ਅਮਰੀਕਾ ਵੱਲੋਂ ਭਾਰਤ ਸਣੇ ਕਈ ਦੇਸ਼ਾਂ 'ਤੇ ਨਵੇਂ ਟੈਰਿਫ਼ ਲਾਉਣ ਦਾ ਐਲਾਨ, ਜਾਣੋ ਹੁਣ ਤੱਕ ਕੀ-ਕੀ ਪਤਾ ਹੈ

ਮੋਦੀ ਅਤੇ ਟਰੰਪ
ਤਸਵੀਰ ਕੈਪਸ਼ਨ, ਅਮਰੀਕਾ ਨੇ ਭਾਰਤ, ਚੀਨ, ਯੂਰਪੀ ਸੰਘ ਅਤੇ ਸਿੰਗਾਪੁਰ ਸਮੇਤ ਕਈ ਦੇਸ਼ਾਂ 'ਤੇ ਨਵੇਂ ਟੈਰਿਫ਼ ਲਾਉਣ ਦਾ ਐਲਾਨ ਕੀਤਾ ਹੈ
    • ਲੇਖਕ, ਜੋਨਾਥਨ ਜੋਸੇਫ਼ਸ
    • ਰੋਲ, ਬੀਬੀਸੀ ਬਿਜ਼ਨਸ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਅਮਰੀਕਾ ਨੇ ਭਾਰਤ ਸਣੇ ਆਪਣੇ ਕੁਝ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ 'ਤੇ ਕਈ ਤਰ੍ਹਾਂ ਦੇ ਨਵੇਂ ਟੈਰਿਫ਼ ਲਾਉਣ ਦਾ ਐਲਾਨ ਕੀਤਾ ਹੈ।

ਇਹ ਟੈਰਿਫ਼ ਮੈਨੂੰਫ਼ੈਕਚ੍ਰਿੰਗ ਦੇ ਵੱਖ-ਵੱਖ ਖੇਤਰਾਂ ਵਿੱਚ ਲੋੜ ਤੋਂ ਵੱਧ ਉਤਪਾਦਨ ਅਤੇ ਉਤਪਾਦਨ ਸਮਰੱਥਾ ਦੀ ਜਾਂਚ ਲਈ ਕੀਤੀ ਗਈ ਸੈਕਸ਼ਨ 301 ਦੀ ਜਾਂਚ ਤੋਂ ਬਾਅਦ ਲਾਏ ਜਾ ਰਹੇ ਹਨ।

ਇਸ ਜਾਂਚ ਦੇ ਘੇਰੇ ਵਿੱਚ ਆਉਣ ਵਾਲੇ ਦੇਸ਼ ਵਿੱਚ ਭਾਰਤ, ਚੀਨ, ਯੂਰਪੀ ਸੰਘ, ਸਿੰਗਾਪੁਰ, ਸਵਿਟਜ਼ਰਲੈਂਡ, ਇੰਡੋਨੇਸ਼ੀਆ, ਮਲੇਸ਼ੀਆ, ਕੰਬੋਡੀਆ, ਥਾਈਲੈਂਡ, ਦੱਖਣੀ ਕੋਰੀਆ, ਵੀਅਤਨਾਮ, ਤਾਈਵਾਨ, ਬੰਗਲਾਦੇਸ਼ ਅਤੇ ਜਪਾਨ ਸ਼ਾਮਲ ਹਨ।

ਵੱਖ-ਵੱਖ ਦੇਸ਼ਾਂ ਅਤੇ ਉਤਪਾਦਾਂ 'ਤੇ ਵੱਖ-ਵੱਖ ਦਰਾਂ ਨਾਲ ਟੈਰਿਫ਼ ਲਾਇਆ ਜਾਵੇਗਾ।

ਚੀਨ 'ਤੇ ਸਭ ਤੋਂ ਵੱਧ, 40 ਫ਼ੀਸਦੀ ਤੱਕ ਟੈਰਿਫ਼ ਲਾਇਆ ਗਿਆ ਹੈ। ਇਸ ਤੋਂ ਬਾਅਦ ਵੀਅਤਨਾਮ 'ਤੇ 35 ਫ਼ੀਸਦੀ ਤੱਕ ਟੈਰਿਫ਼ ਲੱਗੇਗਾ। ਉੱਥੇ ਹੀ, ਦੂਜੇ ਦੇਸ਼ਾਂ 'ਤੇ 20 ਜਾਂ 25 ਫ਼ੀਸਦੀ ਤੱਕ ਟੈਰਿਫ਼ ਲਾਇਆ ਜਾਵੇਗਾ।

ਹਾਲਾਂਕਿ, ਇਨ੍ਹਾਂ ਵਿੱਚੋਂ ਕੁਝ ਟੈਰਿਫ਼ ਦੀਆਂ ਦਰਾਂ ਅਸਲ ਵਿੱਚ ਘੱਟ ਹੋ ਜਾਣਗੀਆਂ, ਕਿਉਂਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਪਹਿਲਾਂ ਹੀ ਕੁਝ ਦੇਸ਼ਾਂ ਨਾਲ ਟੈਰਿਫ਼ ਦੀ ਵੱਧ ਤੋਂ ਵੱਧ ਹੱਦ ਤੈਅ ਕਰਨ ਉੱਤੇ ਸਹਿਮਤ ਹੋ ਚੁੱਕੇ ਹਨ।

ਟਰੰਪ ਦੀ 'ਟੈਰਿਫ਼ ਧਮਕੀ'

ਟੈਰਿਫ਼
ਤਸਵੀਰ ਕੈਪਸ਼ਨ, ਵ੍ਹਾਈਟ ਹਾਊਸ ਇਨ੍ਹਾਂ ਟੈਕਸਾਂ ਨੂੰ ਲਾਗੂ ਕਰਨ ਲਈ ਕਾਨੂੰਨ ਦੇ ਹੋਰ ਰਾਹ ਤਲਾਸ਼ ਰਿਹਾ ਹੈ

ਮਾਈਕਲ ਰੇਸ

ਬਿਜ਼ਨਸ ਅਤੇ ਅਰਥਵਿਵਸਥਾ ਪੱਤਰਕਾਰ

ਰਾਸ਼ਟਰਪਤੀ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੌਰਾਨ ਵਾਰ-ਵਾਰ ਟੈਰਿਫ਼ ਲਾਉਣ ਦੀ ਧਮਕੀ ਦਿੱਤੀ ਹੈ ਜਾਂ ਇਨ੍ਹਾਂ ਨੂੰ ਲਾਗੂ ਕੀਤਾ ਹੈ। ਉਨ੍ਹਾਂ ਦਾ ਤਰਕ ਹੈ ਕਿ ਇਸ ਨੀਤੀ ਨਾਲ ਅਮਰੀਕਾ ਵਿੱਚ ਨਿਰਮਾਣ ਖੇਤਰ ਨੂੰ ਹੁਲਾਰਾ ਮਿਲੇਗਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

ਹਾਲਾਂਕਿ, ਅਰਥਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਦਰਾਮਦ 'ਤੇ ਟੈਕਸ ਲਾਉਣ ਨਾਲ ਮਹਿੰਗਾਈ ਵਧ ਸਕਦੀ ਹੈ ਅਤੇ ਖਪਤਕਾਰਾਂ ਲਈ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ। ਇਸ ਨਾਲ ਆਲਮੀ ਵਪਾਰ 'ਤੇ ਵੀ ਅਸਰ ਪੈ ਸਕਦਾ ਹੈ।

ਇਹ ਤਾਜ਼ਾ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਇਸ ਸਾਲ ਦੀ ਸ਼ੁਰੂਆਤ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਇਆ ਸੀ ਕਿ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਦਿਆਂ ਟਰੰਪ ਵੱਲੋਂ ਲਾਏ ਗਏ ਕਈ ਟੈਰਿਫ਼ ਗ਼ੈਰ-ਕਾਨੂੰਨੀ ਸਨ।

ਇਸ ਤੋਂ ਬਾਅਦ ਇਸ ਸਾਲ ਗਰਮੀਆਂ ਵਿੱਚ ਅਮਰੀਕਾ ਦੀਆਂ ਉਨ੍ਹਾਂ ਕੰਪਨੀਆਂ ਨੂੰ ਅਰਬਾਂ ਡਾਲਰ ਦਾ ਟੈਰਿਫ਼ ਰਿਫੰਡ ਦੇਣਾ ਪਿਆ, ਜਿਨ੍ਹਾਂ ਨੇ ਸਾਮਾਨ ਦਰਾਮਦ ਕਰਨ ਲਈ ਇਹ ਫ਼ੀਸਾਂ ਅਦਾ ਕੀਤੀਆਂ ਸਨ।

ਹਾਲਾਂਕਿ, ਇਸ ਨਾਲ ਟਰੰਪ ਪ੍ਰਸ਼ਾਸਨ ਦੀਆਂ ਟੈਰਿਫ਼ ਲਾਉਣ ਦੀਆਂ ਕੋਸ਼ਿਸ਼ਾਂ 'ਤੇ ਕੋਈ ਰੋਕ ਨਹੀਂ ਲੱਗੀ। ਵ੍ਹਾਈਟ ਹਾਊਸ ਇਨ੍ਹਾਂ ਟੈਕਸਾਂ ਨੂੰ ਲਾਗੂ ਕਰਨ ਲਈ ਕਾਨੂੰਨ ਦੇ ਹੋਰ ਰਾਹ ਤਲਾਸ਼ ਰਿਹਾ ਹੈ। ਅੱਜ ਦਾ ਫ਼ੈਸਲਾ ਵੀ ਇਸੇ ਕੋਸ਼ਿਸ਼ ਦੀ ਇੱਕ ਹੋਰ ਮਿਸਾਲ ਹੈ।

ਕੀ ਟੈਰਿਫ਼ ਲਾਗੂ ਰਹਿ ਸਕਣਗੇ?

ਜੈਮੀਸਨ ਗ੍ਰੀਅਰ
ਤਸਵੀਰ ਕੈਪਸ਼ਨ, ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਅਰ ਨੇ ਕਿਹਾ ਸੀ ਕਿ ਕਈ ਖੇਤਰਾਂ ਵਿੱਚ ਅਮਰੀਕਾ ਦੇ ਵਪਾਰਕ ਭਾਈਵਾਲ ਆਪਣੇ ਦੇਸ਼ ਵਿੱਚ ਖਪਤ ਦੀ ਲੋੜ ਤੋਂ ਵੱਧ ਸਾਮਾਨ ਤਿਆਰ ਕਰ ਰਹੇ ਹਨ

ਓਸਮੰਡ ਚੀਆ

ਬਿਜ਼ਨਸ ਪੱਤਰਕਾਰ

ਪਿਛਲੇ ਸਾਲ ਅਪ੍ਰੈਲ ਵਿੱਚ ਡੌਨਲਡ ਟਰੰਪ ਨੇ ਦੁਨੀਆ ਦੇ ਕਈ ਵਪਾਰਕ ਭਾਈਵਾਲਾਂ 'ਤੇ ਵੱਡੇ ਪੱਧਰ 'ਤੇ ਟੈਰਿਫ਼ ਲਾਉਣ ਦਾ ਐਲਾਨ ਕੀਤਾ ਸੀ। ਇਸ ਲਈ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਨੂੰ ਮਿਲੇ ਐਮਰਜੈਂਸੀ ਅਧਿਕਾਰਾਂ ਦੀ ਵਰਤੋਂ ਕੀਤੀ ਸੀ।

ਇਨ੍ਹਾਂ ਵਿੱਚੋਂ ਕਈ ਟੈਰਿਫ਼ ਬਾਅਦ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੇ ਸਨ।

ਇਸ ਲਈ ਬੁੱਧਵਾਰ ਨੂੰ ਜਿਨ੍ਹਾਂ ਦਰਾਮਦ ਡਿਊਟੀਆਂ ਦਾ ਐਲਾਨ ਕੀਤਾ ਗਿਆ ਹੈ, ਉਹ ਟਰੰਪ ਦੇ ਟੈਰਿਫ਼ ਮੁੜ ਲਾਗੂ ਕਰਨ ਦੀ ਨਵੀਂ ਕੋਸ਼ਿਸ਼ ਹਨ।

ਹਾਲਾਂਕਿ, ਇਸ ਵਾਰ ਟਰੰਪ ਪ੍ਰਸ਼ਾਸਨ ਨੇ ਵੱਖਰਾ ਤਰੀਕਾ ਅਪਣਾਇਆ ਹੈ। ਆਈਐੱਸਈਏਐੱਸ-ਯੂਸੁਫ਼ ਇਸ਼ਾਕ ਇੰਸਟੀਚਿਊਟ ਦੇ ਵਪਾਰ ਮਾਹਰ ਜਯੰਤ ਮੈਨਨ ਦਾ ਕਹਿਣਾ ਹੈ ਕਿ ਇਸ ਕਾਰਨ ਇਨ੍ਹਾਂ ਟੈਰਿਫ਼ ਨੂੰ ਕਿਸੇ ਕਾਨੂੰਨੀ ਚੁਣੌਤੀ ਰਾਹੀਂ ਰੱਦ ਕਰਵਾਉਣਾ ਮੁਸ਼ਕਲ ਹੋ ਸਕਦਾ ਹੈ।

ਮੈਨਨ ਮੁਤਾਬਕ, ਪਿਛਲੇ ਸਾਲ ਟਰੰਪ ਵੱਲੋਂ ਐਲਾਨੇ ਗਏ ਟੈਰਿਫ਼ਾਂ ਦੇ ਮੁਕਾਬਲੇ ਨਵੀਆਂ ਦਰਾਮਦ ਡਿਊਟੀਆਂ ਘੱਟ ਖੇਤਰਾਂ 'ਤੇ ਲਾਗੂ ਹੋਣਗੀਆਂ। ਇਨ੍ਹਾਂ ਦੀਆਂ ਦਰਾਂ ਵੀ ਜ਼ਿਆਦਾਤਰ ਮਾਮਲਿਆਂ ਵਿੱਚ ਕਾਫ਼ੀ ਘੱਟ ਅਤੇ ਇੱਕੋ ਜਿਹੀਆਂ ਹਨ।

ਇਹ ਟੈਰਿਫ਼ ਵ੍ਹਾਈਟ ਹਾਊਸ ਵੱਲੋਂ ਕਰਵਾਈ ਗਈ ਕਈ ਮਹੀਨਿਆਂ ਦੀ ਜਾਂਚ 'ਤੇ ਵੀ ਆਧਾਰਿਤ ਹਨ। ਇਸ ਜਾਂਚ ਵਿੱਚ ਇਨ੍ਹਾਂ ਖੇਤਰਾਂ ਦੀਆਂ ਕਿਰਤ ਅਤੇ ਵਪਾਰ ਨੀਤੀਆਂ ਅਤੇ ਅਮਰੀਕਾ 'ਤੇ ਉਨ੍ਹਾਂ ਦੇ ਸੰਭਾਵੀ ਅਸਰ ਦਾ ਅਧਿਐਨ ਕੀਤਾ ਗਿਆ।

ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਨਵੇਂ ਟੈਰਿਫ਼ ਲਾਉਣ ਦੀ ਤਿਆਰੀ ਕੀਤੀ ਸੀ

ਸੰਕੇਤਕ ਤਸਵੀਰ
ਤਸਵੀਰ ਕੈਪਸ਼ਨ, ਮਾਰਚ ਵਿੱਚ ਅਮਰੀਕਾ ਨੇ ਸੈਕਸ਼ਨ 301 ਤਹਿਤ ਟੈਰਿਫ਼ ਸਬੰਧੀ ਇੱਕ ਜਾਂਚ ਸ਼ੁਰੂ ਕੀਤੀ

ਨਵੇਂ ਟੈਰਿਫ਼ ਲਾਉਣ ਦੇ ਪ੍ਰਸਤਾਵ ਅਜਿਹੇ ਸਮੇਂ ਆਏ ਹਨ, ਜਦੋਂ ਵ੍ਹਾਈਟ ਹਾਊਸ ਨੇ ਮਾਰਚ ਵਿੱਚ ਦੂਜੇ ਦੇਸ਼ਾਂ ਦੀਆਂ ਵਪਾਰ ਨੀਤੀਆਂ ਦੀ ਜਾਂਚ ਸ਼ੁਰੂ ਕੀਤੀ ਸੀ।

ਇਹ ਜਾਂਚ ਅਮਰੀਕੀ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਤੋਂ ਬਾਅਦ ਸ਼ੁਰੂ ਹੋਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਟਰੰਪ ਦੇ ਅਖੌਤੀ 'ਲਿਬਰੇਸ਼ਨ ਡੇਅ' ਟੈਰਿਫ਼, ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਜਵਾਬੀ ਟੈਰਿਫ਼ ਕਿਹਾ ਸੀ, ਕਾਨੂੰਨੀ ਨਹੀਂ ਸਨ।

ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਟਰੰਪ ਨੇ ਕਿਹਾ ਸੀ ਕਿ ਉਹ ਟੈਰਿਫ਼ ਲਾਉਣ ਲਈ ਹੋਰ ਕਾਨੂੰਨੀ ਤਰੀਕਿਆਂ ਦੀ ਵਰਤੋਂ ਕਰਨਗੇ।

ਮਾਰਚ ਵਿੱਚ ਅਮਰੀਕਾ ਨੇ ਸੈਕਸ਼ਨ 301 ਤਹਿਤ ਜਾਂਚ ਸ਼ੁਰੂ ਕੀਤੀ। ਇਸ ਵਿੱਚ ਇਹ ਪਤਾ ਲਾਇਆ ਜਾਣਾ ਸੀ ਕਿ ਕੀ ਕੁਝ ਵਪਾਰਕ ਭਾਈਵਾਲ ਅਜਿਹੀਆਂ ਨੀਤੀਆਂ ਅਪਣਾ ਰਹੇ ਹਨ, ਜੋ 'ਗ਼ੈਰ-ਵਾਜਬ ਜਾਂ ਪੱਖਪਾਤੀ ਹਨ ਅਤੇ ਅਮਰੀਕੀ ਵਪਾਰ 'ਤੇ ਬੋਝ ਪਾਉਂਦੀਆਂ ਹਨ ਜਾਂ ਉਸ ਨੂੰ ਸੀਮਤ ਕਰਦੀਆਂ ਹਨ'।

ਉਸ ਸਮੇਂ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਅਰ ਨੇ ਕਿਹਾ ਸੀ, "ਅਮਰੀਕਾ ਹੁਣ ਆਪਣੇ ਉਦਯੋਗਿਕ ਆਧਾਰ ਨੂੰ ਉਨ੍ਹਾਂ ਦੇਸ਼ਾਂ ਦੇ ਹੱਥੋਂ ਖ਼ਤਮ ਨਹੀਂ ਹੋਣ ਦੇਵੇਗਾ, ਜੋ ਆਪਣੀ ਲੋੜ ਤੋਂ ਵੱਧ ਉਤਪਾਦਨ ਅਤੇ ਸਮਰੱਥਾ ਦੀ ਸਮੱਸਿਆ ਸਾਡੇ ਦੇਸ਼ ਵਿੱਚ ਨਿਰਯਾਤ ਕਰ ਸਕਦੇ ਹਨ।"

ਉਨ੍ਹਾਂ ਕਿਹਾ ਸੀ, "ਅੱਜ ਸ਼ੁਰੂ ਕੀਤੀ ਗਈ ਜਾਂਚ ਰਾਸ਼ਟਰਪਤੀ ਟਰੰਪ ਦੀ ਉਸ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿਸ ਤਹਿਤ ਅਹਿਮ ਸਪਲਾਈ ਚੇਨਾਂ ਨੂੰ ਵਾਪਸ ਅਮਰੀਕਾ ਲਿਆਉਣਾ ਅਤੇ ਨਿਰਮਾਣ ਦੇ ਸਾਰੇ ਖੇਤਰਾਂ ਵਿੱਚ ਅਮਰੀਕੀ ਕਾਮਿਆਂ ਲਈ ਚੰਗੀਆਂ ਤਨਖ਼ਾਹਾਂ ਵਾਲੀਆਂ ਨੌਕਰੀਆਂ ਪੈਦਾ ਕਰਨਾ ਸ਼ਾਮਲ ਹੈ।"

ਗ੍ਰੀਅਰ ਨੇ ਅੱਗੇ ਕਿਹਾ, "ਕਈ ਖੇਤਰਾਂ ਵਿੱਚ ਅਮਰੀਕਾ ਦੇ ਵਪਾਰਕ ਭਾਈਵਾਲ ਆਪਣੇ ਦੇਸ਼ ਵਿੱਚ ਖਪਤ ਦੀ ਲੋੜ ਤੋਂ ਵੱਧ ਸਾਮਾਨ ਤਿਆਰ ਕਰ ਰਹੇ ਹਨ।

ਨਵੀਂ ਸੂਚੀ ਵਿੱਚ ਕੈਨੇਡਾ ਸ਼ਾਮਲ ਨਹੀਂ

ਕੈਨੇਡਾ
ਤਸਵੀਰ ਕੈਪਸ਼ਨ, ਹਾਲ ਹੀ ਵਿੱਚ ਅਮਰੀਕਾ ਅਤੇ ਕੈਨੇਡਾ ਨੇ ਇੱਕ-ਦੂਜੇ 'ਤੇ ਭਾਰੀ ਟੈਰਿਫ਼ ਲਾਏ ਸਨ

ਜਾਲਟਸਨ ਅੱਕਨਾਥ ਚੁਮਾਰ

ਏਸ਼ੀਆ ਬਿਜ਼ਨਸ ਪ੍ਰੋਡਿਊਸਰ

ਅੱਜ ਦੇ ਐਲਾਨ ਵਿੱਚ ਜਿਨ੍ਹਾਂ ਦੇਸ਼ਾਂ ਅਤੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ਵਿੱਚੋਂ ਕਈ ਅਜਿਹੇ ਹਨ, ਜਿਨ੍ਹਾਂ ਨੂੰ ਟਰੰਪ ਅਕਸਰ ਵਪਾਰ ਦੇ ਮਾਮਲੇ ਵਿੱਚ ਨਿਸ਼ਾਨਾ ਬਣਾਉਂਦੇ ਰਹੇ ਹਨ।

ਪਰ ਇਸ ਸੂਚੀ ਵਿੱਚ ਇੱਕ ਅਹਿਮ ਨਾਂ ਨਹੀਂ ਹੈ ਉਹ ਹੈ ਕੈਨੇਡਾ ਦਾ।

ਜਦੋਂ ਕੈਨੇਡਾ ਬਾਰੇ ਪੁੱਛਿਆ ਗਿਆ ਤਾਂ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਵਾਲੇ ਟਰੰਪ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਦੀਆਂ ਵਪਾਰ ਨੀਤੀਆਂ ਦੀ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਬਾਅਦ ਵਿੱਚ ਜਿਨ੍ਹਾਂ ਨੂੰ ਦੋਸ਼ੀ ਪਾਇਆ ਗਿਆ, ਉਨ੍ਹਾਂ ਵਿੱਚ ਕੈਨੇਡਾ ਸ਼ਾਮਲ ਨਹੀਂ ਸੀ।

ਉਨ੍ਹਾਂ ਕਿਹਾ ਕਿ ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਹੈ ਕਿ ਕੈਨੇਡਾ ਨੂੰ ਪੂਰੀ ਤਰ੍ਹਾਂ ਕਲੀਨ ਚਿੱਟ ਮਿਲ ਗਈ ਹੈ।

ਅਧਿਕਾਰੀ ਕਿਹਾ ਕਿ ਸੂਚੀ ਵਿੱਚ ਸ਼ਾਮਲ ਦੂਜੇ ਦੇਸ਼ਾਂ ਦੇ ਮਾਮਲੇ 'ਬਹੁਤ ਗੰਭੀਰ' ਸਨ, ਜਿਨ੍ਹਾਂ 'ਤੇ ਕਾਰਵਾਈ ਕਰਨੀ ਜ਼ਰੂਰੀ ਸੀ।

ਟਰੰਪ ਪ੍ਰਸ਼ਾਸਨ ਇਸ ਤੋਂ ਪਹਿਲਾਂ ਕੈਨੇਡਾ 'ਤੇ ਕਈ ਪੜਾਵਾਂ ਵਿੱਚ ਟੈਰਿਫ਼ ਲਾ ਚੁੱਕਾ ਹੈ। ਅਮਰੀਕਾ ਨੂੰ ਹੋਣ ਵਾਲੀ ਕੈਨੇਡਾ ਦੀ ਕੁਝ ਬਰਾਮਦ 'ਤੇ ਇਹ ਟੈਰਿਫ਼ 50 ਫ਼ੀਸਦੀ ਤੱਕ ਰਹੇ ਹਨ। ਇਨ੍ਹਾਂ ਵਿੱਚ ਸਟੀਲ, ਤਾਂਬਾ, ਕਾਰਾਂ ਅਤੇ ਸ਼ਰਾਬ ਸ਼ਾਮਲ ਹਨ।

ਇਸ ਦੇ ਜਵਾਬ ਵਿੱਚ ਕੈਨੇਡਾ ਨੇ ਵੀ ਅਮਰੀਕਾ ਤੋਂ ਆਉਣ ਵਾਲੇ ਸਾਮਾਨ 'ਤੇ ਜਵਾਬੀ ਟੈਰਿਫ਼ ਲਾਏ। ਇਨ੍ਹਾਂ ਵਿੱਚ ਧਾਤਾਂ, ਸਮੁੰਦਰੀ ਖੁਰਾਕੀ ਪਦਾਰਥ ਅਤੇ ਡੇਅਰੀ ਉਤਪਾਦ ਸ਼ਾਮਲ ਹਨ।

ਹਾਲਾਂਕਿ, ਅਮਰੀਕਾ ਅਤੇ ਕੈਨੇਡਾ ਵਿਚਾਲੇ ਹੋਣ ਵਾਲੇ ਵਪਾਰ ਦਾ ਵੱਡਾ ਹਿੱਸਾ ਅਜੇ ਵੀ ਟੈਰਿਫ਼ ਮੁਕਤ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਵਪਾਰ ਅਮਰੀਕਾ-ਮੈਕਸੀਕੋ-ਕੈਨੇਡਾ ਸਮਝੌਤੇ (USMCA) ਤਹਿਤ ਆਉਂਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)