੈਪਸ਼ਨ, ਜੀਸ਼ਾਨ ਪੁਲਾੜ ਵਿੱਚ ਇੱਕ ਹਫ਼ਤਾ ਬਿਤਾਉਣਗੇ

ਪ੍ਰੋਫੈਸਰ ਡਾ. ਖੁਰੱਮ ਖੁਰਸ਼ੀਦ ਦਾ ਕਹਿਣਾ ਹੈ ਕਿ ਪਿਛਲੇ ਸਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਚਾਰ ਦਿਨ ਤੱਕ ਚੱਲੇ ਫ਼ੌਜੀ ਸੰਘਰਸ਼ ਤੋਂ ਬਾਅਦ ਸਰਕਾਰ ਨੇ ਪੁਲਾੜ ਖੇਤਰ ਲਈ ਬਜਟ ਵਧਾ ਦਿੱਤਾ।

ਉਨ੍ਹਾਂ ਕਿਹਾ, "ਮੌਜੂਦਾ ਸਿਆਸੀ ਹਾਲਾਤ ਨੂੰ ਦੇਖਦੇ ਹੋਏ ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਕਾਇਮ ਰੱਖਣ ਲਈ ਇਸ ਖੇਤਰ ਵਿੱਚ ਤਰੱਕੀ ਕਰਨਾ ਵੀ ਜ਼ਰੂਰੀ ਹੈ। ਪਾਕਿਸਤਾਨ ਹੁਣ ਪੁਲਾੜ, ਆਰਟੀਫ਼ਿਸ਼ਲ ਇੰਟੈਲੀਜੈਂਸ ਅਤੇ ਚਿੱਪ ਡਿਜ਼ਾਈਨਿੰਗ ਦੇ ਖੇਤਰ ਵਿੱਚ ਅੱਗੇ ਵਧਣਾ ਚਾਹੁੰਦਾ ਹੈ।"

ਉਨ੍ਹਾਂ ਮੁਤਾਬਕ, ਜ਼ੀਸ਼ਾਨ ਪੁਲਾੜ ਵਿੱਚ ਇੱਕ ਹਫ਼ਤਾ ਬਿਤਾਉਣਗੇ। ਉੱਥੇ ਹਾਸਲ ਕੀਤਾ ਗਿਆ ਉਨ੍ਹਾਂ ਦਾ ਤਜਰਬਾ ਬਹੁਤ ਅਹਿਮ ਹੋਵੇਗਾ। ਵਾਪਸ ਆਉਣ ਤੋਂ ਬਾਅਦ ਉਹ ਆਪਣੇ ਤਜਰਬੇ ਪਾਕਿਸਤਾਨ ਦੇ ਦੂਜੇ ਪੁਲਾੜ ਯਾਤਰੀਆਂ ਨਾਲ ਸਾਂਝੇ ਕਰਨਗੇ।

ਪਾਕਿਸਤਾਨ ਦੇ ਪੁਲਾੜ ਪ੍ਰੋਗਰਾਮ ਬਾਰੇ ਪ੍ਰੋਫੈਸਰ ਡਾ. ਖੁਰੱਮ ਖੁਰਸ਼ੀਦ ਨੇ ਕਿਹਾ ਕਿ ਅਗਲੇ ਸਾਲ ਪਾਕਿਸਤਾਨ ਦਾ ਇੱਕ ਪੁਲਾੜ ਯਾਨ ਚੰਦਰਮਾ 'ਤੇ ਉਤਰੇਗਾ।

ਉਨ੍ਹਾਂ ਮੁਤਾਬਕ, ਪੁਲਾੜ ਖੋਜ ਦੇ ਖੇਤਰ ਵਿੱਚ ਪਾਕਿਸਤਾਨ ਲਈ ਅੱਗੇ ਕਈ ਚੰਗੀਆਂ ਖ਼ਬਰਾਂ ਆਉਣ ਵਾਲੀਆਂ ਹਨ।

ਚੀਨ ਕੀ ਹਾਸਲ ਕਰਨਾ ਚਾਹੁੰਦਾ ਹੈ?

ਸਰਕਾਰੀ ਬ੍ਰਾਡਕਾਸਟਰ ਸੀਸੀਟੀਵੀ ਦੀ ਰਿਪੋਰਟ ਮੁਤਾਬਕ, ਇਸ ਮਿਸ਼ਨ ਦੌਰਾਨ ਲਗਭਗ 90 ਵਿਗਿਆਨਕ ਪ੍ਰਯੋਗ ਅਤੇ ਖੋਜ ਪ੍ਰੋਜੈਕਟ ਚਲਾਏ ਜਾਣਗੇ
ਤਸਵੀਰ ਕੈਪਸ਼ਨ, ਸਰਕਾਰੀ ਬ੍ਰਾਡਕਾਸਟਰ ਸੀਸੀਟੀਵੀ ਦੀ ਰਿਪੋਰਟ ਮੁਤਾਬਕ, ਇਸ ਮਿਸ਼ਨ ਦੌਰਾਨ ਲਗਭਗ 90 ਵਿਗਿਆਨਕ ਪ੍ਰਯੋਗ ਅਤੇ ਖੋਜ ਪ੍ਰੋਜੈਕਟ ਚਲਾਏ ਜਾਣਗੇ

ਚੀਨ ਦੇ ਸਰਕਾਰੀ ਅਖ਼ਬਾਰ 'ਗਲੋਬਲ ਟਾਈਮਜ਼' ਨੇ ਲਿਖਿਆ ਹੈ ਕਿ ਚੀਨ ਭਵਿੱਖ ਵਿੱਚ ਵਿਦੇਸ਼ੀ ਪੁਲਾੜ ਯਾਤਰੀਆਂ ਨਾਲ ਇਸ ਤਰ੍ਹਾਂ ਦੇ ਹੋਰ ਮਿਸ਼ਨ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ।

ਅਖ਼ਬਾਰ ਮੁਤਾਬਕ, "ਪਾਕਿਸਤਾਨੀ ਪੁਲਾੜ ਯਾਤਰੀਆਂ ਲਈ ਤਿਆਰ ਕੀਤਾ ਗਿਆ ਸਿਲੇਬਸ ਭਵਿੱਖ ਵਿੱਚ ਹੋਰਨਾਂ ਦੇਸ਼ਾਂ ਦੇ ਪੁਲਾੜ ਯਾਤਰੀਆਂ ਦੀ ਸਿਖਲਾਈ ਵਿੱਚ ਵੀ ਵਰਤਿਆ ਜਾਵੇਗਾ।"

ਸਰਕਾਰੀ ਬ੍ਰਾਡਕਾਸਟਰ ਸੀਸੀਟੀਵੀ ਦੀ ਰਿਪੋਰਟ ਮੁਤਾਬਕ, ਇਸ ਮਿਸ਼ਨ ਦੌਰਾਨ ਲਗਭਗ 90 ਵਿਗਿਆਨਕ ਪ੍ਰਯੋਗ ਅਤੇ ਖੋਜ ਪ੍ਰੋਜੈਕਟ ਚਲਾਏ ਜਾਣਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)